ShamSingh7ਜਿਨ੍ਹਾਂ ਨੂੰ ਕੋਈ ਕੰਮ-ਧੰਦਾ ਹੀ ਨਹੀਂ ਮਿਲਦਾਉਨ੍ਹਾਂ ਲਈ ਤਾਂ ਗੁਜ਼ਾਰਾ ਕਰਨਾ ਵੀ ਕਿਸੇ ਵੱਡੇ ਸੰਘਰਸ਼ ਤੋਂ ਘੱਟ ਨਹੀਂ ...
(ਜੁਲਾਈ 12, 2016)

 

ਪੰਜਾਬ ਦੀ ਸਿਆਸਤ ਕਿਸ ਪਾਸੇ ਕਰਵਟ ਬਦਲੇਗੀ, ਕਿਸੇ ਨੂੰ ਨਹੀਂ ਪਤਾ। ਕਰਵਟ ਬਦਲੇਗੀ ਵੀ ਜਾਂ ਨਹੀਂ, ਹਰ ਕੋਈ ਸਵਾਲ ਹੀ ਲਈ ਫਿਰਦਾ ਹੈ, ਹੱਲ ਕਿਸੇ ਕੋਲ ਨਹੀਂ, ਜਵਾਬ ਕਿਸੇ ਨੂੰ ਨਹੀਂ ਸੁੱਝਦਾ। ਸਿਆਸੀ ਪਾਰਟੀਆਂ ਇੱਕ ਦੂਜੀ ਦਾ ਨਿੰਦਾ-ਪਾਠ ਹੀ ਕਰਦੀਆਂ ਹਨ, ਆਪੋ-ਆਪਣੇ ਏਜੰਡੇ ਨੂੰ ਸਪਸ਼ਟ ਅਤੇ ਸਹੀ ਦਿਸ਼ਾ ਵਿੱਚ ਪੇਸ਼ ਨਹੀਂ ਕਰਦੀਆਂ। ਇਹੋ ਕਾਰਨ ਹੈ ਕਿ ਆਮ ਆਦਮੀ ਨੂੰ ਸਮਝ ਨਹੀਂ ਲੱਗਦੀ ਕਿ ਉਹ ਕਿਸ ਪਾਸੇ ਜਾਵੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਬੜੇ ਕੰਮ ਕੀਤੇ ਹਨ ਅਤੇ ਪੰਝੀ ਵਰ੍ਹਿਆਂ ਤੱਕ ਉਨ੍ਹਾਂ ਦੀ ਹੀ ਸਰਕਾਰ ਚੱਲੇਗੀ। ਜਿਹੜੇ ਦਾਅਵੇ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਆਮ ਆਦਮੀ ਲਈ ਕੁਝ ਨਹੀਂ। ਕੇਂਦਰ ਸਰਕਾਰ ਨੇ ਜਿਹੜੀਆਂ ਵੀ ਸੰਸਥਾਵਾਂ ਪੰਜਾਬ ਨੂੰ ਦਿੱਤੀਆਂ ਹਨ, ਉੱਥੇ ਸਭ ਅਮੀਰ ਹੀ ਜਾਣਗੇ, ਗ਼ਰੀਬ ਨਹੀਂ। ਦੋ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਦਾ ਛਾਤੀ ਠੋਕ ਕੇ ਜ਼ਿਕਰ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਲਾਹਾ 10 ਫ਼ੀਸਦੀ ਪੰਜਾਬੀਆਂ ਤੋਂ ਵੱਧ ਕਿਸੇ ਨੂੰ ਨਹੀਂ।

ਆਮ ਆਦਮੀ ਤਾਂ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ, ਜਿਸ ਦੀ ਆਈ-ਚਲਾਈ ਵੀ ਪੂਰੀ ਨਹੀਂ ਹੁੰਦੀ। ਜਿਨ੍ਹਾਂ ਨੂੰ ਕੋਈ ਕੰਮ-ਧੰਦਾ ਹੀ ਨਹੀਂ ਮਿਲਦਾ, ਉਨ੍ਹਾਂ ਲਈ ਤਾਂ ਗੁਜ਼ਾਰਾ ਕਰਨਾ ਵੀ ਕਿਸੇ ਵੱਡੇ ਸੰਘਰਸ਼ ਤੋਂ ਘੱਟ ਨਹੀਂ, ਪਰ ਉਸ ਬਾਰੇ ਕੋਈ ਫ਼ਿਕਰਮੰਦ ਨਹੀਂ, ਕੋਈ ਸੋਚਦਾ ਨਹੀਂ। ਉਹ ਕੇਵਲ ਤੇ ਕੇਵਲ ਰੀਂਘਣ ਅਤੇ ਰਗੜੇ ਜਾਣ ਲਈ ਮਜਬੂਰ ਹੈ, ਹੋਰ ਕੁਝ ਕਰ ਨਹੀਂ ਸਕਦਾ।

ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸ ਦਾ ਹੱਥ ਉੱਪਰ ਰਹੇਗਾ। ਚੋਣ ਪ੍ਰਚਾਰ ਵੀ ਭਖਾ ਲਿਆ ਹੈ, ਜਿਸ ਅਧੀਨ ਨੌਜਵਾਨਾਂ ਦੀਆਂ ਟੋਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਲੋਕਾਂ ਤੱਕ ਪਹੁੰਚ ਕਰਨਗੀਆਂ। ਹੁਣੇ ਪੰਜ ਰਾਜਾਂ ਦੀਆਂ ਹੋਈਆਂ ਚੋਣਾਂ ਵਿੱਚ ਇਸ ਪਾਰਟੀ  ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ, ਲੋਕਾਂ ਨੇ ਹੁੰਗਾਰਾ ਨਹੀਂ ਭਰਿਆ। ਕੇਵਲ ਪੁਡੂਚੇਰੀ ਦਾ ਰਾਜ-ਭਾਗ ਹੀ ਹੱਥ ਆਇਆ ਹੈ, ਜਿਸ ਨੂੰ ਕੋਈ ਮਾਅਰਕਾ ਨਹੀਂ ਮੰਨਿਆ ਜਾ ਸਕਦਾ। ਜੇ ਇਹ ਪਾਰਟੀ ਜ਼ੋਰ ਨਾਲ ਆਪਣੀ ਆਵਾਜ਼ ਲੋਕਾਂ ਕੋਲ ਪਹੁੰਚਾਏਗੀ, ਤਾਂ ਹੀ ਚੰਗੇ ਨਤੀਜਿਆਂ ਦੀ ਆਸ ਹੋ ਸਕੇਗੀ।

ਕਮਿਊਨਿਸਟ ਪਾਰਟੀਆਂ ਆਪਣੇ ਕੇਡਰ ਤੱਕ ਹੀ ਸੀਮਤ ਹਨ, ਉਸ ਵਿੱਚ ਵਾਧਾ ਨਹੀਂ ਕਰ ਸਕੀਆਂ। ਦੂਜਾ, ਇਨ੍ਹਾਂ ਵਿੱਚ ਆਪਸੀ ਏਕਾ ਵੀ ਨਹੀਂ, ਜਿਸ ਬਿਨਾਂ ਬੇੜਾ ਪਾਰ ਨਹੀਂ ਹੋਣਾ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ, ਤਾਂ ਕਿ ਆਪੋ-ਆਪਣੀ ਸਮਰੱਥਾ ਅਤੇ ਤਾਕਤ ਦਾ ਗੰਭੀਰ ਮੁਲੰਕਣ ਕਰ ਕੇ ਕੋਈ ਸਾਰਥਿਕ ਸਿੱਟੇ ਕੱਢ ਸਕਣ। ਆਮ ਲੋਕਾਂ ਤੱਕ ਪਹੁੰਚ ਕੀਤੇ ਬਗ਼ੈਰ ਅੱਜ ਦੇ ਹਾਣ ਦੇ ਨਤੀਜਿਆਂ ਤੱਕ ਨਹੀਂ ਪਹੁੰਚਿਆ ਜਾ ਸਕਦਾ।

ਬਹੁਜਨ ਸਮਾਜ ਪਾਰਟੀ ਅਜੇ ਤੱਕ ਪੰਜਾਬ ਅੰਦਰ ਕੋਈ ਜਲਵਾ ਪੇਸ਼ ਨਹੀਂ ਕਰ ਸਕੀ। ਕੋਈ ਅਜਿਹਾ ਲੀਡਰ ਵੀ ਨਹੀਂ, ਜਿਹੜਾ ਲੋਕਾਂ ਨੂੰ ਆਪਣੇ ਵੱਲ ਖਿੱਚ ਸਕੇ। ਇਹ ਸਿਆਸੀ ਪਾਰਟੀ ਦਾਅਵੇ ਤਾਂ ਸਦਾ ਵੱਡੇ ਕਰਦੀ ਹੈ, ਪਰ ਨਤੀਜੇ ਵੱਡੇ ਹਾਸਲ ਨਹੀਂ ਕਰਦੀ। ਹਾਲਾਂਕਿ ਇਹ ਗ਼ਰੀਬਾਂ ਦੀ ਪਾਰਟੀ ਹੈ, ਪਰ ਗ਼ਰੀਬ ਵੀ ਇਸ ਨਾਲ ਨਹੀਂ ਤੁਰਦੇ, ਕਿਉਂਕਿ ਉਨ੍ਹਾਂ ਤੇ ਪੈਸੇ ਵਾਲੀਆਂ ਪਾਰਟੀਆਂ ਗਲਬਾ ਪਾ ਲੈਂਦੀਆਂ ਹਨ ਅਤੇ ਹੋਰ ਕਿਸੇ ਪਾਸੇ ਨਹੀਂ ਜਾਣ ਦਿੰਦੀਆਂ। ਕਿਸੇ ਨਾਲ ਗੱਠਜੋੜ ਕੀਤੇ ਬਗ਼ੈਰ ਇਸ ਦੇ ਪੱਲੇ ਬਹੁਤਾ ਕੁਝ ਪੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਪਾਰਟੀ ਐਲਾਨ ਕਰ ਚੁੱਕੀ ਹੈ ਕਿ ਸਭ ਸੀਟਾਂ ਤੇ ਇਕੱਲਿਆਂ ਹੀ ਲੜੇਗੀ।

ਆਮ ਆਦਮੀ ਪਾਰਟੀ ਦਾ ਉਭਾਰ 2014 ਵਿੱਚ ਬਹੁਤ ਸੀ, ਪਰ ਹੁਣ ਕੁਝ ਘਟ ਗਿਆ ਹੈ, ਜਿਸ ਨੂੰ ਪੂਰਨਾ ਆਸਾਨ ਕੰਮ ਨਹੀਂ। ਭਾਵੇਂ ਲੋਕ ਅੱਜ ਵੀ ਬਹੁਤਾ ਕਰ ਕੇ ਇਸੇ ਪਾਰਟੀ ਵੱਲ ਝੁਕਾ ਰੱਖਦੇ ਹਨ, ਜਿਸ ਦਾ ਅਸਲ ਪਤਾ ਤਾਂ ਅੱਠ ਮਹੀਨਿਆਂ ਬਾਅਦ ਹੀ ਲੱਗੇਗਾ। ਇਸ ਪਾਰਟੀ ਵਿੱਚ ਜਿਹੜੀ ਫੁੱਟ ਪੈ ਰਹੀ ਹੈ, ਉਸ ਦਾ ਮਾੜਾ ਅਸਰ ਪਵੇਗਾ। ਦੂਜਾ, ‘ਸਵਰਾਜ ਅਭਿਆਨ ਪਾਰਟੀਭਾਵੇਂ ਕੱਲ੍ਹ ਹੀ ਬਣੀ ਹੈ, ਪਰ ਉਹ ਆਮ ਆਦਮੀ ਪਾਰਟੀ ਨੂੰ ਥੋੜ੍ਹਾ-ਬਹੁਤ ਖੋਰਾ ਜ਼ਰੂਰ ਲਗਾਉਣ ਦਾ ਜਤਨ ਕਰੇਗੀ। ਇਸਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋਵੇਗਾ ਤੇ ਨੁਕਸਾਨ ਕੇਵਲ ਅਤੇ ਕੇਵਲ ਆਮ ਆਦਮੀ ਪਾਰਟੀ ਨੂੰ ਹੀ ਪਹੁੰਚੇਗਾ। ਸਵਰਾਜ ਅਭਿਆਨ ਪਾਰਟੀ ਮੱਤਭੇਦਾਂ ਅਤੇ ਗੁੱਸੇ ਦੀ ਪੈਦਾਇਸ਼ ਹੈ, ਜਿਸ ਨੂੰ ਲੋਕਾਂ ਤੱਕ ਪਹੁੰਚਣ ਲਈ ਅਜੇ ਦੇਰ ਲੱਗੇਗੀ।

ਰਹੀ ਗੱਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ 1920 ਦੀ, ਇਨ੍ਹਾਂ ਦਾ ਵਜੂਦ ਵੀ ਉੱਭਰਵਾਂ ਅਤੇ ਭਰਵਾਂ ਨਹੀਂ। ਇਹ ਸ਼ਾਖਾਵਾਂ ਮਾਤਰ ਹਨ, ਜਿਹੜੀਆਂ ਦੂਜਿਆਂ ਦਾ ਨੁਕਸਾਨ ਤਾਂ ਕਰਨਗੀਆਂ, ਆਪ ਲਾਹਾ ਨਹੀਂ ਲੈ ਸਕਦੀਆਂ।

ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਦਾ ਪੰਜਾਬ ਦੀ ਸਿਆਸਤ ਵਿੱਚ ਬਹੁਤਾ ਜ਼ਿਕਰ ਨਹੀਂ, ਕੋਈ ਥਾਂ ਨਹੀਂ। ਜਿਹੜਾ ਵਰਨਣ ਉੱਪਰ ਕੀਤਾ ਗਿਆ ਹੈ, ਉਸ ਤੋਂ ਇਹ ਪਤਾ ਲਾਉਣਾ ਆਸਾਨ ਨਹੀਂ ਕਿ ਕਿਹੜੀ ਪਾਰਟੀ ਸਪੱਸ਼ਟ ਤੌਰ ਤੇ ਬਹੁਮਤ ਹਾਸਲ ਕਰੇਗੀ। ਦੂਜਾ ਇਹ ਕਿ ਵੋਟਰ ਵੀ ਇਨ੍ਹਾਂ ਪਾਰਟੀਆਂ ਨੇ ਚੌਰਾਹੇ ਤੇ ਖੜ੍ਹਾ ਕਰ ਦਿੱਤਾ ਹੈ, ਜਿਸ ਨੂੰ ਇਹ ਸੋਚਣ ਦੀ ਲੋੜ ਪਵੇਗੀ ਕਿ ਉਹ ਕਿਸ ਨੂੰ ਹਮਾਇਤ ਦੇਵੇ। ਇਸ ਵਕਤ ਭੰਬਲਭੂਸੇ ਦੀ ਸਥਿਤੀ ਹੈ, ਜਿਸ ਨੂੰ ਪੜ੍ਹ-ਵਾਚ ਕੇ ਤੁਰਤ-ਫੁਰਤ ਸਪਸ਼ਟ ਸਿੱਟਿਆਂ ਤੇ ਨਹੀਂ ਪਹੁੰਚਿਆ ਜਾ ਸਕਦਾ।

ਅਜੇ ਕਈ ਮਹੀਨੇ ਪਏ ਹਨ, ਕੀ ਕੁਝ ਵਾਪਰੇਗਾ, ਇਸ ਦਾ ਪਤਾ ਨਹੀਂ। ਹੁਣ ਤੱਕ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦਾ ਅਸਰ ਵੀ ਆਮ ਆਦਮੀ ਤੇ ਪਵੇਗਾ। ਇਸ ਲਈ ਅਜੇ ਲੋਕ-ਰੁਝਾਨ ਦਾ ਅਨੁਮਾਨ ਲਾਉਣਾ ਸਹੀ ਨਹੀਂ ਹੋਵੇਗਾ। ਹਾਲੇ ਸਿਆਸੀ ਪਾਰਟੀਆਂ ਨੇ ਲੋਕਾਂ ਅੱਗੇ ਲੁਭਾਉਣੇ ਸੁਫ਼ਨੇ, ਹੁਸੀਨ ਵਾਅਦੇ ਅਤੇ ਦਿਲਕਸ਼ ਲਾਰੇ ਲਟਕਾਉਣੇ ਹਨ, ਜਿਨ੍ਹਾਂ ਦੇ ਜਾਲ ਵਿੱਚ ਫਸਣ ਤੋਂ ਵੀ ਕੋਈ ਵਿਰਲਾ ਹੀ ਬਚ ਸਕੇਗਾ। ਦਾਅਵੇ-ਵਾਅਦਿਆਂ ਦੇ ਇਸ ਚੱਕਰਵਿਊ ਵਿਚ ਫਸਿਆ ਪੰਜਾਬ ਕਿਸ ਪਾਸੇ ਰੁਖ਼ ਪਲਟੇਗਾ, ਇਸ ਬਾਰੇ ਸਿਆਸੀ ਮਾਹਿਰ ਵੀ ਅਜੇ ਕੋਈ ਨਿੱਗਰ ਅਤੇ ਨਿਖਾਰ ਵਾਲੀ ਰਾਇ ਦੇਣ ਵਾਸਤੇ ਤਿਆਰ ਨਹੀਂ। ਕਿਹੋ ਜਿਹੀ ਤਸਵੀਰ ਬਣੇਗੀ, ਉਸ ਦੀ ਅਜੇ ਉਡੀਕ ਹੀ ਕਰੀਏ।

ਪੰਜਾਬੀ ਲਈ ਮਾਇਆ:

ਪੰਜਾਬ ਦੇ ਵੱਖ-ਵੱਖ ਅਦਾਰਿਆਂ, ਸੰਸਥਾਵਾਂ ਦੇ ਕੁਝ ਲੇਖਕ ਡਾ. ਹਰਸ਼ਿੰਦਰ ਕੌਰ ਦੀ ਅਗਵਾਈ ਵਿਚ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਨੂੰ ਮਿਲੇ ਅਤੇ ਆਪਣੇ ਮਸਲੇ ਰੱਖੇ। ਉਸ ਨੇ ਸੁਣਦਿਆਂ ਹੀ ਉਨ੍ਹਾਂ ਨੂੰ ਮਾਇਆ ਦੇਣ ਦਾ ਵਾਅਦਾ ਕਰ ਦਿੱਤਾ। ਪੰਜਾਬੀ ਲਈ ਕੰਮ ਕਰਨ ਵਾਲੀਆਂ ਤਿੰਨ ਸੰਸਥਾਵਾਂ ਨੂੰ 25-25 ਲੱਖ ਰੁਪਏ ਦੇਣ ਦੇ ਐਲਾਨ ਨਾਲ ਹੁਣ ਸੰਸਥਾਵਾਂ ਗੋਸ਼ਟੀਆਂ, ਪੁਸਤਕ ਰਿਲੀਜ਼ ਸਮਾਗਮ, ਕਾਨਫ਼ਰੰਸਾਂ ਜਾਂ ਅਜਿਹਾ ਕੁਝ ਆਸਾਨੀ ਨਾਲ ਕਰ ਸਕਣਗੀਆਂ। ਅਸਲ ਵਿੱਚ ਲੇਖਕਾਂ ਦੀ ਕੋਈ ਬਾਂਹ ਨਹੀਂ ਫੜਦਾ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਤੱਕ ਪਹੁੰਚ ਕਰਨੀ ਵੀ ਆਸਾਨ ਨਹੀਂ ਹੁੰਦੀ। ਪਤਾ ਲੱਗਾ ਹੈ ਕਿ ਇਹ ਪਹੁੰਚ ਵੀ ਕਨੇਡਾ ਰਾਹੀਂ ਹੋਈ ਹੈ, ਜਿੱਥੇ ਦੇ ਇੱਕ ਰੇਡੀਉ ਸਟੇਸ਼ਨ (ਮੈਨੀਟੋਬਾ) ਨੇ ਮਾਇਆ ਦਾ ਐਲਾਨ ਹੁੰਦਿਆਂ ਹੀ ਏਧਰਲੇ ਲੇਖਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਰਾਵਾਂ ਸਰੋਤਿਆਂ ਕੋਲ ਪਹੁੰਚਾ ਵੀ ਦਿੱਤੀਆਂ, ਜਦੋਂ ਕਿ ਏਧਰਲੇ ਪੰਜਾਬ ਵਿੱਚ ਕਿਸੇ ਪ੍ਰਸਾਰਣ ਅਦਾਰੇ ਨੂੰ ਖ਼ਬਰ ਤੱਕ ਵੀ ਨਾ ਮਿਲੀ। ਪੰਜਾਬ ਵਿਚ ਪੰਜਾਬੀ ਅਦਾਰਿਆਂ ਲਈ ਬੱਜਟ ਵੱਡੇ ਰੱਖੇ ਜਾਣੇ ਚਾਹੀਦੇ ਹਨ, ਜੋ ਲੱਖਾਂ ਵਿੱਚ ਨਹੀਂ, ਸਗੋਂ ਕਰੋੜਾਂ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਮੋਹਰੀ ਬਣਾਇਆ ਜਾ ਸਕੇ।

ਜੇ ਸਰਕਾਰਾਂ ਹੋਰ ਕੰਮਾਂ ਲਈ ਬੱਜਟ ਵਿੱਚ ਮਾਇਆ ਦੀ ਵੰਡ ਕਰਦੀਆਂ ਹਨ ਤਾਂ ਪੰਜਾਬੀ ਵਾਸਤੇ ਕਿਉਂ ਨਹੀਂ? ਕੋਈ ਵੀ ਸਰਕਾਰ ਹੋਵੇ, ਲੋਕਾਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਜ਼ਿੰਮੇਵਾਰੀ ਨਿਭਾਉਣ ਲਈ ਸਰਕਾਰ ਤੇ ਦਬਾ ਬਣਾਈ ਰੱਖਣਾ ਚਾਹੀਦਾ ਹੈ, ਤਾਂ ਕਿ ਉਹ ਮਾਂ-ਬੋਲੀ ਪ੍ਰਤੀ ਗੰਭੀਰ ਰਹੇ ਅਤੇ ਇਸ ਵੱਲ ਪਿੱਠ ਕਰਨ ਦਾ ਹੌਸਲਾ ਨਾ ਕਰ ਸਕੇ।

ਲਤੀਫ਼ੇ ਦਾ ਚਿਹਰਾ-ਮੋਹਰਾ

ਮਰੀਜ਼: ਡਾਕਟਰ ਸਾਹਿਬ, ਘਰ ਚੱਲਣ ਦੀ ਕਿੰਨੀ ਫੀਸ ਲੈਂਦੇ ਹੋ?

ਡਾਕਟਰ: ਤਿੰਨ ਸੌ ਰੁਪਏ।

ਮਰੀਜ਼: ਚਲੋ ਫੇਰ, ਆਪਣੀ ਕਾਰ ਕੱਢੋ।

ਡਾਕਟਰ: (ਕਾਰ ਚਲਾਉਂਦਿਆਂ) ਕਿੰਨੀ ਕੁ ਦੂਰ ਰਹਿ ਗਿਆ ਘਰ?

ਮਰੀਜ਼: ਔਹ ਸਾਹਮਣੇ ਰੋਕ ਲਉ, ਇਹੋ ਮੇਰਾ ਘਰ ਹੈ।

ਡਾਕਟਰ: ਮਰੀਜ਼ ਨੂੰ ਛੇਤੀ ਬੁਲਾਉ।

ਮਰੀਜ਼: ਮਰੀਜ਼-ਮਰੂਜ਼ ਕੋਈ ਨਹੀਂ, ਟੈਕਸੀ ਵਾਲਾ ਪੰਜ ਸੌ ਰੁਪਏ ਮੰਗ ਰਿਹਾ ਸੀ, ਤੁਸੀਂ ਇਹ ਫੜੋ 300 ਪੈਸੇ।

*****

(350)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author