RajinderPandher7ਨਸ਼ਿਆਂ ਦਾ ਆਮ ਮਿਲਣਾ ਅਤੇ ਸਰਕਾਰ ਵੱਲੋਂ ਇਨ੍ਹਾਂ ਡਰੱਗਾਂ ਦੀ ਸਖਤੀ ਨਾਲ ਰੋਕਥਾਮ ਨਾ ਕਰਨਾ ਬਹੁਤ ਮੰਦਭਾਗੀ ਗੱਲ ਹੈ ...
(ਜੁਲਾਈ 3, 2016)

 

PunjabDrugs4ਅਮਲੀਆਂ ਬਾਰੇ ਬਹੁਤ ਗੱਲਾਂ ਮਸ਼ਹੂਰ ਹਨ। ਉਹ ਵੀ ਬਹੁਤ ਸੱਚੀਆਂ ਪਰ ਕੁਝ ਚੁਟਕੁਲੇ ਵੀ ਬਣੇ ਸੁਣੇ-ਸੁਣਾਏ ਜਾਂਦੇ ਹਨ ਅਤੇ ਇਨ੍ਹਾਂ ਚੁਟਕਲਿਆਂ ਨੇ ਸਾਡੇ ਸੱਭਿਆਚਾਰ ਵਿਚ ਆਪਣੀ ਥਾਂ ਬਣਾ ਲਈ ਹੈ। ਇਨ੍ਹਾਂ ਚੁਟਕਲਿਆਂ ਦੇ ਬਹੁਤ ਰੰਗ ਹਨ।

ਅਮਲੀਆਂ ਨੇ ਜਦੋਂ ‘ਅਮਲ-ਨਸ਼ਾ’ ਖਾਧਾ ਹੁੰਦਾ ਹੈ, ਉਦੋਂ ਉਹ ਕਿਸੇ ਵੀ ਵਿਸ਼ੇ ’ਤੇ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ। ਗੱਲਾਂ-ਗੱਲਾਂ ਨਾਲ ਅਸਮਾਨੀ ਟਾਕੀ ਲਾ ਦਿੰਦੇ ਹਨ। ਦਿੱਲੀ-ਦੱਖਣ ਦੀਆਂ ਖ਼ਬਰਾਂ ਉੱਤੇ ਬਹਿਸ ਅਤੇ ਤਬਸਰਾ ਬਾਖੂਬੀ ਕਰਦੇ ਹਨ।

ਜਦੋਂ ‘ਮਾਵਾ’ ਛਕਿਆ ਹੁੰਦਾ ਹੈ, ਉਦੋਂ ਤਾਂ ਉਹ ਕਿਸੇ ਮਹਾਰਾਜੇ ਜਾਂ ਵੱਡੇ ਵਜ਼ੀਰ ਤੋਂ ਘੱਟ ਨਹੀਂ ਹੁੰਦੇ। ਸਾਡੇ ਪਿੰਡ ਦੇ 2-3 ਅਮਲੀ ਹੁੰਦੇ ਸਨ। ਗਰਮੀਆਂ ਦੇ ਦਿਨਾਂ ਵਿਚ, ਜਦੋਂ ਕਿਸਾਨ ਹਾੜ੍ਹੀ ਵੱਢ ਕੇ, ਥੱਕ-ਟੁੱਟ ਕੇ ਰੋਟੀ-ਪਾਣੀ ਛੱਕ ਕੇ ਘੜੀ ਆਰਾਮ ਕਰਦੇ ਹੁੰਦੇ ਸਨ, ਉਦੋਂ ਦਾਰਾ, ਮਿੰਦਰ ਅਤੇ ਨੰਜੀ ਅਮਲੀ, ਸਿਖਰ ਦੁਪਹਿਰੇ ਤਿੰਨ ਚਾਰ ਮੀਲ ’ਤੇ ਮੰਡੀ ਅਹਿਮਦਗੜ੍ਹ ਨੂੰ ਤੁਰ ਪੈਂਦੇਮੰਡੀ ਵਿਚ ਇਕ ‘ਸੰਤ ਟੀ-ਸਟਾਲ’ ਹੁੰਦੀ ਸੀ, ਜੋ ਬਹੁਤ ਹੀ ਮਸ਼ਹੂਰ ਸੀ ਆਲੇ-ਦੁਆਲੇ ਦੇ ਇਲਾਕੇ ਵਿਚ। ‘ਸੰਤ ਟੀ-ਸਟਾਲ’ ਦੀ ਬਰਫੀ, ਪਕੌੜੇ ਅਤੇ ਚਾਹ ਬਹੁਤ ਹੀ ਮਸ਼ਹੂਰ ਹੁੰਦੀ ਸੀ। ਇਹ ਤਿੰਨੇ ਅਮਲੀ ਮੰਡੀ ਜਾਂਦੇ, ‘ਸੰਤ ਟੀ-ਸਟਾਲ’ ’ਤੇ ਚਾਹ ਆਦਿ ਛਕਦੇ ਅਤੇ ਤਿੰਨ ਚਾਰ ਵਜੇ ਮੰਡੀ ਤੋਂ ਵਾਪਸ ਮੁੜਦੇ। ਉਨ੍ਹਾਂ ਦਿਨਾਂ ਵਿਚ ਵੱਡਾ ਅਤੇ ਸ਼ਾਹੀ ਨਸ਼ਾ ਅਫੀਮ ਦਾ ਮੰਨਿਆ ਜਾਂਦਾ ਸੀ। ਅਮਲੀਆਂ ਦੀ ਚਾਹ ਵੀ ਕੈੜੀ ਅਤੇ ਸਪੈਸ਼ਲ ਹੁੰਦੀ ਸੀ। ਨਾਲ ਹੀ ਉਨ੍ਹਾਂ ਨੇ ‘ਨਾਗਣੀ’ ਦੇ ਮੋਟੇ ਮਾਵੇ ਛਕੇ ਹੁੰਦੇ ਸਨ।

ਪਿੰਡ ਮੁੜਨ ਵੇਲੇ ਉਨ੍ਹਾਂ ਦੀ ਤੋਰ ਅਤੇ ਗੱਲਬਾਤ ਸਿਰੇ ਦੀ ਹੁੰਦੀ ਸੀ। ਚਿੱਟੇ ਚਾਦਰੇ ਲਾਏ ਉਹ ਮੇਹਲਦੇ ਆਉਂਦੇ ਸਨ। ਉਦੋਂ ਉਹ ਵੱਡੇ ਵਜ਼ੀਰਾਂ ਤੇ ਸਰਦਾਰਾਂ ਨੂੰ ਵੀ ਮਾਤ ਪਾਉਂਦੇ ਤੇ ਕਹਿੰਦੇ, “ਉਹ, ਛੱਡ ਪਰ੍ਹਾਂ ... ਉਹ ਸਾਡੇ ਸਾਹਮਣੇ ਕੀ ਚੀਜ਼ ਹੈ।” ਅੱਗੇ ਹੋਰ ਬੜ੍ਹਕ ਮਾਰਦੇ ਕਹਿੰਦੇ, “ਹੁਣ ਤਾਂ ਸਾਡੇ ਸਾਹਮਣੇ ਮਹਾਰਾਜਾ ਪਟਿਆਲਾ ਵੀ ਕੋਈ ਚੀਜ਼ ਨਹੀਂ ਹੈ।”

ਨਸ਼ੇ ਦੀ ਲੋਰ ਅਤੇ ਚੜ੍ਹਤ ਵਿਚ ਉਹ ਸਭ ਨੂੰ ਮਾਤ ਪਾ ਦਿੰਦੇਨਾਲ ਹੀ ਉਹ ਇਹ ਵੀ ਕਿਹਾ ਕਰਦੇ ਸਨ, “ਖਾ-ਪੀ ਲਵੋ, ਇਹ ਮਨੁੱਖਾ ਦੇਹ ਵਾਰ-ਵਾਰ ਨਹੀਂ ਮਿਲਦੀ।”

ਜਦੋਂ ਕਿਸੇ ਨੇ ਮਿੰਦਰ ਨੂੰ ਕਹਿਣਾ, “ਜ਼ਰਾ ਸੰਭਲ ਕੇ ਚੱਲ, ਥੋਡੇ ਬਾਪੂ ਨੇ ਬਹੁਤ ਮਿਹਨਤ ਕਰਕੇ ਇਹ ਜ਼ਮੀਨ-ਜਾਇਦਾਦ ਬਣਾਈ ਹੈ” ਤਾਂ ਮਿੰਦਰ, ਜੋ 6 ਫੁੱਟ ਉੱਚਾ ਤੇ ਗੋਰੇ ਰੰਗ ਵਾਲਾ ਦਰਸ਼ਨੀ ਜਵਾਨ ਸੀ, ਨੇ ਮੋੜਵੇਂ ਜਵਾਬ ਵਿਚ ਨਸ਼ੇ ਦੀ ਲੋਰ ਵਿਚ ਕਹਿਣਾ, “ਸਾਡੀ ਖਾਧੀ ਨੀਂ ਇਹ ਮੁੱਕਦੀ।”

ਆਪਣੇ ਅਮਲ ਦੀ ਪੂਰਤੀ ਲਈ ਉਹ ਅਮਲੀ ਜ਼ਮੀਨਾਂ ਵੇਚ ਕੇ ਨਸ਼ਿਆਂ ਰਾਹੀਂ ਆਪਣੀ ‘ਜ਼ਮੀਨ-ਮਾਂ’ ਨੂੰ ਵੇਚ-ਵੇਚ ਕੇ ਆਪਣੇ ਢਿੱਡਾਂ ਵਿਚ ਪਾਈ ਜਾਂਦੇ ਸਨ। ... ਇਸੇ ਤਰ੍ਹਾਂ ਕੁਝ ਸਾਲਾਂ ਵਿਚ ਦੇਖਦੇ ਹੀ ਦੇਖਦੇ, ਉਹ ਆਪਣੇ ਅਮਲ ਦੀ ਲੱਤ ਨੂੰ ਪੂਰਾ ਕਰਦੇ ਹੋਏ, ‘ਮਾਂ-ਧਰਤੀ’ ਜੋ ਉਨ੍ਹਾਂ ਦੇ ਟੱਬਰਾਂ ਨੂੰ ਅੰਨ-ਪਾਣੀ ਦਿੰਦੀ ਸੀ, ਵੇਚ-ਵੇਚ ਨੇੜੇ ਲਾ ਦਿੱਤੀ। ਅੰਤ ਇਕ ਦਿਨ ਅਜਿਹਾ ਆਇਆ ਕਿ ਉਹ ਰੋਟੀ ਤੋਂ ਵੀ ਆਤਰ ਹੋ ਗਏ ਤੇ ਉਹ ਹੋਰਨਾਂ ਕਿਸਾਨਾਂ ਦੇ ਦਿਹਾੜੀ ਕਰਕੇ ਰੋਟੀ ਖਾਣ ਲੱਗੇ। ਇਹ ਉਹੀ ਕਿਸਾਨ ਸਨ, ਜਿਹੜੇ ਇਨ੍ਹਾਂ ਅਮਲੀਆਂ ਨੂੰ ਨਸ਼ਿਆਂ ਤੋਂ ਰੋਕਦੇ ਸਨ ਅਤੇ ਅਮਲੀ ਇਨ੍ਹਾਂ ਨੂੰ ਵੱਡੀਆਂ-ਵੱਡੀਆਂ ਗੱਲਾਂ ਸੁਣਾਉਂਦੇ ਅਤੇ ਟਿੱਚਰਾਂ ਕਰਦੇ ਰਹਿੰਦੇ ਸਨ।

ਸਾਡੀ ਖਾਧੀ ਨੀਂ ਇਹ ਮੁੱਕਦੀ’ ਕਹਿਣ ਵਾਲੇ ਅਮਲੀ ਆਪਣੇ ਅਮਲਾਂ ਰਾਹੀਂ ਆਪਣੀਆਂ ਜ਼ਮੀਨਾਂ ਵੇਚ ਕੇ ਖਾ ਗਏ।

ਪਹਿਲੇ ਸਮਿਆਂ ਵਿਚ ਨਸ਼ਿਆਂ ਦੀ ਵਰਤੋਂ ਕਰਦੇ-ਕਰਦੇ ਅਮਲੀਆਂ ਨੂੰ ਕੁਝ ਸਮਾਂ ਲੱਗਾ ਜਾਇਦਾਦ ਨੂੰ ਖਤਮ ਕਰਨ ਲਈ ਅਤੇ ਉਹ ਫਿਰ ਵੀ ਸਰੀਰੋਂ ਕਿਸੇ ਹੱਦ ਤੱਕ ਕੰਮ ਕਰਨ ਜੋਗੇ ਰਹਿ ਜਾਂਦੇ ਸਨ, ਪਰ ਹੁਣ ਦੇ ਨਸ਼ੇ ਤਾਂ ਪਤਾ ਨਹੀਂ ਕਿੰਨੀਆਂ ਕਿਸਮ ਦੇ ਹਨ। ਜਿਹੜਾ ਵੀ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਵਰਤੋਂ ਦੀ ਭੈੜੀ ਆਦਤ ਲਾ ਬੈਠਾ, ਉਹ ਖੁਦ ਵੀ ਜੀ-ਜਾਨੋਂ ਜਾਂਦਾ ਹੈ, ਨਾਲ ਹੀ ਆਪਦੇ ਬਜ਼ੁਰਗ ਮਾਂ-ਬਾਪ ਅਤੇ ਭੈਣਾਂ ਭਰਾਵਾਂ ਨੂੰ ਉਮਰ ਭਰ ਲਈ ਰੋਣ-ਕੁਰਲਾਉਣ ਅਤੇ ਰੋਟੀ ਤੋਂ ਵੀ ਆਤਰ ਕਰ ਜਾਂਦਾ ਹੈ। ਨਸ਼ਿਆਂ ਦੀ ਭਰਮਾਰ ਬਾਰੇ ਜੋ ਖ਼ਬਰਾਂ ਪੰਜਾਬ ਤੋਂ ਆ ਰਹੀਆਂ ਹਨ, ਉਹ ਬਹੁਤ ਫਿਕਰ ਵਾਲੀਆਂ ਅਤੇ ਡਰਾਉਣੀਆਂ ਹਨ। ਪੰਜਾਬ ਦੀ ਨੌਜਵਾਨੀ ਡਰੱਗਾਂ ਵਿਚ ਰੁੜ੍ਹੀ ਜਾ ਰਹੀ ਹੈ। ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤੇ ਜਵਾਨ ਤਾਂ ਸਰੀਰੋਂ ਇੰਨੇ ਨਿਕੰਮੇ ਹੋ ਜਾਂਦੇ ਕਿ ਉਹ ਗ੍ਰਹਿਸਥੀ ਜੀਵਨ ਜਿਉਣ ਦੇ ਵੀ ਯੋਗ ਨਹੀਂ ਰਹਿੰਦੇ।

ਨਸ਼ਿਆਂ ਦਾ ਆਮ ਮਿਲਣਾ ਅਤੇ ਸਰਕਾਰ ਵੱਲੋਂ ਇਨ੍ਹਾਂ ਡਰੱਗਾਂ ਦੀ ਸਖਤੀ ਨਾਲ ਰੋਕਥਾਮ ਨਾ ਕਰਨਾ ਬਹੁਤ ਮੰਦਭਾਗੀ ਗੱਲ ਹੈ। ਨਸ਼ੇ ਵੇਚਣ ਅਤੇ ਬਣਾਉਣ ਵਾਲੇ ਵੱਡੇ ਵਪਾਰੀਆਂ ਨੂੰ ਸਜ਼ਾਵਾਂ ਨਾ ਦੇਣੀਆਂ ਇਸ ਬਿਮਾਰੀ ਵਿਚ ਵਾਧਾ ਕਰੀ ਜਾ ਰਿਹਾ ਹੈ। ਪੈਸੇ ਦੇ ਲੋਭ ਵਿਚ ਪੁਸ਼ਤਾਂ ਹੀ ਖਰਾਬ ਕਰੀ ਜਾ ਰਹੇ ਹਨ, ਇਹ ਜ਼ਹਿਰ ਵੇਚਣ ਵਾਲੇ ਵਪਾਰੀ। ਸਮਾਜ ਦੇ ਦੁਸ਼ਮਣ ਹਨ ਅਜਿਹੇ ਲੋਕ। ਕੰਮ ਕਰਨ ਵਾਲੀ ਆਉਣ ਵਾਲੇ ਕੱਲ੍ਹ ਦੀ ਨਵੀਂ ਪੀੜ੍ਹੀ ਨਿਕੰਮੀ ਹੁੰਦੀ ਜਾ ਰਹੀ ਹੈ। ਪਹਿਲੇ ਅਮਲੀਆਂ ਦੀਆਂ ਗੱਲਾਂ ਸੁਣਕੇ ਤਾਂ ਲੋਕ ਹੱਸ ਛੱਡਦੇ ਸਨ, ਪਰ ਹੁਣ ਤਾਂ ਨਸ਼ਿਆਂ ਦੀ ਭਰਮਾਰ ਬੇਸ਼ੁਮਾਰ ਘਰ ਉਜਾੜ ਦਿੱਤੇ ਹਨ।

ਲੋਕ ਆਗਿਆਨਤਾ ਵੱਸ ਹੋ ਕੇ ਧੀਆ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਰਹੇ ਹਨ। ਪਰ ਹੁਣ ਸਭ ਦੇ ਸਾਹਮਣੇ ਆ ਗਿਆ ਹੈ ਕਿ ਮਾਪਿਆਂ ਦੀ ਬੁਢਾਪੇ ਵਿਚ ਡੰਗੋਰੀ ਪੁੱਤ ਨਹੀਂ, ਧੀ ਹੀ ਬਣਦੀ ਹੈ। ਧੀਆਂ ਹੀ ਮਾਪਿਆਂ ਦੀ ਬੁਢਾਪੇ ਵਿਚ ਦੇਖਭਾਲ ਤੇ ਸੇਵਾ ਕਰਦੀਆਂ ਹਨ। ਅੰਗਰੇਜ਼ੀ ਵਿਚ ਇਕ ਕਹਾਵਤ ਹੈ ਕਿ ਧੀ ਸਾਰੀ ਉਮਰ ਸਦਾ ਧੀ ਹੀ ਰਹਿੰਦੀ ਹੈ, ਪੁੱਤ ਉਦੋਂ ਤੱਕ ਹੀ ਪੁੱਤ ਹੁੰਦਾ ਹੈ, ਜਦੋਂ ਤੱਕ ਉਸਦਾ ਵਿਆਹ ਨਹੀਂ ਹੋ ਜਾਂਦਾ।

ਅੱਜਕੱਲ੍ਹ ਦੇ ਜ਼ਮਾਨੇ ਵਿਚ ਧੀਆਂ-ਪੁੱਤਾਂ ਵਿਚ ਕੋਈ ਫਰਕ ਨਹੀਂ ਹੈ। ਸਿਆਣੇ ਕਹਿੰਦੇ ਹਨ ਕਿ ਰੱਬ ਕੋਲੋਂ ਤੰਦਰੁਸਤ ਅਤੇ ਨੇਕ ਗੁਣਾਂ ਵਾਲਾ ਬੱਚਾ ਮੰਗੋ (ਭਾਵੇਂ ਧੀ ਜਾਂ ਪੁੱਤ ਹੋਵੇ) ਚੰਗੀ ਵਿੱਦਿਆ ਅਤੇ ਨੇਕ ਸੰਸਕਾਰ (ਗੁਣ) ਦਿਉ, ਉਹੀ ਆਪਣੀ ਦੌਲਤ ਹੈ।

ਨਾਲੇ ਆਪਾਂ ਅਕ੍ਰਿਤਘਣ ਕਿਉਂ ਬਣੀਏ। ਆਪਣੀ ਮਾਂ ਵੀ ਤਾਂ ਕਿਸੇ ਦੀ ਨਿੱਕੀ ਧੀ ਸੀ, ਜਿਸ ਨੇ ਆਪਾਂ ਨੂੰ ਜਨਮ ਦਿੱਤਾ ਹੈ। ਸੋ ਨਸ਼ਾ ਤਾਂ ਇਨਸਾਨ ਨੂੰ ਚੰਗਾ ਜੀਵਨ ਜਿਊਣ ਦਾ ਹੀ ਚਾਹੀਦਾ ਹੈ। ਚੰਗੇ ਅਤੇ ਤੰਦਰੁਸਤ ਜੀਵਨ ਮਾਨਣ ਨੂੰ ਹੀ ਨਸ਼ਾ, ਪਰ ਖੁਸ਼ੀ ਵਾਲਾ ਨਸ਼ਾ ਕਹਿੰਦੇ ਹਨ। ਇਸ ਨੂੰ ਸੰਸਰ ਪੱਧਰ ’ਤੇ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਸਾਰੇ ਦੇਸ਼ਾਂ ਅਤੇ ਇਨਸਾਨਾਂ ਦਾ ਇਹ ਨਾਹਰਾ ਅਤੇ ਮੰਤਵ ਚਾਹੀਦਾ ਹੈ:

ਜੀਉ ਤੇ ਜਿਉਣ ਦਿਉ।’

ਤਾਜ਼ਾ ਅੰਕੜੇ ਸਾਹਮਣੇ ਆਏ ਹਨ ਕਿ ਪੰਜਾਬ ਵਿਚ 70% ਨੌਜਵਾਨ ਨਸ਼ਿਆਂ ਵਿਚ ਰੁੜ੍ਹ ਰਹੇ ਹਨ। ਸ਼ਰਾਬ ਦੀਆਂ 300 ਕਰੋੜ ਬੋਤਲਾਂ ਪੰਜਾਬੀ ਪੀ ਜਾਂਦੇ ਹਨ ਸਾਲਾਨਾ। ਖਤਰਨਾਕ ਡਰੱਗਾਂ, ਜਿਵੇਂ ਚਿੱਟਾ, ਹੈਰੋਇਨ ਆਦਿ ਪੰਜਾਬ ਦਾ ਭਵਿੱਖ ਤਬਾਹ ਕਰ ਰਹੇ ਹਨ। ਬਹੁਤ ਹੀ ਫਿਕਰ ਵਾਲੀ ਸਥਿਤੀ ਹੈ।

ਕੀ ਬਣੂੰ ਪੰਜਾਬ ਦਾਰੱਬ ਖੈਰ ਕਰੇ!

*****

(339)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

   

About the Author

ਰਾਜਿੰਦਰ ਸਿੰਘ ਪੰਧੇਰ

ਰਾਜਿੰਦਰ ਸਿੰਘ ਪੰਧੇਰ

Burnaby, British Columbia, Canada.
Phone: 778 891 4642
Email: (rajinderpandher@hotmail.com)