HarshinderKaur7ਪੰਜਾਬ ਅੰਦਰਲੀ ਇਕ ਨਿੱਕੀ ਜਿਹੀ ਮਾੜੀ ਖ਼ਬਰ ਸੱਤ ਸਮੁੰਦਰੋਂ ਪਾਰ ਬੈਠਿਆਂ ਨੂੰ  ...
(ਜੂਨ 27, 2016)


ਪੰਜਾਬੀਆਂ ਨੇ ਆਪਣੀ ਧਰਤੀ ਤੋਂ ਸੱਤ ਸਮੁੰਦਰੋਂ ਪਾਰ ਹੱਡ ਭੰਨਵੀਂ ਮਿਹਨਤ ਨਾਲ ਨਾ ਸਿਰਫ਼ ਆਪਣੇ ਅਤੇ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਜੱਦੋਜਹਿਦ ਕੀਤੀ ਹੈ ਬਲਕਿ ਦੂਜੇ ਮੁਲਕ ਵਿਚ ਆਪਣੀ ਬੋਲੀ ਅਤੇ ਸਭਿਅਤਾ ਨੂੰ ਸਾਂਭਣ ਲਈ ਪੂਰੀ ਤਾਕਤ ਲਾ ਕੇ
, ਰਾਜਨੀਤਕ ਅਤੇ ਸਮਾਜਿਕ ਖੇਤਰਾਂ ਵਿਚ ਮੱਲਾਂ ਮਾਰਨ ਤੋਂ ਬਾਅਦ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿਚ ਵੀ ਆਪਣੀ ਠੁੱਕ ਬਣਾ ਲਈ ਹੈ।

ਬਥੇਰੀ ਵਾਰ ਬਾਹਰਲੇ ਮੁਲਕਾਂ ਵਿਚ ਵਸ ਰਹੇ ਪੰਜਾਬੀਆਂ ਨਾਲ ਮੇਰਾ ਵਾਹ ਪਿਆ ਹੈ ਅਤੇ ਅਨੇਕ ਵੱਖੋ-ਵੱਖ ਕਿੱਤਿਆਂ ਵਿਚ ਜੁੜੇ ਪੰਜਾਬੀਆਂ ਨਾਲ ਵੀ! ਕਮਾਲ ਦੀ ਗੱਲ ਇਹ ਹੈ ਕਿ ਹਾਲੇ ਤਕ ਮੈਨੂੰ ਇਕ ਵੀ ਅਜਿਹਾ ਪੰਜਾਬੀ ਨਹੀਂ ਟੱਕਰਿਆ ਜਿਸ ਨੂੰ ਪੰਜਾਬ ਦੀ ਧਰਤੀ ਨਾਲ ਮੋਹ ਨਾ ਹੋਵੇ। ਪੰਜਾਬ ਅੰਦਰਲੀ ਇਕ ਨਿੱਕੀ ਜਿਹੀ ਮਾੜੀ ਖ਼ਬਰ ਸੱਤ ਸਮੁੰਦਰੋਂ ਪਾਰ ਬੈਠਿਆਂ ਨੂੰ ਇੰਜ ਤੜਫਾ ਦਿੰਦੀ ਹੈ ਜਿਵੇਂ ਉਨ੍ਹਾਂ ਦੀ ਮਾਂ ਦੇ ਸਰੀਰ ਉੱਤੇ ਝਰੀਟ ਪੈ ਗਈ ਹੋਵੇ। ਸੌਖਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖ਼ੁਦਕੁਸ਼ੀਆਂ ਜਾਂ ਗੁੰਡਾਗਰਦੀ ਵਰਗੀਆਂ ਖ਼ਬਰਾਂ ਨਾਲ ਪੰਜਾਬੋਂ ਬਾਹਰ ਬੈਠਿਆਂ ਦੇ ਦਿਲ ਕਿਵੇਂ ਤੜਫ ਉੱਠਦੇ ਹੋਣਗੇ। ਇਹ ਤੜਪ ਮੈਂ ਕਈ ਵਾਰ ਮਹਿਸੂਸ ਕੀਤੀ ਹੈ।

ਪੰਜਾਬ ਦੀ ਖ਼ੁਸ਼ਹਾਲੀ ਲਈ ਦਿਲੋਂ ਦੁਆਵਾਂ ਮੰਗਦੇ ਇਹ ਪੰਜਾਬੀ ਵੀਰ ਭੈਣ ਕਿਸੇ ਵੀ ਪੰਜਾਬ ਤੋਂ ਆਏ ਬੰਦੇ ਨੂੰ ਪਲਕਾਂ ਉੱਤੇ ਬਿਠਾ ਲੈਂਦੇ ਹਨ ਅਤੇ ਕੰਮ ਕਾਰ ਛੱਡ ਕੇ ਉਸ ਤੋਂ ਪੰਜਾਬ ਦੀ ਧਰਤੀ ਦੇ ਪਲ-ਪਲ ਬਾਰੇ ਸੁਣਨ ਲਈ ਉਤਾਵਲੇ ਪੈ ਜਾਂਦੇ ਹਨ, ਜਿਵੇਂ ਕਿਸੇ ਆਪਣੇ ਬਹੁਤ ਨਜ਼ਦੀਕੀ ਦੀਆਂ ਖ਼ਬਰਾਂ ਲੈਣ ਨੂੰ ਉਤਾਵਲੇ ਹੋਈਦਾ ਹੈ।

ਵਪਾਰ ਵਿਚ ਮਾਅਰਕੇ ਮਾਰ ਕੇ ਜਿੱਥੇ ਕੰਪਿਊਟਰ ਦੀਆਂ ਸੂਖਮ ਬਰੀਕੀਆਂ ਜਾਣ ਕੇ ਕੰਪਿਊਟਰ ਲਈ ਪੁਰਜ਼ੇ ਤਿਆਰ ਕਰਨ ਵਿਚ ਕੁਲਵੰਤ ਨਿੱਜਰ ਵੀਰ ਵਰਗੇ ਲੋਕ ਦਾਨ ਪੁੰਨ ਵਿਚ ਪੈਸਾ ਲਗਾਤਾਰ ਲਾ ਰਹੇ ਹਨ, ਉੱਥੇ ਵਪਾਰ ਵਿਚ ਸੌਗੀ ਕਿੰਗ ਅਤੇ ਬਦਾਮਾਂ ਦੇ ਰਾਜੇ ਬਣ ਕੇ ਕਈ ਪੰਜਾਬੀ ਵਿਸ਼ਵ ਭਰ ਵਿਚ ਪੰਜਾਬੀਆਂ ਦਾ ਨਾਂ ਰੌਸ਼ਨ ਕਰ ਰਹੇ ਹਨ।

ਪਰਮੀਤ ਰੰਧਾਵਾ ਵਰਗੀਆਂ ਔਰਤਾਂ ਜਥੇਬੰਦਕ ਢੰਗ ਨਾਲ ਪੰਜਾਬੀ ਔਰਤਾਂ ਦਾ ਨਾਂ ਅਮਰੀਕਾ ਵਿਚ ਚਮਕਾ ਕੇ ਚਾਰ ਚੰਨ ਲਾ ਰਹੀਆਂ ਹਨ। ਲੋੜਵੰਦਾਂ ਲਈ ਝਟਪਟ ਚੰਦਾ ਇਕੱਠਾ ਕਰਨਾ ਉਨ੍ਹਾਂ ਦੀ ਫ਼ਿਤਰਤ ਬਣ ਚੁੱਕੀ ਹੈ।

ਜੇ ਬਿਜ਼ਨੈੱਸ ਦੀ ਗ਼ੱਲ ਕਰੀਏ ਤਾਂ ਮਲਕੀਅਤ ਸਿੰਘ ਬੋਪਾਰਾਏ, ਡਾ. ਚਾਪੜਾ, ਘੋਲੀਆ ਜੀ, ਰੇ ਵਾਲੀਆ ਜੀ ਵਰਗੇ ਬਿਜ਼ਨੈੱਸਮੈਨਾਂ ਨੇ ਅਮਰੀਕਾ ਦੀ ਆਰਥਿਕ ਵਿਵਸਥਾ ਵਿਚ ਕਈ ਗੁਣਾ ਵਾਧਾ ਕਰਨ ਵਿਚ ਪੂਰੀ ਵਾਹ ਲਾਈ ਹੋਈ ਹੈ ਤੇ ਇਹ ਸਾਰੇ ਹੀ ਸ਼ਾਨਦਾਰ ਦਿਲਾਂ ਦੇ ਨਾਲ-ਨਾਲ ਸ਼ਾਨਦਾਰ ਘਰਾਂ ਦੇ ਮਾਲਕ ਵੀ ਹਨ। ਪਰ, ਇਹ ਸਾਰੇ ਤੇ ਇਨ੍ਹਾਂ ਵਰਗੇ ਅਨੇਕ ਹੋਰ ਵੀ ਪੰਜਾਬ ਅੰਦਰਲੇ ਲੋੜਵੰਦਾਂ ਲਈ ਪੈਸਾ ਪਾਣੀ ਵਾਂਗ ਰੋੜ੍ਹਦੇ ਹਨ।

ਰੇ ਵਾਲੀਆ ਜੀ ਵੱਲੋਂ ਅਮਰੀਕਾ ਵਿਚ ਬਣਾਈ ਫ਼ਿਲਮ ‘ਧੀਆਂ ਮਰਜਾਣੀਆਂ’ ਜਿੱਥੇ ਅਨੇਕ ਵਿਸ਼ਵ ਪੱਧਰੀ ਇਨਾਮ ਜਿੱਤ ਚੁੱਕੀ ਹੈ, ਉੱਥੇ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਅਤੇ ਧੀਆਂ ਦੇ ਰੌਸ਼ਨ ਭਵਿੱਖ ਲਈ ਕਮਾਲ ਦਾ ਸੁਨੇਹਾ ਵੀ ਦਿੰਦੀ ਹੈ।

ਸੈਕਰਾਮੈਂਟੋ ਦੀ ਬਾਸਕਟ ਬੌਲ ਟੀਮ ਵਿਚ ਵੀ ਪੰਜਾਬੀ ਬੱਚੇ ਹਨ ਤੇ ਕੈਲੀਫੋਰਨੀਆ ਦੀ ਹਾਈਵੇ ਪੁਲੀਸ ਵਿਚ ਵੀ। ਪੀਜ਼ਾ, ਬਰਗਰ ਵੇਚਣ ਅਤੇ ਰੈਸਤੋਰਾਂ ਦੇ ਵਪਾਰ ਵਿਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਹੈ।

ਕਈ ਚੀਜ਼ਾਂ ਅਜਿਹੀਆਂ ਮੈਨੂੰ ਦਿਸੀਆਂ ਜੋ ਕੈਲੇਫੋਰਨੀਆ ਅੰਦਰ ਵਿਕਸਿਤ ਪੰਜਾਬ ਹੋਣ ਦੀ ਹਾਮੀ ਭਰਦੀਆਂ ਹਨ। ਪਿੰਡ ਵਿਚ ਕੁੱਝ ਚੀਜ਼ਾਂ ਜਿਵੇਂ ਚਰਖਾ ਤੇ ਚੀਕਣੀ ਮਿੱਟੀ ਦਾ ਤੰਦੂਰ ਵੇਖ ਕੇ ਤਾਂ ਇੰਜ ਜਾਪਿਆ ਜਿਵੇਂ ਅਸਲ ਪੰਜਾਬ ਕੈਲੇਫੋਰਨੀਆ ਅੰਦਰ ਹੀ ਬਚਿਆ ਹੈ।

ਮਸਲਨ:

1. ਵਧੀਆ ਕਿਸਮ ਦੇ ਅੰਬ

2. ਧਰਤੀ ਹੇਠਲੇ ਪਾਣੀ ਦੀ ਘਾਟ

3. ਪਿੰਡ ਦੀ ਸੜਕ ਉੱਤੇ ਪਿਆ ਟੋਇਆ ਜਿਸ ਬਾਰੇ ਕੋਈ ਕਿਨਾਰੇ ਉੱਤੇ ਨਿਸ਼ਾਨ ਨਹੀਂ ਸੀ ਤੇ ਉਸੇ ਕਰਕੇ ਲੱਗੇ ਝਟਕੇ ਨੇ ਕਾਰ ਦੀ ਛੱਤ ਉੱਤੇ ਮੇਰਾ ਸਿਰ ਪਟਕਾ ਕੇ ਮਾਰਿਆ।

4. ਪਿੰਡਾਂ ਦੀ ਸੜਕ ਉੱਤੇ ਮਿੱਟੀ ਦੇ ਉੱਡਦੇ ਅੰਬਾਰ ਨੇ ਵੀ ਬੜੀ ਸੰਤੁਸ਼ਟੀ ਦਿੱਤੀ ਕਿ ਕੈਲੇਫੋਰਨੀਆ ਇੰਨ-ਬਿੰਨ ਪੰਜਾਬ ਵਰਗਾ ਹੀ ਹੈ।

5. ਹੋਰ ਤਾਂ ਹੋਰ, ਭਿਖਾਰੀ ਵੀ ਆਮ ਹੀ ਭੀਖ ਮੰਗਦੇ ਵੇਖ ਕੇ ਹੈਰਾਨੀ ਹੋਈ। ਵੱਡੀ ਗੱਲ ਇਹ ਕਿ ਅਮਰੀਕਨ ਅਤੇ ਮੈਕਸੀਕਨ ਲੋਕ ਆਪਣੇ ਆਪ ਨੂੰ ਝੂਠ-ਮੂਠ ਹੋਮਲੈੱਸ ਕਹਿ ਕੇ ਲੋਕਾਂ ਨੂੰ ਠੱਗਦੇ ਰਹਿੰਦੇ ਹਨ ਤੇ ਭਿਖਾਰੀਆਂ ਨੂੰ ਰੋਟੀ ਖਾਣ ਲਈ ਭੀਖ ਦੇਣ ਵਾਲੇ ਪੰਜਾਬੀ ਖੁੱਲ੍ਹਦਿਲੀ ਨਾਲ ਉਨ੍ਹਾਂ ਨੂੰ ਪੈਸੇ ਦਿੰਦੇ ਹਨ।

6. ਚੋਟੀ ਦੇ ਪੰਜਾਬੀ ਡਾਕਟਰਾਂ ਕੋਲ ਅਮਰੀਕਨ ਮਰੀਜ਼ ਲਾਈਨਾਂ ਲਾ ਕੇ ਵਿਖਾਉਣ ਲਈ ਖੜ੍ਹੇ ਵੇਖ ਵੀ ਤਸੱਲੀ ਹੋਈ।

7. ਦਸ-ਬਾਰਾਂ ਹਜ਼ਾਰ ਏਕੜ ਦੀ ਜ਼ਮੀਨ ਦੇ ਮਾਲਕ ਪੰਜਾਬੀ, ਬਦਾਮਾਂ ਦੇ ਮੀਲਾਂ ਲੰਮੇ ਬਾਗ਼ਾਂ ਦੀ ਫਸਲ ਸਾਂਭਦੇ ਪਏ ਹਨ।

8. ਮੱਝਾਂ, ਗਾਵਾਂ, ਭੇਡਾਂ, ਦੁੱਧ ਦੇ ਢੋਲ, ਫਾਰਮ ਹਾਊਸ ਆਦਿ ਪੰਜਾਬੀ ਪਿੰਡ ਦੀ ਯਾਦ ਦਿਵਾ ਦਿੰਦੇ ਹਨ।

9. ਜੋਤਿਸ਼ ਅਤੇ ਵਹਿਮ ਭਰਮ ਦੇ ਲੱਟੂ ਕਈ ਪੰਜਾਬੀ ਉੱਥੇ ਵੀ ਧਾਗੇ, ਤਵੀਤ, ਮੁੰਦਰੀਆਂ, ਚੰਨ, ਸੂਰਜ ਗ੍ਰਹਿਣ, ਕਾਲੀ ਦਾਲ, ਬਿੱਲੀ ਆਦਿ ਵਰਗੇ ਭਰਮ ਪੂਰਨ ਰੂਪ ਵਿਚ ਵਿਕਸਿਤ ਮੁਲਕ ਦੀ ਧਰਤੀ ਉੱਤੇ ਹਾਲੇ ਵੀ ਪਾਲ ਰਹੇ ਹਨ।

10. ਅਖ਼ਬਾਰਾਂ ਵਿਚ ਕੁੜੀ ਦਾ ਗਰਭਪਾਤ ਕਰਨ ਦੇ ਇਸ਼ਤਿਹਾਰ ਜਾਂ ਜੋਤਿਸ਼ ਰਾਹੀਂ ਮੁੰਡੇ ਪੈਦਾ ਹੋਣ ਬਾਰੇ ਵੀ ਰੇਡੀਓ ਉੱਤੇ ਲੰਮੀ ਚਰਚਾ ਚੱਲਦੀ ਰਹਿੰਦੀ ਹੈ।

11. ਗੁਰਦੁਆਰਿਆਂ ਦੀ ਸੇਵਾ ਲਈ ਤਤਪਰ ਹਰ ਅਮਰੀਕਨ ਪੰਜਾਬੀ ਐਤਵਾਰ ਨੂੰ ਗੁਰੂ ਘਰ ਜ਼ਰੂਰ ਜਾ ਕੇ ਸ਼ੁਕਰਾਨਾ ਕਰਦਾ ਹੈ। ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਨਾਲ ਹੀ ਗੁਰਦੁਆਰੇ ਵਿਚ ਪ੍ਰਧਾਨੀ ਲਈ ਮੋਹਰੀ ਬਣਨ ਲਈ ਝਗੜਿਆਂ ਬਾਰੇ ਵੀ ਅਖ਼ਬਾਰਾਂ ਵਿਚ ਖ਼ਬਰਾਂ ਛਪ ਚੁੱਕੀਆਂ ਹਨ।

12. ਪਕੌੜੇ, ਸਮੋਸੇ, ਜਲੇਬੀਆਂ, ਪਰੌਂਠੇ ਪੰਜਾਬ ਦੀ ਯਾਦ ਭੁੱਲਣ ਹੀ ਨਹੀਂ ਦਿੰਦੇ।

13. ਵਿਸਾਖੀ ਮੌਕੇ ਕੇਸਰੀ ਪੱਗਾਂ ਅਤੇ ਦੁਪੱਟਿਆਂ ਦਾ ਹੜ੍ਹ ਆਇਆ ਲੱਗਦਾ ਹੈ। ਮੀਲਾਂ ਦੂਰ ਤਕ ਪੰਜਾਬੀਆਂ ਦੀ ਭੀੜ ਅਤੇ ਲੰਗਰ ਸਚਮੁੱਚ ਵਿਕਸਿਤ ਪੰਜਾਬ ਦਾ ਹੀ ਭੁਲੇਖਾ ਪਾਉਂਦੇ ਹਨ।

14. ਸਟੌਕਟਨ ਵਿਖੇ ਪੰਜਾਬੀ ਵਿਚ ਲਿਖਿਆ ਬੋਰਡ ‘ਗੁਰਦੁਆਰਾ ਸਟਰੀਟ’ ਪੜ੍ਹ ਕੇ ਆਨੰਦ ਆ ਜਾਂਦਾ ਹੈ। ਸਟੌਕਟਨ ਦੇ ਇਤਿਹਾਸਕ ਗੁਰੂਘਰ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਪ੍ਰਿੰਟਿੰਗ ਪ੍ਰੈੱਸ ਹਾਲੇ ਤੱਕ ਸਾਂਭੀ ਪਈ ਹੈ ਤੇ ਉਹ ਸੇਫ਼ ਵੀ ਜਿਸ ਵਿਚ ‘ਡਿਪਾਜ਼ਿਟ ਸਲਿੱਪਾਂ’ ਰੱਖੀਆਂ ਜਾਂਦੀਆਂ ਸਨ।

15. ਪਿੰਡਾਂ ਵਿਚ ਬੰਦ ਹੋਣ ਵਾਲੇ ਫਾਟਕਾਂ ਤੋਂ ਬਗ਼ੈਰ ਰੇਲਵੇ ਲਾਈਨਾਂ ਹਨ ਜਿੱਥੇ ਫਰਕ ਸਿਰਫ ਇਹ ਹੈ ਕਿ ਕੋਈ ਵੀ ਬੰਦਾ ਲਾਲ ਬੱਤੀ ਵੇਖ ਕੇ ਚੁੱਪ ਚਾਪ ਖਲੋ ਜਾਂਦਾ ਹੈ ਤੇ ਭੱਜ ਕੇ ਗੱਡੀ ਅੱਗੋਂ ਰੇਲਵੇ ਲਾਈਨ ਟੱਪਣ ਦੀ ਕੋਸ਼ਿਸ਼ ਨਹੀਂ ਕਰਦਾ।

ਇੰਜ ਹੀ ਸੜਕ ਦੇ ਕੋਨੇ ਉੱਤੇ ‘ਸਟੌਪ’ ਦਾ ਸਾਈਨ ਵੇਖਦੇ ਸਾਰ ਬਿਨਾਂ ਪੁਲਿਸ ਕਰਮੀ ਦੇ ਹੁੰਦਿਆਂ ਵੀ, ਪਿੰਡ ਦੀ ਸੜਕ ਉੱਤੇ ਵੀ, ਇਕ ਪਲ ਰੁਕ ਕੇ ਹੀ ਸਭ ਜਣੇ ਅੱਗੇ ਲੰਘਦੇ ਹਨ। ਅਜਿਹੇ ਮੌਕੇ ਜ਼ਰੂਰ ਇਹਸਾਸ ਹੁੰਦਾ ਹੈ ਕਿ ਇਹ ਅਸਲ ਪੰਜਾਬ ਨਹੀਂ ਹੈ।

16. ਪੰਜਾਬੀ ਦੀਆਂ ਬਹੁਤ ਸਾਰੀਆਂ ਉੱਚ ਕੋਟੀ ਦੀਆਂ ਅਖ਼ਬਾਰਾਂ, ਵਧੀਆ ਲੇਖਣੀ, ਪੰਜਾਬੀ ਟੈਲੀਵਿਜ਼ਨ, ਡਰਾਮੇ, ਪੰਜਾਬ ਦੀਆਂ ਖ਼ਬਰਾਂ, ਗੁੱਟਬਾਜ਼ੀ, ਆਦਿ ਸਭ ਪੰਜਾਬ ਦਾ ਅਹਿਸਾਸ ਬਾਖੂਬੀ ਕਰਵਾਉਂਦੇ ਰਹਿੰਦੇ ਹਨ।

17. ਪੈਨੀ ਜੀ ਦੇ ਜੱਸ ਟੀ.ਵੀ ਦਾ ‘ਮੁੱਦਾ’ (ਰਿਆੜ ਵੀਰ ਵੱਲੋਂ ਕੀਤਾ ਜਾਂਦਾ ਲੋਕਾਂ ਦਾ ਚਹੇਤਾ ਪ੍ਰੋਗਰਾਮ) ਤੇ ਗਲੋਬਲ ਟੀ.ਵੀ (ਭਉਰਾ ਜੀ ਤੇ ਜੱਗਦੇਵ ਸਿੰਘ ਭੰਡਾਲ ਜੀ) ਦੀ ਚੰਗੀ ਚੜ੍ਹਤ ਹੈ ਜੋ ਹਰ ਘਰ ਵਿਚਲੇ ਜੀਆਂ ਨੂੰ ਬੰਨ੍ਹ ਕੇ ਰੱਖ ਦਿੰਦੇ ਹਨ। ਇਹੀ ਪ੍ਰੋਗਰਾਮ ਹੀ ਬੱਚਿਆਂ ਵਿਚ ਪੰਜਾਬੀ ਜ਼ੁਬਾਨ ਨੂੰ ਪ੍ਰਫੁਲਿਤ ਕਰਨ ਵਿਚ ਸਹਾਈ ਸਿੱਧ ਹੋ ਰਹੇ ਹਨ ਤੇ ਪੰਜਾਬੀ ਸੱਭਿਆਚਾਰ ਨੂੰ ਵੀ।

18. ਪੰਜਾਬੀ ਜ਼ੁਬਾਨ ਵਿਚ ਚੱਲਦੇ ਅਨੇਕ ਰੇਡੀਓ ਜਿਵੇਂ ਚੜ੍ਹਦੀਕਲਾ ਰੇਡੀਓ, ਰੇਡੀਓ ਚੰਨ ਪ੍ਰਦੇਸੀ, ਐਫ.ਐਮ, ਕੇ.ਆਰ.ਪੀ.ਆਈ 1550, ਰੇਡੀਓ ਆਪਣਾ ਤੇ ਅਨੇਕ ਹੋਰ ਰੇਡੀਓ ਤੁਰਦੇ ਫਿਰਦੇ, ਕਾਰਾਂ, ਟਰੱਕਾਂ ਅੰਦਰ ਸਾਰਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਪਰੋ ਕੇ ਰੱਖਣ ਵਿਚ ਸਹਾਈ ਹੋ ਰਹੇ ਹਨ।

19. ਸਿਨੇਮਾ ਹਾਲਾਂ ਵਿਚ ਪੰਜਾਬੀ ਫ਼ਿਲਮਾਂ ਲੱਗੀਆਂ ਵੇਖ ਤੇ ਭਰੇ ਹਾਲ ਵੇਖ ਕੇ ਸੀਨੇ ਵਿਚ ਠੰਢ ਪੈਂਦੀ ਹੈ।

20. ਜਿਵੇਂ ਦਾਜ ਵਿਚ ਪੇਕਿਆਂ ਵੱਲੋਂ ਮਿਲੇ ਸਮਾਨ ਨੂੰ ਸਾਂਭ ਕੇ ਧੀ ਸਹੁਰੇ ਘਰ ਲਿਜਾਉਂਦੀ ਹੈ, ਉਸੇ ਤਰ੍ਹਾਂ ਇਕ ਮਾੜੀ ਸੋਚ ਵੀ ਵਤਨੋਂ ਪਾਰ ਪਹੁੰਚ ਚੁੱਕੀ ਹੈ।

ਉੱਚ ਕੋਟੀ ਦੇ ਖੋਜੀ ਮਾਰਸੈਲੋ ਅਤੇ ਹੋਰ ਡਾਕਟਰ ਸਾਥੀਆਂ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਅਮਰੀਕਾ ਤੇ ਕਨੇਡਾ ਵਿਚਲੇ ਸੰਨ 1990 ਤੋਂ 2011 ਤਕ 1,78,000 ਜੰਮੇ ਭਾਰਤੀ ਬੱਚਿਆਂ ਉੱਤੇ ਖੋਜ ਕਰ ਕੇ ਨਤੀਜੇ ਕੱਢੇ ਹਨ ਕਿ ਅਮਰੀਕਾ ਤੇ ਕਨੇਡਾ ਵਿਚ ਵਸੇ ਭਾਰਤੀ, ਜਿਨ੍ਹਾਂ ਵਿਚ ਪੰਜਾਬੀ ਵੀ ਸ਼ਾਮਲ ਹਨ, ਲਗਭਗ 5000 ਧੀਆਂ ਕੁੱਖ ਵਿਚ ਮਾਰ ਚੁੱਕੇ ਹਨ। ਇਹ ਖ਼ਬਰ ਬਹੁਤ ਜ਼ਿਆਦਾ ਚਿੰਤਾਜਨਕ ਹੈ। ਇਹ ਇਸ ਲਈ ਵੀ ਖ਼ਤਰੇ ਦੀ ਘੰਟੀ ਹੈ ਕਿਉਂਕਿ ਵਤਨੋਂ ਪਾਰ ਪੰਜਾਬੀ ਕੁੜੀਆਂ ਦੇ ਘਟਣ ਸਦਕਾ ਪੰਜਾਬੀ ਮੁੰਡੇ ਅਮਰੀਕਨਾਂ ਨਾਲ ਵਿਆਹ ਕਰਨ ਉੱਤੇ ਮਜਬੂਰ ਹੋ ਜਾਣਗੇ ਜਿਸ ਨਾਲ ਪੰਜਾਬੀ ਜੀਨ ਦੇ ਘਟਣ ਦਾ ਖ਼ਤਰਾ ਹੈ।

21. ਵਿਆਹਾਂ ਦੇ ਸਮਾਗਮਾਂ ਉੱਤੇ ਹੁੰਦਾ ਵਾਧੂ ਖ਼ਰਚਾ ਵੀ ਪੰਜਾਬੀਆਂ ਦੀ ਪਛਾਣ ਹੈ ਜੋ ਸੱਤ ਸਮੁੰਦਰੋਂ ਪਾਰ ਵੀ ਬਰਕਰਾਰ ਹੈ।

ਕੁਲ ਮਿਲਾ ਕੇ, ਇਹੋ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਕੈਲੇਫੋਰਨੀਆ ਅੰਦਰ ਵਿਕਸਿਤ ਪੰਜਾਬ ਪੱਕੀ ਤੌਰ ਉੱਤੇ ਸਥਾਪਿਤ ਹੋ ਚੁੱਕਿਆ ਹੈ।

ਕੈਲੇਫੋਰਨੀਆ ਦਾ ਮੋਟਰਸਾਈਕਲ ਬਰਿਗੇਡ, ਸਿੱਖ ਰਾਈਡਰਜ਼, ਸੈਂਟਰਲ ਵੈਲੀ, ਇਕ ਖ਼ਾਲਸਾਈ ਸ਼ਾਨੌ ਸ਼ੌਕਤ ਦਾ ਪ੍ਰਤੀਕ ਬਣਿਆ ਪਿਆ ਹੈ ਜਿੱਥੇ ਪੰਜਾਬੀ ਸੱਭਿਅਤਾ ਨਾਲ ਪ੍ਰਣਾਏ ਤੇ ਕੇਸਰੀ ਦਸਤਾਰਾਂ ਸਜਾ ਕੇ ਪੰਜਾਬੀ ਗਭਰੂ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਉੱਤੇ ਇਉਂ ਨਿਕਲਦੇ ਹਨ ਜਿਵੇਂ ਅਕਾਲ ਪੁਰਖ ਦੀ ‘ਮਾਡਰਨ’ ਫੌਜ ਨਿਕਲ ਰਹੀ ਹੋਵੇ। ਇਹ ਮੋਟਰਸਾਈਕਲਾਂ ਦੀ ਫੌਜ ਅਮਰੀਕਨਾਂ ਨੂੰ ਇਕ ਸਪਸ਼ਟ ਸੁਨੇਹਾ ਦਿੰਦੀ ਹੈ ਕਿ ਸਿੰਘ ਸਿਰਫ਼ ਲਹੂ ਹੱਡੀਆਂ ਦੇ ਨਹੀਂ ਬਣੇ ਬਲਕਿ ਇਨ੍ਹਾਂ ਦੀ ਰੂਹਾਨੀ ਤਾਕਤ ਅੰਦਾਜ਼ੇ ਤੋਂ ਕਿਤੇ ਬਾਹਰ ਹੈ। ਇਹ ਗੱਭਰੂ ਐਲਾਨ ਕਰਦੇ ਜਾਂਦੇ ਹਨ ਕਿ ਅਸੀਂ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਵਿਚ ਖ਼ਾਲਸਾ ਝੰਡਾ ਝੁਲਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਖ਼ਾਲਸ ਇਨਸਾਨਾਂ ਦਾ ਬੋਲਬਾਲਾ ਪੂਰੀ ਦੁਨੀਆਂ ਵਿਚ ਕਾਇਮ ਹੋ ਚੁੱਕਿਆ ਹੈ।

ਜਿਵੇਂ ਭਰੇ ਪੂਰੇ ਤਲਾਅ ਵਿਚ ਇਕ ਮੱਛੀ ਵੀ ਗੰਦੀ ਹੋਵੇ ਤਾਂ ਪੂਰਾ ਤਲਾਅ ਗੰਦਾ ਕਹਾਉਂਦਾ ਹੈ, ਇਸੇ ਤਰ੍ਹਾਂ ਕੁੱਝ ਇਕ ਗਿਣਤੀ ਦੇ ਬੰਦੇ ਦੂਜੇ ਨਾਲ ਲੜਨ ਝਗੜਨ, ਦੂਜੇ ਪ੍ਰਤੀ ਕੋਰਾ ਝੂਠ ਬੋਲ ਕੇ ਭੰਡਣ ਤੇ ਵਿਸ ਘੋਲਣ ਵਿਚ ਮਾਹਿਰ, ਦੂਜਿਆਂ ਦੀ ਚੜ੍ਹਤ ਵੇਖ ਕੇ ਉਨ੍ਹਾਂ ਦੀ ਲਾਈਨ ਕੱਟਣ ਵਿਚ ਜੁਟੇ ਹੋਏ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਦੇਣ ਸਮਾਜ ਲਈ ਜ਼ੀਰੋ ਹੈ।

ਇਨ੍ਹਾਂ ਇੱਕਾ ਦੁੱਕਾ ਦੂਜਿਆਂ ਪ੍ਰਤੀ ਗੰਦ ਉਗਲਣ, ਕਾਨੂੰਨ ਤੋੜਨ, ਪੈਸੇ ਕਮਾਉਣ ਦੇ ਗ਼ੈਰਕਾਨੂੰਨੀ ਢੰਗ ਅਪਣਾਉਣ, ਕੁੱਖ ਵਿਚ ਧੀਆਂ ਮਾਰਨ, ਔਰਤਾਂ ਉੱਤੇ ਘਰੇਲੂ ਹਿੰਸਾ ਕਰਨ ਅਤੇ ਗੁਰਦੁਆਰਿਆਂ ਨੂੰ ਆਪਣੀ ਖਾਨਦਾਨੀ ਵਿਰਾਸਤ ਸਮਝ ਕੇ ਵਰਤਣ ਵਾਲਿਆਂ ਨੂੰ ਇਨਸਾਨਾਂ ਦੀ ਗਿਣਤੀ ਵਿਚ ਨਾ ਕਰ ਕੇ ਸਿਰਫ਼ ਵਿਸ ਘੋਲਦੇ ਸੱਪਾਂ ਵਿਚ ਸ਼ਾਮਲ ਕਰ ਦਿੱਤਾ ਜਾਏ ਤਾਂ ਬਾਕੀ ਪੰਜਾਬੀਆਂ ਉੱਤੇ ਉੱਠਦੀ ਉਂਗਲ ਵੀ ਉਸੇ ਸਮੇਂ ਬੰਦ ਹੋ ਸਕਦੀ ਹੈ।

ਮੈਂ ਕੋਈ ਵਿਰਲਾ ਹੀ ਕੈਲੇਫੌਰਨੀਆ ਅੰਦਰਲਾ ਪੰਜਾਬੀ ਵੇਖਿਆ ਹੈ ਕਿ ਜੋ ਕਿਸੇ ਦਾ ਕਿਸੇ ਢੰਗ ਰਾਹੀਂ ਵਾਪਸ ਪੰਜਾਬ ਅੰਦਰ ਲੋੜਵੰਦਾਂ ਨੂੰ ਪੈਸੇ ਨਾ ਭੇਜ ਰਿਹਾ ਹੋਵੇ। ਬਥੇਰੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗੇੜੇ ਕੱਢਦੇ ਰਹਿੰਦੇ ਹਨ ਤੇ ਆਪਣੀ ਮਾਤਭੂਮੀ ਨਾਲ ਸਾਂਝ ਤਾਜ਼ਾ ਕਰਦੇ ਰਹਿੰਦੇ ਹਨ। ਕਈ ਆਪੋ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਵਿਚ ਜੁਟੇ ਹਨ। ਕੁੱਝ ਗ਼ਰੀਬ ਬੱਚੀਆਂ ਦੀ ਪੜ੍ਹਾਈ ਅਤੇ ਵਿਆਹਾਂ ਉੱਤੇ ਖ਼ਰਚ ਕਰ ਰਹੇ ਹਨ ਤੇ ਕਈ ਖੇਡਾਂ ਵਿਚ ਪੈਸਾ ਲਾ ਰਹੇ ਹਨ।

ਲਗਭਗ ਸਾਰੇ ਹੀ ਪੰਜਾਬ ਅੰਦਰ ਨਸ਼ੇ ਦੇ ਵਧ ਰਹੇ ਰੁਝਾਨ ਬਾਰੇ ਚਿੰਤਤ ਲੱਭੇ ਤੇ ਰਿਸ਼ਵਤਖ਼ੋਰੀ ਤੋਂ ਵੀ। ਸੁਥਰਾ ਪੰਜਾਬ ਬਣਾਉਣ ਦਾ ਸੁਫ਼ਨਾ ਹਰ ਕਿਸੇ ਦੇ ਮਨ ਵਿਚ ਹੈ।

ਕਈ ਪੰਜਾਬੀ ਆਪਣੀ ਪੁਸ਼ਤੈਨੀ ਜ਼ਮੀਨ ਉੱਤੇ ਗ਼ੈਰ ਕਾਨੂੰਨੀ ਢੰਗ ਨਾਲ ਕੀਤੇ ਕਬਜ਼ਿਆਂ ਤੋਂ ਅਤਿ ਦੇ ਦੁਖੀ ਹਨ ਤੇ ਅੱਡੀ ਚੋਟੀ ਦਾ ਜ਼ੋਰ ਲਾਉਣ ਬਾਅਦ ਵੀ ਪੰਜਾਬ ਦੇ ਸਿਆਸੀ ਚੁੰਗਲ ਵਿੱਚੋਂ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਛੁਡਾ ਸਕੇਉਨ੍ਹਾਂ ਨਾਲ ਮੈਂ ਦੁੱਖ ਸਾਂਝਾ ਕਰਦੀ ਹਾਂ।

ਕੁੱਝ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਤਸ਼ੱਦਦ ਸਹਿ ਕੇ ਹਾਲੇ ਤਕ ਆਪਣੇ ਅੱਲ੍ਹੇ ਜ਼ਖ਼ਮ ਲਈ ਬੈਠੇ ਹਨ ਤੇ ਉਡੀਕਦੀਆਂ ਅੱਖਾਂ ਤੇ ਸਹਿਕਦੇ ਸਾਹਾਂ ਨਾਲ ਵਾਪਸ ਇਸ ਧਰਤੀ ਨੂੰ ਚੁੰਮਣ ਤੇ ਮਿੱਟੀ ਮੱਥੇ ਉੱਤੇ ਲਾਉਣ ਨੂੰ ਤਰਸ ਰਹੇ ਹਨ।

ਵੀਰ ਹਰਜੀਤ ਸਿੰਘ ਤੇ ਕੁਲਵੰਤ ਨਿੱਜਰ ਦਾ ਧੰਨਵਾਦ ਕਰਨਾ ਮੇਰੇ ਲਈ ਨਾਮੁਮਕਿਨ ਹੈ ਕਿਉਂਕਿ ਉਨ੍ਹਾਂ ਨੇ ਹਫ਼ਤਾ ਭਰ ਪੂਰਾ ਕੰਮਕਾਰ ਛੱਡ ਕੇ ਮੇਰੇ ਲਈ ਜਿੰਨੀ ਭੱਜ ਦੌੜ ਕਰਕੇ ਦੂਰ ਦੁਰੇਡੇ ਮੈਨੂੰ ਹਰ ਪ੍ਰੋਰਗਰਾਮ ਲਈ ਕਾਰ ਉੱਤੇ ਪਹੁੰਚਾਇਆ ਹੈ, ਉਸ ਦਾ ਸ਼ੁਕਰਾਨਾ ਕਿਵੇਂ ਕੀਤਾ ਜਾ ਸਕਦਾ ਹੈ! ਭਾਵੇਂ ਟਰੈਸੀ ਹੋਵੇ, ਭਾਵੇ ਫਰਿਜ਼ਨੋ, ਸਟੌਕਟਨ ਤੇ ਭਾਵੇਂ ਫਰੀਮੌਂਟ ਜਾਂ ਸੈਕਰਾਮੈਂਟੋ ਵਿਖੇ ਐਸੈਂਬਲੀ ਹਾਲ ਅੰਦਰ ਮੈਨੂੰ ਮਿਲਿਆ ਸਨਮਾਨ ਹੋਵੇ, ਹਰ ਥਾਂ ਖਿੜੇ ਮੱਥੇ ਦਿਨ-ਰਾਤ ਉਹ ਮੇਰੇ ਨਾਲ ਭੱਜ ਦੌੜ ਕਰਦੇ ਰਹੇ।

ਸੈਕਰਾਮੈਂਟੋ ਵਿਖੇ ਅਸੈਂਬਲੀ ਹਾਲ ਅੰਦਰ ਮੈਨੂੰ ਸਨਮਾਨਿਤ ਕਰਨ ਸਮੇਂ ਮੇਰੇ ਬਾਰੇ ਜਿਹੜਾ ਪ੍ਰਸੰਸਾ ਪੱਤਰ ਪੜ੍ਹਿਆ ਗਿਆ, ਉਹ ਸੀ, ਯੂਨਾਈਟਿਡ ਸਟੇਟਸ ਆਫ ਅਮਰੀਕਾ ਡਾ. ਹਰਸ਼ਿੰਦਰ ਕੌਰ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਾ ਹੈ ਤੇ ਮਾਨਤਾ ਵੀ ਦਿੰਦਾ ਹੈ। ਇਹ ਪਹਿਲੀ ਔਰਤ ਹੈ ਜਿਸ ਨੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਯੂਨਾਈਟਿਡ ਨੇਸ਼ਨਜ਼ ਵਿਖੇ ਭਾਸ਼ਣ ਦਿੱਤਾ। ਅਸੀਂ ਇਸ ਨੂੰ ਪਹਿਲੀ ਔਰਤ ਗਿਣਦੇ ਹਾਂ ਜਿਸ ਨੇ ਮਾਦਾ ਭਰੂਣ ਹੱਤਿਆ ਖਿਲਾਫ਼ ਆਪਣੀ ਆਵਾਜ਼ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਈ ਤੇ ਵਿਸ਼ਵ ਭਰ ਵਿਚ ਇਸ ਲਈ ਚੇਤਨਾ ਜਗਾਈ। ਅਸੀਂ ਅਮਰੀਕਾ ਦੇ ਲੋਕ ਇਸ ਔਰਤ ਨੂੰ ਅੰਤਰਰਾਸ਼ਟਰੀ ਪੱਧਰ ਦੀ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਪੂਰਕ ਮੰਨਦੇ ਹਾਂ ਤੇ ਇਸ ਨੂੰ ਇੱਥੇ ਅਸੈਂਬਲੀ ਹਾਲ ਵਿਖੇ ਸਨਮਾਨ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਅਸੀਂ ਇਸ ਦੇ ਸਮਾਜਿਕ ਕੰਮਾਂ ਅਤੇ ਔਰਤਾਂ ਦੇ ਹੱਕਾਂ ਲਈ ਚੁੱਕੀ ਜ਼ੋਰਦਾਰ ਆਵਾਜ਼ ਦੀ ਬੁਲੰਦੀ ਦੀ ਕਾਮਯਾਬੀ ਲਈ ਪ੍ਰਾਰਥਨਾ ਕਰਦੇ ਹੋਏ ਇਸ ਦੀ ਜੱਦੋਜਹਿਦ ਵਿਚ ਇਸ ਦੇ ਨਾਲ ਹਾਂ।”

ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਵਿਚ ਮੇਰੇ ਵਰਗੀ ਨਿਮਾਣੀ ਲਈ ਅਜਿਹਾ ਪੱਤਰ ਪੜ੍ਹਿਆ ਜਾਣਾ ਤੇ ਪ੍ਰਸ਼ੰਸਾ ਪੱਤਰ ਮਿਲਣਾ, ਫੇਰ ਹਾਲ ਵਿਚ ਅਸੈਂਬਲੀ ਮੈਂਬਰਾਂ ਵੱਲੋਂ ਤਾੜੀਆਂ ਮਾਰੀਆਂ ਜਾਣੀਆਂ ਤੇ ਮੇਰੇ ਨਾਲ ਹੱਥ ਮਿਲਾਉਣੇ, ਮੇਰੇ ਲਈ ਇਕ ਸੁਫ਼ਨਾ ਜਿਹਾ ਹੀ ਸੀ। ਇਸ ਸੁਫ਼ਨੇ ਨੂੰ ਸਫਲਤਾ ਪੂਰਵਕ ਸਿਰੇ ਚੜ੍ਹਾਉਣ ਵਿਚ ਮਲਕੀਅਤ ਸਿੰਘ ਬੋਪਾਰਾਏ ਵੀਰ ਦਾ ਵੱਡਾ ਹੱਥ ਸੀ ਕਿਉਂਕਿ ਸਭ ਕੁੱਝ ਵਕਤ ਸਿਰ ਕਰ ਕੇ ਪਹੁੰਚਣਾ ਤੇ ਅੰਦਰ ਵੜਨ ਦੀ ਇਜ਼ਾਜ਼ਤ, ਸਭ ਉਸੇ ਸਦਕਾ ਸੰਭਵ ਹੋ ਸਕੇ।

ਇਕ ਪ੍ਰੋਗਰਾਮ ਵਿਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਸਲਾਹਕਾਰ ਟੇਰੈਸਾ ਕੌਕਸ ਨੇ ਜਦੋਂ ਮੈਨੂੰ ਮੇਰੇ ਸਮਾਜਿਕ ਕੰਮਾਂ ਦੀ ਸ਼ਲਾਘਾ ਕਰਦਿਆਂ ਆਪਣੇ ਨਾਲ ਸਮਾਂ ਬਤੀਤ ਕਰਨ ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਤਾਂ ਮੈਨੂੰ ਅਸਲ ਵਿਚ ਸਮਝ ਆਈ ਕਿ ਅਮਰੀਕਨ ਕਿੰਨੇ ਸਾਦਗੀ ਭਰਪੂਰ ਹਨ ਤੇ ਅਹੁਦਾ ਨਾ ਵੇਖਦੇ ਹੋਏ, ਬੰਦੇ ਦੀ ਕਦਰ ਸਿਰਫ਼ ਉਸ ਦੇ ਕੰਮਾਂ ਸਦਕਾ ਹੀ ਕਰਦੇ ਹਨ।

ਇਹ ਸਾਰੇ ਸਾਡੇ ਪੰਜਾਬੀ ਭਾਈਚਾਰੇ ਦੀ ਪ੍ਰਸੰਸਾ ਕਰਦੇ ਸਨ ਕਿਉਂਕਿ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਅਤੇ ਅਮਰੀਕਾ ਦੀ ਤਰੱਕੀ ਲਈ ਯਤਨਸ਼ੀਲ ਹੋਣ ਸਕਦਾ ਪੰਜਾਬੀਆਂ ਨੇ ਅਮਰੀਕਾ ਵਿਚ ਆਪਣੀ ਵੱਖਰੀ ਸ਼ਲਾਘਾਯੋਗ ਥਾਂ ਕਾਇਮ ਕਰ ਲਈ ਹੋਈ ਹੈ।

ਜਦੋਂ ਮੈਂ ਵਾਪਸੀ ਲਈ ਜਹਾਜ਼ ਫੜਨਾ ਸੀ ਤਾਂ ਇੰਜ ਜਾਪਿਆ ਜਿਵੇਂ ਆਪਣੇ ਜਿਗਰ ਦੇ ਟੁਕੜਿਆਂ ਤੋਂ ਦੂਰ ਜਾ ਰਹੀ ਹੋਵਾਂ ਕਿਉਂਕਿ ਇੰਨਾ ਪਿਆਰ ਤੇ ਸਤਿਕਾਰ ਕੋਈ ਆਪਣਾ ਹੀ ਦੇ ਸਕਦਾ ਹੈ।ਯਾਦਾਂ ਦੀ ਪਟਾਰੀ ਸਾਂਭਦਿਆਂ ਜਦੋਂ ਇੰਮੀਗ੍ਰੇਸ਼ਨ ਤਕ ਪਹੁੰਚੀ ਤਾਂ ਅੱਗੇ ਚੈਕਿੰਗ ਉੱਤੇ ਸਾਬਤ ਸੂਰਤ ਸਰਦਾਰ ਭਰਾ ਬੈਠਾ ਸੀ॥. ਮੇਰਾ ਪਾਸਪੋਰਟ ਵੇਖ ਮੇਰੇ ਵੱਲ ਦੇਖ ਕੇ ਪੁੱਛਣ ਲੱਗਿਆ, “ਤੁਸੀਂ ਉਹੀ ਮਾਦਾ ਭਰੂਣ ਹੱਤਿਆ ਵਿਰੁੱਧ ਅਵਾਜ਼ ਚੁੱਕਣ ਵਾਲੇ ਹਰਸ਼ਿੰਦਰ ਕੌਰ ਹੋ?

ਮੈਂ ਹਾਂ ਕਿਹਾ ਤਾਂ ਉਹ ਝੱਟ ਬੋਲਿਆ, “ਮੇਰੀ ਪਤਨੀ ਤੁਹਾਡੀਆਂ ਲਿਖਤਾਂ ਦੀ ਫੈਨ ਹੈ। ਕੀ ਮੈਂ ਇਕ ਸੈਲਫੀ ਤੁਹਾਡੇ ਨਾਲ ਲੈ ਸਕਦਾਂ? ਉਹ ਖੁਸ਼ ਹੋ ਜਾਏਗੀ!”

ਉਸ ਵੱਲੋਂ ਕਹੀ ਨਿੱਘੀ ਸਤਿ ਸ੍ਰੀ ਅਕਾਲ ਮੇਰੇ ਧੁਰ ਅੰਦਰ ਕਿਤੇ ਉੱਤਰ ਗਈ! ਇਹ ਕਮਾਲ ਦੀ ਅਲਵਿਦਾ, ਉਹ ਵੀ ਮੇਰੀ ਆਪਣੀ ਮਾਂ ਬੋਲੀ ਵਿਚ, ਤੇ ਉਹ ਵੀ ਅਮਰੀਕਾ ਦੀ ਧਰਤੀ ਉੱਤੇ! ਕਮਾਲ ਹੀ ਹੋ ਗਈ।

ਹੁਣ ਕੋਈ ਦੱਸੇ ਕਿ ਏਨੀ ਢੂੰਘੀ ਸਾਂਝ ਗੰਢੀ ਜਾਣ ਬਾਅਦ ਮੈਂ ਅਮਰੀਕਾ ਵੱਸਦੇ ਪੰਜਾਬੀਆਂ ਲਈ ਇਹ ਸਤਰਾਂ ਕਿਉਂ ਨਾ ਦੁਹਰਾਵਾਂ:

ਮੁਸ਼ਕਲਾਂ ਵਿਚ ਵੀ ਸਹਾਰੇ ਮਿਲ ਜਾਂਦੇ ਹਨ,
ਤੂਫਾਨਾਂ ਵਿਚ ਵੀ ਕਿਨਾਰੇ ਮਿਲ ਜਾਂਦੇ ਹਨ,
ਦੁਨੀਆ ਵਿਚ ਸਭ ਤੋਂ ਪਿਆਰੀ ਚੀਜ਼ ਹੈ ਜ਼ਿੰਦਗੀ,
ਪਰ ਕੁੱਝ ਲੋਕ ਤੁਹਾਡੇ ਵਰਗੇ,
ਜ਼ਿੰਦਗੀ ਤੋਂ ਵੀ ਪਿਆਰੇ ਮਿਲ ਜਾਂਦੇ ਹਨ।

ਸ਼ਾਲਾ ਵਸਦੇ ਰਹੋ, ਖੁਸ਼ਹਾਲ ਰਹੋ!

ਆਮੀਨ!!

*****

(332)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author