GurcharanPakhokalan7ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ’ਤੇ ਪਹਿਰਾ ਦਿੰਦਾ ਹੈ  ...
(ਜੂਨ 15, 2016)

 

‘ਹੱਲਿਆਂ ਵਾਲਾ ਸਾਲ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ, ਦੇਸ ਦੀ ਅਜ਼ਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ ਉਸ ਵਕਤ ਦੇ ਆਮ ਲੋਕ ਜੋ ਹੁਣ ਬਜ਼ੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ ਉਸ ਕਾਲੇ ਸਮੇਂ ਵਿੱਚ ਜਿਹਨਾਂ ਘਰਾਂ ਦੇ ਬੰਦਿਆਂ ਨੇ ਕਹਿਰ ਢਾਏ ਸਨ ਉਹਨਾਂ ਦੇ ਵਾਰਸ ਅੱਜ ਵੀ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ ਕਰਦੇ ਹੋਏ ਬੇਸ਼ਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ

ਜਿਹਨਾਂ ਪਰਿਵਾਰਾਂ ਦੇ ਬਜ਼ੁਰਗਾਂ ਨੇ ਉਸ ਕਾਲੇ ਸਮੇਂ ਵਿੱਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ, ਉਹਨਾਂ ਪਰਿਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰਕੇ ਮਾਣ ਨਾਲ ਆਪਣੇ ਬਜ਼ੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾ ਕੇ ਮਾਣ ਮਹਿਸੂਸ ਕਰਦੇ ਹਨ ਮੇਰੇ ਪਿੰਡ ਦੇ ਜਿਹਨਾਂ ਪਰਿਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਅੱਜ ਕਲ ਉਹ ਬਹੁਤ ਵਧੀਆ ਹਾਲਤਾਂ ਵਿੱਚ ਇੱਜ਼ਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰਿਵਾਰ ਜਿਹਨਾਂ ਨੇ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ-ਖੋਹਾਂ ਕੀਤੀਆਂ ਸਨ, ਅੱਜ ਕਲ ਤਰਸਯੋਗ ਦੁੱਖਾਂ ਵਿੱਚ ਘਿਰੇ ਹੋਏ ਦੇਖਦਾ ਹਾਂ ਇਸ ਤਰ੍ਹਾਂ ਦੀਆਂ ਕੁੱਝ ਕਹਾਣੀਆਂ ਸੁਣਾਉਂਦੇ ਸਮੇਂ ਦਿਲ ਭਰ ਆਉਂਦਾ ਹੈ

ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗਰੀਬ ਮਜ਼ਹਬੀ ਪਰਿਵਾਰ ਦੇ ਬੰਤਾ ਸਿੰਘ ਦੇ ਬਜ਼ੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ ਪਨਾਹਗੀਰਾਂ ਵਿੱਚੋਂ ਇੱਕ ਬਜ਼ੁਰਗ ਨੇ ਉਸ ਘਰ ਦੇ ਮਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿੱਚ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਉਨ੍ਹਾਂ ਲਈ ਨਾਲ ਲਿਆਉਣਾ ਸੰਭਵ ਨਾ ਹੋ ਸਕਿਆ ਕੁੱਝ ਦਿਨ ਛਿਪਣ ਗਾਹ ਛੱਡਣ ਸਮੇਂ ਮਦਦਗਾਰਾਂ ਦੇ ਪਰੀਵਾਰ ਨੂੰ ਛੱਡਣ ਸਮੇਂ ਉਹਨਾਂ ਉਹ ਧਨ ਉਸ ਗਰੀਬ ਪਰੀਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ, ਜਿਸ ਨੂੰ ਗਰੀਬ ਪਰੀਵਾਰ ਨੇ ਮੁਫਤ ਵਿੱਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਪਨਾਹਗੀਰ ਪਰਿਵਾਰ ਨੇ ਉਹ ਪੈਸਾ ਕੱਢਕੇ ਉਹਨਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ ਜੋ ਉਸ ਪਰੀਵਾਰ ਨੇ ਮਨਜ਼ੂਰ ਕਰ ਲਈ ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰਿਵਾਰ ਵਾਪਸ ਵੀ ਨਾ ਆਏ ਤਦ ਉਹਨਾਂ ਦੇ ਘਰੋਂ ਮਿਲਿਆ ਉਹ ਧਨ ਇਸ ਗਰੀਬ ਪਰੀਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇ ਕੇ ਉਸਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾ ਉੱਜੜੇ ਹੋਏ ਮੁਸਲਮਾਨ ਪਰਿਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ ਜਿਸ ਨੂੰ ਅੱਜ ਕਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ ਮਦਦਗਾਰ ਗਰੀਬ ਪਰਿਵਾਰ ਕਿਰਤੀ ਅਤੇ ਮਿਹਨਤੀ ਹੋਣ ਕਾਰਨ ਅੱਜ ਕਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਿਕ ਬਣਿਆ ਹੋਇਆ ਹੈ

ਇਸ ਤਰ੍ਹਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜੀ ਦੇ ਨਾਂ ਨਾਲ ਮਸ਼ਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ ਉਸਨੇ ਵੀ ਕਈ ਮੁਸਲਮਾਨ ਪਰਿਵਾਰਾਂ ਦੇ ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗਰੀਬੀ ਵਾਲੀ ਹਾਲਤ ਵਿੱਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜੁਰਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜਰੂਰ ਹੀ ਕੋਈ ਰੱਬੀ ਰੂਹ ਸੀ ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸ ਨੂੰ ਡਰਾਇਆ ਵੀ ਗਿਆ ਕਿ ਤੂੰ ਤੀਵੀਂ ਜਾਤ ਆਣਾ ਘਰ ਨਾ ਬਰਬਾਦ ਕਰਵਾ ਲਵੀਂ ਪਰ ਉਸਨੇ ਦਲੇਰੀ ਨਾਲ ਸਭ ਨੂੰ ਜਵਾਬ ਦੇ ਕੇ ਚੁੱਪ ਕਰਵਾ ਦਿੱਤਾ

ਜਦ ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸ਼ਕਸ਼ ਕੀਤੀ ਉਹਨਾਂ ਵਕਤਾਂ ਵਿੱਚ ਬਹੁਤ ਸਾਰੇ ਵਿਆਹ ਇਸ ਤਰ੍ਹਾਂ ਹੀ ਕਰ ਲਏ ਜਾਂਦੇ ਸਨ, ਕਿਉਂਕਿ ਗਰੀਬੀ ਦੀਆਂ ਹਾਲਤਾਂ ਵਿੱਚ ਰਹਿੰਦੇ ਲੋਕ ਆਪਣੀ ਨਿਉਂ ਜੜ੍ਹ ਰੱਖਣ ਲਈ ਇਸ ਤਰ੍ਹਾਂ ਦੇ ਵਿਆਹ ਕਰਵਾ ਲੈਂਦੇ ਸਨ ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾ ਮੰਨਿਆ ਅਤੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਾਂਗੀ ਮੇਰੇ ਪਰੀਵਾਰ ਦੇ ਵਿੱਚ ਅੱਜਕਲ ਉਨ੍ਹਾਂ ਸਮਿਆਂ ਤੋਂ ਬਾਅਦ ਗਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿੱਚ ਆਉਣ ਦਾ ਸਫਰ ਤੈਅ ਕੀਤਾ ਹੈ ਸ਼ਾਇਦ ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ’ਤੇ ਪਹਿਰਾ ਦਿੰਦਾ ਹੈ, ਇੱਕ ਨਾ ਇੱਕ ਦਿਨ ਜ਼ਰੂਰ ਹੀ ਖੁਸ਼ੀਆਂ ਉਸਦੇ ਦਰ ’ਤੇ ਆ ਕੇ ਦਸਤਕ ਦਿੰਦੀਆਂ ਹਨ

ਦੂਸਰੇ ਪਾਸੇ ਉਹ ਲੋਕ ਵੀ ਸਨ ਜਿਹਨਾਂ ਅਮੀਰੀ ਹੰਢਾਉਂਦਿਆਂ ਅਤੇ ਤਾਕਤਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿੱਚ ਹਿੱਸਾ ਲੈਕੇ ਪਾਪ ਕਰਮ ਕੀਤੇ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖਕੇ ਉਹਨਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ’ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰੀਵਾਰ ਦੇ ਬਜ਼ੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿੱਚ ਇਹ ਪਰਿਵਾਰ ਅਤੇ ਕਾਤਲ ਟੋਲਾਂ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆ ਤਦ ਮੇਰੀ ਮਾਂ ਨੇ ਉਹਨਾਂ ਦੇ ਆਗੂ ਨੂੰ ਅੰਦਰ ਬੁਲਾਇਆ, ਜੋ ਘੋੜੇ ’ਤੇ ਅਸਵਾਰ ਹੋਕੇ ਅਗਵਾਈ ਕਰ ਰਿਹਾ ਸੀ ਮੇਰੀ ਮਾਂ ਨੇ ਆਪਣੇ ਘਰ ਵਿੱਚ ਜਮੀਨ ਥੱਲੇ ਦਬਾਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸ਼ਵਤ ਦਿੱਤੀ, ਮੁਸਲਮਾਨਾਂ ਨੂੰ ਨਾ ਮਾਰਨ ਦੀ ਸ਼ਰਤ ’ਤੇ ਉਹ ਜਥੇਦਾਰ ਚਾਂਦੀ ਦੇ ਰੁਪਈਏ ਬੋਝੇ ਵਿਚ ਪਾਕੇ ਆਪਣੇ ਜਥੇ ਨੂੰ ਇਹ ਕਹਿ ਕੇ ਲੈ ਗਿਆ ਕਿ ਇਸ ਘਰ ਵਿੱਚ ਤਾਂ ਕੋਈ ਮੁਸਲਮਾਨ ਹੈ ਹੀ ਨਹੀਂ ਬਾਅਦ ਵਿੱਚ ਭਾਵੇਂ ਇਹੀ ਜਥੇਦਾਰ ਸ਼ਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆ ਸੀ ਅਤੇ ਇਸਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰੀਵਾਰ ਦੇ ਵਰਤਮਾਨ ਬਜ਼ੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ

ਇਸੇ ਤਰ੍ਹਾਂ ਹੀ ਇੱਕ ਪਰੀਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੀ ਦੁੱਖ ਭਰੀ ਤਰਸਯੋਗ ਹਾਲਤ ਦੀ ਗੱਲ ਇੱਕ ਬਜ਼ੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ? ਤਦ ਉਸਨੇ ਦੱਸਿਆ ਕਿ ਹੱਲਿਆਂ ਵਾਲੇ ਸਾਲ ਇਸਦੇ ਬਾਪ ਨੇ ਖੇਤਾਂ ਵਿੱਚੋਂ ਨਿੱਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ, ਵੇ ਨਾ ਮਾਰ, ਵੇ ਨਾ ਮਾਰ, ਉਸ ਬੱਚੇ ਦੇ ਸਿਰ ਵਿੱਚ ਕੁਹਾੜੀ ਮਾਰ ਕੇ ਸਿਰ ਦੋਫਾੜ ਕਰ ਦਿੱਤਾ ਸੀ, ਅਤੇ ਸ਼ਾਇਦ ਇਹ ਇਸਦੇ ਬਾਪ ਦਾ ਪਾਪ ਹੈ ਜੋ ਉਸਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿੱਚ ਮੌਤ ਹੋ ਰਹੀ ਹੈ

ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ ਦੀ ਅਜ਼ਾਦੀ ਦਾ ਜਸ਼ਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿੱਬੜਦਾ ਹੈ ਮਾਨਵਤਾ ਦਾ ਝੰਡਾ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾ ਛੱਡੇ

*****

(319)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਪੱਖੋਕਲਾਂ

ਗੁਰਚਰਨ ਸਿੰਘ ਪੱਖੋਕਲਾਂ

Pakhokalan, Barnala, Punjab, India.
Email: (gspkho@gmail.com)