ShingaraSDhillon7ਇੱਕ ਗੱਲ ਇਸ ਮੌਕੇ ਹੋਰ ਜ਼ਰੂਰ ਕਰਿਓ ਕਿ ਆਪਣੇ ਇਸ ਨਵੇਂ ਸਾਲ ਵਾਸਤੇ ਕੋਈ ਮਤਾ ਜ਼ਰੂਰ ਪਾਇਓ ...
(1 ਜਨਵਰੀ 2022)

 

ਇਸ ਸਮੇਂ ਸਾਡੇ ਸ਼ਹਿਰ (ਐਡਮਿੰਟਨ) ਦਾ ਤਾਪਮਾਨ: -24

ਅਗਲੇ ਦਿਨਾਂ ਵਿੱਚ:

1 Jan 2022

***

ਨਵਾਂ ਸਾਲ, ਨਵਾਂ ਸਾਲ, ਨਵਾਂ ਸਾਲ ਦੋਸਤੋ! ਕਈ ਦਿਨਾਂ ਤੋਂ ਇਹੀ ਸ਼ੋਰ ਏ ਗੁਲ ਹੈ। ਵਧਾਈਆਂ ਤੇ ਸ਼ੁਭ ਕਾਮਨਾਵਾਂ ਦਾ ਅਦਾਨ ਪਰਦਾਨ ਹੋ ਰਿਹਾ ਹੈ ਜੋ ਕਿ ਵਧੀਆ ਗੱਲ ਹੈ ਤੇ ਹੋਣਾ ਵੀ ਚਾਹੀਦਾ ਹੈ। ਪਰ ਅਜਿਹੇ ਮੌਕਿਆਂ ਉੱਤੇ ਆਤਮ ਮੰਥਨ ਵੀ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਨਵੇਂ ਸਾਲ ਤੋਂ ਪਹਿਲਾਂ ਕਿਵੇਂ ਵਿਚਰਦੇ ਰਹੇ ਤੇ ਨਵੇਂ ਸਾਲ ਵਿੱਚ ਕਿਵੇਂ ਵਿਚਰਨਾ ਹੈ? ਕੀ ਸਾਡੇ ਵਿਵਹਾਰ ਵਿੱਚ ਪਹਿਲਾਂ ਵਾਲੀ ਹੀ ਇਕਸਾਰਤਾ ਕਾਇਮ ਰਹਿੰਦੀ ਹੈ ਜਾਂ ਫਿਰ ਕੋਈ ਬਦਲਾਵ ਕਰਨ ਦਾ ਮਨ ਹੈ? ਪਿਛਲੇ ਸਾਲ ਨਾਲ਼ੋਂ ਕੁਝ ਬਦਲਾਵ ਕਰਨ ਵਾਸਤੇ ਕੋਈ ਨਵਾਂ ਰੈਜ਼ੂਲੁਸ਼ਨ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ? ਸੋਚਣਾ ਇਹ ਵੀ ਬਣਦਾ ਹੈ ਕਿ ਕੀ ਪਿਛਲੇ ਸਾਲ ਵਾਂਗ ਨਵੇਂ ਸਾਲ ਦੌਰਾਨ ਵੀ ਖੋਤੀ ਘੁੰਮ ਘੁੰਮਾਂ ਕੇ ਬੋਹੜ ਹੇਠ ਹੀ ਰੱਖਣੀ ਹੈ ਜਾਂ ਕੁਝ ਪਰੰਪਰਾ ਨਾਲ਼ੋਂ ਨਵਾਂ ਸਿਰਜਕੇ ਸਫਲਤਾ ਦੀ ਮੰਜ਼ਿਲ ਵੱਲ ਵਧਣਾ ਹੈ? ਕਹਿਣ ਦਾ ਭਾਵ ਪਿਛਲੇ ਸਾਲ ਦਾ ਬੂਹਾ ਬੰਦ ਕਰਨ ਤੋਂ ਪਹਿਲਾਂ ਆਤਮ ਮੰਥਨ ਇਹ ਵੀ ਕਰਨ ਦੀ ਲੋੜ ਜ਼ਰੂਰੀ ਬਣ ਜਾਂਦੀ ਹੈ ਕਿ ਬੀਤੇ ਵਰ੍ਹੇ ਵਿੱਚ ਕਿੰਨੇ ਕੁ ਲੋਕਾਂ ਦਾ ਭਲਾ ਕੀਤਾ, ਕਿੰਨੇ ਲੋਕ ਖੁਸ਼ ਕੀਤੇ ਕਿੰਨੀਆਂ ਕੁ ਮੁਸਕਰਾਹਟਾਂ ਵੰਡੀਆਂ ਤੇ ਕਿੰਨੇ ਕੁ ਲੋਕਾਂ ਦਾ ਬਿਨਾਂ ਵਜ੍ਹਾ ਦਿਲ ਦੁਖਾਇਆ। ਕੀ ਅਸੀਂ ਜਿਨ੍ਹਾਂ ਨੂੰ ਬੇਵਜ੍ਹਾ ਠੇਸ ਪਹੁੰਚਾਈ, ਉਨ੍ਹਾਂ ਤੋਂ ਭੁੱਲ ਬਖਸ਼ਾਈ?

ਮਨੁੱਖ ਗਲਤੀਆਂ ਦਾ ਪੁਤਲਾ ਹੈ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ ਸਾਡੇ ਕੋਲ ਇਹ ਮੌਕਾ ਹੈ, ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਵੱਲੋਂ ਅਣਜਾਣੇ ਵਿੱਚ ਹੋਈਆਂ ਗਲਤੀਆਂ ਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਗਲੇ ਲਗਾਉਣ ਦਾ ਤੇ ਇਹ ਅਸੀਂ ਆਪਣੇ ਆਪ ਤੋਂ ਪੁੱਛਣਾ ਹੈ ਕਿ ਅਮਲੀ ਤੌਰ ’ਤੇ ਇਸ ਉੱਤੇ ਕਿੰਨਾ ਕੁ ਅਮਲ ਕੀਤਾ ਹੈ ਜਾਂ ਕਿੰਨੇ ਕੁ ਖਰੇ ਉੱਤਰੇ ਹਾਂ?

ਵੈਸੇ ਤਾਂ ਹਰ ਦਿਨ ਨਵਾਂ ਸਵੇਰਾ ਆਉਂਦਾ ਹੈ ਇਸ ਹਿਸਾਬ ਨਾਲ ਪਹਿਲੀ ਜਨਵਰੀ ਵਾਲਾ ਦਿਨ ਕਿਸੇ ਵੀ ਤਰ੍ਹਾਂ 31 ਦਸੰਬਰ 2021 ਨਾਲੋਂ ਵੱਖਰਾ ਨਹੀਂ ਹੋਵੇਗਾ ਦਰਅਸਲ ਇਹ ਸਿਰਫ ਸਾਡੀ ਮਾਨਸਿਕ ਸੋਚ ਹੀ ਹੈ ਜੋ ਪਹਿਲੀ ਜਨਵਰੀ ਨੂੰ 31 ਦਸੰਬਰ ਤੋੰ ਖਾਸ ਬਣਾ ਦੇਵੇਗੀ ਜੇਕਰ ਇਸ ਤਰ੍ਹਾਂ ਹੈ ਤਾਂ ਫੇਰ ਇਹ ਵੀ ਸੰਜੀਦਗੀ ਨਾਲ ਸੋਚਣ ਦਾ ਵਿਸ਼ਾ ਹੈ ਕਿ ਜ਼ਿੰਦਗੀ ਦਾ ਹਰ ਦਿਨ ਖਾਸ ਬਣਾ ਕੇ ਜਾਂ ਮੰਨਕੇ ਇਸੇ ਤਰ੍ਹਾਂ ਸੈਲੀਬਰੇਟ ਕਰਕੇ ਕਿਉਂ ਨਹੀਂ ਜੀਵਿਆ ਜਾ ਸਕਦਾ!

ਅਗਲੀ ਗੱਲ ਇਹ ਕਿ ਜੇਕਰ ਜ਼ਿੰਦਗੀ ਸਾਲਾਂ ਵਿੱਚ ਗਿਣੀਏ ਤਾਂ ਸਾਡੇ ਜੀਵਨ ਵਿੱਚੋਂ ਇੱਕ ਸਾਲ ਹੋਰ ਮਨਫੀ ਹੋ ਗਿਆ ਹੈ। ਪ੍ਰੰਤੂ ਜੇਕਰ ਉਮਰ ਨੂੰ ਸਾਲਾਂ ਦੀ ਬਜਾਏ ਹੁਣ ਤਕ ਦੀਆਂ ਸਾਰਿਥਕ ਪ੍ਰਾਪਤੀਆਂ ਦੇ ਸੰਦਰਭ ਵਿੱਚ ਆਂਕਿਆ ਜਾਵੇ ਤਾਂ ਇਹ ਪਤਾ ਜ਼ਰੂਰ ਲੱਗ ਸਕਦਾ ਹੈ ਕਿ ਅਸੀਂ ਇਹ ਅਣਮੁੱਲਾ ਜੀਵਨ ਸਾਰਥਿਕ ਕੰਮਾਂ ਵਿੱਚ ਲਾਉਂਦੇ ਹਾਂ ਜਾਂ ਫਾਲਤੂ ਦੇ ਕਾਰਜਾਂ ਵਿੱਚ ਬਤੀਤ, ਬਰਬਾਦ ਕਰੀ ਜਾ ਰਹੇ ਹਾਂ

ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਸਾਲਾਂ ਦੀ ਗਿਣਤੀ ਮੌਤ ਦਾ ਫਾਸਲਾ ਘੱਟ ਕਰਦੀ ਹੈ ਤੇ ਮੌਤ ਤੋਂ ਬਾਦ ਕੋਈ ਵੀ ਸਵਰਗ ਜਾਂ ਨਰਕ ਵਿੱਚ ਨਹੀਂ ਜਾਂਦਾ, ਦਰਅਸਲ ਇਹ ਸਭ ਕੁਝ ਇੱਥੇ ਹੀ ਭੋਗ ਲਿਆ ਜਾਂਦਾ ਹੈ ਆਪਣੀ ਕੌਮ ਦੀ ਸੇਵਾ ਕਰਾਂਗੇ ਤਾਂ ਲੰਮੇ ਸਮੇਂ ਤਕ ਲੋਕ ਦੇ ਦਿਲਾਂ ਵਿੱਚ ਜਗਾ ਬਣਾ ਲਵਾਂਗੇ, ਨਹੀਂ ਤਾਂ ਬਾਕੀ ਕੀੜਿਆਂ ਮਕੌੜਿਆਂ ਵਾਂਗ ਕਿਹੜੇ ਵੇਲੇ ਜੱਗ ਵਿੱਚ ਆਏ ਤੇ ਕਿਹੜੇ ਵੇਲੇ ਚਲੇ ਗਏ, ਵਾਲੀ ਗੱਲ ਹੋਏਗੀ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ

ਸੋ ਲੋੜ ਹੈ ਇਸ ਮੌਕੇ ’ਤੇ ਕੁਝ ਚੰਗੇ ਫ਼ੈਸਲੇ ਲੈਣ ਦੀ, ਪਿਛੋਕੜ ਵਿੱਚ ਕੀਤੀਆਂ ਗਲਤੀਆਂ ਨਾ ਦੁਹਰਾਉਣ ਦੀ, ਮਾੜੀਆਂ ਆਦਤਾਂ ਦਾ ਤਿਆਗ ਕਰਕੇ ਕੁਝ ਨਵੇਂ ਮਤੇ ਪਾਉਣ ਤੇ ਉਹਨਾਂ ਉੱਤੇ ਪ੍ਰਤੀਬੱਧ ਹੋ ਕੇ ਅਮਲ ਕਰਨ ਦੀ ਜ਼ਿੰਦਗੀ ਬਹੁਤ ਸੋਹਣੀ ਹੈ, ਪਰ ਬਹੁਤ ਛੋਟੀ ਹੈ ਜ਼ਿੰਦਗੀ ਵਿੱਚ ਕੁਝ ਨਵੇਂ ਦਿਸਹੱਦੇ ਸਥਾਪਤ ਕਰਕੇ ਆਪਣੀ ਹੋਂਦ ਸਥਾਪਤ ਕਰਨ ਵਾਲੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਜੋ ਇੱਕ ਜਗਾਹ ਹੀ ਸਾਲਾਂ ਦਰ ਸਾਲ ਖੜ੍ਹੇ ਰਹਿੰਦੇ ਹਨ, ਉਹ ਛੱਪੜ ਦੇ ਪਾਣੀ ਵਾਂਗ ਨਿਰਮਲਤਾ ਗਵਾ ਕੇ ਬਦਬੂਦਾਰ ਬਣ ਜਾਂਦੇ ਹਨ। ਉਹ ਜ਼ਿੰਦਗੀ ਦੇ ਅਸਲ ਅਰਥਾਂ ਦੀ ਥਹੁ ਨਾ ਪਾ ਕੇ ਅਣਜਾਣਤਾ ਵੱਸ ਜ਼ਿੰਦਗੀ ਦੇ ਅਸਲ ਮਾਅਨਿਆਂ ਤੋਂ ਕੋਰੇ ਵਿਚਰਦੇ ਹੋਏ ਜਹਾਨੋਂ ਕੂਚ ਕਰ ਜਾਂਦੇ ਹਨ।

ਸੋ ਦੋਸਤੋ! ਜ਼ਿੰਦਗੀ ਨੂੰ ਜੀਅ ਭਰਕੇ ਮਾਣੋ। ਜ਼ਿੰਦਾ-ਦਿਲੀ ਨਾਲ ਜੀਓ, ਇਸਦਾ ਪੂਰਾ ਲੁਤਫ਼ ਲਓ। ਪਰ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸਾਡੇ ਕਾਰਨ ਕਿਸੇ ਦਾ ਦਿਲ ਨਾ ਦੁਖੇ। ਕਿਸੇ ਦੇ ਦੁੱਖਾਂ ਚ ਵਾਧਾ ਨਾ ਹੋਵੇ। ਜੇਕਰ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਉਸ ਦਾ ਬੁਰਾ ਕਰਨ ਬਾਰੇ ਵੀ ਕਦੇ ਨਾ ਸੋਚੀਏ। ਜੇਕਰ ਕਿਸੇ ਨੂੰ ਖ਼ੁਸ਼ੀ ਨਹੀਂ ਦੇ ਸਕਦੇ ਤਾਂ ਉਸ ਦੇ ਦੁੱਖਾਂ ਵਿੱਚ ਵਾਧਾ ਵੀ ਨਾ ਕਰੀਏ। ਨਫ਼ਰਤ, ਈਰਖਾ, ਦਵੈਤ ਤੇ ਤੰਗ-ਦਿਲੀ ਤੋਂ ਮੁਕਤ ਹੋ ਕੇ ਸਭ ਨਾਲ ਪਿਆਰ ਨਾਲ ਰਹੀਏ, ਗਲ਼ਵੱਕੜੀਆਂ ਪਾਈਏ। ਬੱਸ ਇਹੀ ਜ਼ਿੰਦਗੀ ਹੈ ਤੇ ਇਸ ਵਿੱਚੋਂ ਅਕਹਿ ਸਕੂਨ ਤੇ ਆਨੰਦ ਪ੍ਰਾਪਤ ਹੋਵੇਗਾ ਸਾਨੂੰ ਸਭਨਾਂ ਨੂੰ ਨਵੇਂ ਸਾਲ ਦੀ ਦਹਿਲੀਜ਼ ’ਤੇ ਕਦਮ ਰੱਖਦਿਆਂ ਕੁਝ ਇਸ ਤਰ੍ਹਾਂ ਸੋਚ ਨਾਲ ਹੀ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਕਿਧਰੇ ਹੋਰ ਸਵਰਗ ਜਾਂ ਨਰਕ ਦੀ ਭਾਲ ਨਾ ਕਰਨੀ ਪਵੇ।

ਮੇਰੇ ਵੱਲੋਂ ਆਪ ਸਭ ਨੂੰ ਨਵੇਂ ਸਾਲ 2022 ਦੀ ਬਹੁਤ ਬਹੁਤ ਵਧਾਈ ਹੋਵੇ ਆਪ ਸਭਨਾਂ ਵਾਸਤੇ ਇਹ ਨਵਾਂ ਸਾਲ ਬਹੁਤ ਹੀ ਮੰਗਲਮਈ ਹੋਵੇ, ਅਪਾਰ ਸਫਲਤਾ, ਤੰਦਰੁਸਤੀ ਅਤੇ ਮੁਰਾਦਾਂ ਪੂਰੀਆਂ ਕਰਨ ਵਾਲਾ ਵਰ੍ਹਾ ਹੋਵੇ

ਹਾਂ ਸੱਚ! ਇੱਕ ਗੱਲ ਇਸ ਮੌਕੇ ਹੋਰ ਜ਼ਰੂਰ ਕਰਿਓ ਕਿ ਆਪਣੇ ਇਸ ਨਵੇਂ ਸਾਲ ਵਾਸਤੇ ਕੋਈ ਮਤਾ ਜ਼ਰੂਰ ਪਾਇਓ ਤੇ ਉਸ ਨੂੰ ਨਵੇਂ ਸਾਲ ਵਿੱਚ ਪੂਰਾ ਕਰਨ ਦਾ ਯਤਨ ਵੀ ਕਰਿਓ ਇਹ ਮਤਾ ਤੁਸੀਂ ਗੁਪਤ ਤੌਰ ’ਤੇ ਵੀ ਪਾ ਸਕਦੇ ਹੋ ਅਰਥਾਤ ਕਿਸੇ ਨੂੰ ਇਸ ਬਾਰੇ ਜਾਣੂ ਕਰਾਉਣਾ ਜ਼ਰੂਰੀ ਨਹੀਂ ਇਹ ਮਤਾ ਆਪਣੀ ਕੋਈ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਵੀ ਹੋ ਸਕਦਾ ਹੈ, ਚੰਗੀਆਂ ਆਦਤਾਂ ਨੂੰ ਦ੍ਰਿੜ੍ਹਤਾ ਨਾਲ ਜਾਰੀ ਰੱਖਣ ਦਾ ਵੀ ਹੋ ਸਕਦਾ ਹੈ ਕਿਸੇ ਪਰੋਜੈਕਟ ਨੂੰ ਸ਼ੁਰੂ ਕਰਨ ’ਤੇ ਉਸ ਨੂੰ ਨੇਪਰੇ ਚਾੜ੍ਹਨਾ ਵੀ ਹੋ ਸਕਦਾ ਜਾਂ ਜੋ ਵੀ ਤੁਹਾਡੀਆਂ ਜੀਵਨ ਸਥਿਤੀਆਂ ਮੁਤਾਬਿਕ ਲੋੜੀਂਦਾ ਜਾਂ ਢੁਕਵਾਂ ਹੋਵੇ, ਪਾ ਸਕਦੇ ਹੋ ਇਸ ਤਰ੍ਹਾਂ ਕਰਕੇ ਜੀਵਨ ਵਿੱਚ ਇਕਸਾਰਤਾ, ਅਨੁਸ਼ਾਸਨ ਤੇ ਪ੍ਰਤੀਬੱਧਤਾ ਤਾਂ ਆਵੇਗੀ ਹੀ ਇਸਦੇ ਨਾਲ ਹੀ ਪਾਏ ਹੋਏ ਮਤੇ ਨੂੰ ਪੂਰਾ ਕਰ ਲੈਣ ’ਤੇ ਅੰਤਾਂ ਦੀ ਖੁਸ਼ੀ ਤੇ ਸੰਤੁਸ਼ਟੀ ਵੀ ਪਰਾਪਤ ਹੋਵੇਗੀ ਹਮੇਸ਼ਾ ਘੁੱਗ ਵਸੋ, ਤੰਦਰੁਸਤ, ਖੁਸ਼ ਤੇ ਖੁਸ਼ਹਾਲ ਰਹੋ, ਜਿਊਂਦੇ ਵਸਦੇ ਤੇ ਆਬਾਦ ਰਹੋ

ਇੱਕ ਵਾਰ ਫਿਰ ਨਵੇਂ ਵਰ੍ਹੇ ਵਾਸਤੇ ਬਹੁਤ ਬਹੁਤ ਮੁਬਾਰਕਾਂ ਤੇ ਹਾਰਦਿਕ ਸ਼ੁਭ ਕਾਮਨਾਵਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3249)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author