BalrajSidhu7ਚਿੱਠੀ ਪੜ੍ਹ ਕੇ ਆੜ੍ਹਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ ...
(ਜੂਨ 5, 2016)

 

ਇਹ ਘਟਨਾ ਪੰਜਾਬ ਦੇ ਕਰੜੇ ਦਿਨਾਂ ਦੀ ਹੈ। ਸਾਰੇ ਪੰਜਾਬ ਵਿੱਚ ਮਾਰਧਾੜ ਮੱਚੀ ਹੋਈ ਸੀ। 1990-91 ਵਿੱਚ ਪੰਜਾਬ ਵਿੱਚ ਦਰਜਨਾਂ ਜਥੇਬੰਦੀਆਂ ਸਰਗਰਮ ਸਨ। ਹਰ ਰੋਜ਼ ਸੁਰੱਖਿਆ ਦਸਤਿਆਂ ਅਤੇ ਖਾੜਕੂਆਂ ਵਿੱਚ ਗਹਿਗੱਚ ਮੁਕਾਬਲੇ ਚੱਲ ਰਹੇ ਸਨ। ਅਖਬਾਰਾਂ ਮਾਰਧਾੜ, ਧਮਕੀਆਂ ਅਤੇ ਜ਼ਿੰਮੇਵਾਰੀਆਂ ਦੀਆਂ ਖਬਰਾਂ ਨਾਲ ਭਰੀਆਂ ਰਹਿੰਦੀਆਂ ਸਨ। ਪਰ ਕੁਦਰਤ ਦਾ ਅਟੱਲ ਨਿਯਮ ਹੈ, ਜੋ ਪੈਦਾ ਹੁੰਦਾ ਹੈ, ਉਸ ਨੇ ਖਤਮ ਵੀ ਹੋਣਾ ਹੈ। ਹੌਲੀ ਹੌਲੀ ਸੁਰੱਖਿਆ ਦਸਤਿਆਂ ਦਾ ਹੱਥ ਉੱਪਰ ਹੋਣਾ ਸ਼ੁਰੂ ਹੋ ਗਿਆ ਤੇ 1993-94 ਤੱਕ ਪੰਜਾਬ ਵਿੱਚ ਸ਼ਾਂਤੀ ਛਾ ਗਈ।

ਜਦੋਂ ਵੀ ਕੋਈ ਅਜਿਹੀ ਲਹਿਰ ਚੱਲਦੀ ਹੈ ਤਾਂ ਅਨੇਕਾਂ ਕਿਸਮ ਦੇ ਚੋਰ ਲੁਟੇਰੇ ਵੀ ਫਾਇਦਾ ਉਠਾਉਣ ਲਈ ਉਸ ਵਿੱਚ ਰਲ ਜਾਂਦੇ ਹਨ। ਉਹਨਾਂ ਦਾ ਮਕਸਦ ਸਿਰਫ ਲੁੱਟਮਾਰ ਅਤੇ ਹੋਰ ਕਈ ਕਿਸਮ ਦੀਆਂ ਬਦਮਾਸ਼ੀਆਂ ਕਰਨੀਆਂ ਹੁੰਦਾ ਹੈ। 1990-91 ਵਿੱਚ ਵੀ ਅਜਿਹੇ ਲੋਟੂ ਟੋਲਿਆਂ ਦੀ ਕਮੀ ਨਹੀਂ ਸੀ। ਉਹਨਾਂ ਨੇ ਪੰਜਾਬ ਵਿੱਚ ਅਗਵਾ, ਲੁੱਟਮਾਰ ਅਤੇ ਫਿਰੌਤੀਆਂ ਦੀ ਹਨੇਰੀ ਲਿਆਂਦੀ ਹੋਈ ਸੀ। ਖਾਂਦੇ ਪੀਂਦੇ ਕਿਸਾਨਾਂ, ਉਦਯੋਗਪਤੀਆਂ, ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਦੀ ਸ਼ਾਮਤ ਆਈ ਹੋਈ ਸੀ। ਲੋਕ ਦਿਨ ਢਲਦੇ ਹੀ ਕੁੰਡੇ ਮਾਰ ਕੇ ਅੰਦਰ ਵੜ ਜਾਂਦੇ ਸਨ। ਜੇ ਕਿਤੇ ਡਾਕੀਆ ਜਾਂ ਕੋਈ ਅਣਜਾਣ ਨੌਜਵਾਨ ਦਰਵਾਜ਼ਾ ਖੜਕਾ ਦੇਂਦਾ ਤਾਂ ਘਰ ਵਿੱਚ ਮਾਤਮ ਛਾ ਜਾਂਦਾ ਕਿ ਕਿਤੇ ਫਿਰੌਤੀ ਦੀ ਚਿੱਠੀ ਤਾਂ ਨਹੀਂ ਆ ਗਈ।

ਅਜਿਹੇ ਸਮੇਂ ਹੀ ਭਿੱਖੀਵਿੰਡ ਵੱਲ ਦਾ ਇੱਕ ਨੌਜਵਾਨ ਵੀ ਅਜਿਹੇ ਟੋਲੇ ਵਿੱਚ ਸ਼ਾਮਲ ਹੋ ਗਿਆ। ਜਲਦੀ ਹੀ ਤਰੱਕੀ ਕਰਦਾ ਹੋਇਆ ਉਹ ਜਥੇਬੰਦੀ ਦੇ ‘ਲੈਫਟੀਨੈਂਟ ਜਨਰਲ’ ਦੇ ਅਹੁਦੇ ਤੱਕ ਪਹੁੰਚ ਗਿਆ ਤੇ ਲੁੱਟਾਂ ਖੋਹਾਂ ਕਰ ਕੇ ਕਾਫੀ ਮਾਲ ਵੀ ਕਮਾ ਲਿਆ। ਕੁਝ ਦਿਨਾਂ ਬਾਅਦ ਉਸ ਨੇ ਆਪਣੇ ਹੀ ਆੜ੍ਹਤੀ ਨੂੰ ਜਥੇਬੰਦੀ ਦੇ ਲੈਟਰਪੈਡ ’ਤੇ ਦਸ ਲੱਖ ਦੀ ਫਿਰੌਤੀ ਦੀ ਚਿੱਠੀ ਪਾ ਦਿੱਤੀ। ਉਸ ਸਮੇਂ ਜਥੇਬੰਦੀ ਦੇ ਲੈਟਰਪੈਡ ਦੀ ਮੰਤਰੀ ਦੀ ਚਿੱਠੀ ਜਿੰਨੀ ਵੁੱਕਤ ਹੁੰਦੀ ਸੀ। ਕਈ ‘ਹੋਣਹਾਰ’ ਵਿਦਿਆਰਥੀ ਪੇਪਰਾਂ ਵਿੱਚ ਨਕਲ ਮਾਰਨ ਲਈ ਲੈਟਰਪੈਡ ’ਤੇ ਪਰਚੀਆਂ ਤਿਆਰ ਕਰਦੇ ਹੁੰਦੇ ਸਨ। ਕਿਸੇ ਐਗਜ਼ਾਮੀਨਰ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਨਾਂ ਨੂੰ ਰੋਕ ਸਕੇ। ਚਿੱਠੀ ਪੜ੍ਹ ਕੇ ਆੜ੍ਹਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਸ ਲੱਖ ਬਹੁਤ ਵੱਡੀ ਰਕਮ ਹੁੰਦੀ ਹੈ। 1990-91 ਵਿੱਚ ਲੱਖ ਰੁਪਏ ਦੀ ਇੱਕ ਏਕੜ ਵਧੀਆ ਜ਼ਮੀਨ ਆ ਜਾਂਦੀ ਸੀ। ਧੰਦਾ ਚਾਹੇ ਜਾਇਜ਼ ਹੋਵੇ ਜਾਂ ਨਾਜਾਇਜ਼, ਹਰੇਕ ਵਿੱਚ ਸੌਦਾ ਕਰਾਉਣ ਵਾਲੇ ਦਲਾਲ ਪੈਦਾ ਹੋ ਜਾਂਦੇ ਹਨ। ਆੜ੍ਹਤੀ ਨੇ ਵੀ ਅਜਿਹੇ ਦਲਾਲ ਦੀ ਸੇਵਾ ਹਾਸਲ ਕੀਤੀ ਤੇ ਤਰਲੇ ਮਿੰਨਤਾਂ ਅਤੇ ਸੌਦੇਬਾਜ਼ੀ ਕਰਕੇ ਰਕਮ ਸਵਾ ਲੱਖ ’ਤੇ ਲੈ ਆਂਦੀ।

ਮਿਥੇ ਦਿਨ ਉਹ ਰਕਮ ਲੈ ਕੇ ‘ਜਨਰਲ ਸਾਹਿਬ’ ਦੇ ਟਿਕਾਣੇ ਪਹੁੰਚ ਗਿਆ। ਜਨਰਲ ਸਾਹਿਬ ਆਪਣੇ ਟੋਲੇ ਸਮੇਤ ਇੱਕ ਮੋਟਰ ’ਤੇ ਡੇਰਾ ਜਮਾਈ ਬੈਠੇ ਸਨ। ਜਦੋਂ ਆੜ੍ਹਤੀ ਪੈਸੇ ਦੇਣ ਲੱਗਾ ਤਾਂ ਉਸ ਨੇ ਪਛਾਣ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਮੁੰਡਾ ਟੀਟੂ ਹੈ ਜੋ ਉਸ ਦੀ ਪੱਕੀ ਸਾਮੀ’ ਸੀ। ਟੀਟੂ ਦੇ ਤਾਂ ਰੰਗ ਢੰਗ ਹੀ ਬਦਲੇ ਹੋਏ ਸਨ। ਪਛਾਣ ਨਿੱਕਲ ਆਉਣ ਕਾਰਨ ਆੜ੍ਹਤੀ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਨਾਰਮਲ ਹੋ ਗਿਆ। ਉਹ ਹਿੰਮਤ ਕਰ ਕੇ ਬੋਲਿਆ, “ਕਾਕਾ ਇੱਕ ਗੱਲ ਤਾਂ ਦੱਸ। ਇਹ ਤੁਹਾਡਾ ਖਾਲਿਸਤਾਨ ਭਲਾ ਬਣਜੇਗਾ?”

ਟੀਟੂ ਥੋੜ੍ਹਾ ਜਿਹਾ ਹੱਸ ਕੇ ਬੋਲਿਆ, “ਸ਼ਾਹ ਜੀ, ਮੈਂ ਬਚਪਨ ਤੋਂ ਹੀ ਆਪਣੇ ਬਾਪ ਨਾਲ ਤੇਰੀ ਆੜ੍ਹਤ ’ਤੇ ਜਾਂਦਾ ਹੁੰਦਾ ਸੀ। ਤੂੰ ਮੇਰੇ ਬਾਪ ਨੂੰ ਸਾਡੀ ਹੀ ਫਸਲ ਦੇ ਪੈਸੇ ਸੌ ਗੇੜਾ ਮਰਵਾ ਕੇ ਦੇਂਦਾ ਸੀ। ਅੱਜ ਤੂੰ ਮੇਰੇ ਇੱਕ ਸੁਨੇਹੇ ’ਤੇ ਸਵਾ ਲੱਖ ਲੈ ਕੇ ਆ ਗਿਆਂ। ਕਿਉਂ? ਮੈਂ ਛੋਲੇ ਵੇਚੇ ਤੇਰੀ ਆੜ੍ਹਤ ’ਤੇ? ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ, ਹੋਰ ਕਿਸ ਤਰ੍ਹਾਂ ਬਣਨਾ ਹੈ? ਹੁਣ ਤਾਂ ਇਸੇ ਤਰ੍ਹਾਂ ਚੱਲੂਗਾ।

ਇਸ ਨਵੇਂ ਬਣਨ ਵਾਲੇ ਦੇਸ਼ ਦੇ ਨਿਵੇਕਲੇ ਕਾਨੂੰਨਾਂ ਬਾਰੇ ਸੁਣ ਕੇ ਆੜ੍ਹਤੀ ਨੂੰ ਗਛ ਪੈਣ ਵਾਲੀ ਹੋ ਗਈ। ਉਹ ਕਾਰੋਬਾਰ ਪਾਣੀਪੱਤ ਕਰਨਾਲ ਸ਼ਿਫਟ ਕਰਨ ਬਾਰੇ ਸੋਚਣ ਲੱਗਾ।

*****

(309)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author