Manmohan7ਇਸ ਆਡੰਬਰ ਵਿਚ ਪੰਜਾਬੀ ਲੇਖਕ ਜਗਤ ਪੂਰੀ ਤਰ੍ਹਾਂ ਗ਼ਰਕ ਹੈ ...
(ਜੂਨ 1, 2016)

 

ਅੱਜ ਦਾ ਯੁੱਗ ਸੂਚਨਾ ਤਕਨੀਕ ਦਾ ਯੁੱਗ ਹੈ ਬੰਦੇ ਦੇ ਵਸਤੂ ਯਥਾਰਥ ਜਗਤ ਦੇ ਬਰਅਕਸ ਆਭਾਸੀ ਯਥਾਰਥ ਦਾ ਜਗਤ ਉੱਸਰਦਾ ਦਿਖਾਈ ਦੇ ਰਿਹਾ ਹੈ ਫੇਸ ਬੁੱਕ, ਵਟਸਅੱਪ ਤੇ ਹੋਰ ਸੋਸ਼ਲ ਮੀਡੀਆ ਦ੍ਰਿਸ਼ਾਂ ਦੇ ਆਭਾਸੀ ਜਗਤ ਦਾ ਲਗਾਤਾਰ ਪਸਰਦਾ ਪਾਸਾਰ ਬੰਦੇ ਦੀ ਸੋਚ, ਸਮਝ, ਵਿਚਾਰ, ਪ੍ਰਤੱਖਣ ਅਤੇ ਪ੍ਰਗਟਾਵੇ ਨੂੰ ਨਵੇਂ ਅਯਾਮ/ਨਵੀਂ ਸਪੇਸ ਬਖ਼ਸ਼ ਰਿਹਾ ਹੈ ਬੰਦੇ ਦੀ ਦਿਨਚਰਿਆ ਦਾ ਬਹੁਤਾ ਸਮਾਂ ਇਸ ਆਭਾਸੀ ਜਗਤ ਦੀ ਪਰਿਕਰਮਾ ਵਿਚ ਹੀ ਗੁਜ਼ਰਦਾ ਹੈ। ਉੱਠਦਿਆਂ-ਬੈਠਦਿਆਂ, ਤੁਰਦਿਆਂ-ਫਿਰਦਿਆਂ, ਖਾਂਦਿਆਂ-ਪੀਦਿਆਂ, ਸੁੱਤਿਆਂ-ਜਾਗਦਿਆਂ ਬੰਦਾ ਸਾਰਾ ਸਮਾਂ ਇਸ ਆਭਾਸੀਪਨ ਦਾ ਸ਼ਿਕਾਰ ਹੈ ਅਜਿਹੇ ਦ੍ਰਿਸ਼ ਵਿਚ ਹਰ ਤਰ੍ਹਾਂ ਦੇ ਵੱਡੇ ਸਰੋਕਾਰਾਂ ਦੀ ਗ਼ੈਰਹਾਜ਼ਰੀ ਚਿੰਤਾ/ਚਿੰਤਨ ਦਾ ਵਿਸ਼ਾ ਹੈ

ਪੰਜਾਬੀ ਬੰਦੇ ਦਾ ਸੁਭਾਅ ਹੈ ਕਿ ਉਹ ਹਰ ਨਵੇਂਪਨ ਨੂੰ ਬੜੀ ਸ਼ਿੱਦਤ ਨਾਲ ਸਵੀਕਾਰ ਕਰਦਾ ਹੈ ਉਸਦੇ ਅੰਦਰ ਇਕ ਕਾਹਲ਼ ਤੇ ਦੌੜ ਲਗਾਤਾਰ ਲੱਗੀ ਰਹਿੰਦੀ ਹੈ ਪੰਜਾਬੀ ਬੰਦੇ ਨੇ ਜਿਸ ਮਾਧਿਅਮ ਨੂੰ ਵੀ ਅਪਣਾਇਆ ਹੈ ਉਸਨੂੰ ‘ਅਤਿ’ ਤੱਕ ਪਹੁੰਚਿਆ ਹੈ ਚਾਹੇ ਉਹ ਪਰਵਾਸ ਦਾ ਵਿਸ਼ਾ ਹੈ ਜਾਂ ਪ੍ਰਦੂਸ਼ਣ ਦਾ, ਧਰਤੀ ਹੇਠਲੇ ਪਾਣੀਆਂ ਦਾ ਵਿਸ਼ਾ ਹੋਵੇ ਜਾਂ ਦਰਿਆਈ ਪਾਣੀਆਂ ਦਾ, ਕਰਜ਼ੇ ਦਾ ਵਿਸ਼ਾ ਹੈ ਜਾਂ ਖ਼ੁਦਕਸ਼ੀਆਂ ਦਾ, ਹਿੰਸਾ ਦਾ ਵਿਸ਼ਾ ਹੈ ਜਾਂ ਨਸ਼ਿਆਂ ਦਾ, ਧਰਮ ਦਾ ਵਿਸ਼ਾ ਹੈ ਜਾਂ ਰਾਜਨੀਤੀ ਦਾ, ਪੰਜਾਬੀ ਬੰਦੇ ਨੇ ਸਾਰੇ ਹੱਦਾਂ ਬੰਨੇ ਟੱਪਣ ਤੋਂ ਪਰਹੇਜ਼ ਨਹੀਂ ਕੀਤਾ ਹੈ ਮਨੋਵਿਗਿਆਨਕ ਅਧਿਐਨਾਂ ਅਨੁਸਾਰ ਪੰਜਾਬੀ ਬੰਦਾ ਭਾਵੁਕ ਕੋਰਟੈਕਸ ਤੋਂ ਵੱਧ ਤੇ ਵਿਵੇਕੀ ਕੋਰਟੈਕਸ ਤੋਂ ਘੱਟ ਕੰਮ ਲੈਂਦਾ ਹੈ ਇਸ ਪ੍ਰਸੰਗ ਵਿਚ ਪੰਜਾਬੀ ਬੰਦੇ ਦਾ ਇਸ ਨਵੇਂ ਸੂਚਨਾ ਤੰਤਰ ਦੇ ਵੈਭਵ ਦਾ ਸਹਿਜੇ ਹੀ ਸ਼ਿਕਾਰ ਹੋ ਜਾਣਾ ਹੈਰਾਨੀ ਦਾ ਵਿਸ਼ਾ ਨਹੀਂ

ਪੰਜਾਬੀ ਬੰਦੇ ਵਾਂਗ ਪੰਜਾਬੀ ਸਾਹਿਤ ਸਿਰਜਣਾ ਦਾ ਸੰਸਾਰ ਵੀ ਇਸ ਆਭਾਸੀ ਜਗਤ ਦੇ ਪ੍ਰਭਾਵ ਤੋਂ ਨਿਰਲੇਪ ਨਹੀਂ ਅੱਜ ਪੰਜਾਬੀ ਲੇਖਕ ਇਨ੍ਹਾਂ ਮਾਧਿਅਮਾਂ ਰਾਹੀਂ ਆਪਣੀਆਂ ਲਿਖਤਾਂ ਦਾ ਪ੍ਰਦਰਸ਼ਨ ਬੜੀ ਤੀਬਰਤਾ ਅਤੇ ਤੇਜ਼ੀ ਨਾਲ ਕਰ ਰਹੇ ਨੇ ਪੰਜਾਬੀ ਲੇਖਕ ਤੇ ਲੇਖਣ ਪੰਜਾਬੀ ਬੰਦੇ ਵਾਂਗ ਪਹਿਲਾਂ ਹੀ ਇਕ ਤਰ੍ਹਾਂ ਦੀ ਕਾਹਲ਼ ਤੇ ਨਿਚੱਲਤਾ ਦਾ ਸ਼ਿਕਾਰ ਹੈ ਇਨ੍ਹਾਂ ਮਾਧਿਅਮਾਂ ਦੀ ਤੇਜ਼ ਰਫ਼ਤਾਰੀ ਨੇ ਇਸ ਆਪੋਧਾਪੀ ਵਿਚ ਅਪਾਰ ਵਾਧਾ ਕਰ ਦਿੱਤਾ ਹੈ ਪੰਜਾਬੀ ਲੇਖਕ ਤਰੁੰਤ ਕਵਿਤਾ ਲਿਖਦਾ ਹੈ, ਫੇਸ ਬੁਕ ’ਤੇ ਪਾਉਂਦਾ ਹੈ, ਪ੍ਰਸ਼ੰਸਾ ਹਥਿਆਉਂਦਾ ਹੈ ਤੇ ਆਪੇ ਹੀ ਖ਼ੁਸ਼ ਹੋ ਜਾਂਦਾ ਹੈ ਮਨੋ-ਮਾਨਵਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ ‘ਨਾਰਸਿਜ਼ਮ’ ਕਹਿੰਦੇ ਹਨ

ਸਿਰਜਣਾ ਜਗਤ ਵਿਚ ਜਦੋਂ ਵੀ ਕੋਈ ਨਵਾਂ ਮਾਧਿਅਮ ਆਉਂਦਾ ਹੈ ਉਹ ਆਪਣੇ ਨਾਲ ਨਵੇਂ ਮਿਜਾਜ਼ ਤੇ ਅੰਦਾਜ਼ ਵੀ ਲੈ ਕੇ ਆਉਂਦਾ ਹੈ ਇਸ ਨਾਲ ਪਾਠਕ-ਲੇਖਕ ਦੇ ਸਬੰਧਾਂ ਦਾ ਵੀ ਕਾਇਆਂਤਰਣ ਹੁੰਦਾ ਹੈ ਪੁਰਾਣੇ ਸਾਹਿਤਕ ਸਬੰਧਾਂ ਦੀ ਥਾਂ ਨਵੇਂ ਸਬੰਧਾਂ ਨੂੰ ਸਪੇਸ ਮਿਲਦੀ ਹੈ ਇਨ੍ਹਾਂ ਸੋਸ਼ਲ ਮਾਧਿਅਮਾਂ ਵਿਚ ਅਜਿਹੇ ਲੇਖਕਾਂ ਦੀ ਵੱਡੀ ਤਾਦਾਦ ਦਿਖਾਈ ਦੇ ਰਹੀ ਹੈ ਜਿਨ੍ਹਾਂ ਨੂੰ ਇਨ੍ਹਾਂ ਮਾਧਿਅਮਾਂ ਰਾਹੀਂ ਹੀ ਲਿਖਣ ਦੇ ਮੌਕੇ ਮਿਲ ਰਹੇ ਹਨ ਤੇ ਪ੍ਰਕਾਸ਼ਿਤ ਹੋਣ ਦੀ ਸਪੇਸ ਮਿਲ ਰਹੀ ਹੈ ਪਰ ਕੀ ਇਸ ਲੇਖਣ ਦੀ ਕੋਈ ਸਿਰਜਣਾਤਮਕ ਜਾਂ ਰਚਨਾਤਮਕ ਪ੍ਰਤਿਮਾਣਕਤਾ ਵੀ ਹੈ, ਇਹ ਸੋਚਣ ਦਾ ਵਿਸ਼ਾ ਹੈ!

ਅੱਜ ਪੰਜਾਬੀ ਸਾਹਿਤ ਸਿਰਜਣਾ ਦੇ ਜਗਤ ਵਿਚ ਜਿੱਥੇ ਤੱਤਫੱਟਤਾ, ਤੁਰੰਤਤਾ ਤੇ ਅਗੰਭੀਰ ਭਾਵੁਕ ਪ੍ਰਤਿਕਿਰਿਆ ਦਾ ਅਜੀਬ (ਗ਼ਰੀਬ ਵੀ) ਦ੍ਰਿਸ਼ ਦਿਖਾਈ ਦੇ ਰਿਹਾ ਹੈ, ਉੱਥੇ ਆਤਮਪ੍ਰਚਾਰ ਤੇ ਆਤਮਮੁਗਧਤਾ ਦੀ ‘ਅਤਿ’ ਦੇ ਵੀ ਬੜੇ ਵਿਰਾਟ ਦਰਸ਼ਨ ਹੁੰਦੇ ਹਨ। ਪੰਜਾਬੀ ਲੇਖਕ ਆਪਣੀਆਂ ਰਚਨਾਵਾਂ ਅਤੇ ਤਸਵੀਰਾਂ ਆਪ ਹੀ ਛਾਪ ਛਾਪ ਕੇ ਤੇ ਦੂਜੇ ਲੇਖਕਾਂ ਵੱਲੋਂ ਪਸੰਦ ਹੋ ਕੇ ਆਪਣੇ ਆਪ ਵਿਚ ਆਪ ਹੀ ਖ਼ੁਸ਼ ਹੋਈ ਜਾ ਰਹੇ ਨੇ ਵੱਡੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਲੇਖਣ ਅਲਪਕਾਲੀ ਹੁੰਦਾ ਹੈ ਅਜਿਹੀਆਂ ਲਿਖਤਾਂ ਦੀ ਉਮਰ ਇਕ ਦਿਨ ਤੋਂ ਵੱਧ ਨਹੀਂ ਹੁੰਦੀ ਇਹ ਇਕ ਭਾਵੁਕ ਉਬਾਲ ਦੀ ਤਰ੍ਹਾਂ ਹੁੰਦੀਆਂ ਹਨ ਇਸ ਵਿਚ ਗ਼ਹਿਨਤਾ ਤੇ ਗੰਭੀਰਤਾ ਦਾ ਅਭਾਵ ਹੁੰਦਾ ਹੈ ਇਸ ਵਿਚ ਦੀਰਘਤਾ ਤੇ ਸਾਰਵਭੌਮਿਕਤਾ ਗ਼ੈਰਹਾਜ਼ਿਰ ਹੁੰਦੀ ਹੈ

ਇਨ੍ਹਾਂ ਸੋਸ਼ਲ ਮਾਧਿਅਮਾਂ ਦੇ ਇਸ ਤਰ੍ਹਾਂ ਦੇ ਆਵਾਗੌਣ ਪ੍ਰਯੋਗ ਨੇ ਨਾ ਸਿਰਫ਼ ਸਿਰਜਣਕਾਰੀ ਦੀ ਗੰਭੀਰਤਾ ਨੂੰ ਢਾਹ ਲਾਈ ਹੈ ਸਗੋਂ ਸਾਹਿਤ ਦੀ ਪਰਖ ਅਤੇ ਪਛਾਣ ਨੂੰ ਵੀ ਪੇਤਲਿਆਂ ਕੀਤਾ ਹੈ ਜਿਨ੍ਹਾਂ ਲੇਖਕਾਂ ਕੋਲ ਪਾਠਕੀ ਸਪੇਸ ਦੀ ਘਾਟ ਸੀ ਉਨ੍ਹਾਂ ਨੂੰ ਇਨ੍ਹਾਂ ਮਾਧਿਅਮਾਂ ਨੇ ਤੱਤਫਟ ਸਪੇਸ ਪ੍ਰਦਾਨ ਕਰ ਦਿੱਤੀ ਇਸ ਸਪੇਸ ਵਿਚ ਪ੍ਰਗਟਾਵੇ ਦੀ ਬੜੀ ਆਜ਼ਾਦੀ ਹੈ ਸਾਹਿਤਕਾਰ ਕਿਸੇ ਵੀ ਵਿਚਾਰ ਤੇ ਵਿਸ਼ੇ ਨੂੰ ਕਿਸੇ ਵੀ ਵਿਧਾ ਜਾਂ ਭਾਸ਼ਾ ਵਿਚ ਪੇਸ਼ ਕਰ ਸਕਦਾ ਹੈ ਇਸ ਪੇਸ਼ਕਾਰੀ ਵਿਚ ਸਿਰਜਣ-ਕਾਲ ਤੇ ਪਾਠਕੀ ਪ੍ਰਤੀਕਰਮ-ਕਾਲ ਦੀ ਵਿੱਥ ਖ਼ਤਮ ਹੋ ਜਾਂਦੀ ਹੈ ਇਸ ਸਪੇਸ ਦੀ ਆਜ਼ਾਦੀ ਵਿਚ ਏਨੀ ਖੁੱਲ੍ਹ ਹੈ ਕਿ ਲੇਖਕ ਇਸ ਆਜ਼ਾਦੀ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ ਅੱਜ ਪੰਜਾਬੀ ਜਗਤ ਵਿਚ ਕਈ ਫੇਸ ਬੁੱਕ ਤੇ ਵਟਸਅੱਪ ਗਰੁਪ ਆਪਣੀ ਹਾਜ਼ਰੀ ਲਵਾ ਰਹੇ ਨੇ ਲੇਖਕਾਂ ਦੇ ਅਲੱਗ ਅਲੱਗ ਧੜੇ ਹਨ, ਜੋ ਇਕ ਦੂਜੇ ਦੀ ਰਚਨਾ, ਫੋਟੋ, ਟਿੱਪਣੀ ਆਪ ਹੀ ਛਾਪਦੇ ਹਨ ਤੇ ਆਪ ਹੀ ਪੜ੍ਹਦੇ ਹਨ ਇਕ ਦੂਜੇ ਦੀਆਂ ਅਲਪ ਉਪਲਬਧੀਆਂ ’ਤੇ ਮੁਬਾਰਕਾਂ ਲੈਂਦੇ/ਦਿੰਦੇ ਹਨ ਇਕ ਦੂਜੇ ਦੀ ਪ੍ਰਸ਼ੰਸਾ ਕਰਕੇ ਸੰਤੁਸ਼ਟ ਹੋ ਜਾਂਦੇ ਹਨ ਸੰਤੁਸ਼ਟੀ ਦੀ ਇਹ ਪ੍ਰਵਿਰਤੀ ਆਦਿਮਾਨਵੀ ਤੇ ਇੰਦਰੀਅਕ ਹੈ ਇਸ ਵਿਚ ਗਿਆਨਾਤਮਕਤਾ ਦੀ ਪੁੱਠ ਨਹੀਂ ਹੁੰਦੀ

ਫੇਸ ਬੁੱਕ ਤੇ ਵਟਸਅੱਪ ਜਿਹੇ ਮਾਧਿਅਮਾਂ ਨੇ ਲੇਖਣ/ਰਚਨਾਕਾਰੀ ਤੋਂ ਵੱਧ ਆਲੋਚਨਾ ਦੀ ਵਿਧਾ ਅਤੇ ਦ੍ਰਿਸ਼ ਨੂੰ ਨਾਕਾਰਾਤਮਕ ਰੂਪ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਸਦਾ ਨਤੀਜਾ ਇਹ ਹੈ ਕਿ ਚੰਗੀ ਰਚਨਾ ਅਤੇ ਬੁਰੀ ਰਚਨਾ ਦਾ ਕੋਈ ਫ਼ਰਕ ਨਹੀਂ ਰਹਿ ਗਿਆ ਵਧੀਆ ਜਾਂ ਘਟੀਆ ਲਿਖਤ ਵਿਚ ਅੰਤਰ ਗ਼ਾਇਬ ਹੈ ਪੰਜਾਬੀ ਆਲੋਚਨਾ ਜਦੋਂ ਕਿ ਪਹਿਲਾਂ ਹੀ ਆਪਣੀ ਵਿਚਾਰਕ, ਵਿਵੇਚਨੀ ਤੇ ਵਿਸ਼ਲੇਸ਼ਣੀ ਪ੍ਰਤਿਭਾ ਤੋਂ ਵਿਰਵੀ ਹੁੰਦੀ ਜਾ ਰਹੀ ਹੈ ਉਦੋਂ ਇਸ ਤਰ੍ਹਾਂ ਦੇ ਸੋਸ਼ਲ ਮਾਧਿਅਮ ਕੀ ਇਸ ਵਿਚ ਕੋਈ ਗਿਆਨਾਤਮਕ ਵਾਧਾ ਕਰਨਗੇ, ਵਿਚਾਰਣ ਦੀ ਲੋੜ ਹੈ!

ਕੋਈ ਜ਼ਮਾਨਾ ਸੀ ਜਦੋਂ ਲੇਖਕ ਕੋਈ ਲਿਖਤ ਲਿਖਣ ਤੋਂ ਬਾਅਦ ਉਸ ਨਾਲ ਲੰਬਾ ਸਮਾਂ ਦੋਚਾਰ/ਰੂ-ਬ-ਰੂ ਰਹਿਣ ਤੋਂ ਮਗਰੋਂ ਕਿਸੇ ਥਾਂ ਛਪਣ ਹਿਤ ਭੇਜਦਾ ਸੀ ਪਾਠਕ ਵੀ ਉਸਨੂੰ ਪੜ੍ਹਨ ਤੋਂ ਬਾਅਦ ਸੋਚ ਵਿਚਾਰ ਕੇ ਆਪਣਾ ਪਾਠਕੀ ਪ੍ਰਤੀਕਰਮ ‘ਚਿੱਠੀ’ ਰਾਹੀਂ ਦਿੰਦਾ ਸੀ ਜਿਸ ਵਿਚ ਪਸੰਦਗੀ ਜਾਂ ਨਾਪਸੰਦਗੀ ਦਾ ਕੋਈ ਨਾ ਕੋਈ ਤਰਕ-ਵਿਤਰਕ ਜ਼ਰੂਰ ਹੁੰਦਾ ਇਹ ਸਾਹਿਤ ਦੀ ਬੜੀ ਸਹਿਜ/ਮੁੱਢਲੀ ਆਲੋਚਨਾ ਪੱਧਤੀ ਸੀ ਇਹ ਹੀ ਸਾਹਿਤ ਦੀ ਗੰਭੀਰ ਆਲੋਚਨਾ ਜਾਂ ਵਿਸ਼ਲੇਸ਼ਣ ਦਾ ਵਿਦਾ ਬਿੰਦੂ ਸੀ ਪਰ ਅੱਜ ਇਨ੍ਹਾਂ ਸੋਸ਼ਲ ਮਾਧਿਅਮਾਂ ਨੇ ਪਾਠਕੀ ਪ੍ਰਤੀਕਰਮ ਨੂੰ ਏਨਾ ਪੇਤਲਾ ਕਰ ਦਿੱਤਾ ਹੈ ਕਿ ਹੁਣ ਲੇਖਕ ਇਨ੍ਹਾਂ ਪ੍ਰਤੀਕਰਮਾਂ ਦੀ ਗਿਣਤੀ-ਮਿਣਤੀ ਵਿਚ ਹੀ ਉਲਝਿਆ ਰਹਿੰਦਾ ਹੈ, ਗੁਣਾਤਮਕਤਾ ਦੀ ਉਸਨੂੰ ਕੋਈ ਪ੍ਰਵਾਹ ਨਹੀਂ

ਇਨ੍ਹਾਂ ਸੋਸ਼ਲ ਸਾਈਟਾਂ ਦੀ ਉਪਲਬਧਤਾ ਤਾਂ ਹਰ ਖਿਣ, ਹਰ ਥਾਂ, ਹਰ ਤਰ੍ਹਾਂ ਹੈ ਜਦੋਂ ਚਾਹੋ, ਜਿੰਨਾ ਚਾਹੋ, ਜਿਹੋ ਜਿਹਾ ਚਾਹੋ ਲਿਖਿਆ ਜਾ ਸਕਦਾ ਹੈ ਲਿਖਤ ਦੇ ਪ੍ਰਕਾਸ਼ਨ ਦੇ ਤੁਰੰਤ ਬਾਅਦ ਪ੍ਰਤੀਕਿਰਿਆਵਾਂ ਦਾ ਨਿਰੰਤਰ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਹੈ ਤੁਰੰਤ ਲੇਖਣ ਤੇ ਤੁਰੰਤ ਪ੍ਰਤਿਕਰਮ ਦਾ ਆਪਣਾ ਵੈਭਵ ਹੁੰਦਾ ਹੈ ਇਸ ਆਡੰਬਰ ਵਿਚ ਪੰਜਾਬੀ ਲੇਖਕ ਜਗਤ ਪੂਰੀ ਤਰ੍ਹਾਂ ਗ਼ਰਕ ਹੈ ਇਸ ਦਿਖਾਵੇ ਦਾ ਮਾਰੂ ਅਸਰ ਆਲੋਚਨਾ ਸਾਧਨਾ ਤੇ ਰਚਨਾ ਪ੍ਰਕਿਰਆ ’ਤੇ ਪੈ ਰਿਹਾ ਹੈ ਵਰ੍ਹਿਆਂ ਦੇ ਅਧਿਐਨ ਅਤੇ ਸਿਰਜਣ-ਲੇਖਣ ਰਾਹੀਂ ਕੋਈ ਸੁਨਿਸਚਿਤ ਕਿਤਾਬ ਲਿਖਣ ਦਾ ਧੀਰਜ ਇਨ੍ਹਾਂ ਸੋਸ਼ਲ ਮਾਧਿਅਮਾਂ ਰਾਹੀਂ ਖ਼ਤਮ ਹੋ ਰਿਹਾ ਹੈ ਚੰਗੀ ਕਿਤਾਬ ਦੀ ਆਮਦ ਕਿਵੇਂ ਹੋਵੇਗੀ …? ਇਹ ਗੰਭੀਰਤਾ ਦਾ ਵਿਸ਼ਾ ਹੈ!

ਇਹ ਵਿਸ਼ਾ ਉਦੋਂ ਹੋਰ ਵੀ ਚਿੰਤਾਜਨਕ ਹੋ ਜਾਂਦਾ ਹੈ ਜਦੋਂ ਪੰਜਾਬੀ ਸਾਹਿਤ, ਖ਼ਾਸ ਕਰਕੇ ਕਵਿਤਾ ਪਹਿਲਾਂ ਹੀ ਪਾਠਕੀ ਸੰਕਟ ਨਾਲ ਗ੍ਰਸਤ ਹੋਵੇ ਲੇਖਕ ਪ੍ਰਕਾਸ਼ਕ ਨੂੰ ਪੈਸੇ ਦੇ ਕੇ ਕਿਤਾਬਾਂ ਛਪਵਾਉਂਦੇ ਹਨ ਕਿਤਾਬ ਦੀ ਦੋ ਢਾਈ ਸੌ ਛਾਪ ਵਿੱਚੋਂ ਬਹੁਤੀ ਮੁਫ਼ਤ ਭੇਟ ਕਰ ਦਿੱਤੀ ਜਾਂਦੀ ਹੈ ਤੇ ਬਾਕੀ ਸਰਕਾਰੀ ਖ਼ਰੀਦ ਰਾਹੀਂ ਲਾਈਬਰੇਰੀਆਂ ਵਿਚ ਡੰਪ ਹੋ ਜਾਂਦੀ ਹੈ

ਇਸ ਸੰਕਟ ਵਿਚ ਹਰਬਰਟ ਮਾਰਕੂਜ਼ੇ ਦੀ ਭਾਸ਼ਾ ਵਿਚ ‘ਜ਼ਿੰਮੇਵਾਰੀ’ ਸਿਰਫ਼ ਪਾਠਕ ਦੀ ਹੀ ਨਹੀਂ, ਲੇਖਕ ਦੀ ਵੀ ਹੈ ਬਲਕਿ ਪਾਠਕ ਦੀ ਘੱਟ ਤੇ ਲੇਖਕ ਦੀ ਕਿਤੇ ਵੱਧ ਪੰਜਾਬੀ ਪਾਠਕ ਤੇ ਲੇਖਕ ਵਿਚ ਅੰਤਰ ਘਟਦਾ ਜਾ ਰਿਹਾ ਹੈ ਜਿਹੜੇ ਲੇਖਕ ਹਨ ਉਹੀ ਪਾਠਕ ਨੇ ਉਹੀ ਲਿਖਦੇ ਨੇ ਤੇ ਉਹੀ ਪੜ੍ਹਦੇ ਹਨ ਲੇਖਕ, ਪਾਠਕ ਵਾਂਗ ਲਿਖਦੇ ਹਨ ਤੇ ਪਾਠਕ, ਪਾਠ ਕਰਨ ਵਾਂਗ ਪੜ੍ਹਦੇ ਹਨ ਦੋਹਾਂ ਥਾਈਂ ਲਿਖਤ ਗ਼ੈਰਹਾਜ਼ਿਰ ਹੈ ਇਸਦਾ ਕਾਰਣ ਸ਼ਾਇਦ ਇਹ ਹੈ ਕਿ ਕ੍ਰਿਸ਼ਮਈ ਤੇ ਇਲਹਾਮੀ ਲਿਖਤ ਦੀ ਸਿਰਜਣਕਾਰੀ ਵਿਚ ਜੋ ਸਮਾਧੀ, ਲਿਵ, ਮੌਨ ਅਤੇ ਧਿਆਨ ਦਰਕਾਰ ਹੈ ਉਸਦੀ ਥਾਂ ਹੋੜ, ਰੌਲ਼ੇ, ਭੀੜ ਅਤੇ ਮੇਲਿਆਂ ਨੇ ਲੈ ਲਈ ਹੈ ਮੇਲਿਆਂ, ਦਰਬਾਰਾਂ, ਕਾਨਫ਼ਰੰਸਾਂ ਅਤੇ ਵਿਮੋਚਨਾਂ ਵਿਚ ਸੰਵਾਦ ਗ਼ੈਰਹਾਜ਼ਿਰ ਰਹਿੰਦਾ ਹੈ, ਜੋ ਹਾਜ਼ਿਰ ਹੈ ਉਹ ਹੈ ਵਾਹ-ਵਾਹ, ਮਹਿਮਾ ਮੰਡਨ ਜਾਂ ਬਹਿਸਬਾਜ਼ੀ ਇਸ ਵੇਲੇ ਪੰਜਾਬੀ ਸਾਹਿਤ ਨੂੰ ਲੋੜ ਹੈ ਗੰਭੀਰ ਗੋਸ਼ਟਿ ਦੀ ਤੇ ਸੁਹਿਰਦ/ਸਹਿਜ ਸੰਵਾਦ ਦੀ ਤਾਂ ਕਿ ਸਿਹਤਮੰਦ ਸਿਰਜਣਕਾਰੀ ਦਾ ਮਾਹੌਲ ਬਣਿਆ ਰਹੇ

ਇਹ ਸੋਸ਼ਲ ਮਾਧਿਅਮ ਜਿੱਥੇ ਪ੍ਰਗਟਾਵੇ ਦਾ ਤਰੁੰਤ ਮਾਧਿਅਮ ਹਨ ਉੱਥੇ ਇਹ ਪ੍ਰਗਟਾਵੇ ਦੀ ਭੁੱਖ ਨੂੰ ਸ਼ਾਂਤ ਨਹੀਂ ਕਰਦੇ ਬਲਕਿ ਹੋਰ ਤਲਬ ਪੈਦਾ ਕਰਦੇ ਹਨ ਭੁੱਖ ਸਰੀਰਕ ਹੁੰਦੀ ਹੈ ਤੇ ਤਲਬ ਮਾਨਸਿਕ ਤਲਬ ਨਸ਼ੇ ਦੀ ਹੁੰਦੀ ਹੈ ਨਸ਼ਾ ਆਦਤ ਬਣ ਜਾਂਦਾ ਹੈ ਇਹ ਸੋਸ਼ਲ ਮਾਧਿਅਮ ਪ੍ਰਗਟਾਵੇ ਦੀ ਆਦਤ ਪੈਦਾ ਕਰ ਰਹੇ ਹਨ ਆਦਤ ਵਿਚ ਕੋਈ ਕਰਤਾਰੀ ਸਿਰਜਣਕਾਰੀ ਨਹੀਂ ਹੋ ਸਕਦੀ ਕਿਉਂਕਿ ਕੋਈ ਕਿਤਾਬ ਜਾਂ ਗੰਭੀਰ ਰਚਨਾ ਕਰਨ ਵਿਚ ਮਿਹਨਤ ਦਰਕਾਰ ਹੈ, ਸੰਦਰਭ ਜਾਂ ਹਵਾਲੇ ਲੱਭਣ/ਦੇਣ ਦੀ ਮੁਸ਼ੱਕਤ ਕਰਨੀ ਹੁੰਦੀ ਹੈ ਆਪਣੀਆਂ ਸਥਾਪਨਾਵਾਂ ਲਈ ਜਵਾਬਦੇਹੀ ਦੀ ਜ਼ਰੂਰਤ ਹੁੰਦੀ ਹੈ ਇਸਦੇ ਉਲਟ ਆਸਾਨ ਰਾਹ ਹੈ ਫੇਸ ਬੁੱਕ ਜਾਂ ਵਟਸਅੱਪ ’ਤੇ ਆਪਣੀ ਹੁਣੇ ਰਚਿਤ ਲਿਖਤ ਨੂੰ ਪਾਉਣਾ, ਉਸ ’ਤੇ ਅੱਧੀ ਅਧੂਰੀ ਆਲੋਚਨੀ ਟਿੱਪਣੀ/ਪ੍ਰਸ਼ੰਸਾ ਤੁਰੰਤ ਦੇ ਦੇਣਾ ਤੇ ਫਿਰ ਚੁੱਪ/ਮੁਕਤ ਹੋ ਜਾਣਾ ਆਤਮ ਪ੍ਰਚਾਰ, ਮੁੱਖ-ਸੁੱਖ, ਮਿੱਤਰ-ਮੋਹ, ਜੈਜੈਕਾਰ-ਭੰਡੀ ਪ੍ਰਚਾਰ ਸੱਭ ਕੁੱਝ ਹਾਜ਼ਿਰ ਹੈ ਇਨ੍ਹਾਂ ਮਾਧਿਅਮਾਂ ਵਿਚ ਜੇਕਰ ਕੁੱਝ ਗ਼ੈਰਹਾਜ਼ਿਰ ਹੈ ਤਾਂ ਪੁਸਤਕ ਲਿਖਣ-ਪੜ੍ਹਨ ਤੇ ਗੰਭੀਰ ਅਧਿਐਨ ਤੇ ਸਿਰਜਣ ਦਾ ਸੁਖ/ਆਨੰਦ ਜੋ ਲੇਖਕ ਜਾਂ ਪਾਠਕ ਨੂੰ ਪ੍ਰਾਪਤ ਹੁੰਦਾ ਹੈ ਪੰਜਾਬੀ ਸਾਹਿਤ ਜਗਤ ਵਿਚ ਗੰਭੀਰ ਗੋਸ਼ਟਿ, ਸੰਵਾਦ ਤੇ ਤਰਕੀ-ਵਿਤਰਕੀ ਪ੍ਰਵਚਨ ਲੁਪਤ ਹੁੰਦਾ ਜਾ ਰਿਹਾ ਹੈ ਅਜਿਹੇ ਦ੍ਰਿਸ਼ ਅਤੇ ਮਾਹੌਲ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਸੋਸ਼ਲ ਮਾਧਿਅਮਾਂ ਨੇ ਜ਼ਿੰਮੇਵਾਰ ਲੇਖਣ-ਆਲੋਚਨਾ ਦੇ ਅਵਸਰ/ਆਸਾਰ ਘੱਟ ਕਰ ਦਿੱਤੇ ਨੇ ਅਤੇ ਸਵੈ ਪ੍ਰਚਾਰ/ਪ੍ਰਸਾਰ ਦੀ ਪ੍ਰਵਿਰਤੀ ਵਿਚ ਵਾਧਾ ਕੀਤਾ ਹੈ

ਜੋ ਲੇਖਕ ਵਧੀਆ ਸਾਹਿਤ ਸਿਰਜਣ ਕਰ ਸਕਦੇ ਹਨ ਉਹ ਫੇਸ ਬੁੱਕ ਜਾਂ ਵਟਸਅੱਪ ’ਤੇ ਸਾਹਿਤਕ-ਰਾਜਨੀਤੀ ਕਰਨ ਵਿਚ ਮਗਨ ਹਨ ਇਸ ਵਿਚ ਭਾਸ਼ਣਕਾਰੀ ਦੀ ਭਾਸ ਮਹਿਸੂਸ ਹੁੰਦੀ ਹੈ ਭਾਸ਼ਣਕਾਰੀ ਗੰਭੀਰਤਾ ਤੇ ਗ਼ਹਿਨਤਾ ਤੋਂ ਵਿਰਵੀ ਹੁੰਦੀ ਹੈ ਜੋ ਲੇਖਕ ਭਾਸ਼ਣਕਾਰੀ ਕਰਨ ਲੱਗ ਜਾਂਦੇ ਨੇ, ਉਨ੍ਹਾਂ ਵਿੱਚੋਂ ਰਚਨਾਕਾਰੀ ਖ਼ਤਮ ਹੋ ਜਾਂਦੀ ਹੈ

ਅਗਰ ਗੰਭੀਰਤਾ ਨਾਲ ਘੋਖਿਆ ਜਾਵੇ ਤਾਂ ਅਸਾਡੇ ਵਿੱਚੋਂ ਹਰ ਕੋਈ ਇਸ ਆਭਾਸੀ ਜਗਤ ਦੇ ਪ੍ਰਭਾਵ ਦਾ ਸ਼ਿਕਾਰ ਹੈ ਉਹ ਵੀ ਦਿਨ ਸਨ ਕਿ ਲੇਖਕ ਆਪਣੇ ਬਾਰੇ ਘੱਟ ਬੋਲਦੇ ਸਨ ਲਿਖਤ ਬੋਲਦੀ ਸੀ ਲੇਖਕ ਆਪਣਾ ਮਹਿਮਾ ਮੰਡਨ ਕਰਨ ਵਿਚ ਝਿਜਕਦੇ ਸਨ ਹੁਣ ਲੇਖਕ ਆਪਣੇ/ਲਿਖਤ ਬਾਰੇ ਆਪ ਹੀ ਮੁਖਰ ਹੈ ਲਿਖਤ ਚੁੱਪ ਹੈ ਤੇ ਪਾਠਕ ਨਿਰਾਸ਼ ਇਸ ਮਾਹੌਲ ਵਿਚ ਉੱਤਮ ਸਾਹਿਤ ਸਿਰਜਣਕਾਰੀ ਦਾ ਖੀਣ ਤੇ ਮਾਨਕ ਆਲੋਚਨਾ ਦਾ ਮੌਨ ਹੋ ਜਾਣਾ ਬੜਾ ਸੁਭਾਵਿਕ ਹੈ ਸਮੇਂ ਦੀ ਲੋੜ ਹੈ ਕਿ ਸਾਹਿਤ ਪ੍ਰਤੀ ‘ਜ਼ਿੰਮੇਵਾਰੀ’ ਦਾ ਅਹਿਸਾਸ ਪੈਦਾ ਕਰਕੇ ਇਨ੍ਹਾਂ ਸੋਸ਼ਲ ਮਾਧਿਅਮਾਂ ਦਾ ਗੰਭੀਰ ਪ੍ਰਯੋਗ ਕੀਤਾ ਜਾਵੇ ਤਾਂ ਕਿ ਕਿਤਾਬ ਲਿਖਣ ਤੇ ਪੜ੍ਹਨ ਦਾ ਮਹੱਤਵ ਬਣਿਆ ਰਹਿ ਸਕੇ

*****

(305)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਨਮੋਹਨ

ਮਨਮੋਹਨ

Amritsar, Punjab, India.

Email: (mmsingh_63@rediffmail.com)