SumeetSingh7ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਤੋਂ ਬਗੈਰ ਅਤੇ ...
(1 ਅਕਤੂਬਰ 2021)

 

AmarjitKaur2ਇਹ ਇੱਕ ਅਟੱਲ ਵਿਗਿਆਨਕ ਸਚਾਈ ਹੈ ਕਿ ਹਰ ਮਨੁੱਖ ਨੇ ਇਸ ਦੁਨੀਆਂ ਤੋਂ ਇੱਕ ਨਾ ਇੱਕ ਦਿਨ ਸਦੀਵੀਂ ਚਲੇ ਜਾਣਾ ਹੈਸਮਾਜ ਅਤੇ ਪਰਿਵਾਰ ਦੇ ਸਮੂਹ ਰਿਸ਼ਤਿਆਂ ਵਿੱਚੋਂ ਮਾਂ ਦਾ ਸਦੀਵੀ ਵਿਛੋੜਾ ਸਭ ਤੋਂ ਵੱਧ ਦੁੱਖਦਾਈ ਹੁੰਦਾ ਹੈਮਾਂ ਆਪਣੀ ਔਲਾਦ ਲਈ ਜਿੰਨੇ ਕਸ਼ਟ ਝੱਲਦੀ ਹੈ, ਉਸ ਦਾ ਕਰਜ਼ ਸਾਰੀ ਉਮਰ ਨਹੀਂ ਚੁਕਾਇਆ ਜਾ ਸਕਦਾਜਿੰਨਾ ਪਿਆਰ, ਮੋਹ ਅਤੇ ਤਿਆਗ ਮਾਂ ਆਪਣੇ ਬੱਚਿਆਂ ਲਈ ਕਰਦੀ ਹੈ, ਉੰਨਾ ਹੋਰ ਕਿਸੇ ਵੀ ਦੁਨਿਆਵੀ ਰਿਸ਼ਤੇ ਵਿੱਚ ਨਜ਼ਰ ਨਹੀਂ ਆਉਂਦਾ

ਮੇਰੇ ਮਾਤਾ ਜੀ ਅਮਰਜੀਤ ਕੌਰ 88 ਸਾਲ ਦੀ ਉਮਰ ਹੰਢਾ ਕੇ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏਉਹ ਪਿਛਲੇ ਕੁਝ ਸਾਲਾਂ ਤੋਂ ਬਲੱਡ ਪ੍ਰੈੱਸ਼ਰ, ਸ਼ੂਗਰ, ਦਿਲ ਦੇ ਰੋਗ, ਜੋੜਾਂ ਦੇ ਦਰਦ ਅਤੇ ਪਾਰਕਿੰਨਸਨਜ਼ ਦੀ ਬਿਮਾਰੀ ਦਾ ਸ਼ਿਕਾਰ ਸਨ। ਪਰ ਇਸਦੇ ਬਾਵਜੂਦ ਦਵਾਈਆਂ ਖਾਂਦੇ, ਵਾਕਰ ਨਾਲ ਚਲਦੇ ਹੋਏ ਵੀ ਅੰਤਿਮ ਸਮੇਂ ਤਕ ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਸਾਲ ਪਹਿਲਾਂ ਉਨ੍ਹਾਂ ਨਾਲ ਵਾਪਰੇ ਸੜਕੀ ਹਾਦਸਿਆਂ ਅਤੇ ਗੰਭੀਰ ਬਿਮਾਰੀਆਂ ਦੇ ਬਾਵਜੂਦ ਉਹ ਹਸਪਤਾਲਾਂ ਵਿੱਚੋਂ ਸਿਹਤਯਾਬ ਹੋ ਕੇ ਘਰ ਵਾਪਸ ਆਉਂਦੇ ਰਹੇਸਮੇਂ ਸਮੇਂ ’ਤੇ ਕਈ ਨਿਊਰੋ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਦੇ ਬਿਹਤਰ ਇਲਾਜ ਨੇ ਉਨ੍ਹਾਂ ਦੀ ਬਿਮਾਰੀ ਨੂੰ ਕੰਟਰੋਲ ਕਰਨ ਅਤੇ ਕਿਸੇ ਕਥਿਤ ਪ੍ਰਮਾਤਮਾ ਦੀ ਮਰਜ਼ੀ ਦੇ ਉਲਟ ਉਨ੍ਹਾਂ ਦੇ ਸਵਾਸ ਵਧਾਉਣ ਵਿੱਚ ਮਦਦ ਵੀ ਕੀਤੀ। ਪਰ 13 ਜਨਵਰੀ 2019 ਨੂੰ ਮੇਰੇ ਸਭ ਤੋਂ ਵੱਡੇ ਭਰਾ ਨਵਤੇਜ ਸਿੰਘ ਦੀ ਅਚਨਚੇਤ ਮੌਤ ਦੇ ਗਹਿਰੇ ਸਦਮੇ ਨੇ ਉਨ੍ਹਾਂ ਦੇ ਦਿਲੋ ਦਿਮਾਗ ਉੱਤੇ ਅਜਿਹਾ ਗੰਭੀਰ ਅਸਰ ਪਾਇਆ ਕਿ ਉਹ ਦਿਨੋ ਦਿਨ ਕਮਜ਼ੋਰ ਹੁੰਦੇ ਗਏ

ਪਿਛਲੇ ਸਾਲ ਦੇ ਅਖੀਰ ਤੋਂ ਉਨ੍ਹਾਂ ਦੀ ਯਾਦਦਾਸ਼ਤ ਵੀ ਘਟਣ ਲੱਗ ਪਈਮਨੋਚਿਕਤਸਕ ਮਾਹਿਰ ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਡਿਮੈਨਸ਼ੀਆ ਨਾਂਅ ਦਾ ਰੋਗ ਲੱਗ ਗਿਆ ਸੀ, ਜਿਸਨੇ ਉਨ੍ਹਾਂ ਦੇ ਖਾਣ ਪੀਣ, ਚੱਲਣ ਫਿਰਨ ਅਤੇ ਬੋਲਣ ਦੀਆਂ ਕਿਰਿਆਵਾਂ ਨੂੰ ਸੀਮਤ ਕਰਕੇ ਸਰੀਰ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ। ਕੁਝ ਮਹੀਨੇ ਬਿਸਤਰ ਉੱਤੇ ਰਹਿਣ ਤੋਂ ਬਾਅਦ ਅਖੀਰ 18 ਸਤੰਬਰ ਨੂੰ (ਭਾਰਤ ਵਿੱਚ ਤਰਕਸ਼ੀਲ ਲਹਿਰ ਦੇ ਬਾਨੀ ਡਾ. ਕਾਵੂਰ ਦੀ 43ਵੀਂ ਬਰਸੀ ਦੇ ਦਿਨ) ਉਹ ਅਚਾਨਕ ਦਿਲ ਦੇ ਦੌਰੇ ਕਾਰਨ ਸਦੀਵੀ ਵਿਛੋੜਾ ਦੇ ਗਏਅਜੇ ਕੁਝ ਦਿਨ ਪਹਿਲਾਂ 31 ਅਗਸਤ ਨੂੰ ਮੇਰੇ ਸੇਵਾ ਮੁਕਤੀ ਸਮਾਗਮ ਮੌਕੇ ਉਨ੍ਹਾਂ ਨੇ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਮੈਂਨੂੰ ਅਤੇ ਸਮੂਹ ਪਰਿਵਾਰ ਨੂੰ ਆਪਣਾ ਆਸ਼ੀਰਵਾਦ ਦਿੱਤਾ ਸੀ

ਮੇਰੇ ਪਿਤਾ ਸ੍ਰ. ਜੋਗਿੰਦਰ ਸਿੰਘ ਜੀ ਦੀ 23 ਦਸੰਬਰ 1984 ਨੂੰ ਹੋਈ ਅਚਨਚੇਤ ਮੌਤ ਤੋਂ ਬਾਅਦ ਮਾਤਾ ਜੀ ਨੇ ਸਮੁੱਚੇ ਪਰਿਵਾਰ ਨੂੰ ਕਦੇ ਵੀ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਇਸ ਸਦਮੇ ਨੂੰ ਬੜੇ ਹੌਸਲੇ ਨਾਲ ਝੱਲਦਿਆਂ ਸਮੁੱਚੇ ਪਰਿਵਾਰ ਦੀ ਵਧੀਆ ਢੰਗ ਨਾਲ ਪਰਵਰਿਸ਼ ਕੀਤੀਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਅਤੇ ਪਿਛਲੇ 37 ਸਾਲਾਂ ਤੋਂ ਮੇਰੇ ਨਾਲ ਲਗਾਤਾਰ ਰਹਿਣ ਕਰਕੇ ਮਾਤਾ ਜੀ ਨਾਲ ਮੇਰਾ ਬੇਤਹਾਸ਼ਾ ਮੋਹ ਸੀਮੇਰੀ ਜ਼ਿੰਦਗੀ ਵਿੱਚ ਆਏ ਕਈ ਤਰ੍ਹਾਂ ਦੇ ਦੁੱਖ ਸੁੱਖ ਅਤੇ ਸਮੱਸਿਆਵਾਂ ਦੌਰਾਨ ਉਨ੍ਹਾਂ ਨੇ ਮੈਂਨੂੰ ਹੌਸਲਾ ਦੇਣ ਦੇ ਨਾਲ ਨਾਲ ਡਟ ਕੇ ਮੇਰਾ ਸਾਥ ਵੀ ਦਿੱਤਾਪਿਤਾ ਜੀ ਨਾਲ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੇ ਗਰੀਬੀ, ਬਿਮਾਰੀ ਸਮੇਤ ਕਈ ਦੁੱਖ-ਮੁਸੀਬਤਾਂ ਦਾ ਹੱਸਦੇ ਹੋਏ ਮੁਕਾਬਲਾ ਕੀਤਾਉਨ੍ਹਾਂ ਦੇ ਦੱਸਣ ਅਨੁਸਾਰ, ਮੈਂ ਉਦੋਂ ਕੋਈ ਸਵਾ ਮਹੀਨੇ ਦਾ ਸੀ ਜਦੋਂ ਉਹ ਮੈਂਨੂੰ ਗੰਭੀਰ ਅਵਸਥਾ ਵਿੱਚ ਲੈ ਕੇ ਅੰਮ੍ਰਿਤਸਰ ਦੇ ਬੱਚਿਆਂ ਦੇ ਸਰਕਾਰੀ ਹਸਪਤਾਲ ਵਿੱਚ ਪੂਰਾ ਇੱਕ ਮਹੀਨਾ ਮੇਰਾ ਇਲਾਜ ਕਰਾਉਂਦੇ ਰਹੇ ਜ਼ਾਹਿਰ ਹੈ ਕਿ ਜੇ ਅੱਜ ਮੈਂ ਜਿਊਂਦਾ ਹਾਂ ਤਾਂ ਇਹ ਮੇਰੀ ਮਾਤਾ ਜੀ ਦੀ ਕੁਰਬਾਨੀ ਸਦਕਾ ਹੀ ਹੈ

ਮੈਂ ਆਪਣੀ ਹੋਸ਼ ਸੰਭਾਲਣ ਤੋਂ ਬਾਅਦ ਮਾਤਾ ਜੀ ਨੂੰ ਹਮੇਸ਼ਾ ਘਰੇਲੂ ਕੰਮ ਕਰਦਿਆਂ ਹੀ ਵੇਖਿਆ ਹੈਨੂੰਹਾਂ-ਪੁੱਤਾਂ ਦੇ ਹੁੰਦਿਆਂ ਉਨ੍ਹਾਂ ਦਾ 87 ਸਾਲ ਦੀ ਉਮਰੇ ਲਗਾਤਾਰ ਕੰਮ ਕਰਨਾ ਸਾਨੂੰ ਠੀਕ ਨਹੀਂ ਸੀ ਲੱਗਦਾਇਸੇ ਵਜ੍ਹਾ ਕਰਕੇ ਅਕਸਰ ਸਾਡੀ ਉਨ੍ਹਾਂ ਨਾਲ ਕਹਾ ਸੁਣੀ ਵੀ ਹੋ ਜਾਂਦੀ ਪਰ ਉਹ ਇਹ ਬਹਾਨਾ ਬਣਾ ਕੇ ਕਿ ਛੋਟਾ ਮੋਟਾ ਕੰਮ ਕਰਨ ਨਾਲ ਉਨ੍ਹਾਂ ਦੇ ਹੱਥ ਪੈਰ ਚਲਦੇ ਰਹਿੰਦੇ ਹਨ, ਸਾਡੀ ਗੱਲ ਨੂੰ ਅਣਸੁਣੀ ਕਰ ਦਿੰਦੇਉਨ੍ਹਾਂ ਨੇ ਆਪਣੀ ਸੱਸ ਸਮੇਤ ਹੋਰਨਾਂ ਕਰੀਬੀ ਰਿਸ਼ਤੇਦਾਰਾਂ ਦੀ ਪੂਰੇ ਤਨ ਮਨ ਨਾਲ ਸੇਵਾ ਕੀਤੀ ਪਰ ਬਿਮਾਰੀ ਦੇ ਆਖਰੀ ਕੁਝ ਮਹੀਨਿਆਂ ਨੂੰ ਛੱਡ ਕੇ ਉਹ ਸਾਰੀ ਉਮਰ ਬੜੀ ਖੁੱਦਾਰੀ ਨਾਲ ਆਪਣਾ ਆਪ ਖੁਦ ਸੰਭਾਲਦੇ ਰਹੇਪੁਰਾਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਮੇਲ ਮਿਲਾਪ ਰੱਖਣਾ ਅਤੇ ਘਰ ਆਏ ਦੀ ਵਧੀਆ ਪ੍ਰਾਹੁਣਚਾਰੀ ਤੇ ਆਦਰ ਮਾਣ ਕਰਨਾ ਉਨ੍ਹਾਂ ਦੇ ਕਿਰਦਾਰ ਦਾ ਇੱਕ ਜ਼ਿਕਰਯੋਗ ਅਤੇ ਅਨਿੱਖੜਵਾਂ ਸੁਭਾਅ ਸੀ

ਸੰਨ 1947 ਵਿੱਚ ਹਿੰਦੋਸਤਾਨ ਦੀ ਵੰਡ ਵੇਲੇ ਧਰਮ ਦੇ ਨਾਂਅ ਹੇਠ ਹੋਏ ਫਿਰਕੂ ਕਤਲੇਆਮ ਦੇ ਅੱਖੀਂ ਵੇਖੇ ਖੌਫ਼ਨਾਕ ਦ੍ਰਿਸ਼ ਯਾਦ ਕਰਕੇ ਉਨ੍ਹਾਂ ਦਾ ਮਨ ਭਰ ਆਉਂਦਾਉਹ ਲਾਹੌਰ ਵਿੱਚ ਆਪਣੇ ਭਰੇ ਭਰਾਏ ਘਰਾਂ ਨੂੰ ਤਾਲੇ ਮਾਰ, ਵੱਢ ਟੁੱਕ ਦੌਰਾਨ ਜਾਨਾਂ ਬਚਾ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਆਏ ਸਨ ਪਰ ਸਾਡੇ ਦਾਦਾ ਜੀ ਨੂੰ ਇਸ ਕਤਲੇਆਮ ਵਿੱਚ ਆਪਣੀ ਜਾਨ ਗਵਾਉਣੀ ਪਈਇਸੇ ਵਜ੍ਹਾ ਕਰਕੇ ਉਨ੍ਹਾਂ ਦਾ ਧਰਮ ਅਤੇ ਰੱਬ ਦੇ ਸੰਕਲਪ ਤੋਂ ਵਿਸ਼ਵਾਸ ਉੱਠ ਗਿਆ ਸੀਘਰ ਵਿੱਚ ਆਉਂਦੇ ਪੰਜਾਬੀ ਅਖਬਾਰ, ਵਿਗਿਆਨਕ ਰਸਾਲਿਆਂ ਅਤੇ ਤਰਕਸ਼ੀਲ ਸਾਹਿਤ ਨੂੰ ਲਗਾਤਾਰ ਪੜ੍ਹਦਿਆਂ ਉਹ ਵਿਗਿਆਨਕ ਸੋਚ ਦੇ ਪੱਕੇ ਧਾਰਨੀ ਬਣ ਗਏ। ਸਮਾਜ ਵਿੱਚ ਵਾਪਰਦੇ ਕਈ ਅਨੈਤਿਕ ਅਤੇ ਗੈਰ ਵਿਗਿਆਨਕ ਵਰਤਾਰਿਆਂ ਸੰਬੰਧੀ ਉਹ ਆਪਣੇ ਵਿਗਿਆਨਕ ਵਿਚਾਰ ਵੀ ਪ੍ਰਗਟ ਕਰਦੇਮਾਤਾ-ਪਿਤਾ ਨੇ ਮੈਂਨੂੰ ਵਿਗਿਆਨਕ ਚੇਤਨਾ ਦੀ ਰੋਸ਼ਨੀ ਵਿਖਾਉਂਦੇ ਹੋਏ ਹਮੇਸ਼ਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜ੍ਹ ਹੌਸਲੇ ਨਾਲ ਲੋਕਪੱਖੀ ਸੰਘਰਸ਼ਸ਼ੀਲ ਲਹਿਰਾਂ ਦੇ ਰਸਤੇ ਉੱਤੇ ਨਿਡਰਤਾ ਨਾਲ ਚੱਲਣ ਲਈ ਪ੍ਰੇਰਿਤ ਕੀਤਾਮਾਤਾ ਜੀ ਜਿੱਥੇ ਮੈਂਨੂੰ ਪਿਤਾ ਜੀ ਦੀ ਉੱਘੇ ਕਮਿਊਨਿਸਟ ਆਗੂ ਸਤਪਾਲ ਡਾਂਗ ਅਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਨਾਲ ਨੇੜਤਾ ਦੀਆਂ ਗੱਲਾਂ ਅਕਸਰ ਸੁਣਾਇਆ ਕਰਦੇ ਸਨ, ਉੱਥੇ ਹੀ ਉਨ੍ਹਾਂ ਨੂੰ ਮੇਰੇ ਤਰਕਸ਼ੀਲ ਲਹਿਰ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋਣ ਦੀ ਬੇਹੱਦ ਖੁਸ਼ੀ ਹੁੰਦੀ ਸੀਉਹ ਕਿਸਾਨ ਅੰਦੋਲਨ ਪ੍ਰਤੀ ਮੋਦੀ ਸਰਕਾਰ ਵੱਲੋਂ ਅਪਣਾਏ ਅੜੀਅਲ ਵਤੀਰੇ ਸੰਬੰਧੀ ਅਕਸਰ ਆਪਣੀ ਫ਼ਿਕਰਮੰਦੀ ਜ਼ਾਹਿਰ ਕਰਦੇ ਸਨਉਨ੍ਹਾਂ ਨੂੰ ਇਸ ਤੱਥ ਦਾ ਅਹਿਸਾਸ ਸੀ ਕਿ ਸਮਾਜ ਵਿਚਲੀਆਂ ਬਦਤਰ ਹਾਲਤਾਂ ਲਈ ਕੋਈ ਅਖੌਤੀ ਪਰਮਾਤਮਾ, ਕਿਸਮਤ ਜਾਂ ਪਿਛਲੇ ਜਨਮ ਦੇ ਕਰਮ ਨਹੀਂ ਬਲਕਿ ਮੌਜੂਦਾ ਪੂੰਜੀਵਾਦੀ, ਲੁਟੇਰਾ ਅਤੇ ਭ੍ਰਿਸ਼ਟ ਢਾਂਚਾ ਜ਼ਿੰਮੇਵਾਰ ਹੈ ਜਿਸਨੂੰ ਜਥੇਬੰਦਕ ਸੰਘਰਸ਼ਾਂ ਰਾਹੀਂ ਬਦਲਿਆ ਜਾ ਸਕਦਾ ਹੈ

ਪਿਤਾ ਜੀ ਦੀ ਬੇਵਕਤ ਮੌਤ ਤੋਂ ਬਾਅਦ ਮਾਤਾ ਜੀ ਦਾ ਅਚਾਨਕ ਸਦੀਵੀ ਵਿਛੋੜਾ ਮੇਰੇ ਅਤੇ ਮੇਰੇ ਸਮੂਹ ਪਰਿਵਾਰ ਲਈ ਅਸਹਿ ਸਦਮਾ ਹੈ ਪਰ ਇਸ ਨੂੰ ਕਿਸੇ ਅਖੌਤੀ ਪ੍ਰਮਾਤਮਾ ਦਾ ਭਾਣਾ ਨਹੀਂ ਮੰਨਿਆ ਜਾ ਸਕਦਾਅਸਲ ਵਿੱਚ ਬਿਮਾਰੀਆਂ, ਹਾਦਸੇ ਅਤੇ ਗੈਰ ਕੁਦਰਤੀ ਮੌਤਾਂ ਲਈ ਕੋਈ ਅਖੌਤੀ ਪ੍ਰਮਾਤਮਾ ਨਹੀਂ ਬਲਕਿ ਇਸ ਲਈ ਮੌਜੂਦਾ ਸਾਮਰਾਜਪੱਖੀ ਅਤੇ ਮਨੁੱਖ ਵਿਰੋਧੀ ਭ੍ਰਿਸ਼ਟ ਰਾਜ ਪ੍ਰਬੰਧ ਹੀ ਜ਼ਿੰਮੇਵਾਰ ਹੈ ਮੈਂਨੂੰ ਬਹੁਤ ਉਮੀਦ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਵਿਹਲੇ ਸਮੇਂ ਵਿੱਚ ਮੈਂ ਆਪਣੇ ਮਾਤਾ ਜੀ ਦੀ ਸਿਹਤ ਦਾ ਹੋਰ ਵੱਧ ਖਿਆਲ ਰੱਖਣ ਦੇ ਨਾਲ ਨਾਲ ਉਨ੍ਹਾਂ ਦੇ ਨਿੱਘੇ ਸਾਥ ਅਤੇ ਸੰਘਣੀ ਛਾਂ ਦਾ ਨਿੱਘ ਹੋਰ ਵੀ ਵੱਧ ਸਮੇਂ ਲਈ ਮਾਣ ਸਕਾਂਗਾ ਪਰ ਸ਼ਾਇਦ ਉਨ੍ਹਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਸੀ ਜਿਸਦਾ ਮੈਂਨੂੰ ਉਮਰ ਭਰ ਅਫਸੋਸ ਰਹੇਗਾਮੈਂ ਅੱਜ ਜ਼ਿੰਦਗੀ ਦੇ ਜਿਸ ਮੁਕਾਮ ਉੱਤੇ ਹਾਂ, ਉਸ ਵਿੱਚ ਮੁੱਖ ਤੌਰ ’ਤੇ ਮੇਰੇ ਮਾਤਾ-ਪਿਤਾ ਅਤੇ ਅਧਿਆਪਕਾਂ ਸਮੇਤ ਮੇਰੀ ਜੀਵਨ ਸਾਥਣ ਦਮਨਜੀਤ ਕੌਰ ਅਤੇ ਸੁਹਿਰਦ ਦੋਸਤਾਂ ਦਾ ਵੱਡਾ ਯੋਗਦਾਨ ਰਿਹਾ ਹੈ

ਕੁਝ ਮਹੀਨੇ ਪਹਿਲਾਂ ਮੇਰੇ ਮਾਤਾ ਜੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਸ਼ੋਕ ਸਮਾਗਮ ਮੌਕੇ ਕੋਈ ਵੀ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਨਾ ਕੀਤੀਆਂ ਜਾਣਇਸੇ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਤੋਂ ਬਗੈਰ ਅਤੇ ਲੱਕੜਾਂ ਦੀ ਥਾਂ ਐੱਲ ਪੀ. ਜੀ. ਦੇ ਰਾਹੀਂ ਕੀਤਾ ਗਿਆ ਅਤੇ ਸ਼ੋਕ ਸਮਾਗਮ ਵੀ ਗੈਰ ਧਾਰਮਿਕ ਕੀਤਾ ਜਾ ਰਿਹਾ ਹੈ ਇੱਥੋਂ ਤਕ ਕਿ ਉਨ੍ਹਾਂ ਦੀ ਅਰਥੀ ਨੂੰ ਮੋਢਾ ਵੀ ਨੂੰਹਾਂ ਅਤੇ ਪੋਤੇ ਪੋਤਰੀਆਂ ਵੱਲੋਂ ਦਿੱਤਾ ਗਿਆ

ਮੈਂਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੇਰੇ ਪਰਿਵਾਰ ਨੇ ਕਿਸੇ ਧਾਰਮਿਕ ਸਥਾਨ ਜਾ ਕੇ ਨੱਕ-ਮੱਥੇ ਰਗੜਨ ਤੇ ਪਾਠ-ਪੂਜਾ ਕਰਨ ਦੀ ਥਾਂ ਆਪਣੇ ਮਾਤਾ ਜੀ ਦਾ ਆਧੁਨਿਕ ਡਾਕਟਰੀ ਇਲਾਜ ਅਤੇ ਸੇਵਾ ਭਾਵ ਨਾਲ ਵੱਧ ਤੋਂ ਵੱਧ ਸਾਂਭ ਸੰਭਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਨੈਤਿਕਤਾ ਅਤੇ ਸੰਘਰਸ਼ ਦੇ ਵਿਖਾਏ ਰਸਤੇ ਉੱਤੇ ਚਲਦੇ ਹੋਏ ਦ੍ਰਿੜ੍ਹਤਾ ਨਾਲ ਅਮਲ ਵੀ ਕੀਤਾ ਹੈਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਮੇਰੇ ਪਰਿਵਾਰ ਨੇ ਮਾਂ ਦੇ ਸਭ ਤੋਂ ਅਹਿਮ ਰਿਸ਼ਤੇ ਦੇ ਮਹੱਤਵ ਅਤੇ ਇਸਦੀ ਕਮੀ ਦੇ ਅਹਿਸਾਸ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਹਮੇਸ਼ਾ ਆਪਣੇ ਦਿਲੋ ਦਿਮਾਗ ਵਿੱਚ ਜੀਵਤ ਰੱਖਿਆ ਹੈਇਸ ਹਕੀਕਤ ਦਾ ਅਹਿਸਾਸ ਹੈ ਕਿ ਸਾਰੇ ਮਾਂ-ਬਾਪ ਉਮਰ ਭਰ ਔਲਾਦ ਦੇ ਨਾਲ ਨਹੀਂ ਨਿਭਦੇ ਹੁੰਦੇ ਪਰ ਉਨ੍ਹਾਂ ਦੇ ਨੈਤਿਕ ਅਤੇ ਵਿਗਿਆਨਕ ਵਿਚਾਰਾਂ ਨੂੰ ਅਮਲੀ ਰੂਪ ਦੇ ਕੇ ਉਨ੍ਹਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨਾ ਸਾਡਾ ਨੈਤਿਕ ਫਰਜ਼ ਬਣਦਾ ਹੈ

ਇਸ ਲਈ ਇਹ ਅਹਿਦ ਕਰਦੇ ਹਾਂ ਕਿ ਕਾਲੇ ਖੇਤੀ ਕਾਨੂੰਨਾਂ ਤੇ ਮੌਜੂਦਾ ਸਾਮਰਾਜਪੱਖੀ ਅਤੇ ਲੋਕ ਵਿਰੋਧੀ ਭ੍ਰਿਸ਼ਟ ਰਾਜ ਪ੍ਰਬੰਧ ਦੇ ਖਿਲਾਫ ਚਲਦੇ ਇਤਿਹਾਸਕ ਕਿਸਾਨ ਅੰਦੋਲਨ ਅਤੇ ਸਮਾਜ ਵਿਚਲੇ ਮਿਹਨਤਕਸ਼ ਵਰਗਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਚੱਲ ਰਹੀਆਂ ਲੋਕਪੱਖੀ ਜਨਤਕ ਸੰਘਰਸ਼ਸ਼ੀਲ ਲਹਿਰਾਂ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਉਂਦੇ ਹੋਏ ਮਾਤਾ-ਪਿਤਾ ਜੀ ਨੂੰ ਸਮੂਹ ਪਰਿਵਾਰ ਅਤੇ ਸਮਾਜ ਦੇ ਚੇਤਿਆਂ ਵਿੱਚ ਪੂਰੇ ਸਤਿਕਾਰ ਨਾਲ ਲਗਾਤਾਰ ਜਿਊਂਦਾ ਰੱਖਿਆ ਜਾਵੇਗਾਮਾਤਾ ਜੀ ਵੱਲੋਂ ਆਪਣੀ ਜ਼ਿੰਦਗੀ ਵਿੱਚ ਸਮਾਜ ਅਤੇ ਪਰਿਵਾਰ ਦੇ ਵਿਕਾਸ ਵਿੱਚ ਪਾਏ ਅਹਿਮ ਯੋਗਦਾਨ ਅਤੇ ਨਿੱਘੀਆਂ ਸਾਂਝਾ ਨੂੰ ਯਾਦ ਕਰਨ ਹਿਤ ਇੱਕ ਗੈਰ ਧਾਰਮਿਕ ਸ਼ੋਕ ਸਮਾਗਮ ਪਸ਼ੌਰੀਆ ਹਾਲ, ਕੋਰਟ ਰੋਡ, ਅੰਮ੍ਰਿਤਸਰ ਵਿਖੇ 29 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤਕ ਕੀਤਾ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3047)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਮੀਤ ਸਿੰਘ

ਸੁਮੀਤ ਸਿੰਘ

Amritsar, Punjab, India.
Phone: (91 - 76960 - 30173)
Email: (sumeetasr61@gmail.com)