SatpalSJohal7“ਇਕ ਠੱਗ ਨੇ ਆਪਣੀ ਭੈਣ ਨੂੰ ਵੀ ਠੱਗਿਆ! ..."
(ਮਈ 25,2016)

 

ਭਾਰਤ ਵਿੱਚ ਵੀ ਸਰਗਰਮ ਹਨ ਇਨਕਮ ਟੈਕਸ ਅਤੇ ਏਟੀਐਮ ਦੇ ਫਰਾਡੀਏ

ਇਨਕਮ ਟੈਕਸ ਅਤੇ ਇੰਮੀਗ੍ਰੇਸ਼ਨ ਦੇ ਅਧਿਕਾਰੀਆਂ ਵਜੋਂ ਲੋਕਾਂ ਨੂੰ ਟੈਲੀਫੋਨ ਕਰਕੇ ਰਕਮਾਂ ਠੱਗਣ ਦੇ ਕੈਨੇਡਾ ਵਿਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪੁਲਿਸ ਵਲੋਂ ਲੋਕਾਂ ਨੂੰ ਠੱਗਾਂ ਦੇ ਟੈਲੀਫੋਨਾਂ ਤੋਂ ਖਬਰਦਾਰ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ। ਰੈਵਨਿਊ ਕੈਨੇਡਾ ਅਤੇ ਇੰਮੀਗ੍ਰੇਸ਼ਨ/ਸਿਟੀਜ਼ਨਸ਼ਿਪ ਮੰਤਰਾਲੇ ਨੇ ਆਪਣੀਆਂ ਸਫਾਈਆਂ ਦਿੱਤੀਆਂ ਹਨ ਕਿ ਉਨ੍ਹਾਂ ਦੇ ਅਧਿਕਾਰੀ ਲੋਕਾਂ ਨੂੰ ਟੈਲੀਫੋਨ ਕਰਕੇ ਕਦੇ ਪੈਨਿਕ’ ਨਹੀਂ ਕਰਦੇ ਅਤੇ ਇਕ ਦਮ ਪੈਸੇ ਭਰਨ ਲਈ ਦਬਾ ਨਹੀਂ ਪਾਇਆ ਜਾਂਦਾ। ਇਸੇ ਦੌਰਾਨ ਠੱਗ/ਠੱਗਣੀਆਂ ਨੂੰ ਨੱਥ ਪਾਉਣ ਲਈ ਕੈਨੇਡਾ ਅਤੇ ਅਮਰੀਕਾ ਵਿਚ ਪੁਲਿਸ ਵੀ ਆਪਣੇ ਕੰਮੀਂ ਲੱਗੀ ਹੋਈ ਹੈਅਮਰੀਕਾ ਵਿੱਚ ਤਾਂ ਕੁਝ ਠੱਗ/ਠੱਗਣੀਆਂ ਨੂੰ ਸਖਤ ਸਜ਼ਾਵਾਂ ਵੀ ਹੋਈਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਜ਼ਾਵਾਂ ਦੇ ਭਾਗੀ ਬਣ ਰਹੇ/ਰਹੀਆਂ ਠੱਗ/ਠੱਗਣੀਆਂ ਭਾਰਤੀ ਪਰਵਾਸੀ ਨਿਕਲ ਰਹੇ/ਰਹੀਆਂ ਹਨ। ਜੁਲਾਈ 2015 ਵਿਚ ਪੈਨਸਲਵੇਨੀਆ ਵਿਚ ਰਹਿੰਦੇ ਸਾਹਿਲ ਪਟੇਲ (36) ਨੂੰ ਜੱਜ ਨੇ 14 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਾਹਿਲ ਨੇ ਆਪਣੇ ਕੀਤੇ ਦੀ ਭਰੀ ਅਦਾਲਤ ਵਿੱਚ ਮੁਆਫੀ ਮੰਗੀ ਸੀ ਅਤੇ ਕੈਦ ਭੁਗਤ ਰਿਹਾ ਹੈ। ਉਸ ਨੇ 2011 ਤੋਂ 2013 ਤੱਕ ਅਮਰੀਕਾ ਵਿਖੇ ਲੋਕਾਂ ਨੂੰ ਟੈਲੀਫੋਨ ਕਰਕੇ ਅੱਤ ਚੁੱਕ ਰੱਖੀ ਸੀ। ਉਹ ਇਨਕਮ ਟੈਕਸ ਦਾ ਅਫਸਰ ਬਣ ਕੇ ਪੇਸ਼ ਆਉਂਦਾ ਸੀ ਅਤੇ ਡਰਾਵੇ ਨਾਲ ਇਕ ਮਿਲੀਅਨ ਡਾਲਰ ਠੱਗਣ ਵਿਚ ਕਾਮਯਾਬ ਰਿਹਾ ਸੀ। ਉਸ ਤੋਂ ਵੱਡੀ ਰਕਮ ਮਿਲ ਗਈ, ਜੋ ਜ਼ਬਤ ਕਰ ਲਈ ਗਈ ਹੈ।

ਸਾਹਿਲ ਦੀਆਂ ਤਾਰਾਂ ਭਾਰਤ ਤੋਂ ਫਰਾਡ ਦਾ ਸਕੈਮ ਚਲਾ ਰਹੇ ਇਕ ਗਰੋਹ ਨਾਲ ਜੁੜੀਆਂ ਹੋਈਆਂ ਸਨ। ਗਰੋਹ ਦੇ ਮੈਂਬਰ (ਅਖੌਤੀ ਮਲਟੀ ਨੈਸ਼ਨਲ ਕੰਪਨੀ’ ਦੇ ਸਟਾਫ ਮੈਂਬਰ) ਭਾਰਤ ਤੋਂ ਇੰਟਰਨੈੱਟ ਰਾਹੀਂ ਲੋਕਾਂ ਨੂੰ ਅਮਰੀਕਾ ਵਿਚ ਟੈਲੀਫੋਨ ਕਰਦੇ ਸਨ। ਟੈਲੀਫੋਨ ਸੁਣਨ ਵਾਲੇ ਵਿਅਕਤੀ ਨੂੰ ਇਹ ਪ੍ਰਭਾਵ ਦਿੱਤਾ ਜਾਂਦਾ ਸੀ ਕਿ ਉਸ ਨੂੰ ਅਮਰੀਕਾ ਦੇ ਇਨਕਮ ਟੈਕਸ ਦੇ ਅਧਿਕਾਰੀ ਦਾ ਫੋਨ ਆਇਆ ਹੈ। ਇਹ ਵੀ ਕਿ ਨਿਊ ਯਾਰਕ ਸਥਿਤ ਐਫ.ਬੀ.ਆਈ. ਦੇ ਮੁੱਖ ਦਫਤਰ ਦਾ ਟੈਲੀਫੋਨ ਨੰਬਰ ਡਿਸਪਲੇ ਕੀਤਾ ਜਾਂਦਾ ਸੀ ਅਤੇ ਗ੍ਰਿਫਤਾਰੀ ਦਾ ਡਰਾਵਾ ਦਿੱਤਾ ਜਾਂਦਾ ਸੀ। ਠੱਗਾਂ ਦਾ ਹੌਸਲਾ ਇੰਨਾ ਬੁਲੰਦ ਸੀ ਕਿ ਵੀਕਐਂਡ ਦੌਰਾਨ ਇਨਕਮ ਟੈਕਸ ਵਿਭਾਗ ਜਾਂ ਐਫ.ਬੀ.ਆਈ. ਦੇ ਅਸਲ ਅਫਸਰਾਂ ਨੂੰ ਫੋਨ ਕਰਕੇ ਡਰਾਵੇ ਦਿੰਦੇ ਸਨ। ਸਰਕਾਰੀ ਵਕੀਲ ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਪਟੇਲ ਨੇ ਸੈਂਕੜਿਆਂ ਦੀ ਤਾਦਾਦ ਵਿਚ ਲੋਕਾਂ ਦੇ ਟਰਾਂਸਫਰ ਕੀਤੇ ਪੈਸੇ ਉਗਰਾਹੇ। ਹਰੇਕ ਵਿਅਕਤੀ ਤੋਂ 5000 ਤੋਂ 7000 ਡਾਲਰ ਠੱਗਣੇ ਆਮ ਗੱਲ ਸੀ।

ਠੱਗੀ ਦੀਆਂ ਫੋਨ ਕਾਲਾਂ ਰਾਹੀਂ ਔਰਤਾਂ ਅਤੇ ਸੀਨੀਅਰਾਂ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿਉਂਕਿ (ਠੱਗਾਂ ਦੀ ਸੋਚ ਮੁਤਾਬਿਕ) ਉਨ੍ਹਾਂ ਨੂੰ ਗੱਲਾਂ ਵਿਚ ਲਿਆਉਣਾ ਸੌਖਾ ਹੁੰਦਾ ਸੀਕੈਲੀਫੋਰਨੀਆ, ਨਿਊ ਯਾਰਕ, ਟੈਕਸਾਸ, ਫਲੋਰਿਡਾ, ਵਿਰਜੀਨੀਆ ਸਮੇਤ ਅਮਰੀਕਾ ਦੇ ਲਗਭਗ ਹਰੇਕ ਰਾਜ ਵਿੱਚ ਡਰਾਵੇ ਨਾਲ ਪੈਸੇ ਠੱਗਣ ਲਈ ਫੋਨ ਕੀਤੇ ਜਾਂਦੇ ਰਹੇ। ਵਕੀਲ ਅਨੁਸਾਰ ਪਟੇਲ ਆਪਣਾ 7% ਕਮਿਸ਼ਨ ਕੱਟ ਕੇ ਬਾਕੀ ਰਕਮ ਆਪਣੇ ਆਕਾਵਾਂ ਨੂੰ ਭਾਰਤ ਭੇਜ ਦਿੰਦਾ ਸੀ। ਸਜ਼ਾ ਪੂਰੀ ਹੋਣ ਮਗਰੋਂ ਪਟੇਲ ਭਾਈ ਭਾਰਤ ਡਿਪੋਰਟ ਕੀਤਾ ਜਾਵੇਗਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਟੇਲ ਨੇ ਅਮਰੀਕਾ ਵਸਦੀ ਆਪਣੀ ਸਕੀ ਭੈਣ ਨੂੰ ਵੀ ਨਹੀਂ ਬਖਸ਼ਿਆ। ਉਸ ਦਾ ਟੈਲੀਫੋਨ ਨੰਬਰ ਭਾਰਤ ਵਿਖੇ ਕਾਲ ਸੈਂਟਰ ਵਿਚ ਦੇ ਕੇ ਟੈਲੀਫੋਨ ਕਰਵਾਏ ਅਤੇ ਆਪਣੀ ਭੈਣ ਤੋਂ ਡਰਾਵੇ ਨਾਲ ਠੱਗੀ ਹੋਈ ਰਕਮ ਨਾਲ ਆਪਣਾ ਡੈਬਿਟ ਕਾਰਡ ਚਾਰਜ ਕਰਵਾਇਆ।

ਇਕ ਵੱਖਰੇ ਕੇਸ ਵਿਚ ਅਮਰੀਕੀ ਅਧਿਕਾਰੀਆਂ ਦੀ ਚੌਕਸੀ ਸਦਕਾ ਪਿਛਲੇ ਮਹੀਨੇ ਇਕ ਭਾਰਤੀ ਸਟੂਡੈਂਟ ਲੜਕੀ ਨੂੰ ਅਦਾਲਤ ਤੋਂ ਸਜ਼ਾ ਹੋਈ ਹੈਬੜੀ ਭੋਲੀ ਸੂਰਤ ਵਾਲੀ ਇਹ ਲੜਕੀ ਠੱਗਾਂ ਦੇ ਟੋਲੇ ਨਾਲ ਰਲ਼ ਕੇ ਠੱਗੀਆਂ ਦੀ ਭਾਗੀਦਾਰ ਬਣੀ ਹੋਈ ਸੀ। ਉਸ ਦਾ ਨਾਂ ਨਿਕਿਤਾ ਨਟਵਰਲਾਲ ਪਟੇਲ (25) ਹੈ ਜੋ ਅਸਲ ਨਟਵਰ ਲਾਲ’ ਬਣੀ ਰਹੀ। ਉਸ ਵਿਰੁੱਧ ਅਮਰੀਕਾ ਦੀਆਂ 32 ਸਟੇਟਾਂ ਵਿਚ ਫੋਨਾਂ ਰਾਹੀਂ ਲੋਕਾਂ ਤੋਂ ਇਕ ਲੱਖ ਸੱਤਰ ਹਜ਼ਾਰ ਡਾਲਰ ਦੇ ਕਰੀਬ ਠੱਗਣ ਦਾ ਮੁੱਕਦਮਾ ਚੱਲਿਆ। ਨਿਊ ਜਰਸੀ ਵਿਖੇ ਅਦਾਲਤ ਵਿਚ ਉਸ ਨੇ ਦੋਸ਼ ਮੰਨ ਲਏ ਅਤੇ ਜੇਲ੍ਹ ਕੱਟਣ ਮਗਰੋਂ ਭਾਰਤ ਮੋੜੀ ਜਾ ਚੁੱਕੀ ਹੈ। ਨਿਕਿਤਾ ਠੱਗੀਆਂ ਵਿਚ ਸਰਗਰਮ ਰਹੀ ਜਦ ਕਿ ਉਸਦਾ ਅਮਰੀਕਾ ਰਹਿਣ ਲਈ (ਸਟੂਡੈਂਟ) ਵੀਜ਼ਾ ਮੁੱਕਿਆ ਹੋਇਆ ਸੀ। ਉਹ ਜਿੱਥੋਂ ਸੱਧਰਾਂ ਨਾਲ ਚੱਲ ਕੇ ਅਮਰੀਕਾ ਪੁੱਜੀ ਸੀ ਹੁਣ ਅਮਰੀਕਾ ਦੇ ਇਮੀਗ੍ਰੇਸ਼ਨ ਅਫਸਰਾਂ ਨੇ ਉੱਧਰ ਨੂੰ ਵਾਪਿਸ ਮੋੜ ਦਿੱਤੀ ਹੈ, ਭਾਵ ਉਹ ਗੁਜਰਾਤ ਜਾ ਪੁੱਜੀ ਹੈ।

ਠੱਗੀ ਦੇ ਤੰਤਰ ਵਿਚ ਨਿਕਿਤਾ ਦਾ ਹਿੱਸੇਦਾਰ ਅਕਾਸ਼ ਸਤੀਸ਼ ਪਟੇਲ (32) ਸੀ ਅਤੇ ਸਜ਼ਾ ਭੁਗਤ ਚੁੱਕਣ ਪਿੱਛੋਂ ਉਹ ਵੀ ਭਾਰਤ ਮੋੜਿਆ ਜਾ ਚੁੱਕਾ ਹੈ। ਜਿਸ ਦਿਨ ਸਤੀਸ਼ ਅਤੇ ਨਿਕਿਤਾ ਪੁਲਿਸ ਨੇ ਰੰਗੇ ਹੱਥੀਂ ਦਬੋਚੇ ਸਨ, ਉਸ ਦਿਨ ਉਨ੍ਹਾਂ ਦੀ ਕਾਰ ਵਿੱਚੋਂ ਠੱਗੀ ਦੇ 9000 ਅਤੇ ਅਪਾਰਟਮੈਂਟ ਵਿੱਚੋਂ 11000 ਡਾਲਰ ਕੈਸ਼ ਮਿਲੇ ਸਨ। ਕੁਲ ਮਿਲਾ ਕੇ ਉਨ੍ਹਾਂ ਤੋਂ ਡੇਢ ਲੱਖ ਡਾਲਰ ਮਿਲ ਗਏ ਜੋ ਠੱਗੇ ਗਏ ਲੋਕਾਂ ਨੂੰ ਵਾਪਸ ਦਿੱਤੇ ਗਏ ਹਨ। ਲੋਕਾਂ ਨੂੰ ਡਰਾਵੇ ਦੇ ਕੇ ਟੈਕਸ ਵਗੈਰਾ ਦੇ ਜੋ ਪੈਸੇ ਮੰਗਵਾਉਂਦੇ ਸਨ ਉਹ ਨਿਊ ਜਰਸੀ ਵਿਖੇ ਵੱਖ-ਵੱਖ ਸ਼ਹਿਰਾਂ ਵਿਚ ਮਨੀਗਰਾਮ ਦੀਆਂ ਲੋਕੇਸ਼ਨਾਂ ਤੋਂ (ਵਿੰਸੇਂਟ ਅਰੋੜਾ ਨਾਂ ਹੇਠ) ਵਸੂਲ ਪਾਉਂਦੇ ਰਹੇ। ਸਤੰਬਰ 2015 ਵਿਚ ਪੁਲਿਸ ਨੇ ਉਨ੍ਹਾਂ ਦੀ ਪੈੜ ਦੱਬੀ ਅਤੇ ਅਕਤੂਬਰ ਵਿਚ ਪੈਸਿਆਂ ਦੀਆਂ ਰਸੀਦਾਂ ਸਮੇਤ ਫੜੇ। ਰੋਜ਼ਾਨਾ ਦਰਜਣਾਂ ਅਮਰੀਕਾ ਵਾਸੀ ਲੋਕਾਂ ਨੂੰ ਡਿਪੋਰਟ ਕਰਨ ਦੇ ਡਰਾਵੇ ਨਾਲ ਠੱਗਣ ਵਾਲੇ ਆਪ ਡਿਪੋਰਟ ਹੋ ਗਏ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਠੱਗ/ਠੱਗਣੀ ਨੇ ਪੁਲਿਸ ਨੂੰ ਦੱਸਿਆ ਕਿ ਜਿਨ੍ਹਾਂ ਫੋਨ ਨੰਬਰਾਂ ਤੇ ਉਹ ਫੋਨ ਕਰਦੇ ਸਨ, ਉਹ ਫੋਨ ਨੰਬਰ ਭਾਰਤ ਸਥਿਤ (ਅਮਰੀਕੀ ਕੰਪਨੀਆਂ ਦੇ) ਕਾਲ ਸੈਂਟਰਾਂ ਤੋਂ ਮਿਲਦੇ ਸਨ। ਸੋ, ਅਮਰੀਕਾ ਕੈਨੇਡਾ ਵਿਚ ਕੰਪਨੀਆਂ ਦੇ ਕਸਟਮਰ ਕੇਅਰ ਟੈਲੀਫੋਨ ਨੰਬਰਾਂ ਤੇ ਫੋਨ ਜ਼ਰਾ ਬਚ ਕੇ ਕਰਨ ਦੀ ਲੋੜ ਹੈ ਕਿਉਂਕਿ ਕਾਲ ਸੈਂਟਰ ਵਿਚ ਨੰਬਰ ਪੁੱਜਣ ਤੇ ਠੱਗ ਆਪਣਾ ਦਾਅ ਲਗਾਉਣਾ ਚਾਲੂ ਕਰ ਸਕਦੇ ਹਨ।

ਕੈਨੇਡਾ ਵਿਚ ਇਨਕਮ ਟੈਕਸ ਅਤੇ ਇੰਮੀਗ੍ਰੇਸ਼ਨ ਦੇ ਬਕਾਏ ਭਰਨ ਦੇ ਡਰਾਵੇ ਨਾਲ ਲੋਕਾਂ ਨੂੰ ਠੱਗੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਸੇ ਦੌਰਾਨ ਬਿਜਲੀ ਦੇ ਬਿੱਲ ਭਰਨ ਦੇ ਡਰਾਵੇ ਨਾਲ ਠੱਗੀ ਕੀਤੇ ਜਾਣ ਦੇ ਕੇਸ ਉਜਾਗਰ ਹੋ ਗਏ ਹਨ। ਇਹ ਟੈਲੀਫੋਨ ਸਕੈਮ ਦੋ ਕੁ ਸਾਲਾਂ ਤੋਂ ਚੱਲ ਰਿਹਾ ਹੈਫਰਾਡੀਏ ਘਰਾਂ ਵਿਚ ਫੋਨ ਕਰਦੇ ਅਤੇ ਧਮਕਾਉਂਦੇ ਹਨ ਕਿ ਬਿਜਲੀ ਦਾ ਬਿੱਲ ਭਰਨਾ ਰਹਿੰਦਾ, ਤੁਰੰਤ ਭਰੋ ਨਹੀਂ ਤਾਂ ਬਿਜਲੀ ਕੱਟ ਦਿਆਂਗੇ। ਪੰਜ ਸੌ ਤੋਂ ਵੱਧ ਲੋਕ ਸ਼ਿਕਾਇਤਾਂ ਕਰ ਚੁੱਕੇ ਹਨ ਅਤੇ ਕਈਆਂ ਨੇ ਡਰ ਕੇ ਫਰਾਡੀਆਂ ਨੂੰ ਮਨੀ ਟ੍ਰਾਂਸਫਰ ਵੀ ਕੀਤਾ ਹੈ। ਅਜਿਹੇ ਕੇਸਾਂ ਵਿਚ ਪੁਲਿਸ ਦੀ ਸਲਾਹ ਹੈ ਕਿ ਪੈਸੇ ਭੇਜਣ ਦੀ ਕਾਹਲ ਨਾ ਕੀਤੀ ਜਾਵੇ। ਤੁਰੰਤ ਪੈਸੇ ਟਰਾਂਸਫਰ ਕਰਨ ਵਾਲਾ ਫੋਨ ਆਵੇ ਤਾਂ ਆਖਿਆ ਜਾ ਸਕਦਾ ਕਿ ਬਿਜਲੀ ਕੱਟ ਦਿਓ, ਅਸੀਂ ਨਹੀਂ ਦੇਣੇ ਪੈਸੇ। ਬਚਾਓ ਵਿਚ ਹੀ ਬਚਾ ਹੈ।

ਪਤਾ ਲੱਗ ਰਿਹਾ ਹੈ ਕਿ ਠੱਗੀ ਦਾ ਅਜਿਹਾ ਤੰਤਰ ਦੁਨੀਆਂ ਦੇ ਕਈ ਹੋਰ ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ ਭਾਰਤ ਵੀ ਇਸ ਦੀ ਲਪੇਟ ਵਿਚ ਹੈ। ਭਾਰਤ ਦੇ ਇਨਕਮ ਟੈਕਸ ਵਿਭਾਗ ਨੇ ਲੋਕਾਂ ਦੇ ਧਿਆਨ ਹਿੱਤ ਬਕਾਇਦਾ ਇਕ ਐਡਵਰਟਾਈਜ਼ਮੈਂਟ ਜਾਰੀ ਕੀਤੀ ਹੈ ਜਿਸ ਵਿੱਚ ਇਨਕਮ ਟੈਕਸ ਦਾ ਬਕਾਇਆ ਭਰਨ ਵਾਲੇ ਟੈਲੀਫੋਨ ਨੂੰ ਗੰਭੀਰਤਾ ਨਾਲ ਨਾ ਲੈਣ ਲਈ ਕਿਹਾ ਗਿਆ ਹੈ ਕਿਉਂਕਿ ਕੈਨੇਡਾ ਵਾਂਗ, ਭਾਰਤ ਦੇ ਸਰਕਾਰੀ ਅਧਿਕਾਰੀ ਵੀ ਕਦੇ ਲੋਕਾਂ ਨੂੰ ਇਕ ਦਮ ਪੈਸੇ ਭਰਨ ਲਈ ਜ਼ੋਰਨਹੀਂ ਪਾਉਂਦੇਭਾਰਤ ਵਿਚ ਬੈਂਕ ਦੀਆਂ ਏਟੀਐਮ ਮਸ਼ੀਨਾਂ ਵਿਚ ਚੱਲਣ ਵਾਲਾ ਕਰੈਡਿਟ ਅਤੇ ਡੈਬਿਟ ਕਾਰਡ ਬਲੌਕ ਹੋ ਜਾਣ ਦੇ ਬਹਾਨੇ ਠੱਗ/ਠੱਗਣੀਆਂ ਬੈਂਕ ਵਲੋਂ ਲੋਕਾਂ ਨੂੰ ਫੋਨ ਕਰਨ ਲੱਗੇ ਹੋਏ ਹਨ। ਬਹਾਨੇ ਨਾਲ ਕਾਰਡ ਦੀ ਐਕਸਪਾਇਰੀ ਡੇਟ ਅਤੇ ਮਗਰਲੇ ਪਾਸੇ ਦੇ ਸੀਵੀਵੀ ਨੰਬਰ ਪੁੱਛੇ ਜਾਂਦੇ ਹਨ। ਜਿਹੜੇ ਕਸਟਮਰ ਕਾਹਲੀ ਵਿਚ ਇਹ ਜਾਣਕਾਰ ਠੱਗਾਂ ਨੂੰ ਦੇ ਦਿੰਦੇ ਹਨ, ਉਨ੍ਹਾਂ ਦੇ ਖਾਤੇ ਸਾਫ ਕਰ ਦਿੱਤੇ ਜਾਂਦੇ।

ਅਮਰੀਕਾ ਵਿਚ ਚੰਦ ਚਾੜ੍ਹਨ ਵਾਲੇ ਮੁਜ਼ਰਿਮ ਤਾਂ ਆਪੋ ਆਪਣੇ ਦੇਸ਼ਾਂ ਵੱਲ ਸਾਰਾ ਸਾਲ ਮੋੜੇ ਜਾਂਦੇ ਰਹਿੰਦੇ ਹਨ। ਕੈਨੇਡਾ ਵਿਚ ਵੀ ਇਹ ਵਰਤਾਰਾ ਜਾਰੀ ਹੈ। ਪਰ ਧਿਆਨਦੇਣ ਯੋਗ ਗੱਲ ਇਹ ਵੀ ਹੈ ਕਿ ਕੈਨੇਡਾ ਵਿਚ ਜਨਮੇ ਅਤੇ ਵੱਡੇ ਹੋਏ ਕਈ ਲੋਕਾਂ ਨੂੰ ਵੀ ਇੱਥੇ ਭੱਲ ਨਹੀਂ ਪਚਦੀ। ਲੰਘੀ 17 ਅਪਰੈਲ ਨੂੰ ਬਰੈਂਪਟਨ ਵਿਚ ਇਕ ਮੁੰਡੇ ਨੂੰ ਦਾਤਰ ਨਾਲ ਡਰਾਉਣ ਵਾਲਾ ਲਵਜੀਤ ਬੈਂਸ ਚਾਰਜ ਕੀਤਾ ਗਿਆ ਸੀ। ਬਰੈਮਲੀ ਏਰੀਆ ਦੇ ਪਾਰਕ ਵਿਚ ਦੁਪਹਿਰ ਦੇ ਵਕਤ ਲਵਜੀਤ ਬੈਂਸ (20) ਆਪਣੇ 15 ਸਾਲ ਦੇ ਸਾਥੀ ਨਾਲ ਦਾਤਰ ਲੈ ਕੇ 17 ਸਾਲ ਦੇ ਮੁੰਡੇ ਮਗਰ ਪੈ ਗਿਆ ਸੀ। ਘਬਰਾ ਕੇ ਦੋਵਾਂ ਹਮਲਾਵਰਾਂ ਦੇ ਅੱਗੇ ਲੱਗ ਨੱਸੇ ਜਾਂਦੇ ਮੁੰਡੇ ਦੀ ਮਦਦ ਲਈ ਮੌਕੇ ਦੇ ਇਕ ਗਵਾਹ ਨੇ 911 ਕਾਲ ਕੀਤੀ ਤਾਂ ਦਸਾਂ ਮਿੰਟਾਂ ਵਿਚ ਪੁਲਿਸ ਨੇ ਦੋਵੇਂ ਸ਼ੱਕੀ ਦਬੋਚ ਲਏ ਸਨ। ਉਨ੍ਹਾਂ ਦੀਆਂ ਜ਼ਮਾਨਤਾਂ ਲਈ ਮਾਪਿਆਂ ਨੂੰ ਕਈ ਖਲਜਗਣਾਂ ਵਿੱਚੋਂ ਲੰਘਣਾ ਪਿਆ।

*****

(298)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਤਪਾਲ ਸਿੰਘ ਜੌਹਲ

ਸਤਪਾਲ ਸਿੰਘ ਜੌਹਲ

Brampton, Ontario, Canada.
Email: (nadala.nadala@gmail.com)