Sukirat7ਇਸ ਹਮਲੇ ਪਿੱਛੇ ਉਸ ਸਿਆਸੀ ਪੈਂਤੜੇ ਦਾ ਵੀ ਹੱਥ ਦਿਸਦਾ ਹੈ ਜੋ ਦੇਸ ਵਿਚ ...
(ਮਈ 10, 2016)

 

ਕਿਸਾਨਾਂ ਦੀਆਂ ਲਗਾਤਾਰ ਖੁਦਕੁਸ਼ੀਆਂ, ਖਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਬੇਰੁਜ਼ਗਾਰੀ , ਢਿੱਡ-ਕਾਟਵੀਂ ਮਹਿੰਗਾਈ ਵਰਗੀਆਂ ਸਮੱਸਿਆਵਾਂ ਤਾਂ ਹੁਣ ਇੰਨੇ ਲੰਮੇ ਸਮੇਂ ਤੋਂ ਸਾਹਮਣੇ ਹਨ ਕਿ ਜਾਪਣ ਲੱਗ ਪਿਆ ਹੈ ਕਿ ਇਹ ਸਭ ਕੁਝ ਤਾਂ ਸ਼ਾਇਦ ਸਾਡੇ ਦੇਸ ਦੀ ਹੋਣੀ ਹੀ ਹੈ , ਪਰ ਜਦੋਂ ਦੇਸ ਦਾ ਚੌਥਾ ਹਿੱਸਾ (ਤੇਤੀ ਕਰੋੜ ਲੋਕ) ਭਿਅੰਕਰ ਸੋਕੇ ਦੀ ਮਾਰ ਹੇਠ ਹੋਣ, ਜਿਸ ਸਾਤੇ ਉੱਤਰੀ ਭਾਰਤ ਦਾ ਇਕ ਸੂਬਾ ਜੰਗਲਾਂ ਵਿਚ ਲੱਗ ਰਹੀਆਂ ਅੱਗਾਂ ਨਾਲ ਸਿੱਝ ਰਿਹਾ ਹੋਵੇ, ਉਸ ਸਮੇਂ ਸਾਡੀ ਦੇਸ ਦੀ ਪਾਰਲੀਮੈਂਟ ਇਨ੍ਹਾਂ ਫੌਰੀ ਧਿਆਨ ਮੰਗਦੀਆਂ ਬਿਪਤਾਵਾਂ ਨਾਲ ਸਿੱਝਣ ਵਲ ਮੁਖਾਤਬ ਹੋਣ ਦੀ ਥਾਂ ਕਿਹੋ ਜਿਹੀਆਂ ਬਹਿਸਾਂ ਕਰ ਰਹੀ ਹੈ?

ਕਿ ਭਗਤ ਸਿੰਘ ਨੂੰ ਇਕ ਪਾਠ ਪੁਸਤਕ ਵਿਚ ਇਨਕਾਲਾਬੀ ਆਤੰਕਵਾਦੀਕਿਹਾ ਗਿਆ ਹੈ, ਅਤੇ ਨਾ ਸਿਰਫ਼ ਇਹ ਕਿਤਾਬ ਬੈਨ ਹੋਣੀ ਚਾਹੀਦੀ ਹੈ, ਸਗੋਂ ਦੇਸ ਦੀ ਸਾਰੀ ਸਿੱਖਿਆ ਪ੍ਰਣਾਲੀ ਨੂੰ ਮੁੜ ਤੋਂ ਘੋਖਿਆ ਜਾਣਾ ਚਾਹੀਦਾ ਹੈ।

ਇਸ ਸਵਾਲ ਨੂੰ ਪਾਰਲੀਮੈਂਟ ਵਿਚ ਉਠਾਉਂਦਾ ਹੈ ਇਕ ਮੁਸ਼ਕਲ ਨਾਲ ਬੀ.ਏ. ਪਾਸ, ਕ੍ਰਿਕਟ ਰਾਹੀਂ ਨਾਂਵਾਂ, ਅਤੇ ਛੋਟਾ-ਮੋਟਾ ਨਾਂਅ, ਕਮਾਉਣ ਵਾਲਾ ਸੰਸਦ ਮੈਂਬਰ। ਇਸ ਗੱਲ ਨੂੰ ਲੈ ਕੇ ਹੋਰ ਭੜਕਾਹਟ ਪੈਦਾ ਕੀਤੀ ਜਾਂਦੀ ਹੈ। ਦੇਸ ਦੀ ਆਪੂੰ ਡਿਗਰੀ ਰਹਿਤ ਸਿੱਖਿਆ ਮੰਤਰੀ ਫਟਾਫਟ ਇਸ ਨੂੰ ਭਗਤ ਸਿੰਘ ਦਾ ਅਕਾਦਮਿਕ ਕਤਲਗਰਦਾਨ ਦੇਂਦੀ ਹੈ। ਰਾਜਨੀਤਕ ਹੋੜਬਾਜ਼ੀ ਦੇ ਇਸ ਭਖੇ ਹੋਏ ਤੰਦੂਰ ਵਿਚ ਕਈ ਹੋਰ ਵੀ ਆਪੋ ਆਪਣੇ ਕੱਚੇ-ਪਿੱਲੇ ਆਟੇ ਦਾ ਪੇੜਾ ਥੱਪਣ ਤੁਰ ਪੈਂਦੇ ਹਨ।

ਇਹ ਜਹਾਲਤ, ਕੋਰੀ-ਅਨਪੜ੍ਹਤਾ ਅਤੇ ਭੰਬਲਭੂਸਿਆਂ ਦਾ ਦੌਰ ਹੈ। ਅਤੇ ਇਸੇ ਲਈ ਇਸ ਨੂੰ ਸਮਝਣਾ ਅਤੇ ਇਸ  ਨਾਲ ਸਿੱਝਣਾ ਨਿਹਾਇਤ ਜ਼ਰੂਰੀ ਹੈ।

ਬਹਿਸ ਦਾ ਬਾਇਸ ਬਣੀ ਹੈ 1988 ਵਿਚ ਛਪੀ ਇਤਿਹਾਸ ਦੀ ਪੁਸਤਕ ਭਾਰਤ ਦਾ  ਸੁਤੰਤਰਤਾ ਘੋਲਇਸ ਦੇ ਮੁੱਖ ਲੇਖਕ ਸਤਿਕਾਰਤ ਮਰਹੂਮ ਇਤਿਹਾਸਕਾਰ ਬਿਪਨ ਚੰਦਰ ਹਨ। ਪੁਸਤਕ ਦੇ 39 ਵਿੱਚੋਂ 22 ਅਧਿਆਏ, ਸਮੇਤ ਮੁੱਖ-ਬੰਦ ਦੇਉਨ੍ਹਾਂ ਦੇ ਲਿਖੇ ਹੋਏ ਹਨ। ਪਿਛਲੇ 25 ਸਾਲਾਂ ਤੋਂ ਇਹ ਕਿਤਾਬ ਭਾਰਤੀ ਵਿਸ਼ਵਵਿਦਿਆਲਿਆਂ ਵਿਚ ਸੁਤੰਤਰਤਾ ਸੰਗਰਾਮ ਦੀ ਬਿਹਤਰੀਨ ਅਤੇ ਬਹੁਪੱਖੀ ਇਤਿਹਾਸਕਾਰੀ ਵਜੋਂ ਪੜ੍ਹਾਈ ਜਾਂਦੀ ਹੈ।

ਜਿਸ ਗੱਲ ਤੋਂ ਸਾਡੇ ਨਵ-ਜਨਮੇ ਦੇਸ਼ਭਗਤ ਅਤੇ ਸਵੈ-ਘੋਸ਼ਿਤ ਭਗਤ-ਸਿੰਘੀਏ ਏਡੇ ਲੋਹੇ-ਲਾਖੇ ਹੋ ਗਏ ਹਨ, ਉਹ ਹੈ ਪੁਸਤਕ ਦਾ 20-ਵਾਂ ਕਾਂਡ ਜਿਸਦਾ ਸਿਰਲੇਖ ਹੈ ਭਗਤ ਸਿੰਘ, ਸੂਰਿਆ ਸੇਨ ਅਤੇ ਇਨਕਲਾਬੀ ਆਤੰਕਵਾਦੀ।  ਉਹ ਇਹ ਸਿੱਧ ਕਰਨ ਵਲ ਤੁਰ ਪਏ ਹਨ ਕਿ ਪ੍ਰੋ. ਬਿਪਨ ਚੰਦਰ ਨੇ ਮਹਾਨ ਸ਼ਹੀਦ ਦੀ ਬੇਇੱਜ਼ਤੀ ਕੀਤੀ ਹੈ। ਸੁਬਰਾਮਨੀਅਮ ਸਵਾਮੀ ਨੇ ਤਾਂ ਰਾਜ ਸਭਾ ਵਿਚ ਇੱਥੋਂ ਤਕ ਕਹਿ ਦਿੱਤਾ ਕਿ ਇਹੋ ਜਿਹਾ ਕੰਮ ਪ੍ਰੋ. ਬਿਪਨ ਚੰਦਰ ਨੇ ਇਸ ਲਈ ਕੀਤਾ ਕਿਉਂਕਿ ਉਹ ਕਮਿਊਨਿਸਟ ਸੀ

ਪਹਿਲੋਂ ਗੱਲ ਪ੍ਰੋ. ਬਿਪਨ ਚੰਦਰ ਬਾਰੇ। ਉਹ ਪਹਿਲੇ ਇਤਿਹਾਸਕਾਰ ਸਨ ਜਿਨ੍ਹਾਂ ਨੇ ਭਗਤ ਸਿੰਘ ਅਤੇ ਉਸਦੇ ਇਨਕਲਾਬੀ ਸਾਥੀਆਂ ਨੂੰ ਸਿਰਫ਼ ਜੋਸ਼ੀਲੇ ਅਤੇ ਨਿਡਰ ਨੌਜਵਾਨ ਸੰਗਰਾਮੀਏ ਕਹਿਣ ਦੀ ਥਾਂ, ਉਨ੍ਹਾਂ ਨੂੰ ਗੰਭੀਰ ਚਿੰਤਕਾਂ ਅਤੇ ਵਿਚਾਰਕਾਂ ਵਜੋਂ ਸਥਾਪਤ ਕੀਤਾ। ਪ੍ਰੋ. ਬਿਪਨ ਚੰਦਰ ਹੀ ਉਹ ਇਤਿਹਾਸਕਾਰ ਹਨ ਜਿਨ੍ਹਾਂ ਨੇ 70-ਵਿਆਂ ਦੇ ਸ਼ੁਰੂ ਵਿਚ ਭਗਤ ਸਿੰਘ ਦੀ ਉਦੋਂ ਤਕ ਗੁਆਚ ਚੁੱਕੀ ਲਿਖਤ ਮੈਂ ਨਾਸਤਕ ਕਿਉਂ ਹਾਂਨੂੰ ਨਾ ਸਿਰਫ਼ ਲੱਭਿਆ ਸਗੋਂ ਆਪਣੇ ਖਰਚੇ ਉੱਤੇ ਛਾਪਿਆ ਵੀ। ਨਾ ਸਿਰਫ਼ ਛਾਪਿਆ ਹੀ ਸਗੋਂ ਆਪਣੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਦੀ ਮਦਦ ਨਾਲ ਇਸ ਨੂੰ ਗਲੀ-ਗਲੀ ਜਾ ਕੇ ਵੰਡਿਆ, ਘਰ-ਘਰ ਪੁਚਾਇਆ। ਅਤੇ ਜਦੋਂ ਨੈਸ਼ਨਲ ਬੁੱਕ ਟਰਸਟ ਦੇ ਮੁਖੀ ਬਣੇ ਤਾਂ ਇਸ ਕਿਤਾਬਚੀ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਛਪਵਾਉਣ ਦਾ ਵੀ ਉੱਦਮ ਕੀਤਾ।

ਹੁਣ ਗੱਲ ਇਨਕਾਲਾਬੀ ਆਤੰਕਵਾਦੀਦੀ ਸ਼ਬਦ-ਚੋਣ ਬਾਰੇ। ਪਿਛਲੇ ਕੁਝ ਸਮੇਂ ਤੋਂ ਦੁਨੀਆ ਵਿਚ ਧਾਰਮਕਆਤੰਕਵਾਦ ਦੇ ਛਾ ਜਾਣ ਕਾਰਨ ਇਸਦੇ ਅਜੋਕੇ ਅਰਥ ਕੁਝ ਹੋਰ ਕਿਸਮ ਦਾ ਬਿੰਬ ਪੈਦਾ ਕਰਨ ਲੱਗ ਪਏ ਹਨ, ਪਰ ਰਾਜਨੀਤਕ ਫ਼ਲਸਫ਼ੇ ਵਿਚ ਇਨਕਾਲਾਬੀ ਆਤੰਕਵਾਦੀਦੇ ਅਰਥ ਉਹ ਨਹੀਂ ਜੋ ਆਮ ਬੇਦੋਸ਼ੇ ਲੋਕਾਂ ਨੂੰ ਕਤਲ ਕਰ ਕੇ ਆਪਣੀ ਹੋਂਦ ਸਿੱਧ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਜੋਕੇ ਆਤੰਕਵਾਦ ਨਾਲ ਜੁੜ ਚੁੱਕੇ ਹਨ। ਇਤਿਹਾਸ ਦੇ ਸੰਦਰਭ ਵਿਚ ਪੜਚੋਲਿਆ ਜਾਏ ਤਾਂ ਪਤਾ ਲਗਦਾ ਹੈ ਕਿ ਜ਼ੁਲਮਸ਼ਾਹੀ ਦੀ ਸੱਤਾ ਦੇ ਵਿਰੋਧ ਵਿਚ ਆਤੰਕਨੂੰ ਹਥਿਆਰ ਬਣਾ ਕੇ ਵਰਤਣ ਦੀਆਂ ਪਹਿਲੀਆਂ ਮਿਸਾਲਾਂ ਉਹ ਰੂਸੀ ਇਨਕਲਾਬੀ ਸਨ, ਜਿਨ੍ਹਾਂ ਨੇ ਜ਼ਾਰਸ਼ਾਹੀ ਦੇ ਜਬਰ ਵਿਰੁੱਧ ਲੜਨ ਲਈ ਇਸ ਇਨਕਲਾਬੀ ਸਰਗਰਮੀ ਨੂੰ ਆਪਣੇ ਸਿਆਸੀ ਪੈਂਤੜੇ ਵਜੋਂ ਵਰਤਿਆ ਸੀਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਜੇ ਇਕ ਪਾਸੇ ਗਾਂਧੀ ਜੀ ਦੀ ਅਗਵਾਈ ਹੇਠ ਅਹਿੰਸਾ ਦੀ ਧਾਰਨਾ ਵਾਲਾ ਸ਼ਾਂਤੀਪੂਰਵਕ ਸੰਘਰਸ਼ਸੀ ਤਾਂ ਜੋ ਦੂਜੇ ਪਾਸੇ ਉਨ੍ਹਾਂ ਇਨਕਲਾਬੀ ਆਤੰਕਵਾਦੀਆਂਦਾ ਘੋਲ ਵੀ ਸੀ ਜੋ ਬਰਤਾਨਵੀ ਹਕੂਮਤ ਨੂੰ ਤਕੜੇ ਝਟਕੇ ਦੇਣ ਲਈ ਬੰਦੂਕਾਂ ਅਤੇ ਬੰਬਾਂ ਦੀ ਵਰਤੋਂ ਵਿਚ ਯਕੀਨ ਰਖਦੇ ਸਨ। ਗਦਰੀ ਬਾਬਿਆਂ ਤੋਂ ਲੈ ਕੇ ਭਗਤ ਸਿੰਘ ਤਕ ਸੁਤੰਤਰਤਾ ਸੰਗਰਾਮ ਵਿਚ ਇਸ ਢੰਗ ਨਾਲ ਹਿੱਸਾ ਪਾਉਣ ਵਾਲਿਆਂ ਵਿਚ ਖੁਦੀਰਾਮ ਬੋਸ, ਮਦਨ ਲਾਲ ਢੀਂਗਰਾ, ਰਾਸਬਿਹਾਰੀ ਬੋਸ, ਰਾਮਪ੍ਰਸਾਦ ਬਿਸਮਿਲ, ਅਸ਼ਫ਼ਾਕਉਲਾਹ ਖਾਨ ਅਤੇ ਚੰਦਰਸ਼ੇਖਰ ਆਜ਼ਾਦ  ਵਰਗੇ ਅਜਿਹੇ ਅਨੇਕਾਂ ਇਨਕਾਲਾਬੀ ਆਤੰਕਵਾਦੀਆਂ’ ਦੇ ਨਾਂਅ ਸ਼ਾਮਲ ਹਨ ਜਿਨ੍ਹਾਂ ਦੀ ਦੇਣ ਨੂੰ ਕਿਸੇ ਤਰ੍ਹਾਂ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸਗੋਂ ਇਨ੍ਹਾਂ ਇਨਕਲਾਬੀਆਂ ਦੀ ਦੇਣ ਨੂੰ ਬਣਦੀ ਥਾਂ ਦੁਆਉਣ ਵਾਲੇ ਇਤਹਾਸਕਾਰਾਂ ਵਿਚ ਪ੍ਰੋ. ਬਿਪਨ ਚੰਦਰ ਦੀ ਥਾਂ ਪਰਮੁੱਖ ਹੈ।

ਇਕ ਸ਼ਬਦ ਨੂੰ ਲੈ ਕੇ ਭਾਜਪਾਈ (ਜਿਨ੍ਹਾਂ ਦੇ ਨਾ ਤਾਂ ਪੁਰਖੇ ਕਦੇ ਸੁਤੰਤਰਤਾ ਸੰਗਰਾਮ ਵਿਚ, ਜਾਂ ਇਸਦੀ ਕਿਸੇ ਵੀ ਧਾਰਾ ਵਿਚ ਸ਼ਾਮਲ ਹੋਏ ਅਤੇ ਨਾ ਹੀ ਉਨ੍ਹਾਂ ਕਦੇ ਭਗਤ ਸਿੰਘ ਅਤੇ ਉਸਦੇ ਇਨਕਲਾਬੀ ਸਾਥੀਆਂ ਦੀ ਹਿਮਾਇਤ ਲਈ ਉਸ ਸਮੇਂ ਇਕ ਸ਼ਬਦ ਵੀ ਉਚਾਰਿਆ) ਇੰਨੀਆਂ ਟਾਹਰਾਂ ਕਿਉਂ ਮਾਰ ਰਹੇ ਹਨ? ਜੇ ਉਨ੍ਹਾਂ ਚੀਕ-ਚਿਹਾੜਾ ਪਾਉਣ ਤੋਂ ਪਹਿਲਾਂ ਕਿਤਾਬ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਇਸੇ ਪੁਸਤਕ ਦੇ ਸਫ਼ਾ 142 ਉੱਤੇ ਪ੍ਰੋ. ਬਿਪਨ ਚੰਦਰ ਨੇ ਇਨਕਾਲਾਬੀ ਆਤੰਕਵਾਦੀਦੀ ਪਹਿਲੀ ਵਰਤੋਂ ਕਰਦਿਆਂ ਹੀ ਇਹ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਸ਼ਬਦ ਨੂੰ ਅਸੀਂ ਕਿਸੇ ਵੀ ਨਾਂਹ-ਪੱਖੀ ਲੱਛਣ ਤੋਂ ਮੁਕਤ ਕਰ ਕੇ ਵਰਤ ਰਹੇ ਹਾਂ, ਕਿਉਂਕਿ (ਆਜ਼ਾਦੀ ਘੋਲ ਦੀਆਂ ਦੋ ਧਾਰਾਵਾਂ ਵਿਚ) ਇਸ ਕਿਸਮ ਦੇ ਨਿਖੇੜੇ ਲਈ ਕੋਈ ਹੋਰ ਟਰਮ ਮੌਜੂਦ ਨਹੀਂ

ਪ੍ਰੋ. ਬਿਪਨ ਚੰਦਰ 2014 ਵਿਚ ਸਾਡੇ ਕੋਲੋਂ ਵਿਛੜ ਚੁੱਕੇ ਹਨ ਪਰ ਉਨ੍ਹਾਂ ਦੇ ਇਸ ਸਪਸ਼ਟੀਕਰਨ ਦੇ ਪਰਥਾਏ ਇਕ ਗੱਲ ਹੋਰ ਕਰਨੀ ਬਣਦੀ ਹੈ। ਸਮੇਂ, ਸਥਾਨ ਅਤੇ ਸੰਦਰਭ ਮੁਤਾਬਕ ਸ਼ਬਦਾਂ ਦੇ ਅਰਥ ਅਤੇ ਬਿੰਬ ਬਦਲਣੇ ਸ਼ੁਰੂ ਹੋ ਜਾਂਦੇ ਹਨ। ਪਰ ਕਿਸੇ ਵੀ ਫਲਸਫ਼ੇਦਾਨ, ਇਤਿਹਾਸਕਾਰ ਜਾਂ ਖੋਜੀ ਲਈ ਇਹ ਸੰਭਵ ਨਹੀਂ ਕਿ ਉਹ ਆਪਣੇ ਅਕਾਦਮਿਕ ਕਾਰਜ ਨੂੰ ਸ਼ਬਦਾਂ ਦੇ ਵਕਤੀ ਜਾਂ ਸੀਮਤ ਅਰਥਾਂ ਦੇ ਨੱਕੇ ਵਿੱਚੋਂ ਲੰਘਾ ਕੇ ਸੌੜੀ-ਸਮਝ ਵਾਲੀ ਸ਼ਬਦਾਵਲੀ ਵਿਚ ਹੀ ਘਿਰ ਜਾਵੇ। ਇਸਦੀ ਅਜੋਕੀ ਮਿਸਾਲ ਸ਼ਬਦ ਰੈਡੀਕਲਹੈ। ਚਿਰਾਂ ਤੋਂ ਇਸ ਸ਼ਬਦ ਨੂੰ ਸਿਰੇ ਦੀਆਂ ਖੱਬੀਆਂ ਧਾਰਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਵਰਿਤਆ ਜਾਂਦਾ ਰਿਹਾ ਹੈ। ਰਾਜਨੀਤਕ ਸ਼ਬਦਾਵਲੀ ਵਿਚ ਆਮ ਤੌਰ ਤੇ ਰੈਡੀਕਲਅਤੇ ਲੈਫ਼ਟ’, ਦੋਵੇਂ ਸ਼ਬਦ ਇਕੱਠੇ ਵਰਤੇ ਜਾਂਦੇ ਹਨ, ਅਤੇ ਅਲਟ੍ਰਾ-ਲੈਫ਼ਟ’ (ਸਿਰੇ ਦੀਆਂ ਖੱਬੀਆਂ ਧਿਰਾਂ) ਤੋਂ ਉਲਟ ਇਸ ਸ਼ਬਦ ਰੈਡੀਕਲਨੂੰ ਨਾਂਹ-ਪੱਖੀ ਫਤਵੇਬਾਜ਼ੀ ਤੋਂ ਰਹਿਤ ਮੰਨਿਆ ਜਾਂਦਾ ਰਿਹਾ ਹੈ। ਪਰ, ਹੁਣ, ਪਿਛਲੇ ਕੁਝ ਸਾਲਾਂ ਤੋਂ ਇਸਲਾਮ ਦੇ ਇਕ ਸਿਰੇ ਦੀ ਧਾਰਾ ਕਾਰਨ ਉੱਠੀ ਦਹਿਸ਼ਤਗਰਦੀ ਕਾਰਨ ਅਜਿਹੇ ਲੋਕਾਂ ਨੂੰ ਰੈਡੀਕਲ ਇਸਲਾਮਵਾਲੇ ਕਿਹਾ ਜਾਂਦਾ ਹੈ ਅਤੇ ਰੈਡੀਕਲਸ਼ਬਦ ਨਾਲ ਇਕ ਨਾਂਹ-ਪੱਖੀ ਬਿੰਬ ਜੁੜ ਗਿਆ ਹੈ। ਤਾਂ ਕੀ ਹੁਣ ਇਤਿਹਾਸਕਾਰ ਰੈਡੀਕਲ ਲੈਫ਼ਟਸ਼ਬਦ ਵਰਤਣ ਤੋਂ ਤ੍ਰਹਿਣ ਲੱਗ ਪੈਣ?

ਬਿਲਕੁਲ ਨਹੀਂ। ਕਿਉਂਕਿ ਰੈਡੀਕਲ ਲੈਫ਼ਟਨੂੰ ਉਸ ਭਾਵਨਾ ਨਾਲ ਨਹੀਂ ਜੋੜਿਆ ਜਾ ਸਕਦਾ ਜਿਸਦੀ ਨੁਮਾਇੰਦਗੀ ਰੈਡੀਕਲ ਇਸਲਾਮਦਾ ਜਨੂੰਨੀ ਸਿਰਫ਼ਿਰਾਪਣ ਕਰਦਾ ਹੈ। ਜੇ ਜਾਹਲਾਂ ਨੂੰ ਇਨ੍ਹਾਂ ਨਿਖੇੜਿਆਂ ਦੀ ਸਮਝ ਨਹੀਂ ਤਾਂ ਸਮਝਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹੋ ਜਿਹੇ ਭੰਬਲ਼ਭੂਸਿਆਂ ਪ੍ਰਤੀ ਹੋਰ ਵੀ ਸੁਚੇਤ ਹੋਣ, ਅਤੇ ਹੋਰਨਾਂ ਨੂੰ ਵੀ ਸੁਚੇਤ ਕਰਦੇ ਰਹਿਣ।

ਪਰਪ੍ਰੋ. ਬਿਪਨ ਚੰਦਰ ਦੀ 25 ਸਾਲਾਂ ਤੋਂ ਪੜ੍ਹਾਈ ਜਾਂਦੀ ਇਸ ਪੁਸਤਕ ਵਿਚ ਵਰਤੇ ਇਕ ਸ਼ਬਦ ਬਾਰੇ ਪਾਇਆ ਗਿਆ ਇਹ ਬਖੇੜਾ, ਇਹ ਭੰਬਲਭੂਸਾ ਸ਼ਾਇਦ ਸਿਰਫ਼ ਸਿੱਧੜਾਂ ਦੀ ਸੋਚ ਦਾ ਜਨਾਜ਼ਾ ਨਹੀਂ, ਇਸ ਪਿੱਛੇ ਵਡੇਰੀ ਅਤੇ ਡੂੰਘੇਰੀ ਸਾਜ਼ਿਸ਼ ਵੀ ਹੈ। ਕਿਉਂਕਿ ਇਸ ਝੇੜੇ ਨੂੰ ਹਵਾ ਦੇਣ ਵਾਲਿਆਂ ਵਿਚ ਅਨਪੜ੍ਹ ਕਿਸਮ ਦੇ ਸਾਂਸਦਾਂ ਤੋਂ ਇਲਾਵਾ ਅਮਰੀਕਾ ਤੋਂ ਪੀਐੱਚ.ਡੀ. ਪ੍ਰਾਪਤ ਬਖੇੜਾਬਾਜ਼ ਸੁਬਰਾਮਨੀਅਮ ਸਵਾਮੀ ਵੀ ਸ਼ਾਮਲ ਹੈ। ਇਹ ਉਹੋ ਬੰਦਾ ਹੈ ਜਿਸਨੇ ਕੁਝ ਮਹੀਨੇ ਪਹਿਲਾਂ (ਜਦੋਂ ਅਜੇ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਦੇ ਨਾਂਵਾਂ ਬਾਰੇ ਜੇ.ਐੱਨ.ਯੂ. ਦੇ ਕੈਂਪਸ ਤੋਂ ਬਾਹਰ ਕਿਸੇ ਨੂੰ ਜਾਣਕਾਰੀ ਤਕ ਨਹੀਂ ਸੀ) ਇਹ ਸੁਝਾ ਦਿੱਤਾ ਸੀ ਕਿ ਜੇ.ਐੱਨ.ਯੂ. ਖੱਬੇ-ਪੱਖੀ ਦੇਸ਼-ਦ੍ਰੋਹੀਆਂ ਦਾ ਗੜ੍ਹ ਬਣ ਚੁਕਾ ਹੈ ਅਤੇ ਇਸ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਜਿਸ ਪਾਠ-ਪੁਸਤਕ ਬਾਰੇ ਏਨਾ ਬਖੇੜਾ ਸ਼ੁਰੂ ਕੀਤਾ ਗਿਆ ਹੈ ਨਾ ਸਿਰਫ਼ ਉਸਦੇ ਮੁੱਖ ਲੇਖਕ ਦਾ ਨਾਤਾ ਜੇ.ਐੱਨ.ਯੂ. ਨਾਲ ਸੀ, ਸਗੋਂ ਉਸਦੇ ਹੋਰ ਲੇਖਕ (ਮ੍ਰਿਦੁਲਾ ਅਤੇ ਆਦਿਤਯ ਮੁਖਰਜੀ, ਕੇ.ਐੱਮ. ਪਾਨਿੱਕਰ ਅਤੇ ਸੁਚੇਤਾ ਮਹਾਜਨ) ਵੀ ਇਸੇ ਯੂਨੀਵਰਸਟੀ ਵਿਚ ਪੜ੍ਹਾ ਰਹੇ ਹਨ ਜਾਂ ਪੜ੍ਹਾ ਚੁੱਕੇ ਹਨ। ਸੋ ਇਸ ਹਮਲੇ ਪਿੱਛੇ ਉਸ ਸਿਆਸੀ ਪੈਂਤੜੇ ਦਾ ਵੀ ਹੱਥ ਦਿਸਦਾ ਹੈ ਜੋ ਦੇਸ ਵਿਚ ਬੌਧਿਕਤਾ ਦੇ ਉਸ ਵਾਤਾਵਰਣ ਨੂੰ ਹੀ ਖਤਮ ਕਰ ਦੇਣਾ ਚਾਹੁੰਦਾ ਹੈ ਜੋ ਉਸ ਨੂੰ ਭਗਵੇਂਕਰਨ ਦੀ ਰਾਹ ਦਾ ਸਭ ਤੋਂ ਵੱਡਾ ਰੋੜਾ ਜਾਪਦਾ ਹੈ। ਨਾਲ ਹੀ ਇਹ ਸ਼ੋਰ-ਸ਼ਰਾਬਾ ਆਪਣੇ ਆਪ ਨੂੰ ਭਗਤ ਸਿੰਘ ਦੇ ਅਸਲੀ ਵਾਰਸ ਸਿੱਧ ਕਰਨ ਦੀ ਉਸੇ ਮੁਹਿੰਮ ਦਾ ਵੀ ਹਿੱਸਾ ਹੈ ਜਿਸ ਤਹਿਤ ਕਦੇ ਪਟੇਲ, ਕਦੇ ਸੁਭਾਸ਼ ਚੰਦਰ ਬੋਸ, ਤੇ ਹੁਣੇ ਹੁਣੇ ਅੰਬੇਡਕਰ ਦੇ ਨਾਂਵਾਂ ਨੂੰ ਇੰਜ ਵਰਤਿਆ ਗਿਆ ਹੈ ਜਿਵੇਂ ਉਨ੍ਹਾਂ ਦੇ ਅਸਲੀ ਪੈਰੋਕਾਰ ਇਹ ਹਿੰਦੂਤਵਵਾਦੀ ਹੀ ਰਹੇ ਹੋਣ। ਜਿਸ ਪਾਰਟੀ ਕੋਲ ਸੁਤੰਤਰਤਾ ਸੰਗਰਾਮ ਵਿਚ ਕਿਸੇ ਵੀ ਕਿਸਮ ਦਾ ਹਿੱਸਾ ਪਾਉਣ ਦਾ ਇਤਿਹਾਸ ਨਹੀਂ, ਜਿਸ ਕੋਲ ਆਪਣਾ ਕੋਈ ਨਾਇਕ ਨਹੀਂ, ਉਹ ਹੁਣ ਸੰਦਰਭੋਂ-ਕੱਟੀਆਂ ਦਲੀਲਾਂ ਅਤੇ ਝੂਠੇ ਤੱਥਾਂ ਦਾ ਸਹਾਰਾ ਲੈ ਕੇ ਹੋਰਨਾਂ ਦੇ ਨਾਇਕਾਂ ਨੂੰ ਆਪਣੇ ਸਿੱਧ ਕਰਨ ਦੇ ੳਪਰਾਲਿਆਂ ਵਿਚ ਹੈ।

ਚਲਦੇ-ਚਲਦੇ:

ਦੇਸ ਦੇ ਸਭ ਤੋਂ ਵੱਡੇ, ਅਤੇ ਸਭ ਤੋਂ ਵੱਧ ਤੇਜ਼ੀ ਨਾਲ ਉੱਭਰ ਰਹੇ ਧਾਰਮਕ-ਪੂੰਜੀਵਾਦੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਇਸ਼ਤਿਹਾਰਾਂ ਵਿਚ ਨਾਲ ਹੀ ਇਕ ਅਪੀਲ ਵੀ ਛਾਪੀ ਜਾ ਰਹੀ ਹੈ: ਸਾਰੇ ਵਪਾਰੀਆਂ ਅਤੇ ਗਾਹਕਾਂ ਸਨਮੁਖ ਸਾਡੀ ਨਿਮਰ ਬੇਨਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਅਤੇ ਦਿਲਾਂ ਵਿਚ ਪਤੰਜਲੀ ਦੇ ਉਤਪਾਦਨਾਂ ਨੂੰ ਖਾਸ ਥਾਂ ਦੇਣ। ... ਇਸ ਤਰ੍ਹਾਂ ਅਸੀਂ ਸਾਰੇ ਮਹਾਤਮਾ ਗਾਂਧੀ, ਭਗਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਦੇ ਸਵਦੇਸ਼ੀਦੇ ਸੁਪਨੇ ਨੂੰ ਸਾਕਾਰ ਕਰ ਸਕਾਂਗੇ।

ਗਾਂਧੀ, ਭਗਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਦੇ ਨਾਂਵਾਂ ਦਾ ਇਹੋ ਜਿਹਾ ਵਪਾਰੀਕਰਣ!!!! ਲਾਹਨਤ ਹੈ।

*****

(282)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

   

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author