ShonkiEnglandya7ਕੋਈ ਵੀ ਧਰਮ ਆਪਣੇ ਸਹਿ ਧਰਮੀਆਂ ਨੂੰ ਖਾਰਜ ਨਹੀਂ ਕਰਦਾ ...
(ਮਈ 9, 2016)

 

ਸੰਸਾਰ ਦੇ ਕਈ ਧਰਮਾਂ ਨੂੰ ਆਪਣੀ ਗਿਣਤੀ ਘਟਣ ਦਾ ਫਿਕਰ ਹੈ ਅਤੇ ਉਹ ਆਪਣੀ ਗਿਣਤੀ ਵਧਾਉਣ ਦੀਆਂ ਤਰਕੀਬਾਂ ਘੜਦੇ ਰਹਿੰਦੇ ਹਨ। ਈਸਾਈ ਮਿਸ਼ਨਰੀ ਭਗਵਾਨ ਈਸਾ ਮਸੀਹ ਦਾ ਸੁਨੇਹਾ ਸੰਸਾਰ ਭਰ ਦੇ ਲੋਕਾਂ ਵਿੱਚ ਪਹੁੰਚਾਉਣ ਵਾਸਤੇ ਕਈ ਕਿਸਮ ਦੀ ਸੇਵਾ ਕਰਦੇ ਹਨ, ਜਿਵੇਂ ਮੁਫ਼ਤ ਇਲਾਜ ਲਈ ਹਸਪਤਾਲ ਖੋਲ੍ਹਣੇ, ਸਕੂਲ ਖੋਲ੍ਹਣੇ ਅਤੇ ਅਪਾਹਜਾਂ ਅਤੇ ਬੇਸਹਾਰਾ ਲੋਕਾਂ ਵਾਸਤੇ ਸੇਵਾ ਕੇਂਦਰ ਖੋਲ੍ਹਣੇ। ਯੂਰਪ ਦੀ ਜੰਮਪਲ ਮਦਰ ਟਰੀਸਾ ਨੇ ਸਾਰੀ ਉਮਰ ਕਲਕੱਤਾ ਸ਼ਹਿਰ ਦੀ ਗੰਦੀਆਂ ਗਲੀਆਂ ਵਿੱਚ ਰੁਲ ਰਹੇ ਬੇਸਹਾਰਾ ਲੋਕਾਂ ਨੂੰ ਚੁੱਕ ਚੁੱਕ ਕੇ ਆਪਣੇ ਸੰਭਾਲ ਕੇਂਦਰਾਂ ਵਿੱਚ ਪਨਾਹ ਦਿੱਤੀ ਜਿਸ ਕਾਰਨ ਰੋਮਨ ਕੈਥੋਲਿਕ ਚਰਚ ਨੇ ਉਸ ਨੂੰ ਮੌਤ ਉਪਰੰਤ ਸੰਤਦੀ ਉਪਾਧੀ ਨਾਲ ਨਿਵਾਜਿਆ। ਭਾਰਤ ਨੇ ਮਦਰ ਟਰੀਸਾ ਨੂੰ ਭਾਰਤ ਰਤਨ ਅਵਾਰਡ ਨਾਲ ਨਿਵਾਜਿਆ ਅਤੇ ਮਰਨ ਉਪਰੰਤ ਸਟੇਟ ਫਿਊਨਰਲ ਦਿੱਤਾ। ਮਦਰ ਟਰੀਸਾ ਦੇ ਸੇਵਾ ਕੇਂਦਰ ਜਿਹਨਾਂ ਬੇਸਹਾਰਿਆਂ ਨੂੰ ਸੰਭਾਲਦੇ ਸਨ ਉਹਨਾਂਤੇ ਈਸਾਈ ਬਣਨ ਦੀ ਕੋਈ ਸ਼ਰਤ ਨਹੀਂ ਸੀ ਲਗਾਈ ਜਾਂਦੀ।

ਕਹਿੰਦੇ ਹਨ ਕਿ ਈਸਾਈ ਧਰਮ ਫੈਲਾਉਣ ਵਾਸਤੇ ਮਿਸ਼ਨਰੀਆਂ ਦਾ ਤਾਣਾਬਾਣਾ ਸਾਰੇ ਜਗਤ ਵਿੱਚ ਫੈਲਿਆ ਹੋਇਆ ਹੈ ਅਤੇ ਉਹਨਾਂ ਦੇ ਪ੍ਰਚਾਰ ਦਾ ਸਾਧਨ ਸੇਵਾਹੈ।  ਭਾਵੇਂ ਬੀਤੇ ਵਿੱਚ ਬਸਤੀਵਾਦੀ ਤਾਕਤਾਂ ਨੇ ਸਟੇਟ ਦੀ ਤਾਕਤ ਨੂੰ ਵੀ ਈਸਾਈ ਧਰਮ ਫੈਲਾਉਣ ਵਾਸਤੇ ਵਰਤਿਆ ਸੀ, ਪਰ ਉਹ ਗੱਲ ਪੁਰਾਣੀ ਹੋ ਗਈ ਹੈ।

ਇਸਲਾਮ ਨੂੰ ਫੈਲਾਉਣ ਵਾਸਤੇ ਮੁਸਲਮਾਨ ਕੁਝ ਵੀ ਕਰਨ ਦੀ ਹੱਦ ਤੱਕ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਅਜਿਹਾ ਕਰਨ ਦੀ ਹਦਾਇਤ ਹੈ। ਸ਼ੌਂਕੀ ਦਾ ਇਕ ਮਿੱਤਰ ਕਈ ਸਾਲ ਅਰਬ ਦੇਸ਼ਾਂ ਵਿੱਚ ਰਿਹਾ ਹੈ ਜਿਸ ਕਾਰਨ ਵਧੀਆ ਅਰਬਿਕ ਭਾਸ਼ਾ ਪੜ੍ਹ ਤੇ ਬੋਲ ਲੈਂਦਾ ਹੈ। ਜਵਾਨੀ ਦੇ ਦਿਨਾਂ ਵਿੱਚ ਜਦ ਉਹ ਲੀਬੀਆ ਵਿੱਚ ਕਿਸੇ ਤੇਲ ਦੀ ਕੰਪਨੀ ਨਾਲ ਕੰਮ ਕਰ ਰਿਹਾ ਸੀ ਤਾਂ ਇਕ ਸਥਾਨਕ ਸਹਿ ਕਾਮੇ ਨਾਲ ਉਸ ਦੀ ਨੇੜਤਾ ਹੋ ਗਈ। ਉਹ ਇਸ ਕਾਮੇ ਦੇ ਘਰ ਵੀ ਜਾ ਆਉਂਦਾ ਸੀ। ਇਕ ਵਾਰ ਇਸ ਸਹਿ ਕਾਮੇ ਨੇ ਉਸ ਨੂੰ ਇਸਲਾਮ ਕਬੂਲ ਕਰਨ ਦੀ ਸਲਾਹ ਦਿੱਤੀ। ਅੱਗੋਂ ਉਸ ਨੇ ਗੈਰ-ਸੰਜੀਦਾ ਢੰਗ ਨਾਲ ਆਖ ਦਿੱਤਾ ਕਿ ਅਗਰ ਉਸ ਦਾ ਵਿਆਹ ਕਿਸੇ ਮੁਸਲਮਾਨ ਔਰਤ ਨਾਲ ਹੋ ਜਾਵੇ ਤਾਂ ਉਹ ਮੁਸਲਮਾਨ ਬਣ ਜਾਵੇਗਾ। ਸਹਿ-ਕਾਮਾ ਉਸ ਤੋਂ ਵੱਡਾ ਸੀ ਅਤੇ ਤਿੰਨ ਸ਼ਾਦੀਆਂ ਵਿੱਚੋਂ ਉਸ ਦੇ 7-8 ਬੱਚੇ ਸਨ। ਉਸ ਦੀ ਵੱਡੀ ਲੜਕੀ 18 ਕੁ ਸਾਲਾਂ ਦੀ ਸੀ ਅਤੇ ਉਸ ਨੇ ਝੱਟ ਆਖ ਦਿੱਤਾ ਕਿ ਹਿੰਦੀਨੂੰ ਮੁਸਲਮਾਨ ਬਣਾਉਣ ਵਾਸਤੇ ਉਹ ਆਪਣੀ ਧੀ ਦੇਣ ਨੂੰ ਤਿਆਰ ਹੈ, ਜਿਸ ਨਾਲ ਉਸ ਨੂੰ ਜਨਤ ਨਸੀਬ ਹੋਵੇਗੀ। ਸ਼ੌਂਕੀ ਦੇ ਮਿੱਤਰ ਨੇ ਕੁਝ ਸੋਚਣ ਦਾ ਵਕਤ ਦੇਣ ਦੇ ਬਹਾਨੇ ਮੌਕਾ ਸੰਭਾਲਿਆ ਪਰ ਸਹਿ-ਕਾਮਾ ਉਸ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਚਿਤਾਵਨੀ ਦਿੰਦਾ ਰਿਹਾ ਅਤੇ ਕਈ ਵਾਰ ਸਖ਼ਤ ਗੁੱਸੇ ਵਿੱਚ ਵੀ ਵਿਖਾਈ ਦਿੱਤਾ। ਜਦ ਇਹ ਕਹਾਣੀ ਕੰਪਨੀ ਦੇ ਵੱਡੇ ਅਫਸਰਾਂ ਤੱਕ ਪੁੱਜੀ ਤਾਂ ਉਹ ਭਾਂਪ ਗਏ ਕਿ ਭਾਰਤੀ ਕਾਮੇ ਨੂੰ ਇਸ ਮਾਮਲੇ ਦੀ ਸੰਜੀਦਗੀ ਦਾ ਅਹਿਸਾਸ ਨਹੀਂ ਸੀ, ਜਿਸ ਕਾਰਨ ਵਿਆਹ ਨਾ ਕਰਨ ਦੀ ਸੂਰਤ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਕੰਪਨੀ ਨੇ ਉਸ ਦੀ ਰਾਤੋ ਰਾਤ ਬਦਲੀ ਕਰ ਕੇ ਕਿਸੇ ਦੂਰ ਦੁਰਾਡੇ ਦੇ ਪਲਾਂਟ ਵਿੱਚ ਭੇਜ ਦਿੱਤਾ ਅਤੇ ਭਵਿੱਖ ਵਿੱਚ ਅਜਿਹੀ ਕੁਤਾਹੀ ਕਰਨ ਤੋਂ ਵਰਜਿਆ।

ਅੱਜ ਇਸਲਾਮਿਕ ਸਟੇਟ ਸਿਰਫ਼ ਕੱਟੜ ਸੁੰਨੀ ਮੁਸਲਮਾਨਾਂ ਨੂੰ ਹੀ ਅਸਲੀ ਮੁਸਲਮਾਨ ਮੰਨਦਾ ਹੈ ਅਤੇ ਬਾਕੀ ਸਾਰਿਆਂ ਨੂੰ ਕਾਫ਼ਰ ਗਰਦਾਨ ਕੇ ਮਾਰਿਆ ਜਾ ਰਿਹਾ ਹੈ। ਮੁਸਲਮਾਨ ਅਕਸਰ ਆਪਣੇ ਬੱਚਿਆਂ ਨੂੰ ਗੈਰ ਧਰਮ ਦੇ ਲੋਕਾਂ ਨਾਲ ਵਿਆਹ ਕਰਵਾਉਣ ਤੋਂ ਨਹੀਂ ਵਰਜਦੇ, ਬੱਸ ਇਕ ਸ਼ਰਤ ਰੱਖਦੇ ਹਨ ਕਿ ਜਿਸ ਨਾਲ ਵਿਆਹ ਕਰਵਾਉਣਾ ਹੈ, ਉਸ ਨੂੰ ਪਹਿਲਾਂ ਇਸਲਾਮ ਕਬੂਲ ਕਰਵਾਓ।

ਇਕ ਦਿਨ ਸ਼ੌਂਕੀ ਇਕ ਸਥਾਨਕ ਪੰਜਾਬੀ ਰੇਡੀਓ ਸੁਣ ਰਿਹਾ ਸੀ ਜਿਸ ਵਿੱਚ ਕਨੇਡੀਅਨ ਮੁਸਲਮਾਨਾਂ ਦੀ ਗੱਲ ਹੋ ਰਹੀ ਸੀ। ਇਕ ਪਾਕਿਸਤਾਨੀ ਮੁਸਲਮਾਨ ਜੋ ਅਕਸਰ ਬਹੁਤ ਰੇਡੀਓ ਪ੍ਰੋਗਰਾਮਾਂ ਵਿੱਚ ਬੇਲਗਾਮ ਹੋ ਕੇ ਬੋਲਦਾ ਹੈ, ਲਾਈਨਤੇ ਆ ਗਿਆ। ਕਹਿਣ ਲੱਗਾ ਕਿ ਉਹ ਪਹਿਲਾਂ ਮੁਸਲਮਾਨ ਹੈ ਅਤੇ ਫਿਰ ਕਨੇਡੀਅਨ ਹੈ ਕਿਉਂਕਿ ਇਹ ਉਸ ਦੇ ਧਰਮ ਦੀ ਸ਼ਰਤ ਹੈ। ਮੁਸਲਮਾਨ ਬਣਨ ਵਾਸਤੇ ਸਿਰਫ਼ ਕੁਰਾਨ ਦਾ ਇਕ ਕਲਮਾ ਪੜ੍ਹਨਾ ਪੈਂਦਾ ਹੈ, ਜੋ ਕਹਿੰਦੇ ਹਨ ਕਿ ਪਛਿਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਸਮਾਗਮ ਵਿੱਚ ਪੜ੍ਹ ਲਿਆ ਸੀ।

ਹਿੰਦੂ ਅਤੇ ਯਹੂਦੀ ਅਜਿਹੇ ਵਿਸ਼ਵਾਸ ਹਨ ਜਿਹਨਾਂ ਵਿੱਚ ਧਰਮ ਦਾ ਸਬੰਧ ਜਨਮ ਨਾਲ ਹੈ, ਕਨਵਰਜ਼ਨ ਨਹੀਂ ਹੋ ਸਕਦੀ। ਪਰ ਕੋਈ ਵੀ ਧਰਮ ਆਪਣੇ ਸਹਿ ਧਰਮੀਆਂ ਨੂੰ ਖਾਰਜ ਨਹੀਂ ਕਰਦਾ। ਹਿੰਦੂ ਦੇ ਘਰ ਜੰਮਿਆ ਹਿੰਦੂ, ਯਹੂਦੀ ਦੇ ਘਰ ਜੰਮਿਆ ਯਹੂਦੀ ਅਤੇ ਮੁਸਲਮਾਨ ਦੇ ਘਰ ਜੰਮਿਆ ਆਪਣੇ ਆਪ ਹੀ ਮੁਸਲਮਾਨ ਹੁੰਦਾ ਹੈ। ਮੁਸਲਮਾਨਾਂ ਵਿੱਚ ਤਾਂ ਧਰਮ ਛੱਡਣ ਵਾਲੇ ਨੂੰ ਸਿਰ ਕਲਮ ਕਰਨ ਦੀ ਸਜ਼ਾ ਦਿੱਤੀ ਜਾਂਦੀ ਹੈ।

ਪਰ ਅਫਸੋਸ ਕਿ ਸਿੱਖ ਧਰਮ ਦੇ ਰਾਖਿਆਂ ਨੇ ਸਿੱਖੀ ਨੂੰ ਇੰਨਾ ਸੰਕੀਰਣ ਕਰ ਦਿੱਤਾ ਹੈ ਕਿ ਹੁਣ ਸਿੱਖ ਮਾਪਿਆਂ ਦੇ ਘਰ ਜੰਮਿਆ ਬੱਚਾ ਵਾਲ ਕੱਟਣ ਨਾਲ ਹੀ ਝੱਟ ਗੈਰ ਸਿੱਖ ਬਣ ਜਾਂਦਾ ਹੈ। ਇਸ ਵਿੱਚ ਕਿਰਦਾਰ, ਵਿਸ਼ਵਾਸ ਅਤੇ ਸੇਵਾ ਭਾਵ ਦਾ ਕੋਈ ਸਥਾਨ ਨਹੀਂ ਰਹਿਣ ਦਿੱਤਾ ਗਿਆ, ਬੱਸ ਬਾਹਰੀ ਦਿੱਖ ਹੀ ਫੈਸਲਾ ਸੁਣਾ ਦਿੰਦੀ ਹੈ, ਜਿਸ ਨੂੰ ਹੁਣ ਕਾਨੂੰਨ ਦਾ ਦਰਜਾ ਦੇ ਦਿੱਤਾ ਗਿਆ ਹੈ। ਕਿਰਦਾਰ ਦਾ ਹੁਣ ਕੋਈ ਅਸਰ ਨਹੀਂ ਹੈ। “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।” (ਪੰਨਾ 141) ਤਾਂ ਹੁਣ ਪਾਠ ਦਾ ਹਿੱਸਾ ਹੀ ਰਹਿ ਗਿਆ ਹੈ। ਕੋਈ ਰਿਸ਼ਵਤਖੋਰੀ ਜਿੰਨੀ ਮਰਜ਼ੀ ਕਰੇ, ਹੇਰਾਫੇਰੀ ਕਰੇ, ਤਸਕਰੀ ਕਰੇ, ਨਸ਼ਾਖੋਰੀ ਕਰੇ, … ਠੱਗ ਹੋਵੇ, ਫਰਕ ਕੁਝ ਨਹੀਂ ਪੈਂਦਾ। ਸਿੱਖ ਆਗੂ ਇਕ ਦੂਜੇ ਨੂੰ ਹਰ ਰੋਜ਼ ਉਪਰੋਕਤ ਦੋਸ਼ਾਂ ਦੇ ਭਾਗੀ ਦੱਸਦੇ ਹਨ ਪਰ ਉਹਨਾਂ ਦੀ ਸਿੱਖੀ ਕਾਇਮ ਰਹਿੰਦੀ ਹੈ। ਸਧਾਰਨ ਸਿੱਖ ਤਾਂ ਵਾਲ ਕੱਟਣ ਨਾਲ ਹੀ ਗੈਰ ਸਿੱਖ ਬਣ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਵਾਲ ਨਾ ਕੱਟਣ ਦੀ ਸ਼ਰਤ ਵੀ ਵਿਖਾਵਾ ਮਾਤਰ ਹੀ ਹੈਬੱਸ ਵੱਡੇ ਵਾਲਨਾ ਕੱਟੇ ਹੋਏ ਹੋਣ। ਖਤ ਕੱਢਣ, ਭਰਵੱਟੇ ਕੱਟਣ ਅਤੇ ਢਕੇ ਹੋਏ ਅੰਗਾਂ ਦੇ ਵਾਲ ਕੱਟਣ ਵਾਲਿਆਂ ਨੂੰ ਇਹ ਕਾਨੂੰਨ ਜਾਂ ਅਖੌਤੀ ਸਿੱਖ ਆਗੂ ਕੁਝ ਨਹੀਂ ਕਹਿੰਦੇ।

ਰਾਜ ਸਭਾ ਪਿੱਛੋਂ ਭਾਰਤ ਦੀ ਲੋਕ ਸਭਾ ਨੇ ਵੀ ਗੁਰਦਵਾਰਾ ਐਕਟ ਵਿੱਚ ਸੋਧ ਕਰਨ ਵਾਲਾ ਬਿੱਲ ਬਿਨਾਂ ਬਹਿਸ ਕੀਤਿਆਂ ਹੀ ਪਾਸ ਕਰ ਦਿੱਤਾ ਹੈਇੱਕ ਘੱਟ ਗਿਣਤੀ ਫਿਰਕੇ ਨੂੰ ਕੋਈ ਵੀ ਪਾਰਟੀ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਕੀ ਅਕਾਲੀ ਅਤੇ ਕੀ ਕੱਟੜਪੰਥੀ ਸਭ ਇਸ ਤਬਦੀਲੀ ਦੇ ਹੱਕ ਵਿੱਚ ਹਨ ਅਤੇ ਇਸ ਨੂੰ ਸਿੱਖਾਂ ਵਾਸਤੇ ਜ਼ਰੂਰੀ ਦੱਸ ਰਹੇ ਹਨ। ਹੁਣ ਰਾਸ਼ਟਰਪਤੀ ਦੇ ਦਸਤਖਤਾਂ ਨਾਲ ਹੀ ਭਾਰਤ ਦੇ ਸਿੱਖਾਂ ਦਾ ਵੱਡਾ ਹਿੱਸਾ ਗੈਰ ਸਿੱਖ ਬਣ ਜਾਵੇਗਾ। ਸਿਰਫ਼ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਹੀ 70 ਲੱਖ ਸਿੱਖ ਸਿੱਖੀ ਵਿੱਚੋਂ ਅਲੋਪ ਹੋ ਜਾਣਗੇ ਅਤੇ ਇਨ੍ਹਾਂ 70 ਲੱਖ ਸਿੱਖਾਂ ਤੋਂ ਵੋਟ ਦਾ ਹੱਕ ਖੋਹ ਕੇ ਕੱਛਾਂ ਵਜਾਉਣ ਵਾਲੇ ਅਸਲੀ ਸਿੱਖਅਖਵਾਉਣਗੇ। ਹੁਣ ਮਰਦਮ ਸ਼ੁਮਾਰੀ ਮੌਕੇ ਵੀ ਸਿੱਖ ਦੀ ਇਸ ਨਵੀਂ ਪ੍ਰੀਭਾਸ਼ਾ ਨੂੰ ਹੀ ਵਰਤਿਆ ਜਾਣਾ ਚਾਹੀਦਾ ਹੈ, ਜੋ ਸ਼੍ਰੋਮਣੀ ਕਮੇਟੀ ਵੋਟਾਂ ਵੇਲੇ ਜ਼ਰੂਰੀ ਹੈ।

*****

(281)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)