ShingaraSDhillon7ਇਹ ਲੋਕ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ...
(6 ਜੂਨ 2021)

 

SukhpalKhehra2ਪੰਜਾਬ ਵਿੱਚ ਕਾਂਗਰਸ ਦੀ ਅੰਦਰੂਨੀ ਸਿਆਸੀ ਖਾਨਾਜੰਗੀ ਅਜੇ ਸੁਲਝੀ ਨਹੀਂ, ਹਾਈ ਕਮਾਂਡ ਦੀ ਤਿੰਨ ਮੈਂਬਰੀ ਕਮੇਟੀ ਦਿੱਲੀ ਵਿੱਚ ਅਜੇ ਪਿਛਲੇ ਕਈ ਦਿਨਾਂ ਤੋਂ ਸੁਣਵਾਈ ਕਰ ਰਹੀ ਹੈ ਕਿ ਹੁਣ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਸੀਟ ’ਤੇ ਜਿੱਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਭਦੌੜ ਦੇ ਆਮ ਆਦਮੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਹਲਕਾ ਮੌੜ ਦੇ ਆਮ ਆਦਮੀ ਦੇ ਰੁੱਸੇ ਹੋਏ ਵਿਧਾਕ ਜਗਦੇਵ ਸਿੰਘ ਕਮਾਲੂ ਦੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਕਾਂਗਰਸ ਵਿੱਚ ਬਹੁਤ ਕਾਹਲੀ ਨਾਲ ਕਰਵਾਈ ਸ਼ਮੂਲੀਅਤ ਨੇ ਨਵਾਂ ਸੱਪ ਕੱਢ ਕੇ ਕਾਂਗਰਸ ਅੰਦਰਲੇ ਚੱਲ ਰਹੇ ਕਜੀਏ ਨੂੰ ਨਵਾਂ ਮੌੜ ਦੇ ਦਿੱਤਾ ਹੈਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਰਕੇ ਬੇਸ਼ਕ ਨਵਜੋਤ ਸਿੱਧੂ ਵਰਗੇ ਆਪਣੇ ਵੱਡੇ ਵਿਰੋਧੀਆਂ ਨੂੰ ਗੁੱਠੇ ਲਾਉਣ ਦਾ ਸਿਆਸੀ ਪੈਂਤੜਾ ਖੇਡਿਆ ਹੋਏਗਾ, ਪਰ ਉਸ ਦੇ ਇਸ ਪੈਂਤੜੇ ਦੇ ਕਾਂਗਰਸ ਦੇ ਅੰਦਰ ਅਤੇ ਬਾਹਰ ਵਿਰੋਧ ਹੋਣ ਦੇ ਨਾਲ ਹੀ ਸੁਖਪਾਲ ਖਹਿਰਾ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਏ ਦੂਜੇ ਦੋ ਵਿਧਾਇਕਾਂ ਨੂੰ ਵੀ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ

ਸੋਸ਼ਲ ਮੀਡੀਏ ਉੱਤੇ ਗਰਾਊਂਡ ਜ਼ੀਰੋ ਉੱਤੇ ਇਹਨਾਂ ਉਕਤ ਤਿੰਨਾਂ ਵਿਧਾਇਕਾਂ ਨੂੰ ਲੋਕਾਂ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਅਜਿਹਾ ਕਰਨ ਪਿੱਛੇ ਕੁਝ ਕੁ ਲੋਕ ਇਹ ਵੀ ਸਮਝ ਰਹੇ ਹਨ ਕਿ ਉਹਨਾਂ ਨੇ ਅਜਿਹਾ ਸਿਰਫ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪਿੱਛੇ ਸੁੱਟਣ ਅਤੇ ਪਾਰਟੀ ਦੇ ਅੰਦਰੋਂ ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਦੀਆਂ ਉੱਠ ਰਹੀਆਂ ਅਵਾਜ਼ਾਂ ਨੂੰ ਦਬਾਉਣ ਵਾਸਤੇ ਕੀਤਾ ਹੈ ਕੁਝ ਕੁ ਇਹ ਵੀ ਕਹਿ ਰਹੇ ਹਨ ਕਿ ਇਹ ਪਰਸ਼ਾਂਤ ਕਿਸ਼ੋਰ ਦੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਕੇ ਅਪਣਾਈ ਗਈ ਕੋਈ ਨਵੀਂ ਰਣਨੀਤੀ ਹੈਕਾਰਨ ਕੋਈ ਵੀ ਹੋਵੇ, ਇੱਕ ਗੱਲ ਸਮਝ ਲੈਣੀ ਇਸ ਸਮੇਂ ਬਹੁਤ ਜ਼ਰੂਰੀ ਹੈ ਕਿ ਇਹ 21ਵੀਂ ਸਦੀ, ਸੋਸ਼ਲ ਮੀਡੀਏ ਦਾ ਯੁਗ ਹੈ, ਤੇ ਸੋਸ਼ਲ ਮੀਡੀਆ ਮਿੰਟੋ ਮਿੰਟੀ ਸਭ ਦੇ ਪੋਤੜੇ ਫੋਲ ਦਿੰਦਾ ਹੈਸ਼ਾਇਦ ਇਹੀ ਕਾਰਨ ਹੈ ਪਿਛਲੇ ਦੋ ਕੁ ਦਿਨਾਂ ਤੋਂ ਜਿੱਥੇ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਨਾਲ ਆਪ ਵਿੱਚੋਂ ਕਾਂਗਰਸ ਵਿੱਚ ਸ਼ਾਮਿਲ ਹੋਏ ਦੋ ਹੋਰ ਵਿਧਾਇਕਾਂ ਦੀ ਸੋਸ਼ਲ ਮੀਡੀਏ ਉੱਤੇ ਭਾਰੀ ਕੁੱਤੇਖਾਣੀ ਹੋ ਰਹੀ ਹੈ, ਉਸ ਦੇ ਨਾਲ ਹੀ ਕੈਪਟਨ ਦੁਆਰਾ ਪਿਛਲੀਆਂ ਚੋਣਾਂ ਵੇਲੇ ਕੀਤੇ ਵਾਅਦਿਆਂ ਅਤੇ ਉਸ ਤੋਂ ਬਾਅਦ ਅੱਜ ਤਕ ਬੋਲੇ ਝੂਠ ਅਤੇ ਤੋਲੇ ਗਏ ਕੁਫਰ ਦੀਆਂ ਆਡੀਓ ਵੀਡੀਓ ਟੇਪਾਂ ਵੀ ਸੋਸ਼ਲ ਮੀਡੀਏ ਉੱਤੇ ਇੱਕ ਵਾਰ ਫਿਰ ਤੋਂ ਵਾਇਰਲ ਹੋ ਰਹੀਆਂ ਹਨ

ਉਹ ਸੁਖਪਾਲ ਸਿੰਘ ਖਹਿਰਾ ਜੋ ਕਿ ਬਹੁਤ ਹੀ ਜ਼ਲੀਲ ਹੋ ਕੇ ਕਾਂਗਰਸ ਵਿੱਚੋਂ ਬਾਹਰ ਨਿਕਲਿਆ ਸੀ ਤੇ ਜੋ ਨਿੱਤ ਕਾਂਗਰਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ, ਜਿਸ ਨੇ ਆਪ ਵਲੋਂ ਵਿਰੋਧੀ ਧਿਰ ਦਾ ਨੇਤਾ ਬਣਕੇ ਬਹੁਤ ਹੀ ਖੜਕੇ ਦੜਕੇ ਵਾਲੀ ਭੂਮਿਕਾ ਨਿਭਾ ਕੇ ਜਿੱਥੇ ਕਾਂਗਰਸ ਦੀ ਚੂਲ ਹਿਲਾਈ ਸੀ, ਉੱਥੇ ਪੰਜਾਬ ਦੇ ਲੋਕਾਂ ਵਿੱਚ ਚੰਗਾ ਨਾਮਣਾ ਵੀ ਖੱਟਿਆ ਸੀ ਭਾਵੇਂ ਆਮ ਆਦਮੀ ਪਾਰਟੀ ਨੇ ਉਸ ਨੂੰ ਚਾਹ ਵਿੱਚੋਂ ਮੱਖੀ ਦੀ ਤਰ੍ਹਾਂ ਬਾਹਰ ਕਰ ਦਿੱਤਾ ਸੀ, ਪਰ ਇੱਕ ਵਾਰ ਉਸ ਨੇ ਇਹ ਜ਼ਰੂਰ ਦੱਸ ਦਿੱਤਾ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਅਸਲ ਭੂਮਿਕਾ ਕੀ ਹੁੰਦੀ ਹੈਖਹਿਰੇ ਨੇ ਫਿਰ ਆਪਣੀ ਸਿਆਸੀ ਪਾਰਟੀ ਬਣਾ ਕੇ 2019 ਵਿੱਚ ਲੋਕ ਸਭਾ ਚੋਣ ਵੀ ਲੜੀ ਪਰ ਜ਼ਮਾਨਤ ਜ਼ਬਤ ਹੋਈਉਸ ਉੱਤੇ ਕੁਰਸੀ ਦਾ ਭੁੱਖਾ ਹੋਣ ਦਾ ਇਲਜ਼ਾਮ ਵੀ ਲੱਗਦਾ ਰਿਹਾ, ਪਰ ਉਹ ਇਸ ਇਲਜ਼ਾਮ ਨੂੰ ਹਮੇਸ਼ਾ ਹੀ ਮੁੱਢ ਤੋਂ ਨਕਾਰਦਾ ਰਿਹਾਨਵਜੋਤ ਸਿੱਧੂ, ਬੈਂਸ ਭਰਾਵਾਂ ਅਤੇ ਪਰਗਟ ਸਿੰਘ ਨਾਲ ਵੀ ਉਸ ਨੇ ਸਾਂਝ ਭਿਆਲੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਦਾਲ ਨਾ ਗਲੀ ਪੰਜਾਬ ਕਾਂਗਰਸ ਵਲੋਂ ਉਸ ਨੂੰ ਨਿੱਤ ਨਵੇਂ ਕੇਸਾਂ ਵਿੱਚ ਫਸਾਇਆ ਜਾਂਦਾ ਰਿਹਾ ਜਿਹਨਾਂ ਵਿੱਚੋਂ ਪੰਜ ਸੱਤ ਅਜੇ ਵੀ ਉੱਚ ਅਦਾਲਤਾਂ ਵਿੱਚ ਉਸ ਦੇ ਵਿਰੁੱਧ ਚੱਲ ਰਹੇ ਹਨ

ਕਨਸੋ ਇਹ ਵੀ ਪੈ ਰਹੀ ਹੈ ਕਿ ਸੁਖਪਾਲ ਖਹਿਰੇ ਨੇ ਕਾਂਗਰਸ ਵਿੱਚ ਵਾਪਸੀ ਕੈਪਟਨ ਦੀ ਘੁਰਕੀ ਤੋਂ ਡਰਦੇ ਨੇ ਇਹ ਸੋਚ ਕੇ ਕੀਤੀ ਹੈ ਕਿ ਉਸ ਉੱਤੇ ਚੱਲ ਰਹੇ ਕੇਸ ਵੀ ਖਤਮ ਕਰਵਾ ਦਿੱਤੇ ਜਾਣਗੇ ਤੇ ਅਗਾਮੀ ਚੋਣਾਂ ਵਿੱਚ ਉਸ ਨੂੰ ਕਾਂਗਰਸ ਵਲੋਂ ਟਿਕਟ ਵੀ ਮਿਲ ਜਾਵੇਗੀ

ਇਹ ਵੀ ਸੱਚ ਹੈ ਕਿ ਪੰਜਾਬ ਕਾਂਗਰਸ ਵਿੱਚ ਰਾਣੇ ਗੁਰਜੀਤ ਸਿੰਘ ਵਰਗੇ ਉਸ ਦੇ ਕੱਟੜ ਵਿਰੋਧੀ, ਜਿਹਨਾਂ ਨੂੰ ਖਹਿਰਾ ਫੁੱਟੀ ਅੱਖ ਵੀ ਨਹੀਂ ਭਾਉਂਦਾ, ਵੀ ਬੈਠੇ ਹਨ ਤੇ ਜੋ ਕਦੇ ਵੀ ਪੰਜਾਬ ਦੀ ਸਿਆਸਤ ਵਿੱਚ ਖਹਿਰੇ ਨੂੰ ਉੱਪਰ ਨਹੀਂ ਉੱਠਣ ਦੇਣਗੇ ਇਸਦੇ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਰੁੱਸੇ ਹੋਏ ਆਪ ਵਿਧਾਇਕਾਂ ਨੂੰ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਕਰਕੇ ਆਪਣੇ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਵਿਰੁੱਧ ਸਿਆਸੀ ਪੱਤਾ ਖੇਡਿਆ ਹੈ, ਆਮ ਆਦਮੀ ਪਾਰਟੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਹਾਈ ਕਮਾਂਡ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਜਾਂ ਫਿਰ ਪਰਸ਼ਾਂਤ ਕਿਸ਼ੋਰ ਦੀ ਨਵੀਂ ਰਣਨੀਤੀ ਨੂੰ ਲਾਗੂ ਕੀਤਾ ਹੈ, ਪਰ ਇਹ ਗੱਲ ਪੱਕੀ ਹੈ ਕਿ ਉਹ ਦਿਲੋ ਮਨੋ ਕਦੇ ਵੀ ਖਹਿਰਾ ਅਤੇ ਉਸ ਨਾਲ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਭਲਾ ਨਹੀਂ ਚਾਹੇਗਾ ਇਸਦੇ ਨਾਲ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਡੱਡੂ ਟਪੂਸੀਆਂ ਮਾਰਨ ਵਾਲਾ ਕੋਈ ਵੀ ਸਿਆਸੀ ਨੇਤਾ ਜਿੱਥੇ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ ਉੱਥੇ ਅਜਿਹਾ ਕਰਕੇ ਉਹ ਆਪਣੇ ਸਿਆਸੀ ਭਵਿੱਖ ਦਾ ਆਪਣੇ ਆਪ ਹੀ ਆਤਮਘਾਤ ਵੀ ਕਰ ਲੈਂਦਾ ਹੈਹੋ ਸਕਦਾ ਕੈਪਟਨ ਨੇ ਸੁਖਪਾਲ ਖਹਿਰਾ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਕਾਂਗਰਸ ਵਿੱਚ ਕਾਹਲੀ ਨਾਲ ਸ਼ਾਮਿਲ ਕਰਨ ਵੇਲੇ ਇਸ ਕੂਟਨੀਤੀ ਨੂੰ ਵੀ ਧਿਆਨ ਵਿੱਚ ਰੱਖਿਆ ਹੋਵੇ ਕਿ ਇਸ ਤਰ੍ਹਾਂ ਕਰਨ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ ਜਾਣਗੇਕਹਿਣ ਦਾ ਭਾਵ ਸੱਪ ਵੀ ਮਰ ਜਾਊ ਤੇ ਲਾਠੀ ਵੀ ਬਚੀ ਰਹੂ

ਹੁਣ ਸਵਾਲ ਇਹ ਹੈ ਜੇਕਰ ਉਪਰੋਕਤ ਸਭ ਕੁਝ ਸਹੀ ਹੈ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਨਾਲ ਸ਼ਾਮਿਲ ਹੋਣ ਵਾਲੇ ਦੋ ਹੋਰ ਆਪ ਵਿਧਾਇਕਾਂ ਨੇ ਇੱਡਾ ਵੱਡਾ ਆਤਮਘਾਤੀ ਸਿਆਸੀ ਫੈਸਲਾ ਕਿਉਂ ਲਿਆ? ਇਸ ਸਵਾਲ ਦਾ ਉੱਤਰ ਸਹੀ ਮਾਅਨਿਆਂ ਵਿੱਚ ਜਾਂ ਤਾਂ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀਆ ਕੋਲ ਹੈ ਜਾਂ ਫਿਰ ਅਜੇ ਭਵਿੱਖ ਦੀ ਬੁੱਕਲ ਵਿੱਚ ਹੈਪਰ ਰਿਝ ਰਹੀ ਟੇਢੀ ਖੀਰ ਤੋਂ ਜੋ ਭਾਫ ਨਿਕਲ ਕੇ ਬਾਹਰ ਆ ਰਹੀ ਹੈ, ਉਸ ਤੋਂ ਤਾਂ ਇਹੀ ਪਤਾ ਲੱਗ ਰਿਹਾ ਹੈ ਕਿ ਜਦ ਕਿਸੇ ਦਾ ਮਾੜਾ ਸਮਾਂ ਚੱਲ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸ ਦੀ ਬੁੱਧ ਕੰਮ ਕਰਨੋ ਜਵਾਬ ਦੇ ਜਾਂਦੀ ਹੈ, ਜਿਸ ਕਾਰਨ ਅਜਿਹੇ ਸਮੇਂ ਦਾ ਸ਼ਿਕਾਰ ਵਿਅਕਤੀ ਇੱਕ ਤੋਂ ਬਾਅਦ ਇੱਕ ਲਗਾਤਾਰ ਗਲਤ ਫੈਸਲੇ ਲੈਂਦਾ ਹੈ, ਜਿਸ ਨੂੰ ਸੰਸਕ੍ਰਿਤ ਵਿੱਚ “ਵਿਨਾਸ਼ ਕਾਲ ਵਿਪਰੀਤ ਬੁੱਧੀ” ਵੀ ਕਿਹਾ ਜਾਂਦਾ ਹੈ

ਬੇਸ਼ਕ ਅਜੇ ਭੁਲੱਥ, ਭਦੌੜ ਤੇ ਮੌੜ ਦੇ ਕੁਝ ਕੁ ਲੋਕਾਂ ਨੂੰ ਇਸ ਵੇਲੇ ਇਸ ਤਰ੍ਹਾਂ ਦਾ ਭੁਲੇਖਾ ਵੀ ਲਗਦਾ ਹੋਵੇਗਾ ਕਿ ਸ਼ਾਇਦ ਉਹਨਾਂ ਦੇ ਹਲਕਿਆ ਦੇ ਵਿਧਾਇਕਾਂ ਨੇ ਇਹ ਫੈਸਲਾ ਲੋਕਾਂ ਦੇ ਭਲੇ ਹਿਤ ਲਿਆ ਹੋਵੇ, ਪਰ ਇਸ ਸਮੇਂ ਅਜਿਹਾ ਸੋਚਣ ਵਾਲਿਆਂ ਨੂੰ ਕੈਪਟਨ ਸਰਕਾਰ ਦੀ ਪਿਛਲੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ’ਤੇ ਨਜ਼ਰਸਾਨੀ ਕਰਕੇ ਆਪਣਾ ਉਕਤ ਭੁਲੇਖਾ ਜ਼ਰੂਰ ਦੂਰ ਕਰ ਲੈਣਾ ਚਾਹੀਦਾ ਹੈ

ਹਾਲ ਦੀ ਘੜੀ ਤਾਂ ਇਹੀ ਕਿਹਾ ਜਾ ਸਕਦਾ ਹੈ ਸੁਖਪਾਲ ਸਿੰਘ ਖਹਿਰਾ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਵਿਧਾਇਕਾਂ ਦਾ ਨਾ ਹੀ ਕਾਂਗਰਸ ਪਾਰਟੀ ਨੂੰ ਕੋਈ ਫਾਇਦਾ ਹੈ ਤੇ ਨਾ ਇਸ ਪਾਰਟੀ ਨੇ ਇਹਨਾਂ ਨੂੰ ਕੋਈ ਫਾਇਦਾ ਦੇਣਾ ਹੈਸ਼ਾਮਿਲ ਹੋਣ ਵਾਲੇ ਵਿਧਾਇਕਾਂ ਨੂੰ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਕਾਰਨ ਕੋਈ ਲਾਭ ਮਿਲਣ ਦੀ ਬਜਾਏ ਭਵਿੱਖ ਵਿੱਚ ਉਹਨਾਂ ਦਾ ਵੱਡਾ ਸਿਆਸੀ ਨੁਕਸਾਨ ਹੋਣ ਦਾ ਅੰਦੇਸ਼ਾ, ਜਿਸ ਨਾਲ ਕਿ ਉਹਨਾਂ ਦਾ ਸਿਆਸੀ ਭਵਿੱਖ ਵੀ ਸਮਾਪਤ ਹੋ ਸਕਦਾ ਹੈ, ਇਸ ਵੇਲੇ ਜ਼ਿਆਦਾ ਹੈ

ਦਰਅਸਲ, ਦੋਹਾਂ ਧਿਰਾਂ ਵਲੋਂ ਕਾਹਲੀ ਨਾਲ ਲਿਆ ਗਿਆ ਇਹ ਫੈਸਲਾ ਕਿਸੇ ਦੇ ਵੀ ਹਿਤ ਵਿੱਚ ਨਹੀਂ ਤੇ ਨਾ ਹੀ ਕਿਸੇ ਪੱਖੋਂ ਢੁੱਕਵਾਂ ਜਾਂ ਸੂਝ ਵਾਲਾ ਜਾਪਦਾ ਹੈਕੈਪਟਨ ਦੇ ਇਸ ਫੈਸਲੇ ਦਾ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਉੱਤੇ ਚੰਗਾ ਅਸਰ ਪੈਣ ਦੇ ਅਸਾਰ ਬਹੁਤ ਮੱਧਮ ਹਨਜਿਵੇਂ ਜਿਵੇਂ ਅਗਾਮੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾਵੇਗਾ, ਸਾਰੀ ਸਥਿਤੀ ਸਪਸ਼ਟ ਹੁੰਦੀ ਜਾਵੇਗੀਸੁਖਪਾਲ ਖਹਿਰਾ ਤੇ ਉਸ ਦੇ ਸਾਥੀਆ ਵਲੋਂ ਲਏ ਗਏ ਇਸ ਫੈਸਲੇ ਨੇ ਜਿੱਥੇ ਉਹਨਾਂ ਦੀ ਭਰੋਸੇਸੋਗਤਾ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਇਸਦੇ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਿਆਸੀ ਲੋਕ, ਲੋਕ ਹਿਤਾਂ ਦੀ ਬਜਾਏ ਹਮੇਸ਼ਾ ਹੀ ਨਿੱਜੀ ਹਿਤਾਂ ਨੂੰ ਮੂਹਰੇ ਰੱਖਦੇ ਹਨ ਤੇ ਇਹਨਾਂ ਦਾ ਇੱਕੋ ਨਿਸ਼ਾਨਾ ਕੁਰਸੀ ਦੀ ਚੌਧਰ ਪਰਾਪਤ ਕਰਨਾ ਹੀ ਹੁੰਦਾ ਹੈ ਜਿਸ ਵਾਸਤੇ ਇਹ ਵਾਰ ਵਾਰ ਥੁੱਕ ਕੇ ਚੱਟਦੇ ਹਨ ਤੇ ਆਪਣੇ ਸਿਆਸੀ ਵਿਰੋਧੀਆ ਨਾਲ ਹੱਥ ਮਿਲਾਉਂਦੇ ਹਨ, ਉਹਨਾਂ ਨਾਲ ਘਿਓ ਖਿਚੜੀ ਹੁੰਦੇ ਹਨਇਹ ਲੋਕ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਲੋਕਾਂ ਨੂੰ ਬੁੱਧੂ ਬਣਾਉਂਦੇ ਹਨ, ਉਹਨਾਂ ਵਿੱਚ ਸੇਹ ਦਾ ਤੱਕਲਾ ਗੱਡ ਕੇ, ਆਪ ਰਲ ਮਿਲਕੇ ਸਿਆਸੀ ਰੋਟੀਆਂ ਸੇਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2827)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author