BalrajSidhu7ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਸੈਂਕੜੇ ਸਾਲਾਂ ਤੋਂ ਬਾਦਸ਼ਾਹਾਂਡਿਕਟੇਟਰਾਂਲੁਟੇਰਿਆਂ, ...
(ਅਪਰੈਲ 19, 2016)


ਪਨਾਮਾ ਦੀ ਲਾਅ ਫਰਮ ਮੋਜ਼ਾਕ ਫੌਨਸੇਕਾ ਵਿੱਚ ਟੈਕਸ ਚੋਰਾਂ ਨਾਲ ਸਬੰਧਿਤ ਇੱਕ ਕਰੋੜ ਦਸ ਲੱਖ ਦਸਤਾਵੇਜ਼ਾਂ ਦੀ ਲੀਕ ਨੇ ਸੰਸਾਰ ਦੇ ਅਨੇਕਾਂ ਨੇਤਾਵਾਂ ਅਤੇ ਅਰਬਪਤੀਆਂ ਦੀ ਨੀਂਦ ਉਡਾ ਦਿੱਤੀ ਹੈ। ਕਿਸੇ ਬੇਨਾਮ “ਸਮਾਜ ਸੇਵਕ
ਹੈਕਰ ਨੇ ਇਹ ਦਸਤਾਵੇਜ਼ ਕੰਪਨੀ ਦੇ ਸਰਵਰ ਤੋਂ ਹੈਕ ਕਰਕੇ ਜਰਮਨ ਅਖਬਾਰ ਸੁਏਡੁੱਚ ਜ਼ੀਟੁੰਗ ਦੇ ਹਵਾਲੇ ਕਰ ਦਿੱਤੇ ਹਨ। 76 ਦੇਸ਼ਾਂ ਦੇ ਮਹਾਰਥੀਆਂ ਦੇ ਨਾਮ ਇਸ ਲਿਸਟ ਵਿੱਚ ਸ਼ਾਮਲ ਹਨ। ਹਜ਼ਾਰਾਂ ਕਰੋੜ ਦਾ ਘਪਲਾ ਸਾਹਮਣੇ ਆਇਆ ਹੈ। ਇਸ ਵਿੱਚ ਕਥਿੱਤ ਤੌਰ ’ਤੇ ਅਮਿਤਾਬ ਬੱਚਨ, ਹਰੀਸ਼ ਸਾਲਵੇ, ਨੀਰਾ ਰਾਡੀਆ, ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਈ ਸਹਿਯੋਗੀਆਂ ਦੇ ਨਾਮ ਸ਼ਾਮਲ ਹਨ।

ਆਈਸ ਲੈਂਡ ਦੇ ਪ੍ਰਧਾਨ ਮੰਤਰੀ ਸੀਮੁੰਡਰ ਗੱਨਲਾਉਸਨ ਨੂੰ ਅਸਤੀਫਾ ਦੇਣਾ ਪਿਆ ਹੈਉਸ ਦੀ ਪਤਨੀ ਦੀ ਕੰਪਨੀ ਦਾ ਨਾਮ ਵੀ ਉਸ ਲਿਸਟ ਵਿੱਚ ਸ਼ਾਮਲ ਹੈ। ਉਸ ਦੇ ਕਰੋੜਾਂ ਡਾਲਰ ਦੇ ਲੈਣ ਦੇਣ ਦਾ ਪਤਾ ਲੱਗਾ ਹੈ। ਮੋਜ਼ਾਕ ਫੌਨਸੇਕਾ ਕੰਪਨੀ ਆਪਣੇ ਮੁਵੱਕਿਲਾਂ ਦੀ ਉਹਨਾਂ ਦੇਸ਼ਾਂ ਵਿੱਚ ਬੇਨਾਮੀ ਕੰਪਨੀਆਂ ਖੋਲ੍ਹਣ, ਹਵਾਲੇ ਰਾਹੀਂ ਪੈਸੇ ਭੇਜਣ ਅਤੇ ਟੈਕਸ ਚੋਰੀ ਕਰਨ ਲਈ ਬੈਂਕ ਖਾਤੇ ਖੋਲ੍ਹਣ ਵਿੱਚ ਮਦਦ ਕਰਦੀ ਸੀ, ਜਿੱਥੇ ਟੈਕਸ ਬਹੁਤ ਘੱਟ ਜਾਂ ਨਹੀਂ ਦੇ ਬਰਾਬਰ ਹਨ। ਇਹਨਾਂ ਦੇਸ਼ਾਂ ਵਿੱਚ ਸਵਿੱਟਜ਼ਰਲੈਂਡ, ਕੇਅਮੈਨ ਟਾਪੂ, ਲਕਜ਼ਮਬਰਗ, ਹਾਂਗਕਾਂਗ, ਯੂ.ਐਸ.ਏ ਦੇ ਨੇਵਾਡਾ ਅਤੇ ਵਿਉਮਿੰਗ ਸੂਬੇ, ਸਿੰਗਾਪੁਰ, ਜਰਸੀ ਟਾਪੂ, ਬਹਿਰੀਨ, ਬਾਰਬਾਡੋਸ, ਆਇਜ਼ਲ ਆਫ ਮੈਨ, ਵਰਜਿਨ ਆਈਲੈਂਡ ਅਤੇ ਦੁਬਈ ਸ਼ਾਮਲ ਹਨ। ਸੰਸਾਰ ਦੇ ਬਾਕੀ ਦੇਸ਼ ਇਹਨਾਂ ਦੇਸ਼ਾਂ ਦੇ ਇਸ ਵਰਤਾਰੇ ਕਾਰਨ ਹਰ ਸਾਲ 30 ਅਰਬ ਡਾਲਰ (ਕਰੀਬ 2000 ਅਰਬ ਰੁਪਏ) ਦਾ ਟੈਕਸ ਘਾਟਾ ਸਹਿੰਦੇ ਹਨ।

ਇਹ ਕੰਮ ਬਹੁਤ ਹੀ ਗੁਪਤ ਅਤੇ ਨਿਯੋਜਿਤ ਤਰੀਕੇ ਨਾਲ ਹੁੰਦਾ ਹੈ। ਇਹਨਾਂ ਦੇਸ਼ਾਂ ਵਿੱਚ ਕਾਨੂੰਨੀ ਤਰੀਕੇ ਨਾਲ ਕੰਪਨੀਆਂ ਖੋਲ੍ਹਕੇ ਵੀ ਪੈਸੇ ਭੇਜੇ ਜਾ ਸਕਦੇ ਹਨ ਪਰ ਉਸ ਲਈ ਪਿੱਤਰੀ ਦੇਸ਼ ਵਿੱਚ ਭਾਰੀ ਟੈਕਸ ਅਦਾ ਕਰਨਾ ਪੈਂਦਾ ਹੈ ਜੋ ਟੈਕਸ ਚੋਰਾਂ ਨੂੰ ਮੰਨਜ਼ੂਰ ਨਹੀਂ। ਅਮੀਰ ਬਿਜ਼ਨਸਮੈਨ, ਭ੍ਰਿਸ਼ਟ ਤਾਨਾਸ਼ਾਹ, ਡਰੱਗ ਡੀਲਰ ਅਤੇ ਅੱਤਵਾਦੀ ਜਥੇਬੰਦੀਆਂ ਆਦਿ ਮੋਜ਼ਾਕ ਫੌਨਸੇਕਾ ਵਰਗੀਆਂ ਕੰਪਨੀਆਂ ਦੀਆਂ ਸੇਵਾਵਾਂ ਹਾਸਲ ਕਰਦੀਆਂ ਹਨ। ਇਸ ਕੰਮ ਲਈ ਘੱਟ ਟੈਕਸ ਵਾਲੇ ਉਪਰੋਕਤ ਦੇਸ਼ਾਂ ਵਿੱਚ ਪੂਰੇ ਕਾਨੂੰਨੀ ਤਰੀਕੇ ਨਾਲ ਜਾਅਲੀ ਕੰਪਨੀ ਖੋਲ੍ਹੀ ਜਾਂਦੀ ਹੈ। ਉਹਨਾਂ ਦੇਸ਼ਾਂ ਵਿੱਚ ਇਹ ਗਤੀਵਿਧੀ ਬਿਲਕੁਲ ਜਾਇਜ਼ ਹੈ। ਇਸ ਲਈ ਉੱਥੇ ਦੀਆਂ ਸਰਕਾਰਾਂ ਇਸ ਵੱਲ ਜਾਣ ਬੁੱਝ ਕੇ ਧਿਆਨ ਨਹੀਂ ਦੇਂਦੀਆਂ। ਇਹਨਾਂ ਦੇਸ਼ਾਂ ਦੀ ਆਰਥਿਕਤਾ ਇਸੇ ਕਾਰਨ ਚੱਲਦੀ ਹੈ। ਉੱਥੇ ਅਜਿਹੇ ਪੈਸੇ ’ਤੇ ਕੋਈ ਇਨਕਮ ਟੈਕਸ ਵਗੈਰਾ ਨਹੀਂ ਲੱਗਦਾ। ਇਹ ਜਾਅਲੀ ਕੰਪਨੀ ਕੋਈ ਕੰਮ ਨਹੀਂ ਕਰਦੀ ਸਿਵਾਏ ਪੈਸਾ ਇੱਧਰੋਂ ਉੱਧਰ ਕਰਨ ਦੇ। ਇਸ ਦੇ ਡਾਇਰੈਕਟਰ ਘਾਗ ਵਕੀਲ, ਅਕਾਊਂਟੈਟ, ਇੱਥੋਂ ਤੱਕ ਕਿ ਅਸਲੀ ਕੰਪਨੀ ਦੇ ਵਫਾਦਾਰ ਦਰਜਾ ਚਾਰ ਕਰਮਚਾਰੀ ਹੁੰਦੇ ਹਨ। ਉਹਨਾਂ ਦਾ ਕੰਮ ਸਿਰਫ ਦਸਤਖਤ ਕਰਨਾ ਜਾਂ ਜਾਅਲੀ ਕੰਪਨੀ ਦੇ ਲੈਟਰ ਹੈੱਡ ਉੱਤੇ ਆਪਣੇ ਨਾਮ ਦੇਣਾ ਹੁੰਦਾ ਹੈ। ਇਹਨਾਂ ਦਾ ਦੂਸਰਾ ਨਾਮ ਲੈਟਰ ਬਾਕਸ ਕੰਪਨੀ ਹੈ ਕਿਉਂਕਿ ਚਿੱਠੀਆਂ ਪ੍ਰਾਪਤ ਕਰਨ ਲਈ ਇੱਕ ਐਡਰੈੱਸ ਤੋਂ ਇਲਾਵਾ ਇਹਨਾਂ ਕੋਲ ਹੋਰ ਕੁਝ ਨਹੀਂ ਹੁੰਦਾ।ਪੈਸਾ ਇੱਧਰੋਂ ਉੱਧਰ ਲੈ ਕੇ ਜਾਣ ਲਈ ਬੀਅਰਰ ਸ਼ੇਅਰ ਜਾਂ ਬੀਅਰਰ ਬਾਂਡ ਦੀ ਵਰਤੋਂ ਕੀਤੀ ਜਾਂਦੀ ਹੈ। ਬੀਅਰਰ ਸ਼ੇਅਰ ਜਾਂ ਬੀਅਰਰ ਬਾਂਡ ਜਿਸ ਕੋਲ ਹੋਵੇ ਉਸੇ ਦੀ ਮਾਲਕੀ ਹੁੰਦਾ ਹੈ। ਇਸ ਲਈ ਪਕੜੇ ਜਾਣ ’ਤੇ ਅਰਾਮ ਨਾਲ ਮਾਲਕੀ ਹੋਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।

ਇੱਕ ਬੀਅਰਰ ਸ਼ੇਅਰ ਜਾਂ ਬੀਅਰਰ ਬਾਂਡ ਆਮ ਤੌਰ ’ਤੇ 10000 ਪੌਂਡ/ਡਾਲਰ ਕੀਮਤ ਦਾ ਹੁੰਦਾ ਹੈ। ਇਸ ਲਈ ਇੱਕ ਬਰੀਫਕੇਸ ਵਿੱਚ ਹੀ ਕਰੋੜਾਂ ਪੌਂਡ-ਡਾਲਰ ਆ ਜਾਂਦੇ ਹਨ। ਜਦੋਂ ਕਿਸੇ ਦਾ ਕਾਲਾ ਧੰਨ ਇਹਨਾਂ ਦੇਸ਼ਾਂ ਵਿੱਚ ਪਹੁੰਚ ਜਾਂਦਾ ਹੈ ਤਾਂ ਨਾਮਾਤਰ ਫੀਸ ਤੋਂ ਬਾਅਦ ਸਫੇਦ ਹੋ ਜਾਂਦਾ ਹੈ। ਉਸ ਨਾਲ ਅਰਾਮ ਨਾਲ ਲੰਡਨ-ਪੈਰਿਸ, ਕਿਤੇ ਵੀ ਜਾਇਦਾਦ ਖਰੀਦੀ ਜਾ ਸਕਦੀ ਹੈ। ਜਦੋਂ ਵੀ ਕੋਈ ਦੇਸ਼ ਅਜਿਹੀਆਂ ਗਤੀਵਿਧੀਆਂ ਰੋਕਣ ਲਈ ਕਾਨੂੰਨ ਸਖਤ ਕਰਦਾ ਹੈ ਤਾਂ ਘਾਗ ਵਕੀਲਾਂ-ਅਕਾਊਟੈਂਟਾਂ ਦੀਆਂ ਫੌਜਾਂ ਫੱਟ ਚੋਰ ਮੋਰੀਆਂ ਲੱਭ ਲੈਂਦੀਆਂ ਹਨ।

ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਉਪਰੋਕਤ ਦੇਸ਼ਾਂ ਨੇ ਕੋਈ ਟੈਕਸ ਹੀ ਨਹੀਂ ਲੈਣਾ ਤਾਂ ਉਹ ਅਜਿਹੀਆਂ ਗਤੀਵਿਧੀਆਂ ਕਿਉਂ ਹੋਣ ਦੇਂਦੇ ਹਨ? ਇਸ ਦੇ ਜਵਾਬ ਲਈ ਡੁਬਈ ਦੀ ਅਮੀਰੀ ਵੇਖ ਲੈਣੀ ਚਾਹੀਦੀ ਹੈ। ਟੈਕਸ ਬਹੁਤ ਹੀ ਘੱਟ ਹੋਣ ਕਾਰਨ ਸੰਸਾਰ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਕੰਪਨੀਆਂ ਦੇ ਹੈੱਡਕਵਾਟਰ ਉੱਥੇ ਹਨ। ਘੱਟ ਟੈਕਸ ਦੇ ਬਾਵਜੂਦ ਅਰਬਾਂ ਡਾਲਰ ਟੈਕਸ ਹਰ ਸਾਲ ਆ ਰਿਹਾ ਹੈ। ਕੋਈ ਉਦਯੋਗ ਜਾਂ ਤੇਲ ਨਾ ਹੋਣ ਦੇ ਬਾਵਜੂਦ ਡੁਬਈ ਸੰਸਾਰ ਦੇ ਅਮੀਰ ਤਰੀਨ ਦੇਸ਼ਾਂ ਵਿੱਚ ਆਉਂਦਾ ਹੈ। ਸੰਸਾਰ ਦੇ ਅਨੇਕ ਅਮੀਰ ਆਦਮੀਆਂ ਨੇ ਉੱਥੇ ਘਰ ਤੇ ਜਾਇਦਾਦਾਂ ਖਰੀਦੀਆਂ ਹੋਈਆਂ ਹਨ। ਇਹਨਾਂ ਦੇਸ਼ਾਂ ਦੀਆਂ ਬੈਂਕਾਂ ਵਿੱਚ ਇੱਕ ਨਿਸ਼ਚਿਤ ਰਕਮ ਦੇ ਕੇ ਕੋਈ ਵੀ ਬਹੁਤ ਅਸਾਨੀ ਨਾਲ ਖਾਤਾ ਖੁੱਲ੍ਹਵਾ ਸਕਦਾ ਹੈ। ਬੈਂਕਾਂ ਗਾਹਕ ਦੇ ਖਾਤਿਆਂ ਬਾਰੇ ਬਹੁਤ ਸਖਤ ਗੋਪਨੀਅਤਾ ਵਰਤਦੀਆਂ ਹਨ।

ਭਾਰਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਸਵਿੱਸ ਬੈਂਕਾਂ ਵਿੱਚੋਂ ਕਾਲੇ ਧੰਨ ਦੇ ਖਾਤੇਦਾਰਾਂ ਦੇ ਨਾਮ ਪਤਾ ਨਹੀਂ ਕਰ ਸਕਿਆ। ਚਿੜੀ ਦੀ ਪੂਛ ਜਿੱਡੇ ਕੇਅਮੈਨ ਟਾਪੂ ਦੀ ਕੁੱਲ ਅਬਾਦੀ 60000 ਹੈ ਪਰ ਇੱਥੇ ਦੋ ਲੱਖ ਅੰਤਰਰਾਸ਼ਟਰੀ ਕੰਪਨੀਆਂ ਰਜਿਸਟਰਡ ਹਨ। ਉਸ ਦੀਆਂ ਬੈਂਕਾਂ ਦਾ ਕੁੱਲ ਟਰਨਓਵਰ 2 ਅਰਬ ਡਾਲਰ (134 ਅਰਬ ਰੁਪਏ) ਸਲਾਨਾ ਹੈ। ਇੰਗਲੈਂਡ ਨੇੜਲੇ ਛੋਟੇ ਜਿਹੇ ਟਾਪੂ ਜਰਸੀ ਦੇ ਬੈਂਕਾਂ ਵਿੱਚ ਟੈਕਸ ਚੋਰਾਂ ਦਾ 4500 ਕਰੋੜ ਡਾਲਰ ਕਾਲਾ ਧੰਨ ਜਮ੍ਹਾਂ ਹੈ। ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਸੈਂਕੜੇ ਸਾਲਾਂ ਤੋਂ ਬਾਦਸ਼ਾਹਾਂ, ਡਿਕਟੇਟਰਾਂ, ਲੁਟੇਰਿਆਂ, ਡਰੱਗ ਮਾਫੀਆ ਅਤੇ ਅੱਤਵਾਦੀ ਜਥੇਬੰਦੀਆਂ ਨੇ ਆਪਣੇ ਦੇਸ਼ਾਂ ਦੇ ਖਜ਼ਾਨੇ ਲੁੱਟ ਕੇ ਅਰਬਾਂ-ਖਰਬਾਂ ਡਾਲਰ ਜਮ੍ਹਾਂ ਕਰਵਾਏ ਹੋਏ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਆਪਣਾ ਧੰਨ ਵਾਪਸ ਲੈਣ ਤੋਂ ਪਹਿਲਾਂ ਹੀ ਮਰ ਖਪ ਗਏ। ਹਿਟਲਰ ਦਾ ਕਰੋੜਾਂ ਡਾਲਰ ਦਾ ਸੋਨਾ ਉਸ ਦੀ ਮੌਤ ਤੋਂ ਬਾਅਦ ਚੁੱਪ ਚੁਪੀਤੇ ਸਵਿੱਸ ਬੈਂਕਾਂ ਨੇ ਗਾਇਬ ਕਰ ਦਿੱਤਾ। ਹੁਣ ਸਦਾਮ ਹੁਸੈਨ, ਗੱਦਾਫੀ, ਬਗਦਾਦੀ ਜਾਂ ਉਸਾਮਾ ਬਿਨ ਲਾਦੇਨ ਦੇ ਪੈਸੇ ਉੱਤੇ ਕਿਸ ਨੇ ਦਾਅਵਾ ਕਰਨਾ ਹੈ? ਪਨਾਮਾ, ਦੱਖਣੀ ਅਮਰੀਕਾ ਅਤੇ ਯੂ.ਐਸ.ਏ. ਦੇ ਵਿਚਕਾਰ ਪੈਂਦਾ ਹੈ। ਇੱਥੇ ਵੀ ਬੈਂਕਾਂ ਦੀ ਗਾਹਕ ਗੋਪਨੀਅਤਾ ਬਹੁਤ ਸਖਤ ਹੈ ਤੇ ਕਾਰਪੋਰੇਸ਼ਨ ਟੈਕਸ ਬਿਲਕੁਲ ਹੀ ਨਹੀਂ ਹਨ। ਇੱਥੇ 3.50 ਲੱਖ ਅੰਤਰਰਾਸ਼ਟਰੀ ਕੰਪਨੀਆਂ ਰਜਿਸਟਰਡ ਹਨ। ਇਹ ਦੱਖਣੀ ਅਮਰੀਕਾ ਦੀ ਡਰੱਗ ਮਨੀ ਦਾ ਯੂ.ਐਸ.ਏ. ਵਿੱਚ ਅਦਾਨ ਪ੍ਰਦਾਨ ਦਾ ਮੁੱਖ ਕੇਂਦਰ ਹੈ। ਅਮਰੀਕਾ ਸਿਰਤੋੜ ਕੋਸ਼ਿਸ਼ ਦੇ ਬਾਵਜੂਦ ਇਸ ਵਰਤਾਰੇ ਨੂੰ ਨਹੀਂ ਰੋਕ ਸਕਿਆ। ਸੰਸਾਰ ਦੀਆਂ ਤਕਰੀਬਨ ਸਾਰੀਆਂ ਮੁੱਖ ਸ਼ਿੱਪਿੰਗ ਕੰਪਨੀਆਂ ਟੈਕਸਾਂ ਦੀ ਅਣਹੋਂਦ ਕਾਰਨ ਆਪਣੇ ਜਹਾਜ਼ ਅਫਰੀਕੀ ਦੇਸ਼ ਲਾਇਬੇਰੀਆ ਵਿੱਚ ਰਜਿਸਟਰ ਕਰਾਉਂਦੀਆਂ ਹਨ।

ਇਸ ਵੇਲੇ ਇਸ ਕੰਮ ਵਿੱਚ ਸਭ ਤੋਂ ਮਸ਼ਹੂਰ/ਬਦਨਾਮ ਦੇਸ਼ ਸਵਿਟਜ਼ਰਲੈਂਡ ਅਤੇ ਹਾਂਗਕਾਂਗ ਹਨ। ਕਹਿੰਦੇ ਹਨ ਕਿ ਕਿਸੇ ਦੇਸ਼ ਦਾ ਨਵਾਂ ਨਵਾਂ ਬਣਿਆ ਡਿਕਟੇਟਰ ਇੱਕ ਸਵਿੱਸ ਬੈਂਕ ਵਿੱਚ ਜਾ ਕੇ ਕਹਿਣ ਲੱਗਾ ਕਿ ਮੇਰੇ ਤੋਂ ਪਹਿਲਾਂ ਦੇ ਡਿਕਟੇਟਰ ਦੇ ਖਾਤੇ ਬਾਰੇ ਜਾਣਕਾਰੀ ਦਿਉ। ਮੈਨੇਜਰ ਨੇ ਅੱਗੋਂ ਜਵਾਬ ਦਿੱਤਾ ਕਿ ਇਹ ਸਾਡੀ ਪਾਲਿਸੀ ਦੇ ਖਿਲਾਫ ਹੈ। ਅਸੀਂ ਆਪਣੇ ਗਾਹਕ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ। ਡਿਕਟੇਟਰ ਨੇ ਮੈਨੇਜਰ ਦੇ ਸਿਰ ’ਤੇ ਪਿਸਤੌਲ ਰੱਖ ਕੇ ਕਿਹਾ ਕਿ ਹੁਣ ਦੱਸ। ਮੈਨੇਜਰ ਕਹਿਣ ਲੱਗਾ ਜੋ ਮਰਜ਼ੀ ਕਰ, ਮੈਂ ਨਹੀਂ ਦੱਸ ਸਕਦਾ। ਉਸੇ ਵੇਲੇ ਕੁਦਰਤੀ ਮੈਨੇਜਰ ਦਾ ਬੱਚਾ ਖੇਡਦਾ ਖੇਡਦਾ ਬੈਂਕ ਅੰਦਰ ਆ ਗਿਆ। ਡਿਕਟੇਟਰ ਨੇ ਬੱਚੇ ਦੇ ਸਿਰ ’ਤੇ ਪਿਸਤੌਲ ਰੱਖ ਦਿੱਤਾ ਤੇ ਕਿਹਾ ਹੁਣ ਤਾਂ ਤੈਨੂੰ ਦੱਸਣਾ ਹੀ ਪੈਣਾ ਹੈ। ਮੈਨੇਜਰ ਬਿਨਾਂ ਡਰੇ ਕਹਿਣ ਲੱਗਾ ਕਿ ਭਾਵੇਂ ਸਾਰੇ ਪਰਿਵਾਰ ਨੂੰ ਮਾਰ ਦੇ, ਮੈਂ ਨਹੀਂ ਦੱਸ ਸਕਦਾ। ਇਹ ਸੁਣ ਕੇ ਡਿਕਟੇਟਰ ਖੁਸ਼ ਹੋ ਕੇ ਕਹਿਣ ਲੱਗਾ ਸ਼ਾਬਾਸ਼ ਤੇਰੇ, ਐਨੀ ਗੋਪਨੀਅਤਾ! ਉਹ ਭੱਜ ਕੇ ਗੱਡੀ ਵਿੱਚੋਂ ਡਾਲਰਾਂ ਨਾਲ ਭਰੇ 5 ਅਟੈਚੀ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਲੈ, ਮੇਰੇ ਪੈਸੇ ਵੀ ਇੱਥੇ ਜਮ੍ਹਾਂ ਕਰ। ਇਸ ਲਈ ਜਦ ਤੱਕ ਇਹ ਦੇਸ਼ ਆਪਣੇ ਫਾਇਦੇ ਲਈ ਟੈਕਸ ਕਾਨੂੰਨ ਨਰਮ ਕਰਦੇ ਰਹਿਣਗੇ ਤੇ ਟੈਕਸ ਚੋਰਾਂ ਬਾਰੇ ਖਬਰ ਨਹੀਂ ਦੇਣਗੇ, ਇਹ ਗੋਰਖਧੰਦਾ ਚੱਲਦਾ ਹੀ ਰਹੇਗਾ।

*****

(260)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author