“ਪਤੰਦਰਾ, ਤੂੰ ਆਪਦਾ ਵੰਸ਼ ਕਾਹਦੇ ਲਈ ਵਧਾਇਆ ਸੀ ਜੇ ਤੇਰਾ ...”
(26 ਜਨਵਰੀ 2021)
(ਸ਼ਬਦ: 1320)
ਬਣੀ ਆਦਤ ਕਰਕੇ ਰਾਤੀਂ ਪਿਸ਼ਾਬ ਕਰਨ ਜਦ ਮੈਂ ਉੱਠਣ ਲੱਗਿਆ ਤਾਂ ਮੱਥਾ ਕੰਧ ਵਿੱਚ ਵੱਜ ਗਿਆ। ਮੈਂਨੂੰ ਕੰਧ ਮੰਜੇ ਤੋਂ ਥੱਲੇ ਨਾ ਉੱਤਰਨ ਦੇਵੇ। ਬਲਬ ਜਗਾਉਣ ਦੀ ਸੋਚੀ ਤਾਂ ਬੈੱਡ ਸਵਿੱਚ ਦੀ ਡੋਰ ਨਾ ਲੱਭੇ ਜੋ ਮੇਰੇ ਪੋਤੇ ਨੇ ਮੇਰੀ ਸੌਖ ਲਈ ਮੇਰੇ ਮੰਜੇ ਦੇ ਕੋਲ ਨੂੰ ਲਮਕਾ ਦਿੱਤੀ ਸੀ। ਮੈਂਨੂੰ ਲੱਗਿਆ, ਮੈਂ ਸੁਪਨੇ ਵਿੱਚ ਕਿਧਰੇ ਹੋਰ ਪਿਆ ਹਾਂ। ਮੈਂ ਆਪਣੇ ਆਪ ਨੂੰ ਝੰਜੋੜਿਆ। ਮੂੰਹ ਉੱਤੇ ਦੋਵੇਂ ਹੱਥ ਕਈ ਵਾਰ ਫੇਰੇ। ਥੋੜ੍ਹੀ ਸੁਰਤ ਫੜੀ ਤਾਂ ਮੈਂ ਵੇਖਿਆ ਕਿ ਇਸ ਕਮਰੇ ਦੀ ਤਾਂ ਖਿੜਕੀ ਵੀ ਮੇਰੇ ਸਾਹਮਣੇ ਨਹੀਂ, ਸਗੋਂ ਪਿਛਲੇ ਪਾਸੇ ਸੀ। ਖਿੜਕੀ ਵਿੱਚੋਂ ਆ ਰਹੇ ਚਾਨਣ ਨਾਲ ਮੈਂ ਜਾਣਿਆ ਕਿ ਕਮਰੇ ਵਿੱਚ ਦੋ ਹੋਰ ਮੰਜਿਆਂ ’ਤੇ ਵੀ ਕੋਈ ਸੁੱਤੇ ਹੋਏ ਸਨ। ਹੁਣ ਮੈਂਨੂੰ ਪਤਾ ਲੱਗ ਗਿਆ ਕਿ ਮੈਂ ਸੱਚਮੁੱਚ ਹੀ ਕਿਧਰੇ ਹੋਰ ਸੁੱਤਾ ਹੋਇਆ ਸਾਂ। ਇਹ ਸੁਪਨਾ ਨਹੀਂ ਹਕੀਕਤ ਸੀ। ਮੈਂਨੂੰ ਇਹ ਵੀ ਖਿਆਲ ਆਇਆ ਕਿ ਸ਼ਾਇਦ ਮੈਂ ਕਿਸੇ ਰਿਸ਼ਤੇਦਾਰੀ ਵਿੱਚ ਨਾ ਆਇਆ ਹੋਵਾਂ? ਪਰ ਇਹ ਸੋਚ ਵੀ ਛੇਤੀ ਹੀ ਉਡ ਗਈ ਜਦ ਸਾਰਾ ਵਾਪਰਿਆ ਘਟਨਾਕ੍ਰਮ ਮੈਂਨੂੰ ਯਾਦ ਆਇਆ। ਪਿਸ਼ਾਬ ਕਰਨ ਜਾਣ ਦੀ ਮੇਰੇ ਵਿੱਚ ਸੱਤਿਆ ਹੀ ਨਾ ਬਚੀ। ਮੇਰਾ ਸਿਰ ਮੈਥੋਂ ਸੰਭਾਲਿਆ ਨਾ ਜਾਵੇ ਤੇ ਮੈਂ ਮੁੜ ਮੰਜੇ ਉੱਤੇ ਢੇਰੀ ਹੋ ਗਿਆ। ਬਾਕੀ ਸਾਰੀ ਰਾਤ ਨੀਂਦ ਮੇਰੇ ਨੇੜੇ ਨਾ ਫਟਕੀ। ਕਈ ਦਿਨ ਮੇਰੇ ਨਾਲ ਇਸੇ ਤਰ੍ਹਾਂ ਵਾਪਰਿਆ ਤੇ ਮੈਂ ਕੰਧ ਵਾਲੇ ਪਾਸੇ ਹੀ ਮੰਜੇ ਤੋਂ ਉੱਤਰਨ ਲਈ ਉੱਠਦਾ ਰਿਹਾ।
“ਉੱਠ ਖੜ੍ਹ ਬਾਈ ਚਾਹ ਦਾ ਟਾਈਮ ਹੋ ਗਿਆ ...।” ਹੁਣ ਤਕ ਮੈਂ ਅਸਲੀਅਤ ਨੂੰ ਮੰਨਣ ਦੇ ਆਪਣੇ ਆਪ ਨੂੰ ਕਾਬਲ ਕਰ ਲਿਆ ਸੀ। ਬੇਸ਼ਕ ਉੱਠਣ ਲੱਗੇ ਮੈਂ ਇਹ ਜ਼ਾਹਰ ਕਰਨਾ ਚਾਹਿਆ ਕਿ ਮੈਂ ਠੀਕਠਾਕ ਹਾਂ ਪਰ ਉਹਨਾਂ ਦੇ ਇਸ ਬੋਲ ‘ਕੋਈ ਨਾ ਬਾਈ, ਇਹ ਸਾਰਾ ਕੁਝ ਸਾਡੇ ਨਾਲ ਵੀ ਵਾਪਰਿਆ ਸੀ, ਹੌਸਲਾ ਰੱਖ।” ਨੇ ਮੇਰਾ ਹਉਕਾ ਕਢਾ ਦਿੱਤਾ। ਉਹ ਦੋਵੇਂ ਮੇਰੇ ਮੰਜੇ ’ਤੇ ਆ ਬੈਠੇ। ਉਹ ਮੈਂਨੂੰ ਧਰਵਾਸ ਦਿੰਦੇ ਦਿੰਦੇ ਚਾਹ ਪੀਣ ਆਪਣੇ ਨਾਲ ਲੈ ਗਏ। “ਹਾਏ ਓ ਰੱਬਾ ਮੰਜੇ ਦੀ ਚਾਹ ਵੀ ਛੁੱਟ ’ਗੀ।” ਦਿਲ ਦੀ ਕੂਕ ਦਿਲ ਵਿੱਚ ਹੀ ਦੱਬ ਗਈ।
ਛੇਤੀ ਹੀ ਮੈਂ ਜਾਣ ਗਿਆ ਕਿ ਇੱਥੇ ਜਿੰਨੇ ਵੀ ਬਜ਼ੁਰਗ ਨੇ, ਸਾਰੇ ਉੱਪਰੋਂ ਤਾਂ ਦਿਸਣ ਨੂੰ ਬੜੇ ਖੁਸ਼ ਨਜ਼ਰ ਆਉਂਦੇ ਨੇ ਪਰ ਸਚਾਈ ਬਿਲਕੁਲ ਹੀ ਉਲਟ ਹੈ। ਸਭ ਘਰਾਂ ਨੂੰ ਓਦਰੇ ਪਏ ਹਨ। ਇਸਦਾ ਪਹਿਲਾ ਚਾਨਣ ਜੋ ਸਿਰਫ ਮੈਂ ਹੀ ਵੇਖ ਸਕਿਆ ਸਾਂ ਪਹਿਲੀ ਵਾਰ ਅੰਦਰ ਵੜਨ ਲੱਗਿਆ, ਉਹ ਮੈਂਨੂੰ ਕਦੇ ਵੀ ਭੁੱਲ ਨਹੀਂ ਸਕਦਾ। ਜਿੰਨੇ ਵੀ ਬਿਰਧ ਨਵੇਂ ਆਏ ਬੰਦੇ ਨੂੰ ਵੇਖਣ ਲਈ ਜਾਂ ਕਹਿ ਲਉ ਮੇਰੇ ਸਵਾਗਤ ਲਈ ਖੜ੍ਹੇ ਸਨ, ਦਿਸਦੇ ਤਾਂ ਖੁਸ਼ ਸਨ ਪਰ ਸਭ ਦੀਆਂ ਅੱਖਾਂ ਵਿੱਚ ਤੈਰਦਾ ਪਾਣੀ ਮੈਂ ਮਹਿਸੂਸ ਲਿਆ ਸੀ। ਇਹ ਕੇਵਲ ਮੈਂਨੂੰ ਹੀ ਨਹੀਂ ਸਗੋਂ ਹਰ ਉਸ ਬਿਰਧ ਨੂੰ ਦਿਸਦਾ ਸੀ ਜੋ ਪਹਿਲੀ ਵਾਰ ਆਪਣੀਆਂ ਲੱਤਾਂ ਨੂੰ ਧੂੰਹਦਾ ਹੋਇਆ ਇੱਥੇ ਅਣਮੰਨੇ ਮਨ ਨਾਲ ਗੇਟ ਦੇ ਅੰਦਰ ਪੈਰ ਰੱਖਦਾ ਸੀ। ਅਤੇ ਉਸਦੇ ਕਾਲਜੇ ਦੀਆਂ ਤੰਦਾਂ ਘਰ ਦੀਆਂ ਕੰਧਾਂ ਨਾਲੋਂ ਕੜੱਕ ਕੜੱਕ ਕਰਕੇ ਟੁੱਟਦੀਆਂ ਸਨ। ਮੈਂਨੂੰ ਲੱਗਿਆ ਕਿ ਮੈਂ ਕੋਈ ਸੁਪਨਾ ਵੇਖ ਰਿਹਾ ਹਾਂ। ਪਰ ਇਹ ਤਾਂ ਹਕੀਕਤ ਸੀ।
ਥੋੜ੍ਹਾ ਥੋੜ੍ਹਾ ਹਨੇਰਾ ਹੋ ਗਿਆ ਸੀ ਜਦ ਮੈਂਨੂੰ ਇਸ ਬਿਰਧ ਆਸ਼ਰਮ ਵਿੱਚ ਦਾਖ਼ਲ ਕਰਾਇਆ ਗਿਆ। ਮੇਰੇ ਨਾਮ ਦਾ ਇੱਕ ਫਾਰਮ ਭਰਿਆ ਗਿਆ ਜਿਸ ਉੱਪਰ ਮੇਰੇ ਵੱਡੇ ਪੁੱਤਰ ਨੇ ਦਸਤਖਤ ਕੀਤੇ। ਰਜਿਸਟਰ ਵਿੱਚ ਮੇਰਾ ਨਾਮ ਦਰਜ਼ ਕੀਤਾ ਗਿਆ। ਮੈਂਨੂੰ ਯਾਦ ਆਇਆ, ਇਵੇਂ ਮੇਰਾ ਬਾਪ ਮੈਂਨੂੰ ਪਿੰਡ ਦੇ ਸਕੂਲੇ ਕੱਚੀ ਪਹਿਲੀ ਵਿੱਚ ਦਾਖ਼ਲ ਕਰਾ ਕੇ ਆਇਆ ਸੀ। ਫਰਕ ਸਿਰਫ ਇੰਨਾ ਕੁ ਹੀ ਆ ਕਿ ਬਾਪ ਨੇ ਸਵੇਰ ਦੇ ਚਾਨਣ ਵਿੱਚ ਦਾਖ਼ਲ ਕਰਾਇਆ ਸੀ ਤੇ ਪੁੱਤ ਨੇ ਸ਼ਾਮ ਦੇ ਘੁਸਮੁਸੇ ਵਿੱਚ। ਮੇਰੇ ਵਰਗੇ ਅਨੇਕਾਂ ਨਰ ਨਾਰੀਆਂ ਇੱਥੇ ਸਨ। ਸਾਰੇ ਮੇਰੇ ਨਾਲ ਗੱਲਾਂ ਕਰ ਰਹੇ ਸਨ ਬੱਸ ਕਹਿਣ ਨੂੰ, ਮੈਂਨੂੰ ਲੱਗਿਆ ਇਹ ਸਿਖਾਈਆਂ ਹੋਈਆਂ ਗੱਲਾਂ ਹੀ ਕਰ ਰਹੇ ਨੇ ਤਾਂ ਕਿ ਨਵਾਂ ਆਇਆ ਪਿੱਛੇ ਨੂੰ ਯਾਦ ਨਾ ਕਰੇ, ਸਗੋਂ ਉਸ ਨੂੰ ਭੁੱਲਣਾ ਸ਼ੁਰੂ ਕਰ ਦੇਵੇ।
ਰੋਟੀ ਦਾ ਟਾਈਮ ਹੋਇਆ ਤਾਂ ਸਾਰੇ ਕਹਿਣ ਲੱਗੇ, ਚਲੋ ਬਈ ਚਲੋ। ਪਰ ਮੇਰੀ ਭੁੱਖ ਤਾਂ ਘਰੋਂ ਚਲਦੇ ਸਾਰ ਹੀ ਮਰ ਗਈ ਸੀ। ਮੈਂ ਆਪਣੇ ਬਿਸਤਰੇ ਵਿੱਚ ਜਾ ਕੇ ਘੁਸ ਗਿਆ। ਜ਼ਿੰਦਗੀ ਦੇ ਪੁਰਾਣੇ ਤੋਂ ਪੁਰਾਣੇ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆਈ ਜਾਣ ਤੇ ਜਾਈ ਜਾਣ। ਮੇਰੇ ਮਾਪਿਆਂ ਨੇ ਚਾਰ ਕੁੜੀਆਂ ਬਾਅਦ ਸੁੱਖਾਂ ਸੁੱਖ ਸੁੱਖ ਹੋਏ ਪੁੱਤ ਨੂੰ ਪਤਾ ਨਹੀਂ ਕਿੰਨੇ ਚਾਵਾਂ ਨਾਲ ਪਾਲ਼ਿਆ ਹੋਵੇਗਾ। ਜੇ ਕਿਤੇ ਉਨ੍ਹਾਂ ਨੂੰ ਮੇਰੇ ਇੱਥੇ ਹੋਣ ਬਾਰੇ ਪਤਾ ਲੱਗ ਜਾਵੇ ਤਾਂ ਉਹ ਜਿਸ ਵੀ ਦੁਨੀਆਂ ਵਿੱਚ ਨੇ, ਥਾਂਏਂ ਮਰ ਜਾਣਗੇ। ਪਰ ਮੇਰੇ ਤਿੰਨੇ ਪੁੱਤ ਜਿਉਂਦੇ ਨੇ, ਬੱਚਿਆਂ ਵਾਲੇ ਨੇ। ਚਲੋ, ਕਦੇ ਤਾਂ ਪੁੱਤਾਂ ਨੂੰ ਮੇਰੀ ਸੋਚ ਸਮਝ ਆਏਗੀ ਹੀ। ਮੈਂਨੂੰ ਇਹ ਸਮਝ ਨਹੀਂ ਆਈ ਕਿ ਜੇਕਰ ਬੁੱਢਾ ਬੰਦਾ ਕੰਮ ਕਰਨਯੋਗ ਨਹੀਂ ਰਹਿੰਦਾ ਤਾਂ ਉਹ ਘਰ ਵਿੱਚ ਵਾਧੂ ਦਾ ਭਾਰ ਕਿਉਂ ਲੱਗਣ ਲੱਗ ਜਾਂਦਾ ਹੈ? ਕਿਹਾ ਜ਼ਮਾਨਾ ਆ ਗਿਆ, ਬੁੱਢੇ ਬੰਦਿਆਂ ਤੇ ਬੁੱਢੇ ਡੰਗਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਡੰਗਰਾਂ ਲਈ ਸ਼ਾਲਾਵਾਂ ਤੇ ਮਨੁੱਖਾਂ ਲਈ ਆਸ਼ਰਮ! ਮੇਰੇ ਬਾਬੇ ਅਤੇ ਬਾਪ ਨੇ ਤਾਂ ਬੁੱਢੇ ਹੋਏ ਬਲਦਾਂ ਤੋਂ ਕਦੇ ਝੁੱਲ ਵੀ ਨਹੀਂ ਸੀ ਉੱਤਰਨ ਦਿੱਤਾ। ਸੁਪਨਮਈ ਸਚਾਈ ਦੇ ਨਾਲ ਘੁਲਦਿਆਂ ਕਦੋਂ ਅੱਖ ਲੱਗ ਗਈ, ਪਤਾ ਹੀ ਨਹੀਂ ਲੱਗਾ।
ਦੂਜੇ ਦਿਨ ਮੇਰੀ ਆਪਣੇ ਇੱਕ ਹਾਣੀ ਨਾਲ ਗੱਲਬਾਤ ਚੱਲ ਰਹੀ ਸੀ, “ਭਰਾ, ਆਪਣੇ ਕਮਰੇ ਵਿੱਚ ਤਾਂ ਸ਼ੀਸ਼ਾ ਹੀ ਨਹੀਂ ਹੈ। ਸਵੇਰੇ ਮੈਂ ਨਹਾ ਕੇ ਆਇਆ ਤਾਂ ਸ਼ੀਸ਼ਾ ਵੇਖਣ ਨੂੰ ਦਿਲ ਕੀਤਾ ...।” ਉਹ ਬੋਲਿਆ, “ਸ਼ੀਸ਼ਾ ਤਾਂ ਸੀ ਪਰ ਅਸੀਂ ਲਾਹ ਦਿੱਤਾ, ਮਤਾਂ ਆਪਣਾ ਮਸੋਸਿਆ ਜਿਹਾ ਮੂੰਹ ਵਿਖ ਜਾਵੇ। ਨਾਲੇ ਆਪਾਂ ਕਿਹੜਾ ਕਿਧਰੇ ਵਾਂਢੇ ਜਾਣਾ ਹੈ।”
ਮੈਂ ਮੂੰਹ ਦੂਜੇ ਪਾਸੇ ਨੂੰ ਕਰਕੇ ਅੱਖਾਂ ਦਾ ਪਾਣੀ ਪੂੰਝਿਆ ਤੇ ਸੋਚਿਆ ਕਿ ਕੀ ਇਹ ਕੱਲ੍ਹ ਵਾਲਾ ਬੰਦਾ ਹੀ ਹੈ ਜੋ ਮੈਂਨੂੰ ਹੌਸਲਾ ਦਿੰਦਾ ਸੀ। ਸਿਰ ’ਤੇ ਬੰਨ੍ਹੇ ਪਰਨੇ ਨੂੰ ਖੋਲ੍ਹ ਕੇ ਮੈਂ ਸਿਰ ਤੇ ਦਾੜ੍ਹੀ ਵਿੱਚ ਕੰਘਾ ਕੀਤਾ। ਪਰਨਾ ਮੂੰਹ ’ਤੇ ਚੰਗੀ ਤਰ੍ਹਾਂ ਫੇਰਿਆ ਤੇ ਫਿਰ ਸਿਰ ’ਤੇ ਲਪੇਟ ਲਿਆ। ਫਿਰ ਅੱਖਾਂ ਵਿੱਚ ਪਾਣੀ ਆਉਂਦਾ ਮਹਿਸੂਸ ਕਰ ਕੇ ਮੈਂ ਜਲਦੀ ਨਾਲ ਮੂੰਹ ਦੂਜੇ ਪਾਸੇ ਨੂੰ ਕਰਕੇ ਮੰਜੇ ’ਤੇ ਲਿਟ ਗਿਆ। ਸ਼ਾਇਦ ਭਰਾ ਵੀ ਮੇਰੀ ਹਾਲਤ ਸਮਝ ਗਿਆ ਸੀ, ਉਹ ਵੀ ਚੁੱਪ ਕਰ ਗਿਆ। ਇਹ ਮੇਰੇ ਦਿਲ ਨੂੰ ਪਹਿਲਾ ਹਲੂਣਾ ਸੀ।
ਕਾਰ ਵਿੱਚੋਂ ਉੱਤਰ ਕੇ ਅੰਦਰ ਵੜਦੇ ਸਮੇਂ ਬੇਸ਼ਕ ਮੈਂ ਨੀਵੀਂ ਪਾਈ ਹੋਈ ਸੀ ਤੇ ਮੇਰਾ ਮੂੰਹ ਵੀ ਕਾਫੀ ਢਕਿਆ ਹੋਇਆ ਸੀ ਪਰ ਗੇਟ ’ਤੇ ਲਿਖੇ ਹੋਏ ਸਵਾਗਤੀ ਸ਼ਬਦ ਪਤਾ ਨਹੀਂ ਮੇਰੇ ਮੱਥੇ ਵਿੱਚ ਕੀਕਣ ਚਲੇ ਗਏ ਸਨ। ਮੈਂ ਆਪਣੇ ਆਪ ਨੂੰ ਹੀ ਗਾਲ੍ਹ ਕੱਢ ਕੇ ਲਾਹਣਤ ਦੇਣ ਤੋਂ ਰੁਕ ਨਾ ਸਕਿਆ। ਪਤੰਦਰਾ, ਤੂੰ ਆਪਦਾ ਵੰਸ਼ ਕਾਹਦੇ ਲਈ ਵਧਾਇਆ ਸੀ ਜੇ ਤੇਰਾ ਸਵਾਗਤ ਇੱਥੇ ਹੀ ਹੋਣਾ ਸੀ। ਬਿਨਾ ਸ਼ੱਕ ਇੱਥੇ ਸਭ ਸੁਖ ਸਹੂਲਤਾਂ ਨੇ। ਸ਼ਾਨਦਾਰ ਕਮਰਾ ਹੈ ਪਰ ਮੇਰਾ ਨਹੀਂ ਹੈ। ਵਧੀਆ ਮੰਜਾ ਬਿਸਤਰਾ ਹੈ, ਪਰ ਉਸ ਵਿੱਚ ਬਾਹਰਲੀ ਬੈਠਕ ਦੇ ਮੰਜੇ ਵਾਲਾ ਆਰਾਮ ਨਹੀਂ ਹੈ। ਬਹੁਤ ਵਧੀਆ ਖਾਣਾ ਹੈ ਪਰ ਉਸ ਵਿੱਚ ਘਰ ਵਾਲਾ ਸੁਆਦ ਨਹੀਂ ਹੈ। ਬਹੁਤ ਖੁੱਲ੍ਹਾ ਡੁੱਲ੍ਹਾ ਮੈਦਾਨ ਹੈ ਪਰ ਵੇਹੜਾ ਨਹੀਂ ਹੈ। ਬਹੁਤ ਜਣੇ ਨੇ ਇੱਥੇ, ਪਰ ਮੇਰਾ ਕੋਈ ਨਹੀਂ ਹੈ। ਇੱਥੇ ਸਿਰਫ ਬਜ਼ੁਰਗ ਹਨ, ਬੁਢਾਪੇ ਦਾ ਅਸਲੀ ਸਾਥ ਜੁਆਕ, ਪੋਤੇ ਪੋਤੀਆਂ ਨਹੀਂ ਹਨ। ਜਵਾਨੀ ਵੇਲੇ ਪੜ੍ਹੇ ਕਵੀ ਪਾਸ਼ ਦਾ ਲਿਖਿਆ ਯਾਦ ਆਇਆ ਕਿ ਚਾਰ ਕੰਧਾਂ ਦੀ ਵਲਗਣ ਘਰ ਨਹੀਂ ਹੁੰਦਾ। ਚਾਹੇ ਸਾਰਾ ਕੁਝ ਇੱਥੇ, ਘਰ ਤੋਂ ਵੀ ਵਧਕੇ ਹੈ, ਪਰ ਇਹ ਘਰ ਨਹੀਂ ਹੈ।
ਇੱਕ ਦਿਨ ਮੇਰਾ ਇੱਕ ਹੋਰ ਹਾਣੀ ਕਹਿ ਰਿਹਾ ਸੀ, “ਮੈਂ ਘਰ ਵਿੱਚ ਪੈਦਾ ਹੋਇਆ। ਘਰ ਵਿੱਚ ਪਲ਼ਿਆ, ਖੇਡਿਆ। ਘਰ ਵਿੱਚ ਜਵਾਨੀ ਆਈ ਤੇ ਗਈ ...।” ਉਸਦੇ ਬੋਲਣ ਵਿੱਚ ਤੇਜ਼ੀ ਆਈ ਜਾ ਰਹੀ ਸੀ, “ਘਰ ਵਿੱਚ ਹੀ ਮੇਰਾ ਆਪਣਾ ਪਰਿਵਾਰ ਬਣਿਆ, ਪਾਲਿਆ, ਘਰ ਵਿੱਚ ਹੀ ਮੈਂ ਬੁੱਢਾ ਹੋਇਆ ਤੇ ਹੁਣ ਮਰਨਾ ਵੀ ਮੈਂ ਉਸੇ ਘਰ ਵਿੱਚ ਹੀ ਚਾਹੁੰਨਾ ...।” ਉਸਦੀਆਂ ਅੱਖਾਂ ਹੁਣ ਉਸਦੇ ਕਹਿਣੇ ਤੋਂ ਬਾਹਰ ਹੋ ਕੇ ਛਲਕ ਪਈਆਂ ਸਨ। ਜਿਵੇਂ ਆਖ ਰਹੀਆਂ ਹੋਣ, ਆਪਣੇ ਘਰ ਵਿੱਚ ਮਰਨ ਦਾ ਮਾਣ ਆਪਣਾ ਹੀ ਹੁੰਦਾ, ਉਹ ਇੱਥੇ ਨਹੀਂ ਹੋਣਾ, ਉਹ ਤਾਂ ਸਿਰਫ ਆਪਣੇ ਘਰ ਹੀ ਆ ਸਕਦਾ। ਜਿਵੇਂ ਉਸ ਨੂੰ ਲਗਦਾ ਹੋਵੇ ਕਿ ਲੋਕਾਂ ਦੇ ਚਿਹਰਿਆਂ ’ਤੇ ਲਿਖਿਆ ਦਿਸਿਆ ਕਰੇਗਾ ਕਿ ਉਹ ਬੁੜ੍ਹਾ ਘਰੋਂ ਬੇਘਰ ਹੋ ਕੇ ਮਰ ਗਿਆ। ਮੈਂਨੂੰ ਲੱਗਿਆ ਜਿਵੇਂ ਉਹ ਕੂਕ ਰਿਹਾ ਹੋਵੇ।
“ਤੂੰ ਤਾਂ ਫਿਰ ਚੰਗਾ ਐਂ, ਮੇਰਾ ਤਾਂ ਕੋਈ ਭੋਗ ਪਾਉਣ ਵਾਲਾ ਵੀ ਨਹੀਂ। ਭੋਗ ਦੇ ਪੈਸੇ ਵੀ ਜਮ੍ਹਾਂ ਕਰਵਾ ਗਏ ਨੇ ...।” ਸਾਡੇ ਦੂਜੇ ਸਾਥੀ ਨੇ ਕਿਹਾ ਤਾਂ ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ। ਉਹਨਾਂ ਦੀਆਂ ਹੂਕਾਂ ਸੁਣ ਸੁਣ ਕੇ ਮੈਂ ਆਪਣੇ ਆਪ ਨੂੰ ਕਾਫੀ ਟਿਕਾਣੇ ਲੈ ਆਂਦਾ। ਭਾਈ ਇਹ ਤਾਂ ਹੁੰਦਾ ਸੀ ਕਿ ਬਾਬੇ ਦਾ ਮੰਜਾ ਅੰਦਰਲੇ ਕਮਰੇ ਵਿੱਚੋਂ ਖਿਸਕਦਾ ਖਿਸਕਦਾ ਬਾਹਰਲੀ ਬੈਠਕ ਵਿੱਚ ਆ ਜਾਂਦਾ ਸੀ ਪਰ ਇੰਨੀ ਦੂਰ, ਇਹ ਤਾਂ ਕਦੇ ਨਹੀਂ ਸੀ ਸੁਣਿਆ, ਚਿਤਵਿਆ। ਯਾਦ ਚੇਤੇ ਵਿੱਚ ਵੀ ਨਹੀਂ ਸੀ ਕਿ ਇਹ ਕੁਝ ਵੀ ਸਾਡੇ ਨਾਲ ਵਾਪਰੇਗਾ।
“ਕਾਸ਼ ਰੱਬ ਸਾਡੀ ਸੁਣਦਾ ਤੇ ਇੱਥੇ ਜਮ੍ਹਾਂ ਹੋਣ ਤੋਂ ਪਹਿਲਾਂ ਹੀ ਕਿਤੇ ਸਾਨੂੰ ਚੁੱਕ ਲੈਂਦਾ ...।” ਮੈਂ ਵੀ ਆਪਣੇ ਦਿਲ ਦੀ ਭੜਾਸ ਸਾਂਝੀ ਕਰ ਲਈ। ਸਾਡੇ ਸਾਰਿਆਂ ਦੇ ਦਿਲ ਦੀ ਹੂਕ ਸ਼ਾਇਦ ਇਹੋ ਹੀ ਸੀ …।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2547)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)