ChanderMohan7ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ...
(ਅਪਰੈਲ 4, 2016)

 

GurcharanRampuri2ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਨੂੰ ਭਾਈ ਵੀਰ ਸਿੰਘ ਕਾਲ, ਤਜ਼ਰਬਿਆਂ ਦਾ ਕਾਲ ਅਤੇ ਨਵੀਨ ਕਾਲ ਵਿਚ ਵੰਡ ਕੇ ਦੇਖਣ ਦੀ ਸਿਫਾਰਸ਼ ਕਰਦਿਆਂ ਡਾ. ਅਤਰ ਸਿੰਘ ਨੇ ਪੁਸਤਕ ਕਾਵਿ-ਅਧਿਅਨਦੇ ਮਜ਼ਮੂਨ ਨਵੀਂ ਪੰਜਾਬੀ ਕਵਿਤਾਵਿਚ ਲਿਖਿਆ ਹੈ:

‘ਵੰਡ ਅਤੇ ਵੰਡ ਤੋਂ ਪੈਦਾ ਹੋਈਆਂ ਤੰਗੀਆਂ-ਤੁਰਸ਼ੀਆਂ ਨੇ ਪੰਜਾਬ ਦੇ ਕੋਮਲ ਭਾਵੀ ਕਵੀਆਂ ਨੂੰ ਝੰਜੋੜ ਦਿੱਤਾ, ਅਤੇ ਚਾਰੇ ਪਾਸੇ ਪਸਰੇ ਕਾਲੇ ਸ਼ਾਹ ਹਨੇਰਿਆਂ ਵਿਚ ਆ ਘਿਰੇ ਹੋਏ ਸਾਡੇ ਕਵੀ ਇਸ ਬਿਜਲੀ ਲਿਸ਼ਕਾਰ ਨਾਲ ਇਕਦਮ ਹਰ ਤਰ੍ਹਾਂ ਦੇ ਭਰਮਾਂ ਤੋਂ ਮੁਕਤ ਹੋ ਕੇ ਸਮਾਜਕ ਅਤੇ ਭਾਈਚਾਰਕ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਗਏ। ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਲੋਕ-ਮੁਖੀ ਹੋ ਗਈ ਅਤੇ ਇਹਨਾਂ ਦੀਆਂ ਪੈੜਾਂ ਉੱਤੇ ਤੁਰਦੀ ਪੰਜਾਬੀ ਕਵੀਆਂ ਦੀ ਇਕ ਨਵੀਂ ਢਾਣੀ ਸਾਹਮਣੇ ਆਈ। ਸੰਤੋਖ ਸਿੰਘ ਧੀਰ, ਪਿਆਰਾ ਸਿੰਘ ਸਹਿਰਾਈ, ਤਾਰਾ ਸਿੰਘ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਤਖਤ ਸਿੰਘ ਅਤੇ ਗੁਰਚਰਨ ਰਾਮਪੁਰੀ ਇਸ ਨਵੀਨ ਕਵਿਤਾ ਦੇ ਸੱਜਰੇ ਕਵੀ ਹਨ।’

ਗੁਰਚਰਨ ਰਾਮਪੁਰੀ ਦੀ ਕਵਿਤਾ ਦਾ ਸੱਜਰਾਪਣ ਉਸਦੀ ਮੌਲਿਕ ਕਾਵਿ-ਬਿੰਬਾਵਾਲੀ ਉੱਤੇ ਰਾਜਸੀ ਸੂਝ ਦੀ ਚੜ੍ਹੀ ਸਾਣ ਕਰਕੇ ਬਣਦਾ ਹੈ। ਜਿਸ ਦੀ ਭਾਲ ਸਹਿਜੇ ਹੀ ਉਸਦੇ ਸਿਰਜਣਈ ਪਿਛੋਕੜ ਵਿੱਚੋਂ ਹੋ ਸਕਦੀ ਹੈ। ਅਤੇ ਜਿਸਨੂੰ ਉਸਦੇ ਹੀ ਵਿਚਾਰਾਂ ਨਾਲ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਹ ਕਹਿੰਦਾ ਹੈ ਕਿ ਉਸਨੇ ਕਵਿਤਾ ਲਿਖਣੀ ਉਦੋਂ ਸ਼ੁਰੂ ਕੀਤੀ ਜਦੋਂ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਦੀਵਾ ਬੁਝਣ ਤੋਂ ਪਹਿਲਾਂ ਭੜਕ ਰਿਹਾ ਸੀ। ਅੰਗਰੇਜ਼ੀ ਇਲਾਕੇ ਵਿਚ 1946 ਦੀਆਂ ਚੋਣਾਂ ਦਾ ਘੋਲ ਭਖ਼ ਰਿਹਾ ਸੀ। ਪਰ ਉਸਦਾ ਪਿੰਡ ਰਾਮਪੁਰ ਰਿਆਸਤ ਪਟਿਆਲਾ ਵਿਚ ਹੋਣ ਕਾਰਨ ਉਸਨੂੰ ਵੀ ਆਮ ਲੋਕਾਂ ਦੀ ਤਰ੍ਹਾਂ ਵੋਟ ਪਾਉਣ ਦਾ ਹੱਕ ਨਹੀਂ ਸੀ। ਉਹ ਦੂਹਰੇ ਗ਼ੁਲਾਮ ਸਨ। ਜਦੋਂ ਆਜ਼ਾਦੀ ਆਈ, ਹਿੰਦੁਸਤਾਨ ਦੇ ਦੋ ਟੋਟੇ ਹੋ ਗਏ। ਫਿਰਕੂ ਫਸਾਦਾਂ ਦਾ ਕਹਿਰ ਉਸ ਐਨ ਵਿਚਕਾਰ ਖਲੋ ਕੇ ਵੇਖਿਆ ਤਾਂ ਉਸਨੂੰ ਆਜ਼ਾਦੀ ਨਕਲੀ ਨਕਲੀ ਲੱਗੀ। ਉਸ ਸਮੇਂ, ਯਾਨੀ 1950 ਦੇ ਨੇੜੇ-ਤੇੜੇ ਸੰਸਾਰ ਅਮਨ ਲਹਿਰ ਆਪਣੇ ਜੋਬਨ ਉੱਤੇ ਸੀ। ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਸੰਤੋਖ ਸਿੰਘ ਧੀਰ, ਅਜਾਇਬ ਚਿੱਤ੍ਰਕਾਰ ਅਤੇ ਸੁਰਜੀਤ ਰਾਮਪੁਰੀ ਸਮੇਤ ਪੰਜਾਬ ਵਿਚ ਥਾਂ ਥਾਂ ਲਗਾਈਆਂ ਜਾਂਦੀਆਂ ਅਮਨ ਕਾਨਫਰੰਸਾਂ ਅਤੇ ਸਾਹਿਤਕ ਮੇਲਿਆਂ ਵਿਚ ਉਹ ਕਵਿਤਾ ਪੜ੍ਹਨ ਜਾਇਆ ਕਰਦਾ ਸੀ। ਉਸਦਾ ਮੰਨਣਾ ਹੈ ਕਿ ਅਜਿਹੀਆਂ ਕਾਨਫਰੰਸਾਂ ਅਤੇ ਮੇਲਿਆਂ ਦੌਰਾਨ ਹੀ ਉਸਦੀ ਸਾਹਿਤਕ, ਕਲਾਤਮਕ ਅਤੇ ਰਾਜਸੀ ਸੂਝ ਨਿੱਖਰੀ।

ਅਜਿਹੀ ਕਲਾਤਮਕ ਅਤੇ ਰਾਜਸੀ ਸੂਝ ਹੀ ਉਸਦੇ ਕਾਵਿ-ਅਨੁਭਵ ਦਾ ਰੂਪ ਧਾਰ ਗਈ, ਜਿਸਦੇ ਆਧਾਰ ਉੱਤੇ ਉਸਨੇ ਕਣਕਾਂ ਦੀ ਖੁਸ਼ਬੋ’ (1953), ‘ਕੌਲ ਕਰਾਰ’ (1960), ‘ਕਿਰਨਾਂ ਦਾ ਆਲ੍ਹਣਾ’ (1963), ‘ਅੰਨ੍ਹੀ ਗਲੀ’ (1972), ‘ਕੰਚਨੀ’ (1980), ‘ਕਤਲਗਾਹ’ (1985) ਅਤੇ ਅਗਨਾਰ’ (1993) ਜਿਹੇ ਕਾਵਿ ਸੰਗ੍ਰਿਹਾਂ ਦੀ ਸਿਰਜਣਾ ਕੀਤੀ। ਇਹਨਾਂ ਸੰਗ੍ਰਹਿਆਂ ਵਿਚ ਦਰਜ ਕਵਿਤਾਵਾਂ ਨੂੰ ਅੱਜ ਤੋਂ ਆਰੰਭ ਤੱਕਦੇ ਸਿਰਲੇਖ ਹੇਠ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਨੇ 2001 ਵਿਚ ਮੁੜ ਪ੍ਰਕਾਸ਼ਤ ਕੀਤਾ, ਜਿਸਦਾ ਮੁਤਾਲਿਆ ਕਰਦਿਆਂ ਗੁਲਜ਼ਾਰ ਸਿੰਘ ਸੰਧੂ ਨੇ ਠੀਕ ਹੀ ਲਿਖਿਆ ਸੀ ਕਿ ਰਾਮਪੁਰੀ ਦੀ ਕਵਿਤਾ ਸਾਹਿਤਕ ਕਵਿਤਾਅਤੇ ਕਵੀ ਦਰਬਾਰੀ ਕਵਿਤਾਦੇ ਐਨ ਵਿਚਕਾਰ ਇਕ ਤਕੜੀ ਕੜੀ ਹੈ। ਉਸਨੇ ਦੋਹਾਂ ਨੂੰ ਇਕ ਦੂਜੀ ਨਾਲੋਂ ਟੁੱਟਣ ਨਹੀਂ ਦਿੱਤਾ।

ਸੰਨ 1954 ਵਿਚ ਪੰਜਾਬ ਦੇ ਬਿਜਲੀ ਮਹਿਕਮੇ ਵਿਚ ਨਕਸ਼ਾ-ਨਵੀਸ (ਡਰਾਫ਼ਟਸਮੈਨ) ਦੀ ਆਸਾਮੀ ਉੱਤੇ ਦਸ ਸਾਲ ਦੀ ਨੌਕਰੀ ਕਰਨ ਉਪਰੰਤ, ਸੰਨ 1964 ਦੇ ਨਵੰਬਰ ਮਹੀਨੇ ਦੇ ਅਖੀਰਲੇ ਹਫਤੇ, ਰਾਮਪੁਰ ਛੱਡ ਕੇ ਕੈਨੇਡਾ ਵਸਣ ਵਾਲਾ ਸਾਡਾ ਇਹ ਪ੍ਰਤੀਬੱਧ ਸ਼ਾਇਰ ਲੋਕ ਰੰਗ ਅਤੇ ਸਾਹਿਤਕ ਵੰਨਗੀ ਦੀ ਕਵਿਤਾ ਸਿਰਜਣ ਵੇਲੇ ਸਮੇਂ ਦਾ ਹਾਣੀ ਬਣ ਕੇ ਪੇਸ਼ ਹੁੰਦਾ ਹੈ ਕਿਉਂਕਿ ਬੁਨਿਆਦੀ ਤੌਰ ਉੱਤੇ ਉਹ ਅਜਿਹੀ ਮਾਰਕਸਵਾਦੀ ਵਿਚਾਰਧਾਰਾ ਨੂੰ ਪਰਨਾਇਆ ਹੋਇਆ ਹੈ, ਜੋ ਭਗਵਾਨ ਸਿੰਘ ਜੋਸ਼ ਦੀ ਪੁਸਤਕ ਪੰਜਾਬ ਵਿਚ ਕਮਿਊਨਿਸਟ ਲਹਿਰਵਿਚਲੇ ਕਥਨ ਅਨੁਸਾਰ ਬੌਧਿਕ ਚਾਨਣਗ੍ਰਹਿਣ ਕਰਨ ਅਤੇ ਕਰਵਾਉਣ ਦਾ ਹਥਿਆਰ ਵਰਤਦੀ ਹੈ। ਕਵੀ ਵਜੋਂ ਗੁਰਚਰਨ ਰਾਮਪੁਰੀ ਨੇ ਆਪਣੀਆਂ ਕਵਿਤਾਵਾਂ ਵਿਚ ਯਥਾਰਥਵਾਦੀ ਪ੍ਰਗਤੀਸ਼ੀਲ ਵੰਨਗੀ ਦੀ ਪਾਰਦਰਸ਼ੀ ਕਾਵਿ-ਦ੍ਰਿਸ਼ਟੀ ਰਾਹੀਂ ਬੌਧਿਕ ਚਾਨਣਭਰਿਆ ਹੈ। ਇਸੇ ਲਈ ਉਹ ਪਾਠਕਾਂ ਨੂੰ ਸੰਬੋਧਤ ਹੁੰਦਾ ਹੋਇਆ ਲਿਖਦਾ ਹੈ:

ਆਓ ਰਲ ਕੇ ਪਸ਼ੂ-ਜੁੱਗ ਦਾ ਸੋਹਿਲਾ ਪੜ੍ਹੀਏ
ਸੋਚ
, ਸਮਾਂ, ਪਿੰਡ ਅੱਗੇ ਖੜੀਏ।

ਇੱਥੇ ਸ਼ਬਦ ਸੋਚ: ਮਾਨਵਵਾਦੀ ਵਿਚਾਰਧਾਰਾ ਦਾ ਸੂਚਕ ਹੈ, ਸਮਾਂ: ਇਤਿਹਾਸ, ਅਤੇ ਪਿੰਡ: ਸਮਾਜ ਦਾ। ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਵਿਚਲੀ ਮਾਨਵਵਾਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਉਸਨੇ ਕੁਝ ਧਾਰਨਾਵਾਂ ਵੀ ਪ੍ਰਸਤੁਤ ਕੀਤੀਆਂ ਹਨ, ਜਿਵੇਂ, ਵਿਅਕਤੀ ਨੂੰ ਆਪਣੀ ਸੋਚ ਅਤੇ ਜੀਭ ਨੂੰ ਗਹਿਣੇ ਨਹੀਂ ਧਰਨਾ ਚਾਹੀਦਾ, ਸਮਾਜ ਵਿਚ ਹੁੰਦੇ ਮੰਦੇ ਕੰਮ ਨੂੰ ਤੁਰੰਤ ਮੰਦਾ ਆਖ ਦੇਣਾ ਚਾਹੀਦਾ ਹੈਗੁਆਂਢੀ ਨਾਲ ਹੁੰਦੇ ਅਨਿਆਂ ਤੋਂ ਨਜ਼ਰ ਚੁਰਾ ਕੇ ਚੁੱਪ ਕਰਕੇ ਅੰਦਰ ਲੁਕ ਕੇ ਨਹੀਂ ਬੈਠ ਜਾਣਾ ਚਾਹੀਦਾਕਪਟੀ ਸ਼ਬਦਾਂ ਦੇ ਟੂਣੇ ਤੋਂ ਬਚਣਾ ਚਾਹੀਦਾ ਹੈ, ਸਮਾਜ ਵਿਚ ਧਰਮ-ਬੋਲੀ-ਫ਼ਲਸਫੇ ਅਤੇ ਕੌਮ ਦੇ ਨਾਂ ਉੱਤੇ ਲੱਗਦੇ ਨਾਅਰਿਆਂ ਦੇ ਉਹਲੇ ਲੁਕੀ ਸੱਚੇ ਨਾਅਰੇ ਦੀ ਕਿਲਕਾਰੀ ਦੀ ਪਛਾਣ ਕਰਨੀ ਚਾਹੀਦੀ ਹੈਜੀਵਨ ਵਿੱਚੋਂ ਬੇਲੋੜੀ ਕਾਹਲ਼ੀ ਨੂੰ ਕੱਢਣਾ ਚਾਹੀਦਾ ਹੈ, ਰਵਾਂ ਰਵੀ ਜੀਣ ਦੀ ਆਦਤ ਧਾਰਨ ਕਰਨੀ ਚਾਹੀਦੀ ਹੈਇਹ ਵਿਚਾਰ ਦਿਲ ਵਿਚ ਵਸਾਉਣਾ ਚਾਹੀਦਾ ਹੈ ਕਿ ਜੀਵਨ ਉਸਨੂੰ ਸਤਿਕਾਰਦਾ ਹੈ, ਜੋ ਮੌਤ ਨੂੰ ਵੰਗਾਰਦਾ ਹੈਕਿਉਂ, ਕਾਹਤੋਂ ,ਕਿੰਤੂ, ਦੀ ਆਦਤ ਜਿਊਂਦੀ ਰੱਖੋ, ਹੱਡ-ਹਰਾਮੀ ਨਾ ਬਣੋ ...

ਗੁਰਚਰਨ ਰਾਮਪੁਰੀ ਉਪਰੋਕਤ ਧਾਰਨਾਵਾਂ ਦੀ ਸਿਰਜਣਾ ਇਸ ਲਈ ਕਰ ਸਕਿਆ ਹੈ ਕਿਉਂਕਿ ਉਸਨੂੰ ਦਵੰਦਾਤਮਕ ਇਤਿਹਾਸਕ ਭੌਤਿਕਵਾਦ ਦੀ ਨਾ ਕੇਵਲ ਸਮਝ ਹੈ ਬਲਕਿ ਇਸ ਸਮਝ ਨੂੰ ਕਵਿਤਾ ਵਿਚ ਢਾਲ ਸਕਣ ਦੀ ਕਾਵਿ ਯੋਗਤਾ ਵੀ ਹਾਸਲ ਹੈ। ਉਸਦਾ ਕਾਵਿ-ਤਰਕ ਹੈ ਕਿ ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਦੌਰਾਨ ਵਿਅਕਤੀ ਨੇ ਆਪਣੇ ਭਲੇ ਲਈ ਜੋ ਧਰਮ, ਸਿਆਸਤ, ਰੱਬ ਅਤੇ ਫਲਸਫੇ ਸਿਰਜੇ ਹਨ, ਉਹੀ ਉਸਨੂੰ ਚਾਬਕਾਂ ਮਾਰ ਕੇ ਰੁਆ ਰੁਆ ਕੇ ਮੌਤ ਦੇ ਘਾਟ ਉਤਾਰ ਰਹੇ ਹਨ; ਉਸ ਹੱਥੋਂ ਰੋਟੀ ਅਤੇ ਸਮਝ ਖੋਹ ਕੇ ਉਸਨੂੰ ਆਪਣੇ ਆਪਣੇ ਅਖੌਤੀ ਸੱਚ ਦੇ ਪਾਠ ਪੜ੍ਹਨ ਲਈ ਮਜਬੂਰ ਕਰ ਰਹੇ ਹਨ। ਕਵੀ ਰੱਬ, ਧਰਮ, ਸਿਆਸਤ ਅਤੇ ਫਲਸਫੇ ਜਿਹੇ ਵਰਤਾਰਿਆਂ ਨਾਲ ਦਸਤਪੰਜਾ ਲੈਣ ਲਈ ਸ਼ਬਦ ਦੀ ਸ਼ਕਤੀ ਦਾ ਸਹਾਰਾ ਲੈਂਦਾ ਹੈ ਕਿਉਂਕਿ ਉਸ ਲਈ ਸ਼ਬਦ ਅਕਾਲਹੈ। ਸ਼ਬਦ ਦੇ ਅਕਾਲ ਸਰੂਪ ਦੀ ਵਰਤੋਂ ਸਦਕਾ ਹੀ ਉਹ ਕਹਿ ਉੱਠਦਾ ਹੈ: ਸੱਚ ਦੁਨੀਆਂ ਦਾ ਹੈ ਵੱਡਾ ਦੀਨ ਕੋਲੋਂ/ ਰੱਬ ਅਤੇ ਮਾਇਆ ਨੇ ਇਕੋ ਜਾਲ ਦੀਆਂ ਰੱਸੀਆਂ। ਅੰਬਰੀਂ ਜੇ ਉੱਡਣਾ ਹੈ ਜਾਲ਼ ਨੂੰ ਕੱਟੋ ਪਰ੍ਹਾਂ। ...ਸੱਚ ਕੋਈ ਵੀ ਨਹੀਂ ਹੈ ਆਖਰੀ/ ਸੱਚ ਤਾਂ ਰਾਹ ਹੈ ਕੋਈ ਮੰਜ਼ਿਲ ਨਹੀਂ/ਤੇਰੀ ਮੰਜ਼ਿਲ ਤਾਂ ਹੈ ਰੌਸ਼ਨ ਜ਼ਿੰਦਗੀ। ... ਹੋਵੇ ਗੱਦੀਦਾਰ ਦੀ ਜਾਂ ਬਾਗ਼ੀ ਦੀ ਤਲਵਾਰ/ ਜੋ ਲੋਕਾਂ ਦੀ ਜੀਭ ਨੂੰ ਜਿੰਦਰਾ ਦੇਂਦੀ ਮਾਰ। ਅੰਬਰ ਉੱਡਣ ਲਾਣ ਥਾਂ ਦਏ ਪਤਾਲ ਉਤਾਰ/ਕੁਝ ਵੀ ਹੋਵੇ ਉਹ ਲੋਕਾਂ ਦੀ ਨਹੀਂ ਯਾਰ। ... ਹੁਣ ਸੋਚਦਾ ਹਾਂ ਕਿ ਇਹ ਝੰਡੇ, ਸਿਧਾਂਤ, ਨਾਅਰੇ/ ਕਿੰਨਾ ਕੁ ਹੈਨ ਓਹਲਾ/ ਸੱਤਾ ਦੀ ਭੁੱਖ ਦਾ ਹੀ/ ਜੀਵਨ `ਚ ਨ੍ਹੇਰ ਹੈ ਜੇ/ ਕਿਸ ਕੰਮ ਫਲਸਫਾ ਹੈ? ... ਯੁੱਗ-ਪੁਰਸ਼/ ਫਲਸਫ਼ੀ ਜੋ/ ਆਦਰਸ਼ ਕਲਪਦੇ ਰਹੇ/ ਬਣਿਆ ਹੈ ਕੀ ਉਹਨਾਂ ਦਾ? ... ਕੁਈ ਕਰਾਂਤੀ ਦਗ਼ਾ ਕਿਉਂ/ ਆਪਣੇ ਹੀ ਨਾਲ ਕਰਦੀ ... ਇਤਿਆਦਿ।

ਉਂਝ ਤਾਂ ਗੁਰਚਰਨ ਰਾਮਪੁਰੀ ਜੀਵਨ ਦੇ ਖੁਸ਼ੀ, ਪੀੜਾ, ਗ਼ਮ, ਪਿਆਰ, ਵਿਰੋਧ ਆਦਿ ਪੱਖਾਂ ਨੂੰ ਆਪਣੀ ਕਵਿਤਾ ਦੇ ਵਿਸ਼ੇ ਬਣਾਉਂਦਾ ਹੈ ਪਰ ਰਾਜਨੀਤੀ ਅਤੇ ਮਜ਼ਹਬ ਉਸਦੇ ਮਨਪਸੰਦ ਵਿਸ਼ੇ ਹਨ। ਉਸਨੇ ਵੀਹਵੀਂ ਸਦੀ ਵਿਚ ਵਾਪਰੀਆਂ ਪ੍ਰਾਂਤਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਰਾਜਨੀਤਕ ਘਟਨਾਵਾਂ ਅਤੇ ਕ੍ਰਾਂਤੀਕਾਰੀ ਸੁਰਾਂ ਨੂੰ ਆਲੋਚਨਾਤਮਕ ਯਥਾਰਥਵਾਦੀ ਦ੍ਰਿਸ਼ਟੀ ਤਹਿਤ ਪੁਣਿਆ-ਛਾਣਿਆ ਹੈ। ਮਿਸਾਲ ਦੇ ਤੌਰ ਤੇ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੀ ਤਬਾਹੀ ਦਾ ਹਾਲ; ਜੈਤੋ, ਬਜਬਜਘਾਟ ਅਤੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ; ਨਾ ਮਿਲਵਰਤਣ ਲਹਿਰ; ਦੇਸ਼-ਵੰਡ ਵੇਲੇ ਹੋਈ ਕਤਲੋਗ਼ਾਰਤ; ਸੰਸਾਰ ਅਮਨ ਲਹਿਰ ਦਾ ਹੋਕਾ; ਤਿਲੰਗਾਨਾ ਦਾ ਮਹਾਂ ਘੋਲ; ਰੂਸ ਅਤੇ ਚੀਨ ਦੀਆਂ ਸਮਾਜਵਾਦੀ ਨੀਤੀਆਂ ਉੱਤੇ ਸ਼ੱਕ; ਭਾਰਤੀ ਕਮਿਊਨਿਸਟ ਪਾਰਟੀ ਦੀ ਦੁਫਾੜ ਸਥਿਤੀ; ਅਫਰੀਕੀ ਮਹਾਂਦੀਪ ਦੇ ਲੋਕ ਮੁਕਤੀ ਸੰਗਰਾਮ, ਕੈਨੇਡਾ ਦੇ ਆਦਿ-ਵਾਸੀ ਇੰਡੀਅਨਾਂ ਨਾਲ ਹੋਏ ਇਤਿਹਾਸਕ ਧੱਕੇ; ਸਾਮਰਾਜੀ ਮੁਲਕਾਂ ਖਿਲਾਫ਼ ਉੱਠੀ ਏਸ਼ੀਆਈ ਦੇਸ਼ਾਂ ਦੀ ਸਾਂਝੀ ਗਰਜ, ਕੇਂਦਰ ਅਤੇ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਦੇ ਅਮਾਨਵੀ ਚਰਿੱਤਰ: ਪੰਜਾਬ, ਦਿੱਲੀ ਅਤੇ ਕਾਨਪੁਰ ਵਿਚ ਹੋਏ ਦੰਗੇ ਅਤੇ ਦਹਿਸ਼ਤਗਰਦੀ ਦਾ ਮਾਹੌਲ; ਕੋਰੀਆ-ਵੀਅਤਨਾਮ- ਚੈਕੋਸਲੋਵਾਕੀਆ ਅਤੇ ਬੰਗਲਾਦੇਸ਼ ਦੇ ਸੂਰਬੀਰਾਂ ਦਾ ਜੱਸ ਗਾਇਨ ਇਤਿਆਦਿ।

ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ਹੀ ਉਘਾੜਦੀ ਹੈ ਕਿਉਂਕਿ ਰਾਮਪੁਰੀ ਨੇ ਆਪਣੀ ਕਵਿਤਾ ਵਿਚ ਹਰ ਉਸ ਸਰਕਾਰੀ ਅਤੇ ਗ਼ੈਰ-ਸਰਕਾਰੀ ਤਸ਼ੱਦਦ ਦਾ ਵਿਰੋਧ ਕੀਤਾ ਹੈ ਜੋ ਆਮ ਲੋਕਾਂ ਦੇ ਸਮਾਜਕ, ਆਰਥਿਕ ਅਤੇ ਰਾਜਨੀਤਕ ਜੀਵਨ ਨੂੰ ਤਬਾਹ ਕਰਦਾ ਹੈ। ਇਸੇ ਲਈ ਨਿਸਚਤ ਇਤਿਹਾਸਕ ਪ੍ਰਸੰਗ ਵਿਚ ਉਸਨੂੰ ਹਾਕਮਾਂਅਤੇ ਭਗੌੜਿਆਂਵਿਚ ਅੰਤਰ ਨਜ਼ਰ ਨਹੀਂ ਆਉਂਦਾ। ਉਸਨੂੰ ਦੋਵੇਂ ਇੱਕੋ ਢਾਣੀ ਦੇ ਡਾਕੂ ਜਾਪਦੇ ਹਨ ਜਿਹਨਾਂ ਦਾ ਕੰਮ ਲੋਕ-ਸਾਂਝਾਂ ਨੂੰ ਲੁੱਟਣਾ ਹੋਵੇ। ਰਾਮਪੁਰੀ ਦੀ ਨਜ਼ਰ ਵਿਰਾਜਲੋਟੂ ਜਮਾਤ ਦੀ ਸਰਦਾਰੀ ਨੂੰ ਕਾਇਮ ਰੱਖਣ ਅਤੇ ਸਮਾਜ ਵਿਚ ਲੁੱਟ-ਖਸੁੱਟ ਨੂੰ ਬਦਸਤੂਰ ਜਾਰੀ ਰੱਖਣ ਵਾਲੀ ਹੀ ਇਕ ਸੰਸਥਾ ਹੈ। ਇਸੇ ਲਈ ਉਹ ਅਖੌਤੀ ਵਿਦਵਾਨਾਂ ਅਤੇ ਹਾਕਮਾਂ ਦੀ ਭਿਆਲੀ ਨੂੰ ਪਛਾਣ ਸਕਿਆ ਹੈ, ‘ਕ੍ਰਾਂਤੀਨੂੰ ਆਪਣੇ ਨਾਲ ਹੀ ਦਗ਼ਾ ਕਮਾਉਂਦੀ ਨੂੰ ਦੇਖ ਸਕਿਆ ਹੈ, ਰਾਜ ਅੰਦਰ ਕਾਰਜ ਕਰਦੀ ਉਸ ਸ਼ਕਤੀਨੂੰ ਵੇਖ ਸਕਿਆ ਹੈ ਜੋ ਆਮ ਮਨੁੱਖੀ ਜ਼ਿੰਦਗੀਆਂ ਵਿਚ ਅਰਥਹੀਣਤਾ ਦੇ ਅਹਿਸਾਸ ਪੈਦਾ ਕਰਦੀ ਹੈ। ਇਸੇ ਲਈ ਰਾਮਪੁਰੀ ਦੀ ਕਾਵਿ-ਦ੍ਰਿਸ਼ਟੀ ਅੰਦਰ ਸਮਾਜਵਾਦੀ ਰਾਜ ਦਾ ਸੰਕਲਪ ਕਾਰਜਸ਼ੀਲ ਹੋ ਉੱਠਦਾ ਹੈ।

ਗੁਰਚਰਨ ਰਾਮਪੁਰੀ ਅਜਿਹੀ ਕਵਿਤਾ ਇਸ ਲਈ ਸਿਰਜ ਸਕਿਆ ਹੈ ਕਿਉਂਕਿ ਉਸਨੇ ਆਪਣੇ ਜੀਵਨ ਵਿਚ ਭਾਰਤ ਦੇ ਆਮ ਲੋਕਾਂ ਦੀ ਲੁੱਟ-ਖਸੁੱਟ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਿਆ ਅਤੇ ਹੰਢਾਇਆ ਹੈ। ਮਗਰੋਂ ਕੈਨੇਡਾ ਵਰਗੇ ਅਤਿ ਉੱਨਤ ਦੇਸ਼ ਵਿਚ ਰਹਿੰਦਿਆਂ ਵੀ ਵਿਸ਼ਵ ਕ੍ਰਾਂਤੀ ਦੇ ਇਤਿਹਾਸ ਨੂੰ ਉਸਨੇ ਘੋਖਿਆ ਅਤੇ ਵੇਲੇ ਦੀ ਸਮਾਜਕ ਅਤੇ ਰਾਜਸੀ ਹਕੀਕਤ ਨੂੰ ਜਾਣਿਆ ਹੈ। ਅਜਿਹੇ ਹੰਢਾਏ, ਘੋਖੇ ਅਤੇ ਸਮਝੇ ਨੂੰ ਲੋਕਾਂ ਦਾ ਕਵੀ ਬਣ ਕੇ ਉਸ ਨੇ ਬਿਆਨਿਆ ਹੈ। ਕਿਉਂਕਿ ਲੋਕ-ਕਵੀ ਆਪਣੇ ਸਮੇਂ ਦੇ ਹਾਣੀ ਹੋਇਆ ਕਰਦੇ ਨੇ। ਅਤੇ ਜਿਵੇਂ ਸੰਤੋਖ ਸਿੰਘ ਧੀਰ ਨੇ ਮੰਨਿਆ ਹੈ, ਰਾਮਪੁਰੀ ਤਾਂ ਹੈ ਹੀ ਲੋਕ-ਜੁੱਗ ਦਾ ਸਮਰੱਥ ਕਵੀ।

ਖੇਤਰੀ ਹੱਦ-ਬੰਦੀਆਂ ਦੀ ਕੈਦੋਂ ਮੁਕਤ ਸਰਬ ਵਿਆਪਕ ਮਾਨਵਤਾ ਨਾਲ ਸਾਂਝ ਪਾਉਣ ਵਾਲੇ ਸਾਡੇ ਇਸ ਲੋਕ-ਕਵੀ ਨੇ ਚੋਣਵੇਂ ਇਤਿਹਾਸਕ ਅਤੇ ਮਿਥਿਹਾਸਕ ਵਰਤਾਰਿਆਂ ਨੂੰ ਕਾਵਿ-ਮਾਧਿਅਮ ਵਜੋਂ ਚੁਣਿਆ ਹੈ। ਇਸੇ ਲਈ ਉਸਦੀ ਕਵਿਤਾ ਵਿਚ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦੀ ਭਰਮਾਰ ਪਾਈ ਜਾਂਦੀ ਹੈ। ਉਸਨੇ ਬਾਬਰ, ਮਲਕ ਭਾਗੋ, ਹਿਟਲਰ, ਚੰਗੇਜ਼ ਖਾਂ, ਨਾਦਰ ਸ਼ਾਹ, ਔਰੰਗਜ਼ੇਬ, ਕਾਰੂ ਬਾਦਸ਼ਾਹ, ਕੌਟਲਯ, ਚਾਣਕਯ, ਨੱਥੂ ਰਾਮ ਗੌਡਸੇ, ਨਾਜ਼ੀ ਡਾਕਟਰ ਮੈਂਗਲੇ, ਰਾਵਣ, ਦੁਰਯੋਧਨ, ਹਰਨਾਖਸ਼, ਮਨੂੰ ਇਤਿਆਦਿ ਨੂੰ ਅਜੋਕੇ ਮਾਨਵ ਦੇ ਖਲਨਾਇਕੀ ਗੁਣਾਂ ਨੂੰ ਦਰਸਾਉਣ ਲਈ ਵਰਤਿਆ ਹੈ। ਅਤੇ ਭਗਤ ਸਿੰਘ, ਊਧਮ ਸਿੰਘ, ਲੁਮੂੰਬਾ, ਚੀ-ਗਵੇਰਾ, ਮਾਓ, ਰਾਮ ਪ੍ਰਸਾਦ ਬਿਸਮਿਲ, ਜਮੀਲਾ, ਡਾ. ਕਿਚਲੂ, ਨਾਨਕ, ਹਾਸ਼ਮ, ਗ਼ਾਲਿਬ, ਨਹਿਰੂ, ਪਾਬਲੋ ਪਿਕਾਸੋ, ਸੂਰਦਾਸ, ਤੁਲਸੀ, ਗੋਬਿੰਦ ਸਿੰਘ, ਗੁਰੂ ਅਰਜਨ, ਬੁੱਲ੍ਹਾ, ਸਰਵਣ, ਪ੍ਰਹਿਲਾਦ, ਸ਼ਿਵ, ਪਾਰੋ, ਵਿਸ਼ਵਾਮਿੱਤਰ, ਮੇਨਕਾ, ਗੌਤਮ-ਅਹੱਲਿਆ, ਮਿਰਜ਼ਾ, ਹੀਰ, ਰਾਂਝਾ, ਪਾਂਡਵ, ਕ੍ਰਿਸ਼ਨ, ਮਨਸੂਰ, ਈਸਾ, ਰਿਸ਼ੀ ਵਿਆਸ, ਰਿਸ਼ੀ ਬਾਲਮੀਕ, ਹਨੂੰਮਾਨ ਇਤਿਆਦਿ ਨੂੰ ਨਾਇਕੀ ਗੁਣਾਂ ਵਾਸਤੇ। ਰਾਮਪੁਰੀ ਦੀ ਕਾਵਿ-ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਸਨੇ ਇਹਨਾਂ ਨਾਇਕੀ ਅਤੇ ਖਲਨਾਇਕੀ ਗੁਣਾਂ ਵਾਲੇ ਇਤਿਹਾਸਕ-ਮਿਥਿਹਾਸਕ ਪਾਤਰਾਂ ਨੂੰ ਵਿਅੰਗ ਦੇ ਰੂਪ ਵਜੋਂ ਵਰਤ ਕੇ ਆਪਣੀ ਕਾਵਿ-ਕਲਾ ਨੂੰ ਅਨੋਖੀ ਨੁਹਾਰ ਪ੍ਰਦਾਨ ਕੀਤੀ ਹੈ। ਮਿਸਾਲ ਦੇ ਤੌਰ ਤੇ ਕੁਝ ਕਾਵਿ-ਟੋਟੇ ਲੈਂਦੇ ਹਾਂ:

ਅੱਜ ਮਨੁੱਖਤਾ ਹੋਈ ਮੂਰਛਤ
ਹਨੂੰਮਾਨ ਦਾ ਸੁਆਂਗ ਰਚਾਉਂਦਾ ਹੈ ਸ਼ਹਿਜ਼ਾਦਾ
ਪਰ ਸਰਬੌਖਧ ਪਰਬਤ ਦੇ ਰਾਹੇ ਨਾ ਪੈਂਦਾ
ਪੂਛ ਆਪਣੀ ਨੂੰ ਲਾਟ ਬਣਾ ਕੇ
ਆਪ ਅਯੁੱਧਿਆ ਵਿਚ ਉਹ ਟਹਿਲ ਰਿਹਾ ਹੈ

ਗੁਰਚਰਨ ਰਾਮਪੁਰੀ ਬੁਨਿਆਦੀ ਤੌਰ ਤੇ ਆਪਣੇ ਸਮਿਆਂ ਦੇ ਵਸਤੂਗਤ ਯਥਾਰਥ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਪੇਸ਼ ਕਰਨ ਵਾਲਾ ਅਜਿਹਾ ਕਵੀ ਹੈ ਜਿਸਦਾ ਦਿਲ ਆਮ ਲੋਕਾਂ ਲਈ ਧੜਕਦਾ ਹੈ। ਸ਼ਾਇਦ ਇਸੇ ਲਈ ਉਸਨੇ ਭਾਰਤੀ ਇਤਿਹਾਸ ਅਤੇ ਮਿਥਿਹਾਸ ਦੇ ਮਹੱਤਵਪੂਰਨ ਕਿਰਦਾਰਾਂ ਨੂੰ ਵਿਅੰਗਭਾਵੀ ਦ੍ਰਿਸ਼ਟੀ ਤੋਂ ਚਿਤਰਿਆ ਹੈ; ਵਰਤਮਾਨ ਸਮਾਜਕ ਯਥਾਰਥ ਦੇ ਵਿਭਿੰਨ ਕਰੂਰ ਪੱਖਾਂ ਦੀ ਸਮਝ ਪ੍ਰਦਾਨ ਕਰਨ ਲਈ।

ਜਿੱਥੇ ਰਾਮਪੁਰੀ ਨੇ ਇਤਿਹਾਸਕ ਅਤੇ ਮਿਥਿਹਾਸਕ ਕਿਰਦਾਰਾਂ ਨੂੰ ਪ੍ਰਤੀਕਾਂ ਦੇ ਰੂਪ ਵਿਚ ਵਰਤ ਕੇ ਆਪਣੀ ਕਵਿਤਾ ਦਾ ਕਲਾਤਮਕ ਨਿਰਮਾਣ ਕੀਤਾ ਹੈ, ਉੱਥੇ ਪੰਜਾਬੀ ਸਮਾਜ, ਸਾਹਿਤ ਅਤੇ ਸਭਿਆਚਾਰ ਵਿਚ ਆਮ ਪ੍ਰਚਲਤ ਰਵਾਇਤੀ ਰੂਪਕਾਂ ਦੀ ਵਰਤੋਂ ਵੀ ਇਸੇ ਮੰਤਵ ਲਈ ਕੀਤੀ ਹੈ ਜਿਵੇਂ, ਹੰਸ, ਮੋਰ, ਨਾਗ, ਭੇਡ, ਕਬੂਤਰ, ਸ਼ੇਰ, ਕੋਇਲ, ਕਾਂ, ਬੁਲਬੁਲ, ਗਿਰਝ, ਢੱਗਾ, ਚੂਹਾ, ਬਘਿਆੜ, ਹਲਕੇ ਕੁੱਤੇ, ਜੰਗਲੀ ਬਿੱਲਾ, ਜੋਕ, ਮਿਰਗ, ਘੁੱਗੀ, ਬਾਜ਼, ਚਿੜੀ, ਜੁਗਨੂੰ, ਡਾਚੀ, ਬਟੇਰਾ, ਸ਼ਿਕਰਾ ਆਦਿ। ਇੱਥੇ ਕੁਝ ਉਦਾਹਰਣਾਂ ਲੈਂਦੇ ਹਾਂ ਜਿਹਨਾਂ ਵਿਚ ਰਾਮਪੁਰੀ ਨੇ ਅਜਿਹੇ ਰੂਪਕਾਂ ਨੂੰ ਪ੍ਰਤੀਕਾਂ ਵਿਚ ਅਤੇ ਪ੍ਰਤੀਕਾਂ ਨੂੰ ਅਗਾਂਹ ਕਾਵਿ-ਬਿੰਬ ਵਜੋਂ ਉਘਾੜਿਆ ਹੈ:

ਮੋਰ:

ਮੋਰ ਨੱਚਦੇ ਵੀ ਰੋਈ ਜਾਂਦੇ ਨੇ
ਹੰਸ ਮਰਦੇ ਸਮੇਂ ਵੀ ਗੌਂਦਾ ਹੈ

ਘੁੱਗੀ:

ਅੱਜ ਘੁੱਗੀ ਦੇ ਫਰਕਣ ਖੰਭ, ਓਏ!
ਜਿਊਣਾ ਚਾਹੁੰਦੀ ਏ ਹੁਣ
ਗਈ ਮਰ ਮਰ ਜ਼ਿੰਦਗੀ ਹੰਭ, ਓਏ!

ਕੋਇਲ:

ਕਿਹੜਾ ਬੂਰ ਅੰਬਾਂ ਦਾ ਝਾੜੇ? ਕੋਇਲ ਬੋਲ ਰਹੀ
ਸਾਡੇ ਪਿੱਪਲਾਂ ਤੇ ਘੁੱਗੀਆਂ ਬੋਲਣ: ਜੀਣ ਸਾਡੇ ਭੋਲੇ ਬੱਚੜੇ

ਹੰਸ:

ਹੰਸ ਦਿਲ ਦੇ ਨੂੰ ਚੋਗ ਪਾਵਣ ਲਈ
ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ

ਡਾਚੀ:

ਪਿਆਰ ਦੀ ਭਟਕਣ ਨੂੰ ਡਾਚੀ ਦਾ ਖੁਰਾ ਹੈ ਲੱਭਿਆ
ਆਪ ਮੰਜ਼ਿਲ ਰਾਹੀਆਂ ਨੂੰ ਪਈ ਹਾਕਾਂ ਮਾਰਦੀ

ਜੁਗਨੂੰ:

ਆਸ ਦਾ ਜੁਗਨੂੰ ਫਿਰ ਆ ਕੇ ਦਿਲ ਦੀ ਲਗਰੇ ਬਹਿ ਗਿਆ
ਮੱਸਿਆ ਮੇਰੀ ਦੇ ਮੱਥੇ ਚੰਨ ਚਮਕੇ ਨੇ ਕਈ

ਮਿਰਗ:

ਮੇਰੇ ਅੰਬਰ ਦੇ ਸਭ ਤਾਰੇ ਚੋਰੀ ਹੋ ਗਏ
ਨਫ਼ਰਤ ਦੀ ਸਭਯਤਾ ਨੇ ਮੇਰਾ ਨੂਰ ਗ੍ਰੱਸਿਆ
ਮਿਰਗਾਂ ਦੇ ਗਲ਼ ਸੰਗਲ਼ ਪਾਏ

ਬੁਲਬੁਲ:

ਹੁਣ ਸਮਿਆਂ ਦੇ ਉਸ ਮੋੜ `ਅਤੇ ਆ ਪਹੁੰਚੇ ਹਾਂ
ਜਿੱਥੇ ਡਰ ਹੈ / ਰਾਖੀ ਖਾਤਰ ਲਾਏ ਪਹਿਰੇ
ਰੁਮਕਦੀਆਂ ਵਾਵਾਂ ਦੇ ਰਾਹ ਵਿਚ ਹੋ ਨਾ ਜਾਵਣ ਕੰਧਾਂ
ਕਾਵਾਂ ਖਾਤਰ ਤਣੇ ਗੁਲੇਲੇ/ ਮਤੇ ਬੁਲਬੁਲਾਂ ਮਾਰ ਮੁਕਾਵਣ

ਉੱਲੂ:

ਉੱਲੂ ਹਰ ਥਾਂ
ਨ੍ਹੇਰ ਉਜਾੜਾਂ ਚਾਹਣ

ਜੋਕ:

ਹੁਣ ਮਿਰੇ ਪਿੰਡ ਸਹਿਮ-ਝੰਡੇ ਝੂਲਦੇ ਨੇ
ਕੈਦ ਭੈਅ ਦੀ ਮਹਾਂ ਕਰੜੀ
ਸਹਿਮ ਦੇ ਪਹਿਰੇ ਤਾਂ ਰੱਤ ਹਰ ਪਲ ਸੁਕੇਂਦੀ
ਜੋਕ ਏਹੇ ਕਦੇ ਵੀ ਰੱਜਦੀ ਨਹੀਂ ਹੈ

ਢੱਗਾ:

ਢੱਗਾ ਸਮਝ ਰਿਹਾ, ਕੋਹਲੂ ਦਾ ਚਾਲਕ ਓਹੋ
ਸਰ੍ਹੋਂ ਨਪੀੜੀ ਦੀ, ਕਿਸਮਤ ਦਾ ਮਾਲਕ ਓਹੋ

ਨਾਗ/ਕੁੱਤੇ:

ਖੂਨ ਦਾ ਮਾਰੂ ਤਮਾਸ਼ਾ ਹੋ ਰਿਹਾ ਹੈ ਦੇਰ ਤੋਂ
ਕਾਲਿਆਂ ਨਾਗਾਂ ਅਤੇ ਹਲਕੇ ਕੁੱਤਿਆਂ ਦੀ
ਭੀੜ ਵਿਚ ਲੋਕੀਂ ਘਿਰੇ ਹਨ

ਬਾਜ਼/ਚਿੜੀ:

ਜ਼ਿੰਦਗੀ ਅਤੇ ਜ਼ੋਰ ਦੀ ਤਾਂ ਲਗਦੀ ਆਈ ਸਦਾ
ਬਾਜ਼ ਨੂੰ ਮਾਸੂਮ ਚਿੜੀਆਂ ਦੀ ਉਡਾਰੀ ਕਦੇ ਵੀ ਭਾਈ ਨਹੀਂ

ਸ਼ੇਰ/ਭੇਡ:

ਹੁਣੇ ਮੈਂ ਸੋਚਿਆ ਹੈ
ਕਿ ਇਹਨਾਂ ਖਾਤਰ ਬਲੀ ਚੜ੍ਹਨੋਂ ਚੰਗੇਰਾ ਹੈ:

ਇਹਨਾਂ ਦੀ ਖੇਡ ਨੂੰ ਸਮਝਾਂ
ਮੈਂ ਆਪਣੀ ਭੇਡ ਨੂੰ ਖੁਦ ਮਾਰਾਂ

ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ

ਚੂਹੇ, ਸੱਪ, ਬਘਿਆੜ:

ਕੋਈ ਵਿਰਲਾ ਮਰਦ-ਅਗੰਮੜਾ
ਬਘਿਆੜਾਂ ਦੇ ਸਿਰ ਕੁਚਲਣ ਖਾਤਰ
ਮੋਢੇ ਖੂੰਡਾ, ਜਾਨ ਤਲੀ ਤੇ ਧਰ ਕੇ
ਗਲ਼ੀਏਂ ਗੇੜਾ ਮਾਰ ਰਿਹਾ ਹੈ

ਉਪਰੋਕਤ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਚਰਨ ਰਾਮਪੁਰੀ ਸਥਾਪਤੀ ਦਾ ਕਵੀ ਨਹੀਂ ਹੈ। ਉਹ ਤਾਂ ਸਥਾਪਤੀ ਦੀਆਂ ਲੋਕ-ਵਿਰੋਧੀ ਕੁਚਾਲਾਂ ਨੂੰ ਗਰਮ ਖਿਆਲਾਂ ਨਾਲ ਨੋਚ ਕੇ ਲੋਕ ਸ਼ਕਤੀ ਦੀ ਪੈਰਵੀ ਕਰਨ ਵਾਲਾ ਪ੍ਰਤੀਬੱਧ ਕਵੀ ਹੈ। ਲੋਕ-ਪੀੜਾ ਦੇ ਵਰਤਮਾਨ ਸਰੂਪ ਨੂੰ ਦੇਖਦਾ ਹੋਇਆ ਧਰਮ ਅਤੇ ਰਾਜਨੀਤੀ ਨੂੰ ਆੜੇ ਹੱਥੀਂ ਲੈਂਦਾ ਹੈ। ਉਸਦਾ ਕਵੀ-ਦਿਲ ਸਮਾਜਕ ਕ੍ਰਾਂਤੀ ਦੀ ਤਵੱਕੋ ਰੱਖਣ ਦੇ ਨਾਲ ਨਾਲ ਸ਼ਾਂਤਮਈ ਜੀਵਨ ਜਿਊਣ ਦੀ ਜਾਚ ਨਾਲ ਵੀ ਭਰਿਆ ਪਿਆ ਹੈ। ਆਸ਼ਾਵਾਦੀ ਸੋਚ ਉਸਦੇ ਅੰਗ-ਸੰਗ ਰਹਿੰਦੀ ਹੈ। ਇਸੇ ਲਈ ਉਹ ਪ੍ਰੇਮ, ਪੀੜਾ ਤੇ ਕ੍ਰਾਂਤੀ ਦੇ ਸੰਕਲਪਾਂ ਨੂੰ ਬਦਲਦੇ ਸਮਾਜਕ, ਸਭਿਆਚਾਰਕ, ਰਾਜਨੀਤਕ ਅਤੇ ਆਰਥਿਕ ਪ੍ਰਸੰਗਾਂ ਸਮੇਤ ਰੂਪਮਾਨ ਕਰਦਾ ਹੈ। ਕ੍ਰਾਂਤੀ ਨੂੰ ਉਹ ਰਾਜ-ਮੁਖੀ ਨਹੀਂ ਸਗੋਂ ਲੋਕ-ਮੁਖੀ ਸਰੂਪ ਦੀ ਗਰਦਾਨਦਾ ਹੈ। ਇਸੇ ਲਈ ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸਭ ਰਾਜ-ਵਿਵਸਥਾਵਾਂ ਦੀਆਂ ਨੀਤੀਆਂ ਉੱਤੇ ਸ਼ੱਕ ਕਰਦਾ ਹੈ। ਇੰਝ ਸਮਾਜਵਾਦੀ ਦੇਸ਼ਾਂ ਦੀਆਂ ਸਥਾਪਤੀਵਾਦੀ ਨੀਤੀਆਂ ਦਾ ਸਮਰਥਨ ਕਰਨ ਵਾਲੇ ਤਥਾ-ਕਥਿਤ ਪ੍ਰਗਤੀਵਾਦੀ ਪੰਜਾਬੀ ਕਵੀਆਂ ਨਾਲੋਂ ਉਹ ਆਪਣੀ ਨਿਵੇਕਲੀ ਪਛਾਣ ਬਣਾਉਣ ਵਿਚ ਸਫ਼ਲ ਹੁੰਦਾ ਹੈ। ਉਸਦੀ ਕਵਿਤਾ ਅੰਦਰ ਉਹ ਸਦੀਵੀ ਪ੍ਰਸ਼ਨ ਮੌਜੂਦ ਹਨ ਜਿਹਨਾਂ ਦੀ ਭਾਲ ਲਈ ਕਵਿਤਾ ਦੀ ਸਿਰਜਣਾ ਹੁੰਦੀ ਹੈ ਅਤੇ ਜਿਹਨਾਂ ਦਾ ਸੰਬੰਧ ਵਿਅਕਤੀ ਦੇ ਭਾਵਮੂਲਕ, ਹੋਂਦਮੂਲਕ ਅਤੇ ਵਿਦਰੋਹਮੂਲਕ ਸੁਭਾਅ ਦੇ ਚਿਤਰਣ ਨਾਲ ਹੈ। ਇਹਨਾਂ ਤਿੰਨਾਂ ਦੀ ਇਕ-ਇਕ ਮਿਸਾਲ ਵੇਖੋ:

ਤੇਰੇ ਹੰਝੂਆਂ ਦੇ ਸਰੋਵਰ ਵਿਚ, ਡੁੱਬੀਆਂ ਸਾਡੀਆਂ ਸਾਰੀਆਂ ਗੱਲਾਂ
ਇਹ ਸੋਚਾਂ ਹੀ ਪੱਲੇ ਰਹੀਆਂ, ਆਪਣੀ ਕਹੀਏ? ਤੇਰੀ ਸੁਣੀਏ?

**

ਮੈਂ ਆਪਣੀ ਹਸਤੀ ਦੇ ਕਾਰਨਾਂ ਵਿਚ ਹੀ
ਹੋਂਦ ਆਪਣੀ ਗੁਆ ਲਈ ਹੈ
ਵਿਚਾਰਦਾ ਹਾਂ, ਮੈਂ ਆਪ ਕੀ ਹਾਂ?

**

ਹੁਣਭਿਆਨਕ ਭਵਿੱਖਝਾਉਲਾ ਹੈ
ਸਾਰਾ ਜੀਵਨ ਹੀ ਰਾਮ ਰੌਲਾ ਹੈ
ਚੁੱਪ ਏਕਾਂਤ ਸ਼ਾਂਤੀ ਕਿੱਥੇ
ਮਰ ਗਈ ਕੱਲ੍ਹ ਚ ਕੁਝ ਨਹੀਂ ਲੱਭਣਾ
ਉਹ ਕੇਵਲ ਬੇਜਾਨ ਕਬਰ ਹੈ
ਕਬਰਾਂ ਛੱਡ ਕੇ ਜਬਰ ਅਜੋਕੇ ਦੀ ਗੱਲ ਤੋਰੋ
ਜਾਂ ਆਉਂਦੀ ਸੁੰਦਰ ਸਰਘੀ ਦੀ

ਉੱਪਰ ਦਿੱਤੀਆਂ ਤਿੰਨ ਮਿਸਾਲਾਂ ਰਾਮਪੁਰੀ ਦੀ ਕਾਵਿ-ਦ੍ਰਿਸ਼ਟੀ ਦੇ ਤਿੰਨ ਰੰਗ ਸਾਕਾਰ ਕਰਦੀਆਂ ਹਨ - ਰੁਮਾਂਸਵਾਦੀ, ਹੋਂਦਵਾਦੀ ਅਤੇ ਪ੍ਰਗਤੀਵਾਦੀ। ਇਸੇ ਲਈ ਉਸਦੀ ਕਵਿਤਾ ਵਿਚ ਪ੍ਰੇਮ, ਆਤਮ ਪੀੜਾ ਅਤੇ ਕ੍ਰਾਂਤੀ ਦੇ ਸੰਕਲਪ ਘੁਲੇ ਮਿਲੇ ਨਜ਼ਰ ਆਉਂਦੇ ਹਨ। ਉਸਦੇ ਕਾਵਿ-ਸਿਧਾਂਤ ਨੂੰ ਉਸਦੀਆਂ ਹੇਠ ਲਿਖੀਆਂ ਸਤਰਾਂ ਰਾਹੀਂ ਵੀ ਸਮਝਿਆ ਜਾ ਸਕਦਾ ਹੈ:

ਮੇਰੇ ਹੱਥਾਂ ਵਿਚ ਗ਼ਾਲਿਬਹੈ, ਮੇਰੇ ਹੱਥਾਂ ਵਿਚ ਸੂਰਜ ਹੈ
ਮੇਰੀ ਰੂਹ ਨੇ ਚਾਨਣ ਕੀਤਾ

ਮੇਰੇ ਹਿਰਦੇ ਸੂਰਦਾਸ ਹੈਤੁਲਸੀ ਹਾਸ਼ਮ ਅਤੇ ਨਾਨਕ ਹੈ
ਸੈਆਂ ਸੂਰਜ ਚਮਕ ਰਹੇ ਨੇ, ਮਨ ਦੇ ਮਾਨ-ਸਰੋਵਰ ਉੱਤੇ
ਅਕਲ ਬੇਖੁਦੀ ਜੋਟੀ ਬੰਨ੍ਹ ਕੇ ਨੱਚ ਰਹੀਆਂ ਨੇ

ਅਕਲਅਤੇ ਬੇਖੁਦੀਦਾ ਜੋਟੀ ਬੰਨ੍ਹ ਕੇ ਨੱਚਿਆ ਨਾਚ ਰਾਮਪੁਰੀ ਦੇ ਰੁਮਾਂਸਵਾਦੀ, ਹੋਂਦਵਾਦੀ ਅਤੇ ਪ੍ਰਗਤੀਵਾਦੀ ਵਿਚਾਰਧਾਰਾਵਾਂ ਦੇ ਸੰਗਮ ਵੱਲ ਇਸ਼ਾਰਾ ਕਰਦਾ ਕਲਾਤਮਕ ਤੱਥ ਹੈ। ਇਸੇ ਤੱਥ ਸਹਾਰੇ ਉਸਨੇ ਮਨੁੱਖੀ ਸਭਿਅਤਾ ਦਾ ਆਦਿ-ਬਿੰਦੂ ਮੰਨੇ ਗਏ ਆਦਮਅਤੇ ਹਵਾਨੂੰ ਆਪਣੇ ਪ੍ਰਥਮ ਕਾਵਿ-ਨਾਇਕ ਬਣਾਇਆ ਹੈ ਅਤੇ ਅਜੋਕੇ ਨਰ ਅਤੇ ਨਾਰੀ ਨੂੰ ਇਹਨਾਂ ਦਾ ਹੀ ਵਿਕਸਤ ਰੂਪ ਮੰਨਿਆ ਹੈ ਜੋ ਪ੍ਰੇਮ, ਪੀੜਾ ਅਤੇ ਵਿਦਰੋਹ ਦੇ ਭਾਵਾਂ ਨਾਲ ਗੜੁੱਚ ਹਨ। ਕੁਦਰਤ ਉਹਨਾਂ ਦੇ ਅੰਗ-ਸੰਗ ਵਿਚਰਦੀ ਹੈ। ਉਹਨਾਂ ਦੇ ਦੁੱਖਾਂ ਅਤੇ ਸੁੱਖਾਂ ਦੀ ਭਾਈਵਾਲ ਬਣਦੀ ਹੈ। ਰਾਮਪੁਰੀ ਦਾ ਖਿਆਲ ਹੈ ਕਿ ਕੁਦਰਤ ਵਿਚ ਕੁਝ ਵੀ ਅਕਾਰਨ ਨਹੀਂ ਵਾਪਰਦਾ ਅਤੇ ਜਦੋਂ ਵੀ ਕੁਦਰਤ ਮਨੁੱਖ ਸਾਹਵੇਂ ਸਵਾਲ ਪਾਉਂਦੀ ਹੈ ਤਾਂ ਉਹ ਉੱਤਰ ਦੀ ਸ਼ਕਲ ਵਿਚ ਗਿਆਨ ਦੇ ਫਲਸਫੇ ਪੈਦਾ ਕਰਦਾ ਹੈ ਅਤੇ ਵਿਗਿਆਨ ਦੀਆਂ ਕਾਢਾਂ ਕੱਢਦਾ ਹੈ। ਵਿਗਿਆਨ ਦੀ ਤਰੱਕੀ ਨੂੰ ਦਰਸਾਉਂਦੀਆਂ ਇਹ ਸਤਰਾਂ ਵੇਖੋ:

ਧਰਤ ਦੀ ਕੁੱਖ ਜਣ ਰਹੀ ਹੈ ਲਾਲ ਮਾਨਵ ਦੇ ਲਈ
ਸੌਂ ਰਹੇ ਪਾਤਾਲ ਵਿਚ ਹੀਰਾ ਹੈ ਚਾਨਣ ਭਾਲ਼ਦਾ
ਸਾਗਰਾਂ ਦੀ ਛੱਲ ਮੋਤੀ ਵੰਡਦੀ, ਕਣਕ ਦਾ ਸੋਨਾ ਸਿਰਜਦਾ ਹੈ ਰਵੀ
ਅੱਜ ਨਦੀਆਂ ਭਰਨ ਪਾਣੀ ਆਦਮੀ ਦਾ
ਕੱਲ੍ਹਦੇ ਇਹ ਦੇਵਤੇ, ਦਾਸ ਅੱਜਦੇ ਹੋ ਗਏ।

ਗੁਰਚਰਨ ਰਾਮਪੁਰੀ ਨੇ ਆਪਣੀ ਵੇਦਨਾ, ਸੰਵੇਦਨਾ ਅਤੇ ਚੇਤਨਾ ਨੂੰ ਪ੍ਰਗਟਾਉਣ ਲਈ ਕੁਦਰਤੀ ਦ੍ਰਿਸ਼ਾਂ, ਬਿੰਬਾਂ, ਵਸਤਾਂ ਆਦਿ ਦੀ ਭਰਪੂਰ ਵਰਤੋਂ ਕਲਾਤਮਕ ਜੁਗਤ ਵਜੋਂ ਕੀਤੀ ਹੈ।

ਜਿਵੇਂ, ਸਾਉਣ ਦੇ ਬੱਦਲ, ਅੱਸੂ ਦੀ ਧੁੱਪ, ਅੱਸੂ ਦੀ ਸਵੇਰ, ਜੇਠ ਦੀ ਧੁੱਪ, ਕਣਕਾਂ ਦੀ ਖੁਸ਼ਬੋ, ਤਾਰਿਆਂ ਦੀ ਲੋਅ, ਪੱਛੋਂ ਦੀ ਹਵਾ, ਸਾਵਣ ਦੀ ਸ਼ਾਮ, ਪਹੁ ਫੁਟਾਲੇ, ਮੱਸਿਆ ਦੀ ਰਾਤ, ਸਾਉਣ ਦੀ ਸਵੇਰ, ਸੰਦਲੀ ਸਵੇਰਾ, ਨਦੀ ਦਾ ਨਾਦ ਆਦਿ। ਉਸਦੀ ਕਵਿਤਾ ਵਿਚ ਬੇਸ਼ੁਮਾਰ ਕੁਦਰਤੀ ਰੂਪਕਾਂ ਦੀ ਲੈਅ-ਯੁਕਤ ਵਰਤੋਂ ਸਾਬਤ ਕਰਦੀ ਹੈ ਕਿ ਗੁਰਚਰਨ ਰਾਮਪੁਰੀ ਕੁਦਰਤ ਨੂੰ ਪਿਆਰ ਕਰਨ ਵਾਲਾ ਕਵੀ ਹੈ। ਇਸੇ ਲਈ ਉਹ ਸੰਬੋਧਨੀ ਸੁਰ ਵਿਚ ਪਾਠਕਾਂ ਨੂੰ ਇੰਝ ਮੁਖ਼ਾਤਬ ਹੋ ਉੱਠਦਾ ਹੈ:

ਕੁਝ ਤਾਂ ਇਸਦਾ ਰੂਪ ਹੰਢਾਓ
ਥੱਕੇ ਨੈਣ ਤ੍ਰੇਲੀਂ ਧੋਵੋ

ਕੁਝ ਘੜੀਆਂ ਤਾਂ ਆਪਣੇ ਨਾਲ ਗੁਜ਼ਾਰੋ
ਕੁਦਰਤ ਦੀ ਕਵਿਤਾ ਨੂੰ ਮਾਣੋ

ਸੁਣ! ਪਹਾੜੀ ਨਦੀ ਵਾਲਾ ਨਾਦ ਸੁਣ!!
ਇਸ ਦੇ ਵਿਚ ਜ਼ਿੰਦਗੀ ਦੀ ਦੌੜ ਹੈ

ਬੈਠ ਦੋ ਪਲ ਜ਼ਿੰਦਗੀ ਦੀ ਇਸ ਸਤਰੰਗੀ ਦੇ ਕੋਲ਼ੇ
ਸ਼ਹਿਰ ਦੇ ਧੂੰਏਂ ਅਤੇ ਭੀੜਾਂ ਵਿਚ ਕੀ ਧਰਿਆ ਪਿਆ ਹੈ

ਗੁਰਚਰਨ ਰਾਮਪੁਰੀ ਨੂੰ ਸ਼ਬਦ ਦੀ ਸ਼ਕਤੀ ਦਾ ਡੂੰਘਾ ਗਿਆਨ ਹੈ। ਇਸੇ ਗਿਆਨ ਦੇ ਆਧਾਰ ਉੱਤੇ ਉਹ ਢੁੱਕਵੇਂ ਕਾਵਿ-ਰੂਪਾਂ ਦੀ ਚੋਣ ਕਰਦਾ ਹੈ। ਇੰਝ ਉਸਨੇ ਸ਼ਬਦਾਂ ਰਾਹੀਂ ਸੁਹਜ ਸੁਆਦ ਸਿਰਜਣ ਵੇਲੇ ਵਿਭਿੰਨ ਕਾਵਿ-ਰੂਪਾਂ ਦੀ ਵਰਤੋਂ ਕੀਤੀ ਹੈ। ਖੁੱਲ੍ਹੀ ਕਵਿਤਾ ਲਿਖਣ ਦੇ ਨਾਲ ਨਾਲ ਗ਼ਜ਼ਲ, ਗੀਤ ਅਤੇ ਟੱਪੇ ਵੀ ਲਿਖੇ ਹਨ। ਉਮਰ ਦੇ 87 ਵਰ੍ਹੇ ਪੂਰੇ ਕਰਕੇ ਪ੍ਰੌੜ੍ਹ ਅਵਸਥਾ ਨੂੰ ਪੁੱਜੇ ਸਾਡੇ ਇਸ ਕਲਮਕਾਰ ਨੇ ਪੁਰਾਤਨ ਕਾਵਿ-ਰੂਪ ਦੋਹਾਦੀ ਵਰਤੋਂ ਕਰਕੇ ਦੋਹਾਵਲੀਨਾਂ ਦੀ ਕਾਵਿ-ਪੁਸਤਕ ਵੀ ਰਚੀ ਹੈ। ਉਸਦੇ ਰਚੇ ਦੋਹਿਆਂ ਵਿਚ ਵੀ ਉਸਦੀ ਕਵਿਤਾ ਵਾਂਗ ਹੀ ਧਰਮ, ਰਾਜਨੀਤੀ ਅਤੇ ਜੀਵਨ ਨੂੰ ਸਹੀ ਸੇਧ ਦੇਣ ਵਾਲੇ ਵਿਸ਼ੇ ਭਾਰੂ ਹਨ। ਜਿਵੇਂ ਕਿ ਹੇਠ ਲਿਖੇ ਦੋਹੇ ਵਿਚ ਉਸਨੇ ਸਮੇਂ ਦੇ ਧਾਰਮਿਕ ਪਾਖੰਡ ਨੂੰ ਇੰਝ ਪਕੜਿਆ ਹੈ:

ਆਪ ਕਮੇਟੀ ਵੇਚਦੀ, ਕਰੇ ਕਰਾਏ ਪਾਠ
ਨਿੰਦੇ ਬ੍ਰਾਹਮਣਵਾਦ ਨੂੰ, ਅਜਬ ਵਪਾਰੀ ਠਾਠ

ਅਜੋਕੇ ਰਾਜਨੀਤੱਗਾਂ ਦੀਆਂ ਕਪਟੀ, ਫਰੇਬੀ ਅਤੇ ਰਿਸ਼ਵਤੀ ਰਗਾਂ ਉੱਤੇ ਉਂਗਲ ਧਰਦਾ ਇਕ ਦੋਹਾ ਇਸ ਪ੍ਰਕਾਰ ਹੈ:

ਆਪਣੀ ਨੇਤਾਗਿਰੀ ਲਈ ਕਰਦਾ ਕਪਟ ਫਰੇਬ
ਆਦਤ ਉਸਦੀ ਰਿਸ਼ਵਤੀ, ਭਾਰੀ ਉਸਦੀ ਜੇਬ

ਕਵਿਤਾ ਵਾਂਗ ਹੀ, ਦੋਹਿਆਂ ਵਿਚ ਵੀ ਉਸਨੇ ਇਤਿਹਾਸ ਅਤੇ ਮਿਥਿਹਾਸ ਦੀ ਸੁਚੱਜੀ ਵਰਤੋਂ ਕੀਤੀ ਹੈ ਜਿਵੇਂ:

ਬ੍ਰਾਹਮਣ ਆਪਣੇ ਪੁੱਤ੍ਰ ਨੂੰ ਸ਼ਸਤਰ-ਕਲਾ ਸਿਖਾਏ
ਦੱਛਣਾ ਗੂਠਾ ਭੀਲ ਦਾ, ਦ੍ਰੋਣਾ ਕਪਟ ਕਮਾਏ

ਦੋਹਿਆਂ ਵਾਂਗ ਹੀ ਟੱਪਿਆਂ ਵਿਚ ਵੀ ਰਾਮਪੁਰੀ ਨੇ ਧਰਮ ਅਤੇ ਰਾਜਨੀਤੀ ਦੀ ਚੰਗੀ ਖਾਤਰ ਕੀਤੀ ਹੈ। ਅਤੇ ਗ਼ਜ਼ਲ ਦੇ ਸ਼ਿਅਰਾਂ ਵਿਚ ਵੀ ਉਹ ਰਾਜਨੀਤੱਗਾਂ ਨੂੰ ਜਾਬਰ ਕਹਿਣ ਤੋਂ ਨਹੀਂ ਝਕਿਆ। ਰਾਜ ਦੇ ਅਮਾਨਵੀ ਕਾਰਨਾਮਿਆਂ ਨਾਲ ਟੱਕਰ ਲੈਣ ਦੇ ਕ੍ਰਾਂਤੀਸ਼ੀਲ ਸਮੂਹਕ ਵਲਵਲੇ ਉਸਦੇ ਗੀਤਾਂ ਵਿਚ ਵੀ ਵਿਦਮਾਨ ਹਨ। ਵੇਖੋ ਇਕ ਗੀਤ:

ਹੈ ਦਿਲ ਦਿਲਬਰ ਤੋਂ ਮੋੜ ਲਿਆ, ਪਰ ਫੇਰ ਗੰਵਾਈ ਬੈਠੇ ਹਾਂ।
ਦਰ ਉਸਦਾ ਛੱਡ ਕੇ ਲੋਕਾਂ ਦੇ, ਦਰ ਅਲਖ ਜਗਾਈ ਬੈਠੇ ਹਾਂ।

ਦਰ ਏਹੇ ਬਿਜਲੀਆਂ ਵੰਡਦਾ ਹੈ, ਟੁੱਟੀਆਂ ਨੂੰ ਮੁੜ ਕੇ ਗੰਢਦਾ ਹੈ
ਇਕ ਚਿਣਗ ਲਈ ਇਸ ਦਰ ਮੂਹਰੇ, ਝੋਲੀ ਫੈਲਾਈ ਬੈਠੇ ਹਾਂ।

ਜ਼ੁਲਫਾਂ ਦੀ ਛਾਂ ਨਸ਼ਿਆਉਂਦੀ ਏ, ਪਲ ਭਰ ਭਗਵਾਨ ਬਣਾਉਂਦੀ ਏ
ਧਰਤੀ ਦੀ ਜ਼ੁਲਫ ਸੰਵਾਰਨ ਲਈ, ਸੇਜਾ ਨੂੰ ਭੁਲਾਈ ਬੈਠੇ ਹਾਂ।

ਇਕ ਚਿਣਗੋਂ ਲਾਟ ਬਣਾਵਾਂਗੇ, ਲਹਿਰੋਂ ਤੂਫਾਨ ਉਠਾਵਾਂਗੇ
ਸਬਰਾਂ ਦੇ ਕੱਖਾਂ ਵਿਚ ਅਸੀਂ, ਇਕ ਅੱਗ ਲੁਕਾਈ ਬੈਠੇ ਹਾਂ।

ਇਸ ਦਰੋਂ ਮੁਰਾਦਾਂ ਪਾਵਾਂਗੇ, ਧਰਤੀ ਤੇ ਸਵਰਗ ਲਿਆਂਵਾਗੇ
ਅੰਬਰ ਨੂੰ ਬੁੱਕਲੇ ਲੈਣ ਲਈ, ਬਾਹਾਂ ਫੈਲਾਈ ਬੈਠੇ ਹਾਂ।

ਗੁਰਚਰਨ ਰਾਮਪੁਰੀ ਦੀਆਂ ਕਾਵਿ-ਰਚਨਾਵਾਂ ਦੇ ਸਰੋਦੀ ਸਰੂਪ ਨੇ ਹੀ ਉਸਨੂੰ ਇਕ ਆਡੀਓ ਕੈਸਿਟ ਰਿਕਾਰਡ ਕਰਵਾਉਣ ਲਈ ਪ੍ਰੇਰਿਆ। ਸਿੱਟੇ ਵਜੋਂ, ਸੁਰਿੰਦਰ ਕੌਰ, ਡੌਲੀ ਗੁਲੇਰੀਆ ਅਤੇ ਜਗਜੀਤ ਜ਼ੀਰਵੀ ਦੀਆਂ ਆਵਾਜ਼ਾਂ ਵਿਚ ਇਸ਼ਕ ਠੋਕਰ ਅਤੇ ਮੁਸਕਰਾਉਂਦਾ ਹੈਨਾਂ ਦੀ ਆਡੀਓ ਕੈਸਿਟ ਸਾਹਵੇਂ ਆਈ, ਜੋ ਪੰਜਾਬੀ ਸੰਗੀਤ ਅਤੇ ਗੀਤ ਦੇ ਖੇਤਰ ਵਿਚ ਸ਼ੁਭ ਕਾਰਜ ਮੰਨੀ ਗਈ ਹੈ।

ਗੁਰਚਰਨ ਰਾਮਪੁਰੀ ਦੀਆਂ ਖੁੱਲ੍ਹੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ, ਟੱਪਿਆਂ ਅਤੇ ਦੋਹਿਆਂ ਦੇ ਸ਼ਬਦ ਅਤੇ ਫਿਕਰੇ ਲੈਅ, ਤਾਲ ਅਤੇ ਸਰੋਦੀ ਹੂਕ ਨਾਲ ਭਰੇ ਪਏ ਹਨ,ਜੋ ਮਾਨਵੀ ਭਾਵਾਂ ਦੇ ਰੋਹ, ਵਿਦਰੋਹ ਅਤੇ ਮੋਹ-ਭਿੱਜੇ ਰੂਪਾਂ ਨੂੰ ਸਾਕਾਰ ਕਰਦੇ ਹਨ। ਅਤੇ ਇਕ ਅਜਿਹੇ ਸਮਾਜਕ ਅਤੇ ਸਭਿਆਚਾਰਕ ਰਚਨਾਤਮਕ ਵਰਤਾਰੇ ਨੂੰ ਸਿਰਜਦੇ ਹਨ, ਜਿਸਦਾ ਆਪਣਾ ਹੀ ਨਵਾਂ-ਨਵੇਲਾ ਮੌਲਿਕ ਰੂਪ ਹੈ।

ਸ਼ਬਦਾਂ ਦੇ ਮਿਰਗ, ਸ਼ਬਦਾਂ ਦੇ ਲੱਛੇ, ਸ਼ਬਦਾਂ ਦੀ ਕੁੰਜੀ, ਸ਼ਬਦਾਂ ਦੀ ਸੰਘੀ, ਸ਼ਬਦਾਂ ਦੀ ਹੱਟ, ਸ਼ਬਦਾਂ ਦੇ ਟੂਣੇ, ਸ਼ਬਦਾਂ ਦੇ ਪੈਰੀਂ ਸ਼ਬਦਾਂ ਦੇ ਕੰਵਲ, ਮੋਹ ਦੇ ਸ਼ਬਦ, ਨਫ਼ਰਤ ਵਾਲਾ ਸ਼ਬਦੀ ਛਾਂਟਾ, ਸਮੇਂ ਦਾ ਮੰਡੇਰ, ਸਮੇਂ ਦੇ ਝੱਖੜ, ਸਮੇਂ ਦੀ ਸੁਰੰਗ, ਸਮੇਂ ਦੀ ਤੱਕੜੀ, ਸਮੇਂ ਦਾ ਬੁੱਲਾ, ਸਮੇਂ ਦੀ ਅੱਖ, ਸਮੇਂ ਦੀ ਰਾਖ, ਸਮੇਂ ਦੀਆਂ ਪੈੜਾਂ, ਜੀਵਨ ਦੀ ਤਸਵੀਰ, ਜ਼ਿੰਦਗੀ ਦੇ ਬਾਗ਼, ਜ਼ਿੰਦਗੀ ਦੀ ਰਣਭੂਮੀ, ਜ਼ਿੰਦਗੀ ਦੇ ਸੰਗਰਾਮ, ਜ਼ਿੰਦਗੀ ਦੀ ਦੌੜ, ਜੀਵਨ ਦਾ ਰਿਵਾਜ, ਜੀਵਨ ਦਾ ਰਾਜ਼, ਜ਼ਿੰਦਗੀ ਦਾ ਭਾਰ, ਜੀਵਨ ਦੀ ਸਰਘੀ, ਜੀਵਨ ਦੇ ਸੁਪਨੇ, ਸੋਚ ਦਾ ਹੰਸ, ਸੋਚ ਦੀ ਸੱਸੀ, ਸੋਚਾਂ ਦੀ ਵਾਦੀ, ਸੋਚ ਦੀ ਟਹਿਣੀ, ਸੋਚ ਦਾ ਫਨੀਅਰ, ਦਿਲ ਦਾ ਹੰਸ, ਦਿਲਾਂ ਦਾ ਸ਼ੀਸ਼ਾ, ਦਿਲ ਦੀ ਘੁੰਡੀ, ਦਿਲ ਦਾ ਗੁਲਾਬ, ਸੱਚ ਦਾ ਰਿਸ਼ਤਾ, ਰਿਸ਼ਤਿਆਂ ਦਾ ਸੱਚ, ਸੱਚ ਦੀ ਸੈਨਾ, ਹੌਸਲੇ ਦੀ ਧਾਰ, ਚੇਤਨਾ ਦੀ ਲਾਟ, ਸਾਂਝ ਦੀਆਂ ਬਰਕਤਾਂ, ਗ਼ਮਾਂ ਦੀ ਤੰਦ, ਤਰਕ ਦੇ ਚਾਨਣ, ਨਫਰਤ ਦੀ ਸਭਅਤਾ, ਲਹੂ-ਭਿੱਜੇ ਪ੍ਰਸ਼ਨ, ਹੰਝੂਆਂ ਦੇ ਖੱਫਣ, ਹਾਕਮ ਦੀ ਹਿੱਕ, ਹਉਂ ਦੇ ਬਿੰਦੂ, ਹੱਕ ਦੀ ਤਲਵਾਰ, ਕਾਰਜ ਦੀ ਕੁੱਖ, ਡਰ ਦਾ ਕੈਲਾਸ਼, ਸੰਘਰਸ਼ ਦੀ ਲੀਲ੍ਹਾ, ਹੁਕਮ ਦੀ ਰੇਖਾ, ਆਵਾਜ਼ਾਂ ਦਾ ਹੜ੍ਹ, ਲੋੜਾਂ ਦੇ ਪਰਛਾਵੇਂ, ਲੁੱਟ ਦਾ ਕੂੜਾ, ਸਬਰ ਦੇ ਕੈਲਾਸ਼ ਇਤਿਆਦਿ। ਸ਼ਬਦ-ਸਮੂਹ ਸੰਬੰਧਤ ਕਾਵਿ-ਰੂਪਾਂ ਦੇ ਸ਼ਿਲਪ ਮੁਤਾਬਕ ਜੁੜ ਕੇ ਰਾਮਪੁਰੀ-ਕਾਵਿ ਦੀ ਕਲਾਤਮਕ ਅਤੇ ਵਿਚਾਰਧਾਰਕ ਸਿਰਜਣਾ ਕਰਦੇ ਹਨ।

*****

(ਧੰਨਵਾਦ ਸਹਿਤ ‘ਸਿਰਜਣਾ’ ਵਿੱਚੋਂ)

(243)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਚੰਦਰ ਮੋਹਨ

ਡਾ. ਚੰਦਰ ਮੋਹਨ

(Reader, Evening Studies, Punjab University, Chandigarh.)
Email: (chander8mohan@gmail.com)