GurmitPalahi7ਜਾਬਰ ਹਕੂਮਤਾਂ ਦੀ ਪਹਿਲ ਲੋਕਾਂ ਦੇ ਹਿਤ ਨਹੀਂ ਹੁੰਦੀ, ਉਹਨਾਂ ਦੀ ਪਹਿਲ ਤਾਂ ...
(29 ਦਸੰਬਰ 2020)

 

ਦਸੰਬਰ ਪੰਦਰਾਂ ਨੂੰ ਸਿੰਘੂ ਬਾਰਡਰ ਦੀ ਧਰਤੀ ’ਤੇ ਪੁੱਜਦਿਆਂ ਅਸੀਂ ਮਹਿਸੂਸ ਕੀਤਾ ਕਿ ਸਿੰਘੂ ਬਾਰਡਰ ਕੋਈ ਜੰਗ ਦਾ ਮੈਦਾਨ ਨਹੀਂ ਹੈਸਿੰਘੂ ਬਾਰਡਰ ਸੰਘਰਸ਼ ਦਾ ਮੈਦਾਨ ਹੈ, ਜਿੱਥੇ ਹੱਕ-ਸੱਚ ਲਈ ਲੜਾਈ ਲੜੀ ਜਾ ਰਹੀ ਹੈਇੱਕ ਇਹੋ ਜਿਹੀ ਲੜਾਈ, ਜਿਸ ਵਿੱਚ ਇੱਕ ਪਾਸੇ ਉਸਾਰੂ ਸੋਚ ਵਾਲੇ ਚੇਤੰਨ ਮਨੁੱਖ ਹਨ, ਆਪਣੀ ਹੋਂਦ ਨੂੰ ਖਤਰੇ ਤੋਂ ਸੁਚੇਤ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਦੇਸ਼ ਨੂੰ ਮੱਧ ਯੁਗੀ ਵਰਤਾਰੇ ਵੱਲ, ਵਿਗਿਆਨ ਦਾ ਮੁਲੰਮਾ ਚੜ੍ਹਾ ਕੇ, ਇੱਕ ਸੋਚੀ ਸਮਝੀ ਚਾਲ ਅਧੀਨ, ਲੈ ਕੇ ਜਾਣਾ ਚਾਹੁੰਦੇ ਹਨ ਉਸ ਗੁਲਾਮੀ ਦੇ ਦੌਰ ਵੱਲ, ਜਿੱਥੇ ਮਨੁੱਖ ਦੀ ਕੀਮਤ ਕੁਝ ਦਮੜਿਆਂ ਤਕ ਸੀਮਤ ਹੋ ਕੇ ਰਹਿ ਜਾਂਦੀ ਹੈਧਨ ਅਤੇ ਤਾਕਤ ਦੀ ਹਵਸ ਦੇ ਸ਼ਿਕਾਰ ਦੇਸ਼ ਦੇ ਹਾਕਮਾਂ ਨੇ ਆਮ ਲੋਕਾਂ ਨੂੰ ਕੋਝੇ ਜਿਹੇ ਸਵਾਲ ਪਾ ਦਿੱਤੇ ਹਨਇਹਨਾਂ ਸਵਾਲਾਂ ਦਾ ਜਵਾਬ ਲੋਕਾਂ ਨੇ ਇੱਕ ਮੁੱਠ ਹੋ ਕੇ, ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਦਿੱਤਾ ਹੈਜਾਤਾਂ ਧਰਮਾਂ ਦਾ ਵਖਰੇਵਾਂ, ਸਰਹੱਦਾਂ ਦੀ ਵੰਡ, ਉੱਚੇ ਅਤੇ ਨੀਵੇਂ ਦਾ ਫਰਕ, ਉਹਦੀ ਸੋਚ ਦੇ ਹੇਠਲੇ ਪਾਸੇ ਤੁਰ ਗਿਆ ਹੈ ਅਤੇ ਮਘਦੇ ਅੰਗਾਰਿਆਂ ਵਾਲੀ ਸੋਚ ਉਸ ਦੀ ਪਹਿਲ ਬਣ ਗਈ ਹੈਮਣਾਂਮੂੰਹੀ ਜੋਸ਼ ਨਾਲ ਭਰੇ ਆਪਣੇ ਨਿਸ਼ਾਨੇ ਤਕ ਪੁੱਜਣ ਲਈ ਸੁਚੇਤ, ਇਹ ਜੁਝਾਰੂ ਲੋਕ ਪੋਹ-ਮਾਘ ਦੀਆਂ ਠੰਢੀਆਂ ਝੱਖ ਰਾਤਾਂ ਵੀ ਨਿੱਘ ਨਾਲ ਕੱਟ ਰਹੇ ਹਨ, ਉਹ ਨਿੱਘ ਜਿਹੜਾ ਉਨ੍ਹਾਂ ਦੇ ਜਿਸਮਾਂ ਨਾਲੋਂ ਵੱਧ ਰੂਹਾਂ ਵਿੱਚ ਸਮਾਇਆ ਹੋਇਆ ਹੈਉਹ ਨਿੱਘ ਜਿਸ ਨੇ ਉਹਨਾਂ ਨੂੰ ਜ਼ਿੰਦਗੀ ਜੀਉਣ ਦਾ ਨਵਾਂ ਰਸਤਾ ਵਿਖਾਇਆ ਹੈਉਹ ਨਿੱਘ ਜਿਸ ਨੇ ਉਨ੍ਹਾਂ ਵਿੱਚ ਸਵੈ ਭਰੋਸਾ, ਆਦਰ ਮਾਣ, ਊਰਜਾ ਤੇ ਸ਼ਕਤੀ ਪੈਦਾ ਕੀਤੀ ਹੈ ਅਤੇ ਇਸੇ ਨਿੱਘ ਨੇ ਆਪਣੇ ਦੁਸ਼ਮਣ ਦੀ ਪਛਾਣ ਕਰਕੇ ਉਸ ਨਾਲ ਲੋਹਾ ਲੈਣ ਦਾ ਬੱਲ ਬਖਸ਼ਿਆ ਹੈ

ਮੈਂਨੂੰ ਹੀ ਨਹੀਂ, ਹਰ ਕਿਸੇ ਨੂੰ ਇਹ ਭਾਸਣ ਲੱਗ ਪਿਆ ਹੈ ਕਿ ਸਿੰਘੂ ਬਾਰਡਰ ’ਤੇ ਗੱਲ ਹੁਣ ਤਿੰਨਾਂ ਜਾਂ ਪੰਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਨਹੀਂ ਰਹੀ, ਇਹ ਗੱਲ ਹੁਣ ਜਾਬਰਾਂ ਦੇ ਜਬਰ ਵਿਰੁੱਧ ਸ਼ਾਂਤਮਈ ਢੰਗ ਨਾਲ ਉਹਨਾਂ ਹੱਕਾਂ ਦੀ ਪ੍ਰਾਪਤੀ ਤਕ ਪੁੱਜ ਗਈ ਹੈ, ਜਿਹੜੇ ਨਿਰਦਈ, ਸ਼ਾਤਰ ਹਾਕਮਾਂ ਨੇ ਕੋਝੀਆਂ ਚਾਲਾਂ ਨਾਲ ਹਥਿਆ ਲਏ ਹਨ ਇਹਨਾਂ ਕੋਝੀਆਂ ਚਾਲਾਂ ਦੀ ਸਮਝ ਦੇਸ਼ ਦੇ ਵੱਖੋ-ਵੱਖਰੇ ਥਾਵਾਂ ਉੱਤੇ ਅੰਦੋਲਨ ਕਰਦਿਆਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਘੱਟ ਗਿਣਤੀਆਂ ਤੇ ਸਮਾਜ ਦੇ ਚੇਤੰਨ ਵਰਗਾਂ ਨੂੰ ਪੈ ਚੁੱਕੀ ਹੈਚੰਗੇਰੀ ਸੋਚ ਦੀ ਇਹ ਚਿਣਗਹੁਣ ਮਘਦੀ ਮਘਦੀ ਭਾਂਬੜ ਦਾ ਰੂਪ ਲੈ ਕੇ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ’ਤੇ ਨਹੀਂ ਦੇਸ਼, ਵਿਦੇਸ਼ ਵਿੱਚ ਹਰ ਉਸ ਥਾਂ ਤਕ ਪੁੱਜ ਚੁੱਕੀ ਹੈ, ਜਿੱਥੇ ਰੌਸ਼ਨ ਦਿਮਾਗ ਲੋਕ ਵਸਦੇ ਹਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਜ਼ੁਲਮ ਵਿਰੁੱਧ ਸੰਘਰਸ਼ੀ ਸੋਚ ਰੱਖਦੇ ਹਨ

ਜਿਵੇਂ ਕਿ ਮੇਰੇ ਮਨ ਨੇ ਪ੍ਰਵਾਨਿਆ ਕਿ ਸਿੰਘੂ ਬਾਰਡਰ ’ਤੇ ਪੁੱਜਣਾ ਕਿਸੇ ਪਵਿੱਤਰ ਤੀਰਥ ਸਥਾਨ ’ਤੇ ਪੁੱਜਣ ਤੋਂ ਘੱਟ ਨਹੀਂ ਹੈਮੀਲਾਂ ਦੂਰ ਤਕ ਟਰਾਲੀਆਂ ਵਾਲੇ ਘਰ, ਪੁਰਾਤਨ ਸਮੇਂ ਜੰਗਲਾਂ ਵਿੱਚ ਘੋੜਿਆਂ ਉੱਤੇ ਬਣਾਏ ਘਰਾਂ ਵਾਂਗ ਜਾਪੇਹਰ ਪਾਸੇ ਸਮਾਜ ਸੇਵੀ, ਗੁਰਦੁਆਰਾ ਸਾਹਿਬਾਨਾਂ ਵਲੋਂ ਲਗਾਏ ਖਾਣ ਪੀਣ, ਪਹਿਨਣ, ਰਹਿਣ-ਸਹਿਣ ਦੀਆਂ ਵਸਤੂਆਂ ਦੇ ਲੰਗਰ ਦੀ ਭਰਮਾਰ ਤਾਂ ਵੇਖਣ ਨੂੰ ਮਿਲੀ ਹੀ, ਪਰ ਕਿਸਾਨਾਂ ਵਲੋਂ ਆਪਣੀਆਂ ਟਰਾਲੀਆਂ ਵਿੱਚ ਬਣਾਏ ਘਰਾਂ ਵਿੱਚ ਔਰਤਾਂ/ਲੜਕੀਆਂ ਵਲੋਂ ਬਣਾਇਆ ਆਪਣਾ ਲੰਗਰ ਵੀ ਪੱਕਦਾ ਦੇਖਿਆਪੰਜਾਬੋਂ ਹੀ ਨਹੀਂ, ਹਰਿਆਣਾ, ਯੂ.ਪੀ., ਮਹਾਰਾਸ਼ਟਰ ਅਤੇ ਹੋਰ ਸੂਬਿਆਂ ਤੋਂ ਆਏ ਕਿਸਾਨ ਜਿੱਥੇ ਆਪਸੀ ਭਾਈਚਾਰੇ ਤੇ ਇੱਕਮੁੱਠਤਾ ਦੀ ਤਸਵੀਰ ਪੇਸ਼ ਕਰਦੇ ਨਜ਼ਰ ਆਏ, ਉੱਥੇ ਇੰਜ ਜਾਪਿਆ ਜਿਵੇਂ ਮਨੁੱਖ ਇੱਕੋ ਜਿਹੀਆਂ ਲੋੜਾਂ, ਇੱਕੋ ਜਿਹੀਆਂ ਥੋੜਾਂ ਵਿੱਚ ਆਪਸੀ ਤਾਲਮੇਲ ਕਿਵੇਂ ਕਰਦੇ ਹਨ ਤੇ ਕਿਵੇਂ ਸਾਂਝਾਂ ਪੀਡੀਆਂ ਕਰਦੇ ਹਨ

ਸਟੇਜ ਦਾ ਨਜ਼ਾਰਾ ਹੀ ਵੱਖਰਾ ਸੀ, ਕਿਸਾਨ ਧੁੱਪ ਵਿੱਚ ਬੈਠੇ ਸਨਬੁਲਾਰੇ ਗੱਲ ਕਰਦੇ ਸਨਲੋਕ ਉਹਨਾਂ ਦੀ ਹਰ ਉਸ ਗੱਲ ਉੱਤੇ ਭਰਵਾਂ ਹੁੰਗਾਰਾ ਭਰਦੇ ਸਨ ਜਿਹੜੀ ਗੱਲ ਉਹਨਾਂ ਦੇ ਮਨ ਨੂੰ ਛੂੰਹਦੀ ਸੀ, ਬੋਲੇ ਸੋ ਨਿਹਾਲ ਦਾ ਜੈਕਾਰਾ ਗੂੰਜਦਾ ਸੀਫਿਰ ਚੁੱਪ ਛਾ ਜਾਂਦੀ ਸੀਗੱਲ ਅੱਗੇ ਤੁਰਦੀ ਸੀਸਵੇਰ ਤੋਂ ਸ਼ਾਮ ਦੇਰ ਤਕ ਸਟੇਜ ਉੱਤੇ ਗੀਤ, ਕਵਿਤਾਵਾਂ, ਭਾਸ਼ਨ, ਨਾਟਕਾਂ ਦੀ ਪੇਸ਼ਕਾਰੀ ਹੋਈਅਨੁਸਾਸ਼ਨ ਇੰਨਾ ਕਿ ਕੋਈ ਰੌਲਾ-ਰੱਪਾ ਨਹੀਂਕੋਈ ਖਿੱਚ-ਧੂਹ ਨਹੀਂਪ੍ਰਬੰਧਕ ਲੋਕਾਂ ਦੇ ਚੁਣੇ ਹੋਏਲੋਕਾਂ ਦੀ ਸਲਾਹ ਨਾਲ ਗੱਲ ਕਰਨ ਵਾਲੇ ਠਰ੍ਹੰਮੇ ਨਾਲ ਸਰਕਾਰ ਤਕ ਗੱਲ ਪਹੁੰਚਾਉਣ ਵਾਲੇਪਲ ਪਲ ਦੀ ਖਬਰ ਲੋਕਾਂ ਨਾਲ ਸਾਂਝੀ ਕਰਨ ਵਾਲੇਸਿੱਧੇ ਸਾਦੇ ਲੋਕਾਂ ਨਾਲ ਸਿੱਧੀ ਸਾਦੀ ਗੱਲ, ਕੋਈ ਲੁਕੋਅ ਨਹੀਂ - ਕੋਈ ਚਤੁਰਾਈ ਨਹੀਂਸੱਭੋ ਕੁਝ ਸਪਸ਼ਟ ਤੇ ਤਰਕ ਨਾਲਇਹੋ ਇਸ ਅੰਦੋਲਨ ਦੀ ਪ੍ਰਾਪਤੀ ਹੈ

ਮਹਿਸੂਸ ਕੀਤਾ ਦਗਦੇ-ਮਘਦੇ ਲੋਕ ਅੰਦੋਲਨ ਜਿੱਤਣਗੇਮਹਿਸੂਸ ਕੀਤਾ ਜੇਕਰ ਕੁਝ ਹਾਲਤਾਂ ਵਿੱਚ ਸਰਕਾਰ ਦੀ ਚਤੁਰਾਈ ਦਾ ਸ਼ਿਕਾਰ ਵੀ ਹੋ ਗਏ ਤਦ ਵੀ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਵੱਡੀਆਂ ਹੋਣਗੀਆਂ ਕਿਉਂਕਿ ਸਦੀ ਬਾਅਦ ਪੈਦਾ ਹੋਏ ਇਸ ਜਨਮਾਣਸ ਅੰਦੋਲਨ ਨੇ ਪੰਜਾਬ ਦੇ ਦਾਗ਼ ਧੋ ਦਿੱਤੇ ਹਨਪੰਜਾਬੀ ਨੌਜਵਾਨ ਨਸ਼ਈ ਹਨ, ਪੰਜਾਬੀ ਕੁੜੀਮਾਰ ਹਨ, ਪੰਜਾਬੀ ਆਤੰਕਵਾਦੀ ਹਨ, ਪੰਜਾਬੀ ਅਨਪੜ੍ਹ ਕੌਮ ਹਨ, ਵਰਗੇ ਹਕੂਮਤਾਂ ਵਲੋਂ ਮੜ੍ਹੇ ਕਾਲੇ ਦਾਗ਼ ਧੋਤੇ ਗਏ ਹਨਪੰਜਾਬੀਆਂ ਨੇ ਮੁੜ ਸਿੱਧ ਕਰ ਦਿੱਤਾ ਹੈ ਕਿ ਦੇਸ਼ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲੇ, ਦੇਸ਼ ਦੇ ਲੋਕਾਂ ਨੂੰ ਸਮੇਂ ਸਮੇਂ ਸੰਘਰਸ਼ਾਂ ਰਾਹ ਪਾਉਣ ਵਾਲੇ ਪੰਜਾਬੀ ਹਨ, ਜਿਨ੍ਹਾਂ ਦਾ ਵਿਰਸਾ ਮਹਾਨ ਹੈਕੁਰਬਾਨੀਆਂ ਨਾਲ ਭਰਿਆ ਪਿਆ ਹੈਜਿਹਨਾਂ ਦੇ ਪੁਰਖੇ ਈਨ ਮੰਨਣ ਨੂੰ ਨਹੀਂ, ਸ਼ਹੀਦੀਆਂ ਪਾਉਣ ਨੂੰ ਤਰਜੀਹ ਦਿੰਦੇ ਰਹੇ ਹਨਸਿਦਕ ਨਾਲ ਲੜਦੇ ਰਹੇ ਹਨ, ਲੋਕਾਂ ਖਾਤਰ ਮਰਦੇ ਰਹੇ ਹਨ

ਸ਼ਰਧਾ ਨਾਲ ਸਿਰ ਝੁਕਿਆ ਇਹ ਵੇਖਕੇ ਕਿ ਲੋਕਾਂ ਦੇ ਇਕੱਠ ਵਿੱਚ ਬਜ਼ੁਰਗ ਵੀ ਹਨ 80-85 ਸਾਲਾਂ ਦੇ ਅਤੇ ਬੱਚੇ ਵੀ, ਦੋ ਚਾਰ ਸਾਲਾਂ ਦੇਨੌਜਵਾਨਾਂ ਨੇ ਤਾਂ ਵਹੀਰਾਂ ਘੱਤੀਆਂ ਹੋਈਆਂ ਹਨਲੜਕੀਆਂ, ਔਰਤਾਂ ਵੀ ਘੱਟ ਨਹੀਂਪੰਜਾਬ ਦੇ ਹਰ ਪਿੰਡ ਦੀ ਟਰਾਲੀ ਦਿੱਲੀ ਦੇ ਰਾਹ ਹੈ

“ਟਰਾਲੀ ਟਾਈਮਜ਼” ਕਿਸਾਨਾਂ ਦਾ ਬੁਲਾਰਾ ਹੈ, ਜੋ ਨਿੱਤ ਖਬਰਾਂ ਛਾਪਦਾ ਹੈ, ਜਿਹੜਾ ਦੇਸ਼ ਦੇ ਗੋਦੀ ਮੀਡੀਏ ਦਾ ਮੁਕਾਬਲਾ ਆਨਲਾਈਨ ਕਰਦਾ ਹੈਨੌਜਵਾਨ ਫੇਸਬੁੱਕ, ਇੰਸਟਾਗ੍ਰਾਮ ਅਤੇ ਪ੍ਰਚਾਰ ਦੇ ਹਰ ਸਾਧਨ ਦੀ ਵਰਤੋਂ ਕਰਕੇ ਆਪਣਾ ਪੱਖ ਪੇਸ਼ ਕਰ ਰਹੇ ਹਨਕਰਨ ਵੀ ਕਿਉਂ ਨਾ, ਮਸਾਂ ਉਹਨਾਂ ਹੱਥ ਸਮਾਂ ਆਇਆ ਹੈ, ਆਪਣੀ ਤਾਕਤ ਦਿਖਾਉਣ ਦਾ, ਆਪਣੀ ਲਿਆਕਤ ਦਿਖਾਉਣ ਦਾ, ਆਪਣੇ ਦੇਸ਼ ਤੋਂ “ਜ਼ਾਲਮ ਹਕੂਮਤ” ਦੀ ਬੇਦਖਲੀ ਦਾ

ਆਪਣੇ ਪਿੰਡੋਂ, ਆਪਣੇ ਸ਼ਹਿਰੋਂ ਨਾਲ ਗਏ ਪੇਂਡੂ ਭਰਾਵਾਂ ਨਾਲ ਇਸ ਇਕੱਠ ਦਾ ਲੰਮਾ ਚੱਕਰ ਲਾਇਆਇਹ ਮੇਲਾ ਨਹੀਂ, ਲੋਕਾਂ ਦਾ ਮੇਲ ਜਾਪਿਆ ਇਹ ਇਕੱਠਕਿਧਰੇ ਕੋਈ “ਖਾਲਿਸਤਾਨੀ” ਨਾਹਰਾ ਨਹੀਂ, ਕੋਈ ਨਕਸਲੀ ਨਾਹਰਾ ਨਹੀਂ, ਕਿਧਰੇ ਕੋਈ ਇਤਰਾਜ਼ਯੋਗ ਸ਼ਬਦ ਨਹੀਂਹੱਥ ਵਿੱਚ ਤਖਤੀਆਂ ਹਨ,ਟਰਾਲੀਆਂ ’ਤੇ ਨਾਹਰੇ ਹਨ ਤੇਸਟੇਜ ਦੇ ਕੜਕਵੇਂ ਬੋਲ ਹਨਕਿਧਰੇ ਚੈਨਲਾਂ ਵਾਲੇ ਲੋਕਾਂ ਤੋਂ ਸਵਾਲ ਪੁੱਛਦੇ ਹਨ, ਤੁਸੀਂ ਇੱਥੇ ਕਿਉਂ ਆਏ ਹੋ? ਸਪਸ਼ਟ ਜਵਾਬ ਹੈ, ਆਮ ਬੰਦੇ ਦਾ ਵੀ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈਉਹ ਪੁੱਛਦੇ ਹਨ ਕਿਉਂ? ਜਵਾਬ ਮਿਲਦਾ ਹੈ, ਕਿ ਇਹ ਸਾਡੇ ਹਿਤ ਵਿੱਚ ਨਹੀਂਮਨ ਭਰ ਆਉਂਦਾ ਹੈ ਕਿ ਜੇਕਰ ਇਹ ਕਾਨੂੰਨ ਕਿਸਾਨਾਂ ਦੇ ਹਿਤ ਵਿੱਚ ਨਹੀਂ ਤਾਂ ਜਬਰਦਸਤੀ ਕਿਉਂ ਲੱਦੇ ਜਾ ਰਹੇ ਹਨ

ਪਰ ਫਿਰ ਬਿਵੇਕ ਨਾਲ ਸੋਚਦਾ ਹਾਂ ਕਿ ਜਾਬਰ ਹਕੂਮਤਾਂ ਦੀ ਪਹਿਲ ਲੋਕਾਂ ਦੇ ਹਿਤ ਨਹੀਂ ਹੁੰਦੀ, ਉਹਨਾਂ ਦੀ ਪਹਿਲ ਤਾਂ ਕੁਰਸੀ ਹੈ, ਜਿਸ ਨੂੰ ਹਥਿਆਉਣ ਲਈ ਉਹ ਹਰ ਹਰਬਾ ਵਰਤਦੇ ਹਨਕੁਰਸੀ ਹਥਿਆਉਣ ਲਈ ਧਨ ਚਾਹੀਦਾ ਹੈਹਾਕਮਾਂ ਨੂੰ ਧਨ ਧਨ-ਕੁਬੇਰਾਂ ਨੇ ਹੀ ਦੇਣਾ ਹੈਤੇ ਧਨ ਕੁਬੇਰ ਕਿਸਾਨ ਦੀ ਜ਼ਮੀਨ ਹਥਿਆਉਣਾ ਚਾਹੁੰਦੇ ਹਨ ਤੇ ਜ਼ਮੀਰ ਵੀਪਰ ਕਿਸਾਨਾਂ ਦਾ ਨਾਹਰਾ ਇਕੱਠ ਵਿੱਚ ਗੂੰਜਦਾ ਹੈ- “ਸਾਡੀ ਜ਼ਮੀਰ ਜ਼ਿੰਦਾ ਹੈ, ਜ਼ਿੰਦਾ ਰਹੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2495)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author