BalrajSidhu7ਇਹ ਗੱਲ ਵੀ ਹੈਰਾਨੀਜਨਕ ਤੌਰ ’ਤੇ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਬਾਰੇ ...
(ਮਾਰਚ 30, 2016)


22
ਮਾਰਚ ਨੂੰ ਬਰੱਸਲਜ਼ ਹਮਲੇ ਵਿੱਚ ਖਾਲਿਦ ਅਤੇ ਇਬਰਾਹੀਮ ਅਲ ਬਕਰਾਉਈ ਦੀ ਆਤਮਘਾਤੀ ਹਮਲਾਵਰਾਂ ਦੇ ਤੌਰ ’ਤੇ ਸ਼ਨਾਖਤ ਹੋਣ ’ਤੇ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਰਹੀਆਂ ਹਨ ਕਿ ਸਕੇ ਭਰਾ ਐਨੀ ਗਿਣਤੀ ਵਿੱਚ ਆਈ.ਐਸ. ਵਿੱਚ ਕਿਉਂ ਸ਼ਾਮਲ ਹੋ ਰਹੇ ਹਨ? ਬਕਰਾਉਈ ਭਰਾਵਾਂ ਦੇ ਇਸ ਹਮਲੇ ਵਿੱਚ ਸ਼ਾਮਲ ਹੋਣ ਕਾਰਨ ਅਜਿਹੇ ਅੱਤਵਾਦੀਆਂ ਦੀ ਲਿਸਟ ਹੋਰ ਲੰਬੀ ਹੋ ਗਈ ਹੈ ਜਿਹਨਾਂ ਦਾ ਆਪਸ ਵਿੱਚ ਖੂਨ ਦਾ ਰਿਸ਼ਤਾ ਹੈ। ਅਮਰੀਕਾ ਵਿੱਚ 19 ਸਤੰਬਰ 2001 ਦੇ ਹਮਲੇ, ਜਿਸ ਨੂੰ 9-11 ਕਿਹਾ ਜਾਂਦਾ ਹੈ, ਦੇ 19 ਸਾਊਦੀ ਆਤਮਘਾਤੀਆਂ ਵਿੱਚ ਤਿੰਨ ਜੋੜੀਆਂ ਸਕੇ ਭਰਾਵਾਂ ਦੀਆਂ ਸਨ। ਭਰਾ ਅੱਤਵਾਦੀ ਜਥੇਬੰਦੀਆਂ ਦੁਆਰਾ ਆਤਮਘਾਤੀ ਹਮਲੇ ਵਾਸਤੇ ਆਦਰਸ਼ ਮੰਨੇ ਜਾਂਦੇ ਹਨ। ਉਹ ਇੱਕ ਦੂਸਰੇ ਵਿੱਚ ਕੱਟੜਪੁਣਾ ਭਰਦੇ ਹਨ, ਇੱਕ ਦੂਸਰੇ ਉੱਤੇ ਨਜ਼ਰ ਰੱਖਦੇ ਹਨ ਅਤੇ ਆਪਸ ਵਿੱਚ ਵਫਾਦਾਰ ਰਹਿੰਦੇ ਹਨ।

ਇੱਕ ਨਵੇਂ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਤਵਾਦੀ ਜਥੇਬੰਦੀਆਂ ਦੇ 30% ਮੈਂਬਰ ਇੱਕੋ ਖਾਨਦਾਨ ਦੇ ਹੁੰਦੇ ਹਨ। ਇਹ ਨਵਾਂ ਵਰਤਾਰਾ ਅੱਤਵਾਦ ਵਿਰੋਧੀ ਏਜੰਸੀਆਂ ਲਈ ਬਹੁਤ ਵੱਡੀ ਸਿਰਦਰਦੀ ਬਣ ਗਿਆ ਹੈ। ਉਹਨਾਂ ’ਤੇ ਨਜ਼ਰ ਰੱਖਣੀ ਬਹੁਤ ਮੁਸ਼ਕਿਲ ਹੁੰਦੀ ਜਾ ਰਹੀ ਹੈ। ਉਹ ਆਮ ਤੌਰ ’ਤੇ ਇਹ ਮੈਂਬਰ ਇੱਕ ਹੀ ਘਰ ਵਿੱਚ ਰਹਿੰਦੇ ਹਨ ਅਤੇ ਫੋਨ ਦੀ ਬਜਾਏ ਆਪਸ ਵਿੱਚ ਗੱਲਬਾਤ ਰਾਹੀਂ ਸੰਦੇਸ਼ ਦਿੰਦੇ ਲੈਂਦੇ ਹਨ। ਪਰਿਵਾਰਕ ਬੰਧਨ ਕਾਰਨ ਕੋਈ ਗੱਦਾਰੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ।

ਮੈਸਨ ਯੂਨੀਵਰਸਿਟੀ ਦੇ ਸਕਾਲਰ ਅਤੇ ਲਿਖਾਰੀ ਆਡਰੇ ਕਰੋਨਿਨ ਦਾ ਕਹਿਣਾ ਹੈ ਕਿ ਜੇ ਪਰਿਵਾਰਕ ਦੇ ਮੈਂਬਰ ਸਾਜ਼ਿਸ਼ ਵਿੱਚ ਸ਼ਾਮਲ ਹੋਣ ਤਾਂ ਇਹ ਅਸੰਭਵ ਹੈ ਕਿ ਕੋਈ ਬੰਦਾ ਪਰਿਵਾਰ ਦੇ ਖਿਲਾਫ਼ ਪੁਲਿਸ ਕੋਲ ਜਾਵੇ। ਬਰੱਸਲਜ਼ ਬੰਬਾਰੀ ਇਸ ਲਈ ਵੀ ਵਿਸ਼ੇਸ਼ ਹੈ ਕਿ ਬਕਰਾਉਈ ਭਰਾਵਾਂ ਦੇ 13 ਨਵੰਬਰ 2015 ਦੇ ਪੈਰਿਸ ਹਮਲੇ, ਜਿਸ ਵਿੱਚ 130 ਲੋਕ ਮਾਰੇ ਗਏ ਸਨ, ਵਾਲੇ ਗਰੁੱਪ ਨਾਲ ਵੀ ਤਾਰ ਜੁੜੇ ਹੋਏ ਹਨ। ਉਹਨਾਂ ਦੇ ਨਜ਼ਦੀਕੀ ਸਬੰਧ ਪਿਛਲੇ ਹਫਤੇ ਬਰੱਸਲਜ਼ ਤੋਂ ਗ੍ਰਿਫਤਾਰ ਕੀਤੇ ਗਏ ਪੈਰਿਸ ਹਮਲੇ ਦੇ ਆਖਰੀ ਦੋਸ਼ੀ ਸਾਲਾਹ ਅਬਦਸਲਾਮ ਨਾਲ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਅਬਦਸਲਾਮ ਅਤੇ ਉਸਦਾ ਸਕਾ ਭਰਾ ਇਬਰਾਹੀਮ ਵੀ ਉਸ ਹਮਲੇ ਵਿੱਚ ਸ਼ਾਮਲ ਸਨ। ਇਬਰਾਹੀਮ ਨੇ ਇੱਕ ਕੈਫੇ ਦੇ ਬਾਹਰ ਆਤਮਘਾਤੀ ਧਮਾਕਾ ਕੀਤਾ ਸੀ।

ਸਾਫ ਤੌਰ ’ਤੇ ਲੱਗ ਰਿਹਾ ਹੈ ਕਿ ਆਈ.ਐਸ. ਖਾਸ ਤੌਰ ’ਤੇ ਸਕੇ ਭਰਾਵਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਕੰਮ ਕਰਵਾ ਰਹੀ ਹੈ। ਇਹ ਭਰਾਵਾਂ ਦੀ ਕੋਈ ਪਹਿਲੀ ਜਾਂ ਆਖਰੀ ਆਤਮਘਾਤੀ ਜੋੜੀ ਨਹੀਂ ਹੈ। ਜਨਵਰੀ 2015 ਵਿੱਚ ਸ਼ਰੀਫ ਅਤੇ ਸੈਦ ਕੋਉਆਚੀ ਨੇ ਪੈਰਿਸ ਦੇ ਅਖਬਾਰ ਚਾਰਲੀ ਹੈਬਦੋ ਦੇ ਦਫਤਰ ਉੱਤੇ ਹਮਲਾ ਕਰਕੇ 12 ਵਿਅਕਤੀ ਕਤਲ ਕਰ ਦਿੱਤੇ ਸਨ। ਜ਼ੋਖਾਰ ਅਤੇ ਤੈਮੂਰਲੇਨ ਜ਼ਾਰਨਾਈਵ ਭਰਾਵਾਂ ਨੇ 2013 ਵਿੱਚ ਬੋਸਟਨ ਮੈਰਾਥਨ ਵਿੱਚ ਬੰਬ ਧਮਾਕੇ ਕੀਤੇ ਸਨ। ਅੱਤਵਾਦ ਸਮਾਜਿਕ ਤਾਣੇ-ਬਾਣੇ ਦੁਆਰਾ ਫੈਲਾਇਆ ਜਾਂਦਾ ਹੈ ਤੇ ਭਰਾ ਇਸ ਤਾਣੇ-ਬਾਣੇ ਦਾ ਦੀ ਇੱਕ ਮਜ਼ਬੂਤ ਕੜੀ ਹਨ। ਭਰਾ ਨਾਲ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਮਾਂ ਬਾਪ ਜਾਂ ਹੋਰ ਕਿਸੇ ਮਿੱਤਰ ਰਿਸ਼ਤੇਦਾਰ ਨਾਲ ਸੰਭਵ ਨਹੀਂ। ਇਹੀ ਮਜਬੂਤ ਰਿਸ਼ਤਾ ਉਹਨਾਂ ਭਰਾਵਾਂ ਵਿੱਚ ਨਜ਼ਰ ਆਉਂਦਾ ਹੈ ਜੋ ਧਾਰਮਿਕ ਤੌਰ ’ਤੇ ਕੱਟੜ ਹੁੰਦੇ ਹਨ। ਆਮ ਤੌਰ ’ਤੇ ਛੋਟਾ ਭਰਾ ਵੱਡੇ ਭਰਾ ਦੇ ਪ੍ਰਭਾਵ ਹੇਠ ਹੁੰਦਾ ਹੈ ਪਰ ਚਾਰਲੀ ਹੈਬਦੋ ਕੇਸ ਵਿੱਚ ਛੋਟਾ ਭਰਾ ਜ਼ਿਆਦਾ ਹਿੰਸਕ ਸੀ। ਬੋਸਟਨ ਮੈਰਾਥਨ ਬੰਬ ਧਮਾਕੇ ਕੇਸ ਵਿੱਚ ਚੇਚਨ ਪ੍ਰਵਾਸੀ ਪਰਿਵਾਰ ਦਾ ਛੋਟਾ ਭਰਾ ਜ਼ੋਖਾਰ ਅਮਰੀਕੀ ਸਮਾਜ ਵਿੱਚ ਬਹੁਤ ਘੁਲਿਆ ਮਿਲਿਆ ਸੀ ਪਰ ਉਹ ਆਪਣੇ ਕੱਟੜ ਅਤੇ ਬਦਮਿਜ਼ਾਜ ਵੱਡੇ ਭਰਾ ਦੇ ਪ੍ਰਭਾਵ ਹੇਠ ਆ ਗਿਆ। ਮੁਕੱਦਮੇ ਦੌਰਾਨ ਉਸ ਦੇ ਵਕੀਲ ਨੇ ਇਹ ਸਾਬਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿ ਵੱਡਾ ਭਰਾ ਉਸ ਨੂੰ ਬਚਪਨ ਤੋਂ ਹੀ ਡਰਾ ਧਮਕਾ ਕੇ ਰੱਖਦਾ ਸੀ। ਪਰ ਜਿਊਰੀ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ। ਇਹ ਜਰੂਰੀ ਨਹੀਂ ਕਿ ਹਮਲਾਵਰ ਭਰਾ ਹੀ ਹੋਣ। ਚੇਚਨ ਅੱਤਵਾਦੀਆਂ ਨੇ ਅਨੇਕਾਂ ਵਾਰ ਸਕੀਆਂ ਭੈਣਾਂ ਦੀ ਵਰਤੋਂ ਕੀਤੀ ਹੈ। ਦਸੰਬਰ 2015 ਵਿੱਚ ਕੈਲੀਫੋਰਨੀਆਂ ਦੇ ਸ਼ਹਿਰ ਸਾਨ ਬਰਨਾਰਡੀਨੋ ਵਿੱਚ ਪਾਕਿਸਤਾਨੀ ਮੂਲ ਦੇ ਪਤੀ ਪਤਨੀ ਨੇ ਗੋਲੀਬਾਰੀ ਕਰਕੇ 14 ਬੇਗੁਨਾਹ ਮਾਰ ਦਿੱਤੇ ਸਨ।

ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਮ ਤੌਰ ’ਤੇ ਅੱਤਵਾਦੀ ਪਰਿਵਾਰ ਆਪਸ ਵਿੱਚ ਹੀ ਰਿਸ਼ਤੇ ਕਰਦੇ ਹਨ। ਉਸਾਮਾ ਬਿਨ ਲਾਦੇਨ ਦਾ ਲੜਕਾ ਜਵਾਹਰੀ ਦੀ ਲੜਕੀ ਨੂੰ ਵਿਆਹਿਆ ਹੋਇਆ ਹੈ। ਇਸ ਨਾਲ ਇੱਕ ਤਾਂ ਆਪਸ ਵਿੱਚ ਵਿਸ਼ਵਾਸ ਬਣਿਆ ਰਹਿੰਦਾ ਹੈ, ਨਾਲ ਹੀ ਗੱਠਜੋੜ ਵੀ ਮਜ਼ਬੂਤ ਹੁੰਦਾ ਹੈ। ਕਿਸੇ ਬਾਹਰੀ ਅਨਸਰ ਦੀ ਘੁਸਪੈਠ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ। ਭਰਾ ਆਮ ਤੌਰ ’ਤੇ ਇਕੱਠੇ ਕੰਮ ਕਰਦੇ ਹਨ। ਕੋਉਆਚੀ ਭਰਾ ਇਕੱਠੇ ਹੀ ਚਾਰਲੀ ਹੈਬਦੋ ਅਖਬਾਰ ਦੇ ਦਫਤਰ ਵਿੱਚ ਘੁਸੇ ਸਨ। 9-11 ਹਮਲੇ ਵਾਲੇ ਭਰਾਵਾਂ ਦੀਆਂ ਤਿੰਨੇ ਜੋੜੀਆਂ ਜਹਾਜਾਂ ਵਿੱਚ ਨਾਲ ਨਾਲ ਦੀਆਂ ਸੀਟਾਂ ’ਤੇ ਬੈਠੀਆਂ ਸਨ। ਉਹਨਾਂ ਵਿੱਚੋਂ ਇੱਕ ਅੱਤਵਾਦੀ ਨਵਾਫ ਅਲ ਹਾਜ਼ਮੀ ਨੇ ਤਾਂ ਲਾਦੇਨ ਦੇ ਤਰਲੇ ਕੱਢ ਕੇ ਆਪਣੇ ਭਰਾ ਨੂੰ ਇਸ ਮਿਸ਼ਨ ਵਿੱਚ ਸ਼ਾਮਲ ਕਰਾਇਆ ਸੀ।

ਇੰਟੈਲੀਜੈਂਸ ਏਜੰਸੀਆਂ ਨੂੰ ਸਮਝ ਨਹੀਂ ਆ ਰਹੀ ਕਿ ਘਰਾਂ ਦੇ ਵਿੱਚ ਪਨਪ ਰਹੇ ਇਹਨਾਂ ਅੱਤਵਾਦੀ ਸੈਲਾਂ ਨੂੰ ਕਿਵੇਂ ਕੰਟਰੋਲ ਕਰਨ? ਏਜੰਸੀਆਂ ਆਮ ਤੌਰ ’ਤੇ ਅੱਤਵਾਦੀ ਜਥੇਬੰਦੀਆਂ ਦੇ ਮੈਂਬਰਾਂ ਵਿੱਚ ਹੋ ਰਹੀ ਗੱਲਬਾਤ, ਈਮੇਲ ਆਦਿ ਨੂੰ ਆਬਜ਼ਰਵੇਸ਼ਨ ’ਤੇ ਲਗਾ ਕੇ ਅਜਿਹੀਆਂ ਸਰਗਰਮੀਆਂ ਦਾ ਪਤਾ ਲਗਾਉਂਦੀਆਂ ਹਨ। ਪਰ ਜਦੋਂ ਦੋ ਬੰਦੇ ਆਪਸ ਵਿੱਚ ਫੋਨ ’ਤੇ ਗੱਲ ਹੀ ਨਹੀਂ ਕਰਦੇ ਤਾਂ ਪਤਾ ਲਗਾਉਣਾ ਅਸੰਭਵ ਹੈ। ਅਜਿਹੀਆਂ ਜੋੜੀਆਂ ਕਾਰਨ ਆਈ.ਐਸ. ਦੀ ਤਬਾਹਕਾਰੀ ਸ਼ਕਤੀ ਕਈ ਗੁਣਾ ਵਧ ਗਈ ਹੈ ਪਰ ਪਕੜੇ ਜਾਣ ਦੀ ਸੰਭਾਵਨਾ ਬਹੁਤ ਘਟ ਗਈ ਹੈ। ਅੱਤਵਾਦੀ ਜਥੇਬੰਦੀਆਂ ਪੁਰਾਣੇ ਸਮੇਂ ਤੋਂ ਹੀ ਭਰਾਵਾਂ, ਭੈਣਾਂ, ਪ੍ਰੇਮੀਆਂ ਅਤੇ ਦੋਸਤਾਂ ਨੂੰ ਵਰਤਦੀਆਂ ਰਹੀਆਂ ਹਨ। ਇਹ ਗੱਲ ਵੀ ਹੈਰਾਨੀਜਨਕ ਤੌਰ ’ਤੇ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ। ਬਰੱਸਲਜ਼ ਹਮਲੇ ਵਾਲੇ ਭਰਾ ਛੋਟੇ ਮੋਟੇ ਬਦਮਾਸ਼ ਸਨ। ਉਹਨਾਂ ਦੇ ਪਿਤਾ ਨੂੰ ਉਹਨਾਂ ਦੀਆਂ ਕਰਤੂਤਾਂ ਬਾਰੇ ਕੋਈ ਪਤਾ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਆਈ.ਐਸ. ਯੂਰਪ ਵਿੱਚ ਪੂਰੇ ਦੇ ਪੂਰੇ ਪਰਿਵਾਰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹਰੇਕ ਮਾਂ ਬਾਪ ਨੂੰ ਆਪਣੇ ਬੱਚੇ ’ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਵੀ ਅੱਤਵਾਦੀਆਂ ਦੀਆਂ ਅਜਿਹੀਆਂ ਗੁੰਮਰਾਹਕੁੰਨ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਜੇ ਕਿਤੇ ਮਾਸੂਮਾਂ ਦਾ ਖੂਨ ਵਹਾ ਕੇ ਮਰਨ ਤੋਂ ਬਾਅਦ ਸੱਚੀਂ ਹੂਰਾਂ ਅਤੇ ਸਵਰਗ ਮਿਲਦਾ ਹੋਵੇ ਤਾਂ ਅੱਤਵਾਦੀ ਨੇਤਾ ਸਭ ਤੋਂ ਪਹਿਲਾਂ ਖੁਦ ਅਤੇ ਆਪਣੇ ਬੱਚਿਆਂ ਨੂੰ ਆਤਮਘਾਤੀ ਮਿਸ਼ਨ ’ਤੇ ਭੇਜਣ। ਕਦੇ ਕਿਸੇ ਨੇ ਸੁਣਿਆ ਕਿ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਾਈਦ, ਲਾਦੇਨ, ਜਵਾਹਰੀ, ਮੁੱਲਾ ਉਮਰ ਜਾਂ ਬਗਦਾਦੀ ਦਾ ਲੜਕਾ ਮਨੁੱਖੀ ਬੰਬ ਬਣਿਆ ਹੋਵੇ?

*****

(237)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author