JatinderPannu7ਗੱਲ ਫਿਰ ਇੱਥੇ ਆਣ ਟਿਕਦੀ ਹੈ ਕਿ ਕੀ ਅਕਾਲੀ ਦਲ ਨੇ ਸੱਚਮੁੱਚ ...
(19 ਅਕਤੂਬਰ 2020)

 

ਭਾਰਤ ਦੀ ਰਾਜਨੀਤੀ ਇੱਕ ਮੋੜਾ ਕੱਟ ਰਹੀ ਹੈ ਅਤੇ ਪੰਜਾਬ ਦੀ ਵੀਸਵਾ ਕੁ ਮਹੀਨਾ ਪਹਿਲਾਂ ਜਦੋਂ ਲੋਕ ਸਭਾ ਵਿੱਚ ਖੜੋ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਅਸੀਂ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਿੱਲਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਬਹੁਤ ਸਾਰੇ ਲੋਕਾਂ ਨੂੰ ਡਰਾਮਾ ਲੱਗਾ ਸੀਸਾਨੂੰ ਵੀ ਇਹੋ ਜਾਪਦਾ ਸੀ ਤੇ ਸੱਚੀ ਗੱਲ ਕਹੀਏ ਤਾਂ ਅਜੇ ਤਕ ਵੀ ਜਾਪਦਾ ਹੈ ਕਿ ਨਾਜ਼ਕ ਸਮਾਂ ਕੱਢਣ ਅਤੇ ਆਪਣਾ ਆਧਾਰ ਬਚਾਉਣ ਲਈ ਕੀਤਾ ਗਿਆ ਇੱਕ ਚੁਸਤ ਡਰਾਮਾ ਵੀ ਹੋ ਸਕਦਾ ਹੈ, ਪਰ ਇਹ ਸੱਚਮੁੱਚ ਦਾ ਤੋੜ-ਵਿਛੋੜਾ ਵੀ ਹੋ ਸਕਦਾ ਹੈਭਾਜਪਾ ਗੱਠਜੋੜ ਦਾ ਪੱਲਾ ਛੱਡਣ ਦੇ ਬਾਅਦ ਅਕਾਲੀ ਦਲ ਨੇ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਦੇ ਜ਼ਾਹਰਾ ਕਦਮ ਚੁੱਕੇ ਹਨ ਤੇ ਜਿਸ ਤਰ੍ਹਾਂ ਦੀ ਲੁਕਵੀ ਤਿਕੜਮਬਾਜ਼ੀ ਦੀਆਂ ਕਨਸੋਆਂ ਇਸ ਪਾਰਟੀ ਦੇ ਲੀਡਰਾਂ ਤੋਂ ਮਿਲਦੀਆਂ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਇਸ ਵਕਤ ਇੱਕ ਗੁੱਝੀ ਖੇਡ ਦੋਵੇਂ ਧਿਰਾਂ ਭਾਜਪਾ ਵਾਲੇ ਵੀ ਅਤੇ ਅਕਾਲੀ ਆਗੂ ਵੀ ਖੇਡਦੇ ਪਏ ਹਨ

ਅਕਾਲੀ-ਭਾਜਪਾ ਤੋੜ-ਵਿਛੋੜੇ ਦੇ ਬਾਅਦ ਬੇਸ਼ਕ ਕਈ ਰਾਜਸੀ ਮਾਹਰ ਇਹ ਕਹਿੰਦੇ ਹਨ ਕਿ ਚੋਣ ਦੇ ਦਿਨ ਨੇੜੇ ਆਉਂਦੇ ਸਾਰ ਭਾਜਪਾ ਅਕਾਲੀ ਦਲ ਨਾਲ ਫਿਰ ਸਾਂਝ ਪਾ ਸਕਦੀ ਹੈ, ਇਹ ਕੰਮ ਇੰਨਾ ਸੌਖਾ ਨਹੀਂਭਾਜਪਾ ਦਾ ਰਿਕਾਰਡ ਇਹ ਹੈ ਕਿ ਕਦੀ ਨਿਤੀਸ਼ ਕੁਮਾਰ ਨਾਲ ਸਾਂਝ ਪਾਈ ਅਤੇ ਕਦੇ ਤੋੜੀ, ਕਦੀ ਚੰਦਰ ਬਾਬੂ ਨਾਇਡੂ ਨਾਲ ਸਾਂਝ ਪਾਈ ਅਤੇ ਕਦੀ ਤੋੜੀ, ਪਰ ਅਕਾਲੀ ਦਲ ਲਈ ਇੱਡਾ ਤਿੱਖਾ ਮੋੜਾ ਕੱਟ ਸਕਣਾ ਔਖਾ ਹੋ ਸਕਦਾ ਹੈਪਿਛਲੇ ਸਾਲਾਂ ਵਿੱਚ ਭਾਜਪਾ ਦੀ ਨੇੜਤਾ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੀ ਦਾਅ ਸਿੱਖ ਲਏ ਹੋਣ, ਇਸ ਵੇਲੇ ਅਕਾਲੀ ਦਲ ਨੂੰ ਭਾਜਪਾ ਦੇ ਵਿਰੋਧ ਵਿੱਚ ਖੜ੍ਹੇ ਕਰਨ ਦੇ ਬਾਅਦ ਫਿਰ ਉਸ ਨਾਲ ਜੋੜ ਸਕਣਾ ਬਹੁਤ ਔਖਾ ਹੈਭਾਜਪਾ ਲੀਡਰਸ਼ਿੱਪ ਇਹ ਗੱਲ ਸਮਝਦੀ ਹੈ, ਸਗੋਂ ਉਸ ਦੇ ਕਈ ਲੀਡਰ ਅਕਾਲੀ ਦਲ ਨਾਲੋਂ ਸਾਂਝ ਟੁੱਟੀ ਤੋਂ ਖੁਸ਼ ਹਨ ਤੇ ਇਸਦਾ ਬਦਲ ਲੱਭਣ ਲਈ ਕਈਆਂ ਧਿਰਾਂ ਨੂੰ ਟੋਂਹਦੇ ਫਿਰਦੇ ਹਨਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਦਾ ਨਾਂਅ ਵੀ ਇਸ ਵਿੱਚ ਚੱਲ ਰਿਹਾ ਹੈ ਤੇ ਬਾਦਲ ਦਲ ਦੇ ਕੁਝ ਲੀਡਰਾਂ ਨੂੰ ਕੁੰਡੀ ਪਾ ਕੇ ਭਾਜਪਾ ਵੱਲ ਖਿੱਚਣ ਦੇ ਯਤਨ ਕਰਨ ਦੀ ਚਰਚਾ ਵੀ ਸੁਣਦੀ ਹੈ, ਜਿਨ੍ਹਾਂ ਉੱਤੇ ਅਮਲ ਵਿੱਚ ਭਾਜਪਾ ਨੂੰ ਆਪਣਾ ਫਾਇਦਾ ਦਿਸ ਰਿਹਾ ਹੈਉਨ੍ਹਾਂ ਦੇ ਆਗੂ ਕਹਿੰਦੇ ਹਨ ਕਿ ਚੌਵੀ ਸਾਲ ਪੁਰਾਣੀ ਸਾਂਝ ਵਿੱਚ ਸਾਨੂੰ ਤੇਈ ਵਿਧਾਨ ਸਭਾ ਸੀਟਾਂ ਮਿਲੀਆਂ ਸਨ ਤੇ ਇੰਨੇ ਸਾਲਾਂ ਬਾਅਦ ਵੀ ਉਹੀ ਹਨ, ਪਰ ਜੇ ਅਸੀਂ ਕਿਸੇ ਵੀ ਹੋਰ ਪਾਰਟੀ ਜਾਂ ਗਰੁੱਪ ਨਾਲ ਸਮਝੌਤਾ ਇੱਕ ਵਾਰ ਕਰ ਲਿਆ ਤਾਂ ਇਹ ਤੇਈ ਵਾਲਾ ਕੋਟਾ ਹਰ ਹਾਲ ਵਧ ਜਾਣਾ ਹੈ, ਫਿਰ ਭਾਵੇਂ ਅਕਾਲੀ ਦਲ ਨਾਲ ਵੀ ਦੋਬਾਰਾ ਤਾਰ ਜੋੜ ਲਈਏ, ਇਸ ਤੋਂ ਵੱਧ ਸੀਟਾਂ ਹੀ ਮਿਲਣਗੀਆਂ ਤੇ ਇਸੇ ਲਈ ਇਸ ਵੇਲੇ ਅਕਾਲੀ ਦਲ ਦੇ ਮੁਕਾਬਲੇ ਦੀ ਧਿਰ ਲੱਭਣਾ ਉਨ੍ਹਾਂ ਲਈ ਪਹਿਲਾ ਕਦਮ ਸਮਝਿਆ ਜਾਣ ਲੱਗਾ ਹੈ

ਦੂਸਰੇ ਪਾਸੇ ਅਕਾਲੀ ਦਲ ਦੀ ਲੀਡਰਸ਼ਿੱਪ ਵਿੱਚੋਂ ਬਿਨਾਂ ਸ਼ੱਕ ਕੁਝ ਲੋਕ ਅਜੇ ਵੀ ਭਾਜਪਾ ਨਾਲ ਦੋਬਾਰਾ ਜੁੜ ਜਾਣ ਦੀ ਗੱਲ ਰੱਦ ਨਹੀਂ ਕਰ ਰਹੇ, ਫਿਰ ਵੀ ਇਸਦੀ ਆਸ ਘੱਟ ਵੇਖਦੇ ਹੋਏ ਉਹ ਵੀ ਬਦਲ ਲੱਭਣ ਲੱਗੇ ਹਨਪੰਜਾਬ ਵਿੱਚ ਇਸ ਮਕਸਦ ਲਈ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਤਕ ਪਹੁੰਚ ਕੀਤੀ ਸੁਣੀਦੀ ਹੈਬਹੁਜਨ ਸਮਾਜ ਪਾਰਟੀ ਦੇ ਆਗੂ ਅਕਾਲੀਆਂ ਦੀ ਭਾਜਪਾ ਨਾਲ ਸਾਂਝ ਪੈਣ ਵਾਲੇ ਵਕਤ ਤੋਂ ਬਾਅਦ ਕਦੀ ਵੀ ਵਿਧਾਨ ਸਭਾ ਵਿੱਚ ਨਹੀਂ ਸਨ ਪਹੁੰਚ ਸਕੇ ਤੇ ਅਕਾਲੀਆਂ ਨਾਲ ਸਮਝੌਤਾ ਹੋ ਜਾਵੇ ਤਾਂ ਇਹ ਖੜੋਤ ਟੁੱਟ ਸਕਦੀ ਹੈਉਂਜ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਪਿਛਲੇ ਸਾਲ ਜੋ ਕੁਝ ਕੀਤਾ ਸੀ, ਜਿਵੇਂ ਸਮਝੌਤੇ ਕੀਤੇ ਤੇ ਤੋੜੇ ਸਨ, ਉਸ ਵੱਲ ਵੇਖਦੇ ਹੋਏ ਅਕਾਲੀ ਆਗੂ ਅਜੇ ਤਕ ਇਸ ਪਾਰਟੀ ਦੀ ਲੀਡਰਸ਼ਿੱਪ ਦਾ ਪੱਕਾ ਭਰੋਸਾ ਨਹੀਂ ਕਰਦੇਇਸ ਤੋਂ ਹਟਵੇਂ ਉਨ੍ਹਾਂ ਨੇ ਇੱਕ ਦੇਸ਼ ਪੱਧਰ ਦਾ ਗੱਠਜੋੜ ਖੜ੍ਹਾ ਕਰਨ ਦਾ ਭਰਮ ਵੀ ਪਾਉਣਾ ਸ਼ੁਰੂ ਕੀਤਾ ਹੈ, ਜਿਸ ਨਾਲ ਅਕਾਲੀ ਦਲ ਦੇ ਆਪਣੇ ਵਰਕਰ ਤਾਂ ਉਤਸ਼ਾਹ ਵਿੱਚ ਰੱਖੇ ਜਾ ਸਕਦੇ ਹਨ, ਅਮਲ ਵਿੱਚ ਇਸਦਾ ਕੋਈ ਲਾਭ ਨਹੀਂ ਹੋਣਾਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਉਸ ਨੂੰ ਮਹਾਰਾਸ਼ਟਰ ਦੇ ਐੱਨ ਸੀ ਪੀ ਦੇ ਆਗੂ ਸ਼ਰਦ ਪਵਾਰ ਤੇ ਤਾਮਿਲ ਨਾਡੂ ਵਿੱਚ ਡੀ ਐੱਮ ਕੇ ਪਾਰਟੀ ਵਾਲਿਆਂ ਨਾਲ ਗੱਲ ਕਰਨ ਲਈ ਕਿਹਾ ਹੈ ਉਨ੍ਹਾਂ ਦੀ ਰਾਏ ਹੈ ਕਿ ਇਸ ਤਰ੍ਹਾਂ ਉਹ ਇੱਕ ਨਵਾਂ ਫਰੰਟ ਖੜ੍ਹਾ ਕਰ ਕੇ ਭਾਜਪਾ ਨੂੰ ਹਲੂਣਾ ਦੇ ਸਕਦੇ ਹਨ, ਪਰ ਭਾਜਪਾ ਇੰਨਾ ਬੇਵਕੂਫਾਂ ਦਾ ਟੋਲਾ ਨਹੀਂ ਕਿ ਜਿਹੜੀ ਗੱਲ ਸਾਡੇ ਵਰਗੇ ਲੋਕਾਂ ਦੇ ਮੰਨਣ ਵਿੱਚ ਕਿਸੇ ਜ਼ੋਰ ਵਾਲੀ ਨਹੀਂ ਜਾਪਦੀ, ਉਸ ਨਾਲ ਭਾਜਪਾ ਦੇ ਆਗੂ ਤ੍ਰਹਿਕ ਜਾਣਗੇਮਹਾਰਾਸ਼ਟਰ ਦਾ ਆਗੂ ਸ਼ਰਦ ਪਵਾਰ ਜਿਵੇਂ ਭਾਜਪਾ ਧੜੇ ਨਾਲੋਂ ਸ਼ਿਵ ਸੈਨਾ ਨੂੰ ਤੋੜਨ ਪਿੱਛੋਂ ਖੁਸ਼ ਹੈ, ਉਵੇਂ ਹੀ ਭਾਜਪਾ ਤੋਂ ਟੁੱਟੇ ਅਕਾਲੀ ਆਗੂਆਂ ਨਾਲ ਮਿਲਣ ਪਿੱਛੋਂ ਉੱਥੇ ਵਸਦੇ ਸਿੱਖ ਵੋਟਰਾਂ ਦੀ ਝਾਕ ਰੱਖ ਸਕਦਾ ਹੈ, ਪਰ ਉਸ ਦੀ ਪਾਰਟੀ ਪੰਜਾਬ ਵਿੱਚ ਅਕਾਲੀਆਂ ਦੀ ਕੀ ਮਦਦ ਕਰ ਸਕਦੀ ਹੈ, ਉਸ ਦਾ ਇੱਥੇ ਚਿਰਾਗ ਹੀ ਨਹੀਂ ਜਗਦਾ ਜਾਪਦਾਦੂਸਰੀ ਤਾਮਿਲ ਨਾਡੂ ਦੀ ਪਾਰਟੀ ਡੀ ਐੱਮ ਕੇ ਆਪਣੇ ਰਾਜ ਵਿੱਚ ਅਕਾਲੀ ਦਲ ਕੋਲੋਂ ਕੋਈ ਆਸ ਨਹੀਂ ਰੱਖ ਸਕਦੀ ਤੇ ਪੰਜਾਬ ਵਿੱਚ ਆਣ ਕੇ ਅਕਾਲੀਆਂ ਨੂੰ ਚੋਣਾਂ ਵਾਸਤੇ ਕੋਈ ਵੋਟਾਂ ਨਹੀਂ ਦਿਵਾ ਸਕਦੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚਿਰੋਕਣੀ ਝਾਕ ਹੈ ਕਿ ਕਿਸੇ ਤਰ੍ਹਾਂ ਭਾਰਤੀ ਰਾਜਨੀਤੀ ਦੀਆਂ ਨੈਸ਼ਨਲ ਪਾਰਟੀਆਂ ਵਿੱਚੋਂ ਇੱਕ ਪਾਰਟੀ ਦਾ ਆਗੂ ਮੰਨਿਆ ਜਾਵਾਂਪੰਜਾਬ ਤੋਂ ਬਾਹਰ ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਵਿੱਚ ਅਕਾਲੀ ਦਲ ਵੱਲੋਂ ਚੋਣਾਂ ਵਿੱਚ ਬੰਦੇ ਖੜ੍ਹੇ ਕਰਨ ਦਾ ਉਸ ਦਾ ਮਕਸਦ ਇਹੋ ਹੁੰਦਾ ਸੀ, ਪਰ ਭਾਜਪਾ ਨੇ ਇਸ ਅੱਗੇ ਅੜਿੱਕਾ ਡਾਹੁਣ ਲਈ ਦਿੱਲੀ ਵਿੱਚ ਸੀਟਾਂ ਛੱਡ ਕੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਅਕਾਲੀ ਉਮੀਦਵਾਰ ਵੀ ਭਾਜਪਾ ਵਾਲੇ ਚੋਣ ਨਿਸ਼ਾਨ ਉੱਤੇ ਹੀ ਚੋਣਾਂ ਲੜਨਗੇ ਤਾਂ ਕਿ ਕੱਲ੍ਹ ਨੂੰ ਵੱਖਰੀ ਹੋਂਦ ਵਿਖਾਉਣ ਦੀ ਜੁਰਅਤ ਨਾ ਕਰ ਸਕਣਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਅਕਾਲੀ ਦਲ ਨੂੰ ਇਸੇ ਲਈ ਭਾਜਪਾ ਨੇ ਸੀਟਾਂ ਨਹੀਂ ਸੀ ਛੱਡੀਆਂ ਤੇ ਪੰਜਾਬ ਤਕ ਰੋਕੀ ਰੱਖਣ ਦੀ ਨੀਤੀ ਉੱਤੇ ਚੱਲਦੀ ਰਹੀ ਸੀਇਸ ਵਕਤ ਜੇ ਸੁਖਬੀਰ ਸਿੰਘ ਬਾਦਲ ਨੈਸ਼ਨਲ ਪਾਰਟੀ ਦਾ ਲੀਡਰ ਨਹੀਂ ਬਣ ਸਕਦਾ ਤਾਂ ਨੈਸ਼ਨਲ ਗੱਠਜੋੜ ਦਾ ਉਸ ਤਰ੍ਹਾਂ ਦਾ ਲੀਡਰ ਬਣਨ ਦੇ ਸੁਪਨੇ ਵੇਖ ਰਿਹਾ ਹੈ, ਜਿਸ ਤਰ੍ਹਾਂ ਛੋਟੀ ਜਿਹੀ ਪਾਰਟੀ ਦਾ ਆਗੂ ਹੋਣ ਦੇ ਬਾਵਜੂਦ ਐੱਨ ਡੀ ਏ ਗੱਠਜੋੜ ਦਾ ਆਗੂ ਜਾਰਜ ਫਰਨਾਡੇਜ਼ ਹੋਇਆ ਕਰਦਾ ਸੀਇਸ ਤਰ੍ਹਾਂ ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ ਨਾਲ ਸਾਂਝ ਪਾ ਕੇ ਕੌਮੀ ਰਾਜਨੀਤੀ ਵਿੱਚ ਇੱਕ ਵੱਡੀ ਧਿਰ ਬਣਨ ਦਾ ਸੁਪਨਾ ਤਾਂ ਸੁਖਬੀਰ ਸਿੰਘ ਬਾਦਲ ਕਿਸੇ ਹੱਦ ਤਕ ਪੂਰਾ ਕਰ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਰਾਜਨੀਤੀ ਨਾਲ ਕੋਈ ਮੋਹ ਨਹੀਂ ਹੁੰਦਾ, ਉਹ ਤਾਂ ਪੰਜਾਬ ਦੀ ਰਾਜਨੀਤੀ ਦੇ ਰੰਗ ਵੇਖਦੇ ਹਨ ਤੇ ਉੱਥੇ ਇਹ ਨਵਾਂ ਦਾਅ ਕੰਮ ਨਹੀਂ ਆ ਸਕਦਾ

ਗੱਲ ਫਿਰ ਇੱਥੇ ਆਣ ਟਿਕਦੀ ਹੈ ਕਿ ਕੀ ਅਕਾਲੀ ਦਲ ਨੇ ਸੱਚਮੁੱਚ ਪੱਕਾ ਤੋੜ-ਵਿਛੋੜਾ ਕਰ ਲਿਆ ਹੈ ਜਾਂ ਅਜੇ ਵੀ ਇਸਦੀ ਅੰਦਰ ਦੀ ਰਾਜਨੀਤੀ ਹੋਰ ਤੇ ਜ਼ਾਹਰਾ ਨੀਤੀ ਹੋਰ ਹੋਵੇਗੀ? ਇਸਦਾ ਜਵਾਬ ਅਜੇ ਨਹੀਂ ਮਿਲ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2385)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author