UjagarSingh7ਪੂਰੇ ਪੰਜ ਸਾਲ ਲਈ   ਅਸੀਂ ਵਿਕ ਜਾਂਦੇ ਹਾਂ   ਬੱਸ   ਪੰਜ ਸੌ ਦੇ ਨੋਟ ਬਦਲੇ ...
(22 ਸਤੰਬਰ 2016)



ਕਰਮਜੀਤ ਕੌਰ ਕਿਸ਼ਾਂਵਲ ਦੀ ਪੁਸਤਕ “ਗਗਨ ਦਮਾਮੇ ਦੀ ਤਾਲ” ਵਿਚਲੀ ਕਵਿਤਾ ਸਮਾਜਿਕ ਅਨਿਆਏ ਦੇ ਵਿਰੁੱਧ ਆਵਾਜ਼ ਪੈਦਾ ਕਰਕੇ ਇਨਸਾਨੀ ਮਾਨਸਿਕਤਾ ਵਿਚ ਸਰਸਰਾਹਟ ਪੈਦਾ ਕਰਦੀ ਹੋਈ ਝੰਜੋੜਦੀ ਹੈ। ਕਰਮਜੀਤ ਨੇ ਆਪਣੀਆਂ ਕਵਿਤਾਵਾਂ ਦਾ ਆਧਾਰ ਇਨਸਾਨ ਦੀ ਮਾਨਸਿਕਤਾ ਨੂੰ ਬਣਾਇਆ ਹੈ। ਉਸਦੀਆਂ ਕਵਿਤਾਵਾਂ ਗ਼ਰੀਬ
, ਦਲਿਤ, ਸਮਾਜ ਦੀਆਂ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਹਾਅਦਾ ਨਾਅਰਾ ਮਾਰਦੀਆਂ ਹੋਈਆਂ, ਲੋਕਾਂ ਦਾ ਪੱਖ ਹੀ ਨਹੀਂ ਪੂਰਦੀਆਂ ਸਗੋਂ ਉਨ੍ਹਾਂ ਦੀ ਪ੍ਰਤੀਨਿਧਤਾ ਕਰਦੀਆਂ ਲੱਗਦੀਆਂ ਹਨ। ਕਰਮਜੀਤ ਖੁੱਲ੍ਹੀ ਕਵਿਤਾ ਲਿਖਦੀ ਹੈ, ਪ੍ਰੰਤੂ ਕਵਿਤਾਵਾਂ ਦੀ ਵਿਚਾਰਧਾਰਾ ਸਿਰਜਨਾਤਮਿਕ ਹੈ। ਖੁੱਲ੍ਹੀ ਕਵਿਤਾ ਦਾ ਸੰਬੰਧ ਦਿਮਾਗ ਨਾਲ ਅਤੇ ਸੁਰ, ਤਾਲ, ਲੈਅ ਅਤੇ ਸਰੋਦ ਵਾਲੀ ਰੁਮਾਂਟਿਕ ਕਵਿਤਾ ਦਾ ਸੰਬੰਧ ਦਿਲ ਨਾਲ ਹੁੰਦਾ ਹੈ। ਦਿਲ ਵਕਤੀ ਗੱਲ ਕਰਦਾ ਹੈ ਪ੍ਰੰਤੂ ਦਿਮਾਗ ਸਥਾਈ। ਉਸਦੀ ਕਮਾਲ ਇਸ ਵਿਚ ਵੀ ਹੈ ਕਿ ਉਸਨੇ ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਕੋਈ ਅਜਿਹਾ ਪੱਖ ਨਹੀਂ ਵਿਸਾਰਿਆ ਜਿਸ ਤੋਂ ਗ਼ਰੀਬ ਲੋਕ ਪ੍ਰਭਾਵਤ ਨਾ ਹੁੰਦੇ ਹੋਣ।

ਕਰਮਜੀਤ ਕੌਰ ਕਿਸ਼ਾਂਵਲ ਦੀ ਕਵਿਤਾ ਨੂੰ ਜੇ ਗ਼ਰੀਬ ਅਤੇ ਆਮ ਜਨਤਾ ਦੀ ਦਰਦ ਭਰੀ ਜ਼ਿੰਦਗੀ ਦੀ ਜੱਦੋਜਹਿਦ ਭਰਪੂਰ ਕਹਾਣੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਸਦੀ ਕਵਿਤਾ ਅਜ਼ਾਦੀ ਦੀਆਂ ਬਰਕਤਾਂ ਨਾ ਮਿਲਣ ਵਾਲੇ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਦੀ ਹੈ। ਉਹ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀਭਾਂਤ ਜਾਗਰੂਕ ਲਗਦੀ ਹੈ, ਇਸ ਕਰਕੇ ਹੀ ਉਸਦੀ ਕਵਿਤਾ ਆਮ ਲੋਕਾਂ ਦੇ ਦਿਲਾਂ ਅਤੇ ਰੂਹ ਦੀ ਆਵਾਜ਼ ਬਣਦੀ ਹੈ। ਉਸਦਾ ਇੰਨੀ ਛੋਟੀ ਉਮਰ ਵਿਚ ਅਨੁਭਵ ਵਿਸ਼ਾਲ ਹੈ, ਜਿਸਦਾ ਪ੍ਰਤੱਖ ਪ੍ਰਮਾਣ ਉਸਦੀਆਂ ਕਵਿਤਾਵਾਂ ਤੋਂ ਸ਼ਪਸ਼ਟ ਮਿਲਦਾ ਹੈ। ਅਜੋਕਾ ਸਮਾਜ ਜਿਹੜੇ ਅਸੁਖਾਵੇਂ ਹਾਲਾਤ ਦਾ ਮੁਕਾਬਲਾ ਕਰ ਰਿਹਾ ਹੈ, ਇਹ ਕਵਿਤਾਵਾਂ ਉਸ ਦਾ ਪ੍ਰਗਟਾਵਾ ਕਰਦੀਆਂ ਨਜ਼ਰ ਆ ਰਹੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਚਿੰਨ੍ਹਾਂ ਅਤੇ ਸੰਕੇਤਾਂ ਦੀ ਵਰਤੋਂ ਬਹੁਤ ਕਰਦੀ ਹੈ ਪ੍ਰੰਤੂ ਕਵਿਤਾਵਾਂ ਪਾਠਕਾਂ ਦੇ ਸਮਝ ਵਿਚ ਆਉਂਦੀਆਂ ਹੋਈਆਂ ਉਨ੍ਹਾਂ ਦੇ ਮਨਾਂ ਤੇ ਗਹਿਰਾ ਪ੍ਰਭਾਵ ਛੱਡ ਰਹੀਆਂ ਹਨ, ਬੋਝ ਨਹੀਂ ਬਣਦੀਆਂ।

ਕਰਮਜੀਤ ਕੌਰ ਕਿਸ਼ਾਂਵਲ ਪ੍ਰਫ਼ੈਸਰ ਹੋਣ ਦੇ ਬਾਵਜੂਦ ਆਪਣੀ ਵਿਦਵਤਾ ਦਾ ਪ੍ਰਗਟਾਵਾ ਨਹੀਂ ਕਰਦੀ, ਜਿਹੜਾ ਵਿਖਾਵਾ ਆਮ ਤੌਰ ’ਤੇ ਵਿਦਵਾਨ ਲੇਖਕ ਕਰਦੇ ਹਨ। ਕਰਮਜੀਤ ਸੰਵੇਦਨਸ਼ੀਲ, ਸੰਜੀਦਾ ਅਤੇ ਸ਼ਿਸ਼ਟਾਚਾਰ ’ਤੇ ਪਹਿਰਾ ਦੇਣ ਵਾਲੀ ਕਵਿੱਤਰੀ ਹੈ। ਉਸਦੀ ਇਹ ਵੀ ਵਡਿਤਣ ਹੈ ਕਿ ਉਹ ਸੰਪੂਰਨ ਕਵਿੱਤਰੀ ਹੈ, ਕਿਸੇ ਵਾਦ ਨਾਲ ਜੁੜੀ ਹੋਈ ਨਹੀਂ। ਉਹ ਕਿਸੇ ਇੱਕ ਫਿਰਕੇ ਜਾਂ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੀ ਕਵਿਤਾ ਨਹੀਂ ਲਿਖਦੀ। ਉਹ ਇਨਸਾਨੀਅਤ ਦੀ ਕਦਰਦਾਨ ਕਵਿੱਤਰੀ ਹੈ। ਆਮ ਤੌਰ ’ਤੇ ਇਸਤਰੀ ਕਵਿੱਤਰੀਆਂ ਇਸਤਰੀ ਜਾਤੀ ਦੇ ਦੁੱਖਾਂ ਅਤੇ ਕਲੇਸ਼ਾਂ ਵਾਲੀਆਂ ਕਵਿਤਾਵਾਂ ਲਿਖਕੇ ਇਸਤਰੀਆਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੀਆਂ ਹਨ। ਅਸਲ ਵਿਚ ਕਵੀ ਜਾਂ ਕਵਿਤਰੀ ਇਨਸਾਨੀਅਤ ਦੇ ਹਿੱਤਾਂ ਨਾਲ ਸੰਬੰਧਤ ਕਵਿਤਾਵਾਂ ਲਿਖਣ ਵਾਲੇ ਹੋਣੇ ਚਾਹੀਦੇ ਹਨ। ਕਰਮਜੀਤ ਇਸ ਕਸਵੱਟੀ ਉੱਤੇ ਖ਼ਰੀ ਉਤਰਦੀ ਹੈ। ਉਹ ਇਨਸਾਨੀ ਮਾਨਸਿਕਤਾ ਨੂੰ ਸਮਝਦੀ ਹੈ, ਜਿਸ ਕਰਕੇ ਇਨਸਾਨ ਦੀ ਦੁਬਿਧਾ ਵਾਲੀ ਸਥਿਤੀ ਨੂੰ ਵੀ ਬਾਖ਼ੂਬੀ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਆਮ ਲੋਕਾਂ ਦਾ ਦਵੰਧ ਹੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਵਿਚ ਰੁਕਾਵਟ ਦਾ ਕਾਰਨ ਬਣਦਾ ਹੈ। ਲੋਕ ਆਪਣੀ ਬਿਹਤਰੀ ਵਾਲੇ ਫੈਸਲੇ ਕਰਨ ਲਈ ਲਾਮਬੰਦ ਨਹੀਂ ਹੁੰਦੇ

ਕਰਮਜੀਤ ਕੌਰ ਨੂੰ ਕਵਿਤਾ ਲਿਖਣ ਸਮੇਂ ਪਤਾ ਹੁੰਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਸਰਲ ਅਤੇ ਸਪਸ਼ਟ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਇਤਿਹਾਸਕ ਪ੍ਰਸਥਿਤੀਆਂ ਦਾ ਵਿਵਰਣ ਕਰਦੀ ਹੋਈ ਮਨੁੱਖਤਾ ਨੂੰ ਆਪਣੇ ਸਿਆਸੀ ਅਤੇ ਪ੍ਰਬੰਧਕੀ ਸ਼ਾਸਕਾਂ ਦੇ ਸ਼ੋਸ਼ਣ ਦਾ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ ਤਾਂ ਜੋ ਇਨਕਲਾਬ ਦਾ ਸੁਪਨਾ ਪੂਰਾ ਹੋ ਸਕੇ। ਗੁਰੂ ਨਾਨਕ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਪ੍ਰੋੜ੍ਹਤਾ ਕਰਦੀਆਂ ਉਸਦੀਆਂ ਕਵਿਤਾਵਾਂ ਮਨੁੱਖਤਾ ਨੂੰ ਉਸ ਵਿਚਾਰਧਾਰਾ ’ਤੇ ਪਹਿਰਾ ਨਾ ਦੇਣ ਦਾ ਖਮਿਆਜਾ ਭੁਗਤਣ ਲਈ ਵੀ ਜਾਗਰੂਕ ਕਰਦੀਆਂ ਹਨ। ਉਹ ਸਮਝਦੀ ਹੈ ਕਿ ਧਰਮ ਦੇ ਰਾਖੇ ਹੀ ਧਰਮ ਦੇ ਵੈਰੀ ਬਣ ਚੁੱਕੇ ਹਨ। ਧਰਮ ਦੇ ਠੇਕਦਾਰਾਂ ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਆੜ੍ਹੇ ਹੱਥੀਂ ਲੈਂਦੀ ਹੈ, ਜਿਹੜੇ ਅਨਿਆਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦੇ। ‘ਹੇ ਨਾਨਕ’ ਕਵਿਤਾ ਵਿਚ ਉਹ ਲਿਖਦੀ ਹੈ-

ਤੇ ਅੱਜ ਜਦ
ਹਰ ਪਾਸੇ ਜ਼ੁਲਮ ਦੀ ਸਿਖ਼ਰ ਹੈ
ਧੀਆਂ ਬੇਪੱਤ ਹੋ ਰਹੀਆਂ
ਭੇੜੀਏ ਨੋਚ ਰਹੇ
ਹਿਰਨਾਂ-ਹਿਰਨੋਟਿਆਂ ਤਾਈਂ
ਤੇ ਇਨਕਲਾਬੀ ਧੀ
ਸਹਿ ਰਹੀ ਐ
ਤੇਜ਼ਾਬੀ ਹਮਲੇ
ਕਾਨੂੰਨ ਦੇ ਰਖਵਾਲਿਆਂ’ ਦੇ ਥੱਪੜ
ਤੇ ਖਿੱਚਾਧੂਹੀ-
ਤਾਂ ਕਿਉਂ ਸੁੱਤੇ ਪਏ ਨੇ ਤੇਰੇ ਸਿੱਖ?

ਕਰਮਜੀਤ ਦੀਆਂ ਕਵਿਤਾਵਾਂ ਦੱਸਦੀਆਂ ਹਨ ਕਿ ਨਰਕ ਸਵਰਗ ਸਭ ਇਸ ਸੰਸਾਰ ਵਿਚ ਹੀ ਹੈ। ਉਸਨੇ ਝੂਠੇ ਲਾਰਿਆਂ ਅਤੇ ਵਹਿਮਾਂ ਭਰਮਾਂ ਤੋਂ ਖਹਿੜਾ ਛੁਡਵਾਉਣ ਲਈ ਪ੍ਰੇਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਇਹ ਉਸਦੀ ਦੂਜੀ ਪੁਸਤਕ ਉਸਦੇ ਸਾਹਿਤਕ ਸਫਰ ਦੀ ਪਰਪੱਕਤਾ ਦਾ ਸਬੂਤ ਹੈ। ਉਸਨੇ ਪਰਵਾਸੀ ਕਵਿੱਤਰੀਆਂ ਦੀਆਂ ਕਵਿਤਾਵਾਂ ਦੀ ‘ਸਿਰਜਣਹਾਰੀਆਂ’ ਨਾਂ ਦੀ ਇੱਕ ਪੁਸਤਕ ਸੰਪਾਦਿਤ ਵੀ ਕੀਤੀ ਹੈ। ਮਨੁੱਖਤਾ ਦੇ ਕਿਰਦਾਰ ’ਤੇ ਵੀ ਵਿਅੰਗ ਕੱਸਦੀ ਹੋਈ ਲਿਖਦੀ ਹੈ ਕਿ ਕਿਸੇ ਵੀ ਇਨਸਾਨ ਦਾ ਦਿਲ ਸਾਫ ਨਹੀਂ। ਕੂੜ ਪ੍ਰਧਾਨ ਹੋਇਆ ਫਿਰਦਾ ਹੈ। ਸਮਾਜ ਵਿਚ ਤਬਦੀਲੀ ਲਿਆਉਣ ਲਈ ਸਾਨੂੰ ਆਪਣੀ ਮਾਨਸਿਕਤਾ ਵਿਚ ਤਬਦੀਲੀ ਕਰਨੀ ਜ਼ਰੂਰੀ ਹੈ। ਸਿਆਸਤਦਾਨ ਲੋਕਾਂ ਵਿਚ ਵੰਡੀਆਂ ਪਾ ਕੇ ਸਫਲ ਹੋ ਜਾਂਦੇ ਹਨ ਪ੍ਰੰਤੂ ਆਮ ਲੋਕਾਂ ਨੂੰ ਲਾਲਚ ਵਿਚ ਪੈ ਕੇ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਉਹ ਲਿਖਦੀ ਹੈ ਕਿ ਅਸੀਂ ਕਿਸ ਤਰ੍ਹਾਂ ਵੋਟਾਂ ਪਾਉਂਦੇ ਹਾਂ-

ਪੂਰੇ ਪੰਜ ਸਾਲ ਲਈ
ਅਸੀਂ ਵਿਕ ਜਾਂਦੇ ਹਾਂ
ਬੱਸ
ਪੰਜ ਸੌ ਦੇ ਨੋਟ ਬਦਲੇ

ਲੋਕਤੰਤਰ’
ਬੁਰੇ ਹੱਥਾਂ ਵਿਚ ਜੋ
ਬਣ ਗਿਆ
ਜੋਕਤੰਤਰ’

ਲੋਕਤੰਤਰ ਵਿਚ ਨੇਤਾਵਾਂ ਦੇ ਯੋਗਦਾਨ ਦਾ ਜ਼ਿਕਰ ਕਰਦੀ ਹੋਈ ਆਪਣੀ ਕਵਿਤਾ ਵਿਚ ਉਹ ਲਿਖਦੀ ਹੈ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਨੇਤਾ ਲੋਕ ਗ਼ੈਰ ਜ਼ਿੰਮਵਾਰਾਨਾ ਵਿਵਹਾਰ ਕਰ ਰਹੇ ਹਨ। ਸਰਕਾਰੀ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਕੋਈ ਸਾਰਥਿਕ ਅਤੇ ਲੋਕਾਂ ਦੇ ਹਿਤਾਂ ਵਿਚ ਚਰਚਾ ਕਰਨ ਦੀ ਥਾਂ ਤੋਹਮਤਬਾਜ਼ੀ ਕਰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ। ਅਜਿਹੇ ਨੇਤਾ ਲੋਕਾਂ ਲਈ ਮਾਰਗ ਦਰਸ਼ਕ ਕਿਵੇਂ ਬਣ ਸਕਣਗੇ। ਸਬਸਿਡੀਆਂ ਦੀ ਨਾਜਾਇਜ਼ ਵਰਤੋਂ ਹੋ ਰਹੀ ਹੈ। ਜੇਕਰ ਆਮ ਜਨਤਾ ਨੇ ਆਪਣੇ ਵਿਵਹਾਰ ਵਿਚ ਇਨਕਲਾਬੀ ਪਰਿਵਰਤਨ ਨਾ ਲਿਆਂਦਾ ਤਾਂ ਸਦੀਆਂ ਤੱਕ ਵੀ ਅਸੀਂ ਖ਼ੁਸ਼ਹਾਲੀ ਦਾ ਮੂੰਹ ਨਹੀਂ ਵੇਖ ਸਕਾਂਗੇ।

ਕਰਮਜੀਤ ਦੀਆਂ ਕਵਿਤਾਵਾਂ ਸਥਾਪਤ ਪ੍ਰਬੰਧਕੀ ਪ੍ਰਣਲੀ ਦੇ ਵਿਰੁੱਧ ਆਮ ਲੋਕਾਂ ਨੂੰ ਬਗ਼ਾਬਤ ਕਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ ਤਾਂ ਜੋ ਸਮਾਜਕ ਤਾਣੇ ਬਾਣੇ ਵਿੱਚੋਂ ਭਰਿਸ਼ਟਾਚਾਰ ਨੂੰ ਸਮਾਪਤ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਣ, ਕਿਉਂਕਿ ਭਰਿਸ਼ਟਾਚਾਰ ਦੇ ਬੋਲਬਾਲੇ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਲੋਕਾਂ ਵਿਚ ਜਾਗ੍ਰਤੀ ਦੀ ਘਾਟ ਕਰਕੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨ। ਇਸ ਵਿਚ ਉਹ ਧਾਰਮਿਕ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਜੋ ਲੋਕਾਂ ਨੂੰ ਕਿਸਮਤ ਦਾ ਹੁਕਮ ਮੰਨਣ ਲਈ ਕਹਿੰਦੇ ਹਨ। ਆਪਣੀਆਂ ਕਵਿਤਾਵਾਂ ਵਿਚ ਗ਼ਰੀਬਾਂ ਦੀ ਗ਼ਰੀਬੀ ਦੀ ਤਸਵੀਰ ਖਿੱਚਦੀ ਹੋਈ ਕਰਮਜੀਤ ਕਾਰਪੋਰੇਟ ਸੈਕਟਰ ਵੱਲੋਂ ਗ਼ਰੀਬਾਂ ਦੇ ਹੱਕ ਹੜੱਪ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਗ਼ਰੀਬ ਬੱਚਿਆਂ ਲਈ ਤਿਰੰਗੇ ਦੇ ਰੰਗਾਂ ਦੇ ਅਰਥਾ ਦੀ ਜਾਣਕਾਰੀ ਨਹੀਂ ਪ੍ਰੰਤੂ ਉਹ ਤਿਰੰਗੇ ਲਈ ਜੀਅ ਜਾਨ ਦੇਣ ਲਈ ਤਿਆਰ ਹਨ। ਅਮੀਰ ਲੋਕ ਤਿਰੰਗੇ ਦੀ ਦੁਰਵਰਤੋਂ ਕਰਦੇ ਹਨ। ਗ਼ਰੀਬਾਂ ਲਈ ਸਰਕਾਰ ਸਕੀਮਾ ਤਾਂ ਬਹੁਤ ਬਣਾਉਂਦੀ ਹੈ ਪ੍ਰੰਤੂ ਉਨ੍ਹਾਂ ਨੂੰ ਅਮਲੀ ਰੂਪ ਦੇਣ ਵਿਚ ਕੋਤਾਹੀ ਵਰਤੀ ਜਾਂਦੀ ਹੈ।

ਕਰਮਜੀਤ ਕੌਰ ਕਿਸ਼ਾਂਵਲ ਦੀ ਕਵਿਤਾ ਰੰਗ ਵਿਰੰਗੀ, ਬਹੁਰੰਗੀ ਅਤੇ ਬਹੁਪਰਤੀ ਹੈਕਦੀ ਅਖ਼ਬਾਰਾਂ ਦੀ ਪੇਡ ਨਿਊਜ, ਨਿਆਇਕ ਪ੍ਰਣਾਲੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਰਾਮ ਰਾਜ, ਇਨਕਲਾਬ, ਸਫਾਈ ਮੁਹਿੰਮਾ, ਦਾਜ, ਨਸ਼ੇ, ਮਹਿੰਗਾਈ ਅਤੇ ਲੋਕਤੰਤਰ ਦੀਆਂ ਖਾਮੀਆਂ ਨੂੰ ਕਵਿਤਾਵਾਂ ਦੇ ਕਲਾਵੇ ਵਿਚ ਲੈਂਦੀ ਹੋਈ ਆਮ ਜਨਤਾ ਨੂੰ ਜਾਗ੍ਰਤ ਕਰਨ ਦੀ ਗੱਲ ਕਰਦੀ ਹੈ। ਅਮੀਰ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਨਾਮਕਰਨ ਵਰਗੇ ਸਮਾਗਮ ਕਰਦੇ ਹਨ ਜਦੋਂ ਕਿ ਗ਼ਰੀਬ ਲੋਕਾਂ ਦੇ ਬੱਚੇ ਅਜਿਹੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨਉਨ੍ਹਾਂ ਨੂੰ ਤਾਂ ਆਪਣੇ ਪਰਿਵਾਰਾਂ ਦੇ ਪਿਤਾ ਪੁਰਖੀ ਕਿਤਿਆਂ ਵਿਚ ਹੀ ਬਚਪਨ ਵਿਚ ਲਗਾ ਦਿੱਤਾ ਜਾਂਦਾ ਹੈ ਤਾਂ ਜੋ ਪਰਿਵਾਰ ਦੇ ਗੁਜ਼ਾਰੇ ਲਈ ਕਮਾਈ ਕਰ ਸਕਣ। ਕਹਿਣ ਤੋਂ ਭਾਵ ਗ਼ਰੀਬਾਂ ਦੇ ਬੱਚਿਆਂ ਦਾ ਬਚਪਨ ਰੁਲ ਜਾਂਦਾ ਹੈ।

ਕਰਮਜੀਤ ਦੀ ਕਵਿਤਾ ਪੰਜਾਬ ਵਿਚ ਮਾਫੀਏ ਦੇ ਰਾਜ ਦਾ ਵੀ ਜ਼ਿਕਰ ਕਰਦੀ ਹੈ। ਉਹ ਪੰਜਾਬੀਆਂ ਵਲੋਂ ਅੰਨ੍ਹੇਵਾਹ ਪੱਛਮ ਦੀ ਨਕਲ ਕਰਨ ਦਾ ਵੀ ਵਿਰੋਧ ਕਰਦੀ ਹੈ। ਬਲਾਤਕਾਰ ਵਰਗੀ ਨਾਮੁਰਾਦ ਸਮਾਜਿਕ ਬਿਮਾਰੀ ਵੀ ਉਸਦੀਆਂ ਕਵਿਤਾਵਾਂ ਦਾ ਵਿਸ਼ਾ ਬਣਦਾ ਹੈ। ‘ਕੌਣ ਕਹਿੰਦਾ’ ਦੇ ਸਿਰਲੇਖ ਵਾਲੀ ਇੱਕੋ ਕਵਿਤਾ ਵਿਚ ਉਹ ਕਿੰਨੀਆਂ ਹੀ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਵਿਅੰਗਾਤਮਿਕ ਢੰਗ ਨਾਲ ਕਰਦੀ ਹੈ-

ਕੌਣ ਕਹਿੰਦਾ ਕਿ
ਮਹਿੰਗਾਈ ਹੈ ਇਸ ਦੇਸ਼ ਵਿਚ?
ਕਿੰਨੀ ਸਸਤੀ ਹੈ ਇੱਥੇ
- ਅਣਜੰਮੀ ਧੀ ਦੀ ਜਾਨ
- ਲਾਚਾਰ ਔਰਤ ਦੀ ਇੱਜ਼ਤ
- ਕਿਸਾਨ ਦੀ ਜਿਣਸ
- ਮਜ਼ਦੂਰ ਦੀ ਦਿਹਾੜੀ
- ਸ਼ਹੀਦ ਦੀ ਕੁਰਬਾਨੀ
- ਗ਼ਰੀਬ ਦੀ ਵੋਟ

ਤੇ ਸਾਡੀ ਜ਼ਮੀਰ।

ਉਹ ਇਹ ਵੀ ਪੁੱਛਦੀ ਹੈ ਕਿ ਮੁੱਢ ਕਦੀਮ ਤੋਂ ਹੀ ਹਰ ਗ਼ਲਤ ਕੰਮ ਲਈ ਔਰਤ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ? ਰਾਮ ਨੇ, ਜਿਸ ਨੂੰ ਲੋਕਾਂ ਨੇ ਰੱਬ ਦਾ ਰੂਪ ਕਿਹਾ ਹੈ, ਉਸਨੇ ਵੀ ਆਪਣੀ ਪਤਨੀ ਸੀਤਾ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਕਰਕੇ ਦੋਸ਼ੀ ਠਹਿਰਾ ਦਿੱਤਾ ਸੀ। ਮਰਦ ਔਰਤ ਨੂੰ ਆਪਣੀ ਜਾਇਦਾਦ ਸਮਝਦਾ ਹੈ। ਯੁਧਿਸ਼ਟਰ ਨੇ ਦ੍ਰੋਪਤੀ ਨੂੰ ਦਾਅ ਤੇ ਲਾ ਦਿੱਤਾ ਸੀ। ਇਸ ਵਿਚ ਔਰਤ ਦਾ ਕੋਈ ਕਸੂਰ ਨਹੀਂ ਪ੍ਰੰਤੂ ਸਮਾਜ ਉਸ ਨੂੰ ਕਸੂਰਵਾਰ ਕਹੀ ਜਾਂਦਾ ਹੈ। ਕਰਮਜੀਤ ਇਸਤਰੀਆਂ ਨੂੰ ਖ਼ੁਦ ਵੀ ਜ਼ਿੰਮੇਵਾਰ ਮੰਨਦੀ ਹੈ ਕਿਉਂਕਿ ਉਹ ਬਗ਼ਾਬਤ ਦਾ ਹੌਸਲਾ ਹੀ ਨਹੀਂ ਕਰਦੀਆਂਆਦਮੀ ਦੀ ਹਰ ਜ਼ਿਆਦਤੀ ਨੂੰ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰ ਲੈਂਦੀਆਂ ਹਨ। ਪ੍ਰੰਤੂ ਇਸਦੇ ਨਾਲ ਹੀ ਉਹ ਜਿਸਮਾਂ ਦੀ ਮੰਡੀ ਬਣਕੇ ਆਪਣਾ ਨੰਗੇਜ ਵਿਖਾਉਣ ਦੀਆਂ ਵੀ ਖ਼ੁਦ ਹੀ ਜ਼ਿੰਮੇਵਾਰ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸਤਰੀ ਦੇ ਸੁਪਨੇ ਅਤੇ ਸਧਰਾਂ ਅਧੂਰੀਆਂ ਰਹਿ ਜਾਂਦੀਆਂ ਹਨ। ਸਮਾਜ ਵਿਚ ਭਾਵਨਾਵਾਂ ਦੀ ਅਣਵੇਖੀ ਕੀਤੀ ਜਾਂਦੀ ਹੈ। ਇਨਸਾਨ ਸਾਜ਼ਿਸ਼ੀ ਬਣ ਗਿਆ ਹੈ। ਆਪਣੇ ਨਿੱਜੀ ਹਿਤਾਂ ਲਈ ਉਹ ਦੂਸਰਿਆਂ ਨੂੰ ਅੱਖੋਂ ਪ੍ਰੋਖੇ ਕਰ ਰਿਹਾ ਹੈ।

ਕਰਮਜੀਤ ਮਲਕ ਭਾਗੋਆਂ ਦੇ ਖ਼ਿਲਾਫ ਜੱਦੋਜਹਿਦ ਕਰਨ ਲਈ ਪ੍ਰੇਰਦੀ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਜਾ ਰਿਹਾ ਹੈ ਅਤੇ ਦੇਸ਼ ਧਰੋਹੀ ਗ਼ਲਤ ਢੰਗ ਤਰੀਕਿਆਂ ਨਾਲ ਆਨੰਦ ਮਾਣ ਰਹੇ ਹਨ। ਕਰਮਜੀਤ ਬੁੱਧੀਜੀਵੀਆਂ ’ਤੇ ਵੀ ਵਿਅੰਗ ਕਰਦੀ ਹੋਈ ਕਹਿੰਦੀ ਹੈ ਕਿ ਉਹ ਸਮਾਜਕ ਬੁਰਾਈਆਂ ਦੇ ਵਿਰੁੱਧ ਲਿਖਣ ਤੋਂ ਕੰਨੀ ਕਤਰਾ ਰਹੇ ਹਨ। ਉਸਦੀਆਂ ਕਵਿਤਾਵਾਂ ਭਾਰਤ ਦੇ ਅੰਨਦਾਤੇ ਪੰਜਾਬ ਦੇ ਕਿਸਾਨ ਦੇ ਕਰਜ਼ੇ ਵਿਚ ਫਸੇ ਹੋਣ ਬਾਰੇ ਵੀ ਚਿੰਤਾ ਪ੍ਰਗਟ ਕਰਦੀਆਂ ਹਨ। ਕਰਮਜੀਤ ਉਨ੍ਹਾਂ ਦੇ ਹਿਤਾਂ ਦੀ ਵਕਾਲਤ ਕਰਦੀ ਹੈ। ਪੰਜਾਬ ਦੀ ਵਰਤਮਾਨ ਸਥਿਤੀ ਬਾਰੇ ਆਪਣੀ ਕਵਿਤਾ ਵਿਚ ਕਹਿ ਰਹੀ ਹੈ ਕਿ ਦੁਆਬਾ ਪ੍ਰਵਾਸ ਕਰ ਗਿਆ ਹੈ, ਮਾਝਾ ਘੁਮੰਡੀ ਬਣ ਗਿਆ ਅਤੇ ਮਾਲਵਾ ਕੈਂਸਰ ਨੇ ਖਾ ਲਿਆ ਹੈ। ਪੰਜਾਬ ਖੋਖਲਾ ਹੋ ਗਿਆ ਹੈ। ਸਮੁੱਚਾ ਪੰਜਾਬ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਲੋਕ ਗ਼ਰੀਬ ਅਤੇ ਨੇਤਾ ਅਮੀਰ ਹੋ ਰਹੇ ਹਨ। ਰਾਮ-ਰਾਜ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਰਾਜ ਪ੍ਰਬੰਧ ਤੇ ਕਰਾਰੀ ਚੋਟ ਮਾਰਦੀ ਹੋਈ ਲਿਖਦੀ ਹੈ-

ਇਸ ਰਾਮ-ਰਾਜ ਵਿਚ
ਇਜਾਜ਼ਤ ਹੈ ਦੰਗਿਆਂ ਦੀ
ਬਲਾਤਕਾਰਾਂ ਦੀ
ਇਜਾਜ਼ਤ ਹੈ
ਫ਼ਿਰਕੂ ਅੱਗ ਲਾਉਣ ਦੀ
ਇੱਥੇ ‘ਇਨਸਾਫ਼’ ਦੇ ਬੂਹੇ ’ਤੇ
ਦਿੱਤੇ ਜਾਂਦੇ ਨੇ
ਪੀੜਤ ਨੂੰ ਚੁੱਪ ਰਹਿਣ ਦੇ ਆਦੇਸ਼।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਰਮਜੀਤ ਕਿਸ਼ਾਵਲ ਦੀ ਇਸ ਪੁਸਤਕ “ਗਗਨ ਦਮਾਮੇ ਦੀ ਤਾਲ” ਦੀਆਂ ਕਵਿਤਾਵਾਂ ਸੰਜੀਦਾ ਵਿਸ਼ਿਆਂ ਵਾਲੀਆਂ ਹਨ, ਜਿਨ੍ਹਾਂ ਦਾ ਆਮ ਗ਼ਰੀਬ ਜਨਤਾ ਦੀ ਬਿਹਤਰੀ ਨਾਲ ਸਿੱਧਾ ਸੰਬੰਧ ਹੈ। ਇਸ ਤੋਂ ਸਾਫ ਜਾਹਰ ਹੈ ਕਿ ਕਵਿੱਤਰੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ। ਭਵਿੱਖ ਵਿਚ ਇਸ ਸੰਜੀਦਾ ਕਵਿੱਤਰੀ ਤੋਂ ਹੋਰ ਬਿਹਤਰ ਸਾਹਿਤਕ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ।

*****

(436)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author