GurbhinderGuri7ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ... ਉਮਰ 20 ਕੁ ਸਾਲ ਸੀ ...
(ਮਾਰਚ 20, 2016)


ਦੇਸ਼ ਦੀ ਅਜ਼ਾਦੀ ਤੋਂ ਬਾਅਦ ਕਿਸੇ ਨੇ ਨਹੀਂ ਲਈ ਇਸ ਦੇਸ਼ ਭਗਤ ਦੀ ਸਾਰ

(ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨੇੜਲੇ ਸਾਥੀ ਬਾਬਾ ਗੁਰਦਿਆਲ ਸਿੰਘ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਸਮਾਜ ਸੇਵੀ ਉਨ੍ਹਾਂ ਦੇ ਇਲਾਜ ਲਈ ਅੱਗੇ ਆਉਣ)

GurdialSinghAB1ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਤਿ ਨਜ਼ਦੀਕੀ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦਾ ਜਨਮ 1 ਜਨਵਰੀ, 1922 ਨੂੰ ਮਹਿਲ ਕਲਾਂ ਦੀ ਧਰਤੀ ’ਤੇ ਨਾਨਕੇ ਘਰ ਹੋਇਆ, ਜਿੱਥੇ ਇਨ੍ਹਾਂ ਨੇ ਆਪਣੇ ਬਚਪਨ ਅਤੇ ਜਵਾਨੀ ਦਾ ਆਨੰਦ ਮਾਣਿਆ। ਉਨ੍ਹਾਂ ਦਾ ਜੱਦੀ ਪਿੰਡ ਭੋਤਨਾ, (ਬਰਨਾਲਾ) ਹੈ।

ਬਾਬਾ ਗੁਰਦਿਆਲ ਸਿੰਘ ਦੇ ਪਿਤਾ ਸ. ਸੱਜਣ ਸਿੰਘ ਜਦੋਂ 1927 ਵਿੱਚ ਮਲੇਸ਼ੀਆ ਵਿੱਚ ਪੀ. ਡਬਲਯੂ. ਦੀ ਨੌਕਰੀ ਕਰਨ ਚਲੇ ਗਏ, ਉਸ ਵਕਤ ਬਾਬਾ ਗੁਰਦਿਆਲ ਸਿੰਘ ਦੀ ਉਮਰ ਸਿਰਫ 5 ਸਾਲ ਸੀ। ਬਾਬਾ ਗੁਰਦਿਆਲ ਸਿੰਘ 1937 ਵਿੱਚ ਆਪਣੇ ਪਿਤਾ ਕੋਲ ਮਲੇਸ਼ੀਆ ਪਹੁੰਚ ਕੇ ਉੱਥੇ ਮੋਟਰ ਗੱਡੀ ਚਲਾਉਣ ਦੀ ਨੌਕਰੀ ਕਰਨ ਲੱਗ ਪਏ। ਮਲੇਸ਼ੀਆ ਵਿੱਚ ਨੌਕਰੀ ਕਰਦੇ ਸਮੇਂ ਰੇਡੀਓ ਸੁਣਨ ਦੇ ਸ਼ੌਂਕੀ ਬਾਬਾ ਗੁਰਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਆਪਣੀ ਨੌਕਰੀ ਨੂੰ ਛੱਡ ਕੇ ਨੇਤਾ ਜੀ ਦੀ ਤਕਰੀਰ ਤੋਂ ਭਾਵੁਕ ਹੋ ਕੇ ਆਪਣੀ ਜੱਦੀ-ਪੁਸ਼ਤੀ ਜ਼ਮੀਨ-ਜ਼ਾਇਦਾਦ ਅਜ਼ਾਦ ਹਿੰਦ ਫੌਜ ਨੂੰ ਦਿੰਦੇ ਹੋਏ ਅਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ। ਪਰ ਇਹ ਉਤਸ਼ਾਹ ਹੀ ਅੱਜ ਬਾਬਾ ਗੁਰਦਿਆਲ ਸਿੰਘ ਨੂੰ ਜ਼ਲੀਲ ਕਰ ਰਿਹਾ ਹੈ।

ਇੱਕ ਛੋਟੇ ਜਿਹੇ ਘਰ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਨੂੰ ਵਡੇਰੀ ਉਮਰ ਦੇ ਬਾਵਜੂਦ ਬੱਚਿਆਂ ਦਾ ਪੇਟ ਪਾਲਣ ਲਈ ਪਹਿਲਾਂ ਦਿੱਲੀ ਟੈਕਸੀ ਚਲਾਉਣੀ ਪਈ, ਫਿਰ 1960 ਤੋਂ 1993 ਤੱਕ ਪ੍ਰਾਈਵੇਟ ਬੱਸ ’ਤੇ ਡਰਾਇਵਰੀ ਕੀਤੀ। ਜਦੋਂ ਬਿਰਧ ਸਰੀਰ ਡਰਾਇਵਰੀ ਕਰਨ ਤੋਂ ਅਸਮਰੱਥ ਹੋ ਗਿਆ ਤਾਂ ਸੰਗਰੂਰ ਬੱਸ ਅੱਡੇ ’ਤੇ ਹਾਕਰ ਦਾ ਕੰਮ ਕੀਤਾ। ਬਿਰਧ ਸਰੀਰ ਸਾਰਾ ਦਿਨ ਸਵਾਰੀਆਂ ਨੂੰ ਹਾਕਾਂ ਮਾਰਦਾ ਥੱਕ-ਟੁੱਟ ਜਾਂਦਾਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ਸੀ, ਉਸ ਵਕਤ ਮਲੇਸ਼ੀਆ ਵਿੱਚ ਚੰਗੀ-ਭਲੀ ਵਧੀਆ ਨੌਕਰੀ ਕਰ ਰਿਹਾ ਸੀ। ਰੇਡੀਓ ਸੁਣਨ ਦੇ ਸ਼ੌਕੀਨ ਬਾਬਾ ਜੀ ਨੇ ਸੁਭਾਸ਼ ਚੰਦਰ ਬੋਸ ਦੀ ਰੇਡੀਓ ’ਤੇ ਤਕਰੀਰ ਸੁਣ ਕੇ, ਭਾਵੁਕ ਹੋ ਕੇ ਅਜ਼ਾਦ ਹਿੰਦ ਫੌਜ ਵਿੱਚ ਬਤੌਰ ਡਰਾਇਵਰ ਨੰਬਰ- 34328 ਭਰਤੀ ਹੋ ਗਿਆ। ਉਸ ਸਮੇਂ ਬਾਬਾ ਗੁਰਦਿਆਲ ਸਿੰਘ ਉਮਰ 20 ਕੁ ਸਾਲ ਸੀ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ ਲਾਇਸੈਂਸ ਨੰਬਰ 462 ਜਾਰੀ ਕੀਤਾ ਗਿਆ, ਫਿਰ ਜਦੋਂ ਜਪਾਨ ਅਤੇ ਮਲੇਸ਼ੀਆ ਗਿਆ ਤਾਂ ਫਿਰ ਜਪਾਨੀ ਲਾਇਸੈਂਸ ਜਾਰੀ ਕੀਤਾ ਗਿਆ। ਕੁੱਲ ਤਿੰਨ ਲਾਇਸੈਂਸ ਅਜ਼ਾਦ ਹਿੰਦ ਫੌਜ ਦੌਰਾਨ ਥਾਈਲੈਂਡ, ਮਲੇਸ਼ੀਆ ਅਤੇ ਜਪਾਨ ਵੱਲੋਂ ਜਾਰੀ ਕੀਤੇ ਗਏ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ 4 ਮੈਡਲ ਦਿੱਤੇ ਗਏ, ਜਿਨ੍ਹਾਂ ਨੂੰ ਦੇਖ-ਦੇਖ ਬਾਬਾ ਗੁਰਦਿਆਲ ਸਿੰਘ ਦੀਆਂ ਅੱਖਾਂ ਭਰ ਆਉਂਦੀਆਂ ਹਨ

ਬਹੁਤਾ ਸਮਾਂ ਨੇਤਾ ਜੀ ਨਾਲ ਬਰਮਾ, ਸਿੰਗਾਪੁਰ ਅਤੇ ਮਲੇਸ਼ੀਆ ਦੀ ਧਰਤੀ ’ਤੇ ਰਹਿੰਦਿਆਂ ਅਜ਼ਾਦ ਹਿੰਦ ਫੌਜ ਵਿੱਚ ਬਗ਼ੈਰ ਤਨਖ਼ਾਹ ਤੋਂ ਦੇਸ਼ ਅਜ਼ਾਦ ਕਰਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨਾਲ ਕੰਮ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੋ ਬਾਬਾ ਗੁਰਦਿਆਲ ਸਿੰਘ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ, ਨੂੰ ਅੱਜ ਵੀ ਉਸ ਪਲ ਨੂੰ ਯਾਦ ਕਰਕੇ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੇ ਹਨ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਜੋ ਭਾਰਤ ’ਤੇ ਆਪਣਾ ਰਾਜ ਕਰਦੀ ਸੀ, ਨੇ ਜਪਾਨ ਨੂੰ ਵੀ ਗੁਲਾਮ ਕਰ ਲਿਆ ਸੀ। ਜਪਾਨ ਇੰਡੀਆ ਦੀ ਮਦਦ ਕਰਦਾ ਸੀ। ਉਸ ਵਕਤ ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਵਿੱਚ ਜੱਜ ਦੇ ਅਹੁਦੇ ’ਤੇ ਬਿਰਾਜਮਾਨ ਸਨ ਨੇ ਆਪਣਾ ਅਹੁਦਾ ਤਿਆਗ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਬਗ਼ਾਵਤ ਸ਼ੁਰੂ ਕਰ ਦਿੱਤੀ। ਅੰਗਰੇਜ਼ਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫ਼ਤਾਰ ਕਰਕੇ ਕਾਲ ਕੋਠੜੀ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਭੇਸ ਬਦਲ ਕੇ ਕਿਸੇ ਨਾ ਕਿਸੇ ਤਰ੍ਹਾਂ ਅੰਗਰੇਜ਼ਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਅਫਗਾਨਿਸਤਾਨ ਹੁੰਦਿਆਂ ਹੋਇਆਂ ਰੂਸ ਪਹੁੰਚ ਗਏ। ਰੂਸ ਨੇ ਨੇਤਾ ਜੀ ਨੂੰ ਜਰਮਨਾਂ ਨੂੰ ਸੌਂਪ ਦਿੱਤਾ, ਜਿੱਥੇ ਨੇਤਾ ਜੀ ਨੇ ਜਰਮਨੀ ਕੁੜੀ ਨਾਲ ਵਿਆਹ ਰਚਾ ਲਿਆ ਤੇ ਉੱਥੇ ਉਨ੍ਹਾਂ ਦੇ ਘਰ ਇੱਕ ਲੜਕੀ ਪੈਦਾ ਹੋਈ।

ਜਦੋਂ ਨੇਤਾ ਜੀ ਜਰਮਨ ਤੋਂ ਮਲੇਸ਼ੀਆ ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਲਈ 1943 ਵਿੱਚ ਮਲੇਸ਼ੀਆ ਆਏ ਤਾਂ ਉਸ ਵਕਤ ਨੇਤਾ ਜੀ ਦੀ ਬੱਚੀ ਮਸਾਂ ਡੇਢ ਕੁ ਸਾਲ ਦੀ ਸੀ (ਇਹ ਬੱਚੀ ਜਵਾਨ ਹੋਣ ’ਤੇ ਇੱਕ ਵਾਰ ਭਾਰਤ ਆ ਕੇ ਵੀ ਗਈ ਹੈ)। ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਉਪਰੰਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਇੱਕ ਨਾਅਰਾ ਭਾਰਤ ਦੇਸ਼ ਵਾਸੀਆਂ ਨੂੰ ਦਿੱਤਾ, 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।’ ਉਸ ਵਕਤ ਬਾਬਾ ਗੁਰਦਿਆਲ ਸਿੰਘ  1942 ਤੋਂ 1945 ਤੱਕ ਨੇਤਾ ਜੀ ਦੇ ਨਾਲ ਰਹਿੰਦਿਆਂ ਨੇਤਾ ਜੀ ਦੀ ਹੈਲਮਨ ਕਾਰ ਡਰਾਈਵ ਕਰਦੇ ਸਨ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ:

“ਮੋਹਨ ਸਿੰਘ ਨੇ ਆਈ. ਐਨ. ਏ. ਖੜ੍ਹੀ ਕੀਤੀ ਸੀ, ਜਪਾਨ, ਇੰਡੀਆ ਦੀ ਅੰਗਰੇਜ਼ਾਂ ਨਾਲ ਲੜਾਈ ਸੀਜਦੋਂ ਜਨਰਲ ਮੋਹਨ ਸਿੰਘ ਨੇ ਸ਼ਰਤਾਂ ਨਾ ਮੰਨੀਆਂ ਤਾਂ ਜਪਾਨ ਨੇ ਜਨਰਲ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਕਤ ਨੇਤਾ ਜੀ ਜਰਮਨੀ ਵਿੱਚ ਸਨ। ਜਪਾਨ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਆਪਣਾ ਦੂਤ ਭੇਜ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਰਮਨੀ ਤੋਂ ਮਲੇਸ਼ੀਆ ਅਜ਼ਾਦ ਹਿੰਦ ਫੌਜ ਦੀ ਕਮਾਂਡ ਸੰਭਾਲਣ ਲਈ ਬੁਲਾਇਆ।

“ਨੇਤਾ ਜੀ ਨੂੰ ਕਮਾਂਡ ਸੰਭਾਲਣ ਤੋਂ ਪਹਿਲਾਂ ਜਪਾਨ ਸਰਕਾਰ ਨੇ ਰਾਜ ਬਿਹਾਰੀ ਬੋਸ ਨੂੰ ਅਜ਼ਾਦ ਹਿੰਦ ਫੌਜ ਦੀ ਕਮਾਂਡ ਸਾਂਭਣ ਦਾ ਸੱਦਾ ਦਿੱਤਾ ਸੀ। ਪਰ ਰਾਜ ਬਿਹਾਰੀ ਬੋਸ ਨੇ ਆਪਣੇ ਬੁਢਾਪੇ ਦਾ ਵਾਸਤਾ ਪਾ ਕੇ ਕਮਾਂਡ ਸਾਂਭਣ ਤੋਂ ਨਾਂਹ ਕਰ ਦਿੱਤੀ। 1943 ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਆ ਕੇ ਆਰਮੀ ਦੀ ਕਮਾਂਡ ਸੰਭਾਲੀ। ਚਾਂਦਾ ਗਾਓਂ, ਮਨੀਪੁਰ ਤੇ ਤਿਰੋਸੀਆ ਤੇ ਨਾਗਾਸਾਕੀ ਉੱਤੇ ਉਸ ਵਕਤ ਜੇਕਰ ਅਮਰੀਕਾ ਬੰਬ ਨਾ ਸੁੱਟਦਾ ਤਾਂ ਅਸੀਂ ਲਗਭੱਗ ਭਾਰਤ ਉੱਤੇ ਆਪਣਾ ਕਬਜ਼ਾ ਨੇਤਾ ਜੀ ਦੀ ਕਮਾਂਡ ਹੇਠ ਕਰ ਲਿਆ ਸੀ1000 ਹਜ਼ਾਰ ਲੜਕੀਆਂ ਦੀ ਫੌਜ ਸਾਡੇ ਨਾਲ ਲੜਾਈ ਵਿੱਚ ਸਾਥ ਦੇ ਰਹੀ ਸੀ। ਝਾਂਸੀ ਦੀ ਰਾਣੀ ਉਸ ਵਕਤ ਸਾਡੇ ਨਾਲ ਸੀ। ਉਹ ਇੱਕ ਬਹੁਤ ਅਗਾਂਹਵਧੂ ਅਤੇ ਦਲੇਰ ਔਰਤ ਸੀ।

1945 ਵਿੱਚ ਅੰਗਰੇਜ਼ਾਂ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ। ਪਹਿਲਾਂ ਸਾਨੂੰ ਸਿੰਗਾਪੁਰ ਵਿੱਚ, ਫਿਰ ਦਿੱਲੀ ਲਾਲ ਕਿਲੇ ਅੰਦਰ ਕੈਦ ਰੱਖਿਆ ਗਿਆ। ਸਾਡੇ ’ਤੇ ਕੇਸ ਚੱਲਿਆਜਵਾਹਰ ਲਾਲ ਨਹਿਰੂ ਜੀ ਨੇ ਸਾਡੇ ਕੇਸ ਦੀ ਵਕਾਲਤ ਕੀਤੀ। ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੇ ਹੱਥ ਨਹੀਂ ਲੱਗੇ ਸਨ, ਉਹ ਉੱਥੋਂ ਨਿਕਲ ਗਏ ਸਨ। ਸਾਡੀ ਸਾਰੀ ਫੌਜ ਨੂੰ ਅੰਗਰੇਜ਼ਾਂ ਨੇ ਬੰਦੀ ਬਣਾ ਲਿਆ ਸੀ। ਜਿਸ ਵਿੱਚ ਨਹਿਰੂ ਬ੍ਰਿਗੇਡ, ਗਾਂਧੀ ਬ੍ਰਿਗੇਡ, ਸੁਭਾਸ਼ ਚੰਦਰ ਬੋਸ ਬ੍ਰਿਗੇਡ ਸ਼ਾਮਿਲ ਸੀ। ...”

ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬਾਰੇ ਤਰ੍ਹਾਂ-ਤਰ੍ਹਾਂ ਦੇ ਜੋ ਸ਼ੰਕੇ ਅੱਜ ਤੱਕ ਚੱਲ ਰਹੇ ਹਨ, ਸਾਡੀ ਸਰਕਾਰ ਵੀ ਲੋਕਾਂ ਨੂੰ ਸੱਚ ਨਹੀਂ ਦੱਸ ਰਹੀਪਰ ਨੇਤਾ ਜੀ ਦੇ ਨੇੜਲੇ ਸਾਥੀ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ 1945 ਵਿੱਚ ਜਦੋਂ ਅੰਗਰੇਜ਼ਾਂ ਨੇ ਅਜ਼ਾਦ ਹਿੰਦ ਫੌਜ ਨੂੰ ਬੰਦੀ ਬਣਾਇਆ ਤਾਂ ਨੇਤਾ ਜੀ ਉੱਥੋਂ ਅੰਗਰੇਜ਼ਾਂ ਦੇ ਹੱਥ ਨਹੀਂ ਲੱਗੇ। ਜਪਾਨ ਨੇ ਬ੍ਰਿਟਿਸ਼ ਸਰਕਾਰ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਛੁਪਾਉਂਦੇ ਹੋਏ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਜਪਾਨ ਸਰਕਾਰ ਆਪਣੇ ਨਾਲ ਆਪਣੇ ਮੁਲਕ ਲੈ ਗਈ। ਬਾਕੀ ਦਾ ਜੀਵਨ ਨੇਤਾ ਜੀ ਨੇ ਉੱਥੇ ਬਸਰ ਕੀਤਾ। ਨੇਤਾ ਜੀ ਨੇ ਆਪਣਾ ਪੂਰਾ ਜੀਵਨ ਭੋਗਿਆ। ਜਿਹੜਾ ਨੇਤਾ ਜੀ ਦਾ ਜਹਾਜ਼ ਹਾਦਸਾ ਦਿਖਾਇਆ ਗਿਆ, ਉਹ ਪੂਰਾ ਝੂਠ ਸੀ, ਅਸਲ ਵਿੱਚ ਨੇਤਾ ਜੀ ਨੂੰ ਛੁਪਾਉਣ ਲਈ ਇਹ ਡਰਾਮਾ ਰਚਿਆ ਸੀ, ਕਿਉਂਕਿ ਇੰਗਲੈਂਡ ਦੀ ਫੌਜ ਨੇਤਾ ਜੀ ਨੂੰ ਮਾਰਨਾ ਚਾਹੁੰਦੀ ਸੀ।

ਜਪਾਨ ਨੇ ਕਿਹਾ ਕਿ ਹਵਾਈ ਹਾਦਸੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਮਰ ਗਏ। ਉਸ ਵਕਤ ਜਨਰਲ ਸ਼ਾਹ ਨਵਾਜ਼, ਜੋ ਨੇਤਾ ਜੀ ਦੇ ਨਾਲ ਸਨ, ਉਸ ਨੇ ਆਪਣੇ ਸੜੇ ਹੋਏ ਹੱਥ ਵਿਖਾਏ ਕਿ ਮੈਂ ਨੇਤਾ ਜੀ ਨੂੰ ਬਚਾ ਰਿਹਾ ਸੀ, ਜਿਸ ਨਾਲ ਮੇਰੇ ਹੱਥ ਸੜ ਗਏ। ਪਰ ਹੁਣ ਸਾਡੀ ਸਰਕਾਰ ਅਜੇ ਤੱਕ ਨੇਤਾ ਜੀ ਦੀ ਮੌਤ ਦਾ ਕੋਈ ਪ੍ਰਮਾਣ-ਪੱਤਰ ਨਹੀਂ ਦੇ ਸਕੀ। ਸਗੋਂ ਜਨਤਾ ਨੂੰ ਭੁਲੇਖੇ ਵਿੱਚ ਰੱਖ ਰਹੀ ਹੈ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਅਜ਼ਾਦ ਹਿੰਦ ਫੌਜ ਦਾ ਹੈੱਡ ਔਫਿਸ ਬੈਂਕਾਕ ਵਿੱਚ ਸੋਲ੍ਹਾਪੁਰੀ ਕੈਂਪ ਸੀ। ਵਿਦਿਆਪਾਰੀ ਕੈਂਪ ਸਿੰਗਾਪੁਰ ਵਿੱਚ ਸੀ। ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਗੰਨਮੈਨ ਸ. ਸ਼ਮਸ਼ੇਰ ਸਿੰਘ, ਜੋ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸੀ,  ਅਤੇ ਮੈਂ ਡਰਾਈਵਰ ਦੇ ਤੌਰ ’ਤੇ ਹਮੇਸ਼ਾ ਸੁਭਾਸ਼ ਚੰਦਰ ਬੋਸ ਦੇ ਨਾਲ ਰਹਿੰਦੇ ਸੀ। ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਬਾਬਾ ਗੁਰਦਿਆਲ ਸਿੰਘ ਨੂੰ ਉਦੋਂ ਬਹੁਤਾ ਜ਼ਲੀਲ ਹੋਣਾ ਪਿਆ, ਜਦੋਂ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਅਜ਼ਾਦ ਹਿੰਦ ਫੌਜ ਨੂੰ ਫੌਜ ਹੀ ਨਹੀਂ ਮੰਨਦੀ ਸੀ, ਸਗੋਂ ਅੱਤਵਾਦੀ ਕਹਿ ਕੇ ਜ਼ਲੀਲ ਕਰਦੀ ਸੀ।

ਦੇਸ਼ ਅਜ਼ਾਦ ਹੋਣ ਤੋਂ ਬਾਅਦ 1947 ਤੋਂ ਲੈ ਕੇ 1996 ਤਕ ਕੋਈ ਪੈਨਸ਼ਨ ਜਾਂ ਭੱਤਾ ਨਹੀਂ ਦਿੱਤਾ ਗਿਆ। ਜਦੋਂ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤਾਂ ਬਾਬਾ ਗੁਰਦਿਆਲ ਸਿੰਘ ਨੇ ਇੱਕ ਰਿੱਟ ਨੰਬਰ 12350 ਸਾਲ 1996 ਵਿੱਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ। ਕਾਨੂੰਨੀ ਫ਼ੈਸਲਾ ਬਾਬਾ ਗੁਰਦਿਆਲ ਸਿੰਘ ਦੇ ਹੱਕ ਵਿੱਚ ਹੋ ਗਿਆ। ਹਾਈਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸ਼ੁਰੂ ਹੋਣ ਤੋਂ ਬਾਅਦ ਬਾਬਾ ਗੁਰਦਿਆਲ ਸਿੰਘ ਨੇ ਜਦੋਂ ਫਿਰ 1998 ਵਿੱਚ ਇੱਕ ਰਿੱਟ ਬਕਾਇਆ ਲੈਣ ਲਈ ਹਾਈਕੋਰਟ ਦਰਜ਼ ਕੀਤੀ ਤਾਂ ਕੋਰਟ ਨੇ ਪਹਿਲਾਂ ਲਾਗੂ ਪੈਨਸ਼ਨ ਵੀ ਬੰਦ ਕਰ ਦਿੱਤੀ ਤਾਂ ਬਾਬਾ ਗੁਰਦਿਆਲ ਸਿੰਘ ਨੇ ਸੁਪਰੀਮ ਕੋਰਟ ਵਿੱਚ 05-09-2001 ਨੂੰ ਰਿੱਟ ਪਾਈ ਤਾਂ ਮਾਣਯੋਗ ਸੁਪਰੀਮ ਕੋਰਟ ਨੇ 1996 ਤੋਂ ਭਾਰਤ ਸਰਕਾਰ ਨੂੰ ਬਾਬਾ ਗੁਰਦਿਆਲ ਸਿੰਘ ਨੂੰ ਬਕਾਇਆ ਦੇਣ ਲਈ ਕਹਿ ਦਿੱਤਾ। ਬਾਬਾ ਗੁਰਦਿਆਲ ਸਿੰਘ ਦਾ ਨਾਂ ਮਾਣਯੋਗ ਸੁਪਰੀਮ ਕੋਰਟ ਵਿੱਚ ਦੇਸ਼ ਭਗਤਾਂ ਦੀ ਸੂਚੀ ਵਿੱਚ 282 ਨੰਬਰ ’ਤੇ ਦਰਜ਼ ਹੈ। ਬਾਬਾ ਗੁਰਦਿਆਲ ਸਿੰਘ ਕਹਿੰਦਾ ਹੈ ਕਿ ਦੇਸ਼ ਤਾਂ ਅਜ਼ਾਦ ਹੋ ਗਿਆ, ਪਰ ਸਾਡੇ ਦੇਸ਼ ਦੀ ਸਰਕਾਰ ਨੇ ਜੋ ਸਾਨੂੰ ਜ਼ਲੀਲ ਕੀਤਾ, ਉਹ ਅਸੀਂ ਕਦੇ ਨਹੀਂ ਭੁੱਲ ਸਕਦੇ।

ਕਿੰਨੀਆਂ 26 ਜਨਵਰੀਆਂ ਅਤੇ ਕਿੰਨੇ 15 ਅਗਸਤ ਲੰਘੇ, ਪਰ ਸਾਡੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ?

ਹਰ ਵਾਰ ਸਾਡੇ ਕੋਲੋਂ ਮੂੰਹ ਫਿਰ ਲੈਨੀ ਏਂ,
ਸਾਡੀਏ ਅਜ਼ਾਦੀਏ ਦੱਸ ਕਿੱਥੇ ਰਹਿਨੀ ਏਂ

ਬਾਬਾ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਤਾਂ ਸਰਕਾਰ ਸਿਰਫ ਸਾਲ ਵਿੱਚ ਦੋ ਵਾਰ, 15 ਅਗਸਤ ਅਤੇ 26 ਜਨਵਰੀ, ਨੂੰ ਯਾਦ ਕਰਦੀ ਹੈ, ਉਂਝ ਸਾਡੀ ਕੋਈ ਸਾਰ ਨਹੀਂ ਲੈਂਦੀਇੱਕ ਟੁੱਟੇ- ਫੁੱਟੇ ਘਰ ਵਿੱਚ ਜੋ ਹਰ ਵਕਤ ਡਿੱਗੂੰ- ਡਿੱਗੂੰ ਕਰਦਾ ਹੈ, ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਬਾਬਾ ਗੁਰਦਿਆਲ ਸਿੰਘ ਦੀਆਂ ਹੁਣ ਦੋਵੇਂ ਲੱਤਾਂ ਜਵਾਬ ਦੇ ਗਈਆਂ ਹਨਚੱਲ-ਫਿਰ ਨਹੀਂ ਸਕਦੇ। ਸਾਰਾ ਦਿਨ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਗਰਮੀ-ਸਰਦੀ ਸਹਿੰਦੇ ਹੋਏ ਅਖ਼ਬਾਰ ਪੜ੍ਹਦੇ, ਰੇਡੀਓ ਸੁਣਦੇ ਤੇ ਸਵੇਰੇ-ਸ਼ਾਮੀਂ ਪਾਠ ਕਰਕੇ ਸਮਾਂ ਲੰਘਾਉਂਦੇ ਹਨ। ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ ਅੱਜ ਤੱਕ ਸਿਰਫ਼ ਸੰਗਰੂਰ ਦੇ ਡੀ. ਸੀ. ਸਾਹਬ ਨੇ ਇੱਕ ਵਾਰ ਮੇਰੇ ਘਰ ਆ ਕੇ ਮੇਰੇ ਕੋਲ ਬੈਠ ਕੇ ਗੱਲਬਾਤ ਕੀਤੀ।  ਕੋਈ ਅਫਸਰ ਜਾਂ ਨੇਤਾ ਅੱਜ ਤੱਕ ਮੇਰਾ ਹਾਲ-ਚਾਲ ਪੁੱਛਣ ਨਹੀਂ ਆਇਆ।

ਅਫ਼ਸੋਸ ਸਾਡੀਆਂ ਸਰਕਾਰਾਂ ਦੇਸ਼ ਭਗਤਾਂ ਨਾਲ ਇਹੋ ਜਿਹਾ ਘਟੀਆ ਵਰਤਾਓ ਕਰਕੇ ਜ਼ਲੀਲ ਕਰ ਰਹੀਆਂ ਹਨਸਰਕਾਰਾਂ ਨੂੰ ਚਾਹੀਦਾ ਹੈ ਕਿ ਕੌਮ ਦੇ ਹੀਰਿਆਂ ਨੂੰ ਸਾਂਭੇ ਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਦੇਸ਼ ਦੇ ਨਾਮ ਆਪਣੀ ਜ਼ਿੰਦਗੀ ਲਾਉਣ ਵਾਲੇ ਇਸ ਮਹਾਨ ਦੇਸ਼ ਭਗਤ ਬਾਬਾ ਗੁਰਦਿਆਲ ਸਿੰਘ, ਜਿਨ੍ਹਾਂ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ, ਪਰ ਕੁਰਸੀ ਦੇ ਭੁੱਖੇ ਸਾਡੇ ਰਾਜਨੇਤਾ ਕੁਰਸੀ ਲੈ ਕੇ ਬੈਠ ਗਏ ਹਨ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸਿਰਫ ਫੁੱਲਾਂ ਦੇ ਹਾਰਾਂ ਜੋਗੇ ਰਹਿ ਗਏ। ਸਾਡੇ ਅਖੌਤੀ ਲੀਡਰ ਵੋਟਾਂ ਖਾਤਰ ਸ਼ਹੀਦਾਂ ਦੀਆਂ ਯਾਦਗਾਰਾਂ ’ਤੇ ਮਗਰਮੱਛ ਦੇ ਹੰਝੂ ਕੇਰਦੇ ਹੋਏ ਵੱਡੇ ਵੱਡੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਲੋਕਾਂ ਨੂੰ ਅਪੀਲ ਹੈ ਕਿ ਦੇਸ਼ ਭਗਤਾਂ ਦੇ ਮਰਨ ਤੋਂ ਬਾਅਦ ਭੋਗਾਂ ਜਾਂ ਬਰਸੀਆਂ ਉੱਪਰ ਵੱਡੇ ਵੱਡੇ ਇਕੱਠ ਕਰਕੇ ਦਮਗਜ਼ੇ ਮਾਰਨ ਦਾ ਕੀ ਫਾਇਦਾ ਅਗਰ ਅਸੀਂ ਉਨ੍ਹਾਂ ਦੀ ਸੇਵਾ ਹੁਣ ਨਹੀਂ ਕਰ ਸਕਦੇ।

ਦੇਸ਼ ਭਗਤ ਬਾਬਾ ਗੁਰਦਿਆਲ ਸਿੰਘ ਦਾ ਇਲਾਜ ਕਰਵਾਉਣ ਲਈ ਆਓ ਆਪਾਂ ਇਕੱਠੇ ਹੋ ਕੇ ਹੰਭਲਾ ਮਾਰੀਏ, ਉਨ੍ਹਾਂ ਦੀ ਵਿੱਤੀ ਮਦਦ ਕਰੀਏ ਤਾਂ ਜੋ ਦੇਸ਼ ਭਗਤ ਬਾਬਾ ਗੁਰਦਿਆਲ ਸਿੰਘ ਦਾ ਇਲਾਜ ਹੋ ਸਕੇ।

(ਨੋਟ: ਜਿਹੜੇ ਪਾਠਕ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦੀ ਮਦਦ ਕਰਨੀ ਚਾਹੁੰਦੇ ਹਨ, ਉਹ ਗੁਰਭਿੰਦਰ ਗੁਰੀ ਨਾਲ ਸੰਪਰਕ ਕਰ ਲੈਣ --- ਸੰਪਾਦਕ)

*****

(226)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)