HarshinderKaur7ਚੁਫੇਰੇ ਹਨ੍ਹੇਰੇ ਵਿਚ ਸਿਰਫ਼ ਚੀਕਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ...
(ਮਾਰਚ 17, 2016)


ਮੈਂ ਅੱਜ ਤਿੰਨ ਅਸਲ ਘਟਨਾਵਾਂ ਦੀਆਂ ਖ਼ਬਰਾਂ ਵਿਚਲੀਆਂ ਬੱਚੀਆਂ ਦੇ ਹਵਾ ਵਿਚ ਵਿਲਕਦੇ ਬੋਲ ਆਪ ਸਭ ਦੇ ਸਾਹਮਣੇ ਰੱਖ ਰਹੀ ਹਾਂ:

ਪਹਿਲੀ

ਮੈਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਰਹਿੰਦੀ ਸੀ। ਮੇਰੀ ਉਮਰ 12 ਸਾਲ ਦੀ ਸੀ। ਮੇਰਾ ਪਿਓ ਮਜ਼ਦੂਰੀ ਕਰਦਾ ਸੀ ਤੇ ਬੜਾ ਔਖਾ ਸਾਡੇ ਟੱਬਰ ਦਾ ਢਿੱਡ ਭਰਦਾ ਸੀ। ਉਸ ਦਿਨ ਵੀ ਮੈਂ ਘਰ ਵਿਚ ਇਕੱਲੀ ਸੀ ਕਿਉਂਕਿ ਮਾਪੇ ਰੋਜ਼ ਵਾਂਗ ਮਜ਼ਦੂਰੀ ਕਰਨ ਗਏ ਹੋਏ ਸੀ। ਮੇਰੇ ਪਿਓ ਤੋਂ ਵੀ ਵੱਡੀ ਉਮਰ ਦਾ, ਸਾਡੇ ਘਰੋਂ ਬਾਹਰ ਸਮੋਸਿਆਂ ਦੀ ਰੇਹੜੀ ਲਾਉਂਦਾ ਬੰਦਾ, ਮੈਨੂੰ ਇਕੱਲੀ ਨੂੰ ਵੇਖ ਕੇ ਘਰ ਵਿਚ ਵੜ ਗਿਆ। ਮੇਰਾ ਮੂੰਹ ਘੁੱਟ ਕੇ ਬੰਨ੍ਹ ਕੇ ਉਸਨੇ ਮੇਰਾ ਉਹ ਹਸ਼ਰ ਕੀਤਾ ਕਿ ਮੈਂ ਪੀੜ ਨਾਲ ਕੁਰਲਾ ਉੱਠੀ। ਮੈਨੂੰ ਉਸ ਬੰਦੇ ਨੇ ਡਰਾਇਆ ਧਮਕਾਇਆ ਕਿ ਜੇ ਮੈਂ ਮੂੰਹ ਖੋਲ੍ਹਿਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ ਤੇ ਸਾਰੇ ਮੁਹੱਲੇ ਵਿਚ ਬਦਨਾਮ ਕੀਤਾ ਜਾਵੇਗਾ। ਸਾਰੀ ਰਾਤ ਪੀੜ ਨਾਲ ਮੈਂ ਸੌਂ ਨਹੀਂ ਸਕੀ। ...

ਅਗਲੇ ਦਿਨ ਫਿਰ ਮੈਨੂੰ ਜਿਣਸੀ ਸੰਬੰਧਾਂ ਲਈ ਧੱਕੋਜ਼ੋਰੀ ਉਸ ਬੰਦੇ ਨੇ ਮਧੋਲਿਆ। ਅੱਠ ਦਿਨ ਲਗਾਤਾਰ ਮੈਨੂੰ ਉਸ ਨੇ ਹਰ ਤਰ੍ਹਾਂ ਜ਼ਲੀਲ ਕੀਤਾ ਤੇ ਅਖ਼ੀਰ ਮੈਂ ਕੁਰਲਾ ਉੱਠੀ। ਅੱਠਵੇਂ ਦਿਨ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਚੀਕਣ ਦੀ ਕੋਸ਼ਿਸ਼ ਕੀਤੀ ਕਿ ਮੈਂ ਹੋਰ ਜ਼ੁਲਮ ਨਹੀਂ ਸਹਿਣਾ ਤੇ ਆਪਣੇ ਮਾਪਿਆਂ ਨੂੰ ਸਭ ਕੁੱਝ ਦੱਸ ਦੇਣਾ ਹੈ। ਉਸਨੇ ਇਹ ਸੁਣਦੇ ਸਾਰ ਮਿੱਟੀ ਦਾ ਤੇਲ ਚੁੱਕ ਕੇ ਮੇਰੇ ਉੱਤੇ ਉਲਟਾ ਦਿੱਤਾ ਤੇ ਅੱਗ ਲਾ ਦਿੱਤੀ। ਮੇਰੀਆਂ ਚੀਕਾਂ ਸੁਣ ਕੇ ਮੇਰੀ ਛੋਟੀ ਭੈਣ ਨੇ ਭੱਜ ਕੇ ਮੇਰੇ ਪਿਤਾ ਨੂੰ ਸਭ ਕੁਝ ਦੱਸ ਦਿੱਤਾ। ਜਦੋਂ ਤਕ ਉਹ ਮੇਰੇ ਕੋਲ ਪਹੁੰਚੇ, ਮੈਂ ਪੂਰੀ ਤਰ੍ਹਾਂ ਸੜ ਚੁੱਕੀ ਸੀ। ਮੈਨੂੰ ਝਟਪਟ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮੇਰੀ ਹਾਲਤ ਵੇਖਦਿਆਂ ਅੱਗੋਂ ਪੀ.ਜੀ.ਆਈ. ਭੇਜ ਦਿੱਤਾ। ਉੱਥੇ ਮੇਰਾ ਆਖ਼ਰੀ ਸਾਹ ਵੇਖਦਿਆਂ ਉਨ੍ਹਾਂ ਦਾਖ਼ਲ ਹੀ ਨਹੀਂ ਕੀਤਾ ਤੇ ਵਾਪਸ ਘਰ ਭੇਜ ਦਿੱਤਾ। ...

ਘਰ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਸਾਹਾਂ ਦੀ ਲੜੀ ਟੁੱਟ ਗਈ। ਮੈਂ ਵਾਪਸ ਆਪਣੇ ਘਰ ਅੰਦਰ ਲਾਸ਼ ਬਣ ਕੇ ਹੀ ਵੜੀ। ਮੈਨੂੰ ਮਾਰਨ ਵਾਲੇ ਨੂੰ ਫੜਨ ਲਈ ਪੁਲਿਸ ਤਿਆਰ ਨਹੀਂ ਸੀ। ਮੇਰੀ ਮਾਂ, ਮੇਰੇ ਪਿਓ, ਮੇਰੀ ਭੈਣ ਅਤੇ ਆਂਢੀਆਂ-ਗੁਆਂਢੀਆਂ ਵੱਲੋਂ ਦਿੱਲੀ ਵੱਲ ਜਾਂਦਾ ਕੌਮੀ ਮਾਰਗ ਜਾਮ ਕਰਨ ਬਾਅਦ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

ਮੇਰਾ ਕਸੂਰ ਕੀ ਸੀ?

**

ਦੂਜੀ

ਮੈਂ ਬਹੁਤ ਮਜ਼ੇ ਨਾਲ ਇਕ-ਇਕ ਸੈੱਲ ਵਾਂਗ ਵਧ ਰਹੀ ਸੀ। ਮਾਂ ਦੇ ਢਿੱਡ ਅੰਦਰਲਾ ਨਿੱਘ ਕਿੰਨਾ ਵਧੀਆ ਹੁੰਦਾ ਹੈ। ਫੇਰ ਇਕ ਦਿਨ ਸਾਡਾ ਪਿਆਰਾ ਕੁੱਤਾ ਮਰ ਗਿਆ ਤਾਂ ਮੇਰੇ ਪਾਪਾ ਨੇ ਉਸਨੂੰ ਖੱਡਾ ਪੁੱਟ ਕੇ ਧਰਤੀ ਵਿਚ ਦੱਬ ਦਿੱਤਾ। ਉਸ ਤੋਂ ਦੋ ਕੁ ਹਫ਼ਤੇ ਬਾਅਦ ਹੀ ਮੈਨੂੰ ਮਾਂ ਦੇ ਢਿੱਡ ਵਿੱਚੋਂ ਚਾਕੂਆਂ ਨਾਲ ਕੱਟ ਕੇ ਟੋਟੇ-ਟੋਟੇ ਕਰ ਕੇ ਬਾਹਰ ਕੱਢ ਦਿੱਤਾ ਗਿਆ। ਫੇਰ ਕਲੀਨਿਕ ਦੀ ਬੀਬੀ ਨੇ ਮੇਰੇ ਬਚੇ ਹੋਏ ਸਾਹਾਂ ਸਮੇਤ ਲਹੂ ਲੁਹਾਨ ਹੋਈ ਨੂੰ ਕੂੜੇ ਦੀ ਬਾਲਟੀ ਵਿਚ ਸੁੱਟ ਦਿੱਤਾ। ਮੇਰੀ ਮਾਂ ਨੇ ਇਕ ਵਾਰ ਵੀ ਮੈਨੂੰ ਨਹੀਂ ਸਹਿਲਾਇਆ। ਮੇਰੇ ਪਾਪਾ ਨੇ ਇਕ ਵਾਰ ਵੀ ਮੇਰੇ ਸਰੀਰ ਵਿੱਚੋਂ ਰਿਸਦੇ ਲਹੂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁੱਤਿਆਂ ਨੇ ਵੀ ਨੋਚਿਆ। ਕੀੜਿਆਂ ਨੇ ਵੀ ਚੱਬਿਆ। ਮੇਰੀ ਚੀਕ ਕਿਸੇ ਨੇ ਨਹੀਂ ਸੁਣੀ। ...

ਕੀ ਮੈਂ ਕੁੱਤੇ ਤੋਂ ਵੀ ਮਾੜੀ ਸੀ? ਉਸਨੂੰ ਘਰ ਦੇ ਅੰਦਰ ਹੀ ਦੱਬਿਆ ਤੇ ਮੈਨੂੰ ਕੱਟ ਵੱਢ ਕੇ ਕਾਵਾਂ, ਕੁੱਤਿਆਂ ਕੋਲੋਂ ਚਬਵਾਇਆ!

ਮੇਰਾ ਕਸੂਰ ਕੀ ਸੀ?

**

ਤੀਜੀ

ਮੈਨੂੰ 12 ਵਰ੍ਹਿਆਂ ਦੀ ਆਸਟ੍ਰੇਲੀਆ ਹੀ ਜੰਮੀ ਪਲੀ ਨੂੰ ਉੱਥੋਂ ਧੱਕੇ ਨਾਲ ਭਾਰਤ ਵਿਖਾਉਣ ਲਈ ਲਿਆਇਆ ਗਿਆ। ਮੇਰੇ ਮੰਮੀ ਤੇ ਭੂਆ ਨੂੰ ਪਤਾ ਨਹੀਂ ਕਿਉਂ ਭਾਰਤ ਇੰਨਾ ਪਸੰਦ ਸੀ। ਮੇਰੇ ਪਾਪਾ ਨੇ ਵੀ ਪੂਰਾ ਹਫ਼ਤਾ ਲਾ ਕੇ ਮੈਨੂੰ ਮਨਾਇਆ ਕਿ ਮੈਂ ਇਕ ਵਾਰ ਜ਼ਰੂਰ ਉਨ੍ਹਾਂ ਦੀ ਜਨਮ ਵਾਲੀ ਧਰਤੀ ਉੱਤੇ ਪੈਰ ਪਾਵਾਂ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਵਾਰ ਜਾਣ ਨਾਲ ਵੀ ਜਿਹੜੀਆਂ ਮੋਹ ਦੀਆਂ ਤੰਦਾਂ ਜੁੜ ਜਾਣੀਆਂ ਹਨ, ਉਸ ਦਾ ਇਹਸਾਸ ਜ਼ਰੂਰ ਕਰਨਾ ਚਾਹੀਦਾ ਹੈ।

ਮੈਂ ਹੈਰਾਨ ਸੀ ਕਿ ਆਸਟ੍ਰੇਲੀਆ ਦੀ ਜੰਮਪਲ ਹੋਣ ਸਦਕਾ ਭਲਾ ਮੈਂ ਭਾਰਤ ਵਰਗੇ ਦੇਸ ਨਾਲ ਕਿਸ ਤਰ੍ਹਾਂ ਦੀ ਪੱਕੀ ਪੀਡੀ ਸਾਂਝ ਗੰਢ ਸਕਦੀ ਹਾਂ? ਮੰਮੀ, ਭੂਆ ਅਤੇ ਪਾਪਾ ਦੀਆਂ ਕਿੰਨੀਆਂ ਹੀ ਯਾਦਾਂ ਬਾਰੇ ਸੁਣਦਿਆਂ ਅਖ਼ੀਰ ਸਾਡਾ ਜਹਾਜ਼ ਭਾਰਤ ਉੱਤਰ ਗਿਆ। ਵਾਰ-ਵਾਰ ਮੇਰੀ ਮਾਂ ਤੇ ਭੂਆ ਮਿੱਟੀ ਦੀ ਸੁਗੰਧਦੀਆਂ ਗੱਲਾਂ ਕਰ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਭਲਾ ਕਿਸ ਤਰ੍ਹਾਂ ਦੀ ਖੁਸ਼ਬੂ ਹੋਵੇਗੀ ਭਾਰਤ ਦੀ ਧਰਤੀ ਦੀ, ਜਿਹੜੀ ਮੇਰੇ ਟੱਬਰ ਨੂੰ ਆਸਟ੍ਰੇਲੀਆ ਵਿਚ ਵੀ ਨਹੀਂ ਭੁੱਲੀ।

ਆਪਣਿਆਂ ਦੀਆਂ ਘੁੱਟ ਕੇ ਪਾਈਆਂ ਜੱਫ਼ੀਆਂ, ਪਿਆਰ-ਦੁਲਾਰ, ਗੋਦੀ ਵਿਚ ਚੁੱਕਣਾ, ਨਵੇਂ ਕੱਪੜੇ ਤੇ ਖ਼ੌਰੇ ਕਿੰਨਾ ਕੁੱਝ ਹੋਰ ਦੱਸਦਿਆਂ ਮੇਰੀ ਮਾਂ ਅਤੇ ਭੂਆ ਦਾਅਵੇ ਕਰ ਰਹੀਆਂ ਸਨ ਕਿ ਮੇਰੀ ਫਰਵਰੀ 2016 ਦੀ ਭਾਰਤ ਫੇਰੀ ਜ਼ਿੰਦਗੀ ਭਰ ਦੀ ਯਾਦ ਬਣ ਕੇ ਰਹਿ ਜਾਣ ਵਾਲੀ ਹੈ।

ਦਿੱਲੀਓਂ ਟੈਕਸੀ ਕਰ ਕੇ ਪੰਜਾਬ ਵੱਲ ਆਉਂਦਿਆਂ ਮੈਨੂੰ ਭੀੜ ਅਤੇ ਮਿੱਟੀ ਘੱਟਾ ਹੀ ਦਿਸ ਰਹੇ ਸਨ। ਰਾਤ ਪੈ ਗਈ ਸੀ। ਮੈਨੂੰ ਤਾਂ ਦਿੱਲੀ ਦੇ ਅੰਦਰੋਂ ਨਿਕਲਦੇ-ਨਿਕਲਦੇ ਹੀ ਲੱਗੇ ਸਵਾ ਕੁ ਘੰਟੇ ਵਿਚ ਨੀਂਦਰ ਆ ਗਈ। ਸੁਫ਼ਨਿਆਂ ਵਿਚ ਪੰਜਾਬ ਦਾ ਮਾਹੌਲ ਸਿਰਜ ਰਹੀ ਸੀ ਕਿ ਇਕਦਮ ਜ਼ੋਰ ਦਾ ਖੜਾਕ ਸੁਣ ਕੇ ਤ੍ਰਭਕ ਕੇ ਨੀਂਦਰ ਖੁੱਲ੍ਹ ਗਈ।

ਮੇਰੀ ਮੰਮੀ ਨੇ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ। ਮੈਨੂੰ ਕੁੱਝ ਸਮਝ ਹੀ ਨਹੀਂ ਆਈ ਕਿ ਕੀ ਹੋ ਗਿਆ। ਅਗਲੀ ਸੀਟ ਉੱਤੇ ਬੈਠੇ ਮੇਰੇ ਪਾਪਾ ਦੇ ਸਿਰ ਵਿੱਚੋਂ ਲਹੂ ਵਹਿ ਰਿਹਾ ਸੀ। ਕਾਰ ਦੇ ਬਾਹਰ ਢੇਰ ਸਾਰੇ ਲੋਕਾਂ ਦੇ ਹੱਥਾਂ ਵਿਚ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ। ਕੁੱਝ ਦੇ ਹੱਥਾਂ ਵਿਚ ਤੇਲ ਦੀਆਂ ਕੇਨੀਆਂ ਫੜੀਆਂ ਹੋਈਆਂ ਸਨ ਜੋ ਸਾਡੀ ਕਾਰ ਉੱਤੇ ਰੋੜ੍ਹ ਰਹੇ ਸਨ। ਕਾਰ ਦਾ ਅਗਲਾ ਸ਼ੀਸ਼ਾ ਉਨ੍ਹਾਂ ਨੇ ਤੋੜ ਦਿੱਤਾ ਸੀ, ਜੋ ਮੇਰੇ ਪਾਪਾ ਦੇ ਸਿਰ ਵਿਚ ਵੱਜਿਆ ਹੋਇਆ ਸੀ।

ਟੈਕਸੀ ਡਰਾਈਵਰ ਉੱਚੀ-ਉੱਚੀ ਚੀਕ ਕੇ ਟੈਕਸੀ ਵਿੱਚੋਂ ਬਾਹਰ ਭੱਜ ਗਿਆ। ਉਹ ਚੀਕ ਰਿਹਾ ਸੀ, “ਰੈਜ਼ਰਵੇਸ਼ਨ ਲਈ ਜਾਟ ਪ੍ਰਦਰਸ਼ਨਕਾਰੀ ਘੇਰ ਰਹੇ ਨੇ। ਮੁਰਥਲ ਦੀ ਹਵੇਲੀ ਜਾਂ ਸੁਖਦੇਵ ਢਾਬੇ ਵੱਲ ਭੱਜ ਲਵੋ।

ਬਾਹਰ ਆਪੋ ਧਾਪੀ ਪਈ ਹੋਈ ਸੀ। ਕਾਰ ਦਾ ਦਰਵਾਜ਼ਾ ਖੋਲ੍ਹ ਅਸੀਂ ਸਾਰੇ ਵੀ ਆਪਣਾ ਸਾਰਾ ਸਮਾਨ ਵਿੱਚੇ ਛੱਡ ਕੇ ਬਾਹਰ ਵੱਲ ਭੱਜੇ। ਮੈਨੂੰ, ਮੇਰੀ ਭੂਆ ਅਤੇ ਮੇਰੀ ਮਾਂ ਨੂੰ ਝਟਪਟ ਭੀੜ ਨੇ ਘੜੀਸ ਲਿਆ। ਪਤਾ ਨਹੀਂ ਹਨ੍ਹੇਰੇ ਵਿਚ ਕਿਸਨੇ ਮੇਰੀਆਂ ਲੱਤਾਂ ਤੋਂ ਫੜ ਕੇ ਉਤਾਂਹ ਚੁੱਕਿਆ ਤੇ ਕਿਸਨੇ ਬਾਹਵਾਂ! ਪੰਜ ਜਾਂ ਛੇ ਜਣੇ ਸਨ ਜਿਨ੍ਹਾਂ ਨੇ ਮੇਰੇ ਵੱਖੋ-ਵੱਖ ਅੰਗ ਖਿੱਚ ਕੇ ਜ਼ਮੀਨ ਤੋਂ ਉਤਾਂਹ ਚੁੱਕ ਲਏ ਤੇ ਸੜਕ ਦੇ ਪਾਸੇ ਵੱਲ ਖੇਤਾਂ ਵੱਲ ਦੌੜ ਪਏ। ਚੁਫੇਰੇ ਹਨ੍ਹੇਰੇ ਵਿਚ ਸਿਰਫ਼ ਚੀਕਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਸੜਕ ਉੱਤੇ ਕਾਰਾਂ, ਬੱਸਾਂ ਅੱਗ ਦੀਆਂ ਲਪਟਾਂ ਵਿਚ ਸੜ ਰਹੀਆਂ ਸਨ।

ਖੇਤਾਂ ਵਿਚ ਪਹੁੰਚ, ਮਿੱਟੀ ਉੱਤੇ ਸੁੱਟ, ਮੇਰੇ ਲੀੜੇ ਉਨ੍ਹਾਂ ਖਿੱਚ ਕੇ ਤਾਰ-ਤਾਰ ਕਰ ਦਿੱਤੇ ਤੇ ... ... ...। ਪੰਜ ਜਣਿਆਂ ਵੱਲੋਂ ਨਪੀੜੇ ਜਾਣ ਤਕ ਤਾਂ ਮੈਨੂੰ ਹੋਸ਼ ਸੀ, ਫੇਰ ਮੈਂ ਬੇਹੋਸ਼ ਹੋ ਗਈ। ਖ਼ੌਰੇ ਕਿੰਨੇ ਜਣੇ ਹੋਰ ... ... ...., ਮੈਨੂੰ ਕੁੱਝ ਪਤਾ ਨਹੀਂ।

ਹੋਸ਼ ਵਿਚ ਆਉਣ ਉੱਤੇ ਵੇਖਿਆ ਕਿ ਮੇਰੇ ਵਰਗੀ ਹਾਲਤ ਵਿਚ ਮੇਰੇ ਨਾਲ ਦੀਆਂ ਛੇ ਸੱਤ ਹੋਰ ਕੁੜੀਆਂ ਤੇ ਕੁੱਝ ਆਂਟੀਆਂ ਉੱਕਾ ਹੀ ਨਿਰਵਸਤਰ ਅਤੇ ਲਹੂ ਲੁਹਾਣ ਸਨ। ਉਨ੍ਹਾਂ ਹੀ ਮੈਨੂੰ ਇਸੇ ਹਾਲਤ ਵਿਚ ਘੜੀਸ ਕੇ ਨੇੜੇ ਦੇ ਪਿੰਡ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ। ਸਭ ਸੁੰਨ ਹੋਈਆਂ ਪਈਆਂ ਸਨ। ਕਿਸੇ ਦੇ ਮੂੰਹੋਂ ਕੋਈ ਆਵਾਜ਼ ਨਹੀਂ ਸੀ ਨਿੱਕਲ ਰਹੀ। ਸਿਰਫ਼ ਅੱਖਾਂ ਰਾਹੀਂ ਆਲੇ-ਦੁਆਲੇ ਵਿੱਚੋਂ ਕਿਸੇ ਆਪਣੇ ਦੇ ਲੱਭ ਜਾਣ ਦੀ ਹਲਕੀ ਜਿਹੀ ਉਮੀਦ ਸੀ।

ਮੈਨੂੰ ਪਤਾ ਨਹੀਂ ਸੀ ਕਿ ਮੈਂ ਜਿਉਂਦੀ ਹਾਂ, ਜਾਂ ਮਰਨ ਤੋਂ ਬਾਅਦ ਇਹ ਸਭ ਵੇਖ ਰਹੀ ਹਾਂ! ਪਿੰਡ ਲਾਗੇ ਪਹੁੰਚੇ ਤਾਂ ਉੱਥੇ ਜਮਾਂ ਹੋਈ ਭੀੜ ਵਿਚ ਮੇਰੀ ਮਾਂ ਦਿਸ ਪਈ। ਉਸ ਦੇ ਸਰੀਰ ਉੱਤੇ ਸਿਰਫ਼ ਕਮੀਜ਼ ਦੀ ਬਾਂਹ ਸੀ। ਉਸ ਨੂੰ ਵੀ ਬਿਨਾਂ ਕੱਪੜਿਆਂ ਦੇ, ਜ਼ਖ਼ਮੀ ਹਾਲਤ ਵਿਚ ਵੇਖ ਕੇ ਮੈਂ ਹੋਰ ਵੀ ਸੁੰਨ ਹੋ ਗਈ। ਮਾਂ ਨੇ ਮੈਨੂੰ ਗਲਵਕੜੀ ਵਿਚ ਲਿਆ ਪਰ ਅੱਜ ਉਸ ਵਿਚ ਨਿੱਘ ਨਹੀਂ ਸੀ। ਸਿਰਫ ਦੁੱਖ ਅਤੇ ਤਕਲੀਫ਼ ਹੀ ਮਹਿਸੂਸ ਕਰ ਸਕੀ। ਮੇਰੀ ਭੂਆ ਵੀ ਉਸੇ ਭੀੜ ਵਿਚ ਬਿਨਾਂ ਕੱਪੜਿਆਂ ਦੇ ਲੱਭ ਪਈ। ਪਿੰਡ ਵਾਲਿਆਂ ਨੇ ਸਾਨੂੰ ਕਈ ਜਣੀਆਂ ਨੂੰ ਇਕ-ਇਕ ਕੱਪੜਾ ਅੱਧ ਪਚੱਧ ਸਰੀਰ ਢਕਣ ਨੂੰ ਫੜਾ ਦਿੱਤਾ।

ਲਗਭਗ ਤਿੰਨ ਘੰਟਿਆਂ ਬਾਅਦ ਮੈਂ ਆਪਣੀ ਮਾਂ ਅਤੇ ਭੂਆ ਨਾਲ ਆਪਣੇ ਪਾਪਾ ਨੂੰ ਲੱਭ ਸਕੀ।

ਪਤਾ ਨਹੀਂ ਕਿੰਨੇ ਕਿਲੋਮੀਟਰ ਅਸੀਂ ਤੁਰੇ ਤੇ ਕਿੰਨੇ ਰਸਤੇ ਮੇਰੇ ਪਾਪਾ ਨੇ ਮੈਨੂੰ ਗੋਦੀ ਚੁੱਕਿਆ। ਕਿਸੇ ਨੇ ਇਕ ਵੀ ਬੋਲ ਮੂੰਹੋਂ ਨਹੀਂ ਕੱਢਿਆ। ਪੁਲਿਸ ਕੋਲ ਪਹੁੰਚ ਕੇ ਪਾਪਾ ਨੇ ਸ਼ਿਕਾਇਤ ਦਰਜ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਦੜ ਵੱਟ ਲੈਣ ਲਈ ਕਿਹਾ, “ਆਪਣੀ ਇੱਜ਼ਤ ਨੂੰ ਬਚਾਉਣ ਲਈ ਉੱਕਾ ਹੀ ਚੁੱਪ ਰਹਿਓ। ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਸ਼ੁਕਰ ਕਰੋ ਜਾਨ ਬਚ ਗਈ ਹੈਇੰਨਾ ਕਹਿ ਕੇ ਪੁਲਿਸ ਦਾ ਅਧਿਕਾਰੀ ਪਾਸਾ ਵੱਟ ਗਿਆ।

ਮੈਨੂੰ ਸਮਝ ਨਹੀਂ ਆਈ, ਕਿਹੜੀ ਇੱਜ਼ਤ ਨੂੰ ਬਚਾਉਣ ਲਈ ਚੁੱਪ ਰਹਿਣ ਲਈ ਕਿਹਾ ਗਿਆ ਹੈ?

ਮੈਂ ਖਾਲੀ ਅੱਖਾਂ ਨਾਲ ਸੁੰਨ ਹੋਈ ਮਾਂ ਨੂੰ ਮਨ ਹੀ ਮਨ ਸਵਾਲ ਪੁੱਛੀ ਜਾ ਰਹੀ ਸੀ – ਮਾਂ, ਇਸੇ ਤਰ੍ਹਾਂ ਦੀਆਂ ਜੱਫੀਆਂ ਅਤੇ ਪਿਆਰ ਦੁਲਾਰ ਦੀ ਗੱਲ ਕਰ ਰਹੀ ਸੀ? ਕੀ ਭਾਰਤ ਵਿਚ ਗੋਦੀ ਵਿਚ ਅੰਗ-ਅੰਗ ਧੂਹ ਕੇ ਚੁੱਕਿਆ ਜਾਂਦਾ ਹੈ? ਕੀ ਨਵੇਂ ਕੱਪੜੇ ਪੁਆਉਣ ਦੀ ਰੀਝ ਪੁਰਾਣੇ ਕੱਪੜੇ ਇੰਜ ਪਾੜ ਕੇ ਪੂਰੀ ਕੀਤੀ ਜਾਂਦੀ ਹੈ? ਜ਼ਖਮੀ ਸਰੀਰ ਅਤੇ ਉਸ ਵਿਚਲੇ ਛਿੱਲੇ ਝਰੀਟੇ ਹੋਏ ਮਨ ਉੱਤੇ ਲਪੇਟੀ ਫਟੀ ਹੋਈ ਇਹ ਚੁੰਨੀ ਨੂੰ ਸਰੀਰ ਢਕਣਾ ਕਿਹਾ ਜਾਂਦਾ ਹੈ? ਧਰਤੀ ਉੱਤੇ ਸੁੱਟੀ ਹੋਈ ਨੂੰ ਮੈਨੂੰ ਉੱਕਾ ਕਿਸੇ ਮਿੱਟੀ ਦੀ ਖੁਸ਼ਬੂ ਨਹੀਂ ਆਈ। ਸਿਰਫ਼ ... ਵਹਿਸ਼ੀਆਂ ਦੇ ਪਸੀਨੇ ਦੀ ਬਦਬੂ ਅਤੇ ਉਨ੍ਹਾਂ ਦੇ ਹੱਥਾਂ ਵਿੱਚੋਂ ਕੈਰੋਸੀਨ ਹੀ ਸੁੰਘਿਆ ਗਿਆ, ਜੋ ਮੇਰੇ ਦਿਮਾਗ਼ ਅੰਦਰਲੀ ਰਗ-ਰਗ ਵਿਚ ਹਮੇਸ਼ਾ ਲਈ ਫਸ ਚੁੱਕਿਆ ਹੈ!

ਆਸਟ੍ਰੇਲੀਆ ਵਿਚ ਪਾਈ ਮੇਰੀ ਫ਼ਰਾਕ ਨੂੰ ਮੇਰੀ ਮਾਂ ਘੱਟ ਕੱਪੜੇ ਕਹਿ ਕੇ ਭਾਰਤ ਵਿਚ ਪਾਉਣ ਲਈ ਪੂਰਾ ਸਰੀਰ ਢਕਣ ਲਈ ਨਵੇਂ ਸੂਟ ਵਿਚ ਤਬਦੀਲ ਕਰਵਾ ਕੇ ਲਿਆਈ ਸੀ। ਕਿਵੇਂ ਦੱਸਾਂ ਕਿ ਮਾਂ, ਮੈਂ ਉਸੇ ਫ਼ਰਾਕ ਵਿਚ, ਨੰਗੀਆਂ ਲੱਤਾਂ ਨਾਲ ਵੀ ਜ਼ਿਆਦਾ ਸੁਰੱਖਿਅਤ ਸੀ।

ਇਕ ਗੱਲ ਤਾਂ ਪੱਕੀ ਹੈ ਕਿ ਭਾਰਤ ਦੀ ਫੇਰੀ ਮੈਂ ਉਮਰ ਭਰ ਨਹੀਂ ਭੁਲਾ ਸਕਣ ਲੱਗੀ। ਮਿੱਟੀ ਦੀ ਸੁਗੰਧ, ਜੱਫੀ, ਨਵੇਂ ਕਪੜੇ ਅਤੇ ਜਿਸਮਾਨੀ ਨਜ਼ਦੀਕੀ ਅਤੇ ਵਧੀਕੀ ਜੋ ਮੈਨੂੰ ਮਿਲੇ, ਕਿਵੇਂ ਭੁਲਾਏ ਜਾ ਸਕਦੇ ਹਨ? ਰੋਜ਼ ਵਾਰ ਵਾਰ ਨਹਾਉਣ ਤੋਂ ਬਾਅਦ ਵੀ ਉਹ ਗੰਦਗੀ ਮੈਨੂੰ ਚਿਪਕੀ ਮਹਿਸੂਸ ਹੋ ਰਹੀ ਹੈ।

ਮੈਨੂੰ ਅੱਜ ਪਤਾ ਲੱਗਿਆ ਹੈ ਕਿ ਭਾਰਤ ਵਿਚ ਹਰ ਗਲੀ, ਮੁਹੱਲੇ, ਸਰਕਾਰੀ, ਗ਼ੈਰ ਸਰਕਾਰੀ, ਗੱਲ ਕੀ ਚੁਫ਼ੇਰੇ ਔਰਤਾਂ ਦਾ ਦਿਨ ਮਨਾਉਣ ਲਈ 8 ਮਾਰਚ ਨੂੰ ਸਮਾਗਮ ਕੀਤੇ ਜਾਂਦੇ ਹਨ, ਜਿੱਥੇ ਭਾਰਤ ਵਿਚ ਔਰਤਾਂ ਦਾ ਬਿੰਬ ਉੱਚਾ ਚੁੱਕਣ ਲਈ ਕੀਤੇ ਵਿਸ਼ਵ ਪੱਧਰੀ ਜਤਨਾਂ ਦੀ ਵਿਆਖਿਆ ਫ਼ਖ਼ਰ ਨਾਲ ਕੀਤੀ ਜਾਂਦੀ ਹੈ!

ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁੱਝ ਨਹੀਂ ਲੈਣਾ! ਮੈਨੂੰ ਸਿਰਫ਼ ਮੇਰੇ ਇਕ ਸਵਾਲ ਦਾ ਜਵਾਬ ਆਪਣੇ ਮਾਪਿਆਂ ਦੀ ਜਨਮ ਭੂਮੀ ਉੱਤੇ ਵੱਸਦੇ ਭਾਰਤ ਵਾਸੀਆਂ ਕੋਲੋਂ ਚਾਹੀਦਾ ਹੈ ਕਿ ਉਹ ਆਪਣੀ ਦੋਹਤਰੀ ਨਾਲ ਇਹੋ ਜਿਹਾ ਸਲੂਕ ਕਿਉਂ ਕਰਦੇ ਹਨ?

ਕੋਈ ਤਾਂ ਇਸ ਧਰਤੀ ਉੱਤੇ ਵੱਸਦੇ ਕਰੋੜਾਂ ਵਿੱਚੋਂ ਮੈਨੂੰ ਦੱਸੋ, ਮੇਰਾ ਕਸੂਰ ਕੀ ਸੀ?

*****

(223)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author