JatinderPannu7ਭਾਜਪਾ ਇਸ ਵਕਤ ਉਸ ਘੋੜੇ ਵਾਂਗ ਇੱਕੋ ਵਕਤ ਕਈ ਪਾਸੀਂ ਅੱਖਾਂ ਲਾਈ ਬੈਠੀ ਹੈ ...
(10 ਅਗਸਤ 2020)

 

ਪੰਜਾਬ ਦੀ ਰਾਜਨੀਤੀ ਇਸ ਵਕਤ ਬੜਾ ਅਣ-ਕਿਆਸਿਆ ਮੋੜਾ ਕੱਟਦੀ ਜਾਪ ਰਹੀ ਹੈਇਸ ਵਿੱਚ ਬੀਤੇ ਦਿਨੀਂ ਮਾਝਾ ਖੇਤਰ ਵਿੱਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਘਟਨਾ ਕਰਮ ਨੇ ਵੀ ਆਪਣਾ ਹਿੱਸਾ ਪਾਇਆ ਤੇ ਰਾਜਨੀਤੀ ਦੀ ਤੋਰ ਹੋਰ ਤਿੱਖੀ ਕੀਤੀ ਹੈਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਹੱਕ ਹੈ, ਤੇ ਉਨ੍ਹਾਂ ਦਾ ਫਰਜ਼ ਵੀ ਹੈ ਕਿ ਸਰਕਾਰ ਅਤੇ ਸਰਕਾਰ ਚਲਾ ਰਹੀ ਪਾਰਟੀ ਦੇ ਨੁਕਸ ਲੱਭ ਕੇ ਲੋਕਾਂ ਨੂੰ ਮਿਲਣ ਅਤੇ ਆਪਣੀ ਗੱਲ ਕਹਿਣਸਰਕਾਰ ਦੀ ਧਿਰ ਨਾਲ ਜੁੜੇ ਹੋਏ ਲੋਕ ਇਹ ਕਹਿੰਦੇ ਹਨ ਕਿ ਇਹੋ ਜਿਹੇ ਮੁੱਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀਜੇ ਅੱਜ ਇੱਥੇ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਾਂਗਰਸੀ ਆਗੂਆਂ ਨੇ ਵੀ ਇਹ ਹੀ ਕੁਝ ਕਰਨਾ ਸੀ, ਜਿਹੜਾ ਉਨ੍ਹਾਂ ਦੇ ਖਿਲਾਫ ਅੱਜ ਸਾਰੀ ਵਿਰੋਧੀ ਧਿਰ ਕਰਦੀ ਪਈ ਹੈਜਿਹੜੇ ਲੋਕ ਇਸ ਕਾਂਡ ਵਿੱਚ ਮੁੱਖ ਦੋਸ਼ੀ ਨਿਕਲਦੇ ਹਨ, ਉਨ੍ਹਾਂ ਵਿੱਚ ਪੰਜਾਬ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਦੇ ਮਾਝੇ ਵਿਚਲੇ ਦੋ ਵਿਧਾਇਕਾਂ ਦਾ ਨਾਂਅ ਆਉਂਦਾ ਹੈ ਤੇ ਪੰਜਾਬ ਦੇ ਦੂਸਰੇ ਸਿਰੇ ਹਰਿਆਣੇ ਨਾਲ ਲੱਗਦੀਆਂ ਦੋ ਸੀਟਾਂ ਵਾਲੇ ਵਿਧਾਇਕਾਂ ਦਾ ਨਾਂਅ ਵੀ ਵੱਜਦਾ ਹੈਹਰਿਆਣਾ ਬਾਰਡਰ ਨਾਲ ਜੁੜਦੇ ਵਿਧਾਇਕਾਂ ਦਾ ਨਾਂਅ ਤਾਂ ਨਾਜਾਇਜ਼ ਸ਼ਰਾਬ ਦੇ ਕਾਂਡ ਦੇ ਨਾਲ ਕਈ ਹੋਰ ਗੰਦੇ ਧੰਦਿਆਂ ਵਿੱਚ ਵੀ ਸਰੇ-ਆਮ ਲੋਕ ਦੱਸੀ ਜਾਂਦੇ ਹਨ, ਪਰ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਜਦ ਕਿ ਇਹ ਖੜ੍ਹੇ ਪੈਰ ਕਰ ਦੇਣੀ ਚਾਹੀਦੀ ਸੀ ਇਸੇ ਕਾਰਨ ਰਾਜ ਸਰਕਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨਸਰਕਾਰ ਕਹਿੰਦੀ ਹੈ ਕਿ ਇਹੋ ਜਿਹੇ ਕਾਂਡ ਦੇਸ਼ ਦੇ ਕਈ ਰਾਜਾਂ ਵਿੱਚ ਹੁੰਦੇ ਰਹੇ ਹਨ ਅਤੇ ਇਹ ਗੱਲ ਠੀਕ ਵੀ ਹੈ, ਪਰ ਇਸ ਸੱਚਾਈ ਨਾਲ ਪੰਜਾਬ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਕਮਜ਼ੋਰੀ ਤੋਂ ਨਹੀਂ ਬਚ ਸਕਦੀਉਸ ਨੂੰ ਆਪਣੇ ਬੰਦਿਆਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ

ਰਹਿ ਗਈ ਗੱਲ ਹੋਰ ਰਾਜਾਂ ਵਿੱਚ ਇਹੋ ਜਿਹੇ ਕਾਂਡ ਹੋਣ ਦੀ, ਉਸ ਬਾਰੇ ਦੱਸਣ ਦੀ ਲੋੜ ਨਹੀਂ, ਰਿਕਾਰਡ ਬੋਲਦਾ ਪਿਆ ਹੈਸਾਲ 1991 ਵਿੱਚ ਮੁੰਬਈ ਵਿੱਚ ਇਹੋ ਜਿਹੇ ਕਾਂਡ ਵਿੱਚ 93 ਲੋਕ ਮਾਰੇ ਜਾਣ ਪਿੱਛੋਂ ਉੱਥੇ ਕਾਂਗਰਸ ਸਰਕਾਰ ਨੇ ਇੱਕ ਕਮੇਟੀ ਇੱਦਾਂ ਦੀਆਂ ਘਟਨਾਵਾਂ ਰੋਕਣ ਲਈ ਬਣਾਈ ਸੀ, ਪਰ 2015 ਵਿੱਚ ਫਿਰ ਸ਼ਰਾਬ ਕਾਂਡ ਵਾਪਰ ਗਿਆ ਤੇ 102 ਲੋਕ ਮਾਰੇ ਗਏ ਸਨ, ਜਦੋਂ ਉੱਥੇ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਰਾਜ ਸੀਸਾਲ 1991 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੋ ਜਿਹੇ ਕਾਂਡ ਵਿੱਚ 199 ਲੋਕ ਮਾਰੇ ਗਏ ਸਨ ਤੇ ਸ਼ਰਾਬ ਨੇੜਿਉਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਆਈ ਸੀ, ਜਿੱਥੇ ਭਾਜਪਾ ਮੁੱਖ ਮੰਤਰੀ ਕਲਿਆਣ ਸਿੰਘ ਰਾਜ ਕਰਦਾ ਸੀਫਿਰ 2008 ਦੌਰਾਨ ਕਰਨਾਟਕ ਦੇ ਤਿੰਨ ਜ਼ਿਲ੍ਹਿਆਂ ਅਤੇ ਨਾਲ ਲੱਗਦੇ ਤਾਮਿਲ ਨਾਡੂ ਦੇ ਇੱਕ ਜ਼ਿਲ੍ਹੇ ਵਿੱਚ ਇਹੋ ਕੁਝ ਹੋਇਆ ਤੇ ਕੁਲ ਜੋੜ ਕੇ 180 ਲੋਕ ਮਾਰੇ ਗਏ ਸਨ ਉਦੋਂ ਕਰਨਾਟਕ ਵਿੱਚ ਗਵਰਨਰ ਦਾ ਰਾਜ ਸੀ ਤੇ ਤਾਮਿਲ ਨਾਡੂ ਵਿੱਚ ਡੀ ਐੱਮ ਕੇ ਪਾਰਟੀ ਦੇ ਆਗੂ ਕਰੁਣਾਨਿਧੀ ਦਾ ਰਾਜ ਹੁੰਦਾ ਸੀ

ਅਗਲੇ ਸਾਲ ਗੁਜਰਾਤ ਵਿੱਚ ਇਹੋ ਕਹਿਰ ਵਾਪਰਿਆ ਤੇ ਨਰਿੰਦਰ ਮੋਦੀ ਵਾਲੇ ਉਸ ਰਾਜ ਵਿੱਚ 136 ਲੋਕ ਮਾਰੇ ਗਏ ਸਨ, ਜਿੱਥੇ ਸਾਰੇ ਰਾਜ ਵਿੱਚ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਸੀ ਤੇ ਇਸ ਮਾਮਲੇ ਵਿੱਚ ਭਾਜਪਾ ਦਾ ਇੱਕ ਵਿਧਾਇਕ ਅਤੇ ਕੁਝ ਹੋਰ ਲੋਕ ਦੋਸ਼ੀ ਦੱਸੇ ਗਏ ਸਨਸਾਲ 2011 ਵਿੱਚ ਪੱਛਮੀ ਬੰਗਾਲ ਵਿੱਚ 172 ਲੋਕ ਮਮਤਾ ਬੈਨਰਜੀ ਦੇ ਰਾਜ ਵਿੱਚ ਮਾਰੇ ਗਏ ਸਨ ਤੇ ਫਰਵਰੀ 2019 ਵਿੱਚ ਭਾਜਪਾ ਦੀਆਂ ਦੋ ਸਰਕਾਰਾਂ ਵਾਲੇ ਉੱਤਰਾ ਖੰਡ ਵਿੱਚ 99 ਤੇ ਆਸਾਮ ਵਿੱਚ 168 ਮਰੇ ਜੋੜ ਕੇ ਇੱਕੋ ਮਹੀਨੇ ਵਿੱਚ 267 ਲੋਕ ਮਰ ਗਏ ਸਨਇਸ ਵਾਰੀ ਪੰਜਾਬ ਵਿੱਚ ਇੱਡਾ ਵੱਡਾ ਕਾਂਡ ਹੋ ਗਿਆ ਹੈ, ਜਿੱਡਾ ਪਹਿਲਾਂ ਕਦੇ ਨਹੀਂ ਹੋਇਆਇਹ ਲਿਸਟ ਦੱਸਦੀ ਹੈ ਕਿ ਇਸ ਦੇਸ਼ ਦੇ ਲੋਕਾਂ ਉੱਤੇ ਕਾਂਗਰਸ ਦਾ ਰਾਜ ਹੋਵੇ, ਭਾਜਪਾ ਦਾ, ਮਮਤਾ ਬੈਨਰਜੀ ਦਾ ਜਾਂ ਡੀ ਐੱਮ ਕੇ ਵਰਗਿਆਂ ਦਾ, ਸ਼ਰਾਬ ਕਾਂਡ ਇਸ ਲਈ ਬਿਨਾਂ ਰੋਕ ਚੱਲਦੇ ਰਹੇ ਹਨ ਕਿ ਸ਼ਰਾਬ ਦੇ ਤਸਕਰਾਂ ਦੀ ਸਭ ਪਾਰਟੀਆਂ ਨਾਲ ਸਾਂਝ ਚੱਲਦੀ ਹੈਪੰਜਾਬ ਵਿੱਚ ਤਾਜ਼ਾ ਕਾਂਡ ਚਾਰ ਦਿਨ ਚਰਚਾ ਵਿੱਚ ਰਹਿਣਾ ਹੈ ਤੇ ਫਿਰ ਲੋਕਾਂ ਨੂੰ ਭੁਲਾਉਣ ਵਾਲਾ ਕੋਈ ਹੋਰ ਇਹੋ ਜਿਹਾ ਜਾਂ ਏਦੂੰ ਵੱਡਾ ਕਾਂਡ ਲੋਕਾਂ ਨੇ ਵੇਖ ਲੈਣਾ ਹੈ ਤੇ ਉਸ ਦੇ ਬਾਅਦ ਕਿਸੇ ਨੇ ਮਰ ਗਿਆਂ ਦੀ ਚਰਚਾ ਵੀ ਨਹੀਂ ਕਰਨੀ

ਅਗਲੀ ਗੱਲ ਪੰਜਾਬ ਦੀ ਰਾਜਨੀਤੀ ਦੀ ਹੈਸ਼ਰਾਬ ਕਾਂਡ ਦੇ ਬਾਅਦ ਕਾਂਗਰਸ ਦੇ ਦੋ ਪਾਰਲੀਮੈਂਟ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ-ਪੱਤਰ ਦੇ ਕੇ ਇਸ ਕਾਂਡ ਦੀ ਜਾਂਚ ਲਈ ਕੇਂਦਰੀ ਏਜੰਸੀ ਸੀ ਬੀ ਆਈ ਨੂੰ ਜ਼ਿੰਮਾ ਸੌਂਪਣ ਲਈ ਕਿਹਾ ਹੈਇਹ ਮੰਗ-ਪੱਤਰ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੀ ਰਾਜ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਬੇਭਰੋਸਗੀ ਦਾ ਪ੍ਰਗਟਾਵਾ ਹੈ ਅਤੇ ਗਵਰਨਰ ਕਿਉਂਕਿ ਇਸ ਅਹੁਦੇ ਤੋਂ ਪਹਿਲਾਂ ਭਾਜਪਾ ਦਾ ਆਗੂ ਹੁੰਦਾ ਸੀ, ਉਹ ਇਸ ਪੱਤਰ ਨਾਲ ਆਪਣੀ ਚਿੱਠੀ ਜੋੜ ਕੇ ਕਿਸੇ ਵੀ ਸਮੇਂ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜਣ ਦੇ ਸਮਰੱਥ ਹੋ ਗਿਆ ਹੈ ਕਿ ਇਸ ਸਰਕਾਰ ਉੱਤੇ ਇਸਦੇ ਆਪਣੇ ਲੋਕ ਵੀ ਭਰੋਸਾ ਨਹੀਂ ਕਰਦੇਮੋਰਾਰਜੀ ਡਿਸਾਈ ਦੇ ਰਾਜ ਵੇਲੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸੀ ਤੇ ਤਲਵੰਡੀ-ਟੌਹੜਾ ਜੋੜੀ ਨੇ ਆਪਣੇ ਪਾਰਟੀ ਦੇ ਲੀਡਰ ਬਾਦਲ ਦੇ ਖਿਲਾਫ ਪਾਰਟੀ ਦੇ ਇੱਕ ਜਨਰਲ ਸੈਕਟਰੀ ਦੇ ਹੱਥੀਂ ਇੱਦਾਂ ਦਾ ਇੱਕ ਪੱਤਰ ਉਦੋਂ ਗਵਰਨਰ ਨੂੰ ਭੇਜਿਆ ਸੀਕੁਝ ਹਫਤਿਆਂ ਬਾਅਦ ਕੇਂਦਰ ਵਿੱਚ ਸਰਕਾਰ ਬਦਲੀ ਤਾਂ ਇੰਦਰਾ ਗਾਂਧੀ ਦੀ ਨਵੀਂ ਸਰਕਾਰ ਦੇ ਲਾਏ ਗਵਰਨਰ ਨੇ ਆ ਕੇ ਅਕਾਲੀ ਆਗੂਆਂ ਦਾ ਮੰਗ-ਪੱਤਰ ਬਾਦਲ ਦੀ ਸਰਕਾਰ ਤੋੜਨ ਲਈ ਬਹਾਨੇ ਵਜੋਂ ਵਰਤਿਆ ਸੀ ਇੱਦਾਂ ਕਈ ਹੋਰਨਾਂ ਰਾਜਾਂ ਵਿੱਚ ਵੀ ਹੋ ਚੁੱਕਾ ਹੈ ਤੇ ਇਹੋ ਜਿਹੇ ਪੱਤਰ ਆਪਣੀ ਪਾਰਟੀ ਅੰਦਰ ਸੌ ਰੋਸੇ ਹੋਣ ਦੇ ਬਾਵਜੂਦ ਕੋਈ ਉਦੋਂ ਹੀ ਦਿੰਦਾ ਹੁੰਦਾ ਹੈ, ਜਦੋਂ ਇਸਦੇ ਲਈ ਕਿਸੇ ਦੂਸਰੀ ਧਿਰ ਤੋਂ ਆਸ ਹੋਵੇਇਹ ਆਸ ਇਸ ਵੇਲੇ ਭਾਜਪਾ ਤੋਂ ਹੋ ਸਕਦੀ ਹੈ

ਭਾਜਪਾ ਤੋਂ ਆਸ ਸਿਰਫ ਬਾਜਵਾ-ਦੂਲੋ ਨੂੰ ਹੀ ਨਹੀਂ ਹੋ ਸਕਦੀ, ਅਕਾਲੀ ਦਲ ਤੋਂ ਵੱਖ ਹੋਏ ਜਿਸ ਸੁਖਦੇਵ ਸਿੰਘ ਢੀਂਡਸਾ ਨਾਲ ਅਕਾਲੀ ਦਲ ਤੋਂ ਨਾਰਾਜ਼ ਲੋਕ ਜੁੜ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਵੀ ਆਸ ਹੈ ਕਿ ਭਾਜਪਾ ਅਗਲੀਆਂ ਚੋਣਾਂ ਦੇ ਵਕਤ ਬਾਦਲ ਬਾਪ-ਬੇਟੇ ਨੂੰ ਲੋਕਾਂ ਨਾਲੋਂ ਕੱਟੇ ਹੋਏ ਸਮਝ ਕੇ ਇਨ੍ਹਾਂ ਨਾਲ ਸਮਝੌਤਾ ਕਰ ਸਕਦੀ ਹੈਭਾਜਪਾ ਦੇ ਆਗੂ ਇੱਦਾਂ ਦੇ ਸੰਕੇਤ ਦੇਈ ਵੀ ਜਾਂਦੇ ਹਨ ਤੇ ਇਹ ਗੱਲਾਂ ਵੀ ਇਸ ਵਕਤ ਚਰਚਾ ਵਿੱਚ ਹਨ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਵੱਡੇ ਸਿੱਖ ਆਗੂ ਨੂੰ ਅੱਗੇ ਲਾਉਣ ਲਈ ਕਾਂਗਰਸ ਵਿੱਚ ਵੀ ਕੁੰਡੀਆਂ ਪਾ ਰਹੀ ਹੈ ਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਸੰਪਰਕ ਬਣਾ ਰੱਖਿਆ ਹੈਪਿਛਲੇ ਹਫਤੇ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਦੋਂ ਇਹ ਆਖਿਆ ਕਿ ਉਨ੍ਹਾਂ ਦੋਵਾਂ ਨੂੰ ਸਾਰੀ ਸਮੱਸਿਆ ਅਕਾਲੀ ਆਗੂਆਂ ਤੋਂ ਹੈ, ਭਾਜਪਾ ਨਾਲ ਕੋਈ ਸਮੱਸਿਆ ਹੀ ਨਹੀਂ ਤਾਂ ਇਹ ਗੱਲ ਸਹਿਵਨ ਨਹੀਂ ਸੀ ਆਖੀ, ਇਸਦੇ ਪਿੱਛੇ ਚੱਲਦੀ ਸਿਆਸਤ ਨੂੰ ਸਮਝਣ ਵਾਲੇ ਸਮਝ ਗਏ ਸਨ

ਹੋਰ ਗੱਲਾਂ ਛੱਡ ਦਿਓ, ਭਾਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤਕ ਵੀ ਪਹੁੰਚ ਕਰ ਰਹੀ ਹੈ, ਜਿਹੜਾ ਬਹੁਤ ਵੱਡਾ ਬੁੱਧੀਜੀਵੀ ਕਿਹਾ ਜਾਂਦਾ ਹੈ, ਪਰ ਪਿਛਲੇ ਕਾਫੀ ਸਮੇਂ ਤੋਂ ਚੁੱਪ ਕਰ ਕੇ ਦਿਨ ਗੁਜ਼ਾਰ ਰਿਹਾ ਹੈਉਹ ਨੇੜਲੇ ਸੱਜਣਾਂ ਤੋਂ ਬਿਨਾਂ ਕਿਸੇ ਦਾ ਫੋਨ ਵੀ ਨਹੀਂ ਚੁੱਕਦਾ ਤੇ ਇੱਕ ਸਾਬਕਾ ਫੌਜੀ ਅਫਸਰ ਦੇ ਰਾਹੀਂ ਉਸ ਨੂੰ ਪਤਿਆਉਣ ਦੀ ਭਾਜਪਾ ਦੀ ਕੋਸ਼ਿਸ਼ ਵੀ ਚਰਚਾ ਵਿੱਚ ਹੈ ਇੱਦਾਂ ਕੁਝ ਹੋਰ ਲੋਕ ਵੀ ਏਜੰਡੇ ਉੱਤੇ ਹਨ

ਜਿਹੜੇ ਲੋਕਾਂ ਨੂੰ ਸ਼ਤਰੰਜ ਦੀ ਖੇਡ ਦਾ ਪਤਾ ਹੈ, ਉਹ ਜਾਣਦੇ ਹਨ ਕਿ ਬਾਕੀ ਦੀਆਂ ਸਾਰੀਆਂ ਗੋਟੀਆਂ ਸਿੱਧੇ ਜਾਂ ਤਿਰਛੇ ਪਾਸੇ ਇੱਕੋ ਸੇਧ ਵਿੱਚ ਅੱਗੇ ਜਾਂ ਪਿੱਛੇ ਹੁੰਦੀਆਂ ਹਨ, ਪਰ ਇਸ ਖੇਡ ਵਿੱਚ ਘੋੜਾ ਜਦੋਂ ਚੱਲਦਾ ਹੈ, ਢਾਈ ਘਰਾਂ ਦਾ ਛੜੱਪਾ ਮਾਰਦਾ ਹੈਉਹ ਢਾਈ ਘਰਾਂ ਵਾਲਾ ਛੜੱਪਾ ਅੱਗੇ, ਪਿੱਛੇ, ਖੱਬੇ ਜਾਂ ਸੱਜੇ ਕਿਸੇ ਪਾਸੇ ਵੀ ਵੱਜ ਸਕਦਾ ਹੈ ਅਤੇ ਭਾਜਪਾ ਇਸ ਵਕਤ ਉਸ ਘੋੜੇ ਵਾਂਗ ਇੱਕੋ ਵਕਤ ਕਈ ਪਾਸੀਂ ਅੱਖਾਂ ਲਾਈ ਬੈਠੀ ਹੈਉਸ ਦਾ ਘੋੜਾ ਕਿਸੇ ਕਾਂਗਰਸੀ ਦੀ ਸਵਾਰੀ ਲਈ ਵੀ ਪੇਸ਼ ਹੋ ਸਕਦਾ ਹੈ, ਕਿਸੇ ਅਕਾਲੀ ਜਾਂ ਭਾਜਪਾ ਵਿੱਚੋਂ ਕੱਢੇ ਹੋਏ ਆਗੂ ਲਈ ਵੀ ਤੇ ਕਿਸੇ ਵੱਡੇ ਅਫਸਰ ਵਾਸਤੇ ਵੀ, ਜਿਹੜਾ ਅਗਲੇ ਦਿਨੀਂ ਰਿਟਾਇਰ ਹੋਣ ਵਾਲਾ ਹੈਇਹ ਸ਼ਤਰੰਜੀ ਘੋੜਾ ਕਿਸੇ ਵੱਡੇ ਦਾਅ ਉੱਤੇ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2290)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author