SangitaDGupta7Sukirat7ਕਿਤੇ ਇਹ ਤਾਂ ਨਹੀਂ ਕਿ ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ? ...
(ਮਾਰਚ 15, 2016)

 

(ਉਮਰ ਖਾਲਿਦ ਦੀ ਅਧਿਆਪਕਾ ਸੰਗੀਤਾ ਦਾਸਗੁਪਤਾ ਦੇ ਅੰਗਰੇਜ਼ੀ ਵਿਚ ਛਪੇ ਲੇਖ ਦੇ ਕੁਝ ਹਿੱਸੇ: ਇੰਡੀਅਨ ਐਕਸਪ੍ਰੈੱਸਤੋਂ ਧੰਨਵਾਦ ਸਹਿਤ)

9ਫਰਵਰੀ ਦੇ ਦਿਨ, ਦੁਪਹਿਰ ਦੇ 1.20 ਤਕ ਉਮਰ ਮੇਰੇ ਦਫਤਰ ਵਿਚ ਸੀ। ਅਨਿਰਬਾਨ ਆਪਣੇ ਥੀਸਸ ਦਾ ਇਕ ਹਿੱਸਾ ਮੇਰੀ ਨਿਗਰਾਨੀ ਹੇਠ ਪੀਐੱਚ.ਡੀ. ਜਾਂ ਐੱਮਫ਼ਿਲ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਸੁਣਾ ਰਿਹਾ ਸੀ। ਉਮਰ ਨੇ ਸਭ ਕੁਝ ਬੜੇ ਧਿਆਨ ਨਾਲ ਸੁਣਿਆ, ਬਹਿਸ ਵਿਚ ਹਿੱਸਾ ਲਿਆ ਤੇ ਉਸਦੇ ਜਾਣ ਤੋਂ ਪਹਿਲਾਂ ਅਸੀਂ ਇਸ ਤੋਂ ਬਾਅਦ ਉਸਦੇ ਆਪਣੇ ਥੀਸਸ ਵਿੱਚੋਂ ਹੋਣ ਵਾਲੀ ਪੇਸ਼ਕਾਰੀ ਦੀ ਤਰੀਕ ਵੀ ਮਿੱਥ ਲਈ ਪਰ ਉਸ ਸਮੇਂ ਕਿਸ ਨੂੰ ਪਤਾ ਸੀ ਕਿ ਘਟਨਾਵਾਂ ਉਸ ਲਈ, ਮੇਰੇ ਲਈ, ਅਤੇ ਜੇ.ਐੱਨ.ਯੂ. ਨਾਲ ਜੁੜੇ ਸਾਡੇ ਸਭਨਾਂ ਲਈ ਕਿਹੋ ਜਿਹਾ ਨਾਟਕੀ ਮੋੜ ਲੈਣ ਵਾਲੀਆਂ ਸਨ! ਸਾਬਰਮਤੀ ਹੋਸਟਲ ਦੇ ਲਾਅਨ ਵਿਚ ਹੋਈ ਉਸ ਮਿਲਣੀ ਦੇ ਕੁਝ ਹੀ ਘੰਟਿਆਂ ਬਾਅਦ ਜਿਵੇਂ ਪਰਲੋ ਆਣ ਪਈ। ਉਮਰ ਹੁਣ ਉਮਰ ਨਹੀਂ ਸੀ ਰਿਹਾ; ਟੀ.ਵੀ. ਚੈਨਲਾਂ ਉੱਤੇ ਮੁੜ ਮੁੜ ਉਮਰ ਖਾਲਿਦ ਦੇ ਨਾਂਅ ਹੇਠ ਪੇਸ਼ ਹੋ ਰਿਹਾ ਦੇਸ਼-ਵਿਰੋਧੀਸੀ, ਜੋ ਦੇਸ਼ ਦੇ ਟੁਕੜੇ ਟੁਕੜੇ ਹੋਣ ਦੀ ਮੰਗ ਕਰਦਾ ਹੈ, ਅੰਤਰ-ਰਾਸ਼ਟਰੀ ਸੰਸਥਾਵਾਂ ਦੇ ਪੈਸੇ ’ਤੇ ਪਲਣ ਵਾਲਾ ਇਸਲਾਮੀ ਦਹਿਸ਼ਤਗਰਦਸੀ, ਜੋ ਹੁਣੇ ਹੁਣੇ ਪਾਕਿਸਤਾਨ ਹੋ ਕੇ ਆਇਆ ਸੀ। ਕਿਹਾ ਜਾ ਰਿਹਾ ਸੀ ਕਿ ਉਹ ਜੇ.ਐਨ.ਯੂ. ਵਾਲੀ ਘਟਨਾ ਦਾ ਸਰਗਣਾਸੀ ਹਰ ਰੋਜ਼ ਇਨ੍ਹਾਂ ਜਾਣਕਾਰੀਆਂਵਿਚ ਵਾਧਾ ਹੋ ਰਿਹਾ ਸੀ: ਉਹ ਜੈਸ਼-ਏ-ਮੁਹੰਮਦਦਾ ਹਮਦਰਦ ਹੈ, ਆਈ.ਬੀ. ਚਿਰਾਂ ਤੋਂ ਉਸ ਨੂੰ ਤਾੜ ਰਹੀ ਸੀ।

ਮੈਂ ਉਸਦਾ ਨਾਂਅ ਗੂਗਲ ਕੀਤਾ ਤਾਂ ਪਤਾ ਲੱਗਾ ਕਿ ਉਹਨੂੰ ਇੱਕੋ ਵੇਲੇ ਚਾਰ-ਚਾਰ ਰਾਜਾਂ ਦਾ ਵਸਨੀਕ ਦੱਸਿਆ ਜਾ ਰਿਹਾ ਸੀ। ਇਹ ਸੀ ਮੀਡੀਆ-ਮੁਕੱਦਮੇ ਦਾ ਸ਼ਿਕਾਰ ਜਿਸਨੂੰ ਸਿਰਫ਼ ਇਸ ਲਈ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਗਿਆ, ਕਿਉਂਕਿ ਉਹ ਮੁਸਲਮਾਨ ਸੀ। ਕੋਈ ਵੀ ਜੁਰਮ ਸਾਬਤ ਹੋਣ ਤੋਂ ਪਹਿਲਾਂ ਹੀ ਉਸਨੂੰ ਮੁਜਰਿਮ ਕਰਾਰ ਦੇ ਦਿੱਤਾ ਗਿਆ।

ਮੈਂ ਤੁਹਾਨੂੰ ਆਪਣੇ ਵਿਦਿਆਰਥੀ ਉਮਰ ਬਾਰੇ ਦੱਸਣਾ ਚਾਹੁੰਦੀ ਹਾਂ। ਪਿਛਲੇ ਪੰਜ ਸਾਲਾਂ ਤੋਂ ਮੈਂ ਉਸਦੀ ਨਿਗਰਾਨ-ਅਧਿਆਪਕਾ ਹਾਂ, ਅਤੇ ਉਹ ਮੇਰੇ ਪੜ੍ਹਾਏ ਸਭ ਤੋਂ ਰੌਸ਼ਨ-ਦਿਮਾਗ਼ ਵਿਦਿਆਰਥੀਆਂ ਵਿੱਚੋਂ ਹੈ। 2009 ਵਿਚ ਉਮਰ ਇਤਿਹਾਸ ਅਧਿਐਨ ਕੇਂਦਰ ਵਿਚ ਐੱਮ.ਏ. ਕਰਨ ਆਇਆ ਸੀ। ਉਸ ਕੋਲੋਂ ਮੈਨੂੰ ਆਪਣੇ ਕੋਰਸ ਬਾਰੇ ਕਈ ਵਾਰ ਗੰਭੀਰ ਮੋੜਵੀਂ ਰਾਏ ਮਿਲੀ। ਮੈਂ ਲਗਾਤਾਰ ਆਪਣੇ ਵਿਦਿਆਰਥੀਆਂ ਨੂੰ ਆਪਸੀ ਬਹਿਸ ਲਈ ਪ੍ਰੇਰਦੀ ਸਾਂ। ਉਮਰ ਨੇ ਮਹਿਸੂਸ ਕੀਤਾ ਕਿ ਮੇਰਾ ਇਹ ਇਸਰਾਰ ਉਨ੍ਹਾਂ ਵਿਦਿਆਰਥੀਆਂ ਵਿਚ ਘਬਰਾਹਟ ਪੈਦਾ ਕਰਦਾ ਹੈ ਜਿਨ੍ਹਾਂ ਕੋਲ ਅੰਗਰੇਜ਼ੀ ਵਿਚ ਬੋਲਣ ਦੀ ਮੁਹਾਰਤ ਨਹੀਂ ਹੁੰਦੀ। ਉਸਦੀ ਇਹ ਟਿੱਪਣੀ ਮੈਨੂੰ ਕਦੇ ਨਹੀਂ ਭੁੱਲੀ।

ਉਮਰ ਬੜੀ ਸ਼ਿੱਦਤ ਅਤੇ ਪ੍ਰਤੀਬੱਧਤਾ ਨਾਲ ਆਦਿਵਾਸੀਆਂ ਦੇ ਇਤਿਹਾਸ ਅਤੇ ਸਿਆਸਤ ਨਾਲ ਜੁੜਿਆ ਹੋਇਆ ਹੈ। ਉਸਦੀ ਖੋਜ ਦਾ ਵਿਸ਼ਾ ਬਸਤੀਵਾਦੀ ਦੌਰ ਵਿਚ ਰਾਜਸੱਤਾ ਨਾਲ ਆਦਿਵਾਸੀਆਂ ਦੇ ਸੰਘਰਸ਼ਾਂ ਅਤੇ ਟਕਰਾਵਾਂ ਦੇ ਅਧਿਐਨ ਰਾਹੀਂ ਉਨ੍ਹਾਂ ਦੇ ਅਜੋਕੇ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ’ਤੇ ਕੇਂਦਰਤ ਹੈ।

ਹਾਸ਼ੀਆਗ੍ਰਸਤ ਲੋਕਾਂ ਪ੍ਰਤੀ ਉਸਦੀ ਡੂੰਘੀ ਹਮਦਰਦੀ ਬਹਿਸਾਂ ਅਤੇ ਵਿਚਾਰ-ਵਟਾਂਦਰਿਆਂ ਦੌਰਾਨ ਲਗਾਤਾਰ ਜ਼ਾਹਰ ਹੁੰਦੀ ਸੀ। ਵਿਦਿਆਰਥੀ ਬਹਿਸਾਂ ਸਮੇਂ ਮੈਂ ਹਮੇਸ਼ਾ ਉਮਰ ਦੀ ਸ਼ਮੂਲੀਅਤ ਦੀ ਇੱਛਕ ਰਹੀ ਹਾਂ, ਕਿਉਂਕਿ ਉਸਦੇ ਹੋਣ ਨਾਲ ਵਿਚਾਰ-ਵਟਾਂਦਰਿਆਂ ਵਿਚ ਭਰਪੂਰਤਾ ਆ ਜਾਂਦੀ ਸੀ। ਤੇ ਅੱਜ ਇਹ ਵੀ ਚੇਤੇ ਕਰ ਰਹੀ ਹਾਂ ਕਿ ਸ਼ਰੀਆ ਕਾਨੂੰਨ ਬਾਰੇ ਹੋ ਰਹੀ ਬਹਿਸ ਦੌਰਾਨ ਕਿਵੇਂ ਉਸਨੇ ਮੁਸਕਰਾ ਕੇ ਕਿਹਾ ਸੀ, ‘ਮੈਡਮ, ਇਸ ਸਭ ਬਾਰੇ ਮੇਰੀ ਜਾਣਕਾਰੀ ਸਿਫ਼ਰ ਬਰਾਬਰ ਹੈ।’

ਮੈਂ ਅਮਰੀਕਾ ਦੀ ਯੂਨੀਵਰਸਿਟੀ ਯੇਲ ਵਿਚ ਇਕ ਸਾਲ ਦੇ ਵਟਾਂਦਰਾ-ਪ੍ਰੋਗਰਾਮ ਉੱਤੇ ਉਸਨੂੰ ਭੇਜਣ ਲਈ ਪਰੇਰ ਨਾ ਸਕੀ। ਕਿਉਂਕਿ ਉਸਦੀ ਸਮਾਜਕ ਅਤੇ ਅਕਾਦਮਿਕ ਪ੍ਰਤੀਬੱਧਤਾ ਇੱਥੇ, ਭਾਰਤ ਵਿਚ ਹੈ। ਉਸਦੇ ਖੋਜ-ਪੱਤਰ ਵਿੱਚੋਂ ਇਕ ਟੂਕ ਦਰਜ ਕਰਕੇ ਗੱਲ ਮੁਕਾਉਂਦੀ ਹਾਂ: ਸਾਡਾ ਹਰ ਪਲ ਬਿਹਤਰੀ ਲਈ ਸੰਘਰਸ਼ ਵਿਚ ਜੁਟਿਆ ਹੋਣਾ ਚਾਹੀਦਾ ਹੈ।’ ਇਹੋ ਜਿਹੇ ਵਿਚਾਰ ਅੱਜ ਸਿਰਫ਼ ਖਾਬ-ਖਿਆਲੀ ਵਾਲੀ ਦੁਨੀਆ ਵਿਚ ਲੱਭਦੇ ਹੋਣਗੇ। ਪਰ ਇਨ੍ਹਾਂ ਵਿਚਾਰਾਂ ਵਿਚ ਕੁਝ ਵੀ ਗੈਰ-ਸੰਵਿਧਾਨਕ ਨਹੀਂ।

ਰਤਾ ਸਾਨੂੰ ਵੀ ਪੁੱਛ ਕੇ ਦੇਖੋ, ਜਿਨ੍ਹਾਂ ਨੇ ਇਸ ਯੂਨੀਵਰਸਟੀ ਦੇ ਲਾਂਘਿਆਂ ਵਿਚ ਉਮਰ ਨਾਲ ਕਈ ਵਰ੍ਹੇ ਗੁਜ਼ਾਰੇ ਹਨ, ਕਿ ਉਮਰ ਕਿਹੋ ਜਿਹਾ ਮਨੁੱਖ ਹੈ। ਕਿਤੇ ਇਹ ਤਾਂ ਨਹੀਂ ਕਿ ਦੇਸ਼-ਧਰੋਹਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ?

*****

(221)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)