JatinderPannu7ਮਹਾਭਾਰਤ ਦੇ ਅਠਾਰਾਂ ਦਿਨਾਂ ਦੇ ਮੁਕਾਬਲੇ ਅਠਾਰਾਂ ਹਫਤੇ ਲੰਘਣ ਮਗਰੋਂ ਵੀ ...
(6 ਅਗਸਤ 2020)

 

ਇਸ ਸਾਲ ਦੇ ਮਾਰਚ ਦੇ ਤੀਸਰੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਫਤਿਆਂ ਦੇ ਲਾਕਡਾਊਨ ਦਾ ਐਲਾਨ ਕਰਨ ਵੇਲੇ ਕਿਹਾ ਸੀ ਕਿ ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿੱਚ ਜਿੱਤੀ ਗਈ ਸੀ, ਮੈਂ ਤੁਹਾਡੇ ਤਿੰਨ ਹਫਤੇ ਮੰਗ ਰਿਹਾ ਹਾਂ, ਇਨ੍ਹਾਂ ਤਿੰਨ ਹਫਤਿਆਂ ਵਿੱਚ ਅਸੀਂ ਇਹ ਜੰਗ ਜਿੱਤਣੀ ਹੈਲੋਕਾਂ ਨੇ ਹੁੰਗਾਰਾ ਭਰਿਆ ਸੀਫਿਰ ਉਨ੍ਹਾਂ ਇੱਕ ਦਿਨ ਤਾੜੀਆਂ ਵਜਾਉਣ ਅਤੇ ਥਾਲੀਆਂ ਖੜਕਾਉਣ ਨੂੰ ਕਿਹਾ ਤਾਂ ਲੋਕਾਂ ਨੇ ਖੜਕਾ ਦਿੱਤੀਆਂ ਤੇ ਭਾਜਪਾ ਦੇ ਹੱਦੋਂ ਬਾਹਰੇ ਉਤਸ਼ਾਹੀ ਲੋਕ, ਕੁਝ ਅਫਸਰ ਲੋਕ ਵੀ, ਸੜਕਾਂ ਉੱਤੇ ਬਿਗਲ ਅਤੇ ਵਾਜੇ ਵਜਾਉਂਦੇ ਨਿਕਲ ਪਏ ਸਨ ਪ੍ਰਧਾਨ ਮੰਤਰੀ ਨੇ ਜਦੋਂ ਕਿਹਾ ਕਿ ਮੋਮਬੱਤੀਆਂ ਜਗਾਇਓ ਤਾਂ ਸਾਡੇ ਵਰਗੇ ਲੋਕਾਂ ਨੇ ਵੀ ਇਹ ਸੋਚ ਕੇ ਜਗਾ ਦਿੱਤੀਆਂ ਸਨ ਕਿ ਸਾਨੂੰ ਕੋਈ ਇਹ ਨਾ ਕਹੇ ਕਿ ਇਹ ਦੇਸ਼ ਦੀ ਸੁਖ ਨਹੀਂ ਮੰਗਦੇਫਿਰ ਵੀ ਜੰਗ ਜਿੱਤੀ ਨਹੀਂ ਗਈਤਿੰਨ ਤਾਂ ਕਿਧਰੇ ਗਏ, ਮਹਾਭਾਰਤ ਦੇ ਅਠਾਰਾਂ ਦਿਨਾਂ ਦੇ ਮੁਕਾਬਲੇ ਅਠਾਰਾਂ ਹਫਤੇ ਲੰਘਣ ਮਗਰੋਂ ਵੀ ਜੰਗ ਜਿੱਤ ਸਕਣ ਦੀ ਥਾਂ ਔਕੜ ਵਧ ਗਈ ਹੈ ਉਦੋਂ ਕਿਸੇ ਰਾਜ ਵਿੱਚ ਇੱਕ-ਦੋ ਕੇਸ ਵਧਦੇ ਸਨ ਤਾਂ ਰੌਲਾ ਪੈਂਦਾ ਸੀਜੁਲਾਈ ਖਤਮ ਹੋਈ ਤਾਂ ਰੋਜ਼ ਦੇ ਪੰਜਾਹ-ਪਚਵੰਜਾ ਹਜ਼ਾਰ ਕੇਸ ਮਿਲਣ ਲੱਗ ਪਏ ਅਤੇ ਰੋਜ਼ ਦੀਆਂ ਸਾਢੇ ਸੱਤ ਸੌ ਤੋਂ ਵੱਧ ਮੌਤਾਂ ਦੀਆਂ ਖਬਰਾਂ ਸੁਣਨ ਲੱਗ ਪਈਆਂ ਹਨਭਾਰਤ ਕੇਸਾਂ ਦੇ ਪੱਖੋਂ ਤਾਂ ਦੋ ਹਫਤੇ ਪਹਿਲਾਂ ਹੀ ਦੁਨੀਆ ਭਰ ਵਿੱਚ ਤੀਸਰੇ ਨੰਬਰ ਉੱਤੇ ਆ ਗਿਆ ਸੀ, ਫਿਰ ਮੌਤਾਂ ਦੇ ਪੱਖੋਂ ਵੀ ਪੰਜਵੇਂ ਥਾਂ ਲਿਖਿਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਅਜੇ ਵੀ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਕਰਦੇ, ਸਗੋਂ ਪਹਿਲੇ ਕੀਤੇ ਦਾਅਵਿਆਂ ਨੂੰ ਚੇਤੇ ਕਰਨ ਦੀ ਬਜਾਏ ਨਵੇਂ ਭਾਸ਼ਣਾਂ ਲਈ ਸ਼ਬਦਾਵਲੀ ਦੀ ਚੋਣ ਕਰਨ ਲੱਗੇ ਰਹਿੰਦੇ ਹਨ

ਜਦੋਂ ਸਥਿਤੀ ਇੰਨੀ ਗੰਭੀਰ ਹੋਈ ਪਈ ਹੈ, ਦੇਸ਼ ਦੇ ਹਰ ਰਾਜ ਵਿੱਚ ਇਸ ਨਾਲ ਲੜਨ ਲਈ ਪੈਸੇ ਦੀ ਕਮੀ ਦਾ ਰੌਲਾ ਪੈ ਰਿਹਾ ਹੈਸਰਕਾਰ ਭਾਜਪਾ ਦੀ ਜਾਂ ਉਸ ਦੇ ਕਿਸੇ ਸਹਿਯੋਗੀ ਦੀ ਹੋਵੇ ਤਾਂ ਕਾਂਗਰਸੀ ਉਸ ਨੂੰ ਠਿੱਠ ਕਰਨ ਦੇ ਲਈ ਬਾਜ਼ਾਰਾਂ ਵਿੱਚ ਨਿਕਲਦੇ ਤੇ ਬਿਆਨਬਾਜ਼ੀ ਕਰਦੇ ਹਨ ਤੇ ਜਿੱਥੇ ਕਾਂਗਰਸ ਦੀ ਹੋਵੇ, ਉੱਥੇ ਭਾਜਪਾ ਅਤੇ ਇਸਦੇ ਸਹਿਯੋਗੀ ਦਲਾਂ ਵਾਲੇ ਇਹੋ ਕੁਝ ਕਰਦੇ ਹਨਰਾਜਾਂ ਕੋਲ ਇਸ ਵੇਲੇ ਕਿਸੇ ਵੀ ਥਾਂ ਲੋੜ ਜੋਗੇ ਪੈਸੇ ਨਹੀਂਅਸੀਂ ਜਿਸ ਯੁਗ ਵਿੱਚ ਪਲੇ ਸਾਂ, ਉਦੋਂ ਬਜ਼ੁਰਗ ਕਿਹਾ ਕਰਦੇ ਸਨ ਕਿ ਇਹ ਨਹੀਂ ਵੇਖੀਦਾ ਕਿ ਵਕਤ ਕਿੰਨਾ ਔਖਾ ਆ ਗਿਆ ਹੈ, ਸਗੋਂ ਇਹ ਸੋਚੀਦਾ ਹੈ ਕਿ ਇਸ ਤੋਂ ਵੀ ਬੁਰਾ ਆ ਸਕਦਾ ਹੈਇਸ ਲਈ ਔਖੇ ਸਮੇਂ ਵੀ ਕੁਝ ਨਾ ਕੁਝ ਬਚਾ ਕੇ ਰੱਖਣਾ ਚਾਹੀਦਾ ਹੈ, ਪਤਾ ਨਹੀਂ ਕਦੋਂ ਲੋੜ ਪੈ ਜਾਵੇ! ਇਹ ਗੱਲ ਅੱਜ ਸੱਚੀ ਸਾਬਤ ਹੋ ਰਹੀ ਹੈਭਾਰਤ ਦੇ ਲਗਭਗ ਹਰ ਰਾਜ ਦੀ ਸਰਕਾਰ ਦਾ ਬੱਜਟ ਹਰ ਸਾਲ ਘਾਟੇ ਵਾਲਾ ਪੇਸ਼ ਹੁੰਦਾ ਹੈਲੋਕ ਟੈਕਸ ਦਿੰਦੇ ਹਨ, ਪਰ ਉਸ ਵਿੱਚੋਂ ਕਦੇ ਕੁਝ ਵੀ ਬਚਦਾ ਨਹੀਂ, ਉਲਟਾ ਅਗਲੇ ਸਾਲ ਬੱਜਟ ਘਾਟਾ ਹੋਰ ਵਧ ਜਾਂਦਾ ਹੈਰਾਜ ਕਰਨ ਵਾਲਿਆਂ ਨੂੰ ਸਥਿਤੀ ਦੇ ਮੁਕਾਬਲੇ ਲਈ ਕੋਈ ਰਾਹ ਲੱਭੇ ਜਾਂ ਨਾ, ਆਪੋ-ਆਪਣੀ ਲੋੜ ਪੂਰੀ ਕਰੀ ਜਾਂਦੇ ਹਨਹਰ ਰਾਜ ਵਿੱਚ ਇਹੋ ਹੁੰਦਾ ਹੈ

ਆਮ ਕਹਾਵਤ ਹੈ ਕਿ ‘ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ’ਆਮਦਨ ਅਤੇ ਖਰਚ ਦੇ ਮਾਮਲੇ ਵਿੱਚ ਭਾਰਤ ਦੇ ਕੇਂਦਰੀ ਹਾਕਮ ਅਤੇ ਰਾਜਾਂ ਵਾਲੇ ਇਸ ਕਹਾਵਤ ਦਾ ਨਮੂਨਾ ਬਣੇ ਜਾਪਦੇ ਹਨਰਾਜਾਂ ਕੋਲ ਇਸ ਵੇਲੇ ਖਰਚਣ ਵਾਸਤੇ ਪੈਸੇ ਨਹੀਂ ਤੇ ਉਹ ਠੀਕ ਕਹਿੰਦੇ ਹਨ ਕਿ ਕਾਰੋਬਾਰ ਬੰਦ ਹੋਣ ਕਾਰਨ ਟੈਕਸਾਂ ਦੀ ਉਗਰਾਹੀ ਡੁੱਬ ਗਈ ਹੈ ਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੇ ਹਿੱਸੇ ਦੇ ਕੇਂਦਰ ਵੱਲੋਂ ਉਗਰਾਹੇ ਜਾਂਦੇ ਜੀ ਐੱਸ ਟੀ ਵਿੱਚ ਬਣਦਾ ਹਿੱਸਾ ਦੇਣ ਤੋਂ ਪਾਸਾ ਵੱਟੀ ਜਾ ਰਹੀ ਹੈਕੇਂਦਰ ਸਰਕਾਰ ਕੋਲ ਰਿਜ਼ਰਵ ਬੈਂਕ ਹੈ, ਫਿਰ ਵੀ ਉਸ ਦਾ ਹੱਥ ਤੰਗ ਹੈਕਾਰਨ ਸਿਰਫ ਇਹ ਹੈ ਕਿ ਜਦੋਂ ਰਿਜ਼ਰਵ ਬੈਂਕ ਦਾ ਖਜ਼ਾਨਾ ਭਰਨ ਦੀ ਲੋੜ ਸੀ, ਉਂਜ ਮੋਦੀ ਸਰਕਾਰ ਨੂੰ ਮਿਲਿਆ ਵੀ ਭਰਿਆ ਸੀ, ਇਸ ਪਾਸੇ ਧਿਆਨ ਦੇਣ ਦੀ ਥਾਂ ਉਦੋਂ ਸਰਕਾਰ ਵੋਟਾਂ ਲਈ ਅੱਖ ਰੱਖ ਕੇ ਨੋਟਾਂ ਦੀ ਸੋਟ ਕਰਨ ਰੁੱਝੀ ਰਹੀ ਸੀਪਿਛਲੇ ਸਾਲ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਰਿਜ਼ਰਵ ਬੈਂਕ ਤੋਂ ਇਸੇ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਮੰਗੇ ਗਏ ਸਨ ਅਤੇ ਰੌਲਾ ਪੈ ਜਾਣ ਕਾਰਨ ਭਾਵੇਂ ਰਿਜ਼ਰਵ ਬੈਂਕ ਤੋਂ ਇਹ ਲੈਣੇ ਰੋਕ ਦਿੱਤੇ ਸਨ, ਚੋਣਾਂ ਜਿੱਤਦੇ ਸਾਰ ਸਰਕਾਰ ਨੇ ਫਿਰ ਮੰਗ ਕੇ ਮਰਜ਼ੀ ਦੇ ਕੰਮਾਂ ਵਿੱਚ ਖਰਚ ਦਿੱਤੇ ਸਨ ਉਦੋਂ ਕਿਸੇ ਨੂੰ ਇਹ ਖਿਆਲ ਤਕ ਨਹੀਂ ਸੀ ਕਿ ਕੋਈ ਕੋਰੋਨਾ ਵਾਇਰਸ ਅਗਲੇ ਦਿਨੀਂ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈਜਦੋਂ ਕਰੋਨਾ ਨੇ ਝਪੱਟਾ ਮਾਰਿਆ ਤਾਂ ਵੱਡੇ-ਵੱਡੇ ਅਮੀਰ ਸਮਝੇ ਜਾਂਦੇ ਦੇਸ਼ ਵੀ ਉਸ ਦੀ ਮਾਰ ਨਾਲ ਹਿੱਲ ਗਏ ਸਨਭਾਰਤ ਤਾਂ ਪਹਿਲਾਂ ਹੀ ਆਰਥਿਕ ਗੜਬੜ ਦਾ ਸ਼ਿਕਾਰ ਸੀਇਸ ਕਰ ਕੇ ਇਸਦੀ ਆਰਥਿਕਤਾ ਇਸ ਅਣਕਿਆਸੀ ਕੁਦਰਤੀ ਹਨੇਰੀ ਅੱਗੇ ਝੂਲਣ ਲੱਗ ਪਈ ਅਤੇ ਘਰਾਂ ਵਿੱਚ ਲਾਕਡਾਊਨ ਦੇ ਕਾਰਨ ਖਾਲੀ ਬੈਠੇ ਲੋਕਾਂ ਲਈ ਦਿੱਤੇ ਗਏ ਪੈਕੇਜ ਇਸ ਨੂੰ ਹੋਰ ਖੋਖਲਾ ਕਰੀ ਜਾ ਰਹੇ ਹਨ

ਪਿਛਲੇ ਸਾਲ ਦੇ ਅੰਤ ਵਿੱਚ ਭਾਰਤ ਸਰਕਾਰ ਨੇ ਮਨ ਬਣਾਇਆ ਸੀ ਕਿ ਏਅਰ ਇੰਡੀਆ ਅਤੇ ਕੁਝ ਹੋਰ ਵੱਡੇ ਕੇਂਦਰ ਸਰਕਾਰ ਦੇ ਅਦਾਰੇ ਵੇਚ ਕੇ ਇਨ੍ਹਾਂ ਵਿੱਚੋਂ ਇੱਕ ਲੱਖ ਕਰੋੜ ਰੁਪਏ ਦੀ ਕਮਾਈ ਕਰਨੀ ਹੈਕੋਰੋਨਾ ਦੇ ਆਉਣ ਨਾਲ ਉਨ੍ਹਾਂ ਦੀ ਸੇਲ ਰੋਕਣੀ ਪੈ ਗਈਇਸ ਮਗਰੋਂ ਕੁਝ ਰਾਹ ਸੋਚਣ ਦੀ ਲੋੜ ਸੀ ਇਸਦੀ ਬਜਾਏ ਕੇਂਦਰ ਸਰਕਾਰ ਨੇ ਫਿਰ ਇਹ ਕਹਿ ਦਿੱਤਾ ਕਿ ਤੇਈ ਹੋਰ ਸਰਕਾਰੀ ਅਦਾਰਿਆਂ ਤੋਂ ਆਪਣੇ ਹਿੱਸੇ ਕੱਢ ਕੇ ਉਹ ਵੀ ਵੱਡੇ ਪੂੰਜੀਪਤੀਆਂ ਦੀ ਝੋਲੀ ਪਾ ਦੇਣੇ ਹਨਇਨ੍ਹਾਂ ਵਿੱਚ ਪੰਜ ਬੈਂਕ ਵੀ ਹਨਜਿਹੜੇ ਬੈਂਕ ਸਰਕਾਰੀ ਹੱਥਾਂ ਵਿੱਚ ਅਜੇ ਤਕ ਚੰਗੇ ਚੱਲੀ ਜਾ ਰਹੇ ਹਨ ਅਤੇ ਇਨ੍ਹਾਂ ਵਿੱਚ ਜਮ੍ਹਾਂ ਹੋਇਆ ਲੋਕਾਂ ਦਾ ਪੈਸਾ ਸਰਕਾਰ ਦੀ ਯੋਜਨਾਬੰਦੀ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ, ਇਨ੍ਹਾਂ ਦੇ ਪ੍ਰਾਈਵੇਟ ਹੱਥਾਂ ਵਿੱਚ ਜਾਣ ਨਾਲ ਉਹ ਯੋਜਨਾਬੰਦੀ ਦੇ ਬਜਾਏ ਅਮੀਰਾਂ ਦੇ ਕਾਰੋਬਾਰ ਅਤੇ ਕਮਾਈ ਵਿੱਚ ਵਾਧਾ ਕਰਨ ਲਈ ਵਰਤਿਆ ਜਾਵੇਗਾਅਜੇ ਤਕ ਇਸ ਗੱਲ ਦੀ ਚਰਚਾ ਸੁਣੀ ਜਾ ਰਹੀ ਸੀ ਕਿ ਵੱਡੇ ਘਰਾਣੇ ਸਰਕਾਰਾਂ ਨੂੰ ਮਰਜ਼ੀ ਨਾਲ ਚਲਾ ਰਹੇ ਹਨ, ਇਸ ਤਾਜ਼ਾ ਕਦਮ ਨਾਲ ਲੋਕਾਂ ਨੂੰ ਇਹ ਕੁਝ ਹੋ ਰਿਹਾ ਸਾਫ ਦਿਖਾਈ ਦੇ ਜਾਵੇਗਾ ਕਿ ਉਨ੍ਹਾਂ ਦਾ ਪੈਸਾ ਸਰਕਾਰ ਵੱਡੇ ਘਰਾਣਿਆਂ ਦੀਆਂ ਤਿਜੌਰੀਆਂ ਵਿੱਚ ਪਾਈ ਜਾ ਰਹੀ ਹੈ

ਜਦੋਂ ਭਾਰਤ ਕੋਰੋਨਾ ਵਾਇਰਸ ਦੇ ਨਾਲ ਮੱਥਾ ਲਾਈ ਬੈਠਾ ਹੈ, ਭਾਵੇਂ ਸਾਰੀ ਦੁਨੀਆ ਇਸ ਰੋਗ ਦੇ ਨਾਲ ਜੂਝਦੀ ਪਈ ਹੈ, ਭਾਰਤ ਉਨ੍ਹਾਂ ਚਾਰ ਦੇਸ਼ਾਂ ਵਿੱਚੋਂ ਇੱਕ ਹੈ, ਜਿਹੜੇ ਇਸ ਵਕਤ ਸਭ ਤੋਂ ਵੱਡੀ ਮੁਸ਼ਕਲ ਵਿੱਚ ਹਨ ਤਾਂ ਦੂਸਰੇ ਪਾਸੇ ਇਸਦੀ ਸਥਿਤੀ ਸਰਹੱਦਾਂ ਉੱਤੇ ਵੀ ਸੁਖਾਵੀਂ ਨਹੀਂਪਾਕਿਸਤਾਨ ਆਪਣੇ ਜਨਮ ਵੇਲੇ ਤੋਂ ਭਾਰਤ ਵਿਰੁੱਧ ਆਢਾ ਲਾਈ ਤੁਰਿਆ ਰਿਹਾ ਹੈ, ਪਰ ਇਸ ਵੇਲੇ ਚੀਨ ਨਾਲ ਵੀ ਸੰਬੰਧਾਂ ਵਿੱਚ ਕੌੜ ਸਿਖਰ ਉੱਤੇ ਹੈਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਪਾਸੇ ਕਿਸ ਦੇਸ਼ ਨਾਲ ਸਿੱਧੇ ਟਕਰਾਅ ਦੀ ਨੌਬਤ ਆ ਜਾਵੇ, ਸਿਰਫ ਇਹ ਪਤਾ ਹੈ ਕਿ ਬਹੁਤ ਮਹਿੰਗੇ ਭਾਅ ਉੱਤੇ ਭਾਰਤ ਨੇ ਦੁਨੀਆ ਦੇ ਸਿਖਰਲੀ ਸਮਰੱਥਾ ਵਾਲੇ ਰਾਫੇਲ ਜਹਾਜ਼ਾਂ ਦਾ ਬੇੜਾ ਤਿਆਰ ਕਰ ਲਿਆ ਹੈ ਅਤੇ ਨਵੀਂਆਂ ਮਿਜ਼ਾਈਲਾਂ ਵੀ ਛੇਤੀ ਆਉਣ ਵਾਲੀਆਂ ਹਨਇਹ ਸਾਰਾ ਕੁਝ ਹੱਥਾਂ ਵਿੱਚ ਹੋਣ ਦੇ ਬਾਵਜੂਦ ਜੰਗ ਦੇ ਹਾਲਾਤ ਵਿੱਚ ਜਿਹੜੇ ਵੱਡੇ ਖਰਚੇ ਦੀ ਲੋੜ ਪੈਣੀ ਹੈ, ਜਦੋਂ ਸਾਰਾ ਪੈਲੀ-ਬੰਨਾ ਵੇਚ ਛੱਡਿਆ ਹੈ ਤੇ ਕੁਝ ਹੋਰ ਵੇਚਣ ਲਈ ਤਿਆਰੀਆਂ ਹੁੰਦੀਆਂ ਹਨ, ਰਿਜ਼ਰਵ ਬੈਂਕ ਵੀ ਨੰਗਾਂ ਦੇ ਭੜੋਲੇ ਵਾਂਗ ਖਾਲੀ ਗਾਗਰ ਖੜਕ ਰਹੀ ਹੈ ਤਾਂ ਇਹ ਜਹਾਜ਼ ਉਡਾਉਣ ਜੋਗੇ ਪ੍ਰਬੰਧ ਕਰਨੇ ਵੀ ਸੌਖੇ ਨਹੀਂ ਰਹਿ ਜਾਣੇਕੋਈ ਵਕਤ ਹੁੰਦਾ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਤੇਲ ਕੰਪਨੀਆਂ ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਵਿੱਚੋਂ ਸਰਕਾਰੀ ਹਿੱਸੇ ਕੱਢ ਕੇ ਪ੍ਰਾਈਵੇਟ ਪੂੰਜੀਪਤੀਆਂ ਨੂੰ ਸੌਂਪਣ ਦਾ ਇਰਾਦਾ ਬਣਾ ਲਿਆ ਸੀ ਉਦੋਂ ਭਾਜਪਾ ਦੀ ਮਾਂ ਮੰਨੇ ਜਾਂਦੇ ਆਰ ਐੱਸ ਐੱਸ ਦੀ ਲੀਡਰਸ਼ਿੱਪ ਨੇ ਇਹ ਕਹਿ ਕੇ ਇਸਦਾ ਵਰੋਧ ਕੀਤਾ ਸੀ ਕਿ ਕੱਲ੍ਹ ਨੂੰ ਜੰਗ ਲੱਗਣ ਦੀ ਸਥਿਤੀ ਵਿੱਚ ਬਾਹਰੋਂ ਮਿਲੇ ਇਸ਼ਾਰੇ ਉੱਤੇ ਪੂੰਜੀਪਤੀਆਂ ਨੇ ਤੇਲ ਦੀ ਸਪਲਾਈ ਵਿੱਚ ਵਿਘਨ ਪਾਇਆ ਤਾਂ ਉਸ ਵਕਤ ਦੇਸ਼ ਅੱਧ-ਵਿਚਾਲੇ ਫਸ ਕੇ ਰਹਿ ਜਾਵੇਗਾ ਉਦੋਂ ਉਨ੍ਹਾਂ ਦਾ ਵਿਰੋਧ ਕੰਮ ਆਇਆ ਅਤੇ ਵਾਜਪਾਈ ਸਰਕਾਰ ਨੂੰ ਰੁਕਣਾ ਪਿਆ ਸੀਅੱਜ ਆਰ ਐੱਸ ਐੱਸ ਲੀਡਰਸ਼ਿੱਪ ਖੁਦ ਇਨ੍ਹਾਂ ਕਦਮਾਂ ਦਾ ਚੁੱਪ ਰਹਿ ਕੇ ਸਾਥ ਦੇ ਰਹੀ ਹੈ ਤਾਂ ਬਚਾਉਣ ਵਾਲਾ ਕੌਣ ਹੈ?

ਭਾਰਤ ਇਸ ਵਕਤ ਇੱਕੋ ਸਮੇਂ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸਿਆ ਪਿਆ ਹੈ ਅਤੇ ਹੋਰ ਤੋਂ ਹੋਰ ਫਸਣ ਦੇ ਰਾਹ ਪਿਆ ਜਾਪਦਾ ਹੈਅਸੀਂ ਅੱਜ ਦੀਆਂ ਗੱਲਾਂ ਕਰਦੇ ਹਾਂ, ਜਿਵੇਂ ਬਾਬੇ ਕਹਿੰਦੇ ਹੁੰਦੇ ਸੀ, ਪਤਾ ਨਹੀਂ ਭਲਕ ਨੂੰ ਕਿਹੜੇ ਦਿਨ ਵੇਖਣੇ ਪੈਣ, ਜੇ ਬਦਕਿਸਮਤੀ ਨਾਲ ਹਾਲਾਤ ਹੋਰ ਖਰਾਬ ਹੋ ਗਏ, ਫਿਰ ਭਾਰਤ ਦਾ ਬਣੇਗਾ ਕੀ? ਦੇਸ਼ ਭਗਤੀ ਦੀਆਂ ਗੱਲਾਂ ਸਾਨੂੰ ਉਹ ਲੋਕ ਦੱਸ ਰਹੇ ਹਨ, ਜਿਨ੍ਹਾਂ ਦਾ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤਾ ਯੋਗਦਾਨ ਹੀ ਨਹੀਂ ਸੀਜਿਨ੍ਹਾਂ ਯੋਗਦਾਨ ਪਾਇਆ ਸੀ, ਉਹ ਅੱਜਕੱਲ੍ਹ ਰੜਕਦੇ ਨਹੀਂ ਜਾਪਦੇਹਾਲਾਤ ਕੂਕ-ਕੂਕ ਕੇ ਪੁੱਛਦੇ ਹਨ ਕਿ ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ,’ ਪਰ ਜਵਾਬ ਦੇਣ ਵਾਲਾ ਕੋਈ ਨਹੀਂ ਲੱਭ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2282)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author