JatinderPannu7ਅਪਰਾਧੀਆਂ ਨਾਲ ਸੈਨਤ ਮਿਲਾ ਕੇ ਚੱਲਣ ਵਾਲੇ ਸਿਵਲ ਅਤੇ ਪੁਲਿਸ ਦੇ ...
(26 ਜੁਲਾਈ 2020)

 

ਭਾਰਤ ਦੀ ਨਿਆਂ ਪ੍ਰਣਾਲੀ ਕੀੜੀ ਦੀ ਚਾਲ ਨਾਲ ਹੌਲੀ-ਹੌਲੀ ਚੱਲਦੀ ਹੈ ਇਸਦੇ ਕਈ ਕੇਸ ਫੈਸਲਾ ਹੋਣ ਵਾਸਤੇ ਇੰਨਾ ਸਮਾਂ ਲਾਈਨ ਵਿੱਚ ਲੱਗੇ ਰਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਮੂਲ ਮੁੱਦਾ ਹੀ ਭੁੱਲ ਜਾਂਦਾ ਹੈਇਸ ਹਫਤੇ ਰਾਜਸਥਾਨ ਦੀ ਭਰਤਪੁਰ ਰਿਆਸਤ ਦੇ ਸਾਬਕਾ ਰਾਜਾ ਮਾਨ ਸਿੰਘ ਵਾਲੇ ਕਤਲ ਕੇਸ ਦਾ ਫੈਸਲਾ ਹੋਇਆ ਤੇ ਉਸ ਵਕਤ ਦੇ ਇੱਕ ਡੀ ਐੱਸ ਪੀ ਸਣੇ ਗਿਆਰਾਂ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈਇਹ ਸਿਆਸੀ ਕਤਲ ਸੀ ਉਦੋਂ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਨੇ ਸੱਤ ਵਾਰੀ ਦੇ ਵਿਧਾਇਕ ਰਾਜਾ ਮਾਨ ਸਿੰਘ ਦੇ ਵਿਰੁੱਧ ਲੋਕਾਂ ਨੂੰ ਉਕਸਾ ਦਿੱਤਾ ਤੇ ਕਾਂਗਰਸੀ ਵਰਕਰਾਂ ਨੇ ਜਾ ਕੇ ਮਾਨ ਸਿੰਘ ਦੇ ਮਹਿਲ ਉੱਤੇ ਲੱਗਾ ਰਿਆਸਤ ਦਾ ਝੰਡਾ ਪੁੱਟ ਕੇ ਕਾਂਗਰਸੀ ਝੰਡਾ ਲਾ ਦਿੱਤਾ ਸੀ ਉਸੇ ਦਿਨ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਰੈਲੀ ਸੀਰਾਜਾ ਮਾਨ ਸਿੰਘ ਇਸ ਤੋਂ ਭੜਕ ਪਿਆ ਅਤੇ ਉਸ ਵੇਲੇ ਦੀ ਬਹੁ-ਚਰਚਿਤ ਐੱਸ ਯੂ ਵੀ ਗੱਡੀ ਜੋਂਗਾ ਸਿੱਧਾ ਲਿਜਾ ਕੇ ਮੁੱਖ ਮੰਤਰੀ ਦੀ ਰੈਲੀ ਵਾਲੇ ਮੰਚ ਨਾਲ ਟੱਕਰਾਂ ਮਾਰ ਕੇ ਸਟੇਜ ਤੋੜ ਦਿੱਤੀਫਿਰ ਉਸ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਵੇਖਿਆ ਤਾਂ ਜੋਂਗੇ ਦੀਆਂ ਟੱਕਰਾਂ ਨਾਲ ਉਹ ਵੀ ਭੰਨ ਸੁੱਟਿਆਮੁੱਖ ਮੰਤਰੀ ਉਸ ਦਿਨ ਰੈਲੀ ਨਹੀਂ ਸੀ ਕਰ ਸਕਿਆ ਤੇ ਸੜਕ ਰਾਹੀਂ ਰਾਜਧਾਨੀ ਜੈਪੁਰ ਪਰਤ ਗਿਆ ਸੀ, ਪਰ ਅਗਲੇ ਦਿਨ ਉਸ ਦੇ ਇਸ਼ਾਰੇ ਉੱਤੇ ਪੁਲਿਸ ਨੇ ਚੋਣ ਮੁਹਿੰਮ ਚਲਾ ਰਹੇ ਮਾਨ ਸਿੰਘ ਨੂੰ ਘੇਰ ਕੇ ਮਾਰ ਦਿੱਤਾ ਸੀਆਖਿਆ ਇਹ ਗਿਆ ਸੀ ਕਿ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਉਹ ਭਿੜ ਗਿਆ ਸੀਇਹ ਸਵਾਲ ਬਹੁਤ ਵਾਰੀ ਉੱਠਦਾ ਰਿਹਾ ਹੈ ਕਿ ਰਾਜਾ ਮਾਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਸਟੇਜ ਅਤੇ ਹੈਲੀਕਾਪਟਰ ਤੋੜਨਾ ਕਿੰਨਾ ਗਲਤ ਸੀ ਅਤੇ ਉਸ ਦੇ ਬਾਅਦ ਪੁਲਿਸ ਵੱਲੋਂ ਇਸ ਤਰ੍ਹਾਂ ਉਸ ਨੂੰ ਘੇਰ ਕੇ ਸਰੇ ਬਾਜ਼ਾਰ ਮਾਰ ਸੁੱਟਣਾ ਕਿੰਨਾ ਗਲਤ ਸੀ?

ਇਸ ਹਫਤੇ ਸੁਪਰੀਮ ਕੋਰਟ ਵਿੱਚ ਉੱਤਰ ਪ੍ਰਦੇਸ਼ ਵਿੱਚ ਪੁਲਿਸ ਵੱਲੋਂ ਮਾਰੇ ਗਏ ਵੱਡੇ ਗੈਂਗਸਟਰ ਵਿਕਾਸ ਦੁੱਬੇ ਦਾ ਕੇਸ ਸੁਣਵਾਈ ਲਈ ਲੱਗਾ ਸੀਉਸ ਦੀ ਜਾਂਚ ਸ਼ੁਰੂ ਹੋਈ ਹੈ, ਪਰ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਅੱਗੇ ਤੋਂ ਇਸ ਰਾਜ ਵਿੱਚ ਇੱਦਾਂ ਦਾ ਕੋਈ ਕਾਂਡ ਨਹੀਂ ਹੋਣਾ ਚਾਹੀਦਾਸੁਪਰੀਮ ਕੋਰਟ ਦੇ ਇਸ ਹੁਕਮ ਦੇ ਨਾਲ ਵਿਕਾਸ ਦੁੱਬੇ ਵਰਗੇ ਬਹੁਤ ਸਾਰੇ ਹੋਰ ਗੈਂਗਸਟਰ ਕਹੇ ਜਾਂਦੇ ਬੰਦਿਆਂ ਬਾਰੇ ਵੀ ਬਹਿਸ ਚੱਲ ਪਈ ਹੈ

ਅਪਰਾਧਾਂ ਵਿਰੁੱਧ ਭਾਰਤ ਦੇ ਕਾਨੂੰਨਾਂ ਬਾਰੇ ਇੱਕ ਸੈਮੀਨਾਰ ਵਿੱਚ ਅਸੀਂ ਕਈ ਸਾਲ ਪਹਿਲਾਂ ਕੁਝ ਹੋਰ ਪੱਤਰਕਾਰਾਂ ਨਾਲ ਸ਼ਾਮਲ ਹੋਏ ਸਾਂ ਉੱਥੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤ ਦੀ ਪੁਲਿਸ ਇੰਨੀ ਨਿਕੰਮੀ ਹੈ ਕਿ ਬਿਹਾਰ ਵਿੱਚ ਹੁੰਦੇ ਇੱਕ ਰੋਸ ਪ੍ਰਗਟਾਵੇ ਦੌਰਾਨ ਭੀੜ ਨੂੰ ਰੋਕ ਰਹੇ ਇੱਕ ਐੱਸ ਪੀ ਨੂੰ ਇੱਕ ਕੁੜੀ ਨੇ ਥੱਪੜ ਮਾਰ ਦਿੱਤਾ ਹੈਨਵੀਂ ਨਿਯੁਕਤ ਹੋਈ ਇੱਕ ਜੱਜ ਕੁੜੀ ਨੇ ਉੱਠ ਕੇ ਕਿਹਾ ਕਿ ਇਹ ਨਾ ਵੇਖੋ ਕਿ ਕੁੜੀ ਨੇ ਥੱਪੜ ਮਾਰਿਆ ਹੈ, ਉਸ ਕੁੜੀ ਬਾਰੇ ਸੋਚੋ ਕਿ ਇਸ ਹੱਦ ਤਕ ਦੁਖੀ ਕਿਵੇਂ ਹੋ ਗਈ ਕਿ ਲੱਕ ਨਾਲ ਪਿਸਤੌਲ ਟੰਗੀ ਖੜ੍ਹੇ ਪੁਲਿਸ ਅਫਸਰ ਨੂੰ ਥੱਪੜ ਮਾਰਨ ਤੁਰ ਪਈ? ਆਪਣੇ ਵਿਚਾਰ ਪੇਸ਼ ਕਰਦਿਆਂ ਜੱਜ ਕੁੜੀ ਨੇ ਕਿਹਾ ਕਿ ਮੈਂ ਉਸ ਕੁੜੀ ਦੀ ਕਹਾਣੀ ਪੜ੍ਹੀ ਹੈ, ਉਸ ਦੇ ਪਰਿਵਾਰ ਦੀ ਤਬਾਹੀ ਇੱਕ ਸਿਆਸੀ ਆਗੂ ਦੇ ਕਹਿਣ ਉੱਤੇ ਕੀਤੀ ਗਈ ਅਤੇ ਪੁਲਿਸ ਇਨਸਾਫ ਦੇਣ ਦੀ ਥਾਂ ਆਗੂ ਨੂੰ ਖੁਸ਼ ਕਰਨ ਲਈ ਪਰਿਵਾਰ ਦੇ ਖਿਲਾਫ ਕੇਸ ਦਰਜ ਕਰਦੀ ਰਹੀ ਸੀਭਾਰਤ ਵਿੱਚ ਇੱਦਾਂ ਹੁੰਦਾ ਰਿਹਾ ਤਾਂ ਨਤੀਜਾ ਵੀ ਇੱਦਾਂ ਦਾ ਹੀ ਨਿਕਲੇਗਾ

ਰਾਜਾ ਮਾਨ ਸਿੰਘ ਗੁੰਡਾ ਨਹੀਂ ਸੀ, ਸੱਤ ਵਾਰ ਦਾ ਇਹ ਵਿਧਾਇਕ ਕਾਂਗਰਸੀ ਮੁੱਖ ਮੰਤਰੀ ਦੀ ਬੇਹੂਦਗੀ ਕਾਰਨ ਭੜਕਿਆ ਸੀਵਿਕਾਸ ਦੁੱਬੇ ਗੁੰਡਾ ਕਿਸ ਤਰ੍ਹਾਂ ਬਣਿਆ, ਇਹ ਤਾਂ ਪਤਾ ਨਹੀਂ, ਪਰ ਜਿੰਨਾ ਚਿਰ ਉਹ ਜਿੰਦਾ ਰਿਹਾ, ਉਸ ਦੇ ਸੰਬੰਧ ਰਾਜਨੀਤਕ ਆਗੂਆਂ ਨਾਲ ਬਣੇ ਰਹੇ ਸਨਭਾਜਪਾ ਦੇ ਦੋ ਆਗੂਆਂ ਨਾਲ ਉਸ ਦੇ ਸੰਬੰਧਾਂ ਦੀ ਚਰਚਾ ਵੀ ਆਮ ਹੁੰਦੀ ਸੁਣੀ ਗਈ ਹੈਤਿੰਨ ਸਾਲ ਪਹਿਲਾਂ ਉੱਥੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਦੇ ਜ਼ਿਲ੍ਹੇ ਕਾਨਪੁਰ ਦਾ ਜ਼ਿੰਮਾ ਮੱਧ ਪ੍ਰਦੇਸ਼ ਦੇ ਜਿਸ ਭਾਜਪਾ ਆਗੂ ਨੂੰ ਮਿਲਿਆ ਸੀ, ਉਹ ਅੱਜਕੱਲ੍ਹ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਹੈ ਤੇ ਉਸ ਉਜੈਨ ਜ਼ਿਲ੍ਹੇ ਦਾ ਇੰਚਾਰਜ ਵੀ ਹੈ, ਜਿੱਥੇ ਪਨਾਹ ਲੈਣ ਗਿਆ ਵਿਕਾਸ ਦੁੱਬੇ ਫੜਿਆ ਅਤੇ ਮਾਰਿਆ ਗਿਆ ਸੀਇਸ ਕਾਰਨ ਕੁਝ ਲੋਕਾਂ ਨੂੰ ਇਹ ਕਹਿਣ ਦਾ ਹੱਕ ਹੈ ਕਿ ਵਿਕਾਸ ਦੁੱਬੇ ਨੂੰ ਕੁਝ ਆਗੂਆਂ ਦੇ ਕਾਲੇ ਪਿਛੋਕੜ ਦਾ ਉੱਤੇ ਪਰਦਾ ਪਾਉਣ ਲਈ ਮਾਰਿਆ ਗਿਆ ਹੈਦਲੀਲ ਦੇ ਹੱਕ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ

ਭਾਰਤੀ ਰਾਜਨੀਤੀ ਤੇ ਅਪਰਾਧੀਆਂ ਦੇ ਗੱਠਜੋੜ ਦੀਆਂ ਗੱਲਾਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਵਕਤ ਤੋਂ ਸੁਣੀਆਂ ਜਾ ਰਹੀਆਂ ਸਨਅੱਜਕੱਲ੍ਹ ਇਹ ਹੋਰ ਵਧ ਗਈਆਂ ਹਨਫਿਰ ਵੀ ਕਾਨੂੰਨ ਦੇ ਰਖਵਾਲੇ ਲੰਮਾ ਸਮਾਂ ਕੁਝ ਹੱਦ ਤਕ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰੀ ਵਰਤਦੇ ਰਹੇ ਸਨ, ਪਰ ਅੱਜ ਇਹੋ ਜਿਹੀ ਨਸਲ ਦੁਰਲੱਭ ਹੁੰਦੀ ਜਾਂਦੀ ਹੈ ਅਤੇ ਉਸ ਦੀ ਥਾਂ ਅਪਰਾਧੀਆਂ ਨਾਲ ਸੈਨਤ ਮਿਲਾ ਕੇ ਚੱਲਣ ਵਾਲੇ ਸਿਵਲ ਅਤੇ ਪੁਲਿਸ ਦੇ ਅਫਸਰਾਂ ਹੀ ਨਹੀਂ, ਅਦਾਲਤਾਂ ਨਾਲ ਜੁੜੇ ਹੋਏ ਕੁਝ ਲੋਕਾਂ ਬਾਰੇ ਵੀ ਗੱਲਾਂ ਆਮ ਸੁਣੀਆਂ ਜਾਣ ਲੱਗ ਪਈਆਂ ਹਨਇਹ ਚਰਚੇ ਭਾਰਤ ਦੇ ਹਰ ਰਾਜ ਅਤੇ ਹਰ ਪਾਰਟੀ ਦੇ ਰਾਜ ਵਿੱਚ ਹੋਈ ਜਾਂਦੇ ਹਨਕਿਸੇ ਆਗੂ ਨੂੰ ਇਨ੍ਹਾਂ ਚਰਚਿਆਂ ਦੀ ਕੋਈ ਸ਼ਰਮ ਵੀ ਨਹੀਂ ਜਾਪਦੀ

ਪੰਜਤਾਲੀ ਸਾਲ ਪਹਿਲਾਂ ਆਈ ਫਿਲਮ ਦੀਵਾਰ ਵਿੱਚ ਇੱਕ ਮਜ਼ਦੂਰ ਆਗੂ ਨੂੰ ਗੱਲਬਾਤ ਬਹਾਨੇ ਸੱਦ ਕੇ ਉਸ ਦੇ ਬੱਚਿਆਂ ਨੂੰ ਅਗਵਾ ਕਰਨ ਤੇ ਮਾਰ ਦੇਣ ਦੀ ਧਮਕੀ ਨਾਲ ਇੱਕ ਕਾਗਜ਼ ਉੱਤੇ ਦਸਖਤ ਕਰਨ ਨੂੰ ਮਜਬੂਰ ਕੀਤਾ ਗਿਆ ਸੀਸੱਚਾਈ ਤੋਂ ਅਣਜਾਣ ਭੜਕੇ ਹੋਏ ਲੋਕਾਂ ਨੇ ਉਸ ਮਜ਼ਦੂਰ ਦੇ ਬੱਚੇ ਦੀ ਬਾਂਹ ਉੱਤੇ ‘ਮੇਰਾ ਬਾਪ ਚੋਰ ਹੈ’ ਲਿਖ ਦਿੱਤਾ ਸੀ, ਜਿਸ ਕਾਰਨ ਉਹ ਬੱਚਾ ਪੜ੍ਹਨ-ਲਿਖਣ ਦੀ ਥਾਂ ਅਪਰਾਧ ਦੀ ਦੁਨੀਆ ਵਿੱਚ ਜਾ ਪੁੱਜਾ ਸੀਉਸ ਦਾ ਭਰਾ ਪੁਲਿਸ ਦਾ ਅਫਸਰ ਬਣ ਕੇ ਉਸੇ ਨੂੰ ਫੜਨ ਦੀ ਜ਼ਿੰਮੇਵਾਰੀ ਚੁੱਕ ਬੈਠਾ ਸੀਇੱਕ ਦਿਨ ਅਪਰਾਧੀ ਬਣੇ ਬੱਚੇ ਦਾ ਰੋਲ ਕਰਦਾ ਪਿਆ ਅਮਿਤਾਬ ਬੱਚਨ ਅਤੇ ਪੁਲਿਸ ਅਫਸਰ ਬਣਿਆ ਸ਼ਸ਼ੀ ਕਪੂਰ ਆਹਮੋ ਸਾਹਮਣੇ ਹੋਏ ਤਾਂ ਅਮਿਤਾਬ ਨੇ ਕਿਹਾ ਸੀ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਇਸ ਅਫਸਰੀ ਵਿੱਚ ਤੈਨੂੰ ਕੀ ਮਿਲਿਆ ਹੈ ਤਾਂ ਅੱਗੋਂ ਪੁਲਿਸ ਅਫਸਰ ਬਣਿਆ ਸ਼ਸ਼ੀ ਕਪੂਰ ਮਾਣ ਨਾਲ ਕਹਿੰਦਾ ਸੀ: ‘ਮੇਰੇ ਕੋਲ ਮਾਂ ਹੈ’ਇਹ ਉਸ ਵਕਤ ਦੀ ਗੱਲ ਸੀਅੱਜ ਦੇ ਹਾਲਤ ਵਿੱਚ ਸੋਸ਼ਲ ਮੀਡੀਆ ਉੱਤੇ ਨਵਾਂ ਡਾਇਲਾਗ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਪਰਾਧੀ ਬਣਿਆ ਅਮਿਤਾਬ ਉਹੀ ਗੱਲ ਦੁਹਰਾਉਂਦਾ ਹੈ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਅਫਸਰੀ ਵਿੱਚ ਤੈਨੂੰ ਕੀ ਮਿਲਿਆ ਤਾਂ ਮੂਹਰੇ ਖੜ੍ਹਾ ਸਸ਼ੀ ਕਪੂਰ ਹੱਸ ਕੇ ਕਹਿੰਦਾ ਹੈ: ਮੇਰੇ ਕੋਲ ਵੀ ਕਾਰ, ਕੋਠੀ ਸਭ ਕੁਝ ਆ ਗਿਆ ਹੈ ਇਸਦੇ ਜਵਾਬ ਵਿੱਚ ਹੈਰਾਨ ਹੋਇਆ ਅਮਿਤਾਬ ਬੱਚਨ ਪੁੱਛਦਾ ਹੈ: ਫਿਰ ਮਾਂ ਨੂੰ ਕੌਣ ਲੈ ਗਿਆ? ਮੇਰੇ ਕੋਲ ਇਹ ਗੱਲ ਕਹਿਣ ਦਾ ਕੋਈ ਕਾਰਨ ਨਹੀਂ ਕਿ ਅੱਜ ਦੇ ਭਾਰਤ ਦਾ ਹਰ ਅਫਸਰ ਵਿਕਾਊ ਹੈ, ਪਰ ਇਹ ਵੀ ਸੱਚ ਹੈ ਕਿ ਇਮਾਨਦਾਰੀ ਦੀ ਪਹਿਰੇਦਾਰੀ ਕਰਨ ਲਈ ਜਾਣੇ ਜਾਂਦੇ ਲੋਕਾਂ ਨੂੰ ਲਗਭਗ ਹਰ ਪਾਰਟੀ ਦੀ ਸਰਕਾਰ ਖੂੰਜੇ ਲਾ ਕੇ ਰੱਖਦੀ ਹੈ, ਕੰਮ ਨਹੀਂ ਕਰਨ ਦਿੰਦੀਨਤੀਜਾ ਇਹ ਹੈ ਕਿ ਅੱਜ ਇਹ ਸਵਾਲ ਭਾਵੇਂ ਕੋਈ ਪੁੱਛੇ ਜਾਂ ਨਾ ਪੁੱਛੇ ਕਿ ‘ਭਾਰਤ ਮਾਂ ਦਾ ਕੀ ਬਣਿਆ’, ਪਰ ਇਹ ਗੱਲ ਹਰ ਚਰਚਾ ਦਾ ਕੇਂਦਰ ਹੈ ਕਿ ਇਹੋ ਜਿਹੇ ਸੜ੍ਹਿਆਂਦ ਮਾਰਦੇ ਦੌਰ ਵਿੱਚ ਭਾਰਤ ਮਾਂ ਵੀ ਆਪਣੀ ਆਜ਼ਾਦੀ ਦੀ ਤੇਹੱਤਰਵੀਂ ਵਰ੍ਹੇਗੰਢ ਮਨਾਏ ਜਾਣ ਦੀ ਉਡੀਕ ਖੁਸ਼ੀ ਨਾਲ ਕਰਨ ਦੀ ਥਾਂ ਕਿਸੇ ਖੂੰਜੇ ਲੱਗੀ ਹੰਝੂ ਹੀ ਵਗਾ ਰਹੀ ਹੋਵੇਗੀਇਸ ਹਾਲਤ ਦੇ ਲਈ ਜ਼ਿੰਮੇਵਾਰ ਕੌਣ ਹੈ, ਇਸ ਸਵਾਲ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਲੱਭਦਾ

ਇਹ ਹਕੀਕਤ ਉਨ੍ਹਾਂ ਦੇ ਕਿਰਦਾਰ ਤੋਂ ਵੀ ਦਿਸਦੀ ਹੈ, ਜਿਹੜੇ ਆਜ਼ਾਦੀ ਤੋਂ ਬਾਅਦ ਭਾਰਤ ਉੱਤੇ ਤੇਹੱਤਰ ਵਿੱਚੋਂ ਅਠਵੰਜਾ ਸਾਲ ਰਾਜ ਕਰਦੇ ਹੋਏ ਸਭ ਇਖਲਾਕੀ ਅਸੂਲ ਭੁਲਾ ਕੇ ਚੱਲਦੇ ਰਹੇ ਸਨ ਤੇ ਉਨ੍ਹਾਂ ਉੱਤੇ ਵੀ, ਜਿਨ੍ਹਾਂ ਨੇ ਕੁਰਸੀ ਮੱਲਣ ਦੇ ਬਹੱਤਰ ਮਹੀਨਿਆਂ ਵਿੱਚ ਹੀ ਅਸੂਲਾਂ ਨੂੰ ਪਿਛਵਾੜੇ ਸੁੱਟ ਦਿੱਤਾ ਹੈਪਹਿਲੇ ਇਹ ਭੁੱਲ ਗਏ ਸਨ ਤੇ ਅੱਜ ਵਾਲੇ ਵੀ ਭੁਲਾਈ ਬੈਠੇ ਹਨ ਕਿ ਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹੁੰਦੀਆਂ, ਵਕਤ ਬਦਲਦਾ ਵੀ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2268)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author