HarnekMatharoo7“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)

 

ਪਿਛਲੇ ਹਫਤੇ (4 ਮਾਰਚ) ਸ਼ਾਮ ਦੇ ਛੇ ਵਜੇ ਐਡਮਿੰਟਨ (ਅਲਬਰਟਾ, ਕੈਨੇਡਾ) ਦੇ ਸੁਲਤਾਨ ਬੈਨਕੁਇੱਟ ਹਾਲ ਵਿਚ ਗਿਆਰਾਂ ਸੌ ਦੇ ਕਰੀਬ ਲੋਕ ਸਰਦਾਰ ਹਰਵਿੰਦਰ ਸਿੰਘ ਫੂਲਕਾ ਦੇ ਵਿਚਾਰ ਸੁਣਨ ਆਏ। ਐਡਮਿੰਟਨ ਵਿਚ ਪਹਿਲੀ ਵਾਰ ਇੰਨਾ ਭਾਰੀ ਇਕੱਠ ਕਿਸੇ ਪੰਜਾਬ ਤੋਂ ਆਏ ਆਗੂ ਨੂੰ ਸੁਣਨ ਲਈ ਹੋਇਆ। ਇਸ ਦੇ ਪਿੱਛੇ ਸ. ਫੂਲਕਾ ਸਾਹਿਬ ਵੱਲੋਂ ਲੰਮੇ ਸਮੇਂ ਤੋਂ 1984 ਦੇ ਦਿੱਲੀ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ ਦੀ ਲੜਾਈ ਲੜਨ ਨਾਲ ਬਣੀ ਸ਼ਰਧਾ ਅਤੇ ਪਿਆਰ ਸਾਫ ਦਿਸ ਰਿਹਾ ਸੀ।

ਲੋਕਾਂ ਦੇ ਇਸ ਭਾਰੀ ਇੱਕਠ ਵਿਚ ਪਹਿਲੀ ਵਾਰ ਅਜਿਹੇ ਸਮਾਗਮ ਵਿਚ ਔਰਤਾਂ ਅਤੇ ਕਨੇਡਾ ਦੇ ਜੰਮਪਲ ਨੌਜਵਾਨਾਂ ਨੇ ਹਿੱਸਾ ਲਿਆ। ਲਗਭਗ ਇਕ ਘੰਟਾ ਚੱਲੇ ਫੂਲਕਾ ਜੀ ਦੇ ਭਾਸ਼ਨ ਵਿਚ ਪੂਰਨ ਸ਼ਾਂਤੀ ਰਹੀ ਤੇ ਲੋਕਾਂ ਨੇ ਉਹਨਾਂ ਦੀ ਇਨਸਾਫ ਲਈ ਲੜੀ ਜਾ ਰਹੀ ਲੰਮੀ ਲੜਾਈ ਦੇ ਵੇਰਵੇ ਸੁਣੇ। ਫੂਲਕਾ ਸ਼ਾਹਿਬ ਨੇ ਦੱਸਿਆ ਕਿ ਜਦੋਂ ਸਿਆਸੀ ਲੀਡਰ ਅਤੇ ਸਰਕਾਰੀ ਮਸ਼ੀਨਰੀ ਇਹੋ ਜਿਹੇ ਕਤਲੇਆਮਾਂ ਪਿੱਛੇ ਹੁੰਦੀ ਹੈ ਤਾਂ ਪੀੜਤਾਂ ਲਈ ਇਨਸਾਫ ਲੈਣਾ ਕਿੰਨਾ ਮੁਸ਼ਕਲ ਹੁੰਦਾ ਹੈ। ਉਹਨਾਂ ਦੱਸਿਆ ਕਿ ਕਿਵੇਂ 1984 ਦੇ ਸਿੱਖ ਕਤਲੇਆਮ ਪਿੱਛੇ ਸਮੇਂ ਦੀ ਸਰਕਾਰ ਅਤੇ ਸਿਆਸੀ ਲੀਡਰਾਂ ਦਾ ਹੱਥ ਸੀ ਤੇ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਤੇ ਕਈਆਂ ਦੋਸ਼ੀਆਂ ਨੂੰ ਤਾਂ ਤਰੱਕੀਆਂ ਅਤੇ ਵੱਡੇ ਅਹੁਦੇ ਵੀ ਦਿੱਤੇ। ਅਤੇ ਕਿਵੇਂ 1984 ਦੇ ਇਸ ਕਤਲੇਆਮ ਨੇ 1991 ਗੋਦਰਾ ਕਾਂਡ, 2002 ਵਿਚ ਗੁਜਰਾਤ ਕਤਲੇਆਮ ਤੇ ਹੁਣ ਪਿਛਲੇ ਦਿਨੀਂ ਹਰਿਆਣਾ-ਰੋਹਤਕ ਵਿਚ ਹੋਏ ਦੰਗਿਆਂ ਦੇ ਬੀਜ ਬੀਜੇ। ਜਿੰਨੀ ਦੇਰ ਤਕ ਮੁਜਰਿਮਾਂ ਨੂੰ ਸਿਆਸੀ ਸ਼ਹਿ ਅਤੇ ਬਚਾਉ ਮਿਲਦਾ ਰਹੇਗਾ ਉੰਨੀ ਦੇਰ ਇਹ ਦੰਗੇ ਅਤੇ ਕਤਲੇਆਮ ਹੁੰਦੇ ਰਹਿਣਗੇ।

ਇਸ ਤੋਂ ਬਾਦ ਫੂਲਕਾ ਸਾਹਿਬ ਨੇ ਆਪਣੇ ਵੱਲੋਂ ਕੀਤੇ ਜਾ ਰਹੇ ਹੋਰ ਮਨੁੱਖੀ ਅਧਿਕਾਰਾਂ ਦੇ ਕੇਸਾਂ ਬਾਰੇ ਵੀ ਦੱਸਿਆ। ਉਹਨਾਂ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਵੀ ਮਨੁੱਖੀ ਅਧਿਕਾਰਾਂ ਵਾਂਗ ਹੀ ਸਮਝਦੇ ਹਨ ਅਤੇ ਇਸੇ ਕਰਕੇ ਉਹ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਬਹੁਤ ਚੰਗਾ ਕੰਮ ਕਰ ਰਹੀ ਹੈ ਅਤੇ ਇਹ ਕੰਮ ਕਰਨ ਦਾ ਮਾਡਲ ਹੀ ਉਹ ਪੰਜਾਬ ਦੇ ਲੋਕਾਂ ਅੱਗੇ ਰੱਖਣਗੇ। ਪੰਜਾਬ ਵਿਚ ਉਹਨਾਂ ਦੀ ਸਰਕਾਰ ਨਸ਼ਿਆਂ, ਬੇਰੁਜ਼ਗਾਰੀ, ਵਿੱਦਿਆ, ਸਿਹਤ, ਰਿਸ਼ਵਤਖੋਰੀ ਅਤੇ ਹੋਰ ਜ਼ਰੂਰੀ ਮੁੱਦਿਆਂ ’ਤੇ ਕੰਮ ਕਰੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਕ ਚੰਗਾ ਤੇ ਸਾਫ-ਸੁਥਰਾ ਰਾਜ ਪ੍ਰਬੰਧ ਦੇਵੇਗੀ।

ਸ. ਫੂਲਕਾ ਜੀ ਦੇ ਭਾਸ਼ਨ ਤੋਂ ਪਹਿਲਾਂ ਐਡਮਿੰਟਨ ਦੇ ਚਾਰੇ ਗੁਰੂਘਰਾਂ ਵੱਲੋਂ ਰਲ਼ ਕੇ ਸਾਂਝੇ ਤੌਰ ’ਤੇ ਫੂਲਕਾ ਜੀ ਦਾ ਉਹਨਾਂ ਵੱਲੋਂ ਸਿੱਖ ਕੌਮ ਲਈ ਕੀਤੇ ਕੰਮਾਂ ਲਈ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ। ਸਮਾਗਮ ਦਾ ਆਰੰਭ ਸ. ਹਰਮਨ ਕੰਦੋਲਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖ ਕੇ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਉਹ ਖੁਦ ਇਕ ਵਕੀਲ ਹੋਣ ਕਰਕੇ ਫੂਲਕਾ ਸਾਹਿਬ ਦੀ ਇਨਸਾਫ ਲਈ ਜੱਦੋਜਹਿਦ ਨੂੰ ਸਮਝ ਸਕਦੇ ਹਨ। ਹਰਮਨ ਕੰਦੋਲਾ ਅਤੇ ਉਹਨਾਂ ਦੀ ਟੀਮ, ਜਿਸ ਵਿਚ ਦੀਪ ਹੁੰਦਲ, ਹਾਰਵੀ ਪਨੇਸਰ, ਜੱਸੀ ਨਰਵਾਲ, ਗੁਰਜੋਤ ਸੰਧੂ, ਜਸਕਰਨ ਸੰਧੂ, ਬਿਕਰਮ ਬਾਠ ਅਤੇ ਹੋਰਨਾਂ ਨੇ ਇਸ ਸਮਾਗਮ ਦਾ ਪ੍ਰਬੰਧ ਕੀਤਾ। ਹਾਲ ਦੇ ਅੰਦਰ ਇਕ ਵੱਡੀ ਫੋਟੋ ਗੈਲਰੀ ਵੀ ਲਾਈ ਗਈ ਸੀ, ਜਿਸ ਵਿਚ 1984 ਦਿੱਲੀ ਸਿੱਖ ਕਤਲੇਆਮ ਅਤੇ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਦੇ ਪੋਸਟਰ ਲਗਾਏ ਗਏ ਸਨ।

ਫੂਲਕਾ ਸਾਹਿਬ ਦੇ ਭਾਸ਼ਨ ਤੋਂ ਬਾਦ ਸ. ਹਰਨੇਕ ਸਿੰਘ ਮਠਾੜੂ ਵੱਲੋਂ ਉਹਨਾਂ ਨੂੰ ਇਕ ਐਨ.ਆਰ.ਆਈ ਡਾਇਰੀ ਭੇਂਟ ਕੀਤੀ ਜਿਸ ਵਿਚ ਪੰਜਾਬ ਦੇ ਜਰੂਰੀ ਮੁੱਦੇ ਲਿਖੇ ਹੋਏ ਸਨ। ਡਾਇਰੀ ਭੇਂਟ ਕਰਦਿਆਂ ਮਠਾੜੂ ਨੇ ਕਿਹਾ ਕਿ ਅਸੀਂ ਪਰਵਾਸੀ ਭਾਰਤੀ ਹਰ ਇੱਥੇ ਆਉਣ ਵਾਲੇ ਭਾਰਤੀ ਲੀਡਰ ਤੋਂ ਇਹ ਆਸ ਕਰਦੇ ਹਾਂ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਤੇ ਭਾਰਤ ਦੀ ਹਾਲਤ ਸੁਧਾਰਨ ਲਈ ਕੀ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਸਾਡੀ ਕਿਸੇ ਲੀਡਰ ਨਾਲ ਕੋਈ ਰਿਸ਼ਤੇਦਾਰੀ ਜਾ ਪਰਿਵਾਰਕ ਸਾਂਝ ਨਹੀਂ ਹੈ। ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ਚੰਗੇ ਕੰਮ ਕਰਨਗੇ। ਪੰਜਾਬ ਵਿਚ ਬਦਲਾਵ ਦੀ ਹਵਾ, ਹਨੇਰੀ ਦਾ ਰੂਪ ਧਾਰਨ ਕਰਕੇ ਸਿਆਸੀ ਬਦਲਾਉ ਲਿਆਉਣ ਜਾ ਰਹੀ ਹੈ ਅਤੇ ਫੂਲਕਾ ਸਾਹਿਬ ਨਵੀਂ ਸਰਕਾਰ ਦਾ ਇਕ ਜ਼ਰੂਰੀ ਅੰਗ ਬਣਨਗੇ। ਅਸੀਂ ਆਸ ਕਰਦੇ ਹਾਂ ਕਿ ਉਹ ਜਦੋਂ ਅਗਲੀ ਵਾਰੀ ਐਡਮਿੰਟਨ ਆਉਣ ਤਾਂ ਇਹ ਡਾਇਰੀ ਆਪਣੇ ਨਾਲ ਲੈ ਕੇ ਆਉਣ ਅਤੇ ਸਾਨੂੰ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਇਸ ਵਿਚ ਲਿਖੇ ਮੁੱਦਿਆਂ ’ਤੇ ਕੀ ਕੀ ਕੰਮ ਕੀਤੇ ਹਨਅਸੀਂ ਇਹੋ ਜਿਹੇ ਸੁਆਲ ਪੰਜਾਬ ਦੀ ਭਲਾਈ ਲਈ ਹਰ ਇੱਥੇ ਆਉਣ ਵਾਲੇ ਆਗੂ ਤੋਂ ਪੁੱਛਾਂਗੇ।

ਸਮਾਗਮ ਦੇ ਅਖੀਰ ਵਿਚ ਸ. ਗੁਰਸ਼ਰਨ ਬੁੱਟਰ ਨੇ ਹਰਮਨ ਕੰਦੋਲਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸ. ਫੂਲਕਾ ਹੋਰਾਂ ਦਾ ਵੀ ਐਡਮਿੰਟਨ ਆਉਣ ਲਈ ਬਹੁਤ ਧੰਨਵਾਦ ਕੀਤਾ।

ਸ਼ਾਮ ਦੇ ਸਮਾਗਮ ਤੋਂ ਪਹਿਲਾ ਦਿਨ ਵੇਲੇ ਫੂਲਕਾ ਜੀ ਸੋਹੀ ਪਰਵਾਰ ਨੂੰ ਮਿਲੇ ਅਤੇ ਉਹਨਾਂ ਸ. ਅਮਰਜੀਤ ਸਿੰਘ ਸੋਹੀ, ਜੋ ਕਨੇਡਾ ਸਰਕਾਰ ਵਿਚ ਮੰਤਰੀ ਹਨ ਨੂੰ ਮਿਲ ਕੇ ਉਹਨਾਂ ਦੇ ਪਿਤਾ ਜੀ ਦੇ ਸਵਰਗਵਾਸ ਹੋਣ ’ਤੇ ਅਫਸੋਸ ਪਰਗਟ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਜਤਾਈ। ਇਸ ਤੋਂ ਬਿਨਾਂ ਫੂਲਕਾ ਸਾਹਿਬ ਆਮ ਆਦਮੀ ਪਾਰਟੀ ਐਡਮਿੰਟਨ ਦੀ ਕਮੇਟੀ ਨੂੰ ਮਿਲੇ ਅਤੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਕਮੇਟੀ ਨੇ ਭਰੋਸਾ ਦਿਵਾਇਆ ਕਿ ਐਡਮਿੰਟਨ ਫੂਲਕਾ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਨਾਲ ਹੈ ਅਤੇ ਉਹ ਪੰਜਾਬ ਵਿਚ ਸਿਆਸੀ ਬਦਲਾਵ ਲਿਆਉਣ ਲਈ ਪਾਰਟੀ ਦੀ ਪੂਰੀ ਮਦਦ ਕਰਨਗੇ। ਫੂਲਕਾ ਜੀ ਦਿਨ ਵੇਲੇ ਐਡਮਿੰਟਨ ਦੇ ਹੋਰ ਬਿਜ਼ਨਸ ਅਤੇ ਸਿਆਸੀ ਲੀਡਰਾਂ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਬਾਕੀ ਸ਼ਹਿਰਾਂ ਵਾਂਗ ਫੂਲਕਾ ਜੀ ਦੀ ਐਡਮਿੰਟਨ ਫੇਰੀ ਵੀ ਬਹੁਤ ਕਾਮਯਾਬ ਰਹੀ। ਲੋਕਾਂ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਸਿੱਖ ਕੌਮ ਲਈ ਕੀਤੇ ਕੰਮਾਂ ਦਾ ਧੰਨਵਾਦ ਕੀਤਾ। ਲੋਕਾਂ ਵੱਲੋਂ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਆਉਣ ’ਤੇ ਉਹ ਪੰਜਾਬ ਵਿਚ ਚੰਗਾਂ ਅਤੇ ਸਾਫ-ਸੁਥਰਾ ਰਾਜ ਪ੍ਰਬੰਧ ਦੇਣਗੇ।

*****

(219)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਹਰਨੇਕ ਮਠਾੜੂ

ਹਰਨੇਕ ਮਠਾੜੂ

Edmonton, Alberta, Canada.
Phone: (780 718 4141)

Email: (harnek@royalwesthomes.com)