JatinderPannu7ਉਂਜ ਵੀ ਅਕਾਲੀ ਦਲ ਵਿੱਚ ਇਹੋ ਜਿਹੇ ਬੜੇ ਲੋਕ ਆ ਚੁੱਕੇ ਹਨ, ਜਿਹੜੇ ...
(13 ਜੁਲਾਈ 2020)

 

ਪੰਜਾਬ ਦੀ ਰਾਜਨੀਤੀ ਇਸ ਹਫਤੇ ਉਦੋਂ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਰੱਖੀ ਗਈ ਅਤੇ ਦੋਵਾਂ ਦਾ ਇੱਕੋ ਨਾਂਅ ਹੋਣ ਕਰ ਕੇ ਅਕਾਲੀ ਵਰਕਰਾਂ ਵਿੱਚ ਇੱਧਰ ਜਾਂ ਉੱਧਰ ਵਾਲਾ ਰਾਹ ਖੁੱਲ੍ਹ ਗਿਆਅਕਾਲੀ ਦਲ ਪਹਿਲਾਂ ਵੀ ਇੱਕ ਤੋਂ ਦੋ ਅਤੇ ਕਦੀ-ਕਦੀ ਤਿੰਨ ਜਾਂ ਚਾਰ ਵੀ ਬਣਦੇ ਰਹੇ ਸਨ, ਪਰ ਹਰ ਵਾਰ ਇਨ੍ਹਾਂ ਦੇ ਨਾਂਵਾਂ ਨਾਲ ਅਕਾਲੀ ਦਲਾਂ ਦੇ ਮੁਖੀਆਂ ਦਾ ਨਾਂਅ ਜੋੜ ਲਿਆ ਜਾਂਦਾ ਸੀਇਸ ਵਾਰੀ ਅਜੇ ਤੱਕ ਨਹੀਂ ਜੋੜਿਆ ਗਿਆ, ਸਗੋਂ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਹਿ ਛੱਡਿਆ ਹੈ ਕਿ ਪਾਰਟੀ ਦੀ ਰਜਿਸਟਰੇਸ਼ਨ ਕਰਾਉਣ ਵੇਲੇ ਲੋੜ ਪਵੇਗੀ ਤਾਂ ਇਸਦੇ ਨਾਂਅ ਨਾਲ ਡੈਮੋਕਰੇਟਿਕ ਦਾ ‘ਡੀ’ ਜੋੜਿਆ ਜਾ ਸਕਦਾ ਹੈਉਂਜ ਇਹ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਅਰਥ ਢੀਂਡਸਾ ਵੀ ਬਣ ਸਕਦਾ ਹੈਇਸ ਤੋਂ ਸਾਫ ਹੈ ਕਿ ਦੋਵਾਂ ਅਕਾਲੀ ਦਲਾਂ ਵਿੱਚ ‘ਅਸਲੀ’ ਅਕਾਲੀ ਵਜੋਂ ਪ੍ਰਵਾਨਤ ਹੋਣ ਦੀ ਖਿੱਚੋਤਾਣ ਚੋਖੀ ਚੱਲੇਗੀ

ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵੱਡੀ ਦੁਫੇੜ ਉਦੋਂ ਪਈ ਸੀ, ਜਦੋਂ ਦੋ ਆਗੂਆਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਦੀ ਅਣਬਣ ਹੋਈ ਸੀਦੋਵੇਂ ਹੀ ਪੈਂਤੜੇ ਵੱਲੋਂ ਮੌਕਾਪ੍ਰਸਤੀ ਕਰਨੀ ਜਾਣਦੇ ਸਨਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖ ਕੇ ਛਿਆਲੀ ਦਿਨ ਪਿੱਛੋਂ ਤੋੜ ਦਿੱਤਾ ਤੇ ਫਿਰ ਅਕਾਲ ਤਖਤ ਤੋਂ ਲੱਗੀ ਸੇਵਾ ਨਿਭਾ ਕੇ ਵਿਹਲਾ ਹੋ ਗਿਆ ਸੀਸੰਤ ਫਤਹਿ ਸਿੰਘ ਨੇ ਇੱਕ ਵਾਰ ਬਾਈਵੇਂ ਦਿਨ ਤੇ ਦੂਸਰੀ ਵਾਰੀ ਵੀਹ ਕੁ ਦਿਨਾਂ ਪਿੱਛੋਂ ਮਰਨ ਵਰਤ ਛੱਡ ਦਿੱਤਾ ਸੀਉਸ ਵੇਲੇ ਜਦੋਂ ਦੋਵਾਂ ਦੀ ਅਣਬਣ ਦੇ ਕਾਰਨ ਅਕਾਲੀ ਦਲ ਦੋ ਥਾਂਈਂ ਪਾਟਿਆ ਤਾਂ ਇੱਕ ਨੂੰ ਸ਼੍ਰੋਮਣੀ ਅਕਾਲੀ ਦਲ (ਸੰਤ) ਅਤੇ ਦੂਸਰੇ ਨੂੰ ਸ਼੍ਰੋਮਣੀ ਅਕਾਲੀ ਦਲ (ਮਾਸਟਰ) ਕਿਹਾ ਜਾਂਦਾ ਸੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਿਉਂਕਿ ਸੰਤ ਗਰੁੱਪ ਦਾ ਕਬਜ਼ਾ ਸੀ, ਇਸ ਲਈ ਗੋਲਕਾਂ ਦੀ ਮਾਇਆ ਆਸਰੇ ਉਹ ਧਿਰ ਮਜ਼ਬੂਤ ਹੁੰਦੀ ਗਈ ਤੇ ਮਾਸਟਰ ਧੜਾ ਹੌਲੀ-ਹੌਲੀ ਖੂੰਜੇ ਲੱਗਦਾ ਗਿਆ ਸੀ ਉਦੋਂ ਇਸ ਚੱਕਰ ਵਿੱਚ ਅਕਾਲੀ ਪਾਰਟੀ ਦਾ ਪਹਿਲਾ ਚੋਣ ਨਿਸ਼ਾਨ ‘ਪੰਜਾ’ ਜਾਮ ਹੋ ਗਿਆ ਅਤੇ ਸੰਤ ਧੜੇ ਨੂੰ ਅਲਾਟ ਹੋਈ ‘ਤੱਕੜੀ’ ਇਸ ਪਾਰਟੀ ਦਾ ਚੋਣ ਨਿਸ਼ਾਨ ਮੰਨੀ ਜਾਣ ਲੱਗ ਪਈ, ਜਿਹੜੀ ਅੱਜਕੱਲ੍ਹ ਹਵਾ ਵਿੱਚ ਝੂਲ ਰਹੀ ਜਾਪਦੀ ਹੈਚੋਣ ਨਿਸ਼ਾਨ ਲਈ ਅਕਾਲੀ ਆਗੂਆਂ ਦੀ ਅੱਗੇ ਵੀ ਕਾਨੂੰਨੀ ਲੜਾਈ ਹੁੰਦੀ ਰਹੀ ਹੈ, ਢੀਂਡਸਾ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਂਅ ਰੱਖੇ ਜਾਣ ਨਾਲ ਫਿਰ ਕਾਨੂੰਨੀ ਚੱਕਰ ਪੈ ਸਕਦਾ ਹੈ, ਪਰ ਅਸਲ ਗੱਲ ਚੋਣ ਨਿਸ਼ਾਨ ਦੀ ਨਹੀਂ, ਅਕਾਲੀ ਸਫਾਂ ਵਿੱਚ ਦੋਵਾਂ ਵਿੱਚੋਂ ਇੱਕ ਨੂੰ ਪ੍ਰਵਾਨਗੀ ਦੇ ਮੁਕਾਬਲੇ ਦੀ ਹੈ

ਜਦੋਂ ਪਹਿਲੀ ਵਾਰੀ ਮਾਸਟਰ ਅਤੇ ਸੰਤ ਧੜਿਆਂ ਵਿੱਚ ਅਸਲੀ ਸਾਬਤ ਹੋਣ ਦੀ ਲੜਾਈ ਚੱਲੀ ਤਾਂ ਇੱਕ ਦੂਸਰੇ ਬਾਰੇ ਦੋਵਾਂ ਧੜਿਆਂ ਨੇ ਰੱਜ ਕੇ ਖੇਹ ਉਡਾਈ ਤੇ ਇੱਕ ਦੂਸਰੇ ਦੇ ਮਾਂ-ਬਾਪ ਤੱਕ ਨੌਲਣ ਤੋਂ ਗੁਰੇਜ਼ ਨਹੀਂ ਸੀ ਕੀਤਾਇਹ ਕੰਮ ਇਸ ਵਾਰੀ ਵੀ ਹੋ ਸਕਦਾ ਹੈਸਥਿਤੀ ਦਾ ਵੱਡਾ ਫਰਕ ਇਹ ਹੈ ਕਿ ਉਦੋਂ ਵਾਲੇ ਅਕਾਲੀ ਆਗੂ ਤੇ ਵਰਕਰ ਗੋਲਕਾਂ ਨੂੰ ਚੱਟਣ ਤੋਂ ਕੁਝ ਹੱਦ ਤੱਕ ਭੈਅ ਰੱਖਣ ਵਾਲੇ ਸਨ, ਉਂਜ ਇਹ ਕੰਮ ਉਦੋਂ ਵੀ ਹੁੰਦਾ ਸੀ, ਪਰ ਅਜੋਕੇ ਅਕਾਲੀ ਵਰਕਰਾਂ ਨੂੰ ਰਾਜ-ਸੁਖ ਮਾਨਣ ਵੇਲੇ ਕਿਸੇ ਵੀ ਧਿਰ ਵੱਲੋਂ ਮਿਲ ਰਿਹਾ ਮੁਫਤ ਦਾ ਮਾਲ ਛਕਣ ਦਾ ਇੰਨਾ ਵੱਡਾ ਚਸਕਾ ਲੱਗ ਚੁੱਕਾ ਹੈ ਕਿ ਇੱਧਰ ਜਾਂ ਉੱਧਰ ਜਾਣ ਦਾ ਫੈਸਲਾ ਉਹ ਇਸੇ ਸੋਚ ਹੇਠ ਲੈ ਸਕਦੇ ਹਨਅਕਾਲੀ-ਭਾਜਪਾ ਦੇ ਦਸ ਸਾਲਾ ਰਾਜ ਵਿੱਚ ਬਹੁਤ ਸਾਰੇ ਅਕਾਲੀਆਂ ਨੂੰ ਚੇਅਰਮੈਨੀਆਂ ਦੇ ਸਹਾਰੇ ਮਾਲ ਖਾਣ ਦਾ ਮੌਕਾ ਮਿਲਦਾ ਸੀ ਅਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਬਣਾਏ ਗਏ ਸਨ, ਉਨ੍ਹਾਂ ਲਈ ਵੀ ਮੋਛੇ ਪਾਉਣ ਦਾ ਜੁਗਾੜ ਕਰਨ ਦੇ ਇੰਨੇ ਮੌਕੇ ਹੁੰਦੇ ਸਨ ਕਿ ਕੱਚਿਆਂ ਘਰਾਂ ਤੋਂ ਕੋਠੀਆਂ ਵਾਲੇ ਬਣੇ ਪਏ ਹਨਸਰਾਵਾਂ ਵਿੱਚ ਵਿਛੀਆਂ ਦਰੀਆਂ ਉੱਤੇ ਸੌਣ ਵਾਲੇ ਜਿਹੜੇ ਅਕਾਲੀਆਂ ਨੂੰ ਪੰਜ-ਤਾਰਾ ਹੋਟਲਾਂ ਵਿੱਚ ਰਹਿਣ ਅਤੇ ਉਨ੍ਹਾਂ ਦੇ ਬਿੱਲ ਸਰਕਾਰੀ ਖਜ਼ਾਨੇ ਜਾਂ ਧਰਮ ਪਚਾਰ ਕਮੇਟੀ ਵਰਗੇ ਖਾਤੇ ਵਿੱਚ ਪਾਉਣ ਦੀ ਆਦਤ ਪੈ ਚੁੱਕੀ ਹੈ, ਉਹ ਰਿਸਕ ਨਹੀਂ ਲੈ ਸਕਦੇਅਕਾਲੀ ਰਾਜ ਦੇ ਦਸ ਸਾਲਾਂ ਦੌਰਾਨ ਉਂਜ ਵੀ ਅਕਾਲੀ ਦਲ ਵਿੱਚ ਇਹੋ ਜਿਹੇ ਬੜੇ ਲੋਕ ਆ ਚੁੱਕੇ ਹਨ, ਜਿਹੜੇ ਨਾ ਸ਼ਕਲੋਂ ਅਕਾਲੀ ਲੱਗਦੇ ਹਨ ਤੇ ਨਾ ਅਕਲੋਂ ਅਕਾਲੀ ਦਲ ਦੀਆਂ ਪੁਰਾਣੀਆਂ ਰਿਵਾਇਤਾਂ ਨਾਲ ਸਾਂਝ ਦਾ ਚੇਤਾ ਰੱਖਦੇ ਹਨਅਕਾਲੀ ਦਲ ਦੇ ਇਸ਼ਤਿਹਾਰਾਂ ਤੇ ਬੋਰਡਾਂ ਉੱਤੇ ਕਈ ਚਿਹਰੇ ਇੱਦਾਂ ਦੇ ਵੀ ਟੰਗੇ ਦਿਸਦੇ ਹਨ ਕਿ ਇਸ਼ਤਿਹਾਰੀ ਮੁਜਰਮ ਦਾ ਭੁਲੇਖਾ ਪੈ ਸਕਦਾ ਹੈ

ਢੀਂਡਸਾ ਧੜੇ ਨੇ ਦਾਅਵਾ ਕੀਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਭ੍ਰਿਸ਼ਟਾਚਾਰੀਆਂ ਕੋਲੋਂ ਛੁਡਾਉਣ ਵਾਸਤੇ ਲੜਾਈ ਲੜਨਗੇ, ਪਰ ਇਹ ਕੰਮ ਇੰਨਾ ਸੌਖਾ ਨਹੀਂਇਸ ਵਕਤ ਉੱਥੇ ਜਿਹੜੇ ਲੋਕ ਅਹੁਦੇਦਾਰੀਆਂ ਮਾਣਦੇ ਪਏ ਹਨ ਜਾਂ ਜਿਹੜੇ ਧਾਰਮਿਕ ਪਦਵੀਆਂ ਦੇ ਸਵਾਮੀ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਿਰਦਾਰ ਇੰਨਾ ਕੁ ਗਿਰ ਚੁੱਕਾ ਹੈ ਕਿ ਗੁਰੂ ਮਹਾਰਾਜ ਦੀ ਵਫਾਦਾਰੀ ਦੀਆਂ ਗੱਲਾਂ ਕਰਦੇ ਹਨ, ਪਰ ਜਦੋਂ ਇਹ ਗੱਲ ਪੁੱਛੀ ਜਾਵੇ ਕਿ ਇਤਿਹਾਸਕ ਧਾਰਮਿਕ ਗ੍ਰੰਥ ਵੀ ਇੱਥੋਂ ਕੱਢ ਕੇ ਵਿਦੇਸ਼ਾਂ ਵਿੱਚ ਨੀਲਾਮ ਕੀਤੇ ਜਾਣ ਦੀ ਗੱਲ ਸੁਣੀ ਹੈ ਤਾਂ ਉਹ ਚੁੱਪ ਵੱਟ ਜਾਂਦੇ ਹਨਇਤਿਹਾਸਕ ਮਹੱਤਵ ਵਾਲੇ ਇਹ ਗ੍ਰੰਥ ਇੱਦਾਂ ਦੀ ਨੀਲਾਮੀ ਵਿੱਚ ਲੱਖਾਂ ਅਤੇ ਕਈ ਵਾਰੀ ਕਰੋੜਾਂ ਵਿੱਚ ਵਿਕਣ ਦੀ ਗੱਲ ਵੀ ਸੁਣੀ ਜਾਂਦੀ ਹੈ, ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਇਸਦਾ ਸਾਰਾ ਸੱਚ ਲੋਕਾਂ ਅੱਗੇ ਰੱਖਣ ਦੀ ਹੈ, ਉਹ ਅਹੁਦੇ ਵੰਡਣ ਵਾਲੇ ਸਿਆਸੀ ਮਾਲਕਾਂ ਦੇ ਡਰ ਹੇਠ ਹੋਰ ਪਾਸੇ ਅੱਖਾਂ ਫੇਰ ਜਾਂਦੇ ਹਨਭਲਕ ਨੂੰ ਜਦੋਂ ਅਸਲੀ ਅਕਾਲੀ ਦਲ ਦਾ ਨਿਬੇੜਾ ਕਰਨ ਵਾਲੀ ਕਤਾਰਬੰਦੀ ਹੋਈ ਤਾਂ ਇਨ੍ਹਾਂ ਧਾਰਮਿਕ ਪਦਵੀਆਂ ਦੇ ਸਵਾਮੀਆਂ ਨੇ ਚੁੱਪ ਨਹੀਂ ਰਹਿਣਾ, ਕਾਰੂ ਦੇ ਖਜ਼ਾਨੇ ਵਾਲੀ ਧਿਰ ਦੇ ਪੱਖ ਵਿੱਚ ਭੁਗਤਣ ਦਾ ਸਿੱਧਾ ਜਾਂ ਅਸਿੱਧਾ ਰਾਹ ਲੱਭਣ ਲੱਗ ਪੈਣਾ ਹੈ ਇਸਦਾ ਕਾਰਨ ਇਹ ਹੈ ਕਿ ਇਹ ਲੋਕ ਕਹਿਣ ਨੂੰ ਧਾਰਮਿਕ ਪੁਰਸ਼ ਹਨ, ਅਸਲ ਵਿੱਚ ਧਾਰਮਿਕਤਾ ਦੇ ਓਹਲੇ ਹੇਠ ਬਹੁਤੇ ਸੱਜਣ ਆਪੋ-ਆਪਣੇ ਹਰ ਕਿਸਮ ਦੇ ਹਿਤਾਂ ਦੀ ਪੂਰਤੀ ਲਈ ਇੰਨੇ ਕੁ ਫਾਵੇ ਹੋ ਜਾਂਦੇ ਹਨ ਕਿ ਕਿਸੇ ਹੋਰ ਗੱਲ ਬਾਰੇ ਸੋਚਦੇ ਹੀ ਨਹੀਂਉਹ ਸ੍ਰੀ ਅਕਾਲ ਤਖਤ ਨੂੰ ਅਕਾਲ ਪੁਰਖ ਦਾ ਤਖਤ ਕਹਿੰਦੇ ਹਨ ਤੇ ਜਥੇਦਾਰ ਅਕਾਲ ਤਖਤ ਦੀ ਪਦਵੀ ਨੂੰ ਸਰਬ ਉੱਚ ਆਖਦੇ ਹਨਜਿਹੜੇ ਵਿਅਕਤੀ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਮਿਲ ਜਾਵੇ, ਫਿਰ ਉਹਦੇ ਲਈ ਹੋਰ ਕੋਈ ਇੱਛਾ ਬਾਕੀ ਨਹੀਂ ਰਹਿਣੀ ਚਾਹੀਦੀ, ਪਰ ਇਤਿਹਾਸ ਗਵਾਹ ਹੈ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰਾਂ ਨੇ ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਚੋਣਾਂ ਵੀ ਲੜੀਆਂ ਅਤੇ ਜਿੱਤਣ-ਹਾਰਨ ਦੀ ਖੇਡ ਕਈ ਵਾਰ ਖੇਡੀ ਹੈਇੱਕ ਜਥੇਦਾਰ ਤਾਂ ਪਿੱਛੋਂ ਕਾਂਗਰਸ ਵੱਲੋਂ ਜਿੱਤ ਕੇ ਮੁੱਖ ਮੰਤਰੀ ਵੀ ਬਣ ਗਿਆ ਸੀਜਦੋਂ ਇਸ ਅਹੁਦੇ ਤੱਕ ਜਾ ਕੇ ਵੀ ਇੱਦਾਂ ਦੀ ਇੱਛਾ ਨਹੀਂ ਮਰਦੀ ਤਾਂ ਭਲੇ ਦੀ ਆਸ ਕਿੱਥੋਂ ਹੋਵੇਗੀ! ਸਾਰੀ ਅਕਾਲੀ ਰਾਜਨੀਤੀ ਇਸ ਗੱਦੀਆਂ ਦੀ ਹਵਸ ਅਤੇ ਗੋਲਕਾਂ ਦੀ ਮਾਇਆ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ

ਇਹੋ ਜਿਹੇ ਮਾਹੌਲ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਬਣਾਇਆ ਹੈ ਤਾਂ ਪਹਿਲੇ ਚੱਲਦੇ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਬੁਲਾਰੇ ਨੇ ਇਸ ਨੂੰ ਕਾਂਗਰਸ ਦੀ ਸ਼ਹਿ ਉੱਤੇ ਕੀਤਾ ਗਿਆ ਡਰਾਮਾ ਕਿਹਾ ਹੈਸੁਖਦੇਵ ਸਿੰਘ ਢੀਂਡਸੇ ਨੂੰ ਪੁੱਛਿਆ ਤਾਂ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਨਾਲ ਗੱਠਜੋੜ ਸਾਡਾ ਨਹੀਂ, ਬਾਦਲ ਪਰਵਾਰ ਦਾ ਹੈ, ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੇਠ ਵੀ ਬਾਦਲਾਂ ਦੇ ਸਾਰੇ ਧੰਦੇ ਪਹਿਲਾਂ ਵਾਂਗ ਚੱਲੀ ਜਾ ਰਹੇ ਹਨਦੋਵਾਂ ਧਿਰਾਂ ਨੇ ਇੱਕ ਦੂਸਰੇ ਉੱਤੇ ਕਾਂਗਰਸ ਨਾਲ ਮਿਲ ਕੇ ਚੱਲਣ ਦਾ ਦੋਸ਼ ਲਾਉਣ ਦੀ ਰਸਮ ਨਿਭਾ ਦਿੱਤੀ ਹੈ, ਪਰ ਅਸਲ ਵਿੱਚ ਦੋਵੇਂ ਧਿਰਾਂ ਇੱਕ ਹੋਰ ਧਿਰ, ਭਾਜਪਾ ਨਾਲ ਤਾਲਮੇਲ ਕਰ ਕੇ ਅਗਲੀ ਚੋਣ ਵੇਲੇ ਉਸ ਨਾਲ ਗੱਠਜੋੜ ਦਾ ਰਾਹ ਭਾਲਣਗੀਆਂਭਾਜਪਾ ਇਸ ਤੋਂ ਖੁਸ਼ ਹੈਇਸੇ ਬਹਾਨੇ ਅਕਾਲੀਆਂ ਦੀਆਂ ਦੋਵਾਂ ਧਿਰਾਂ ਵਿੱਚੋਂ ਜਿਹੜੀ ਇੱਕ ਉਸ ਨੇ ਵਰਤਣੀ ਹੋਈ, ਉਸ ਨੂੰ ਪਹਿਲੀ ਸ਼ਰਤ ਇਹ ਮਨਾਵੇਗੀ ਕਿ ਪਹਿਲਾਂ ਵਾਂਗ ਵਿਧਾਨ ਸਭਾ ਦੀਆਂ ਤੇਈ ਸੀਟਾਂ ਅਸੀਂ ਨਹੀਂ ਲੈਣੀਆਂ ਤੇ ਤੁਹਾਡੀ ਮਰਜ਼ੀ ਦੀਆਂ ਵੀ ਨਹੀਂ ਲੈਣੀਆਂ, ਇਸ ਵਾਰ ਤੁਹਾਡੇ ਵਾਸਤੇ ਕੋਟਾ ਵੀ ਅਸੀਂ ਤੈਅ ਕਰਾਂਗੇ ਤੇ ਸੀਟਾਂ ਵੀ ਤੁਹਾਨੂੰ ਛੱਡਣ ਲਈ ਅਸੀਂ ਚੁਣਾਂਗੇਪੰਜਾਬ ਦੀ ਰਾਜਨੀਤੀ ਦਾ ਨਵਾਂ ਅਸਲੀ ਦੌਰ ਦੋ ਅਕਾਲੀ ਦਲਾਂ ਵਿੱਚ ਅਸਲੀ ਦੀ ਲੜਾਈ ਦੇ ਬਹਾਨੇ ਅਸਲ ਵਿੱਚ ਇਹ ਆ ਗਿਆ ਹੈ ਕਿ ਪਹਿਲਾਂ ਭਾਜਪਾ ਲਈ ਅਕਾਲੀ ਵੱਡੇ ਭਾਈ ਹੁੰਦੇ ਸਨ, ਅਗਲੀਆਂ ਚੋਣਾਂ ਵਿੱਚ ਭਾਜਪਾ ਵੱਡੇ ਭਾਈ ਦੀ ਭੂਮਿਕਾ ਨਿਭਾ ਸਕਦੀ ਹੈ ਤੇ ਅਕਾਲੀ ਦਲ ਦੇ ਆਗੂ ਉਸ ਦੇ ਪਿੱਛਲੱਗ ਜਿਹੇ ਬਣ ਕੇ ‘ਹਰ-ਹਰ ਮੋਦੀ, ਘਰ-ਘਰ ਮੋਦੀ’ ਕਰਦੇ ਨਜ਼ਰ ਆ ਸਕਦੇ ਹਨਹਾਲੇ ਨਵੀਂ ਖੇਡ ਸ਼ੁਰੂ ਹੋਈ ਹੈ, ਇਸਦੇ ਅਗਲੇ ਰੰਗ ਹੋਰ ਵੀ ਹੈਰਾਨੀ ਵਾਲੇ ਹੋਣਗੇ, ਜਿਨ੍ਹਾਂ ਬਾਰੇ ਇਸ ਵੇਲੇ ਬਹੁਤਾ ਕੁਝ ਕਹਿ ਸਕਣਾ ਔਖਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2250)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author