RanjitLehra 7ਜ਼ਾਹਿਰ ਹੈ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਪੀਐੱਮ ਕੇਅਰਜ਼ ਫੰਡ ਦਾ ਹਿਸਾਬ-ਕਿਤਾਬ ...
(10 ਜੁਲਾਈ 2020)

 

ਕੰਪਨੀਆਂ ਵੱਲੋਂ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੇ ਤਾਜ਼ਾ ਦੋਸ਼ਾਂ ਨੇ ‘ਪੀਐੱਮ ਕਅਰਜ਼ ਫੰਡ’ ਨਾਂ ਦੀ ਸੰਸਥਾ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ। ਲਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਵੱਲੋਂ 20 ਭਾਰਤੀ ਫੌਜੀਆਂ ਨੂੰ ਮਾਰ ਮੁਕਾਉਣ ਤੋਂ ਦੀ ਦਰਦਨਾਕ ਘਟਨਾ ਤੋਂ ਬਾਅਦ ਲੱਗੇ ਇਨ੍ਹਾਂ ਦੋਸ਼ਾਂ ਨਾਲ ਭਾਵੇਂ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ ਪਰ ਫਿਰ ਵੀ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਦਾ ਕੋਈ ਸਿੱਧਾ ਤੇ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ। ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਪੀਐੱਮ ਕੇਅਰਜ਼ ਫੰਡ ਸਵਾਲਾਂ ਦੇ ਘੇਰੇ ਵਿੱਚ ਆਇਆ ਹੋਵੇ। ਜਦੋਂ ਤੋਂ ਇਹ ਫੰਡ ਕਾਇਮ ਕੀਤਾ ਗਿਆ ਹੈ, ਉਦੋਂ ਤੋਂ ਹੀ ਇਹਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਦੇ ਆਏ ਹਨ।

28 ਮਾਰਚ, 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪੈਦਾ ਹੋਈ ਦੇਸ਼ ਵਿਆਪੀ ਆਫਤ ਦਾ ਸਾਹਮਣਾ ਕਰਨ ਲਈ ਪੀਐਮ ਕੇਅਰਜ਼ ਫੰਡ ਕਾਇਮ ਕਰਨ ਦਾ ਐਲਾਨ ਕੀਤਾ ਸੀ। ਦੇਸ਼ ਦੇ ਸਭ ਨਾਗਰਿਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਫੰਡ ਵਿੱਚ ਦਿਲ ਖੋਲ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਫੰਡ ਵਿੱਚ ਜਿਹੜਾ ਪੈਸਾ ਆਏਗਾ, ਉਸ ਨਾਲ ਕੋਰੋਨਾ ਵਾਇਰਸ ਦੇ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਤਕੜਾਈ ਮਿਲੇਗੀ। ਪ੍ਰਧਾਨ ਮੰਤਰੀ ਦੀ ਅਪੀਲ ’ਤੇ ਦੇਸੀ-ਬਦੇਸ਼ੀ ਕਾਰਪੋਰੇਟ ਕੰਪਨੀਆਂ ਤੇ ਘਰਾਣਿਆਂ ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਵੀ ਹੈ। ਪ੍ਰਧਾਨ ਮੰਤਰੀ ਵੱਲੋਂ ਬਣਾਏ ਗਏ ਇਸ ਟ੍ਰਸਟ ਦੇ ਚੇਅਰਮੈਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਇਸ ਤੋਂ ਛੁੱਟ ਇਸ ਟ੍ਰਸਟ ਦੇ ਮੈਂਬਰਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੀ ਸ਼ਾਮਲ ਹਨ। ਪੀਐੱਮ ਕੇਅਰਜ਼ ਫੰਡ ਦੀ ਕਾਇਮੀ ਤੋਂ ਅਗਲੇ ਹੀ ਦਿਨ ਵਿੱਤ ਮੰਤਰੀ ਸੀਤਾਰਮਣ ਅਤੇ ਕਾਰਪੋਰੇਟ ਮੰਤਰਾਲੇ ਨੇ ਐਲਾਨ ਕਰ ਦਿੱਤਾ ਕਿ ਇਸ ਫੰਡ ਵਿੱਚ ਦਾਨ ਕੀਤੀ ਰਾਸ਼ੀ ਨੂੰ ਧਾਰਾ 80(G) ਤਹਿਤ ਆਮਦਨ ਕਰ ਤੋਂ ਛੋਟ ਹੋਵੇਗੀ। ਸ਼ੁਰੂ ਵਿੱਚ ਇਸ ਨੂੰ ਇੰਝ ਪੇਸ਼ ਕੀਤਾ ਗਿਆ ਜਿਵੇਂ ਇਹ ਕੇਂਦਰੀ ਸਰਕਾਰ ਦੇ ਤਹਿਤ ਸਰਕਾਰੀ ਕੋਸ਼ ਹੋਵੇ। ਪਰ ਜਲਦੀ ਹੀ ਸਪਸ਼ਟ ਹੋ ਗਿਆ ਕਿ ਗੱਲ ਇਹ ਨਹੀਂ ਹੈ। ਇੱਥੋਂ ਹੀ ਸ਼ੱਕ-ਸ਼ੁਬਹੇ ਪੈਦਾ ਹੋਣ ਲੱਗ ਪਏ।

ਪਹਿਲਾ ਸ਼ੰਕਾ ਇਸ ਗੱਲ ਨੇ ਖੜ੍ਹਾ ਕੀਤਾ ਕਿ ਜਦੋਂ ਕਿਸੇ ਵੀ ਆਫਤ ਜਾਂ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ “ਪਰਧਾਨ ਮਤਰੀ ਆਫਤ ਰਾਹਤ ਕੋਸ਼ (Prime Minister's National Relief Fund) ਯਾਨੀ (PMNRF) ਨਾਂ ਦਾ ਕੋਸ਼ ਮੌਜੂਦ ਹੈ ਤਾਂ ਫਿਰ “ਪੀਐੱਮ ਕਅਰਜ਼ ਫੰਡ” ਨਾਂ ਦੇ ਨਵੇਂ ਕੋਸ਼ ਦੀ ਜ਼ਰੂਰਤ ਕਿਉਂ ਪਈ? ਜਦੋਂ ਕਿ ਉਹਦੇ ਵਿੱਚ 3800 ਕਰੋੜ ਦੇ ਕਰੀਬ ਰੁਪਏ ਪਹਿਲਾਂ ਪਏ ਵੀ ਹਨ।

ਫਿਰ ਸਵਾਲ ਪੈਦਾ ਹੋ ਗਿਆ ਕਿ ਜਦੋਂ ਟ੍ਰਸਟ ਸਰਕਾਰੀ ਹੈ ਹੀ ਨਹੀਂ ਤਾਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿੱਤ ਮੰਤਰੀ ਇਸ ਟ੍ਰਸਟ ਦੇ ਮੈਂਬਰ ਕਿਸ ਹੈਸੀਅਤ ਵਿੱਚ ਹਨ? ਜੇ ਇਹ ਸਰਕਾਰੀ ਟ੍ਰਸਟ ਨਹੀਂ ਤਾਂ ਸਰਕਾਰੀ ਏਜੰਸੀਆਂ ਤੇ ਭਾਜਪਾ ਲੀਡਰ ਇਸ ਨੂੰ ਸਰਕਾਰੀ ਕੋਸ਼ ਵਾਂਗ ਪ੍ਰਚਾਰਿਤ ਕਿਉਂ ਕਰ ਰਹੇ ਹਨ? ਫਿਰ ਇਹ ਵੀ ਸਾਹਮਣੇ ਆ ਗਿਆ ਕਿ ਇਸ ਟ੍ਰਸਟ ਦਾ ਆਡਿਟ ਵੀ ਕੈਗ ਨਹੀਂ ਕਰ ਸਕਦਾ, ਸਗੋਂ ਟ੍ਰਸਟ ਦੇ ਟ੍ਰਸਟੀਆਂ ਵੱਲੋਂ ਨਿਯੁਕਤ ਕੀਤੇ ਨਿਰੀਖਕ ਹੀ ਕਰਨਗੇ। ਹਰ ਟ੍ਰਸਟ ਦੀ ਇੱਕ ਡੀਡ ਹੁੰਦੀ ਹੈ ਜਿਸ ਵਿੱਚ ਉਸਦੇ ਉਦੇਸ਼ਾਂ, ਕਾਰਜ ਪ੍ਰਣਾਲੀ ਅਤੇ ਰਜਿਸਟੇਸ਼ਨ ਵਗੈਰਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਪੀਐੱਮ ਕੇਅਰਜ਼ ਫੰਡ ਦੀ ਅਜਿਹੀ ਕੋਈ ਜਾਣਕਾਰੀ ਅੱਜ ਤਕ ਜਨਤਕ ਨਹੀਂ ਕੀਤੀ ਗਈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਇਹ ਸ਼ਾਇਦ ਹੀ ਕਦੇ ਪਤਾ ਲੱਗੇ ਕਿ ਪੀਐੱਮ ਕੇਅਰਜ਼ ਫੰਡ ਵਿੱਚ ਕਿੰਨਾ ਪੈਸਾ ਜਮ੍ਹਾਂ ਹੋਇਆ, ਕਿੱਥੋਂ ਆਇਆ, ਕਿੰਨਾ ਪੈਸਾ ਕਿੱਥੇ-ਕਿੱਥੇ ਖਰਚ ਹੋਇਆ।

ਪੀਐੱਮ ਕੇਅਰਜ਼ ਫੰਡ ਬਾਰੇ ਪੈਦਾ ਹੋਏ ਤੌਖਲਿਆਂ ਦਾ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਕਿੱਧਰੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਨੇ ਮੇਰੇ ਵਰਗੇ ਕਈ ਸ਼ੰਕਾਲੂਆਂ ਦੀ ਸ਼ੰਕਾ ਵਧਾ ਦਿੱਤੀ ਹੈ। ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਤੋਂ ਹਰ ਮਾਮਲੇ ਵਿੱਚ 70 ਸਾਲਾਂ ਦਾ ਨਿੱਤ ਹਿਸਾਬ ਮੰਗਣ ਵਾਲੇ ਪ੍ਰਧਾਨ ਸੇਵਕ ਤੇ ਉਨ੍ਹਾਂ ਦੀ ਮਿੱਤਰ-ਮੰਡਲੀ ਪਹਿਲਾ ਸਵਾਲ ਉੱਠਦਿਆਂ ਹੀ ਸਥਿਤੀ ਸਪਸ਼ਟ ਕਰਕੇ ਉੱਠੇ ਤੇ ਭਵਿੱਖ ਵਿੱਚ ਉੱਠਣ ਵਾਲੇ ਸਵਾਲਾਂ ’ਤੇ ਵਿਰਾਮ ਲਾ ਦਿੰਦੀ ਅਤੇ ਪੀਐੱਮ ਕੇਅਰਜ਼ ਫੰਡ ਨੂੰ ਪਬਲਿਕ ਅਥਾਰਟੀ ਕਰਾਰ ਦੇ ਕੇ ਖੁੱਲ੍ਹੀ ਕਿਤਾਬ ਦੇ ਰੂਪ ਵਿੱਚ ਸਭ ਦੇ ਸਾਹਮਣੇ ਰੱਖ ਦਿੰਦੀ।

ਪੀਐੱਮ ਕੇਅਰਜ਼ ਫੰਡ ਵਿੱਚ ਪਾਰਦਰਸ਼ਤਾ ਨਾ ਹੋਣ ਨੇ ਨਾ ਸਿਰਫ਼ ਲੋਕਾਂ ਵਿੱਚ ਭਰਮ ਭੁਲੇਖਿਆਂ ਨੂੰ ਜਨਮ ਦਿੱਤਾ ਸਗੋਂ ਆਰ ਟੀ ਆਈ ਕਾਰਕੁੰਨਾਂ ਸਮੇਤ ਹੋਰਨਾਂ ਲੋਕਾਂ ਨੇ ਪੀਐੱਮ ਕੇਅਰਜ਼ ਫੰਡ ਦੇ ਮੁੱਦੇ ਨੂੰ ਕੋਰਟ ਕਚਹਿਰੀ ਤਕ ਪਹੁੰਚਾ ਦਿੱਤਾ। ਬੰਬੇ ਤੇ ਦਿੱਲੀ ਹਾਈਕੋਰਟਾਂ ਵਿੱਚ ਇਸ ਮਸਲੇ ’ਤੇ ਹੋ ਰਹੀਆਂ ਸੁਣਵਾਈਆਂ ਵਿੱਚ ਸਰਕਾਰੀ ਪੱਖ ਦਾ ਸਾਰਾ ਜ਼ੋਰ ਪੀਐੱਮ ਕੇਅਰਜ਼ ਫੰਡ ਨੂੰ ਆਰ ਟੀ ਆਈ ਦੇ ਘੇਰੇ ਤੋਂ ਬਾਹਰ ਰੱਖਣ ਸਮੇਤ ਇਸਦੀ ਗੁਪਤਤਾ ਬਣਾਈ ਰੱਖਣ ’ਤੇ ਲੱਗਿਆ ਹੋਇਆ ਹੈ। ਜ਼ਾਹਿਰ ਹੈ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਪੀਐੱਮ ਕੇਅਰਜ਼ ਫੰਡ ਦਾ ਹਿਸਾਬ-ਕਿਤਾਬ ਦਿੱਤਾ ਜਾਵੇ।

ਪਤਾ ਨਹੀਂ ਕਿਉਂ ਜਦੋਂ ਵੀ ਪੀਐੱਮ ਕੇਅਰਜ਼ ਫੰਡ ਦੀ ਗੱਲ ਚੱਲਦੀ ਹੈ ਤਾਂ ਮੈਂਨੂੰ ਝੱਟ ਸਾਡੇ ਪ੍ਰਧਾਨ ਸੇਵਕ ਦੇ “ਮੈਂ ਤੋਂ ਫਕੀਰ ਹੂੰ ਝੋਲਾ ਉਠਾ ਕੇ ਚਲਾ ਜਾਊਂਗਾ” ਵਾਲੇ ਬਿਆਨ ਦੀ ਅਤੇ ਉਸ ਬਾਬੇ ਦੀ ਕਹਾਣੀ ਚੇਤੇ ਆ ਜਾਂਦੀ ਹੈ ਜਿਹੜਾ ਸੰਗਤ ਨੂੰ “ਖਾਲੀ ਖੀਸਾ” ਦਿਖਾ ਕੇ ਚੱਲਦਾ ਬਣਿਆ ਸੀ।

ਹੋਇਆ ਇੰਝ ਕਿ ਸੰਨ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਦੇ ਇੱਕ ਉਮੀਦਵਾਰ ਦੀ ਆਪਮੁਹਾਰੀ ਚੋਣ ਮੁਹਿੰਮ ਵਿੱਚ ਮੋਟੇ ਫੰਡ ਇਕੱਠੇ ਹੋਏ ਅਤੇ ਬਾਬਿਆਂ ਦਾ ਹੁਕਮ ਕਹਿ ਕੇ ਇਕੱਠੇ ਵੀ ਕੀਤੇ ਗਏ। ਮਾਇਆ ਦੀ ਵਗਦੀ ਗੰਗਾ ਵਿੱਚ ਹੱਥ ਧੋਣ ਅਤੇ ਵਾਹਾ ਵਾਹੀ ਖੱਟਣ ਲਈ ਬਰੇਟਾ ਇਲਾਕੇ ਦਾ ਇੱਕ ‘ਸੱਤ ਪੱਤਣਾਂ ਦਾ ਤਾਰੂ ਬਾਬਾ’ ਆਪੂੰ ਹੀ ਚੋਣ ਮੁਹਿੰਮ ਦੀ ਵਾਗਡੋਰ ਸੰਭਾਲ ਬੈਠਾ। ਬਾਬਾ ਦੀ ਜੇਤੂ ਚੋਣ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਬਰੇਟਾ ਇਲਾਕੇ ਦੇ ਵਰਕਰਾਂ ਦਾ ਇਕੱਠ ਚੋਣ ਫੰਡਾਂ ਦੇ ਹਿਸਾਬ-ਕਿਤਾਬ ਲਈ ਬਾਬਾ ਜੀ ਦੁਆਲੇ ਜੁੜ ਬੈਠਿਆ। ਜੁੜੀ ਹੋਈ ਸਾਧ ਸੰਗਤ ਵਿੱਚੋਂ ਕਿਸੇ ਨੇ ਬਾਬਾ ਜੀ ਨੂੰ ਚੋਣ ਮੁਹਿੰਮ ਦੇ ਫੰਡ ਦਾ ਹਿਸਾਬ ਦੇਣ ਲਈ ਆਖ ਦਿੱਤਾ। ਜੁੜੀ ਸੰਗਤ ਨੂੰ ਫਤਿਹ ਬੁਲਾ ਕੇ ਖੜ੍ਹਾ ਹੁੰਦਿਆਂ ਬਾਬਾ ਜੀ ਆਪਣੀ ਬੇਰੜੀ ਬੋਲੀ ਵਿੱਚ ਕਹਿਣ ਲੱਗਾ, “ਹੈ ਕਮਲੇ, ਮੈਂ ਅਣਪੜ੍ਹ ਬੰਦਾ ਭਲਾ ਕਾਸ ਕਾ ਸਾਹਬ ਦੇਊਂ? ਮੇਰੇ ਪੈ ਤੋਂ ਜਿਹੜਾ ਪੈਸਾ ਆਵੈ ਤਾਂ ਖੀਸੇ ਮੇਂ ਪਾ ਲਿਊਂ ‘ਤਾਂ, ਜਿਹੜਾ ਕੋਈ ਖਰਚ ਨੂੰ ਮੰਗੈ ਤਾਂ ਖੀਸੇ ਤੋਂ ਕੱਢ ਕੇ ਫੜਾ ਦੇਊਂ ਤਾਂਆਹ ਦੇਖ ਲਓ ਭਾਈ ਖੀਸਾ ਮੇਰਾ ਖਾਲੀ ਐ।” ਕਹਿ ਕੇ ਬਾਬਾ ਜੀ ਨੇ ਖਾਲੀ ਖੀਸੇ ਨੂੰ ਉਲਟ ਕੇ ਦਿਖਾਉਂਦਿਆਂ ਗੱਲ ਨਿਬੇੜ ਦਿੱਤੀ।

ਖੁਦਾ ਨਾ ਖਾਸਤਾ ਜੇ ਕਦੇ “ਮੈਂ ਤੋਂ ਫਕੀਰ ਹੂੰ ...” ਕਹਿਣ ਵਾਲਾ ਪ੍ਰਧਾਨ ਸੇਵਕ ਵੀ ਝੋਲਾ ਉਠਾ ਕੇ ਇੰਝ ਹੀ ਤੁਰ ਗਿਆ ਤਾਂ ਦੇਸ਼ ਦਾ ਕੀ ਬਣੇਗਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2245)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)