JatinderPannu7ਠੀਕ-ਠਾਕ ਵਿਅਕਤੀਆਂ ਨੂੰ ਹਸਪਤਾਲ ਲਿਟਾ ਕੇ ਮੋਟੇ ਬਿੱਲ ਬਣਾਏ ਅਤੇ ਉਨ੍ਹਾਂ ਦੀਆਂ ਜੇਬਾਂ ...
(5 ਜੁਲਾਈ 2020)

 

ਸਾਡੇ ਲੋਕ ਇਸ ਵੇਲੇ ਕੋਰੋਨਾ ਵਾਇਰਸ ਦੇ ਉਸ ਸੰਕਟ ਦਾ ਸਾਹਮਣਾ ਕਰਦੇ ਪਏ ਹਨ, ਜਿਹੜਾ ਸਾਰੇ ਸੰਸਾਰ ਦੇ ਲੋਕਾਂ ਦੇ ਸਿਰ ਵੀ ਪਿਆ ਹੈ ਤੇ ਸਮੁੱਚਾ ਭਾਰਤ ਵੀ ਜਿਸ ਨੂੰ ਝੱਲ ਰਿਹਾ ਹੈਉਸ ਸੰਕਟ ਬਾਰੇ ਵੀ ਚਿੰਤਾ ਕਰਦੇ ਪਏ ਹਨ, ਜਿਹੜਾ ਚੀਨ ਨਾਲ ਅਸਲੀ ਕੰਟਰੋਲ ਰੇਖਾ ਉੱਤੇ ਬਣੇ ਹੋਏ ਤਣਾਉ ਕਾਰਨ ਸਾਰੇ ਦੇਸ਼ ਦੇ ਸਾਹਮਣੇ ਹੈਇਸੇ ਸਮੇਂ ਪੰਜਾਬ ਦੇ ਲੋਕਾਂ ਨੂੰ ਕੁਝ ਹੋਰ ਗੱਲਾਂ ਨਾਲ ਮਾਨਸਿਕ ਸੱਟ ਵੱਜੀ ਹੈਇਹ ਮੁੱਦੇ ਸਰਕਾਰੀ ਵੀ ਹਨ ਅਤੇ ਧਰਮ ਖੇਤਰ ਵਿਚਲੀਆਂ ਕਿਆਸ ਨਾ ਕਰਨ ਵਾਲੀਆਂ ਘਟਨਾਵਾਂ ਬਾਰੇ ਵੀ ਹਨਸਰਕਾਰੀ ਤੇ ਗੈਰ ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਅਤੇ ਧਰਮ ਦੇ ਓਹਲੇ ਹੇਠ ਜਿਹੜੀ ਸਿਰੇ ਦੀ ਬੇਸ਼ਰਮੀ ਵੇਖਣ ਨੂੰ ਮਿਲ ਰਹੀ ਹੈ, ਇਹ ਕੁਝ ਤਾਂ ਕਦੇ ਸੋਚਿਆ ਵੀ ਨਹੀਂ ਸੀ

ਪਹਿਲੀ ਗੱਲ ਤਾਂ ਅਸੀਂ ਇਸ ਬਾਰੇ ਦੁਖੀ ਹਾਂ ਕਿ ਜਦੋਂ ਕੋਰੋਨਾ ਦੇ ਦੌਰ ਵਿੱਚ ਲੋਕ ਬੜੀ ਬੁਰੇ ਤਰ੍ਹਾਂ ਫਸੇ ਹੋਏ ਅਤੇ ਡਾਕਟਰੀ ਕਿੱਤੇ ਵੱਲ ਬੜੀ ਆਸ ਅਤੇ ਸਤਿਕਾਰ ਦੀ ਨਜ਼ਰ ਨਾਲ ਵੇਖ ਰਹੇ ਸਨ, ਉਦੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸਾਹਮਣੇ ਆ ਗਿਆ ਹੈਸਾਰੇ ਲੋਕ ਜਾਣਦੇ ਹਨ ਕਿ ਕੋਰੋਨਾ ਵਾਇਰਸ ਦੇ ਸ਼ੁਰੂ ਹੋਣ ਨਾਲ ਹਰ ਥਾਂ ਤੋਂ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਪੀ ਪੀ ਈ ਕਿੱਟਾਂ ਦੀ ਅਣਹੋਂਦ ਦੀਆਂ ਖਬਰਾਂ ਆਉਣ ਲੱਗ ਪਈਆਂ ਸਨਅਸਲ ਵਿੱਚ ਇਹ ਸੰਕਟ ਸ਼ੁਰੂ ਹੋਣ ਤਕ ਬਹੁਤੇ ਲੋਕਾਂ ਨੇ ਪੀ ਪੀ ਈ ਕਿੱਟਾਂ ਦਾ ਕਦੀ ਨਾਂਅ ਵੀ ਨਹੀਂ ਸੀ ਸੁਣਿਆ ਸੀ ਅਤੇ ਇੱਕ ਦੂਸਰੇ ਕੋਲੋਂ ਇਨ੍ਹਾਂ ਕਿੱਟਾਂ ਬਾਰੇ ਪੁੱਛਦੇ ਹੁੰਦੇ ਸਨਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀ ਪੀ ਈ) ਕਿੱਟਾਂ ਮੁੱਢਲੇ ਰੂਪ ਵਿੱਚ ਸੋਲ੍ਹਵੀਂ ਸਦੀ ਵਿੱਚ ਯੂਰਪ ਵਿੱਚ ਪਲੇਗ ਦੀ ਬਿਮਾਰੀ ਫੈਲਣ ਵੇਲੇ ਬਣਾਈਆਂ ਗਈਆਂ ਸਨ ਤੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਕਾਮਿਆਂ ਨੂੰ ਉਨ੍ਹਾਂ ਦੇ ਆਪਣੇ ਬਚਾਅ ਲਈ ਦਿੱਤੀਆਂ ਗਈਆਂ ਸਨਬਾਅਦ ਵਿੱਚ ਇਹੋ ਜਿਹੀਆਂ ਕਿੱਟਾਂ ਦੀ ਵਰਤੋਂ ਅੱਗ ਲੱਗਣ ਉੱਤੇ ਕੁਝ ਦੇਸ਼ਾਂ ਵਿੱਚ ਫਾਇਰ ਸਰਵਿਸ ਵਾਲੇ ਲੋਕਾਂ ਨੂੰ ਵੀ ਦਿੱਤੀਆਂ ਜਾਣ ਲੱਗ ਪਈਆਂ ਸਨਖਤਰੇ ਨਾਲ ਸਿੱਝਦੇ ਸਮੇਂ ਖੁਦ ਖਤਰੇ ਤੋਂ ਪ੍ਰਭਾਵਤ ਹੋਣ ਤੋਂ ਬਚਣ ਲਈ ਵਰਤੇ ਜਾ ਸਕਣ ਵਾਲੇ ਇਹ ਸੂਟ ਇਸ ਵਾਰੀ ਕੋਰੋਨਾ ਵਾਇਰਸ ਤੋਂ ਬਚਣ ਲਈ ਐਮਰਜੈਂਸੀ ਫਲਾਈਟ ਵਾਲੇ ਪਾਇਲਟਾਂ ਅਤੇ ਹੋਰ ਅਮਲੇ ਲਈ ਵੀ ਜ਼ਰੂਰੀ ਸਮਝੇ ਜਾਣ ਲੱਗ ਪਏ ਸਨ ਅਤੇ ਕੋਰੋਨਾ ਦੇ ਰੋਗੀ ਦੀ ਮੌਤ ਪਿੱਛੋਂ ਅੰਤਮ ਸੰਸਕਾਰ ਵੇਲੇ ਨਾਲ ਜਾਣ ਵਾਲੇ ਲੋਕਾਂ ਲਈ ਵੀ ਇਸਦੀ ਵਰਤੋਂ ਦੀ ਮੰਗ ਉੱਠਣ ਲੱਗ ਪਈ ਸੀਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਇਸੇ ਪੀ ਪੀ ਈ ਕਿੱਟ ਦੀ ਖਰੀਦ ਵਿੱਚ ਘਪਲਾ ਕੀਤਾ ਗਿਆ ਹੈ ਅਤੇ ਇਸਦੀ ਜਾਂਚ ਵਿੱਚ ਕਈ ਵੱਡੇ ਨਾਂਅ ਆ ਰਹੇ ਹਨ

ਕਹਾਣੀ ਇਹ ਪਤਾ ਲਗਦੀ ਹੈ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਲਈ ਜਦੋਂ ਪੀ ਪੀ ਈ ਕਿੱਟਾਂ ਹੋਰ ਕਿਤੋਂ ਨਹੀਂ ਸਨ ਮਿਲੀਆਂ ਤਾਂ ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਾਰਲੀਮੈਂਟ ਮੈਂਬਰ ਵਾਲੇ ਹਲਕਾ ਵਿਕਾਸ ਫੰਡ ਵਿੱਚੋਂ ਇਸ ਕੰਮ ਲਈ ਗਰਾਂਟ ਦਿੱਤੀ ਸੀਜਦੋਂ ਕਿੱਟਾਂ ਪਹੁੰਚੀਆਂ ਤਾਂ ਵਰਤਣ ਵਾਲਿਆਂ ਡਾਕਟਰਾਂ ਅਤੇ ਹੋਰ ਅਮਲੇ ਨੇ ਉਨ੍ਹਾਂ ਨੂੰ ਨਿਕੰਮੀਆਂ ਕਹਿ ਕੇ ਦੁਹਾਈ ਪਾ ਦਿੱਤੀਜਾਂਚ ਕਰਨ ਦਾ ਕੰਮ ਜਦੋਂ ਭ੍ਰਿਸ਼ਟ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਥਾਂ ਬਚਾਉਣ ਵਾਲਾ ਜਾਪਿਆ ਤਾਂ ਫੰਡ ਦੇਣ ਵਾਲੇ ਐੱਮ ਪੀ ਨੇ ਕੇਂਦਰ ਦੀ ਸਰਕਾਰ ਨੂੰ ਇਸਦੀ ਜਾਂਚ ਕਰਾਉਣ ਲਈ ਚਿੱਠੀ ਲਿਖ ਦਿੱਤੀ ਇਸਦਾ ਅਸਰ ਇਹ ਹੋਇਆ ਕਿ ਜਾਂਚ ਦੇ ਨਾਂਅ ਉੱਤੇ ਸਾਰੇ ਮੁੱਦੇ ਨੂੰ ਖੁਰਦ-ਬੁਰਦ ਕਰਨ ਵਾਲਿਆਂ ਦਾ ਰਾਹ ਬੰਦ ਹੋ ਗਿਆ ਅਤੇ ਨਤੀਜੇ ਵਜੋਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਤੇ ਕੁਝ ਹੋਰਨਾਂ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰਨਾ ਪੈ ਗਿਆਅੱਗੋਂ ਜਾਂਚ ਕਿੱਥੋਂ ਤਕ ਜਾਵੇਗੀ, ਕਿਹਾ ਨਹੀਂ ਜਾ ਸਕਦਾ

ਇਹ ਤਾਂ ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸੀ, ਕੋਰੋਨਾ ਵਾਇਰਸ ਦੇ ਦੌਰ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦਾ ਦੂਸਰਾ ਗੈਰ-ਸਰਕਾਰੀ ਕਿੱਸਾ ਇਸ ਤੋਂ ਵੀ ਭੈੜਾ ਹੈਅੰਮ੍ਰਿਤਸਰ ਵਿੱਚ ਤੁਲੀ ਲੈਬ ਵਿੱਚ ਲੋਕਾਂ ਦੇ ਟੈੱਸਟ ਕੀਤੇ ਜਾਂਦੇ ਤੇ ਬਿਨਾਂ ਕਿਸੇ ਬੀਮਾਰੀ ਤੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮਰੀਜ਼ ਕਹਿ ਕੇ ਇੱਕ ਖਾਸ ਹਸਪਤਾਲ ਤੋਂ ਇਲਾਜ ਕਰਾਉਣ ਲਈ ਰੈਫਰ ਕੀਤਾ ਜਾਂਦਾ ਸੀਉਹ ਹਸਪਤਾਲ ਪਹਿਲਾਂ ਵੀ ਪੁੱਠੇ ਕੰਮ ਲਈ ਲੋਕਾਂ ਵਿੱਚ ਚਰਚਿਤ ਸੀਅਗਲਾ ਕੰਮ ਉਸ ਹਸਪਤਾਲ ਵਿੱਚ ਇਹ ਹੁੰਦਾ ਰਿਹਾ ਕਿ ਠੀਕ-ਠਾਕ ਵਿਅਕਤੀਆਂ ਨੂੰ ਹਸਪਤਾਲ ਲਿਟਾ ਕੇ ਮੋਟੇ ਬਿੱਲ ਬਣਾਏ ਅਤੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਰਹੀਆਂਜਦੋਂ ਇੱਕੋ ਪਰਿਵਾਰ ਦੇ ਕਈ ਲੋਕ ਕੋਰੋਨਾ ਵਾਇਰਸ ਦੇ ਪੌਜ਼ੇਟਿਵ ਮਰੀਜ਼ ਦੱਸ ਕੇ ਇਸੇ ਹਸਪਤਾਲ ਵਿੱਚ ਭੇਜ ਦਿੱਤੇ ਗਏ ਤਾਂ ਪਰਿਵਾਰ ਦੇ ਦਾਮਾਦ ਨੇ ਜ਼ਿੱਦ ਕਰ ਕੇ ਸਰਕਾਰੀ ਲੈਬ ਤੋਂ ਉਨ੍ਹਾਂ ਦੇ ਸੈਂਪਲ ਟੈੱਸਟ ਕਰਵਾਏ ਤੇ ਨਤੀਜੇ ਵਿੱਚ ਉਹ ਲੋਕ ਕਿਸੇ ਵੀ ਬਿਮਾਰੀ ਤੋਂ ਰਹਿਤ ਨਿਕਲੇਫਿਰ ਵਿਜੀਲੈਂਸ ਦੀ ਕਾਰਵਾਈ ਚੱਲੀ ਤੇ ਤੁਲੀ ਲੈਬ ਦੇ ਨਾਲ ਹਸਪਤਾਲ ਦੇ ਅੱਧੀ ਕੁ ਦਰਜਨ ਡਾਕਟਰਾਂ ਉੱਤੇ ਸ਼ਿਕੰਜਾ ਕੱਸਿਆ ਜਾਣ ਲੱਗਾ ਤਾਂ ਉਹ ਸਾਰੇ ਜਣੇ ਜਾਂਚ ਦਾ ਸਾਹਮਣਾ ਕਰਨ ਦੀ ਥਾਂ ਗੁਪਤਵਾਸ ਹੋ ਕੇ ਕਾਨੂੰਨੀ ਕਾਰਵਾਈ ਕਰਨ ਨਿਕਲ ਪਏਅਸੀਂ ਡਾਕਟਰੀ ਕਿੱਤੇ ਵੱਲ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਾਂ ਤੇ ਭਵਿੱਖ ਵਿੱਚ ਵੀ ਵੇਖਦੇ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਮਾਮਲੇ ਵਿੱਚ ਡਾਕਟਰਾਂ ਦੀ ਕਿਸੇ ਜਥੇਬੰਦੀ ਨੇ ਡਾਕਟਰੀ ਕਿੱਤੇ ਦੇ ਇਸ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਨਹੀਂ ਉਠਾਈਡਾਕਟਰਾਂ ਦੀ ਐਸੋਸੀਏਸ਼ਨ ਉਦੋਂ ਵੀ ਚੁੱਪ ਰਹੀ, ਜਦੋਂ ਇਸੇ ਅੰਮ੍ਰਿਤਸਰ ਵਿੱਚ ਵੀਹ ਕੁ ਸਾਲ ਪਹਿਲਾਂ ਗਰੀਬ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਅਮੀਰਾਂ ਨੂੰ ਲਾਉਣ ਅਤੇ ਪੈਸਾ ਕਮਾਉਣ ਦੀ ਗੰਦੀ ਖੇਡ ਨੰਗੀ ਹੋਈ ਸੀ

ਦੂਸਰਾ ਪੱਖ ਧਰਮ ਦੇ ਖੇਤਰ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਹੈਜਦੋਂ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਰਕਾਰ ਨੇ ਲਾਕਡਾਊਨ ਕੀਤਾ ਹੋਇਆ ਸੀ ਤੇ ਪੰਜਾਬ ਵਿੱਚ ਕਰਫਿਊ ਹੋਣ ਕਾਰਨ ਲੋਕ ਧਰਮ ਅਸਥਾਨਾਂ ਵਿੱਚ ਜਾਂਦੇ ਨਹੀਂ ਸਨ, ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿੱਚ ਲੱਖਾਂ ਰੁਪਏ ਦਾ ਲੰਗਰ ਘੁਟਾਲਾ ਹੋ ਗਿਆਦੱਸਿਆ ਗਿਆ ਹੈ ਕਿ ਕਾਗਜ਼ਾਂ ਵਿੱਚ ਲੱਖਾਂ ਰੁਪਏ ਦੀ ਸਬਜ਼ੀ ਰੋਜ਼ ਤਾਜ਼ੀ ਖਰੀਦ ਕੇ ਬਣਾਈ ਜਾਂਦੀ ਤੇ ਸੰਗਤ ਆਉਣ ਤੋਂ ਬਿਨਾਂ ਰੋਜ਼ ਵਰਤਾਈ ਗਈ ਦਿਖਾਈ ਜਾਂਦੀ ਰਹੀ ਸੀਰੌਲਾ ਪਿਆ ਤਾਂ ਇਸਦੀ ਜਾਂਚ ਕਰਾਉਣੀ ਪੈ ਗਈਤਖਤ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣ ਕਰ ਕੇ ਜਾਂਚ ਅਧਿਕਾਰੀ ਅੰਮਿਤਸਰੋਂ ਆਏ ਅਤੇ ਮਾਮਲਾ ਮੀਡੀਏ ਵਿੱਚ ਆ ਚੁੱਕਾ ਹੋਣ ਕਾਰਨ ਪੰਜ ਜਣੇ ਸਸਪੈਂਡ ਕਰਨ ਦਾ ਹੁਕਮ ਹੋ ਗਿਆਇਨ੍ਹਾਂ ਪੰਜਾਂ ਵਿੱਚ ਇੱਕ ਉਸ ਤਖਤ ਸਾਹਿਬ ਦਾ ਮੈਨੇਜਰ ਸੀ ਤੇ ਦੂਸਰੇ ਉਸ ਦੇ ਨਾਲ ਮੀਤ ਮੈਨੇਜਰ ਅਤੇ ਹੋਰ ਜ਼ਿੰਮੇਵਾਰ ਅਧਿਕਾਰੀ ਸਨਹੈਰਾਨੀ ਦੀ ਗੱਲ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਵੀ ਘਪਲਾ ਹੋਵੇ ਤਾਂ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ, ਪਰ ਸ਼੍ਰੋਮਣੀ ਕਮੇਟੀ ਇਸ ਦੇਸ਼ ਦੇ ਸੰਵਿਧਾਨ ਮੁਤਾਬਕ ਬਣੀ ਹੋਣ ਦੇ ਬਾਵਜੂਦ ਇਸ ਵੱਡੇ ਘਪਲੇ ਦਾ ਕੇਸ ਦਰਜ ਕਰਾਉਣ ਤੋਂ ਕੰਨੀ ਕਤਰਾਉਣ ਦਾ ਕੰਮ ਹੋਣ ਲੱਗ ਪਿਆਇੱਕ ਜਾਂਚ ਕਮੇਟੀ ਬਣਾ ਲਈ ਹੈ ਤੇ ਫਿਰ ਬਚਾਉਣ ਦੇ ਚਾਰੇ ਸ਼ੁਰੂ ਹੋ ਜਾਣਗੇਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖਤੀ ਕੀਤੀ ਜਾਵੇਗੀ, ਪਰ ਸਧਾਰਨ ਲੋਕ ਇਹ ਮੰਨਣ ਵਿੱਚ ਬਹੁਤ ਜ਼ਿਆਦਾ ਔਖ ਮਹਿਸੂਸ ਕਰਦੇ ਹਨ ਕਿ ਢਾਈ ਮਹੀਨੇ ਜਦੋਂ ਇਸੇ ਤਖਤ ਸਾਹਿਬ ਦੇ ਅੰਦਰ ਲੰਗਰ ਦਾ ਲੱਖਾਂ ਰੁਪਏ ਦਾ ਘਪਲਾ ਹੁੰਦਾ ਰਿਹਾ, ਜਥੇਦਾਰ ਸਾਹਿਬ ਨੂੰ ਭਲਾ ਇਸਦੀ ਭਿਣਕ ਵੀ ਨਾ ਲੱਗੀ ਹੋਵੇਗੀ!

ਅਸੀਂ ਕੇਂਦਰ ਜਾਂ ਰਾਜ ਸਰਕਾਰ ਦੇ ਅਦਾਰਿਆਂ ਅਤੇ ਗੈਰ-ਸਰਕਾਰੀ ਲੈਬਾਰਟਰੀਆਂ ਅਤੇ ਹਸਪਤਾਲਾਂ ਵਿੱਚ ਨਿੱਤ ਵਾਪਰਦੇ ਭ੍ਰਿਸ਼ਟਾਚਾਰ ਦੀ ਛੋਟੀ ਜਿਹੀ ਵੰਨਗੀ ਦੀ ਗੱਲ ਕੀਤੀ ਹੈ, ਜਿਸ ਦੀ ਜਾਂਚ ਚੱਲਦੀ ਪਈ ਹੈਉਂਜ ਹਸਪਤਾਲਾਂ ਦਾ ਇਹ ਕਿੱਸਾ ਵੀ ਅੱਜਕੱਲ੍ਹ ਗੁੱਝਾ ਨਹੀਂ ਰਹਿ ਗਿਆ ਕਿ ਕੁਝ ਹਸਪਤਾਲ ਸਰਕਾਰ ਦੀਆਂ ਆਯੂਸ਼ਮਾਨ ਜਾਂ ਹੋਰਨਾਂ ਸਕੀਮਾਂ ਹੇਠ ਚੰਗੇ-ਭਲੇ ਲੋਕਾਂ ਨੂੰ ਆਪਣੇ ਕਮਰਿਆਂ ਵਿੱਚ ਦਾਖਲ ਦੱਸ ਕੇ ਉਨ੍ਹਾਂ ਦਾ ਸਰਕਾਰ ਤੋਂ ਮਿਲਦਾ ਪੈਸਾ ਹੜੱਪਣ ਦਾ ਕੰਮ ਵੀ ਕਰਦੇ ਹਨਮੋਹਾਲੀ ਵਿੱਚ ਇੱਕ ਵਾਰ ਇੱਦਾਂ ਦੇ ਜਾਅਲੀ ਮਰੀਜ਼ ਦਿਖਾ ਕੇ ਇੰਸ਼ੋਰੈਂਸ ਕੰਪਨੀਆਂ ਤੋਂ ਪੈਸੇ ਵਸੂਲ ਕਰਨ ਦਾ ਸਕੈਂਡਲ ਫੜਿਆ ਗਿਆ ਸੀ ਤੇ ਵੱਡੇ-ਵੱਡੇ ਹਸਪਤਾਲਾਂ ਬਾਰੇ ਚਰਚਾ ਹੋਈ ਸੀਸਾਰੇ ਡਾਕਟਰ ਬਿਨਾਂ ਸ਼ੱਕ ਇਹੋ ਜਿਹੇ ਨਹੀਂ ਹੁੰਦੇ, ਬਹੁਤੇ ਡਾਕਟਰ ਲੋਕਾਂ ਦੀ ਸੇਵਾ ਦਾ ਫਰਜ਼ ਨਿਭਾਉਂਦੇ ਹਨ, ਪਰ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਡਾਕਟਰਾਂ ਦੇ ਸਾਰੇ ਭਾਈਚਾਰੇ ਨੂੰ ਚੁੱਭਣੀਆਂ ਚਾਹੀਦੀਆਂ ਹਨਉਨ੍ਹਾਂ ਦਾ ਇਸ ਬਾਰੇ ਚੁੱਪ ਵੱਟ ਜਾਣਾ ਮਾੜਾ ਲੱਗਦਾ ਹੈ ਇਸੇ ਤਰ੍ਹਾਂ ਜਦੋਂ ਕਿਸੇ ਧਰਮ ਅਸਥਾਨ ਵਿੱਚੋਂ ਤਖਤ ਕੇਸਗੜ੍ਹ ਸਾਹਿਬ ਦੇ ਲੰਗਰ ਵਰਗੀ ਹੇਰਾਫੇਰੀ ਦੀ ਗੱਲ ਬਾਹਰ ਆਉਂਦੀ ਤੇ ਉਸ ਦੇ ਖਿਲਾਫ ਸਖਤੀ ਦੇ ਐਲਾਨਾਂ ਦੇ ਓਹਲੇ ਹੇਠ ਪਰਦੇ ਪਾਉਣ ਦਾ ਕੰਮ ਚੱਲਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਅਜੇ ਬਾਕੀਆਂ ਵਾਂਗ ਬਦਨਾਮ ਨਹੀਂ ਸਮਝੇ ਜਾਂਦੇ, ਉਨ੍ਹਾਂ ਨੂੰ ਇਸਦੇ ਖਿਲਾਫ ਚੁੱਪ ਤੋੜਨੀ ਚਾਹੀਦੀ ਹੈਸਾਨੂੰ ਦੁੱਖ ਹੈ ਕਿ ਜਦੋਂ ਲੋਕ ਕੋਰੋਨਾ ਦੇ ਕਹਿਰ ਝੱਲਦੇ ਪਏ ਹਨ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਉਦੋਂ ਵੀ ਸ਼ਰਮ ਨਹੀਂ ਆ ਰਹੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2236) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author