NavneetKaur7ਲੋੜ ਹੈ ਅਸੀਂ ਆਪੇ ਅੰਦਰ ਵੀ ਝਾਤੀ ਮਾਰੀਏ ਤੇ ਆਲੇ ਦੁਆਲੇ ਵੱਲ ਵੀ ...
(1 ਜੁਲਾਈ 2020)

 

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਬਹੁਤ ਸਾਰੀਆਂ ਵੀਡੀਓਜ਼, ਸੋਸ਼ਲ ਮੀਡੀਆ ਵਿੱਚ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਬਾਲੀਵੁੱਡ ਵਿੱਚ ਉਸ ਨਾਲ ਵਿਤਕਰਾ ਕੀਤਾ ਗਿਆ ਸੀ। ਉਹਨੂੰ ਕਈ ਪ੍ਰੋਜੈਕਟ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਹਦਾ ਬੈਕਗਰਾਊਂਡ ਪਿੱਛੋਂ ਫਿਲਮੀ ਦੁਨੀਆਂ ਵਾਲਾ ਨਹੀਂ ਸੀ।

ਲੋਕਾਂ ਵਿੱਚ ਇੰਨਾ ਰੋਸ ਵੇਖ ਕੇ ਮੈਂ ਕਈ ਦਿਨਾਂ ਤੋਂ ਸੋਚਾਂ ਵਿੱਚ ਪਈ ਹੋਈ ਹਾਂ ਕਿ ਇਹ ਵਿਤਕਰਾ ਤਾਂ ਇੱਕ ਤਰ੍ਹਾਂ ਰੀਤ ਹੀ ਬਣ ਗਿਆ ਹੈ। ਹਰ ਉੱਚਾ ਵਰਗ ਆਪਣੇ ਤੋਂ ਨੀਵੇਂ ਵਰਗ ਵਾਲੇ ਨਾਲ ਧੱਕਾ ਕਰ ਹੀ ਜਾਂਦਾ ਹੈ। ਇਹ ਵਿਤਕਰਾ ਤਾਂ ਜਿਵੇਂ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ। ਮੁੱਦਤਾਂ ਤੋਂ ਅਮੀਰ-ਗਰੀਬ, ਕਾਲਾ-ਗੋਰਾ, ਜਾਤ-ਪਾਤ ਆਦਿ ਦੇ ਅਧਾਰ ਉੱਤੇ ਇੱਕ ਵਰਗ ਦੂਜੇ ਨਾਲ ਵਿਤਕਰਾ ਜ਼ਰੂਰ ਕਰਦਾ ਹੈ। ਨੀਵੇਂ ਵਰਗ ਵਾਲੇ ਬੰਦੇ ਨੂੰ ਆਪਣੀ ਪਹਿਚਾਣ ਬਣਾਉਣ ਲਈ ਬੜੇ ਜਫ਼ਰ ਝੱਲਣੇ ਪੈਂਦੇ ਹਨ।

ਅਸੀਂ ਆਪਣੇ ਆਲੇ-ਦੁਆਲੇ ਦੇਖੀਏ ਤਾਂ ਸਾਨੂੰ ਕਈ ਇੱਦਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਜਾਣਗੀਆਂ। ਜਿਵੇਂ ਸਾਡੀ ਯੂਨੀਵਰਸਿਟੀ ਵਿੱਚ ਵੀ ਤਾਂ ਇੱਦਾਂ ਹੀ ਹੁੰਦਾ ਆ ਰਿਹਾ ਹੈ। ਇੱਥੇ ਵੀ ਆਪਣੀ ਮੰਜ਼ਿਲ ’ਤੇ ਜਲਦੀ ਪਹੁੰਚਣ ਵਾਲੇ ਵਿਦਿਆਰਥੀ ਅਸਫ਼ਲ ਵਿਦਿਆਰਥੀਆਂ ਨਾਲ ਇਸੇ ਤਰ੍ਹਾਂ ਭੇਦ ਭਾਵ ਕਰਨ ਲੱਗ ਪੈਂਦੇ ਹਨ ਤੇ ਹੌਲੀ-ਹੌਲੀ ਅਸੀਂ ਆਪਣੇ ਹੀ ਸਾਥੀਆਂ ਨੂੰ ਇਸ ਤਰ੍ਹਾਂ ਦੇ ਤਣਾਅ (ਡਿਪ੍ਰੈਸ਼ਨ) ਵਿੱਚ ਪਹੁੰਚਾ ਦਿੰਦੇ ਹਾਂ ਕਿ ਅਗਲਾ ਆਤਮ-ਹੱਤਿਆ ਕਰਨ ਤਕ ਪਹੁੰਚ ਜਾਂਦਾ ਹੈ ਤੇ ਮਰਨ ਉਪਰੰਤ ਫੇਰ ਅਸੀਂ ਪੋਸਟਾਂ ਪਾਉਣ ਜੋਗੇ ਰਹਿ ਜਾਂਦੇ ਹਾਂ।

ਮੈਂ ਯੂਨੀਵਰਸਿਟੀ ਵਿੱਚ ਪਿਛਲੇ ਅੱਠ ਸਾਲਾਂ ਤੋਂ ਪੜ੍ਹ ਰਹੀ ਹਾਂ। ਇੱਦਾਂ ਦੇ ਬਹੁਤ ਕੇਸ ਵੇਖੇ ਜੋ ਆਤਮ-ਹੱਤਿਆ ਨਾਲ ਸੰਬੰਧਿਤ ਹਨ। ਉਨ੍ਹਾਂ ਵਿੱਚੋਂ ਬਹੁਤ ਨਜ਼ਦੀਕੀ ਦੋਸਤ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਾਥ ਤੇ ਸਹੀ ਸੇਧ ਦੀ ਬਹੁਤ ਜ਼ਰੂਰਤ ਸੀ ਪਰ ਉਸ ਵਕਤ ਨਾ ਕੋਈ ਅਧਿਆਪਕ ਸਾਹਿਬਾਨ ਤੇ ਨਾ ਹੀ ਸਾਡੇ ਵਿੱਚੋਂ ਉਨ੍ਹਾਂ ਨਾਲ ਸਭ ਜਾਣਦੇ ਹੋਏ ਵੀ ਖੜ੍ਹ ਪਾਏ। ਕਿਉਂਕਿ ਅਸੀਂ ਤਾਂ ਹਮੇਸ਼ਾ ਆਪਣੇ ਤੋਂ ਉੱਪਰ ਅਹੁਦੇ ਵਾਲੇ ਜਾਂ ਕਹਿ ਲਈਏ ਜੋ ਪਹਿਲੇ ਤੋਂ ਹੀ ਸੂਝਵਾਨ ਹੋਵੇ ਉਹਦਾ ਸਾਥ ਦੇਣਾ ਪਸੰਦ ਕਰਦੇ ਹਾਂ ਤੇ ਆਪਣੀ ਜ਼ਿੰਦਗੀ ਵਿੱਚੋਂ ਨਿਰਾਸ਼ ਹੋਏ ਦੋਸਤਾਂ ਦਾ ਸਾਥ ਛੱਡ ਦਿੰਦੇ ਹਾਂ। ਉਹ ਵੀ ਜਦੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਡੇ ਸਾਥ ਦੀ ਜ਼ਰੂਰਤ ਹੁੰਦੀ ਹੈ। ਅਸੀਂ ਖ਼ੁਦ ਸਾਥ ਦੇਣ ਦੀ ਬਜਾਏ ਆਪਣੇ ਨਾਲ ਵਾਲਿਆਂ ਨੂੰ ਵੀ ਰੋਕ ਦਿੰਦੇ ਹਾਂ ਤੇ ਅਗਲੇ ਨੂੰ ਐਨੀ ਕੁ ਹੀਣ-ਭਾਵਨਾ ਦਾ ਅਹਿਸਾਸ ਕਰਵਾ ਦਿੰਦੇ ਹਾਂ ਕਿ ਉਹ ਆਤਮ-ਹੱਤਿਆ ਵਰਗੇ ਕਦਮ ਉਠਾ ਲੈਂਦਾ ਹੈ। ਜਦੋਂ ਸਾਡਾ ਕੋਈ ਸਾਥੀ ਜਾਂ ਪਿਆਰਾ ਆਤਮ-ਹੱਤਿਆ ਕਰ ਜਾਂਦਾ ਹੈ ਤਾਂ ਬਾਦ ਵਿੱਚ ਸਾਡੇ ਅੰਦਰ ਪਿਆਰ, ਦੋਸਤੀ, ਸਭ ਜਾਗ ਪੈਂਦਾ ਹੈ। ਅਸੀਂ ਫੋਟੋਆਂ, ਪੋਸਟਾਂ, ਸਟੇਟਸ ਪਾ-ਪਾ ਕੇ ਉਨ੍ਹਾਂ ਦੇ ਗੁਣਾਂ ਦੀ ਖ਼ੂਬ ਤਰੀਫ਼ ਕਰਨੀ ਸ਼ੁਰੂ ਕਰ ਦਿੰਦੇ ਹਾਂ। ਤੇ ਫੇਰ ਇਹ ਗੱਲ ਸੱਚ ਹੋ ਜਾਂਦੀ ਹੈ ਕਿ ਬੰਦਾ ਚੰਗਾ ਸੀ- ਇਹ ਕਹਾਉਣ ਲਈ ਮਰਨਾ ਪੈਂਦਾ ਹੈ।

ਜਿਸ ਤਰ੍ਹਾਂ ਅਸੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦਾ ਜ਼ਿੰਮੇਵਾਰ ਬਾਲੀਵੁੱਡ ਨੂੰ ਠਹਿਰਾ ਰਹੇ ਹਾਂ ਤੇ ਕੁਝ ਖ਼ਾਸ ਲੋਕਾਂ ਖਿਲਾਫ਼ ਰੋਸ ਪ੍ਰਗਟ ਕਰ ਰਹੇ ਹਾਂ, ਉਵੇਂ ਹੀ ਮੈਂਨੂੰ ਜਾਪਦਾ ਹੈ ਕਿ ਸਾਨੂੰ ਬਾਲੀਵੁੱਡ ਦੇ ਰੋਸ ਦੀ ਵੀਡੀਓਜ਼ ਪਾਉਣ ਦੇ ਨਾਲ ਨਾਲ ਆਪਣੇ ਆਲੇ-ਦੁਆਲੇ ਵੀ ਨਜ਼ਰ ਮਾਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਨੂੰ ਕਿੰਨਾ ਕੁ ਮਾਨਸਿਕ ਤਣਾਅ (ਡਿਪ੍ਰੈਸ਼ਨ) ਵਿੱਚੋਂ ਬਾਹਰ ਕੱਢਦੇ ਹਾਂ ਤੇ ਖ਼ੁਦ ਕਿੰਨੇ ਕੁ ਜਣਿਆਂ ਨੂੰ ਮਾਨਸਿਕ ਤਣਾਅ (ਡਿਪ੍ਰੈਸ਼ਨ) ਵੱਲ ਧੱਕ ਰਹੇ ਹਾਂ?

ਜਦੋਂ ਤਕ ਅਸੀਂ ਖੁਦ ਆਪਣੇ ਆਪ ਨੂੰ ਨਹੀਂ ਬਦਲ ਲੈਂਦੇ ਉਦੋਂ ਤਕ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨ ਮਾਨਸਿਕ ਤਣਾਅ (ਡਿਪ੍ਰੈਸ਼ਨ) ਦਾ ਸ਼ਿਕਾਰ ਹੁੰਦੇ ਰਹਿਣਗੇ। ਉਸ ਵਰਗੇ ਬਹੁਤ ਸਾਰੇ ਨੌਜਵਾਨ ਇਸੇ ਪੀੜਾ ਦਾ ਸ਼ਿਕਾਰ ਹੁੰਦੇ ਆ ਰਹੇ ਹਨ ਪਰ ਉਹ ਸ਼ਾਇਦ ਆਮ ਇਨਸਾਨ ਹਨ, ਜਿਨ੍ਹਾਂ ਵੱਲ ਕਦੇ ਵੀ ਸਾਡਾ ਧਿਆਨ ਹੀ ਨਹੀਂ ਗਿਆ। ਲੋੜ ਹੈ ਅਸੀਂ ਆਪੇ ਅੰਦਰ ਵੀ ਝਾਤੀ ਮਾਰੀਏ ਤੇ ਆਲੇ ਦੁਆਲੇ ਵੱਲ ਵੀ, ਸ਼ਾਇਦ ਅਸੀਂ ਬਹੁਤ ਸਾਰੇ ਫੁੱਲਾਂ ਨੂੰ ਟੁੱਟਣ ਤੋਂ ਬਚਾਅ ਸਕੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2228) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਨਵਨੀਤ ਕੌਰ

Phone: (91 - 98724 - 38410)
Email: (navneetchouhan283@gmail.com)