CharanjitKaurDr7ਆਪਣੀ ਸਵੈ-ਜੀਵਨੀ ਵਿੱਚ ਨਾਨਕ ਸਿੰਘ ਨੇ ਸਭ ਤੋਂ ਵੱਧ ਜ਼ੋਰ ਉਨ੍ਹਾਂ ...
(30 ਜੂਨ 2020)

 

ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਇੱਕੋ ਸਮੇਂ ਇੱਕ ਕਵੀ, ਕਵੀਸ਼ਰ, ਕਹਾਣੀਕਾਰ, ਨਾਟਕਕਾਰ, ਲੇਖਕ, ਅਨੁਵਾਦਕ, ਸਵੈਜੀਵਨੀਕਾਰ ਅਤੇ ਸਭ ਤੋਂ ਵੱਧ ਇੱਕ ਨਾਵਲਕਾਰ ਸੀਉਸ ਨੇ ਸਾਹਿਤਕ-ਜਗਤ ਵਿੱਚ ਇੱਕ ਕਵੀ/ਕਵੀਸ਼ਰ ਵਜੋਂ ਪ੍ਰਵੇਸ਼ ਕੀਤਾ ਸੀ

4 ਜੁਲਾਈ, 1897 ਨੂੰ ਪਿੰਡ ਚੱਕ ਹਮੀਦ, ਤਹਿਸੀਲ ਦਾਦਨ ਖਾਂ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿੱਚ ਲਾਲਾ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੇਵੀ ਦੇ ਗ੍ਰਹਿ ਜਨਮੇ ਨਾਨਕ ਸਿੰਘ (ਪਹਿਲਾਂ ਨਾ ਹੰਸ ਰਾਜ) ਆਪਣੇ ਭੈਣ-ਭਰਾਵਾਂ (ਮੰਗਲ ਸੈਨ, ਬੋਧਰਾਜ ਅਤੇ ਵੀਰਾਂਵਾਲੀ) ਵਿੱਚੋਂ ਸਭ ਤੋਂ ਵੱਡਾ ਸੀਨਾਨਕ ਸਿੰਘ ਦੇ ਵੱਡ-ਵਡੇਰੇ ਸੌਦਾਗਰੀ ਦਾ ਕਾਰੋਬਾਰ ਕਰਦੇ ਸਨ, ਪਰ ਜਦੋਂ ਨਾਨਕ ਸਿੰਘ ਦਾ ਪੜਦਾਦਾ ਲਾਲਾ ਮੋਤੀ ਰਾਮ ਇਸ ਧੰਦੇ ਵਿੱਚ ਪਿਆ, ਉਹ ਸਮਾਂ ਅਜਿਹਾ ਸੀ ਜਿਸ ਵਿੱਚ ਇਸ ਸੌਦਾਗਰੀ ਦੇ ਧੰਦੇ ਨੂੰ ਜਾਰੀ ਰੱਖਣ ਲਈ ਬੇਗਾਰ ਬਹੁਤ ਨਿਭਾਉਣੀ ਪੈਂਦੀ ਸੀਇਸ ਲਈ ਨਾਨਕ ਸਿੰਘ ਦੇ ਪੜਦਾਦਾ ਤੋਂ ਬਾਅਦ ਨਾਨਕ ਸਿੰਘ ਦੇ ਦਾਦਾ ਮੱਖਣ ਮੱਲ ਸੂਰੀ ਇਹ ਸੌਦਾਗਰੀ ਦਾ ਧੰਦਾ ਛੱਡ ਕੇ ਕਰਿਆਨੇ ਦੀ ਦੁਕਾਨ ਚਲਾਉਣ ਲੱਗੇ ਅਤੇ ਇਸ ਧੰਦੇ ਵਿੱਚ ਵੀ ਉਸ ਦੇ ਦਾਦਾ ਨੇ ਚੰਗੀ ਕਮਾਈ ਕੀਤੀਜਦੋਂ ਨਾਨਕ ਸਿੰਘ ਦੇ ਪਿਤਾ ਲਾਲਾ ਬਹਾਦਰ ਚੰਦ ਸੂਰੀ ਕਾਰੋਬਾਰ ਦੇ ਸਿਲਸਿਲੇ ਵਿੱਚ ਪਏ ਤਾਂ ਉਸ ਸਮੇਂ ਅੰਗਰੇਜ਼ਾਂ ਦਾ ਪੂਰੇ ਹਿੰਦੁਸਤਾਨ ਉੱਤੇ ਕਬਜ਼ਾ ਹੋ ਚੁੱਕਾ ਸੀ ਅਤੇ ਉਹ ਪਿਛਾਵਰ ਵਿਖੇ ਵੱਡੀ ਛਾਉਣੀ ਦਾ ਨਿਰਮਾਣ ਕਰ ਰਹੇ ਸਨ ਇਸਦੇ ਸਿੱਟੇ ਵਜੋਂ ਕੰਮਕਾਜੀ ਲੋਕਾਂ ਨੇ ਵੱਡੀ ਕਮਾਈ ਕਰਨ ਦੀ ਲਾਲਸਾ ਨਾਲ ਪਿਛਾਵਰ ਵੱਲ ਰੁਖ ਕੀਤਾ, ਜਿਨ੍ਹਾਂ ਵਿੱਚ ਲਾਲਾ ਬਹਾਦਰ ਚੰਦ ਵੀ ਸੀਉਸ ਸਮੇਂ ਬਹਾਦਰ ਚੰਦ ਦੀ ਉਮਰ ਕੇਵਲ ਅਠਾਰਾਂ ਸਾਲ ਦੀ ਸੀਪਿਛਾਵਰ ਪਹੁੰਚ ਕੇ ਪਹਿਲਾਂ ਉਸ ਨੇ ਛੋਟੀ ਜਿਹੀ ਦੁਕਾਨ ਪਾਈ ਅਤੇ ਫਿਰ ਤਰੱਕੀ ਕਰਦਾ ਹੋਇਆ ਆੜ੍ਹਤ ਦਾ ਕੰਮ ਸ਼ੁਰੂ ਕਰ ਦਿੱਤਾਜਲਦੀ ਹੀ ਉਹ ਸਦਰ ਬਾਜ਼ਾਰ ਪਿਛਾਵਰ ਦਾ ਇੱਕ ਮੋਢੀ ਆੜ੍ਹਤੀ ਮੰਨਿਆ ਜਾਣ ਲੱਗਾ

ਅਜੇ ਨਾਨਕ ਸਿੰਘ ਛੋਟਾ ਹੀ ਸੀ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਫਿਰ ਇੱਕ ਘਟਨਾ ਵਿੱਚ ਮਾਂ ਵੀ ਸਦਾ ਲਈ ਅਪਾਹਜ ਹੋ ਕੇ ਮੰਜੇ ’ਤੇ ਪੈ ਗਈਅਜਿਹੇ ਮੰਦਭਾਗੇ ਸਮੇਂ ਨਾਨਕ ਸਿੰਘ ਨੇ ਹੀ ਪੂਰੇ ਪਰਿਵਾਰ ਦੀ ਪਾਲਣਾ ਕੀਤੀ

ਇਸ ਸੰਵੇਦਨਸ਼ੀਲ ਵਿਅਕਤੀ ਨੇ ਰੋਜ਼ਗਾਰ ਵਜੋਂ ਕਈ ਤਰ੍ਹਾਂ ਦੇ ਕੰਮ ਕੀਤੇਭਾਈ ਕਿਰਪਾਲ ਸਿੰਘ ਹਜ਼ੂਰੀਆ ਅੰਮ੍ਰਿਤਸਰ ਵਾਲੇ ਨਾਲ ਕਿਤਾਬਾਂ ਦੀ ਭਾਈਵਾਲੀ, ਰਿਸ਼ੀਕੇਸ਼ ਤੇ ਹੋਰ ਥਾਵਾਂ ’ਤੇ ਭਟਕਿਆ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜੇਲ, ਬਚਪਨ ਦੇ ਦੋਸਤ ਰਾਮ ਸਿੰਘ ਨਾਲ ਮਿਲ ਕੇ ਪੰਜਾਬ ਖਾਲਸਾ ਪ੍ਰੈੱਸ ਦੀ ਸ਼ੁਰੂਆਤ, 12 ਸਾਲ ਦੀ ਉਮਰ ਤੋਂ ਲੇਖਨ ਦੀ ਸ਼ੁਰੂਆਤ, ਜੋ ਜ਼ਿੰਦਗੀ ਦੇ ਅੰਤ ਤਕ ਨਿਭੀਉਸ ਨੇ ਸਿੱਖ ਸੁਧਾਰ ਲਹਿਰ ਦੇ ਸੰਬੰਧ ਵਿੱਚ ਅਨੇਕਾਂ ਹਰਮਨ ਪਿਆਰੇ ਧਾਰਮਿਕ ਗੀਤ ਲਿਖੇ, ਜਿਹੜੇ ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤੇ ਗਏਸਾਲ 1909 ਵਿੱਚ ਲਿਖੀ ਅੱਠ ਪੰਨਿਆਂ ਦੀ ਇੱਕ ਕਵਿਤਾ ‘ਸੀਹਰਫ਼ੀ ਹੰਸਰਾਜ’ ਉਸ ਦੀ ਆਰਥਿਕ ਮੰਦਹਾਲੀ ਨੂੰ ਚਿਤਰਿਤ ਕਰਦੀ ਹੈ:

ਕਾਫ਼ ਕਿੱਥੋਂ ਲਿਆਵਾਂ ਮੈਂ ਬੈਂਤ ਚੋਂਦੇ,
ਜਦ ਕਿ ਖ਼ੂਨ ਵਿੱਚ ਮੇਰੀ ਜ਼ਬਾਨ ਚੋਂਦਾ

ਤੇਰੇ ਜਿਹੇ ਖ਼ੁਸ਼ਬਖ਼ਤ ਕੀ ਸਾਰ ਜਾਣਨ
ਕਿਵੇਂ ਅੱਖੀਆਂ ਥਾਣੀ ਇਨਸਾਨ ਚੋਂਦਾ

ਜਾ ਕੇ ਪੁੱਛ ਨਸੀਬ ਦੇ ਮਾਰਿਆਂ ਨੂੰ
ਹੇਠ ਧਰਤੀ ਤੇ ਉੱਤੇ ਅਸਮਾਨ ਚੋਂਦਾ

ਨਾ ਪੁੱਛ ਹਾਲ ਤੂੰ ਹੰਸ ਦੁਖਿਆਰੜੇ ਦਾ
ਜਿੱਥੇ ਮੈਂ ਸੌਂਦਾ ਉਹ ਮਕਾਨ ਚੋਂਦਾ

ਸਾਲ 1918 ਅਤੇ 1919 ਵਿੱਚ ਪ੍ਰਕਾਸ਼ਿਤ ਉਸ ਦੀਆਂ ਦੋ ਕਾਵਿ-ਪੁਸਤਕਾਂ ‘ਸਤਿਗੁਰ ਮਹਿਮਾ’ ਅਤੇ ‘ਖੂਨੀ ਵਿਸਾਖੀ’ ਵਿੱਚੋਂ ਉਸ ਦੀ ਕਾਵਿ-ਪ੍ਰਪੱਕਤਾ ਅਤੇ ਪੁਖ਼ਤਗੀ ਦੇ ਦਰਸ਼ਨ ਹੁੰਦੇ ਹਨਪਹਿਲੀ ਪੁਸਤਕ ਵਿੱਚ ਸਿੱਖਾਂ ਨੂੰ ਹਲੂਣਾ ਹੈ, ਜਦਕਿ ਦੂਜੀ ਜੱਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਕਾਂਡ ਤੋਂ ਪ੍ਰਭਾਵਿਤ ਹੋ ਕੇ ਸਿੱਖ-ਹਿੰਦੂ-ਮੁਸਲਿਮ ਪਿਆਰ ਦੀ ਨਿਸ਼ਾਨਦੇਹੀ ਕਰਦੀ ਹੈ

ਐ ਪੰਥ ਦੇ ਮਲਾਹੋ, ਕਿਸ ਤਰਫ਼ ਜਾ ਰਹੇ ਹੋ
ਹੱਥੀਂ ਪਕੜ ਕੇ ਚੱਪੂ, ਕਿਸ਼ਤੀ ਡੁਬਾ ਰਹੇ ਹੋ

ਕੀ ਭੁੱਲ ਗਏ ਹੋ ਸਾਕੇ, ਗੁਰਸਿੱਖ ਧਰਮੀਆਂ ਦੇ
ਫੁੱਟ ਦਾ ਸ਼ਿਕਾਰ ਹੋ ਕੇ, ਜੱਗ ਨੂੰ ਹਸਾ ਰਹੇ ਹੋ

ਪੰਜਾਂ ਨੂੰ ਦੇ ਕੇ ਸ਼ਕਤੀ, ਜਿਸ ਪੰਥ ਸਾਜਿਆ ਸੀ,
ਅੱਜ ਉਸ ਦੇ ਕਾਰਨਾਮੇ, ਦਿਲ ਤੋਂ ਭੁਲਾ ਰਹੇ ਹੋ

ਜਿਸ ਬਿਰਛ ਨੂੰ ਸ਼ਹੀਦਾਂ, ਸੀ ਖੂਨ ਨਾਲ ਸਿੰਜਿਆਞ
ਅੱਜ ਆਪ ਹੀ ਕੁਹਾੜੇ, ਉਸ ’ਤੇ ਚਲਾ ਰਹੇ ਹੋ

ਆਓ ਅਜੇ ਵੀ ਸਮਝੋ, ਜਾਂਦਾ ਵਕਤ ਸੰਭਾਲੋ,
ਭੁੱਲਿਆਂ ਨੂੰ ਮੋੜ ਲਿਆਓ, ਕਿਉਂ ਦੂਰ ਹਟਾ ਰਹੇ ਹੋ

ਨਾਨਕ ਸਿੰਘ ਨੇ 1922 ਈ: ਵਿੱਚ ਗ਼ਲਪ-ਰਚਨਾ ਉਦੋਂ ਸ਼ੁਰੂ ਕੀਤੀ ਜਦੋਂ ਉਹ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਕੈਦ ਹੋਇਆ ਸੀਉਸ ਦੀ ਪਹਿਲੀ ਗ਼ਲਪ ਰਚਨਾ ‘ਅੱਧ ਖਿੜੀ ਕਲੀ’ ਸੀ, ਜਿਹੜੀ ਜੇਲ-ਅਧਿਕਾਰੀਆਂ ਨੇ ਜ਼ਬਤ ਕਰ ਲਈ ਸੀ ਪਰ ਇਸ ਪੁਸਤਕ ਦੀ ਕਥਾ ਉਸ ਦੇ ਜ਼ਿਹਨ ਵਿੱਚ ਪੱਕਦੀ ਰਹੀ ਅਤੇ ਸਮਾਂ ਪਾ ਕੇ ‘ਅੱਧ ਖਿੜਿਆ ਫੁੱਲ’ ਨਾਵਲ ਦੇ ਰੂਪ ਵਿੱਚ ਪ੍ਰਗਟ ਹੋਈ

ਉਸ ਨੇ ਪੰਜਾਬੀ ਵਿੱਚ 38 ਮੌਲਿਕ ਨਾਵਲਾਂ, 7 ਕਹਾਣੀ ਸੰਗ੍ਰਿਹਾਂ, ਇੱਕ ਪੂਰੇ ਨਾਟਕ ਅਤੇ ਇੱਕ ਇਕਾਂਗੀ ਸੰਗ੍ਰਹਿ ਦੀ ਸਿਰਜਣਾ ਕੀਤੀ ਹੈਇਸ ਤੋਂ ਇਲਾਵਾ ਉਸ ਨੇ ਆਪਣੀ ਸਵੈ-ਜੀਵਨੀ ‘ਮੇਰੀ ਦੁਨੀਆਂ’ ਲਿਖੀ ਹੈਉਸ ਦਾ ਇੱਕ ਨਿਬੰਧ ਸੰਗ੍ਰਹਿ ‘ਚੜ੍ਹਦੀ ਕਲਾ’ ਵੀ ਹੈਉਸ ਨੇ ਸੱਤ ਨਾਵਲਾਂ ਦੇ ਅਨੁਵਾਦ ਵੀ ਕੀਤੇ ਹਨਉਸ ਨੇ ਕੁਝ ਸਮਾਂ ਇੱਕ ਮਾਸਿਕ ਪੱਤ੍ਰਿਕਾ ‘ਲੋਕ ਸਾਹਿਤ’ ਵੀ ਜਾਰੀ ਕੀਤੀ

1924 ਵਿੱਚ ਬੀਬੀ ਰਾਜ ਕੌਰ ਨਾਲ ਸ਼ਾਦੀ ਹੋਣ ਉਪਰੰਤ ਉਸ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆਉਸ ਦਾ ਸਭ ਤੋਂ ਵੱਡਾ ਸਪੁੱਤਰ ਡਾ. ਕਰਤਾਰ ਸਿੰਘ ਸੂਰੀ ਹੈ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤੀ ਪਿੱਛੋਂ ਅੱਜਕੱਲ੍ਹ ਹਰਿਆਣਾ ਵਿਖੇ ਰਹਿ ਰਿਹਾ ਹੈ ਅਤੇ ਨਿਰੰਤਰ ਸਾਹਿਤ-ਰਚਨਾ ਨਾਲ ਜੁੜਿਆ ਹੋਇਆ ਹੈ

ਆਪਣੀ ਸਵੈ-ਜੀਵਨੀ ਵਿੱਚ ਨਾਨਕ ਸਿੰਘ ਨੇ ਸਭ ਤੋਂ ਵੱਧ ਜ਼ੋਰ ਉਨ੍ਹਾਂ ਇਸਤਰੀਆਂ ਦੇ ਚਰਿੱਤਰ-ਚਿਤ੍ਰਣ ਉੱਤੇ ਲਾਇਆ ਹੈ ਜੋ ਉਸ ਲਈ ਇਸਤਰੀ ਦਾ ਆਦਰਸ਼ ਮਾਡਲ ਬਣੀਆਂ ਅਤੇ ਜਿਨ੍ਹਾਂ ਦੇ ਆਧਾਰ ’ਤੇ ਹੀ ਉਸ ਨੇ ਆਪਣੇ ਇਸਤਰੀ-ਪਾਤਰਾਂ ਦੀ ਸਿਰਜਣਾ ਕੀਤੀਇਨ੍ਹਾਂ ਇਸਤਰੀਆਂ ਵਿੱਚੋਂ ਪਹਿਲੀ ਉਸ ਦੀ ਮਾਤਾ ‘ਲਛਮੀ’ ਸੀ ਜੋ ਨਾਨਕ ਸਿੰਘ ਦੀਆਂ ਨਜ਼ਰਾਂ ਵਿੱਚ ‘ਉਦਾਰਤਾ, ਤਿਆਗ, ਮੋਹ-ਪਿਆਰ, ਬਲੀਦਾਨ ਅਤੇ ਸੁੱਚਤਾ’ ਦੀ ਤਸਵੀਰ ਸੀਦੂਸਰੀ ਇਸਤਰੀ ‘ਸਵਿੱਤਰੀ’ ਸੀ ਜੋ ਬਾਲ-ਵਿਧਵਾ ਸੀ ਅਤੇ ਤਪਦਿਕ ਦੀ ਬੀਮਾਰੀ ਨਾਲ ਮਰ ਗਈ ਸੀਉਸ ਨੇ ਇੱਕ ਮੁਸਲਮਾਨ ਅਰਾਇਣ, ‘ਭੋਲੀ’ ਦਾ ਦੁੱਧ ਚੁੰਘਿਆ ਸੀਇਸ ਔਰਤ ਦਾ ਨਾਨਕ ਸਿੰਘ ਨਾਲ ਨਿਸ਼ਕਾਮ ਮੋਹ ਉਸ ਲਈ ਇਸ ਗੱਲ ਦਾ ਪ੍ਰਤੀਕ ਸੀ ਕਿ ਔਰਤ ‘ਵਾਤਸਲ ਪਿਆਰ’ ਦਾ ਮੁਜੱਸਮਾ ਹੁੰਦੀ ਹੈਇਸ ਸੰਬੰਧ ਵਿੱਚ ਨਾਨਕ ਸਿੰਘ ਦੱਸਦਾ ਹੈ ਕਿ ਉਸ ਦੀ ਮਾਂ ਨੂੰ ‘ਗੁਆਂਢਣਾਂ ਨੇ ਬਥੇਰਾ ਮਨ੍ਹਾ ਕੀਤਾ ਕਿ ਮੋਏ ਹੋਵੇ ਬੱਚੇ ਦੀ ਮਾਂ ਦਾ ਦੁੱਧ ਚੰਗਾ ਨਹੀਂ ਹੁੰਦਾ’ ਪਰ ਉਸ ਦੀ ਮਾਤਾ ਨੇ ਬੱਚੇ ਦੀ ਪਰਵਰਿਸ਼ ਲਈ ਇਸਦੀ ਪ੍ਰਵਾਹ ਨਾ ਕੀਤੀ

ਅਜੀਜ਼ਾਂ ਅਤੇ ਕੱਲੋ ਦੋ ਹੋਰ ਇਸਤਰੀਆਂ ਵੀ ਉਸ ਦੇ ਸੰਪਰਕ ਵਿੱਚ ਆਈਆਂਅਜੀਜ਼ਾਂ ਤਾਂ ਉਸ ਦੇ ਪਿੰਡ ਦੀ ਹੀ ਮੁਸਲਮਾਨ ਕੁੜੀ ਸੀ ਜਿਹੜੀ ਸੰਪਰਦਾਇਕ ਫਸਾਦਾਂ ਦਾ ਸ਼ਿਕਾਰ ਹੋਈ ਕੱਲੋ ਬੰਗਾਲੀ ਮਜ਼ਹਬੀਆਂ ਦੀ ਕੁੜੀ ਸੀ ਜਿਹੜੀ ਧਰਮਸ਼ਾਲਾ ਵਿਖੇ ਆਪਣਾ ਜੱਦੀ ਕਿੱਤਾ ਕਰਦੀ ਸੀਇਨ੍ਹਾਂ ਪੰਜਾਂ ਇਸਤਰੀਆਂ ਦੇ ਸਾਂਝੇ ਗੁਣਾਂ ਦੇ ਆਧਾਰ ’ਤੇ ਨਾਨਕ ਸਿੰਘ ਨੇ ‘ਆਦਰਸ਼ ਇਸਤਰੀ’ ਦੀ ਕਲਪਨਾ ਕੀਤੀ ਜਿਸਦੀ ਨੁਹਾਰ ਉਸ ਦੇ ਨਾਵਲਾਂ ਦੀਆਂ ਨਾਇਕਾਵਾਂ ਵਿੱਚ ਮਿਲਦੀ ਹੈ

ਨਾਨਕ ਸਿੰਘ ਦੇ ਹਰੇਕ ਨਾਵਲ ਵਿੱਚ ‘ਆਦਰਸ਼ ਨਾਇਕਾ’ ਦੇ ਨਾਲ-ਨਾਲ ‘ਆਦਰਸ਼ ਨਾਇਕ’ ਦੀ ਤਸਵੀਰ ਵੀ ਮਿਲਦੀ ਹੈਇਸ ਤਸਵੀਰ ਦਾ ਵਾਸਤਵਿਕ ਮਾਡਲ ਸਿੰਘ ਸਭਾ ਲਹਿਰ ਦਾ ਇੱਕ ਪ੍ਰਚਾਰਕ, ਗਿਆਨੀ ਬਾਗ ਸਿੰਘ ਸੀ, ਜਿਸ ਨੇ ਨਾਨਕ ਨੂੰ ਭੈੜੀ ਸੰਗਤ ਵਿੱਚੋਂ ਕੱਢ ਕੇ ‘ਸਿੱਖ’ ਬਣਾਇਆ ਸੀ

ਨਾਨਕ ਸਿੰਘ ਪੰਜਾਬੀ ਵਿੱਚ ਸਭ ਤੋਂ ਵੱਧ ਮੌਲਿਕ ਨਾਵਲ ਲਿਖਣ ਵਾਲਾ ਲੇਖਕ ਹੈਉਸ ਦਾ ਅਨੁਭਵ ਵੀਹਵੀਂ ਸਦੀ ਦੇ ਪਹਿਲੇ 60-65 ਵਰ੍ਹਿਆਂ ਦੇ ਹਾਣ ਦਾ ਹੈਪੰਜਾਬ ਦੇ ਸ਼ਹਿਰੀ ਮੱਧ ਵਰਗ ਦੇ ਆਰਥਿਕ ਸੱਭਿਆਚਾਰਕ ਇਤਿਹਾਸ ਦਾ ਵੇਰਵਾ ਉਸ ਦੇ ਨਾਵਲਾਂ ਵਿੱਚ ਮਿਲਦਾ ਹੈਨਾਨਕ ਸਿੰਘ ਇੱਕ ਉੱਚੀ-ਸੁੱਚੀ ਆਤਮਾ ਸਨ, ਜਿਸ ਦੀ ਝਲਕ ਉਨ੍ਹਾਂ ਦੇ ਨਾਵਲਾਂ ਵਿੱਚੋਂ ਵੇਖੀ ਜਾ ਸਕਦੀ ਹੈ

ਨਾਨਕ ਸਿੰਘ ਮਾਤ-ਭਾਸ਼ਾ ਪੰਜਾਬੀ ਦੇ ਆਕਾਸ਼ ਦਾ ਧਰੂ-ਤਾਰਾ ਹੈ ਜਿਸ ਨੇ ਕਦੇ ਡੁੱਬਣਾ ਨਹੀਂ, ਕਦੇ ਅਲੋਪ ਨਹੀਂ ਹੋਣਾ

ਪੰਜਾਬੀ ਕਵੀ ਪਿਆਰਾ ਸਿੰਘ ਸਹਿਰਾਈ ਇਸ ਮਹਾਨ ਨਾਵਲਕਾਰ ਤੇ ਸਾਹਿਤਕਾਰ ਨੂੰ ਇਨ੍ਹਾਂ ਸ਼ਬਦਾਂ ਵਿੱਚ ਸ਼ਰਧਾਂਜਲੀ ਦਿੰਦਾ ਹੈ:

ਰੌਸਨੀ ਤੂੰ ਨੂਰ ਤੂੰ,
ਰੌਸ਼ਨੀ
ਜਿਸ ਹਨੇਰੇ ਕੋਨਿਆਂ ਨੂੰ ਚੀਰਿਆ

ਰਾਹ ਦਿਖਾਇਆ ਭੁੱਲਿਆਂ ਤੇ ਭਟਕਿਆਂ।
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2226) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)