CharanjitKaurDr7ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ...
(4 ਜੂਨ 2020)

 

BhagatPuranSingh1ਯੁਗ ਪੁਰਸ਼ ਭਗਤ ਪੂਰਨ ਸਿੰਘ ਉਹ ਹਸਤਾਖ਼ਰ ਹੋਇਆ ਹੈ ਜੋ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂਕੌਣ ਹੈ ਜੋ ਇਸ ਸਾਦਗੀ ਦੇ ਪ੍ਰਤੀਕ, ਸੇਵਾ ਦੀ ਮੂਰਤ, ਮਹਾਨ ਪਰਉਪਕਾਰੀ ਸੰਤ ਦੇ ਨਾਂਅ ਅਤੇ ਇਸ ਵੱਲੋਂ ਕੀਤੇ ਕਾਰਜਾਂ ਤੋਂ ਜਾਣੂ ਨਹੀਂ ਹੈ? ਭਗਤ ਪੂਰਨ ਸਿੰਘ ਸਹੀ ਅਰਥਾਂ ਵਿੱਚ ਭਗਤ ਸਨ ਜੋ ਅਖੀਰਲੇ ਸਮੇਂ ਤਕ ਪੂਰਨ ਹੋ ਨਿੱਬੜੇਉਨ੍ਹਾਂ ਦਾ ਘਰ ਸਮੁੱਚਾ ਵਿਸ਼ਵ ਸੀਉਨ੍ਹਾਂ ਦਾ ਆਦਰਸ਼ ਸੀ ਮਨੁੱਖਤਾ ਦੀ ਸੇਵਾਪਿੰਗਲਵਾੜੇ ਦੇ ਰੋਗੀ ਉਨ੍ਹਾਂ ਦੀ ਸੰਤਾਨ ਸਨ ਅਤੇ ਉਹ ਆਪਣੀ ਸੰਤਾਨ ਦੀ ਦੇਖਭਾਲ ਲਈ ਹਰ ਪ੍ਰਕਾਰ ਦੀ ਕੁਰਬਾਨੀ ਲਈ ਤਿਆਰ ਸਨ

ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂਅ ਰਾਮਜੀ ਦਾਸ ਸੀ, ਦਾ ਜਨਮ ਇੱਕ ਖਾਂਦੇ-ਪੀਂਦੇ ਹਿੰਦੂ ਪਰਿਵਾਰ ਵਿੱਚ 4 ਜੂਨ, 1904 ਈ. ਨੂੰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿਤਾ ਸ੍ਰੀ ਛਿੱਬੂ ਮੱਲ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆਆਪ ਦੇ ਪਿਤਾ ਇੱਕ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ ਉਨ੍ਹਾਂ ਨੇ ਭਗਤ ਨੂੰ ਬਚਪਨ ਵਿੱਚ ਅਨੇਕਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਦਾ ਪ੍ਰਭਾਵ ਆਪ ਦੇ ਜੀਵਨ ਉੱਪਰ ਪਿਆ

ਭਗਤ ਪੂਰਨ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀਦਸਵੀਂ ਜਮਾਤ ਵਿੱਚ ਪੜ੍ਹਦਿਆਂ ਆਪ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਭਗਤ ਪੂਰਨ ਨੂੰ ਆਪਣੀ ਪੜ੍ਹਾਈ ਵਿੱਚੋਂ ਹੀ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ, ਜਿੱਥੇ ਉਹ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦੀ ਨੌਕਰੀ ਕਰਦੀ ਸੀ

ਭਗਤ ਪੂਰਨ ਦੇ ਜੀਵਨ ਵਿੱਚ ਕੁਝ ਘਟਨਾਵਾਂ ਅਜਿਹੀਆਂ ਘਟੀਆਂ ਜਿਨ੍ਹਾਂ ਕਾਰਣ ਉਹ ਭਗਤ ਵੀ ਬਣੇ, ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇਰਾਮਜੀ ਦਾਸ ਦਾ ਭਗਤ ਪੂਰਨ ਸਿੰਘ ਬਣਨ ਵਿੱਚ ਲਾਲਾ ਛਿੱਬੂ ਮੱਲ ਦਾ ਘਰ ਗੁਰਬਤ ਵਿੱਚ ਲਹਿ ਜਾਣਾ ਵੀ ਅਹਿਮ ਸਥਾਨ ਰੱਖਦਾ ਹੈ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਰਾਮਜੀ ਦਾਸ ਕੋਈ ਵਪਾਰੀ ਜਾਂ ਹਟਵਾਣੀਆਂ ਬਣ ਕੇ ਲਾਲਾ ਰਾਮਜੀ ਦਾਸ ਤਾਂ ਭਾਵੇਂ ਬਣ ਜਾਂਦਾ, ਉਹ ਭਗਤ ਪੂਰਨ ਸਿੰਘ ਨਹੀਂ ਸੀ ਬਣਨ ਲੱਗਾ

ਭਗਤ ਪੂਰਨ ਦੇ ਜੀਵਨ ਅੰਦਰ ਅਨੋਖਾ ਕ੍ਰਿਸ਼ਮਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਨੌਕਰੀ ਦੀ ਤਲਾਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਸ਼ਰਨ ਲਈਇੱਥੇ ਉਨ੍ਹਾਂ ਬਾਅਦ ਵਿੱਚ 24 ਸਾਲ ਸੇਵਾਦਾਰ ਬਣ ਕੇ ਸੇਵਾ ਕੀਤੀਇੱਥੇ ਹੀ 1934 ਈ. ਨੂੰ ਗੁਰਦੁਆਰਾ ਸਾਹਿਬ ਦੇ ਬੂਹੇ ਅੱਗਿਉਂ ਇੱਕ ਗੁੰਗਾ ਅਤੇ ਲੂਲ੍ਹਾ ਬੱਚਾ ਮਿਲਿਆ, ਜਿਸ ਨੇ ਉਨ੍ਹਾਂ ਵਿੱਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀਭਗਤ ਪੂਰਨ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂਅ ਮਗਰੋਂ ‘ਪਿਆਰਾ ਸਿੰਘ’ ਰੱਖਿਆਆਪ ਨੇ 14 ਸਾਲ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਘੁਮਾਇਆ ਅਤੇ ਵੱਡਾ ਕੀਤਾਚਿਕਿਤਸਿਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਸ਼ਾਇਦ ਉਦੋਂ ਹੀ ਰੱਖੀ ਗਈ, ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿੱਚ ਲਿਆਂਦਾ ਸੀਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇੱਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ

ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੌਈਸਭ ਪਾਸੇ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ, ਇਸਤਰੀਆਂ ਨਜ਼ਰ ਆ ਰਹੇ ਸਨਭਗਤ ਪੂਰਨ ਸਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀਆਪ ਨੇ ਪਹਿਲਾ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਅਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ.ਟੀ. ਰੋਡ ਉੱਤੇ ਤਹਿਸੀਲ ਦੇ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾਇਹ ਪਿੰਗਲਵਾੜਾ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਲਈ ਇੱਕ ਯਾਤਰਾ ਸਥਾਨ ਬਣ ਗਿਆ ਹੈ

ਆਪ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇਹੜੀ ਵਿੱਚ ਲਿਟਾ ਕੇ ਆਪਣੇ ਨਾਲ ਲੈ ਕੇ ਜਾਂਦੇ ਤੇ ਸਾਰਾ ਦਿਨ ਸੰਗਤਾਂ ਨੂੰ ਆਬਾਦੀ ਦੇ ਵਾਧੇ, ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ, ਜੰਗਲਾਂ ਦੇ ਕੱਟੇ ਜਾਣ, ਅੰਨ ਸੰਕਟ, ਦਰਿਆਵਾਂ ਦੇ ਗੰਦੇ ਪਾਣੀ, ਗ਼ਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ, ਬੇਰੁਜ਼ਗਾਰੀ, ਧਾਰਮਿਕ ਤੇ ਸਮਾਜਿਕ ਆਦਿ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇਰਾਤ ਨੂੰ ਪਿਆਰਾ ਸਿੰਘ ਨਾਲ ਵਾਪਸ ਪਿੰਗਲਵਾੜੇ ਆ ਜਾਂਦੇ

ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹਿ ਕੇ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ, ਅਪਾਹਜ ਲੋੜਵੰਦਾਂ ਦੀ ਸਹਾਇਤਾ ਕਰੇਆਪ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ-ਸਨਮਾਨ ਪ੍ਰਾਪਤ ਹੋਇਆ1981 ਈ. ਵਿੱਚ ‘ਪਦਮ ਸ੍ਰੀ’ ਐਵਾਰਡ, 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਰੋਗ ਰਤਨ ਐਵਾਰਡ ਅਤੇ 1991 ਵਿੱਚ ਭਾਈ ਘਨਈਆ ਐਵਾਰਡ ਮਿਲੇਭਗਤ ਪੂਰਨ ਸਿੰਘ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਕਿ ਇਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਨ ਐਵਾਰਡ ਵਾਪਸ ਕਰ ਦਿੱਤਾ

ਭਗਤ ਪੂਰਨ ਸਿੰਘ ਨੇ ਆਪਣਾ ਅਖੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤਾਂ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਦਿਆਂ ਬਤੀਤ ਕੀਤਾਅਖੀਰ ਦੈਵੀ ਪੁਰਸ਼ ਭਗਤ ਪੂਰਨ ਸਿੰਘ ਲੰਗੜੇ-ਲੂਲ੍ਹੇ, ਪਾਗ਼ਲ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਹੋਏ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2176) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)