JatinderPannu7“ਇਹ ਨਵਾਂ ਰਾਜਸੀ ਸੱਭਿਆਚਾਰ ਇਸ ਦੇਸ਼ ਵਿੱਚ ਅੱਗੇ ਵਧਣ ਲੱਗ ਪਿਆ ਹੈ ...”
(ਮਾਰਚ 6, 2016)

 

ਜਦੋਂ ਰਾਜਨੀਤੀ ਆਪਣੇ ਜ਼ਿੰਮੇ ਲੱਗੇ ਫਰਜ਼ ਨਿਭਾਉਣ ਵਿੱਚ ਨਾਕਾਮ ਹੁੰਦੀ ਹੈ, ਜਦੋਂ ਉਸ ਕੋਲ ਲੋਕਾਂ ਦੇ ਨਿੱਤ ਦੇ ਮਸਲਿਆਂ ਦਾ ਕੋਈ ਯੋਗ ਹੱਲ ਨਹੀਂ ਹੁੰਦਾ, ਓਦੋਂ ਰਾਜਨੀਤੀ ਇਹੋ ਜਿਹੀਆਂ ਤਿਕੜਮਾਂ ਲੜਾਉਣ ਲੱਗ ਜਾਂਦੀ ਹੈ ਕਿ ਲੋਕ ਉਨ੍ਹਾਂ ਦੇ ਵਿੱਚ ਉਲਝ ਕੇ ਰਹਿ ਜਾਣ। ਇਸ ਵੇਲੇ ਭਾਰਤ ਦੀ ਰਾਜਨੀਤੀ ਦੇਸ਼ ਤੋੜਨ ਦੇ ਨਾਅਰੇ ਲਾਉਣ ਤੋਂ ਪੈਦਾ ਹੋਏ ਇੱਕ ਕੇਸ ਦੇ ਕੁੰਡੇ ਨਾਲ ਮਨੁੱਖੀ ਭਾਵਨਾਵਾਂ ਨੂੰ ਲਮਕਾ ਕੇ ਸੜਕਾਂ ਉੱਤੇ ਘਸੀਟਣ ਤੁਰ ਪਈ ਹੈ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਆਗੂ ਇੱਕ ਖਾਸ ਤਰ੍ਹਾਂ ਦੀ ਰਾਜਸੀ ਪਹੁੰਚ ਵਾਲੀ ਧਿਰ ਨੂੰ ਚੁੱਭਦਾ ਸੀ, ਉਸ ਨੂੰ ਕੇਸਾਂ ਵਿੱਚ ਉਲਝਾ ਦਿੱਤਾ ਲੱਗਦਾ ਹੈ। ਪਹਿਲੇ ਦਿਨ ਸਭ ਮੀਡੀਆ ਚੈਨਲ ਇਹੋ ਵਿਖਾਉਂਦੇ ਰਹੇ ਕਿ ਇਸ ਨਾਮਣੇ ਵਾਲੀ ਯੂਨੀਵਰਸਿਟੀ ਵਿੱਚ ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ ਤੇ ਫਿਰ 'ਕਸ਼ਮੀਰ ਦੀ ਆਜ਼ਾਦੀ ਤੱਕ: ਜੰਗ ਚੱਲੇਗੀ, ਜੰਗ ਚੱਲੇਗੀ’, ਦੇ ਨਾਅਰੇ ਤੋਂ ਅੱਗੇ ਵਧਦੇ ਹੋਏ ਭਾਰਤ ਤੇਰੇ ਟੁਕੜੇ ਹੋਂਗੇ, ਇਨਸ਼ਾ ਅੱਲ੍ਹਾ, ਇਨਸ਼ਾ ਅੱਲ੍ਹਾ’ ਤੱਕ ਨਾਅਰੇ ਲੱਗੇ ਹਨ। ਜਦੋਂ ਇਸ ਕਿਸਮ ਦੇ ਨਾਅਰੇ ਲੱਗੇ ਸੁਣੇ ਤਾਂ ਸਾਡੇ ਵਰਗੇ ਬਹੁਤ ਸਾਰੇ ਲੋਕਾਂ ਦਾ ਮਨ ਵੀ ਖਰਾਬ ਹੋਇਆ ਸੀ, ਪਰ ਬਾਅਦ ਵਿੱਚ ਸੌ ਪਰਦੇ ਪਾੜ ਕੇ ਸੱਚ ਬਾਹਰ ਆਉਣ ਲੱਗ ਪਿਆ। ਜਿਸ ਵਿਦਿਆਰਥੀ ਕਨ੍ਹਈਆ ਕੁਮਾਰ ਨੂੰ ਇਸ ਤਰ੍ਹਾਂ ਦੇ ਨਾਅਰੇ ਲਾਉਣ ਦੀ ਅਗਵਾਈ ਕਰਦਾ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਈਆਂ ਗਈਆਂ, ਉਸ ਨੇ ਆਜ਼ਾਦੀ’ ਦੇ ਨਾਅਰੇ ਲਾਉਣ ਵੇਲੇ ਸਿਰਫ ਇਹ ਹੀ ਕਿਹਾ ਸੀ: ਗਰੀਬੀ ਸੇ ਚਾਹੀਏ: ਆਜ਼ਾਦੀ, ਜਾਤ-ਪਾਤ ਸੇ: ਆਜ਼ਾਦੀ, ਫਿਰਕਾ ਪ੍ਰਸਤੀ ਸੇ ਆਜ਼ਾਦੀਉਸ ਦੀ ਇਸ ਨਾਅਰੇਬਾਜ਼ੀ ਨੂੰ ਵੱਖਵਾਦੀ ਧਿਰ ਦੇ ਉਮਰ ਖਾਲਿਦ ਦੀ ਰਿਕਾਰਡਿੰਗ ਨਾਲ ਜੋੜ ਦਿੱਤਾ ਗਿਆ। ਕਸ਼ਮੀਰ ਦੇ ਵੱਖਵਾਦੀ ਗਰੁੱਪ ਦੇ ਲਾਏ ਭਾਰਤ ਦੀ ਬਰਬਾਦੀ ਤੱਕ: ਜੰਗ ਚੱਲੇਗੀ’ ਦੇ ਨਾਅਰੇ ਇਸ ਨਾਲ ਜਿਵੇਂ ਜੋੜੇ ਗਏ, ਕੰਪਿਊਟਰ ਦੀ ਉਸ ਚਾਲ ਦੀ ਸੱਚਾਈ ਹੁਣ ਕਈ ਚੈਨਲ ਪੇਸ਼ ਕਰ ਚੁੱਕੇ ਹਨ ਤੇ ਵਹਿਮ ਦੀ ਖਾਸ ਗੁੰਜਾਇਸ਼ ਨਹੀਂ ਰਹੀ ਕਿ ਇਸ ਦੇ ਪਿੱਛੇ ਇੱਕ ਖਾਸ ਤਰ੍ਹਾਂ ਦੀ ਸਾਜ਼ਿਸੀ ਟੀਮ ਕੰਮ ਕਰ ਰਹੀ ਸੀ, ਜਿਸ ਨੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਕੀਤਾ ਸੀ। ਸਾਜ਼ਿਸ਼ ਕਰ ਕੇ ਦੇਸ਼ ਭਰ ਵਿੱਚ ਏਦਾਂ ਦਾ ਭੜਕਾਊ ਮਾਹੌਲ ਬਣਾਉਣ ਵਾਲੀ ਉਸ ਟੀਮ ਦਾ ਖੁਰਾ ਕੋਈ ਨਹੀਂ ਲੱਭ ਰਿਹਾ। ਸਿਰਫ ਉਸ ਟੀਮ ਦੀ ਭਾਲ ਹੀ ਅੱਖੋਂ ਪਰੋਖੇ ਨਹੀਂ ਹੋਈ, ਜਿਸ ਟੋਲੇ ਦੇ ਗਿਣੇ-ਚੁਣੇ ਬੰਦਿਆਂ ਨੇ ਪਾਕਿਸਤਾਨ ਪੱਖੀ ਨਾਅਰੇ ਲਾਏ ਸਨ, ਉਸ ਟੋਲੇ ਦੀ ਭਾਲ ਵਾਸਤੇ ਵੀ ਪੁਲਸ ਦੀ ਸਰਗਰਮੀ ਦੀ ਕੋਈ ਰਿਪੋਰਟ ਨਹੀਂ ਲੱਭਦੀ।

ਕਨ੍ਹਈਆ ਕੁਮਾਰ ਕਾਨੂੰਨੀ ਪੱਖੋਂ ਆਪਣਾ ਬਚਾਅ ਖੁਦ ਕਰਦਾ ਰਹੇਗਾ, ਉਸ ਕੇਸ ਨਾਲ ਜੁੜੀ ਜਿਸ ਗੱਲ ਦੀ ਚਿੰਤਾ ਹਰ ਭਾਰਤੀ ਨੂੰ ਕਰਨੀ ਚਾਹੀਦੀ ਹੈ, ਉਸ ਇਸ ਦੌਰਾਨ ਯੂਨੀਵਰਸਿਟੀ ਤੋਂ ਅਦਾਲਤ ਤੱਕ ਪੁਲਸ ਦੀ ਹਿਰਾਸਤ ਵਿੱਚ ਉਸ ਨਾਲ ਕੀਤੇ ਗਏ ਵਿਹਾਰ ਦਾ ਪੱਖ ਹੈ। ਉਸ ਦੇ ਵਿਰੁੱਧ ਕੇਸ ਬਣਾਇਆ ਹੈ ਤਾਂ ਪੁਲਸ ਬਣਾਈ ਜਾਵੇ, ਪਰ ਕੋਈ ਸਜ਼ਾ ਦੇਣ ਦਾ ਹੱਕ ਨਾ ਕਿਸੇ ਵਿਅਕਤੀ ਕੋਲ ਹੈ ਤੇ ਨਾ ਪੁਲਸ ਕੋਲ। ਅਦਾਲਤ ਵਿੱਚ ਉਸ ਦੀ ਪੇਸ਼ੀ ਹੋਣ ਸਮੇਂ ਅਤੇ ਜੇਲ੍ਹ ਵਿੱਚ ਬੰਦ ਹੋਣ ਸਮੇਂ ਵੀ ਉਸ ਦੀ ਜਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਪੁਲਸ ਦੀ ਹੈ ਤੇ ਇਹ ਜ਼ਿੰਮੇਵਾਰੀ ਨਿਭਾਈ ਨਹੀਂ ਗਈ। ਸੰਵਿਧਾਨ ਅਤੇ ਕਾਨੂੰਨ ਮੁਤਾਬਕ ਜਿਸ ਬੰਦੇ ਨੂੰ ਮੌਤ ਦੀ ਸਜ਼ਾ ਵੀ ਹੋਈ ਹੋਵੇ, ਬਕਾਇਦਾ ਮਿਥੇ ਗਏ ਜੱਲਾਦ, ਮੌਕੇ ਦੇ ਜੇਲ੍ਹ ਅਧਿਕਾਰੀਆਂ ਅਤੇ ਮੈਜਿਸਟਰੇਟ ਦੇ ਬਗੈਰ ਉਸ ਕੈਦੀ ਨੂੰ ਹੋਰ ਕੋਈ ਹੱਥ ਤੱਕ ਨਹੀਂ ਲਾ ਸਕਦਾ। ਏਥੇ ਕਾਨੂੰਨ ਦੀਆਂ ਇਹ ਵਿਵਸਥਾਵਾਂ ਕਾਨੂੰਨ ਦੇ ਰਾਖਿਆਂ ਨੇ ਹੀ ਤੋੜ ਦਿੱਤੀਆਂ ਹਨ।

ਦੇਸ਼ ਦੇ ਟੁਕੜੇ ਕਰਨ ਦਾ ਨਾਅਰਾ ਸਾਡੇ ਲਈ ਪੀੜ ਦੇਣ ਵਾਲਾ ਹੈ, ਜਿਸ ਦੇ ਬਾਰੇ ਕਨ੍ਹਈਆ ਕਹਿੰਦਾ ਹੈ ਕਿ ਉਸ ਨੇ ਇਹ ਨਾਅਰਾ ਨਹੀਂ ਲਾਇਆ, ਪਰ ਨਾ ਇਹ ਨਾਅਰਾ ਪਹਿਲੀ ਵਾਰੀ ਲੱਗਾ ਤੇ ਨਾ ਏਥੇ ਇਹੋ ਜਿਹੇ ਲੋਕਾਂ ਦੀ ਕਮੀ ਹੈ, ਜਿਹੜੇ ਨਾਅਰਾ ਲਾ ਕੇ ਫਿਰ ਉਸ ਨੂੰ ਲਾਇਆ ਮੰਨ ਵੀ ਲੈਂਦੇ ਹਨ। ਪੰਜਾਬ ਵਿੱਚ ਜਦੋਂ ਬਾਰਾਂ ਸਾਲ ਮਾਹੌਲ ਖਰਾਬ ਰਿਹਾ ਸੀ, ਜਿਹੜੇ ਲੋਕ ਓਦੋਂ ਇਸ ਦੇਸ਼ ਦੇ ਟੁਕੜੇ ਕਰਨ ਦੇ ਨਾਅਰੇ ਲਾਉਂਦੇ ਸਨ, ਉਹ ਬਾਅਦ ਵਿੱਚ ਕਦੇ ਮੁੱਕਰੇ ਵੀ ਨਹੀਂ ਸਨ, ਪਰ ਏਨੀ ਗੱਲ ਲਈ ਉਨ੍ਹਾਂ ਵਿੱਚੋਂ ਕਿਸੇ ਨੂੰ ਅਦਾਲਤ ਤੋਂ ਸਜ਼ਾ ਹੋਈ ਕਦੀ ਨਹੀਂ ਸੁਣੀ ਗਈ। ਦਰਾਵੜਾਂ ਦੇ ਆਗੂ ਅੰਨਾ ਦੁਰਾਈ ਨੇ ਪਹਿਲਾਂ ਭਾਰਤ ਤੋਂ ਵੱਖਰਾ ਦਰਾਵੜ ਦੇਸ਼ ਬਣਾਉਣ ਦੀ ਮੰਗ ਕਈ ਸਾਲ ਚੁੱਕੀ ਤੇ ਫਿਰ ਮੰਗ ਨੂੰ ਬਦਲ ਕੇ ਵੱਖਰੇ ਤਾਮਿਲ ਦੇਸ਼ ਦੀ ਮੰਗ ਕਰਦਾ ਰਿਹਾ। ਉਹ ਰਾਜ ਸਭਾ ਦਾ ਮੈਂਬਰ ਹੁੰਦਾ ਸੀ ਤੇ ਇਹੋ ਜਿਹੀ ਮੰਗ ਲਈ ਉਸ ਨੂੰ ਕਦੇ ਕੁੱਟਿਆ ਤਾਂ ਨਹੀਂ ਸੀ ਗਿਆ। ਰਾਜ ਸਭਾ ਵਿੱਚ ਜਦੋਂ ਇਹ ਮਤਾ ਆਇਆ ਸੀ ਕਿ ਵੱਖਵਾਦ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਦਾ ਚੋਣ ਲੜਨ ਦਾ ਹੱਕ ਖੋਹ ਲਿਆ ਜਾਵੇ, ਅੰਨਾ ਇਸ ਦੇ ਵਿਰੁੱਧ ਵਿੱਚ ਸੀ ਤੇ ਫਿਰ ਵੀ ਇਸ ਗੱਲ ਲਈ ਕਦੇ ਕੋਈ ਉਸ ਨੂੰ ਕੁੱਟਣ ਵਾਲਾ ਨਹੀਂ ਸੀ ਨਿਕਲਿਆ।

ਹੁਣ ਕੀ ਹੋ ਰਿਹਾ ਹੈ? ਕੇਂਦਰ ਸਰਕਾਰ ਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਦਾ ਇੱਕ ਵਿਧਾਇਕ ਅਦਾਲਤ ਵਿੱਚ ਕੁੱਟ-ਕੁਟਾਪੇ ਵਿੱਚ ਸ਼ਾਮਲ ਹੁੰਦਾ ਹੈ ਤੇ ਇਸ ਵਿਹਾਰ ਲਈ ਸ਼ਰਮਿੰਦਾ ਹੋਣ ਦੀ ਥਾਂ ਇਹ ਕਹਿੰਦਾ ਹੈ ਕਿ ਮੇਰੇ ਕੋਲ ਪਿਸਤੌਲ ਨਹੀਂ ਸੀ, ਹੁੰਦਾ ਤਾਂ ਗੋਲੀ ਵੀ ਮਾਰ ਦੇਂਦਾ। ਵਿਦਿਆਰਥੀਆਂ ਦੇ ਪੱਖ ਵਿੱਚ ਯੂਨੀਵਰਸਿਟੀ ਵਿੱਚ ਜਾ ਕੇ ਰਾਹੁਲ ਗਾਂਧੀ ਇੱਕ ਭਾਸ਼ਣ ਕਰ ਆਇਆ ਤਾਂ ਰਾਜਸਥਾਨ ਵਿੱਚੋਂ ਏਸੇ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਏਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਗੋਲੀ ਮਾਰ ਦੇਣ ਦੇ ਲਾਇਕ ਹੈ। ਇਹ ਨਵਾਂ ਰਾਜਸੀ ਸੱਭਿਆਚਾਰ ਇਸ ਦੇਸ਼ ਵਿੱਚ ਅੱਗੇ ਵਧਣ ਲੱਗ ਪਿਆ ਹੈ। ਚੰਡੀਗੜ੍ਹ ਵਿੱਚ ਇੱਕ ਖੱਬੇ ਪੱਖੀ ਪਾਰਟੀ ਦੇ ਸੂਬਾ ਦਫਤਰ ਉੱਤੇ ਹਮਲਾ ਕਰ ਦਿੱਤਾ ਅਤੇ ਇਹ ਗੱਲ ਯਾਦ ਨਹੀਂ ਰੱਖੀ ਗਈ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਸੀ, ਗੋਆ ਇਕੱਲਾ ਪੁਰਤਗਾਲ ਦੇ ਕਬਜ਼ੇ ਵਿੱਚ ਸੀ, ਉਸ ਦੀ ਆਜ਼ਾਦੀ ਲਈ ਪਹਿਲਾ ਜਥਾ ਪੰਜਾਬ ਤੋਂ ਖੱਬੇ ਪੱਖੀਆਂ ਦਾ ਗਿਆ ਸੀ ਤੇ ਉਸ ਜਥੇ ਵਿੱਚੋਂ ਕਿਸੇ ਨੇ ਉਸ ਆਜ਼ਾਦੀ ਲਈ ਜਾਨ ਵੀ ਵਾਰੀ ਸੀ। ਆਜ਼ਾਦੀ ਦੀ ਮਹਾਨ ਵਿਰਾਸਤ ਗਦਰ ਪਾਰਟੀ ਵਿੱਚ ਰਹਿ ਚੁੱਕੇ ਜਿੰਨੇ ਲੋਕ ਅੰਗਰੇਜ਼ ਦੀਆਂ ਗੋਲੀਆਂ ਅਤੇ ਫਾਂਸੀਆਂ ਤੋਂ ਬਚੇ ਰਹਿ ਗਏ ਸਨ, ਉਹ ਸਾਰੇ ਬਾਅਦ ਵਿੱਚ ਖੱਬੇ ਪੱਖ ਨਾਲ ਜੁੜੇ ਸਨ ਤੇ ਇਹ ਉਹ ਲੋਕ ਸਨ, ਜਿਹੜੇ ਦੇਸ਼ ਦੀ ਗੱਲ ਕਰਨ ਵੇਲੇ ਭਾਰਤੀਓ’ ਸ਼ਬਦ ਦੀ ਥਾਂ ਹਿੰਦੀਓ’ ਸ਼ਬਦ ਨਾਲ ਆਪਣੇ ਲੋਕਾਂ ਨੂੰ ਅਪੀਲ ਕਰਦੇ ਸਨ, ਜਿਵੇਂ ਇਕਬਾਲ ਨੇ ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’ ਕਿਹਾ ਸੀ। ਸ਼ਹੀਦ ਭਗਤ ਸਿੰਘ ਦੇ ਫਾਂਸੀ ਲੱਗਣ ਵੇਲੇ ਫਾਂਸੀ ਦੇ ਹੁਕਮ ਪਿੱਛੋਂ ਛੱਡਿਆ ਗਿਆ ਪੰਡਿਤ ਕਿਸ਼ੋਰੀ ਲਾਲ ਉਸੇ ਪਾਰਟੀ ਵਿੱਚ ਹੁੰਦਾ ਸੀ, ਜਿਸ ਦੇ ਦਫਤਰ ਉੱਤੇ ਦੇਸ਼ ਧਰੋਹੀ ਆਖ ਕੇ ਹੁਣ ਹਮਲਾ ਕੀਤਾ ਗਿਆ ਹੈ।

ਸਵਾਲਾਂ ਦਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਹੋਣ ਲੱਗ ਪਵੇ ਤਾਂ ਇਹ ਦੇਸ਼ ਜਾਵੇਗਾ ਕਿਸ ਪਾਸੇ? ਭਾਰਤ ਨਾਲ ਜੁੜਦਾ ਇਸੇ ਵਿੱਚੋਂ ਇੱਕ ਹਿੱਸਾ ਕੱਟ ਕੇ ਬਣਾਇਆ ਪਾਕਿਸਤਾਨ ਉਸ ਦੀ ਮਿਸਾਲ ਹੈ, ਜਿੱਧਰ ਇਹੋ ਜਿਹੇ ਹਾਲਾਤ ਤੋਂ ਬਾਅਦ ਕੋਈ ਦੇਸ਼ ਜਾ ਸਕਦਾ ਹੈ। ਓਥੇ ਕੁਫਰ ਦੇ ਫਤਵੇ ਦਾ ਕਾਨੂੰਨ ਹੈ ਤੇ ਇਸਦੇ ਦਾਇਰੇ ਵਿੱਚ ਆਉਂਦੇ ਕਿਸੇ ਵਿਅਕਤੀ ਦਾ ਕਤਲ ਹੋ ਜਾਵੇ ਤਾ ਦੋਸ਼ੀ ਏਨੀ ਗੱਲ ਨਾਲ ਮੌਤ ਦੀ ਸਜ਼ਾ ਤੋਂ ਬਚ ਜਾਂਦਾ ਹੈ ਕਿ ਮ੍ਰਿਤਕ ਨੇ ਇਸਲਾਮ, ਕੁਰਾਨ, ਪੈਗੰਬਰ ਜਾਂ ਅੱਲ੍ਹਾ ਦੀ ਤੌਹੀਨ ਕਰਨ ਦੀ ਗੁਸਤਾਖੀ ਕੀਤੀ ਸੀ। ਈਸਾਈ ਭਾਈਚਾਰੇ ਦੀ ਇੱਕ ਔਰਤ ਬਾਕੀ ਔਰਤਾਂ ਨਾਲ ਇੱਕ ਦਿਨ ਖੇਤਾਂ ਵਿੱਚ ਕੰਮ ਕਰਨ ਗਈ ਤਾਂ ਪਾਣੀ ਦੇ ਘੜੇ ਨੂੰ ਹੱਥ ਲਾ ਕੇ ਭ੍ਰਿਸ਼ਟ ਕਰਨ ਦਾ ਦੋਸ਼ ਲਾ ਦਿੱਤਾ ਤਾਂ ਕੁਫਰ ਦਾ ਫਤਵਾ ਜਾਰੀ ਹੋ ਜਾਣ ਮਗਰੋਂ ਮੌਤ ਦੀ ਸਜ਼ਾ ਦਾ ਐਲਾਨ ਹੋ ਗਿਆ। ਪਾਕਿਸਤਾਨ ਦੇ ਪੰਜਾਬ ਦਾ ਗਵਰਨਰ ਸਲਮਾਨ ਤਾਸੀਰ ਉਸ ਔਰਤ ਕੋਲੋਂ ਅਸਲੀ ਗੱਲ ਪੁੱਛਣ ਚਲਾ ਗਿਆ, ਪਰ ਜਦੋਂ ਬਾਹਰ ਆਇਆ ਤਾਂ ਉਸ ਦੇ ਗੰਨਮੈਨ ਨੇ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਕਿਹਾ ਕਿ ਇਹ ਕਾਫਰ ਔਰਤ ਦੀ ਮਦਦ ਕਰਦਾ ਸੀ। ਅਦਾਲਤ ਵਿੱਚ ਗਏ ਕਾਤਲ ਉੱਤੇ ਵਕੀਲਾਂ ਨੇ ਫੁੱਲ ਵਰਸਾਏ ਅਤੇ ਉਸ ਨੂੰ ਹੀਰੋ ਐਲਾਨ ਕਰ ਦਿੱਤਾ। ਕਈ ਕੇਸ ਓਥੇ ਏਦਾਂ ਦੇ ਹੋਏ ਹਨ ਕਿ ਜ਼ਮੀਨੀ ਝਗੜੇ ਵਿੱਚ ਕਿਸੇ ਨੇ ਸ਼ਰੀਕ ਦਾ ਇਹ ਕਹਿ ਕੇ ਕਤਲ ਕਰ ਦਿੱਤਾ ਕਿ ਇਸਲਾਮ ਦੀ ਤੌਹੀਨ ਕਰਦਾ ਸੀ। ਫਿਰ ਸਜ਼ਾ ਤੋਂ ਬਚ ਗਏ। ਕੀ ਭਾਰਤ ਵੀ ਹੁਣ ਉਸ ਪਾਸੇ ਜਾਣ ਲੱਗਾ ਹੈ ਕਿ ਕਿਸੇ ਬੰਦੇ ਬਾਰੇ ਦੇਸ਼ ਧਰੋਹ ਦਾ ਦੋਸ਼ ਲਾ ਕੇ ਉਸ ਨੂੰ ਪੁਲਸ ਦੇ ਸਾਹਮਣੇ ਕੁੱਟਣ ਦੀ ਖੁੱਲ੍ਹ ਦੇ ਦਿੱਤੀ ਜਾਵੇ ਤੇ ਕੁੱਟਣ ਵਾਲਾ ਇਹ ਆਖੇ ਕਿ ਪਿਸਤੌਲ ਨਹੀਂ ਸੀ, ਵਰਨਾ ਉਸ ਨੂੰ ਮੈਂ ਗੋਲੀ ਵੀ ਮਾਰ ਦੇਣੀ ਸੀ? ਸੁਪਰੀਮ ਕੋਰਟ ਤੋਂ ਵਕੀਲਾਂ ਦੀ ਵਿਸ਼ੇਸ਼ ਟੀਮ ਹਾਲਾਤ ਵੇਖਣ ਆਵੇ ਤਾਂ ਉਨ੍ਹਾਂ ਨੂੰ ਵੀ ਗੰਦੀਆਂ ਗਾਲ੍ਹਾਂ ਕੱਢਣ ਦੇ ਨਾਲ ਪਾਕਿਸਤਾਨ ਦੇ ਏਜੰਟ ਆਖ ਕੇ ਜ਼ਲੀਲ ਕੀਤਾ ਜਾਵੇ। ਇਹ ਕਿੱਦਾਂ ਦਾ ਭਾਰਤ ਹੈ?

ਕਨ੍ਹਈਆ ਕੁਮਾਰ ਦੇ ਕੇਸ ਦਾ ਠੀਕ ਜਾਂ ਗਲਤ ਦਾ ਨਿਬੇੜਾ ਅਦਾਲਤ ਕਰੇਗੀ, ਹਰ ਕਿਸੇ ਨੂੰ ਮਨ-ਮਰਜ਼ੀ ਮੁਤਾਬਕ ਇਨਸਾਫ ਕਰਨ ਦਾ ਹੱਕ ਕਦੇ ਨਹੀਂ ਦਿੱਤਾ ਜਾ ਸਕਦਾ। ਦੇਸ਼ ਦੀ ਵਾਗ ਸੰਭਾਲਣ ਵਾਲੀ ਪਾਰਟੀ ਨੂੰ ਅਤੇ ਉਸ ਦੇ ਅਗਵਾਨੂੰ ਬਣੇ ਪ੍ਰਧਾਨ ਮੰਤਰੀ ਨੂੰ ਸੰਵਿਧਾਨਕ ਸੰਸਥਾਵਾਂ ਦੀ ਗੱਲ ਸੁਣਨੀ ਪਵੇਗੀ। ਦੇਸ਼ ਦੀ ਸੁਪਰੀਮ ਕੋਰਟ ਨੇ ਕਨ੍ਹਈਆ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ਆਪ ਨਹੀਂ ਸੁਣੀ ਅਤੇ ਵਿਵਸਥਾ ਮੁਤਾਬਕ ਹਾਈ ਕੋਰਟ ਜਾਣ ਨੂੰ ਕਹਿ ਕੇ ਠੀਕ ਕੀਤਾ ਹੈ, ਪਰ ਇਸ ਨਾਲ ਇਹ ਵੀ ਕਿਹਾ ਕਿ ਵਿਵਸਥਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਕਿਸੇ ਦੋਸ਼ੀ ਜਾਂ ਉਸ ਦੇ ਵਕੀਲ ਨੂੰ ਅਦਾਲਤੀ ਅਹਾਤੇ ਜਾਂ ਹੋਰ ਕਿਸੇ ਵੀ ਥਾਂ, ਕਿਸੇ ਧੱਕੜਸ਼ਾਹੀ ਦਾ ਸ਼ਿਕਾਰ ਨਹੀਂ ਬਣਾਇਆ ਜਾਵੇਗਾ। ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਪੁਲਸ ਹਿਰਾਸਤ ਵਿੱਚ ਇਸ ਬੰਦੇ ਨਾਲ ਹੋਈ ਧੱਕੜਸ਼ਾਹੀ ਨੂੰ ਪ੍ਰਵਾਨ ਕਰਦੇ ਹੋਏ ਦਿੱਲੀ ਪੁਲਸ ਅਤੇ ਪ੍ਰਸ਼ਾਸਨ ਨੂੰ ਕਹਿਟਰੇ ਵਿੱਚ ਖੜ੍ਹੇ ਹੋਣ ਲਈ ਤਲਬ ਕਰ ਲਿਆ ਹੈ। ਹਕੂਮਤ ਦੇ ਨਸ਼ੇ ਵਿੱਚ ਧਮੱਚੜ ਫੈਲਾਉਣ ਵਾਲਿਆਂ ਨੂੰ ਇਹ ਖੁੱਲ੍ਹ ਨਹੀਂ ਮਿਲ ਸਕਦੀ ਕਿ ਉਹ ਸੁਪਰੀਮ ਕੋਰਟ ਅਤੇ ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਿਹਾ ਵੀ ਮੰਨਣ ਤੋਂ ਇਨਕਾਰ ਕਰ ਜਾਣ। ਰਾਜ ਕਿਸੇ ਦੇਸ਼ ਵਿੱਚ ਲੋਕਤੰਤਰੀ ਹੋਵੇ ਜਾਂ ਕਿਸੇ ਡਿਕਟੇਟਰ ਦੀ ਕਮਾਨ ਵੀ ਹੋਵੇ, ਇਹ ਭਰੋਸਾ ਹਰ ਕਿਸੇ ਨੂੰ ਆਪਣੇ ਲੋਕਾਂ ਲਈ ਦੇਣਾ ਪੈਂਦਾ ਹੈ ਕਿ ਸਰਕਾਰ ਕਿਸੇ ਵਿਅਕਤੀ ਨੂੰ ਕਿਸੇ ਹੋਰ ਦਾ ਕਤਲ ਕਰਨ ਜਾਂ ਕਤਲ ਦੀ ਧਮਕੀ ਦੇਣ ਦੀ ਖੁੱਲ੍ਹ ਬਿਲਕੁਲ ਨਹੀਂ ਦੇਵੇਗੀ। ਇਹ ਭਰੋਸਾ ਇਸ ਸਰਕਾਰ ਨੂੰ ਵੀ ਦੇਣਾ ਪਵੇਗਾ, ਨਹੀਂ ਤਾਂ ਦੇਸ਼ ਬਦਅਮਨੀ ਦੀ ਉਸ ਜਿੱਲ੍ਹਣ ਵਿੱਚ ਫਸ ਜਾਵੇਗਾ, ਜਿਸ ਵਿੱਚ ਗੁਆਂਢ ਦੇ ਕਈ ਦੇਸ਼ ਫਸੇ ਹੋਏ ਹਨ।

***

 

ਇਸ ਸਾਲ ‘ਬੇਤਾਬ’ ਯਾਦਗਾਰੀ ਸਨਮਾਨ ਨਾਲ ‘ਨਵਾਂ ਜ਼ਮਾਨਾ’ ਅਖਬਾਰ ਦੇ ਸੰਪਾਦਕ ਸ਼੍ਰੀ ਜਤਿੰਦਰ ਪਨੂੰ ਨੂੰ ਸਨਮਾਨਤ ਕੀਤਾ ਜਾਵੇਗਾ।

 

ਕੋਟਕਪੂਰਾ: 5 ਮਾਰਚ (ਸ਼ਾਮ ਲਾਲ ਚਾਵਲਾ) ਮਰਹੂਮ ਪੱਤਰਕਾਰ, ਸ਼ਾਇਰ, ਜਮਹੂਰੀ ਹੱਕਾਂ ਲਈ ਸਰਗਰਮ ਕਾਰਕੁੰਨ, ਦਾਨਿਸ਼ਵਰ ਸ਼੍ਰੀ ਪ੍ਰਸ਼ੋਤਮ ਬੇਤਾਬ ਨੂੰ ਵਿੱਛੜਿਆਂ ਅੱਜ ਕਰੀਬ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀ ਸੋਚ ਸਦਕਾ ਅੱਜ ਵੀ ਉਨ੍ਹਾਂ ਦੇ ਸਾਥੀ ਸ੍ਰੀ ਪ੍ਰਸ਼ੋਤਮ ਬੇਤਾਬ ਨੂੰ ਆਪਣੇ ਦਰਮਿਆਨ ਖੜ੍ਹਾ ਮਹਿਸੂਸ ਕਰਦੇ ਹਨ। ਦੋ ਸਾਲ ਪਹਿਲਾਂ ਉਨ੍ਹਾਂ ਦੇ ਨੇੜਲੇ ਸਾਥੀਆਂ ਨੇ ਇਕੱਠੇ ਹੋ ਕੇ ਸ਼੍ਰੀ ਬੇਤਾਬ ਮੈਮੋਰੀਅਲ ਸੋਸਾਇਟੀ ਦਾ ਗਠਨ ਕੀਤਾ ਸੀ। ਸੁਸਾਇਟੀ ਵਿਚ ਪੱਤਰਕਾਰ ਬਲਵੰਤ ਗਰਗ, ਸਾਧੂ ਰਾਮ ਦਿਓੜਾ, ਐਡਵੋਕੇਟ ਮੰਗਤ ਅਰੋੜਾ, ਰਾਜਪਾਲ ਸਿੰਘ, ਕਰੋੜੀ ਮਿੱਤਲ, ਐਡਵੋਕੇਟ ਆਸ਼ੂ ਮਿੱਤਲ, ਭਾਰਤ ਭੂਸ਼ਨ ਆਜ਼ਾਦ ਤੋਂ ਇਲਾਵਾ ਉਨ੍ਹਾਂ ਦੇ ਕਈ ਹੋਰ ਸਾਥੀ ਵੀ ਸ਼ਾਮਲ ਹਨ।

ਤਿੰਨ ਸਾਲ ਪਹਿਲਾਂ ਸ਼੍ਰੀ ਬੇਤਾਬ ਦੇ ਭੋਗ ਮੌਕੇ ਕੁਝ ਦੋਸਤਾਂ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਇਕ ਸਮਾਗਮ ਕਰਵਾਉਣ ਅਤੇ ਇਕ ਪੱਤਕਾਰ ਨੂੰ ਚੰਗੀ ਕਾਰਗੁਜਾਰੀ ਸਦਕਾ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ। ਸਨਮਾਨ ਵਜੋਂ ਸੋਸਾਇਟੀ ਵੱਲੋਂ ਇਕ ਸਨਮਾਨ ਪੱਤਰ ਤੇ ਛੋਟੀ ਜਿਹੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਪਹਿਲੇ ਸਾਲ ਇਹ ਸਮਾਗਮ ਕੰਜ਼ਿਊਮਰ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਹੋਇਆ। ਸ਼੍ਰੀ ਬੇਤਾਬ ਕੰਜ਼ਿਊਮਰ ਫੋਰਮ ਦੇ ਵਕੀਲ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਲੋੜਵੰਦਾਂ ਦੇ ਕੇਸ ਬਿਨਾਂ ਫੀਸ ਲਿਆਂ ਆਪਣੇ ਖਰਚੇ ’ਤੇ ਲੜੇ ਅਤੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦੁਆਇਆ। ਕੋਟਕਪੂਰੇ ਵਿੱਚ ਕੰਜ਼ਿਊਮਰ ਐਸੋਸੀਏਸ਼ਨ ਦਾ ਗਠਨ ਕਰਨ ਵਾਲੇ ਵੀ ਉਹ ਹੀ ਸਨ।

ਪਹਿਲੇ ਸਾਲ ਇਹ ਸਨਮਾਨ ਪੰਜਾਬੀ ਪੱਤਰਕਾਰੀ ਵਿਚ ਖੋਜੀ ਰਿਪੋਰਟਾਂ ਪਾਠਕਾਂ ਸਾਹਮਣੇ ਲਿਆਉਣ ਵਾਲੇ ਬਠਿੰਡੇ ਤੋਂ 'ਪੰਜਾਬੀ ਟ੍ਰਿਬਿਊਨ' ਦੇ ਸਟਾਫ ਰਿਪੋਰਟਰ ਸ਼੍ਰੀ ਚਰਨਜੀਤ ਭੁੱਲਰ ਨੂੰ ਦਿੱਤਾ ਗਿਆ ਸੀ। ਸ਼੍ਰੀ ਭੁੱਲਰ ਖੁੱਦ ਬੇਤਾਬ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਸਨ, ਜਿਸ ਕਰਕੇ ਉਨ੍ਹਾਂ ਸੋਸਾਇਟੀ ਵੱਲੋਂ ਦਿੱਤੀ ਗਈ ਨਗਦ ਰਾਸ਼ੀ ਸੋਸਾਇਟੀ ਨੂੰ ਹੀ ਮੌਕੇ ਤੇ ਭੇਟ ਕਰ ਦਿੱਤੀ ਸੀ। ਅਗਲੇ ਸਾਲ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਜਸਦੀਪ ਸਿੰਘ ਮਲਹੋਤਰਾ ਨੂੰ ਮਰਨ ਉਪਰੰਤ ਉਨ੍ਹਾਂ ਦੀ ਧਰਮਪਤਨੀ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਸੁਸਾਇਟੀ ਨੂੰ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਅਤੇ ਚਲੰਤ ਮਾਮਲਿਆਂ ਦੇ ਮਾਹਿਰ ਜਾਣੇ ਮਾਣੇ ਪੱਤਰਕਾਰ ਨਵਾਂ ਜਮਾਨਾ ਅਖ਼ਬਾਰ ਦੇ ਸੰਪਾਦਕ ਸ਼੍ਰੀ. ਜਤਿੰਦਰ ਪਨੂੰ  ਨੂੰ ਦੇਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੁਸਾਇਟੀ ਮਾਣ ਮਹਿਸੂਸ ਕਰਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿਚ ਇਸ ਦਾ ਦਾਇਰਾ ਵਿਸ਼ਾਲ ਹੋ ਰਿਹਾ ਹੈ।

ਸੋਸਾਇਟੀ ਸਮਾਗਮ ਵਿਚ ਭਖਦੇ ਵਿਸ਼ੇ ਉੱਪਰ ਸੈਮੀਨਾਰ ਕਰਵਾਉਂਦੀ ਹੈ ਤੇ ਇਸ ਵਾਰ 6 ਮਾਰਚ ਨੂੰ ਸਥਾਨਕ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸੁਬ੍ਹਾ 10.30 ਤੋਂ 1.30 ਤੱਕ ਹੋ ਰਹੇ ਸਮਾਗਮ ਵਿਚ ਸਿਹਤ ਸੇਵਾਵਾਂ ਦੀ ਵਾਸਤਵਿਕਤਾ ਅਤੇ ਵਪਾਰੀਕਰਨ’ ਵਿਸ਼ੇ ਉੱਪਰ ਸੈਮੀਨਾਰ ਵੀ ਕਰਵਾ ਰਹੀ ਹੈ ਜਿਸ ਵਿਚ ਸਰਕਾਰੀ ਮੈਡੀਕਲ ਕਾਲਜ ਸ਼੍ਰੀ ਅੰਮ੍ਰਿਤਸਰ ਦੇ ਪ੍ਰੋਫੈਸਰ, ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ ਵਿਭਾਗ ਦੇ ਡਾ. ਸ਼ਾਮ ਸੁੰਦਰ ਦੀਪਤੀ ਐਮ.ਡੀ. ਸ਼ਿਰਕਤ ਕਰਨਗੇ।

*****

(209)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author