BaljinderSSekhon7ਘਰ ਅੰਦਰ ਹੀ ਰਹਿਣਾ ਹੈ ਨਹੀਂ ਤਾਂ ਪੰਜ ਹਜ਼ਾਰ ਡਾਲਰ ਜੁਰਮਾਨਾ ...
(10 ਮਈ 2020)

 

ਕਰੋਨਾ ਵਾਇਰਸ ਤੇ ਹੋਰ ਜੀਵਾਂ ਬਾਰੇ ਕਾਫੀ ਜਾਣਕਾਰੀ ਹੋਣ ਕਾਰਨ ਮੈਂ ਡਰਿਆ ਹੋਇਆ ਤਾਂ ਨਹੀਂ ਸੀ ਪਰ ਸਾਡੇ ਘਰ ਦੇ ਇੱਕ ਮੈਂਬਰ ਦਾ ਇਸ ਨੂੰ ਰੋਕਣ ਅਤੇ ਬਚਣ ਲਈ ਚੱਲ ਰਹੀ ਲੜਾਈ ਵਿੱਚ ਸਥਾਨਕ ਹਸਪਤਾਲ ਵਿੱਚ ਮੋਹਰੀ ਰੋਲ ਹੋਣ ਕਾਰਨ, ਖਦਸ਼ਾ ਜ਼ਰੂਰ ਸੀ ਕਿ ਇਨ੍ਹਾਂ ਹਾਲਤਾਂ ਵਿੱਚ ਇਸਦੇ ਪਰਿਵਾਰ ਵਿੱਚ ਫੈਲਣ ਦੀ ਸੰਭਾਵਨਾ ਕਾਫੀ ਹੈ। ਮੈਂਨੂੰ ਅਹਿਸਾਸ ਸੀ ਕਿ ਘਰ ਦੇ ਜੀਆਂ ਵਿੱਚ ਇਸਦੇ ਫੈਲਣ ਤੇ ਸਭ ਤੋਂ ਵੱਧ ਖਤਰਾ ਵੱਡੀ ਉਮਰ ਹੋਣ ਕਾਰਨ ਮੈਂਨੂੰ ਤੇ ਮੇਰੀ ਪਤਨੀ ਨੂੰ ਹੋ ਸਕਦਾ ਹੈ, ਕਿਉਂਕਿ ਸਾਡੀ ਉਮਰ 70 ਸਾਲ ਹੈ। ਇਸ ’ਤੇ ਵੀ ਅੰਕੜੇ ਦੱਸਦੇ ਸਨ ਕਿ ਇਸ ਉਮਰ ਵਿੱਚ ਤਕਰੀਬਨ 8% ਮਰੀਜ਼ ਇਸਦੀ ਮਾਰ ਨਹੀਂ ਝੱਲ ਸਕਦੇ ਅਤੇ ਮੈਂ ਲਗਭਗ ਨਿਸ਼ਚਿੰਤ ਸੀ ਕਿ ਜੇਕਰ ਸਾਨੂੰ ਵੀ ਹੋ ਗਈ ਤਾਂ ਕੋਈ ਵੱਡਾ ਖਤਰਾ ਖੜ੍ਹਾ ਨਹੀਂ ਹੋਣ ਲੱਗਾ। ਮਾਰਚ ਦੇ ਅਖੀਰਲੇ ਦਿਨੀਂ ਸਾਡੇ ਪਰਿਵਾਰ ਦੇ ਇਸ ਸਿਰੜੀ, ਸੁਹਰਿਦ ਮੈਂਬਰ ਨੂੰ ਇਸ ਵਾਇਰਸ ਨੇ ਆ ਘੇਰਿਆ। ਸ਼ਾਮ ਨੂੰ ਗਲ ਵਿੱਚ ਦਰਦ ਸ਼ੁਰੂ ਹੋਇਆ, ਸਵੇਰ ਤਕ ਬੁਖਾਰ ਹੋ ਗਿਆ। ਸਿਹਤ ਸੇਵਾਵਾਂ ਵਿੱਚ ਹੋਣ ਕਾਰਨ ਉਸੇ ਦਿਨ ਲਏ ਟੈਸਟ ਦਾ ਨਤੀਜਾ ਦੂਸਰੇ ਦਿਨ ਹੀ ਆ ਗਿਆ। ਉਹ ਕਰੋਨਾ ਪੌਜ਼ੇਟਿਵ ਸੀ। ਉਸ ਵੇਲੇ ਤਕ, ਸੁੱਕੀ ਖੰਘ, ਬੁਖਾਰ ਅਤੇ ਕੁਝ ਦਿਨਾਂ ਬਾਅਦ ਔਖਾ ਸਾਹ ਆਉਣ ਦੀਆਂ ਨਿਸ਼ਾਨੀਆਂ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀਆਂ ਦੱਸੀਆਂ ਜਾ ਰਹੀਆਂ ਸਨ, ਪਰ ਗਲ ਖਰਾਬ ਹੋਣਾ ਇਨ੍ਹਾਂ ਵਿੱਚ ਸ਼ਾਮਲ ਨਹੀਂ ਸੀ ਪਰ ਉਸ ਦਾ ਗਲਾ ਖਰਾਬ ਹੋਇਆ ਅਤੇ ਬੁਖਾਰ ਹੋਇਆ।

ਉਸੇ ਵੇਲੇ ਉਸ ਨੂੰ ਤੇ ਉਸ ਦੇ ਜੀਵਨ ਸਾਥੀ ਨੂੰ ਵੱਖ ਵੱਖ ਕਮਰਿਆਂ ਵਿੱਚ ਅੱਡ ਕਰ ਦਿੱਤਾ। ਉਹ ਅੰਦਰ ਹੀ ਰਹਿੰਦੇ ਤੇ ਖਾਣ ਪੀਣ ਦਾ ਸਮਾਨ ਬਾਹਰ ਧਰੇ ਸਟੂਲਾਂ ਉੱਤੇ ਰੱਖ ਦਿੱਤਾ ਜਾਂਦਾ, ਜਿੱਥੋਂ ਉਹ ਚੁੱਕ ਲੈਂਦੇ। ਜ਼ਿਆਦਾ ਕਰਕੇ ਡਿਸਪੋਜ਼ੇਬਲ ਭਾਂਡੇ ਵਰਤਦੇ ਅਤੇ ਵਰਤਣ ਬਾਅਦ ਜਦ ਉਹ ਬਾਹਰ ਰੱਖਦੇ, ਉਨ੍ਹਾਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ। ਦੂਸਰੇ ਭਾਂਡਿਆਂ ਨੂੰ ਉਹ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਬਾਹਰ ਰੱਖਦੇ, ਜਿਨ੍ਹਾਂ ਨੂੰ ਅਸੀਂ ਭਾਂਡੇ ਧੋਣ ਵਾਲੀ ਮਸ਼ੀਨ ਵਿੱਚ ਫਿਰ ਤੋਂ ਧੋ ਕੇ ਸੈਨੀਟਾਈਜ਼ ਕਰ ਲੈਂਦੇ। ਉਨ੍ਹਾਂ ਦੇ ਭਾਂਡਿਆਂ ਨੂੰ ਹੱਥ ਲਾਉਣ ਬਾਅਦ ਮੈਂ ਆਪਣੇ ਹੱਥ ਅਲਕੋਹਲ ਜੈੱਲ ਨਾਲ ਸੈਨੇਟਾਈਜ਼ ਕਰ ਲੈਂਦਾ। ਬਾਹਰ ਰਹਿ ਗਏ ਅਸੀਂ ਚਾਰ ਜੀ, ਦੋਨੋਂ ਅਸੀਂ ਪਤੀ ਪਤਨੀ ਤੇ ਦੋ ਸਾਡੇ ਪੋਤੇ ਅਸੀਂ ਸਭ ਅੱਡੋ ਅੱਡ ਕਰ ਦਿੱਤੇ। ਬੱਚਿਆਂ ਨੂੰ ਵੱਖਰਾ ਬਾਥਰੂਮ ਵਰਤਣ ਲਾ ਦਿੱਤਾ ਗਿਆ।

ਮੇਰੀ ਪਤਨੀ ਰਸੋਈ ਦਾ ਕੰਮ ਕਰਦੀ ਅਤੇ ਮੈਂ ਸਭ ਕੁਝ ਲੋੜ ਮੁਤਾਬਿਕ ਵੰਡਦਾ ਰਹਿੰਦਾ। ਬਾਹਰ ਰਹੇ ਅਸੀਂ ਚਾਰੇ ਜਣੇ ਆਪਣੇ ਹੱਥ ਬਾਰ ਬਾਰ ਧੋਂਦੇ। ਮੈਂ ਸੈਨੇਟਾਇਜ਼ਰ (ਲਾਈਸੌਲ) ਦੇ ਕੱਪੜੇ ਨਾਲ ਘਰ ਦੀਆਂ ਸਾਰੇ ਕੁੰਡੇ ਕੁੰਡੀਆਂ, ਬਿਜਲੀ ਦੇ ਸਵਿੱਚ, ਰਿਮੋਟ ਕੰਟਰੋਲ, ਸੈੱਲ ਫੋਨ, ਟੂਟੀਆਂ ਆਦਿ ਨੂੰ ਦਿਨ ਵਿੱਚ ਦੋ ਬਾਰ ਕਿਟਾਣੂ ਰਹਿਤ ਕਰਦਾ। ਘਰੋਂ ਬਾਹਰ ਜਾਣਾ ਸਭ ਦਾ ਬੰਦ ਸੀ।

ਪਹਿਲੇ ਮਰੀਜ਼ ਦਾ ਗਲਾ ਤੀਸਰੇ ਦਿਨ ਠੀਕ ਹੋ ਗਿਆ ਅਤੇ ਬੁਖਾਰ ਵੀ ਉੱਤਰ ਗਿਆ ਪਰ ਇਸੇ ਦਿਨ ਹੀ ਉਸ ਦੇ ਜੀਵਨ ਸਾਥੀ ਨੂੰ ਆਮ ਜ਼ੁਕਾਮ ਵਰਗੀਆਂ ਅਲਾਮਤਾਂ ਸ਼ੁਰੂ ਹੋ ਗਈਆਂ। ਅਸੀਂ ਸਮਝਿਆ ਕਿ ਸ਼ਾਇਦ ਠੰਢ ਵਿੱਚ ਬਾਹਰ ਬਾਰੀ ਖੋਲ੍ਹ ਲਈ ਸੀ, ਇਸ ਲਈ ਆਮ ਜ਼ੁਕਾਮ ਹੋਵੇਗਾ ਪਰ ਨਾਲ ਹੀ ਉਸ ਨੂੰ ਥੋੜ੍ਹਾ ਬੁਖਾਰ ਹੋਇਆ। ਟੈਸਟ ਕਰਵਾਇਆ ਤਾਂ ਉਹ ਵੀ ਕਰੋਨਾ ਵਾਇਰਸ ਦਾ ਮਰੀਜ਼ ਨਿਕਲਿਆ। ਉਸ ਦਾ ਜ਼ੁਕਾਮ ਤੇ ਬੁਖਾਰ ਵੀ ਦੋ ਦਿਨ ਵਿੱਚ ਠੀਕ ਹੋ ਗਿਆ।

ਇਸ ਤਰ੍ਹਾਂ ਚਾਰ ਦਿਨ ਨਿਕਲੇ ਤਾਂ ਮੇਰੀ ਪਤਨੀ ਦੇ ਮੋਢਿਆਂ ਅਤੇ ਢੂਹੀ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਦੋ ਕੁ ਦਿਨ ਤਾਂ ਮੈਂ ਇਸ ਨੂੰ ਆਮ ਦਰਦ ਸਮਝਿਆ ਪਰ ਜਦ ਤੀਸਰੇ ਦਿਨ ਉਸ ਨੂੰ ਬੁਖਾਰ ਹੋ ਗਿਆ ਤਾਂ ਸਮਝ ਆ ਗਈ ਕਿ ਉਹ ਵੀ ਕਰੋਨਾ ਦੀ ਮਾਰ ਹੇਠ ਆ ਗਈ ਹੈ। ਬੁਖਾਰ 101 ਡਿਗਰੀ ਫਾਰਨਹਾਈਟ ਸੀ। ਸਾਨੂੰ ਸਿਹਤ ਸੇਵਾਵਾਂ ਵਾਲਿਆਂ ਨੇ ਘਰ ਤੋਂ ਬਾਹਰ ਜਾਣ ਦੀ ਮਨਾਹੀ ਕੀਤੀ ਹੋਈ ਸੀ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਟੈਸਟ ਲਈ ਜਾ ਸਕਦੇ ਹੋ।

ਮੈਂ ਪਤਨੀ ਨੂੰ ਕਾਰ ਦੀ ਮਗਰਲੀ ਸੀਟ ’ਤੇ ਬਿਠਾ ਆਪਣੇ ਸ਼ਹਿਰ ਬਰੈਂਪਟਨ ਦੇ ਟੈਸਟ ਲਈ ਨਾਮਜ਼ਦ, ਇੱਥੇ ਕਹੇ ਜਾਂਦੇ ਪੁਰਾਣੇ ਹਸਪਤਾਲ (ਵੈਸੇ ਇਹ ਸਗੋਂ ਸਭ ਤੋਂ ਨਵਾਂ ਹੈ ਅਤੇ ਪਹਿਲੇ ਨੂੰ ਢਾਹ ਕੇ ਨਵਾਂ ਬਣਾਇਆ ਹੋਇਆ ਹੈ) ਵਿੱਚ ਲੈ ਗਿਆ। ਮੈਂ ਉਮੀਦ ਕਰਦਾ ਸੀ ਕਿ ਟੈਸਟ ਵਾਲੇ ਥਾਂ ਭੀੜ ਹੋਵੇਗੀ ਪਰ ਉੱਥੇ ਤਾਂ ਸੁੰਨ ਸਰਾਂ ਸੀ। ਸਾਨੂੰ ਘਰ ਤੋਂ ਹੀ ਪਤਾ ਲੱਗ ਗਿਆ ਸੀ ਕਿ ਟੈਸਟਿੰਗ ਲਈ ਸੈਂਪਲ ਹਸਪਤਾਲ ਦੇ ਪਿਛਲੇ ਪਾਸੇ ਲਏ ਜਾ ਰਹੇ ਹਨ। ਪਾਰਕਿੰਗ ਜਾਣ ਲਈ ਪਹਿਲੇ ਬੈਰੀਅਰ ਤੇ ਦੱਸਿਆ ਗਿਆ ਕਿ ਤੁਸੀਂ ਆਪਣੀ ਕਾਰ ਬਿਨਾ ਕਿਸੇ ਪਾਰਕਿੰਗ ਦੇ ਪੈਸੇ ਦੇਣ ਦੇ ਟੈਸਟ ਵਾਲੀ ਥਾਂ ਨੇੜੇ ਹੀ ਖੜ੍ਹੀ ਕਰ ਸਕਦੇ ਹੋ। ਕਾਰ ਖੜ੍ਹੀ ਕਰਕੇ ਜਦ ਗੇਟ ਵੱਲ ਗਏ ਤਾਂ ਇੱਕ ਡਿਊਟੀ ’ਤੇ ਖੜ੍ਹੀ ਨਰਸ ਨੇ ਰੋਕ ਲਿਆ ਅਤੇ ਸਾਨੂੰ ਨੱਕ ਢਕਣ ਲਈ ਮਾਸਕ ਦਿੱਤੇ ਅਤੇ ਉਨ੍ਹਾਂ ਨੂੰ ਪਹਿਨਣ ਲਈ ਕਿਹਾ। ਉਸ ਨੇ ਸਾਨੂੰ ਇੱਕ ਖਾਸ ਨੰਬਰ ਦਿੱਤਾ ਜੋ ਮੇਰੀ ਪਤਨੀ ਲਈ ਪਹਿਚਾਣ ਚਿੰਨ੍ਹ ਸੀ। ਗੇਟ ਅੰਦਰ ਗਏ ਤਾਂ ਇੱਕ ਹੋਰ ਨਰਸ ਨੇ, ਹੋਰਨਾਂ ਨੂੰ ਅੱਗੇ ਇਹ ਬਿਮਾਰੀ ਨਾ ਫੈਲੇ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਹਨ, ’ਤੇ ਵੱਡਾ ਲੈਕਚਰ ਦਿੱਤਾ। ਉਸ ਤੋਂ ਅੱਗੇ ਬੈਠੀ ਨਰਸ ਨੇ ਸਾਰੀ ਜਾਣਕਾਰੀ- ਕਦੋਂ ਬਿਮਾਰ ਹੋਏ, ਕਿੱਥੋਂ ਬਿਮਾਰੀ ਲੱਗੀ ਆਦਿ ਬਾਰੇ ਵਿਸਥਾਰ ਵਿੱਚ ਕੰਪਿਊਟਰ ਵਿੱਚ ਦਰਜ ਕੀਤੀ ਅਤੇ ਇਸ ਤੋਂ ਅੱਗੇ ਟੈਸਟ ਲੈਣ ਵਾਲੇ ਕਮਰੇ ਅੱਗੇ ਉਡੀਕਣ ਲਈ ਕਿਹਾ। ਕਮਰੇ ਵਿੱਚੋਂ ਇੱਕ ਨਰਸ ਬਾਹਰ ਆਈ ਅਤੇ ਸਾਨੂੰ ਇੱਕ ਨੰਬਰ ਚੈਂਬਰ ਵਿੱਚ ਉਡੀਕਣ ਦੀ ਹਦਾਇਤ ਕੀਤੀ।

ਕੁਝ ਦੇਰ ਬਾਅਦ ਪੂਰੇ ਬਚਾਅ ਕਰ ਸਕਣ ਵਾਲੇ ਲਿਬਾਸ ਵਿੱਚ ਡਾਕਟਰ ਆਈ ਅਤੇ ਸਾਰੀ ਜਾਣਕਾਰੀ ਲੈਣ ਉਪਰੰਤ ਕੁਝ ਕੁ ਸਾਵਧਾਨੀਆਂ ਦੁਬਾਰਾ ਦੱਸ ਇਹ ਕਹਿ ਕੇ ਚਲੀ ਗਈ ਕਿ ਨਰਸ ਸੈਂਪਲ ਲੈਣ ਆਏਗੀ। ਇਸ ਸਾਰੇ ਵਰਤਾਰੇ ਵਿੱਚ ਸਾਡੇ ਸ਼ਹਿਰ ਬਰੈਂਪਟਨ ਵਿੱਚ ਵਸਦੇ ਸਾਰੇ ਭਾਈਚਾਰਿਆਂ ਦੀ ਵਿਸਥਾਰਿਤ ਪਹਿਚਾਣ ਹੋ ਰਹੀ ਸੀ। ਕੋਈ ਪੰਜਾਬਣ, ਕੋਈ ਚੀਨਣ ਕੋਈ ਅਫਰੀਕਨ ਤੇ ਕੋਈ ਕੌਕੇਸ਼ੀਅਨ (ਅੰਗਰੇਜ਼ਣ)। ਆਖਿਰ ਸੈਂਪਲ ਲੈਣ ਵਾਲੀ ਨਰਸ ਆਈ ਅਤੇ ਮੇਰੀ ਪਤਨੀ ਦੇ ਨੱਕ ਵਿੱਚ ਇੱਕ ਡੱਕੇ ਦੇ ਸਿਰੇ ਤੇ ਲੱਗਿਆ ਰੂੰ ਦਾ ਫੰਭਾ ਧੁਰ ਅੰਦਰ ਤਕ ਲਿਜਾ ਕੇ ਸੈਂਪਲ ਲੈ ਉਸ ਨੂੰ ਇੱਕ ਛੋਟੀ ਸ਼ੀਸ਼ੀ ਵਿੱਚ ਬੰਦ ਕਰ ਕੇ ਲੈ ਗਈ ਅਤੇ ਸਾਨੂੰ ਜਾਣ ਲਈ ਕਹਿ ਦਿੱਤਾ।

ਸਾਡੇ ਬਾਹਰ ਜਾਣ ਵੇਲੇ ਵੀ ਬੱਸ ਇੱਕ ਦੋ ਵਿਅਕਤੀ ਹੋਰ ਟੈਸਟ ਕਰਵਾਉਣ ਲਈ ਆਏ ਹੋਏ ਸਨ। ਟੈਸਟ ਦਾ ਰਿਜ਼ਲਟ ਆਉਣ ਲਈ ਹਫਤਾ ਉਡੀਕਣ ਲਈ ਕਿਹਾ ਗਿਆ ਸੀ, ਪਰ ਜਦ ਚਾਰ ਕੁ ਦਿਨ ਬਾਅਦ ਫੈਮਲੀ ਡਾਕਟਰ ਨੂੰ ਟੈਲੀਫੋਨ ਕੀਤਾ ਤਾਂ ਰਸੈਪਨਿਸ਼ਟ ਨੇ ਦੱਸਿਆ ਤੇ ਕਿਹਾ ਕਿ ਟੈਲੀਫੋਨ ਹੋਲਡ ਕਰੋ, ਰਿਜ਼ਲਟ ਡਾਕਟਰ ਆਪ ਦੱਸਣਗੇ। ਰਿਜ਼ਲਟ ਦਾ ਮੈਂਨੂੰ ਤਾਂ ਪਤਾ ਹੀ ਸੀ, ਪਰ ਡਾਕਟਰ ਨੇ ਜਿਸ ਤਰ੍ਹਾਂ ਕਨੇਡਾ ਦਾ ਅਸੂਲ ਹੈ, ਕੁਝ ਭੂਮਿਕਾ ਬੰਨ੍ਹਣ ਬਾਅਦ ਦੱਸਿਆ ਕਿ ਤੁਹਾਡੀ ਪਤਨੀ ਦਾ ਕਰੋਨਾ ਵਾਇਰਸ ਟੈਸਟ ਪੌਜ਼ੇਟਵ ਆਇਆ ਹੈ। ਫਿਰ ਉਸਨੇ ਦੁਬਾਰਾ ਤੋਂ ਸਾਰੇ ਜ਼ਰੂਰੀ ਇਹਤਿਆਤ ਗਿਣਾਏ, ਜੋ ਵਾਇਰਸ ਨੂੰ ਅਗਾਂਹ ਕਿਸੇ ਹੋਰ ਤਕ ਜਾਣ ਤੋਂ ਰੋਕ ਸਕਦੇ ਸਨ ਅਤੇ ਕਿਹਾ ਕਿ ਜਦ ਤਕ ਬਿਮਾਰੀ ਸਾਹ ਘੁਟਣ ਤਕ ਜਾਂ ਕਿਸੇ ਹੋਰ ਤਰੀਕੇ ਗੰਭੀਰ ਨਾ ਹੋਵੇ, ਘਰ ਅੰਦਰ ਹੀ ਰਹੋ ਅਤੇ ਬੁਖਾਰ ਰੋਕਣ ਵਾਲੀ ਗੋਲੀ, ਟਾਇਲਾਨੌਲ ਹਰ ਛੇ ਘੰਟੇ ਬਾਅਦ ਦਿੰਦੇ ਰਹੋ। ਡਾਕਟਰ ਵਲੋਂ ਦਿੱਤੀ ਹੋਰ ਜਾਣਕਾਰੀ ਓਹੋ ਸੀ, ਜੋ ਸਿਹਤ ਸੇਵਾਵਾਂ ਦੇ ਅਮਲੇ ਵਲੋਂ ਵੀ ਦਿੱਤੀ ਜਾ ਚੁੱਕੀ ਸੀ, ਸੋ ਇਸ ਨੂੰ ਫਿਰ ਤੋਂ ਸੁਣ ਲਿਆ। ਇੱਕ ਟੈਲੀਫੋਨ ਆਇਆ ਕਿ ਘਰ ਅੰਦਰ ਹੀ ਰਹਿਣਾ ਹੈ ਨਹੀਂ ਤਾਂ ਪੰਜ ਹਜ਼ਾਰ ਡਾਲਰ ਜੁਰਮਾਨਾ ਹੋ ਸਕਦਾ ਹੈ। ਵੱਧ ਸਾਵਧਾਨੀ ਰੱਖਦਿਆਂ ਮੇਰੀ ਪਤਨੀ 6 ਦਿਨ ਹੋਰ ਬਾਹਰ ਨਹੀਂ ਗਈ ਅਤੇ ਬਾਕੀ ਪਰਿਵਾਰ ਤੋਂ ਵੀ ਦੂਰੀ ਬਣਾਈ ਰੱਖੀ। ਅਖੀਰਲਾ ਟੈਲੀਫੋਨ ਆਇਆ ਕਿ ਤੁਸੀਂ ਐਤਵਾਰ ਤੋਂ ਬਾਹਰ ਜਾ ਸਕਦੇ ਹੋ।

ਮੇਰੀ ਪਤਨੀ ਦੇ ਬਿਮਾਰ ਹੋਣ ਬਾਅਦ ਖਾਣ ਪੀਣ ਦੇ ਪ੍ਰਬੰਧ ਲਈ ਰਿਸ਼ਤੇਦਾਰਾਂ ਦੀ ਸਹਾਇਤਾ ਲੈਣੀ ਪਈ। ਉਹ ਖਾਣਾ ਬਣਾ ਕੇ ਬਾਹਰ ਰੱਖ ਜਾਂਦੇ ਅਤੇ ਮੈਂ ਸਾਰਿਆਂ ਨੂੰ ਘਰ ਅੰਦਰ ਵੰਡ ਦਿੰਦਾ। ਹੋਰ ਜ਼ਰੂਰੀ ਸਮਾਨ, ਗਰੌਸਰੀ ਵਗੈਰਾ ਵੀ ਉਹ ਹੀ ਖਰੀਦਕੇ ਘਰ ਪਹੁੰਚਾਉਂਦੇ।

ਪਤਨੀ ਦੇ ਬਿਮਾਰ ਹੋਣ ’ਤੇ, ਇਹ ਜਾਣਦੇ ਹੋਏ ਕਿ ਵਾਇਰਸ ਹਵਾ ਵਿਚਦੀ ਨਹੀਂ ਫੈਲਦਾ, ਮੈਂ ਉਸ ਨੂੰ ਬਿਮਾਰੀ ਵੇਲੇ ਕਮਰੇ ਵਿੱਚ ਇਕੱਲਿਆਂ ਨਾ ਛੱਡਣ ਦਾ ਫੈਸਲਾ ਕਰ ਲਿਆ। ਮੈਂ ਉਸੇ ਕਮਰੇ ਵਿੱਚ ਰਿਹਾ। ਵਾਇਰਸ ਤੋਂ ਬਚਣ ਲਈ ਉਸ ਦੇ ਬੈੱਡ ਤੋਂ ਦੂਰ ਹੇਠਾਂ ਗੱਦਾ ਲਾ ਕੇ ਸੌਣਾਂ ਸ਼ੁਰੂ ਕਰ ਦਿੱਤਾ। ਵਾਸ਼ਰੂਮ ਵਿੱਚ ਦੋ ਵਾਸ਼ਬੇਸਨ ਸਨ, ਉਹ ਵੰਡ ਲਏ। ਇੱਕ ਉਹ ਵਰਤਦੀ ਤੇ ਇੱਕ ਮੈਂ। ਟੋਆਲਿਟ ਨੂੰ ਮੈਂ ਟੋਆਲਿਟ ਪੇਪਰ ਬਟਣ ਤੇ ਰੱਖ ਫਲੱਸ਼ ਕਰਨਾ ਸ਼ੁਰੂ ਕਰ ਦਿੱਤਾ, ਆਦਿ ਸਾਵਧਾਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਪਤਨੀ ਨੂੰ ਲਗਾਤਾਰ ਸੱਤ ਦਿਨ ਬੁਖਾਰ ਰਿਹਾ। ਬੇਸ਼ਕ ਟਾਇਲਨੌਲ 5 ਸੌ ਮਿਲੀਗਰਾਮ (ਕਰੋਸਿਨ) ਦੀਆਂ 24 ਘੰਟਿਆਂ ਵਿੱਚ ਵੱਧ ਤੋਂ ਵੱਧ ਅੱਠ ਗੋਲੀਆਂ ਵੀ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਹਨ ਪਰ ਮੈਂ ਉਸ ਨੂੰ ਇੱਕ ਵੇਲੇ ਸਿਰਫ ਇੱਕ ਗੋਲੀ ਦਿੰਦਾ। ਇਸਦਾ ਅਸਰ 6 ਘੰਟੇ ਰਹਿੰਦਾ ਹੈ ਪਰ ਮੈਂ ਦੋ ਘੰਟੇ ਹੋਰ ਲੰਘਾ ਦਿੰਦਾ ਤਾਂ ਜੋ ਪਤਾ ਲੱਗ ਜਾਵੇ ਕਿ ਬੁਖਾਰ ਵਧ ਰਿਹਾ ਹੈ ਜਾਂ ਘਟ ਰਿਹਾ ਹੈ। ਅਗਲੀ ਗੋਲੀ ਦੇਣ ਤੋਂ ਪਹਿਲਾਂ ਬੁਖਾਰ ਟੈਸਟ ਕਰਦਾ। ਬੁਖਾਰ ਲਗਾਤਾਰ 101 ਡਿਗਰੀ ਫਾਰਨਹਾਈਟ ਦੇ ਨੇੜੇ ਬਣਿਆ ਰਿਹਾ ਅਤੇ ਸੱਤਵੇਂ ਦਿਨ ਘਟਣ ਲੱਗਾ ਅਤੇ ਅਗਲੇ ਦਿਨ ਉੱਤਰ ਗਿਆ। ਜਾਣਕਾਰੀ ਹੋਣ ਕਾਰਨ ਮੈਂ ਪੰਜਵੇਂ ਦਿਨ ਚਿੰਤਿਤ ਸੀ, ਕਿਉਂਕਿ ਇਸ ਦਿਨ ਤੋਂ ਬਾਅਦ ਉਸ ਦੀ ਬਿਮਾਰੀ ਖਤਰਨਾਕ ਮੋੜ ਲੈ ਸਕਦੀ ਸੀ ਅਤੇ ਉਸ ਨੂੰ ਸਾਹ ਔਖਾ ਆਉਣ ਦੀ ਮੁਸ਼ਕਿਲ ਸ਼ੁਰੂ ਹੋ ਸਕਦੀ ਸੀ। ਪਰ ਪੰਜਵਾਂ ਦਿਨ ਵੀ ਲੰਘ ਗਿਆ ਅਤੇ ਫਿਰ ਛੇਵਾਂ ਵੀ, ਉਸ ਨੂੰ ਬੁਖਾਰ ਸੀ ਪਰ ਹੋਰ ਕੋਈ ਗੰਭੀਰ ਔਖ ਨਹੀਂ ਸੀ। ਆਖਿਰ ਅੱਠਵੇਂ ਦਿਨ ਉਹ ਠੀਕ ਹੋ ਗਈ।

ਹੁਣ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮੈਂ ਅਤੇ ਮੇਰੇ ਦੋਨੋਂ ਪੋਤੇ ਇਸਦੇ ਹਮਲੇ ਤੋਂ ਬਚੇ ਰਹੇ ਹਾਂ। ਅਸੀਂ ਤਿੰਨਾਂ ਨੂੰ ਬਿਮਾਰੀ ਦੇ ਕੋਈ ਲੱਛਣ ਨਹੀਂ ਆਏ ਅਤੇ ਅਸੀਂ ਕਰੋਨਾ ਟੈਸਟ ਨਹੀਂ ਕਰਵਾਇਆ। ਹੋ ਸਕਦਾ ਹੈ ਕਿ ਇਹ ਸਾਡੇ ਤਕ ਅੱਪੜਿਆ ਹੋਵੇ ਪਰ ਤਿੰਨਾਂ ਦੇ ਅਮੀਊਨ ਸਿਸਟਮ (ਸਰੀਰ ਦੀ ਸੁਰੱਖਿਆ ਪ੍ਰਨਾਲੀ) ਨੇ ਇਸ ਨੂੰ ਅੱਗੇ ਨਾ ਵਧਣ ਦਿੱਤਾ ਹੋਵੇ ਜਾਂ ਫਿਰ ਮੇਰੇ ਵਲੋਂ ਲਈਆਂ ਸਾਵਧਾਨੀਆਂ ਕਾਰਨ ਅਸੀਂ ਬਚੇ ਰਹੇ, ਇਸ ਬਾਰੇ ਪੱਕੀ ਤਰ੍ਹਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਿਹਤ ਸੇਵਾਵਾਂ ਵਾਲੇ ਮੈਂਬਰ ਨੂੰ ਕੰਮ ’ਤੇ ਜਾਣ ਲਈ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਜ਼ਰੂਰੀ ਸੀ, ਇਸ ਲਈ ਉਸ ਨੇ ਠੀਕ ਹੋਣ ’ਤੇ ਬਿਮਾਰੀ ਸ਼ੁਰੂ ਹੋਣ ਦੇ 14 ਦਿਨ ਬਾਅਦ, ਫਿਰ 18 ਦਿਨ ਬਾਅਦ ਟੈਸਟ ਕਰਵਾਇਆ। ਟੈਸਟ ਅਜੇ ਵੀ ਪੌਜ਼ੇਟਵ ਆ ਰਿਹਾ ਸੀ। ਆਖਿਰ 26 ਦਿਨਾਂ ਬਾਅਦ ਕੀਤੇ ਟੈਸਟ ਵਿੱਚ ਰਿਪੋਰਟ ਨੈਗੇਟਿਵ ਆਈ।

ਇਸ ਵਾਇਰਸ ਦੇ ਕਣ ਕਈ ਮਰੀਜ਼ਾਂ ਵਿੱਚ 4 ਹਫਤੇ ਤਕ ਵੀ ਵੇਖੇ ਗਏ ਹਨ ਪਰ ਮਰੀਜ਼ ਤੋਂ ਅੱਗੇ ਬਿਮਾਰੀ ਦੇ ਲੱਛਣ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਅਤੇ ਪਹਿਲੇ ਸੱਤ ਦਿਨਾਂ ਵਿੱਚ ਜ਼ਿਆਦਾ ਫੈਲਦੀ ਹੈ। ਲੱਛਣ ਖਤਮ ਹੋਣ ਤੋਂ ਤਿੰਨ ਦਿਨ ਬਾਅਦ ਮਰੀਜ਼ ਆਮ ਤੌਰ ਉੱਤੇ ਇਸ ਨੂੰ ਅੱਗੇ ਘੱਟ ਹੀ ਫੈਲਾਅ ਸਕਦਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2119)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਬਲਜਿੰਦਰ ਸਿੰਘ ਸੇਖੋਂ

ਡਾ. ਬਲਜਿੰਦਰ ਸਿੰਘ ਸੇਖੋਂ

Brampton, Ontario, Canada.
Phone: (1 - 905 - 781 - 1197)
Email: (drbssekhon@yahoo.ca)