RakeshRaman8““ਹਾਂ, ਹਾਂ, ਅੱਖਾਂ ਨਮ ਸੀ ਉਹਦੀਆਂ।” ਬਾਕੀਆਂ ਨੇ ਵੀ ਹਾਮੀ ਭਰੀ ...
(10 ਮਈ 2020)

 

ਵਾਢੀ ਹਾੜ੍ਹੀ ਦੀ ਹੁੰਦੀ ਜਾਂ ਸਾਉਣੀ ਦੀ, ਸੁਰਜਣ ਵਾਢੀ ਕਰਨ ਵਾਲਿਆਂ ਨੂੰ ਸ਼ੀਸ਼ਾ ਦਿਖਾਉਣਾ ਕਦੇ ਨਾ ਭੁੱਲਦਾ ਇੱਕ ਖੇਤ ਤੋਂ ਦੂਜੇ ਖੇਤ, ਦੂਜੇ ਖੇਤ ਤੋਂ ਤੀਜੇ ਤੇ ਇੰਜ ਸੂਰਜ ਢਲੇ ਘਰ ਪਰਤਦਾਸ਼ੀਸ਼ਾ ਦਿਖਾ ਕੇ ਜਿਵੇਂ ਉਹ ਜ਼ਿਮੀਂਦਾਰਾਂ ਨੂੰ ਅਨਾਜ ਵਿੱਚ ਆਪਣੇ ਸੀਰ ਦੀ ਯਾਦ ਕਰਵਾਉਂਦਾ ਸੀਗਹਾਈ ਮਗਰੋਂ ਉਹਦੇ ਹਿੱਸੇ ਦਾ ਅਨਾਜ ਉਹਦੇ ਭੜੋਲੇ ਵਿੱਚ ਆ ਪੈਂਦਾ ਸੀਸਾਲ ਭਰ ਅਨਾਜ ਵੱਲੋਂ ਬੇਫ਼ਿਕਰੀ ਰਹਿੰਦੀ ਸੀ।’ ਕੱਲਾਕਾਰਾ ਬੰਦਾ ਸੀ ਉਹਜ਼ਿਆਦਾ ਅਨਾਜ ਤਾਂ ਲੋਕਾਂ ਦੇ ਕੰਮ ਹੀ ਆਉਂਦਾ ਸੀ, ਉਹ ਇਕੱਲਾ ਕਿੰਨਾ ਕੁ ਖਾ ਸਕਦਾ ਸੀ? ਆਪਣੀ ਪਤਨੀ ਦੇ ਗ਼ੁਜ਼ਰ ਜਾਣ ਮਗਰੋਂ ਵੀ ਉਹ ਆਮ ਵਾਂਗ ਕੰਮ ਕਰਨ ਤੇ ਆਮ ਵਾਂਗ ਦਿਖਾਈ ਦੇਣ ਦਾ ਯਤਨ ਕਰਦਾ ਪਰ ਪਿੰਡ ਦੀਆਂ ਤੀਵੀਂਆਂ ਅਕਸਰ ਉਹਦੇ ਬਾਰੇ ਕਹਿੰਦੀਆਂ, “ਜਦੋਂ ਦੀ ਧਨ ਕੁਰ ਜਹਾਨੋਂ ਤੁਰ ਗਈ, ਸੁਰਜਣ ਜਾਣੀ ਪਹਿਲਾਂ ਵਾਲਾ ਸੁਰਜਣ ਹੀ ਨਹੀਂ ਰਿਹਾ।”

ਸੁਰਜਣ ਨੇ ਆਪਣੇ ਯਾਰਾਂ ਬੇਲੀਆਂ ਤੋਂ ਤਸਦੀਕ ਕਰਨੀ ਚਾਹੀ, “ਸੱਜਣ ਸਿਆਂ! ਬੁੜ੍ਹੀਆਂ ਦੇ ਤਬਸਰੇ ਬਾਰੇ ਤੇਰਾ ਕੀ ਖ਼ਿਆਲ ਐ?”

“ਐਵੇਂ ਮਗਜੌਲੀ! ਹੋਰ ਕੀ, ਇਨ੍ਹਾਂ ਨੂੰ ਤਾਂ ਵਾਲ ਚਾਹੀਦਾ ਹੈ ਖੱਲ ਲਾਹੁਣ ਲਈ।” ਸੱਜਣ ਨੇ ਆਪਣੀ ਵਡਮੁੱਲੀ ਰਾਇ ਦੇ ਕੇ ਸੁਰਜਣ ਤੋਂ ਉਸਤਰਾ ਲਿਆ ਤੇ ਘਰ ਦੇ ਗੇਟ ਮੁੱਢ ਬਣੇ ਕੋਠੇ ਵਿੱਚ ਜਾ ਵੜਿਆ

ਨਿਆਣੇ ਸੁਰਜਣ ਦੇ ਵਿਹੜੇ ਵਿੱਚ ਇਕੱਠੇ ਹੋ ਗਏਉਨ੍ਹਾਂ ਨਿਆਣਿਆਂ ਵਿੱਚੋਂ ਟੱਟੂ ਹਜਾਮਤ ਕਰਵਾਉਣ ਵਾਲਿਆਂ ਨੂੰ ਸੱਜਣ ਦੇ ਮੁੜਣ ਤਕ ਉਡੀਕ ਕਰਨੀ ਪੈਣੀ ਸੀ, ਉਸਤਰਾ ਜੁ ਸੱਜਣ ਦੇ ਕੋਲ ਸੀਤਕਰੀਬਨ ਸਾਰੇ ਨਿਆਣੇ ਟੱਟੂ ਹਜਾਮਤ ਲਈ ਹੀ ਆਏ ਸਨਸਿਰ ਘੋਨ ਮੋਨ ਕਰਵਾ ਕੇ ਉਨ੍ਹਾਂ ਗਰਮੀ ਦੇ ਮੌਸਮ ਦੀ ਮੌਜ ਲੁੱਟਣੀ ਸੀਬਰੋਟਿਆਂ ਦੇ ਟਾਹਣਾਂ ਨਾਲ ਲਮਕਣਾ ਸੀ, ਛੱਪੜਾਂ ਵਿੱਚ ਤਾਰੀਆਂ ਲਾਉਣੀਆਂ ਸਨ ਤੇ ਬੋੜੇ ਖੂਹਾਂ ਦੀਆਂ ਮੌਣਾਂ ਉੱਪਰ ਖੜ੍ਹ ਕੇ ਖੂਹਾਂ ਵਿੱਚੋਂ ਇੱਟਾਂ ਕੱਢਣ ਦੀਆਂ ਸ਼ਰਤਾਂ ਜਿੱਤਣੀਆਂ ਸਨਚਾਮ੍ਹਲੇ ਹੋਏ ਤੇ ਕਾਹਲੇ ਪਏ ਨਿਆਣਿਆਂ ਨੂੰ ਸੁਰਜਣ ਲਾਡ ਨਾਲ ਘੁਰਕਦਾ, “ਸਬਰ ਕਰੋ ਓਏ ਭੇਡੀਓ!”

“ਹੁਣ ਨੀਂ ਰੌਲਾ ਪਾਉਂਦੇ ਬਾਬਾ!” ਕਹਿ ਕੇ ਨਿਆਣੇ ਚੁੱਪ ਹੋ ਜਾਂਦੇਸੁਰਜਣ ਹੁੱਕੇ ਦੇ ਘੁੱਟ ਭਰਦਾ ਰਹਿੰਦਾ, ਜਿਉਂ ਹੀ ਉਸਤਰਾ ਸੱਜਣ ਹੱਥੋਂ ਮਿਲਦਾ, ਸੁਰਜਣ ਇੱਕ-ਇੱਕ ਕਰਕੇ ਹਰੇਕ ਨਿਆਣੇ ਦੀ ਟਿੰਡ ਕੱਢਦਾਬੁੜ੍ਹੀਆਂ ਤਾਂ ਇਹ ਵੀ ਕਹਿੰਦੀਆਂ, “ਸੁਰਜਣ ਨਿਆਣਿਆਂ ਦੀ ਹਜਾਮਤ ਕਰਨ ਵੇਲੇ ਇਉਂ ਲਗਦਾ ਹੈ ਜਿਵੇਂ ਉਹਦਾ ਗੱਚ ਭਰਿਆ ਹੋਇਆ ਹੋਵੇ।”

ਸੁਰਜਣ ਨੂੰ ਇਹ ਗੱਲ ਸੁੱਚੇ ਨੇ ਦੱਸੀ ਸੀਬੁੜ੍ਹੀਆਂ ਦੇ ਇਸ ਵਾਰਤਾਲਾਪ ਬਾਰੇ ਸੁਰਜਣ ਨੇ ਸੁੱਚੇ ਦੀ ਰਾਇ ਲਈ, “ਤੂੰ ਕੀ ਸਮਝਦਾ ਹੈਂ, ਹੈ ਕੋਈ ਦਮ ਇਸ ਗੱਲ ’ਚ?”

ਸੁੱਚੇ ਨੇ ਵੀ ਇਹੋ ਕਿਹਾ, “ਐਵੇਂ ਬੁੜ੍ਹੀਆਂ ਦੀ ਮਗਜੌਲੀ, ਹੋਰ ਦਮ-ਦੁਮ ਕੀ ਹੋਣਾ ਇਨ੍ਹਾਂ ਗੱਲਾਂ ਵਿੱਚ ਰਾਜਾ ਜੀ, ਹਾਂ ਸੱਚ, ਮੈਂ ਤਾਂ ਸੁਨੇਹਾ ਲੈ ਕੇ ਅਇਆ ਸੀ ਲੰਬੜਦਾਰਾਂ ਦਾ, ਕਹਿੰਦੇ ਸੀ ਚੌਲਾਂ ਦੀ ਦੇਗ ਤਿਆਰ ਕਰਨੀ ਐ. ਅੱਜ ਤੋਂ ਦਸਮੇਂ ਦਿਨ ਨੂੰ ਤਿਆਰ ਰਹਿਣਾ, ਘਰ ਆ ਕੇ ਸੀਧਾ-ਪੱਤਾ ਤੇ ਹੋਰ ਚੀਜ-ਵਸਤ ਦੱਸ ਜਾਣਾ।”

“ਬਸ ਤਿਆਰ ਹੀ ਆਂ, ਆਪਾਂ ਕਿਹੜਾ ਘੋੜੇ ਬੀੜਨੇ ਆ ਕੀ ਗੱਲ ਮੁੜ ਚੱਲਿਐਂ? ਬੈਠ ਦੋ ਘੜੀਆਂ, ਮੈਂ ਹੁੱਕਾ ਤਾਜਾ ਕਰਦਾਂ, ਗੱਲਾਂਬਾਤਾਂ ਕਰਦੇ ਆਂ, ਕਹਿੰਨਾ ਮੈਂ ਕਿਸੇ ਨੂੰ ਚਾਹ ਲਿਆਵੇ।”

ਹੁੱਕੇ ਨੂੰ ਨਲਕੇ ’ਤੇ ਤਾਜ਼ਾ ਕਰ ਸੁਰਜਣ ਚਿਲਮ ਵਿੱਚ ਤੰਬਾਕੂ ਪਾ ਗੁਆਂਢੀਆਂ ਦੇ ਘਰ ਚਿਲਮ ਵਿੱਚ ਅੱਗ ਧਰਨ ਚਲਾ ਗਿਆ ਮੁੜਿਆ ਤਾਂ ਉਹਦੇ ਇੱਕ ਹੱਥ ਚਿਲਮ ਤੇ ਦੂਜੇ ਹੱਥ ਚਾਹ ਦੀ ਗੜਵੀ ਵੀ ਸੀਮਗਰੋਂ ਸੁੱਚਾ ਸ਼ੀਸ਼ਾ ਮੂੰਹ ਅੱਗੇ ਕਰਕੇ ਮੋਚਨੇ ਨਾਲ ਦਾੜ੍ਹੀ ਦੇ ਧੌਲ਼ੇ ਵਾਲ ਚੁਗਣ ਲੱਗ ਪਿਆ ਸੀਸ਼ੀਸ਼ਾ-ਮੋਚਨਾ ਰੱਖ ਉਹ ਅੰਦਰੋਂ ਦੋ ਬਾਟੀਆਂ ਚੁੱਕ ਲਿਆਇਆਗੜਵੀ ਵਿੱਚੋਂ ਬਾਟੀਆਂ ਵਿੱਚ ਉਲੱਦੀ ਚਾਹ ਪੀਂਦਿਆਂ ਦੋਵਾਂ ਨੇ ਮਾਸਾ-ਮਾਸਾ ਮਾਵਾ ਵੀ ਛਕਿਆ ਤੇ ਫਿਰ ਜੱਗ-ਜਹਾਨ ਦੀਆਂ ਗੱਲਾਂ ਦੇਰ ਤਕ ਕਰਦੇ ਰਹੇ, ਉਦੋਂ ਤਕ ਜਦੋਂ ਤਕ ਕਈ ਹੋਰ ਬੰਦੇ ਰਾਜੇ ਸੁਰਜਣ ਦੀ ਚੌਂਕੀ ਭਰਨ ਨਹੀਂ ਆ ਗਏ

ਚੌਲ਼ਾਂ ਦੀ ਦੇਗ ਬਣਾਉਣ ਵੇਲੇ ਸੁੱਚਾ ਹੀ ਸੁਰਜਣ ਦਾ ਸਹਾਇਕ ਹੋਇਆ ਕਰਦਾ ਸੀਉਹ ਭੱਠੀ ਬਾਲ਼ਦਾ, ਮਘਾਉਂਦਾ ਤੇ ਫਿਰ ਅੱਗ ਨੂੰ ਲੋੜ ਮੂਜਬ ਘੱਟ-ਵੱਧ ਕਰਦਾਚੌਲ਼ਾਂ ਨੂੰ ਭਾਫ਼ ਨਾਲ ਤਿਆਰ ਕਰਦਾ ਸੀ ਸੁਰਜਣਕੜਾਹੇ ਵਿੱਚ ਜਦੋਂ ਬੇਮਲੂਮਾ ਜਿਹਾ ਪਾਣੀ ਰਹਿ ਜਾਂਦਾ ਤਾਂ ਇਹਨੂੰ ਮਲਮਲ ਦੇ ਕੱਪੜਿਆਂ ਨਾਲ ਢਕ ਦਿੱਤਾ ਜਾਂਦਾਮਲਮਲ ਦੇ ਕੱਪੜੇ ਉੱਪਰੋਂ ਚਿੱਟੀ ਦੂਧੀਆ ਭਾਫ਼ ਬਾਹਰ ਉੱਡਦੀ ਤਾਂ ਉਹਦੇ ਵਿੱਚ ਲੌਂਗਾ ਦੀ ਮਹਿਕ ਵੀ ਘੁਲ਼ੀ ਹੁੰਦੀਦੇਗ਼ ਤਿਆਰ ਹੁੰਦੀ, ਮਿੱਠੇ ਚੌਲ਼ ਨਿਆਣੇ ਤਾਂ ਝੱਗਿਆਂ ਦੀਆਂ ਝੋਲੀਆਂ ਵਿੱਚ ਹੀ ਪੁਆ ਲੈਂਦੇ, ਸਿਆਣੇ ਮੋਢੇ ਧਰੇ ਸਮੋਸਿਆਂ ਵਿੱਚ, ਕੁਝ ਕੁ ਕੋਲ ਹੀ ਬਾਟੀਆਂ ਹੁੰਦੀਆਂਖਿਲਰਵੇਂ ਚੌਲ਼ ਮਜ਼ਾਲ ਕੀ ਜੇ ਕੱਪੜਿਆਂ ਉੱਪਰ ਕੋਈ ਅਸਰ ਕਰ ਜਾਣਖਾਣ ਵਾਲੇ ਰੱਬ ਦਾ ਸ਼ੁਕਰ ਕਰਦੇ, ਦਾਨੀ ਪੁਰਸ਼ ਨੂੰ ਅਸੀਸਾਂ ਦਿੰਦੇ, ਇਹ ਕਹਿਣ ਤੋਂ ਵੀ ਉੱਕਦੇ ਨਾ, ‘ਨਹੀਂ ਰੀਸਾਂ ਓਏ ਸੁਰਜਣ ਸਿਆਂ ਤੇਰੀਆਂ!’ ਦੇਗ਼ ਨੂੰ ਵਰਤਾਵਿਆਂ ਸਪੁਰਦ ਕਰਕੇ ਸੁਰਜਣ ਆਪਣਾ ਹੁੱਕਾ ਲੈ ਕੇ ਘਰ ਆ ਵੜਦਾ ਸੁੱਚੇ ਨੂੰ ਵਰਤਾਵਿਆਂ ਦੀ ਅਗਵਾਈ ਕਰਨ ਲਈ ਪਿੱਛੇ ਦਾਨੀ ਪਰਿਵਾਰ ਦੇ ਘਰ ਛੱਡ ਆਉਂਦਾ

ਵਿਆਹ ਸ਼ਾਦੀ ਤੋਂ ਪਹਿਲੇ ਦਿਨ ਪਿੰਡ ਨੂੰ ਦਿੱਤੀ ਜਾਂਦੀ ਰੋਟੀ ਤਿਆਰ ਕਰਨ ਵਿੱਚ ਵੀ ਸੁਰਜਣ ਦਾ ਕੋਈ ਸਾਨੀ ਨਹੀਂ ਸੀਸੂਜੀ ਦਾ ਹਲਵਾ ਤੇ ਮਾਂਹ ਛੋਲਿਆਂ ਦੀ ਦਾਲ ਉਹ ਪਤਾ ਨਹੀਂ ਕਿਹੜੇ ਫਾਰਮੂਲੇ ਨਾਲ ਬਣਾਉਂਦਾ ਸੀ ਕਿ ਉਹਦੇ ਇਹ ਪਕਵਾਨ ਮੂੰਹੋਂ ਨਹੀਂ ਸਨ ਲਹਿੰਦੇ ਨਾਲ ਕਾਗ਼ਜ਼ ਵਰਗੇ ਮੰਡੇ ਸ਼ਰੀਕੇ ਦੀਆਂ ਤੀਵੀਂਆਂ ਪਕਾ ਦਿੰਦੀਆਂਸੁੱਚਾ ਚੁਰ ਵਿੱਚ ਮੱਠੀ-ਮੱਠੀ ਅੱਗ ਬਾਲੀ ਰੱਖਦਾਮੰਡਿਆਂ ਨਾਲ ਟੋਕਰੀਆਂ ਭਰ ਜਾਂਦੀਆਂਮੰਡਿਆਂ ਦੇ ਵਿਚਕਾਰ ਹਲਵਾ ਲਾ ਕੇ, ਸੈਂਡਵਿਚ-ਨੁਮਾ ਪਰੋਸੇ ਤਿਆਰ ਕਰਕੇ, ਪਿੰਡ ਵਿੱਚ ਚੱਕਵੀਂ ਰੋਟੀ, ਜਦੋਂ ਧਨ ਕੁਰ ਜੀਂਦੀ ਸੀ, ਆਪ ਘਰ-ਘਰ ਪੁਚਾ ਕੇ ਆਉਂਦੀਨੇੜਲੇ ਘਰਾਂ ਨੂੰ ਚੁੱਲ੍ਹੇ ਨਿਉਂਦਾ ਹੁੰਦਾ, ਉਹ ਘਰ ਆ ਕੇ ਰੋਟੀ ਖਾ ਕੇ ਜਾਂਦੇਘਰ-ਘਰ ਰੋਟੀ ਪਹੁੰਚਾਉਣ ਵਾਲਾ ਕੰਮ ਧਨ ਕੁਰ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੀ ਸੀਉਦੋਂ ਸੁਰਜਣ ਵੀ ਦੇਰ ਤਕ ਵਿਆਹ ਵਾਲੇ ਘਰ ਬੈਠਾ ਰਹਿੰਦਾ ਸੀਹੁਣ ਤਾਂ ਜਿਉਂ ਹੀ ਉਹਦਾ ਕੰਮ ਨਿੱਬੜਦਾ, ਉਹ ਆਪਣੇ ਘਰ ਨੂੰ ਮੁੜ ਜਾਂਦਾਆਉਂਦਾ ਹੋਇਆ ਭੱਠੀ ਦੀਆਂ ਦਗ਼ਦੀਆਂ ਅੰਗਿਆਰੀਆਂ ਚਿਲਮ ਵਿੱਚ ਜ਼ਰੂਰ ਧਰ ਲਿਆਉਂਦਾਬੁੜ੍ਹੀਆਂ ਫਿਰ ਗੱਲਾਂ ਕਰਦੀਆਂ, “ਬੇਚਾਰਾ, ਧਨ ਕੁਰ ਦਾ ਬਾਹਲਾ ਵੈਰਾਗ ਕਰਦੈ।” ਮੁਕੰਦੇ ਹੋਰੀਂ ਉਹਨੂੰ ਇਹ ਗੱਲ ਦੱਸਦੇ ਤੇ ਨਾਲੇ ਆਖਦੇ, “ਖੰਭਾਂ ਦੀਆਂ ਡਾਰਾਂ ਨਾ ਬਣਾਉਣ ਤਾਂ ਇਨ੍ਹਾਂ ਨੂੰ ਤੀਮੀਂਆਂ ਕੌਣ ਕਹੇ?”

ਜਦੋਂ ਦੀ ਧਨ ਕੁਰ ਸਦੀਵੀਂ ਵਿਛੋੜਾ ਦੇ ਗਈ ਸੀ, ਸੁਰਜਣ ਦਾ ਘਰ ਤਾਂ ਜਾਣੀ ਅੱਡਾ ਹੀ ਬਣ ਗਿਆ ਸੀਉਹਦੇ ਕੋਲ ਉਨ੍ਹਾਂ ਲੋਕਾਂ ਦਾ ਆਉਣ-ਜਾਣ ਆਮ ਹੋ ਗਿਆ ਸੀ, ਜਿਹੜੇ ਸੰਨ ਸੰਤਾਲੀ ਵੇਲੇ ਕਾਫ਼ਲੇ ਵੱਢਣ ਗਏ ਸਨਲੁੱਟਾਂ-ਖੋਹਾਂ ਇਨ੍ਹਾਂ ਨੇ ਧਰਮ ਸਮਝ ਕੇ ਕੀਤੀਆਂ ਸਨਸਭ ਵੈਲੀ ਸਨ, ਨਸ਼ੇ-ਪੱਤੇ ਕਰਦੇ ਸਨ, ਸੁਰਜਣ ਕੋਲੋਂ ਸ਼ੁਕੀਨਾਂ ਵਾਲੀ ਦਿੱਖ ਬਣਵਾਉਂਦੇ ਸਨਸੁਰਜਣ ਦੇ ਛੋਟੇ-ਮੋਟੇ ਕੰਮ ਕਰਦੇ ਰਹਿੰਦੇ ਤੇ ਪੋਸਤ ਵੀ ਲਿਆ ਕੇ ਦਿੰਦੇਹੁੱਕੇ ਦੇ ਕਸ਼ ਖਿੱਚਦੇ ਉਹ ਕਈ ਕਈ ਘੰਟੇ ਯੱਕੜ ਵੱਢਦੇ ਰਹਿੰਦੇਸੁਰਜਣ ਦੇ ਘਰ ਦੀ ਅਰਲ ਖੁੱਲ੍ਹੀ ਰਹਿੰਦੀ ਪਰ ਬੂਹਾ ਹਮੇਸ਼ਾ ਭੇੜਿਆ ਰਹਿੰਦਾ, ਜਿਵੇਂ ਅੰਦਰ ਬੈਠਣ ਵਾਲਾ ਬਾਹਰਲਿਆਂ ਵੱਲੋਂ ਦੇਖ ਨਾ ਲਿਆ ਜਾਵੇ ਇਹ ਤਾਂ ਬੱਸ ਸੁਰਜਣ ਦੇ ਘਰ ਦੀ ਮਰਯਾਦਾ ਹੀ ਸੀ, ਉਂਜ ਅੰਦਰ ਬੈਠਣ ਵਾਲੇ ਕਿਸ ਕਰਤੂਤ ਦੇ ਮਾਲਕ ਸਨ, ਸਭ ਨੂੰ ਪਤਾ ਹੀ ਸੀ

ਧਨ ਕੁਰ ਜਿਉਂਦੀ ਤਕ ਸੁਰਜਣ ਨੂੰ ਮਿਲਣ ਦੋ ਜਣੇ ਉਹਦੇ ਰਿਸ਼ਤੇਦਾਰ ਹੀ ਅਕਸਰ ਆਇਆ ਕਰਦੇ ਸਨਇੱਕ ਉਹਦਾ ਰਿਸ਼ਤੇਦਾਰ ਸੁਣੀਦਾ ਸੀ, ਹਜਾਮਤ ਕਰਵਾਉਣ ਆਏ ਨਿਆਣੇ ਉਹਨੂੰ ਮਾਮਾ ਆਖ ਕੇ ਸੱਦਦੇ ਸਨਉਹਦਾ ਚੱਕਰ ਬਹੁ-ਮੰਤਵੀ ਹੁੰਦਾ ਸੀ ਉਹ ਸਾਈਕਲ ’ਤੇ ਆਉਂਦਾ ਜਿਸ ਉੱਪਰ ਇੱਕ ਮਜ਼ਬੂਤ ਸਣ ਦਾ ਰੱਸਾ ਵਲ੍ਹੇਟ ਕੇ ਟੰਗਿਆ ਹੁੰਦਾ ਇੱਕ ਡੰਡਾ ਫਰੇਮ ਵਿੱਚ ਫਸਾਇਆ ਹੁੰਦਾ ਮੂਹਰੇ ਹੈਂਡਲ ਨਾਲ ਇੱਕ ਝੋਲਾ ਲਟਕਦਾ ਹੁੰਦਾਇਹ ਬਲ਼ਦਾ ਦੇ ਖੁਰੀਆਂ ਲਾਉਂਦਾ, ਊਠ, ਖੱਚਰਾਂ, ਘੋੜੇ-ਘੋੜੀਆਂ ਨੂੰ ਮੁੰਨ ਜਾਂਦਾਆਪਣੇ ਕੰਮ ਦਾ ਬਹੁਤ ਮਾਹਿਰ ਸੀ ਇਹ ਮਾਮਾ, ਪਹਿਲਾਂ ਬੜੀ ਸਫ਼ਾਈ ਨਾਲ ਜਾਨਵਰ ਦੇ ਵਧੇ ਹੋਏ ਖੁਰ ਕੱਟਦਾ, ਫਿਰ ਖੁਰੀਆਂ ਲਾਉਂਦਾਤਕੜੇ ਫੁਰਤੀਲੇ ਬਲ਼ਦਾ ਅਤੇ ਅਲਕ ਵਹਿੜਕਿਆਂ ਨੂੰ ਵੀ ਉਹ ਅੱਖ ਦੇ ਫੋਰ ਵਿੱਚ ਹੀ ਆਪਣੇ ਡੰਡੇ ਤੇ ਰੱਸੇ ਦੀ ਜੁਗਤ ਨਾਲ ਜ਼ਮੀਨ ’ਤੇ ਸੁੱਟ ਲੈਂਦਾ ਤੇ ਫਿਰ ਖੁਰੀਆਂ ਲਾਉਣ ਤਕ ਜਾਨਵਰ ਨੂੰ ਹਿੱਲਣ ਨਾ ਦਿੰਦਾਇੱਕ-ਦੋ ਦਿਨ ਕੰਮ ਤੋਂ ਮਗਰੋਂ ਸੁਰਜਣ ਘਰ ਆ ਜਾਂਦਾ, ਦੋਵੇਂ ਇਕੱਠੇ ਧਨ ਕੁਰ ਦੇ ਹੱਥ ਦੀ ਪੱਕੀ ਰੋਟੀ ਖਾਂਦੇਧਨ ਕੁਰ ਮਗਰੋਂ ਮਾਮਾ ਵੀ ਇਸ ਘਰ ਤੋਂ ਮੂੰਹ ਮੋੜ ਗਿਆ

ਸੁਰਜਣ ਦੀ ਭੈਣ ਵੀ ਵਰ੍ਹੇ ਛਿਮਾਹੀ ਗੇੜਾ ਮਾਰ ਜਾਂਦੀ ਸੀਸੁਣਿਆ ਸੀ ਕਿ ਉਹ ਮਰ ਕੇ ਜਿਉਂਦੀ ਹੋਈ ਸੀ, ਜਮਦੂਤ ਗਲਤੀ ਨਾਲ ਉਹਨੂੰ ਲੈ ਗਏ ਸਨ ਤੇ ਫਿਰ ਛੱਡ ਗਏ ਸਨਨਿਆਣਿਆਂ ਨੂੰ ਜਗਿਆਸਾ ਸੀ ਕਿ ਭੂਆ ਉਨ੍ਹਾਂ ਨੂੰ ਜਮਦੂਤਾਂ ਦਾ ਹੁਲੀਆ ਦੱਸੇਇਹ ਵੀ ਦੱਸੇ ਕਿ ਉਹ ਉਹਨੂੰ ਕਿਵੇਂ ਲੈ ਕੇ ਗਏ ਤੇ ਕਿਵੇਂ ਛੱਡ ਕੇ ਗਏਪਰ ਭੂਆ ਨੇ ਕਦੇ ਕੋਈ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਵਾਲੀ ਗੱਲ ਨਾ ਕੀਤੀਭੂਆ ਸੁਰਜਣ ਦੇ ਯਾਰਾਂ ਬੇਲੀਆਂ ਦੇ ਤੌਰ ਤਰੀਕੇ ਦੇਖ ਕੇ ਭਮੰਤਰ ਜਿਹੀ ਗਈ ਸੀਉਹ ਆਂਢ-ਗਵਾਂਢ ਆਖ ਗਈ ਸੀ, “ਬਾਈ ਦਾ ਤੁਸੀਂ ਹੀ ਖਿਆਲ ਰੱਖਿਓ, ਇੱਥੇ ਘਰ ਵਿੱਚ ਤਾਂ ਮੈਂਨੂੰ ਚੱਜ ਬਹੁਤੇ ਚੰਗੇ ਨਹੀਂ ਲੱਗਦੇ …।” ਸੁਰਜਣ ਦੀ ਭੈਣ ਨੇ ਵੀ ਵਰ੍ਹੇ ਛਿਮਾਹੀ ਗੇੜਾ ਬੰਦ ਕਰ ਦਿੱਤਾਹੁਣ ਤਾਂ ਸੁਰਜਣ ਜੁੰਡੀ ਦੇ ਯਾਰਾਂ ਜੋਗਾ ਹੀ ਸੀ ਫਿਰ ਵੀ ਉਹ ਪਿੰਡ ਦਾ ਦਾਨਾ ਪੁਰਸ਼ ਸੀਔਰਤਾਂ ਉਹਨੂੰ ਦੇਖ ਕੇ ਸਿਰ ’ਤੇ ਪੱਲਾ ਕਰ ਲੈਂਦੀਆਂਮੰਗਣੇ-ਵਿਆਹਾਂ ਵਿੱਚ ਉਹਦੀ ਸਲਾਹ ਦੀ ਕਦਰ ਕੀਤੀ ਜਾਂਦੀਸਾਹੇ ਚਿੱਠੀ ਭੇਜਣੀ ਹੋਵੇ ਜਾਂ ਭੇਲੀ, ਰਿਸ਼ਤੇਦਾਰੀਆਂ ਵਿੱਚ ਉਸ ਨੂੰ ਹੀ ਭੇਜਿਆ ਜਾਂਦਾ

ਪੈਰਾਂ ਭਾਰ ਬੈਠ ਹੁੱਕੇ ਦੇ ਸੂਟੇ ਖਿੱਚ ਰਹੇ ਸੁਰਜਣ ਦੇ ਕੋਲ ਕਰਕੇ ਕੰਧ ਨਾਲ ਖੜ੍ਹੀ ਮੰਜੀ ਡਾਹ ਮੁਕੰਦਾ ਤਸੱਲੀ ਨਾਲ ਬੈਠ ਗਿਆਸੁਰਜਣ ਹੱਥੋਂ ਨੜੀ ਫੜ ਕੇ ਉਹਨੇ ਵੀ ਦੋ ਚਾਰ ਸੂਟੇ ਖਿੱਚੇ ਤੇ ਫਿਰ ਨੜੀ ਵਾਪਸ ਕਰਕੇ ਸੰਜੀਦਗੀ ਨਾਲ ਬੋਲਿਆ, “ਲੈ ਕਿਸੇ ਦਾ ਕੀ ਮੂੰਹ ਫੜ ਲੈਣੈ, ਤੀਮੀਂਆਂ ਕਹਿੰਦੀਆਂ, ਸੁਰਜਣ ਬੂਹਾ ਬੰਦ ਕਰਕੇ ਸੰਦੂਕ ਵਿੱਚੋਂ ਧਨ ਕੁਰ ਦੇ ਘੱਗਰੇ, ਕੁੜਤੀਆਂ ਬਾਹਰ ਕੱਢ ਕੇ ਖਿਲਾਰ ਦਿੰਦਾ, ਫਿਰ ਕਿੰਨਾ ਕਿੰਨਾ ਚਿਰ ਖਾਲੀ ਸੰਦੂਕ ਵਿੱਚ ਹੀ ਝਾਕੀ ਜਾਂਦਾ, ਜਿਮੇਂ ਉੱਥੋਂ ਕੁਝ ਲੱਭ ਰਿਹਾ ਹੋਵੇਇਹ ਉੱਘ ਦੀਆਂ ਪਤਾਲ ਨਹੀਂ ਤਾਂ ਹੋਰ ਕੀ ਐ ਰਾਜਾ!”

“ਬੱਸ, ਬੱਸ, ਤੂੰ ਆਪ ਸਿਆਣੈ ਮੁਕੰਦਿਆ ...” ਆਖ ਕੇ ਸੁਰਜਣ ਚੁੱਪ ਕਰ ਰਿਹਾਮੁਕੰਦਾ ਵੀ ਆਪਣੀ ਗੱਲ ਮੁਕਾ ਕੇ ਚੁੱਪ ਕਰ ਗਿਆਜਦੋਂ ਤਕ ਹੋਰ ਢਾਣੀ ਨਾ ਆ ਜੁੜੀ ਉਦੋਂ ਤਕ ਉੱਥੇ ਸਿਰਫ਼ ਹੁੱਕੇ ਦੀ ਗੁੜ-ਗੁੜ ਦੀ ਆਵਾਜ਼ ਹੀ ਸੀਹਨੇਰਾ ਹੋਣ ਤਕ ਆਉਣ-ਜਾਣ ਦਾ ਸਿਲਸਿਲਾ ਬਣਿਆ ਰਿਹਾਸੁੱਚਾ ਗਿਆ ਤਾਂ ਸੁਰਜਣ ਨੂੰ ਚੇਤਾ ਕਰਵਾ ਗਿਆ, “ਮਖ਼ਾਂ ਰਾਜਾ, ਕੱਲ੍ਹ ਨੂੰ ਬਰਾੜਾਂ ਦੇ ਮੁੰਡੇ ਦਾ ਮੰਗਣੈਂ, ਤਿਆਰ ਰਹੀਂ, ਮੈਂ ਕਹੇਂ ਤਾਂ ਸਿੱਧਾ ਮੰਗਣੇ ਆਲੇ ਘਰ ਪਹੁੰਚ ਜੂੰ, ਕਹੇਂ ਤਾਂ ਪਹਿਲਾਂ ਤੇਰੇ ਕੋਲ ਆ ਜਾਊਂ।”

“ਤੂੰ ਇੱਥੇ ਈ ਆਜੀਂ … ’ਕੱਠੇ ਚੱਲਾਂਗੇ” ਸੁਰਜਣ ਦਾ ਜਵਾਬ ਪਾ ਕੇ ਸੁੱਚਾ ਘਰ ਨੂੰ ਤੁਰ ਗਿਆ

ਅਗਲੇ ਦਿਨ ਸਿਰ ’ਤੇ ਚਿੱਟੀ ਪੱਗ ਸਜਾਈ, ਡੱਬੀਦਾਰ ਚਾਦਰੇ ਨਾਲ ਕੜਾਹ ਰੰਗਾ ਕੁੜਤਾ ਪਾਈ ਸੁਰਜਣ ਸੁੱਚੇ ਆਉਂਦੇ ਨੂੰ ਤਿਆਰ ਬੈਠਾ ਸੀਦੋਵਾਂ ਨੇ ਹੁੱਕੇ ਦੇ ਸੂਟੇ ਲਾਏਗੁਆਂਢੀਆਂ ਘਰੋਂ ਆਈ ਚਾਹ ਨਾਲ ਥੋੜ੍ਹੀ-ਥੋੜ੍ਹੀ ਨਾਗਣੀ ਛਕੀ ਤੇ ਮੰਗਣੇ ਵਾਲੇ ਘਰ ਰਵਾਨਾ ਹੋ ਗਏ

ਮੰਗਣਾ ਕਰਨ ਆਇਆਂ ਨੂੰ ਸੁਰਜਣ ਪਹਿਲਾਂ ਹੀ ਜਾਣਦਾ ਸੀਦੋਵਾਂ ਪਰਿਵਾਰਾਂ ਦੀ ਚੱਲਦੀ ਰਹੀ ਗੱਲਬਾਤ ਵਿੱਚ ਉਹ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਰਿਹਾ ਸੀ

ਸੁੱਚੇ ਨੇ ਦਰੀਆਂ-ਚਾਦਰਾਂ ਠੀਕ ਢੰਗ ਨਾਲ ਵਿਛਾਈਆਂਚੌਂਕੀ ਦੀ ਦਿਸ਼ਾ ਸਹੀ ਕੀਤੀਚੌਂਕੀ ਉੱਪਰ ਚਿੱਟੀ ਚਾਦਰ ਵਿਛਵਾਈਸ਼ਗਨ ਪਾਉਣ ਆਏ ਚੌਧਰੀਆਂ ਲਈ ਚੌਂਕੀ ਦੇ ਅੱਗੇ ਵਿਸ਼ੇਸ਼ ਚਾਦਰ ਵਿਛਵਾਈਸਪੀਕਰ ਤੋਂ ਪਿੰਡ ਵਿੱਚ ਸ਼ਗਨ ਪੈਣ ਦੀ ਸੂਚਨਾ ਵੀ ਭਿਜਵਾਈਚੌਂਕੀ ਦੇ ਸਾਹਮਣੇ ਬੰਦੇ ਇੱਕ ਪਾਸੇ ਤੇ ਮਾਈਆਂ ਇੱਕ ਪਾਸੇ ਬੈਠੀਆਂਪਿੱਛੇ ਕਰਕੇ ਨਿਆਣੇ ਬੈਠੇ ਸਨਉਨ੍ਹਾਂ ਸ਼ਗਨ ਨਹੀਂ ਸੀ ਪਾਉਣਾ, ਪਰ ਸ਼ਗਨ ਮਗਰੋਂ ਪਤਾਸੇ ਉਨ੍ਹਾਂ ਨੂੰ ਵੀ ਵਰਤਾਏ ਜਾਣੇ ਸਨ

ਸੁਰਜਣ ਨੇ ਮਰਯਾਦਾ ਨਾਲ ਜੀਤ ਸਿਉਂ ਨੂੰ ਚੌਂਕੀ ਉੱਪਰ ਬਿਠਾਇਆਉਹਦੇ ਮੋਢੇ ਰੱਖੇ ਸਾਫ਼ੇ ਦਾ ਅਗਲਾ ਲੜ ਉਹਦੀ ਝੋਲੀ ਵਿੱਚ ਖੋਲ੍ਹਿਆਬਣ ਰਹੇ ਨਵੇਂ ਸਬੰਧ ਦੀ ਜਾਣਕਾਰੀ ਭਾਈਚਾਰੇ ਤੇ ਪਿੰਡ ਨੂੰ ਦਿੱਤੀਜੋੜੀ ਦੀ ਲੰਮੀ ਉਮਰ ਦੀ ਦੁਆ ਕੀਤੀਦੁਆ ਮੰਗਦਿਆਂ ਉਹਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨਪਰ ਉਹਨੇ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਲਿਆਆਖ਼ਰ ਸ਼ਗਨਾਂ ਦਾ ਕਾਰਜ ਸੀ ਇਹਮੁੰਡੇ ਦੀ ਝੋਲੀ ਸ਼ਗਨ ਪਿਆ, ਲੋਕਾਂ ਸ਼ਗਨ ਪਾਏਸ਼ਗਨ ਪਾਉਣ ਵਾਲਿਆਂ ਨੂੰ ਪਤਾਸਿਆਂ ਨਾਲ ਭਰੇ ਲਿਫ਼ਾਫ਼ੇ ਵਰਤਾਏ ਗਏਕਾਰਜ ਪੂਰੇ ਹੋਏਸੁਰਜਣ ਨੇ ਆਪਣਾ ਲਾਗ ਲਿਆ ਤੇ ਸੁੱਚੇ ਨੂੰ ਨਾਲ ਲੈ ਕੇ ਘਰ ਨੂੰ ਤੁਰ ਪਿਆਵਾਪਸ ਮੁੜਦੇ ਮਰਦਾਂ-ਤੀਵੀਂਆਂ ਕੋਲ਼ੋਂ ਜਦੋਂ ਸੁਰਜਣ ਗ਼ੁਜ਼ਰ ਰਿਹਾ ਸੀ ਤਾਂ ਤੀਵੀਂਆਂ, ਜਿਨ੍ਹਾਂ ਦੀ ਪਿੱਠ ਸੁਰਜਣ ਵੱਲ ਸੀ, ਉਹਦੀਆਂ ਹੀ ਗੱਲਾਂ ਕਰੀ ਜਾ ਰਹੀਆਂ ਸਨ ਇੱਕ ਆਖ ਰਹੀ ਸੀ, “ਬੇਚਾਰਾ ਬਾਹਲਾ ਈ ਹੇਰਵਾ ਕਰਦਾ ਹੈ ਧਨ ਕੁਰ ਦਾ।”

“ਹਾਂ, ਹਾਂ, ਅੱਖਾਂ ਨਮ ਸੀ ਉਹਦੀਆਂ।” ਬਾਕੀਆਂ ਨੇ ਵੀ ਹਾਮੀ ਭਰੀ

ਸੁਣ ਕੇ, ਸੁਰਜਣ ਠਠੰਬਰ ਜਿਹਾ ਗਿਆ, ਉਹਨੂੰ ਜਾਪਿਆ ਜਿਵੇਂ ਤੀਵੀਂਆਂ ਉਹਦੀ ਥੱਕੀ-ਹਾਰੀ ਰੂਹ ਨੂੰ ... ਉਹਦੇ ਇਕਲਾਪੇ ਨੂੰ, ਕੋਈ ਸ਼ੀਸ਼ਾ ਦਿਖਾ ਰਹੀਆਂ ਹੋਣ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2117)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰੋ. ਰਾਕੇਸ਼ ਰਮਨ

ਪ੍ਰੋ. ਰਾਕੇਸ਼ ਰਮਨ

Email: (raman.mlp@gmail.com)
Phone: 91 - 98785 - 31166