CharanjitKaurDr7ਇਹ ਸਦਮਾ ਬਲਰਾਜ ਜਿਹੇ ਭਾਵੁਕ ਅਤੇ ਸੰਜੀਦਾ ਇਨਸਾਨ ਲਈ ਬੇਹੱਦ ਅਕਹਿ ਅਤੇ ਅਸਹਿ ...
(2 ਮਈ 2020)

 

ਬਲਰਾਜ ਸਾਹਨੀ
BalrajSahni1

1 ਮਈ 1913     -    13 ਅਪਰੈਲ 1973

 ਬਲਰਾਜ ਸਾਹਨੀ ਪੰਜਾਬੀ ਦਾ ਪ੍ਰਗਤੀਸ਼ੀਲ ਲੇਖਕ ਅਤੇ ਹਿੰਦੀ-ਪੰਜਾਬੀ ਫਿਲਮਾਂ ਦਾ ਪ੍ਰਸਿੱਧ ਅਦਾਕਾਰ ਹੋ ਗੁਜ਼ਰਿਆ ਹੈਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ, ਮਜ਼ਦੂਰਾਂ, ਕਿਸਾਨਾਂ ਅਤੇ ਗ਼ਰੀਬਾਂ ਲਈ ਦਿਲੀ ਹਮਦਰਦੀ ਅਤੇ ਪਿਆਰ ਰੱਖਣ ਵਾਲੇ, ਕਿਰਤੀਆਂ ਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰਨ ਵਾਲੇ ਇਸ ਪੰਜਾਬੀ ਸਾਹਿਤਕਾਰ ਦਾ ਜਨਮ ਵੀ ਉਸ ਦਿਨ ਹੋਇਆ, ਜਿਸ ਨੂੰ ਪੂਰੇ ਸੰਸਾਰ ਵਿੱਚ ‘ਮਜ਼ਦੂਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ

ਅਧਿਆਪਕ, ਮੰਚ-ਕਲਾਕਾਰ ਅਤੇ ਫਿਲਮ ਸਟਾਰ ਬਲਰਾਜ ਸਾਹਨੀ ਦਾ ਜਨਮ ਪਹਿਲੀ ਮਈ, 1913 ਈ. ਨੂੰ ਰਾਵਲਪਿੰਡੀ (ਪਾਕਿਸਤਾਨ) ਵਿਖੇ ਲਾਲਾ ਹਰਬੰਸ ਲਾਲ ਸਾਹਨੀ ਦੇ ਘਰ ਮਾਤਾ ਲੱਛਮੀ ਦੇਵੀ ਦੀ ਕੁੱਖੋਂ ਹੋਇਆਸ਼ੁਰੂ ਵਿੱਚ ਉਸ ਨੇ ਰਾਵਲਪਿੰਡੀ ਦੇ ਗੁਰੂਕੁਲ ਤੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾਫਿਰ ਡੀ.ਏ.ਵੀ. ਹਾਈ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ ਪਾਸ ਕਰਕੇ ਗੌਰਮਿੰਟ ਕਾਲਜ ਲਾਹੌਰ ਤੋਂ 1934 ਈ. ਵਿੱਚ ਐੱਮ.ਏ. ਅੰਗਰੇਜ਼ੀ ਦੀ ਡਿਗਰੀ ਪ੍ਰਾਪਤ ਕੀਤੀਭਾਵੇਂ ਉਹਨੇ ਜ਼ਿੰਦਗੀ ਦਾ ਲੰਮਾ ਸਮਾਂ ਮੁੰਬਈ ਵਿਖੇ ਬਤੀਤ ਕੀਤਾ, ਪਰ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਰਣਾਇਆ ਹੋਇਆ ਸੀ

1936 ਈ. ਵਿੱਚ ਬਲਰਾਜ ਦੀ ਸ਼ਾਦੀ ਦਮਿਅੰਤੀ ਨਾਲ ਹੋਈ, ਜੋ ਕਿ ਚੰਗੀ ਨਾਇਕਾ ਵੀ ਸੀਸਾਹਨੀ ਨੇ ਸ਼ੁਰੂ-ਸ਼ੁਰੂ ਵਿੱਚ ਆਪਣੇ ਪਿਤਾ ਦੇ ਬਜਾਜੀ ਦੇ ਵਪਾਰ ਵਿੱਚ ਵੀ ਹੱਥ ਵਟਾਇਆ, ਪਰ ਇਹ ਕੰਮ ਉਹਨੂੰ ਬਹੁਤਾ ਪਸੰਦ ਨਾ ਆਇਆ ਅਤੇ ਘਰ-ਵਾਲਿਆਂ ਨੂੰ ਦੱਸੇ ਬਗ਼ੈਰ ਅਚਾਨਕ ਕਲਕੱਤੇ ਚਲਾ ਗਿਆਇੱਥੇ ਰਹਿੰਦਿਆਂ ਹੀ ਹਿੰਦੀ ਦੇ ਪ੍ਰਸਿੱਧ ਆਲੋਚਕ ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਦੇ ਪ੍ਰਭਾਵ ਹੇਠ ਡਾ. ਟੈਗੋਰ ਦੇ ਸੰਪਰਕ ਵਿੱਚ ਆ ਗਿਆਉਸ ਨੇ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਅਧਿਆਪਕ ਅਤੇ ਬੀ.ਬੀ.ਸੀ. ਲੰਡਨ ਵਿੱਚ ਹਿੰਦੀ ਅਨਾਊਂਸਰ ਦੇ ਤੌਰ ’ਤੇ ਨੌਕਰੀ ਵੀ ਕੀਤੀ

27 ਅਪ੍ਰੈਲ 1947 ਨੂੰ ਬਲਰਾਜ ਦੀ ਪਤਨੀ ਦਮਿਅੰਤੀ ਦਾ ਦਿਹਾਂਤ ਹੋਇਆ19 ਵਰ੍ਹਿਆਂ ਦੀ ਭਰਪੂਰ ਜਵਾਨੀ ਵਿੱਚ ਹੀ ਦਮਿਅੰਤੀ ਇੱਕ ਬੱਚੀ ਸ਼ਬਨਮ ਨੂੰ ਜਨਮ ਦੇ ਕੇ ਸਦਾ ਦੀ ਨੀਂਦ ਸੌਂ ਗਈ1949 ਵਿੱਚ ਬਲਰਾਜ ਨੇ ਸੰਤੋਸ਼ ਨਾਂ ਦੀ ਲੜਕੀ ਨਾਲ ਦੂਜਾ ਵਿਆਹ ਕਰਵਾ ਲਿਆ, ਜਿਸ ਦੀ ਕੁੱਖੋਂ ਦੋ ਬੱਚੇ ਪ੍ਰੀਕਸ਼ਿਤ ਸਾਹਨੀ ਅਤੇ ਬੇਟੀ ਸਨੋਬਰ ਪੈਦਾ ਹੋਏਪ੍ਰੀਕਸ਼ਿਤ ਸਾਹਨੀ ਆਪਣੇ ਪਿਤਾ ਦੇ ਨਕਸ਼ੇ-ਕਦਮ ’ਤੇ ਚਲਦਾ ਹੋਇਆ ਫਿਲਮ ਅਭਿਨੇਤਾ ਵਜੋਂ ਕਾਰਜ ਕਰ ਰਿਹਾ ਹੈ

ਬਲਰਾਜ ਸਾਹਨੀ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਅਤੇ ਪ੍ਰਗਤੀਸ਼ੀਲ ਲੇਖਕ ਸੰਗਠਨ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਰਿਹਾਉਹ ਪੱਕਾ ਮਾਰਕਸਵਾਦੀ ਲਿਖਾਰੀ ਸੀਉਸ ਨੇ ਜੀਵਨ ਨੂੰ ਇਸੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਵੇਖਿਆ, ਘੋਖਿਆ ਅਤੇ ਆਪਣੀਆਂ ਕਿਰਤਾਂ ਵਿੱਚ ਉਲੀਕਿਆਂ ਹੈਇਸ ਪੱਖੋਂ ਉਹ ਗੁਰਬਖ਼ਸ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ ਤੇ ਪ੍ਰੋ. ਕਿਸ਼ਨ ਸਿੰਘ ਦਾ ਹਮਖ਼ਿਆਲ ਹੈਸਮਾਜਵਾਦ ਤੇ ਪੰਜਾਬੀਅਤ ਦਾ ਜ਼ਿਕਰ ਉਸ ਦੀਆਂ ਕਿਰਤਾਂ ਵਿੱਚ ਬਹੁਤ ਹੈਵਿਹਲੜਾਂ ਤੋਂ ਨਫ਼ਰਤ ਅਤੇ ਕਾਮਿਆਂ ਦਾ ਸਤਿਕਾਰ ਅਤੇ ਸ਼ੋਸ਼ਿਤ ਤੇ ਬੇਵੱਸ ਲੋਕਾਈ ਨਾਲ ਹਮਦਰਦੀ ਦੇ ਸੁਰ ਵੀ ਉਸ ਦੀਆਂ ਰਚਨਾਵਾਂ ਵਿੱਚ ਪ੍ਰਧਾਨ ਹਨਸਾਹਿਤਕ ਵਿਧਾ ਕੋਈ ਵੀ ਹੋਵੇ ਉਸ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਛਾਪ ਉਸ ਉੱਤੇ ਪ੍ਰਤੱਖ ਦਿਖਾਈ ਦਿੰਦੀ ਹੈ

ਸ਼ਾਂਤੀ ਨਿਕੇਤਨ ਵਿੱਚ ਅਧਿਆਪਕ ਵਜੋਂ ਨੌਕਰੀ ਕਰਦਿਆਂ ਮਾਂ-ਬੋਲੀ ਦੀ ਮਹੱਤਤਾ ਬਾਰੇ ਉਸ ਨੂੰ ਰਬਿੰਦਰ ਨਾਥ ਟੈਗੋਰ ਤੋਂ ਸੋਝੀ ਹੋਈ ਸੀ ਇੱਕ ਦਿਨ ਸਲਾਨਾ ਹਿੰਦੀ ਸੰਮੇਲਨ ਲਈ ਉਹ ਟੈਗੋਰ ਨੂੰ ਸੱਦਾ ਦੇਣ ਗਿਆ ਤਾਂ ਟੈਗੋਰ ਨੇ ਉਹਨੂੰ ਪੁੱਛਿਆ ਸੀ ਕਿ ਪੜ੍ਹਾਉਣ ਤੋਂ ਇਲਾਵਾ ਉਹ ਹੋਰ ਕੀ ਕਰਦਾ ਹੈ? ਸਾਹਨੀ ਨੇ ਜਵਾਬ ਦਿੱਤਾ ਕਿ ਉਹ ਹਿੰਦੀ ਵਿੱਚ ਕਹਾਣੀਆਂ ਲਿਖਦਾ ਹੈ ਜੋ ਪ੍ਰਸਿੱਧ ਮੈਗਜ਼ੀਨ ਵਿੱਚ ਛਪਦੀਆਂ ਹਨ “ਪਰ ਤੁਸੀਂ ਤਾਂ ਪੰਜਾਬੀ ਹੋ ਤੇ ਤੁਹਾਡੀ ਬੋਲੀ ਹਿੰਦੀ ਨਹੀਂ ਹੈ?” ਟੈਗੋਰ ਵੱਲੋਂ ਪੁੱਛੇ ਇਸ ਪ੍ਰਸ਼ਨ ਦੇ ਜਵਾਬ ਵਿੱਚ ਬਲਰਾਜ ਨੇ ਕਿਹਾ, “ਹਿੰਦੀ ਕੌਮੀ ਭਾਸ਼ਾ ਹੈਮੈਂ ਕਿਸੇ ਖੇਤਰੀ ਭਾਸ਼ਾ ਵਿੱਚ ਕਿਉਂ ਲਿਖਾਂ?”

ਟੈਗੋਰ ਨੇ ਕਿਹਾ ਕਿ ਮੈਂ ਬੰਗਾਲੀ ਵਿੱਚ ਲਿਖਦਾ ਹਾਂ, ਇਹ ਵੀ ਇੱਕ ਖੇਤਰੀ ਭਾਸ਼ਾ ਹੈਬਲਰਾਜ ਨੇ ਕੁਝ ਘਬਰਾਹਟ ਵਿੱਚ ਕਿਹਾ ਕਿ ਪੰਜਾਬੀ ਤਾਂ ਭਾਸ਼ਾ ਹੀ ਨਹੀਂ ਹੈ, ਇਹ ਇੱਕ ਉਪ ਬੋਲੀ ਹੈ, ਹਿੰਦੀ ਭਾਸ਼ਾ ਦੀ ਉਪਭਾਸ਼ਾਟੈਗੋਰ ਨੇ ਇਸ ਨਾਲ ਅਸਹਿਮਤ ਹੁੰਦਿਆਂ ਉਸ ਨੂੰ ਪੰਜਾਬੀ ਸਾਹਿਤ ਦੀ ਵਿਸ਼ਾਲਤਾ ਅਤੇ ਅਮੀਰੀ ਬਾਰੇ ਦੱਸਿਆਨਾਲ ਹੀ ਇਹ ਵੀ ਕਿਹਾ ਕਿ ਜਿਸ ਭਾਸ਼ਾ ਵਿੱਚ ਗੁਰੂ ਨਾਨਕ ਜਿਹੇ ਮਹਾਨ ਕਵੀ ਨੇ ਰਚਨਾ ਕੀਤੀ ਹੋਵੇ, ਉਹ ਨਿਗੂਣੀ ਕਿਵੇਂ ਹੋ ਸਕਦੀ ਹੈ। ਫਿਰ ਟੈਗੋਰ ਨੇ ਗੁਰੂ ਨਾਨਕ ਦੀ ਬ੍ਰਹਿਮੰਡਕ ਆਰਤੀ ‘ਗਗਨ ਮੈਂ ਥਾਲੁ ...।’ ਵਿੱਚੋਂ ਕੁਝ ਪੰਕਤੀਆਂ ਵੀ ਸੁਣਾਈਆਂਜਦੋਂ ਟੈਗੋਰ ਦੀਆਂ ਗੱਲਾਂ ਨਾਲ ਅਸਹਿਮਤ ਹੁੰਦਿਆਂ ਬਲਰਾਜ ਉੱਠ ਕੇ ਜਾਣ ਲੱਗਿਆ ਤਾਂ ਉਸ ਨੂੰ ਟੈਗੋਰ ਦੇ ਇਹ ਸ਼ਬਦ ਸੁਣਾਈ ਦਿੱਤੇ, “ਜਿਵੇਂ ਇੱਕ ਵੇਸਵਾ ਦੁਨੀਆ ਦੀ ਸਾਰੀ ਦੌਲਤ ਕਮਾਉਣ ਪਿੱਛੋਂ ਵੀ ਇੱਜ਼ਤ ਪ੍ਰਾਪਤ ਨਹੀਂ ਕਰ ਸਕਦੀ, ਉਸੇ ਤਰ੍ਹਾਂ ਜਦੋਂ ਤੁਸੀਂ ਸਾਰੀ ਜ਼ਿੰਦਗੀ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਲਿਖਦੇ ਰਹੋ, ਨਾ ਤਾਂ ਤੁਹਾਡੇ ਆਪਣੇ ਲੋਕ ਤੁਹਾਨੂੰ ਆਪਣਾ ਸਮਝਣਗੇ ਅਤੇ ਨਾ ਹੀ ਉਹ ਲੋਕ ਜਿਨ੍ਹਾਂ ਦੀ ਭਾਸ਼ਾ ਵਿੱਚ ਤੁਸੀਂ ਲਿਖਦੇ ਹੋਬਾਹਰਲੇ ਲੋਕਾਂ ਨੂੰ ਜਿੱਤਣ ਲਈ ਪਹਿਲਾਂ ਤੁਹਾਨੂੰ ਆਪਣੇ ਲੋਕਾਂ ਦਾ ਦਿਲ ਜਿੱਤਣਾ ਪਵੇਗਾ ...।” ਇਉਂ ਗੁਰਦੇਵ ਟੈਗੋਰ ਅਤੇ ਹੋਰ ਸੁਹਿਰਦ ਬਜ਼ੁਰਗਾਂ ਦੇ ਮਸ਼ਵਰੇ ਨੂੰ ਮੰਨ ਕੇ ਉਸ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾਪੰਜਾਬੀ ਵਿੱਚ ਉਸ ਨੇ ਇੰਨਾ ਭਰਪੂਰ ਤੇ ਲਗਾਤਾਰ ਲਿਖਿਆ ਕਿ ਕੁਝ ਵਰ੍ਹਿਆਂ ਵਿੱਚ ਹੀ ਉਸ ਦੀ ਗਿਣਤੀ ਪੰਜਾਬੀ ਦੇ ਚੋਟੀ ਦੇ ਸਾਹਿਤਕਾਰਾਂ ਵਿੱਚ ਹੋਣ ਲੱਗ ਪਈਉਹ ਬਰਨਾਰਡ ਸ਼ਾਅ ਵਾਂਗ ਕਲਮ ਨਾਲ ਲਿਖਣ ਦੀ ਥਾਂ ’ਤੇ ਆਪਣਿਆਂ ਵਿਚਾਰਾਂ ਨੂੰ ਸਿੱਧਾ ਹੀ ਪੰਜਾਬੀ ਟਾਈਪ-ਰਾਈਟਰ ’ਤੇ ਆਪਣੇ ਹੱਥੀਂ ਟਾਈਪ ਕਰ ਲੈਂਦਾ ਸੀ

ਪ੍ਰੋ. ਨਵਸੰਗੀਤ ਸਿੰਘ ਆਪਣੇ ਇੱਕ ਲੇਖਕ ਵਿੱਚ ਲਿਖਦੇ ਹਨ, “ਬਲਰਾਜ ਸਾਹਨੀ ਨੂੰ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਇੱਕੋ ਜਿਹਾ ਅਬੂਰ ਹਾਸਲ ਸੀ, ਪਰ ਉਸ ਨੇ ਟੈਗੋਰ ਦੀ ਪ੍ਰੇਰਨਾ ਕਾਰਨ ਜ਼ਿਆਦਾਤਰ ਪੰਜਾਬੀ ਵਿੱਚ ਲਿਖਣ ਨੂੰ ਹੀ ਤਰਜੀਹ ਦਿੱਤੀਉਸ ਨੇ ਖ਼ੁਦ ਪੰਜਾਬੀ ਵਿੱਚ ਲਿਖ ਕੇ ਉਸ ਦਾ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ।”

ਉਸ ਦਾ ਭਾਰਤੀ ਫਿਲਮ ਜਗਤ ਵਿੱਚ ਇੱਕ ਵਿਸ਼ੇਸ਼ ਸਥਾਨ ਸੀਉਸ ਦੀਆਂ ਜ਼ਿਕਰਯੋਗ ਫਿਲਮਾਂ ਵਿੱਚ ‘ਦੋ ਬੀਘਾ ਜ਼ਮੀਨ’, ‘ਹਮਲੋਗ’, ‘ਭਾਬੀ’, ‘ਹਕੀਕਤ’, ‘ਪਰਦੇਸੀ’, ‘ਵਕਤ’, ‘ਏਕ ਫੂਲ ਦੋ ਮਾਲੀ’, ‘ਤਲਾਸ਼’, ‘ਸਤਲੁਜ ਦੇ ਕੰਢੇ’ ਆਦਿ ਸ਼ਾਮਲ ਹਨਪੰਜਾਬੀ ਨਾਵਲਕਾਰ ਸ. ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਉੱਤੇ ਇਸੇ ਨਾਂ ਹੇਠ ਬਣੀ ਹਿੰਦੀ ਫਿਲਮ ਵਿੱਚ ਵੀ ਉਸ ਨੇ ਯਾਦਗਾਰੀ ਭੂਮਿਕਾ ਨਿਭਾਈ ਸੀ‘ਵਕਤ’ ਫਿਲਮ ਵਿੱਚ ਬਲਰਜਾਜ ਸਾਹਨੀ ਉੱਤੇ ਫ਼ਿਲਮਾਇਆ ਗਿਆ ਇਹ ਗੀਤ ਅਜੇ ਤਕ ਵੀ ਬਹੁਤ ਮਕਬੂਲ ਹੈ:

“ਐ ਮੇਰੀ ਜ਼ੋਹਰਾ ਜ਼ਬੀਂ, ਤੁਝੇ ਮਾਲੂਮ ਨਹੀਂ,
ਤੂ ਅਭੀ ਤਕ ਹੈ ਹਸੀਂ, ਔਰ ਮੈਂ ਜਵਾਂ,
ਤੁਝ ਪੇ ਕੁਰਬਾਨ ਮੇਰੀ ਜਾਨ, ਮੇਰੀ ਜਾਨ ...
।”

ਬਲਰਾਜ ਸਾਹਨੀ ਨੇ ਕਵਿਤਾ, ਨਾਟਕ, ਵਾਰਤਕ, ਸਫ਼ਰਨਾਮਾ, ਆਪ ਬੀਤੀ ਅਤੇ ਫਿਲਮਾਂ ਸੰਬੰਧੀ ਕੁਝ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀਇਸ ਸੁਹਿਰਦ, ਨਿਸ਼ਕਪਟਾ ਵਿਸ਼ਾਲ ਹਿਰਦੇ ਵਾਲੇ, ਅਣਖੀ, ਦ੍ਰਿੜ੍ਹ ਵਿਸ਼ਵਾਸੀ, ਮਿੱਠ ਬੋਲੜੇ ਅਤੇ ਸੱਚ ਦੇ ਮਾਰਗ ਉੱਤੇ ਤੁਰਨ ਵਾਲੇ ਮਾਨਵ ਹਿਤੈਸ਼ੀ ਪੰਜਾਬੀ ਨੇ ਪੰਜਾਬੀ ਸਾਹਿਤ ਨੂੰ ਹੇਠ ਲਿਖੀਆਂ ਰਚਨਾਵਾਂ ਨਾਲ ਭਰਪੂਰ ਕੀਤਾ:

ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਇਨਕਲਾਬ ਦਾ ਚਿਹਰਾ, ਯਾਦਾਂ ਦਾ ਝਰੋਖਾ, ਇਤਿਹਾਸ ਦੀ ਪੈੜ, ਸਿਨੇਮਾ ਤੇ ਸਟੇਜ, ਪੂਰਬ ਦੇ ਨਾਈ (ਲੇਖ ਸੰਗ੍ਰਹਿ), ਕਾਮੇ, ਵੇਟਰ ਦੀ ਵਾਰ (ਕਾਵਿ-ਸੰਗ੍ਰਹਿ), ਕੀ ਇਹ ਸੱਚ ਹੈ ਬਾਪੂ (ਨਾਟਕ), ਅਰਸ਼ ਫਰਸ਼, ਬਸੰਤ ਕੀ ਕਰੇਗਾ (ਕਹਾਣੀ ਸੰਗ੍ਰਹਿ), ਕਲਮ ਤੇ ਕਿਤਾਬ (ਆਲੋਚਨਾ), ਇੱਕ ਸਫ਼ਰ ਇੱਕ ਦਾਸਤਾਨ (ਨਾਵਲ)

ਬਲਰਾਜ ਸਾਹਨੀ ਨੂੰ ਆਪਣੀ ਜਨਮ ਭੂਮੀ ਰਾਵਲਪਿੰਡੀ ਦੀ ਹਮੇਸ਼ਾ ਯਾਦ ਆਉਂਦੀ ਰਹੀਵੰਡ ਪਿੱਛੋਂ ਭਾਰਤ ਵਿੱਚ ਆਉਣ ਤੋਂ ਬਾਅਦ ਵੀ ਉਹ ਰਾਵਲਪਿੰਡੀ ਦੀ ਮਿੱਠੀ ਤੇ ਪਿਅਰੀ ਪੰਜਾਬੀ ਭਾਸ਼ਾ ਨੂੰ ਭੁਲਾ ਨਹੀਂ ਸਕਿਆ‘ਕਾਮੇ’ ਪੁਸਤਕ ਦੇ ਇੱਕ ਲੇਖ ‘ਅੱਥਰੂ’ ਵਿੱਚ ਉਹ ਇਨ੍ਹਾਂ ਭਾਵਨਾਵਾਂ ਨੂੰ ਪੇਸ਼ ਕਰਦਾ ਹੋਇਆ ਇੱਕ ਥਾਂ ਲਿਖਦਾ ਹੈ, “ਉਹੋ ਪਿਆਰੀ ਮਿੱਠੀ ਬੋਲੀ ਪਿੰਡੀ ਦੀਖੁੱਲ੍ਹੀ ਡੁੱਲ੍ਹੀਪਿੰਡੀ ਦਾ ਆਦਮੀ ਇੰਝ ਬੋਲਦਾ ਹੈ ਜਿਵੇਂ ਪੰਜਾਬੀ ਜ਼ਬਾਨ ਦਾ ਇੱਕ-ਇੱਕ ਲਫ਼ਜ਼ ਉਹਨੇ ਧੋ-ਧਾ ਕੇ, ਤੈਅ ਕਰਕੇ ਆਪਣੇ ਹਿਰਦੇ ਵਿੱਚ ਬਿਠਾ ਰੱਖਿਆ ਹੋਵੇਉਸ ਨੂੰ ਉਹ ਬੜੇ ਸੁਥਰੇ ਤੇ ਮਿੱਠੇ ਢੰਗ ਨਾਲ ਮੂੰਹੋਂ ਕੱਢਦਾ ਹੈ ਤੇ ਸੁਣਨ ਵਾਲੇ ਨੂੰ ਇਸ ਮਿੱਠੀ ਬੋਲਚਾਲ ਦੇ ਪਿੱਛੇ ਇੱਕ ਸ਼ੀਸ਼ੇ ਵਾਂਗ ਚਮਕਦੀ ਹੋਈ ਸ਼ਖ਼ਸੀਅਤ ਦਿਖਾਈ ਦੇਣ ਲੱਗ ਪੈਂਦੀ ਹੈ।”

ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਬਲਰਾਜ ਸਾਹਨੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸ਼ੈਦਾਈ ਸੀਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਭਾਵੁਕ ਅੰਦਾਜ਼ ਵਿੱਚ ਉਹਨੇ ਇੱਕ ਥਾਂ ਲਿਖਿਆ ਹੈ, “ਤੁਸੀਂ ਕੀ ਸਮਝਦੇ ਹੋ, ਇਹ ਗੁਰੂ ਸਾਹਿਬਾਨ ਕੋਈ ਇਕੱਲੇ ਸਿੱਖਾਂ ਦੇ ਹੀ ਸਨ? ਇਹ ਸਾਡੇ ਵੀ ਸਨਇਨ੍ਹਾਂ ਦਾ ਪੈਗਾਮ ਤਾਂ ਸਾਰੇ ਪੰਜਾਬੀਆਂ ਅਤੇ ਸਾਰੀ ਮਾਨਵ ਜਾਤੀ ਲਈ ਹੈ।”

ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ ਬਲਰਾਜ ਸਾਹਨੀ ਨੂੰ 1971 ਈ. ਵਿੱਚ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’ ਵਜੋਂ ਸਨਮਾਨਿਤ ਕੀਤਾ ਗਿਆਉਸ ਦੀ ਸਮਾਜਵਾਦੀ ਸੋਚ, ਦੇਸ਼ ਪਿਆਰ, ਸਾਹਿਤਕ ਤੇ ਫਿਲਮ ਜਗਤ ਵਿੱਚ ਦਿੱਤੇ ਯੋਗਦਾਨ ਬਦਲੇ ਭਾਰਤ ਸਰਕਾਰ ਵੱਲੋਂ 1969 ਈ. ਵਿੱਚ ‘ਪਦਮਸ਼੍ਰੀ’ ਦੀ ਉਪਾਧੀ ਦੇ ਕੇ ਵਿਭੂਸ਼ਿਤ ਕੀਤਾ ਗਿਆ

ਬਲਰਾਜ ਸਾਹਨੀ ਦੇ ਜੀਵਨ ਵਿੱਚ ਸਭ ਤੋਂ ਵੱਡਾ ਦੁਖਾਂਤ ਉਸ ਦੀ ਜਵਾਨ ਬੇਟੀ ਸ਼ਬਨਮ ਦੀ ਮੌਤ ਸੀ, ਜਿਸ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 5 ਮਾਰਚ, 1972 ਨੂੰ ਆਤਮ ਹੱਤਿਆ ਕਰ ਲਈ ਸੀਇਹ ਸਦਮਾ ਬਲਰਾਜ ਜਿਹੇ ਭਾਵੁਕ ਅਤੇ ਸੰਜੀਦਾ ਇਨਸਾਨ ਲਈ ਬੇਹੱਦ ਅਕਹਿ ਅਤੇ ਅਸਹਿ ਸੀ, ਜੋ ਬਾਅਦ ਵਿੱਚ ਉਸ ਲਈ ਜਾਨ ਲੇਵਾ ਸਿੱਧ ਹੋਇਆਬੇਟੀ ਦੀ ਮੌਤ ਦੇ ਸਦਮੇ ਨੇ ਇਸ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਇੱਕ ਸਾਲ ਪਿੱਛੋਂ 13 ਅਪ੍ਰੈਲ, 1973 ਨੂੰ ਵਿਸਾਖੀ ਵਾਲੇ ਦਿਨ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆਮੌਤ ਪਿੱਛੋਂ ਉਸ ਦੀ ਇੱਛਾ ਮੁਤਾਬਕ ਉਸ ਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਅਤੇ ਉਸ ਦੇ ਸਿਰ੍ਹਾਣੇ ਮਾਰਕਸ ਅਤੇ ਲੈਨਿਨ ਦੀਆਂ ਪੁਸਤਕਾਂ ਰੱਖੀਆਂ ਗਈਆਂਉਸ ਦੀ ਵਸੀਅਤ ਅਨੁਸਾਰ ਉਸ ਦੀ ਮੌਤ ਪਿੱਛੋਂ ਕਿਸੇ ਪ੍ਰਕਾਰ ਦਾ ਕੋਈ ਧਾਰਮਕ ਸਮਾਗਮ ਨਹੀਂ ਕੀਤਾ ਗਿਆ

ਜਿਉਂ-ਜਿਉਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਪ੍ਰਫੁੱਲਤ ਹੋਣਗੇ, ਬਲਰਾਜ ਸਾਹਨੀ ਦੀਆਂ ਰਚਨਾਵਾਂ ਦੀ ਮਹੱਤਤਾ ਹੋਰ ਵੀ ਵਧਦੀ ਜਾਵੇਗੀਇਹ ਉਹ ਮਹਾਨ ਪੰਜਾਬੀ ਸੀ ਜੋ ਆਪਣੇ ਆਖ਼ਰੀ ਸਵਾਸ ਤਕ ਪੰਜਾਬੀ ਤਹਿਜ਼ੀਬ ਨੂੰ ਰੌਸ਼ਨ ਕਰਨ ਲਈ ਜੂਝਿਆਪੰਜਾਬੀਅਤ ਦੀ ਭਾਵਨਾ ਨਾਲ ਨੱਕੋ-ਨੱਕ ਭਰੇ ਇਸ ਸਾਹਿਤਕਾਰ ਨੂੰ ਪੰਜਾਬੀ ਪਾਠਕ ਅਤੇ ਦਰਸ਼ਕ ਹਮੇਸ਼ਾ ਯਾਦ ਰੱਖਣਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2095)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)