HarshinderKaur7ਜਦੋਂ ਹਫਤੇ ਬਾਅਦ ਢੂਲਾ ਖੋਲ੍ਹਿਆ ਤਾਂ ਕੋਈ ਤ੍ਰੇੜ ਨਾ ਆਈ ਤੇ ਏਨਾ ਸਾਫ਼ ਕੰਮ ਵੇਖਦੇ ਹੋਏ ਤੁਹਾਡੇ ਪਿਤਾ ਜੀ ਨੇ ਮੈਨੂੰ ...
(ਫਰਵਰੀ 29, 2016)

 

ਗੱਲ ਦੋ ਦਸੰਬਰ ਸੰਨ 2015 ਦੀ ਹੈ। ਸਵੇਰੇ-ਸਵੇਰੇ ਘਰ ਵਿਚ ਮਿਲਣ ਲਈ ਇਕ ਸੱਜਣ ਆਏ ਜਿਨ੍ਹਾਂ ਨੂੰ ਮੈਂ ਉੱਕਾ ਹੀ ਨਹੀਂ ਸੀ ਜਾਣਦੀ। ਉਨ੍ਹਾਂ ਨੇ ਬਿਨਾਂ ਜਾਣ-ਪਛਾਣ ਕਰਵਾਏ ਸਿੱਧਾ ਹੀ ਗੱਲ ਸ਼ੁਰੂ ਕਰ ਦਿੱਤੀ, “ਮੈਂ ਤੁਹਾਡੇ ਪਿਤਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਦੇ ਘਰ ਸੰਨ 1956-57 ਦੇ ਲਾਗੇ ਬਰਾਂਡੇ ਦੀ ਪਰਛੱਤੀ ਪਾਈ ਸੀ ਜਿਹੜੀ ਪਹਿਲੇ ਮਿਸਤਰੀ ਵੱਲੋਂ ਪਾਈ ਤ੍ਰੇੜੀ ਗਈ ਸੀ।”

ਮੇਰੇ ਲਈ ਇਹ ਜਾਣ-ਪਛਾਣ ਬਥੇਰੀ ਸੀ ਕਿ ਉਨ੍ਹਾਂ ਦੀ ਚੰਗੀ ਆਓ ਭਗਤ ਕੀਤੀ ਜਾਵੇ। ਬਹਿੰਦਿਆਂ ਹੀ ਕਹਿਣ ਲੱਗੇ, “ਮੇਰਾ ਨਾਂ ਇੰਦਰ ਸਿੰਘ ਕੰਬੋਜ ਹੈ। ਮੈਂ ਰਾਜਗੀਰੀ ਦਾ ਕੰਮ ਕਰਦਾ ਸੀ। ਮੇਰੀ ਬਲਬੀਰ ਸਿੰਘ ਜੀ ਨੇ ਤੁਹਾਡੇ ਪਿਤਾ ਜੀ ਨਾਲ ਗੱਲਬਾਤ ਕਰਵਾਈ ਸੀ। ਤੁਹਾਡੇ ਪਿਤਾ ਜੀ ਨੇ ਮੈਨੂੰ ਮੁੱਛਫੁਟ ਨੂੰ ਵੇਖਦੇ ਈ ਕਿਹਾ ਕਿ ਇਹ ਮੁੰਡੂ ਜਿਹਾ ਕਿਵੇਂ ਕੰਮ ਕਰ ਲਵੇਗਾ, ਜਦ ਪਹਿਲਾ ਤਕੜਾ ਮਿਸਤਰੀ ਨਹੀਂ ਕਰ ਸਕਿਆ। ਬਲਬੀਰ ਸਿੰਘ ਜੀ ਦੇ ਜ਼ੋਰ ਪਾਉਣ ਉੱਤੇ ਉਹ ਮੰਨ ਗਏ ਤੇ ਕੰਮ ਮੈਨੂੰ ਸੌਂਪ ਦਿੱਤਾ।

ਅੱਜ ਇੱਧਰ ਕਿਵੇਂ ਆਉਣਾ ਹੋਇਆ?” ਮੈਂ ਵਿੱਚੋਂ ਗੱਲ ਟੋਕ ਕੇ ਪੁੱਛਿਆ

ਮੇਰੀ ਪੂਰੀ ਗੱਲ ਤਾਂ ਸੁਣੋ,” ਉਨ੍ਹਾਂ ਅੱਗੋਂ ਗੱਲ ਜਾਰੀ ਰੱਖੀ, “ਉਸ ਸਮੇਂ ਮੈਂ ਦਿਹਾੜੀ ਦੀ ਗੱਲ ਕੀਤੀ ਤਾਂ ਪ੍ਰੋਫੈਸਰ ਸਾਹਿਬ ਕਹਿਣ ਲੱਗੇ, ਏਨਾ ਟਾਈਮ ਉਨ੍ਹਾਂ ਕੋਲ ਹੈ ਨਹੀਂ, ਤੁਸੀਂ ਠੇਕਾ ਈ ਕਰ ਲਵੋ। ਮੈਂ ਸਤਾਰਾਂ ਰੁਪਏ ਵਿਚ ਠੇਕਾ ਕਰ ਲਿਆ। ਉਨ੍ਹਾਂ ਇੱਕ ਵਾਰ ਵੀ ਨਾਂਹ ਨੁੱਕਰ ਨਈਂ ਕੀਤੀ। ਝਟਪਟ ਕੰਮ ਕਰਨ ਨੂੰ ਕਹਿ ਦਿੱਤਾ। ਉਨ੍ਹਾਂ ਨਾ ਮੈਨੂੰ ਕਦੇ ਟੋਕਿਆ, ਨਾ ਸਿਰ ਉੱਤੇ ਖਲੋਤੇ। ਉਨ੍ਹਾਂ ਦੁਆਲੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਝੁਰਮਟ ਪਿਆ ਹੁੰਦਾ ਤੇ ਤੁਹਾਡੇ ਮਾਤਾ ਜੀ ਲਗਾਤਾਰ ਕੁੱਝ ਨਾ ਕੁੱਝ ਖਾਣ ਪੀਣ ਨੂੰ ਪਰੋਸਣ ਵਿਚ ਲੱਗੇ ਰਹਿੰਦੇ।

ਮੈਂ ਉਦੋਂ ਜੰਮੀ ਵੀ ਨਹੀਂ ਸੀ, ਇਸੇ ਲਈ ਮੈਨੂੰ ਵੀ ਗੱਲ ਸੁਣਨ ਦੀ ਉਤਸੁਕਤਾ ਸੀ, ਪਰ ਚਾਹ ਪਾਣੀ ਤਾਂ ਪੁੱਛਣਾ ਹੀ ਸੀ। ਉਨ੍ਹਾਂ ਨਾਂਹ ਵਿਚ ਸਿਰ ਹਿਲਾ ਕੇ ਕਿਹਾ, “ਤੁਹਾਡੀ ਮਾਤਾ ਨਿਰੀ ਪੁਰੀ ਦੇਵੀ ਸੀ। ਕਦੇ ਮੂੰਹੋਂ ਕੋਈ ਸ਼ਬਦ ਨਹੀਂ ਕੱਢਿਆ। ਦੋ ਦੀ ਥਾਂ ਚਾਰ-ਚਾਰ ਵਾਰ ਮੈਨੂੰ ਖਾਣ ਪੀਣ ਨੂੰ ਦਿੰਦੇ। ਕਦੇ ਉਨ੍ਹਾਂ ਦੇ ਮੱਥੇ ਉੱਤੇ ਤਿਊੜੀ ਨਹੀਂ ਵੇਖੀ। ਲਗਾਤਾਰ ਕੰਮ ਕਰਦੇ ਤਾਂ ਅਸੀਂ ਵੀ ਥੱਕ ਜਾਂਦੇ ਸੀ, ਪਰ ਉਹ ਤਾਂ ਖਿੜੇ ਮੱਥੇ ਪੂਰਾ ਦਿਨ ਕੰਮ ਕਰਨ ਲੱਗੇ ਰਹਿੰਦੇ ਤੇ ਆਏ ਗਏ ਦੀ ਪੂਰੀ ਸੇਵਾ ਕਰਦੇ। ਮੇਰੀ ਉਮਰ ਉਦੋਂ ਸ਼ਾਇਦ ਅਠਾਰਾਂ ਜਾਂ ਵੀਹ ਵਰ੍ਹੇ ਹੋਵੇਗੀ। ਮੇਰਾ ਤਾਂ ਬਿਲਕੁਲ ਮਾਂ ਵਾਂਗ ਸਿਰ ਪਲੋਸਦੇ ਸਨ।

ਸਭ ਕੁੱਝ ਸੁਣ ਕੇ ਮੈਂ ਯਾਦਾਂ ਵਿਚ ਗਵਾਚ ਗਈ ਪਰ ਉਹ ਲਗਾਤਾਰ ਬੋਲਦੇ ਰਹੇ ਜਿਵੇਂ ਬੜੇ ਚਿਰਾਂ ਤੋਂ ਸਾਂਭੀਆਂ ਗੱਲਾਂ ਅੱਜ ਹੀ ਸਾਂਝੀਆਂ ਕਰਨੀਆਂ ਹੋਣ। ਕਹਿਣ ਲੱਗੇ, “ਜਦੋਂ ਪਰਛੱਤੀ ਪੂਰੀ ਹੋ ਗਈ ਤਾਂ ਮੈਂ ਢੂਲਾ ਕਈ ਦਿਨ ਨਾ ਖੋਲ੍ਹਿਆ। ਪ੍ਰੋਫੈਸਰ ਸਾਹਿਬ ਮਜ਼ਾਕ ਕਰਨ - ਬਈ ਪਰਛੱਤੀ ਦੇ ਡਿੱਗ ਜਾਣ ਤੋਂ ਡਰਦੈਂ? ਮੈਂ ਕਿਹਾ, ਨਹੀਂ ਜੀ, ਬਸ ਮੇਰੇ ਹੱਥ ਦੀ ਕਰਾਮਾਤ ਵੇਖਿਓ। ਜਦੋਂ ਹਫਤੇ ਬਾਅਦ ਢੂਲਾ ਖੋਲ੍ਹਿਆ ਤਾਂ ਕੋਈ ਤ੍ਰੇੜ ਨਾ ਆਈ ਤੇ ਏਨਾ ਸਾਫ਼ ਕੰਮ ਵੇਖਦੇ ਹੋਏ ਤੁਹਾਡੇ ਪਿਤਾ ਜੀ ਨੇ ਮੈਨੂੰ 20 ਰੁਪਏ ਦੇ ਦਿੱਤੇ। ਮੈਂ ਤਿੰਨ ਰੁਪਏ ਮੋੜਨ ਲੱਗਿਆ ਤਾਂ ਉਨ੍ਹਾਂ ਰੱਖੇ ਨਈਂ। ਮੈਨੂੰ ਉਨ੍ਹਾਂ ਪੁੱਛਿਆ - ਕਿੰਨਾ ਪੜ੍ਹਿਐਂ? ਮੈਂ ਕਿਹਾ, ਜੀ, ਪੜ੍ਹਾਈ ਪੂਰੀ ਨਈਂ ਕਰ ਸਕਿਆ। ਪਹਿਲਾਂ ਈ ਕੰਮ ਕਰਨਾ ਪੈ ਗਿਆ। ਘਰ ਦੀਆਂ ਲੋੜਾਂ ਸਨ ਜੋ ਰਾਜਗੀਰੀ ਵੱਲ ਪੈ ਗਿਆ। ਉਨ੍ਹਾਂ ਅੱਗੋਂ ਕਿਹਾ - ਕਾਕਾ, ਤੇਰੀਆਂ ਕਿਤਾਬਾਂ, ਫੀਸ ਤੇ ਹੋਰ ਨਿਕਸੁਕ ਦਾ ਖਰਚਾ ਮੇਰੇ ਸਿਰ। ਤੂੰ ਇਸ ਦਾ ਫ਼ਿਕਰ ਛੱਡ ਕੇ ਸਿਰਫ਼ ਪੜ੍ਹਨ ਵੱਲ ਧਿਆਨ ਦੇ। ਅਸੀਂ ਇਕ-ਇਕ ਰੋਟੀ ਘਟ ਖਾ ਲਵਾਂਗੇ ਪਰ ਇੰਜ ਘੱਟੋ-ਘੱਟ ਇਕ ਬੱਚਾ ਹੋਰ ਪੜ੍ਹ ਜਾਵੇਗਾ। ਤੂੰ ਕੱਲ੍ਹ ਤੋਂ ਈ ਸਕੂਲ ਜਾਣ ਦੀ ਤਿਆਰੀ ਕਰ।

ਮੈਂ ਭਾਪਾ ਜੀ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਏਸੇ ਲਈ ਮੈਨੂੰ ਪੂਰਾ ਇਹਸਾਸ ਸੀ ਕਿ ਕਿਵੇਂ ਘਰ ਦਾ ਖਰਚਾ ਮਸਾਂ ਪੂਰਾ ਹੁੰਦਾ ਸੀ ਕਿਉਂਕਿ ਵਿਦਿਆਰਥੀਆਂ ਦੀ ਢਾਣੀ ਦਾ ਸਾਰਾ ਖਾਣਾ ਪੀਣਾ ਤੇ ਉਨ੍ਹਾਂ ਦਾ ਉੱਪਰਲਾ ਖਰਚਾ, ਜਿਸ ਵਿਚ ਫਿਲਮਾਂ ਵੇਖਣ ਦੀਆਂ ਟਿਕਟਾਂ ਲਈ ਪੈਸੇ ਵੀ ਸ਼ਾਮਲ ਸਨ, ਉਹ ਸਾਰਾ ਭਾਪਾ ਜੀ ਹੀ ਦਿੰਦੇ ਸਨ। ਇਕੱਲੇ ਕਮਾਉਣ ਵਾਲੇ ਤੇ ਏਨੇ ਜਣੇ ਖਾਣ ਵਾਲੇ! ਟਿਊਸ਼ਨ ਦਾ ਕਦੇ ਇਕ ਆਨਾ ਵੀ ਉਨ੍ਹਾਂ ਨਹੀਂ ਲਿਆ ਸੀ। ਘਰ ਦੇ ਭਾਵੇਂ ਫਾਕੇ ਕੱਟਣ, ਜਿਸ ਵਿਚ ਸਭ ਤੋਂ ਵੱਧ ਹਿੱਸਾ ਮੇਰੀ ਮਾਂ ਨੇ ਪਾਇਆ, ਪਰ ਵਿਦਿਆਰਥੀ ਤੇ ਲੋੜਵੰਦ ਪਹਿਲਾਂ!

ਮੈਂ ਕਿਵੇਂ ਦੱਸਦੀ ਕਿ ਅਸੀਂ ਸਾਰੇ ਘਰ ਵਾਲਿਆਂ ਨੇ ਦੋ ਕੱਪੜਿਆਂ ਤਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ ਹੋਇਆ ਸੀ ਤੇ ਫਿਲਮਾਂ ਤਾਂ ਬਹੁਤ ਦੂਰ ਦੀ ਗੱਲ ਸੀ।

ਮੈਨੂੰ ਸੋਚਾਂ ਵਿਚ ਪਈ ਨੂੰ ਵੇਖ ਸ. ਇੰਦਰ ਸਿੰਘ ਜੀ ਕਹਿਣ ਲੱਗੇ, “ਮੈਂ ਤਾਂ ਧੰਨ ਹੋ ਗਿਆ ਸੀ ਅਜਿਹਾ ਇਨਸਾਨ ਵੇਖ ਕੇ! ਮੈਨੂੰ ਪੜ੍ਹਨ ਲਈ ਉਨ੍ਹਾਂ ਏਨਾ ਉਤਸ਼ਾਹਿਤ ਕੀਤਾ ਕਿ ਪੁੱਛੋ ਨਾ! ਮੇਰੀ ਹੀ ਮਜਬੂਰੀ ਸੀ, ਕਿਉਂਕਿ ਮੇਰਾ ਉਦੋਂ ਹੀ ਵਿਆਹ ਹੋਇਆ ਸੀ। ਮੈਂ ਟੱਬਰ ਦੀ ਜ਼ਿੰਮੇਵਾਰੀ ਛੱਡ ਕੇ ਪੜ੍ਹਨ ਨਹੀਂ ਸੀ ਪੈ ਸਕਦਾ! ਸੋ ਹੱਥ ਜੋੜ ਕੇ ਪ੍ਰੋ. ਸਾਹਿਬ ਤੋਂ ਖ਼ਿਮਾ ਮੰਗੀ। ਉਨ੍ਹਾਂ ਦਾ ਦਿਲ ਜਿਹਾ ਟੁੱਟ ਗਿਆ। ਮੇਰੇ ਜੁੜੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਕਹਿਣ ਲੱਗੇ - ਚੰਗਾ ਪੁੱਤਰਾ, ਇਕ ਵਾਅਦਾ ਕਰ! ਆਪਣੇ ਅੱਗੋਂ ਕਿਸੇ ਪੁੱਤਰ ਨੂੰ ਇਸ ਕੰਮ ਵਿਚ ਨਹੀਂ ਪਾਏਂਗਾ। ਉਨ੍ਹਾਂ ਨੂੰ ਪੜ੍ਹਾਏਂਗਾ ਤੇ ਅਫਸਰ ਜਾਂ ਅਧਿਆਪਕ ਬਣਾਏਂਗਾ! ਜੇ ਉਸ ਲਈ ਵੀ ਮਾਇਕ ਲੋੜ ਹੋਈ ਤਾਂ ਬੇਝਿਜਕ ਮੇਰੇ ਕੋਲ ਆ ਜਾਈਂ। ਤੇਰਾ ਇਹ ਪਿਓ ਜ਼ਰੂਰ ਮਦਦ ਕਰੇਗਾ।

ਮੈਂ ਹੈਰਾਨ ਸੀ ਕਿ ਇਹ ਇਨਸਾਨ ਕਿੰਨੀਆਂ ਯਾਦਾਂ ਸੰਜੋਈ ਬੈਠਾ ਹੈ ਤੇ ਬਿਨਾਂ ਰੁਕੇ ਹਰ ਨਿੱਕੀ-ਨਿੱਕੀ ਗੱਲ ਏਨੇ ਸਾਲਾਂ ਬਾਅਦ ਵੀ ਇੰਜ ਬੋਲੀ ਜਾ ਰਿਹਾ ਹੈ, ਜਿਵੇਂ ਹੁਣੇ ਸਾਹਮਣੇ ਵਾਪਰੀ ਹੋਵੇ।

ਉਦੋਂ ਤਿੰਨ ਰੁਪਏ ਦਿਹਾੜੀ ਹੋਇਆ ਕਰਦੀ ਸੀ,” ਉਨ੍ਹਾਂ ਗੱਲ ਜਾਰੀ ਰੱਖੀ, “ਮੈਂ ਅੱਜ ਤੁਹਾਨੂੰ ਉਨ੍ਹਾਂ ਦੇ ਤੁਰ ਜਾਣ ਬਾਅਦ ਸਿਰਫ਼ ਇਸ ਲਈ ਮਿਲਣ ਆਇਆ ਹਾਂ, ਕਿਉਂਕਿ ਅੱਜ ਮੇਰੇ ਚਾਰੇ ਪੁੱਤਰ ਪੜ੍ਹ ਲਿਖ ਕੇ ਅਫਸਰ ਲੱਗ ਚੁੱਕੇ ਹੋਏ ਨੇ ਤੇ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਉਹ ਤਾਂ ਹੁਣ ਰਹੇ ਨਹੀਂ ਪਰ ਮੈਂ ਤੁਹਾਡੇ ਵਿੱਚੋਂ ਉਨ੍ਹਾਂ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਧੰਨਵਾਦ ਕਰਨ ਆਇਆਂ। ਏਨੀ ਉੱਚੀ ਸੁੱਚੀ ਸੋਚ ਵਾਲੇ ਮਨੁੱਖ ਦਰਵੇਸ਼ ਹੋਇਆ ਕਰਦੇ ਨੇ। ਮੈਂ ਹੁਣੇ ਉਨ੍ਹਾਂ ਦੇ ਬੰਦ ਘਰ ਦੇ ਬਾਹਰੋਂ ਮੱਥਾ ਟੇਕ ਕੇ ਆਇਆਂ। ਬਸ ਏਨਾ ਕੁ ਈ ਤੁਹਾਡਾ ਸਮਾਂ ਲੈਣਾ ਸੀ। ਜਦੋਂ ਪਤਾ ਲੱਗਿਆ ਕਿ ਤੁਸੀਂ ਵੀ ਕਈ ਲੋੜਵੰਦ ਕੁੜੀਆਂ ਦੀ ਫੀਸ ਭਰਦੇ ਪਏ ਓ ਤਾਂ ਮਨ ਖਿੜ ਗਿਆ ਕਿ ਕੁੱਝ ਅੰਸ਼ ਉਸ ਦਰਵੇਸ਼ ਨੇ ਤੁਹਾਡੇ ਵਿਚ ਵੀ ਭਰ ਦਿੱਤੇ ਨੇ। ਲੱਗੇ ਰਹੋ। ਮੇਰੇ ਵਾਂਗ ਖ਼ੌਰੇ ਕਿੰਨਿਆਂ ਨੂੰ ਉਸ ਦਰਵੇਸ਼ ਨੇ ਤਾਰ ਦਿੱਤਾ ਹੋਣੈ। ਸਾਡੇ ਵਰਗਿਆਂ ਦੇ ਮਨਾਂ ਵਿਚ ਉਹ ਸਦੀਆਂ ਤਕ ਜ਼ਿੰਦਾ ਰਹੇਗਾ। ਸਲਾਮ! ਪ੍ਰੀਤਮ ਸਿੰਘ ਪ੍ਰੋਫੈਸਰ ਸਾਹਿਬ ਜੀ।

*****

(202)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author