BalrajSidhu7ਇੱਕ ਘਰ ਵਿੱਚ ਰਹਿਣ ਵਾਲੇ ਵੀ ਕਈ ਕਈ ਦਿਨ ਆਪਸ ਵਿੱਚ ਗੱਲ ਨਹੀਂ ਕਰਦੇ ...

(ਫਰਵਰੀ 25, 2016)

 

ਪੰਜਾਬ ਦੇ ਸੱਭਿਆਚਾਰ ਬਾਰੇ ਕਿਸੇ ਕਵੀ ਦੇ ਦਿਲ ਵਿੱਚੋਂ ਇਸ ਤਰ੍ਹਾਂ ਹੂਕ ਨਿਕਲੀ ਹੈ:

ਉਹ ਮੋਹਲਾ ਉਹ ਉੱਖਲੀ, ਉਹ ਚੱਕੀ ਉਹ ਦਾਣੇ।
ਵਿਆਹਾਂ ਦੀ ਭਾਜੀ ਪਤਾਸੇ, ਮਖਾਣੇ।
ਆਟੇ ਨਾ ਰਹੇ, ਪਰਾਤਾਂ ਨਾ ਰਹੀਆਂ।
ਉਹ ਡੋਲੀ, ਉਹ ਤੰਬੂ ਕਨਾਤਾਂ ਨਾ ਰਹੀਆਂ।
ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ।

ਪੰਜਾਬੀ ਸੱਭਿਆਚਾਰ ਦੇ ਦਰਸ਼ਣ ਹੁਣ ਸਿਰਫ ਪੁਰਾਣੀਆਂ ਪੰਜਾਬੀ ਫਿਲਮਾਂ ਜਾਂ ਮਿਊਜ਼ੀਅਮਾਂ ਵਿੱਚ ਹੀ ਹੁੰਦੇ ਹਨ। ਖੁੱਲ੍ਹਾ ਕੁੜਤਾ ਤੇ ਧੂਹਵਾਂ ਚਾਦਰਾ ਬੰਨ੍ਹ ਕੇ ਜੇ ਅੱਜ ਵੀ ਕੋਈ ਬਜਾਰ ਵਿੱਚ ਦੀ ਲੰਘ ਜਾਵੇ ਤਾਂ ਲੋਕ ਮੁੜ ਮੁੜ ਕੇ ਵੇਖਦੇ ਹਨ। ਖੁੱਲ੍ਹੀਆਂ ਖੁਰਾਕਾਂ, ਖੁੱਲ੍ਹੇ ਪਹਿਰਾਵੇ, ਖੁੱਲ੍ਹਾ ਸੁਭਾਅ ਅਤੇ ਖੁੱਲ੍ਹੇ ਮਕਾਨਾਂ ਵਾਲੇ ਪੰਜਾਬੀਆਂ ਦੀਆਂ ਸ਼ਕਲਾਂ ਵੀ ਪੂਰਬੀਆਂ ਵਰਗੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਲਿਬਾਸ ਅਤੇ ਖੁਰਾਕ ਵੀ। ਪੰਜਾਬ ਦੇ 1% ਘਰਾਂ ਵਿੱਚ ਵੀ ਹੁਣ ਚਾਟੀ ਵਿੱਚ ਮਧਾਣੀ ਨਹੀਂ ਖੜਕਦੀ। ਘਰ ਦੇ ਦਹੀਂ ਲੱਸੀ ਦਾ ਲੋਕਾਂ ਨੂੰ ਸਵਾਦ ਭੁੱਲਦਾ ਜਾ ਰਿਹਾ ਹੈ। ਸ਼ਹਿਰੀਆਂ ਨੂੰ ਛੱਡੋ, ਕੋਈ ਪੇਂਡੂ ਬੱਚਾ ਵੀ ਲੱਸੀ ਨੂੰ ਮੂੰਹ ਨਹੀਂ ਲਾਉਂਦਾ। ਕੁੱਜੇ ਵਿੱਚ ਰਿੱਝਦਾ ਸਾਗ, ਦਾਣੇ ਭੁੰਨਣ ਵਾਲੀ ਭੱਠੀ, ਕਮਾਦ ਪੀੜਨ ਵਾਲਾ ਵੇਲਣਾ, ਗੁੜ ਬਣਾਉਣ ਵਾਲੇ ਕੜਾਹੇ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੈ। ਸਾਡੇ ਕਮਾਦ ਤੋਂ ਬਿਹਾਰੀ ਮਜ਼ਦੂਰ ਗੁੜ-ਸ਼ੱਕਰ ਬਣਾ ਕੇ ਸਾਨੂੰ ਹੀ ਵੇਚ ਕੇ ਲੱਖਾਂ ਕਮਾ ਰਹੇ ਹਨ।

ਸੱਭਿਆਚਾਰਕ ਨਿਘਾਰ ਕਾਰਨ ਪੰਜਾਬ ਵਿੱਚੋਂ ਕਈ ਚੀਜ਼ਾਂ/ਵਸਤਾਂ ਅਲੋਪ ਹੋ ਗਈਆਂ ਹਨ। ਨਵੀਂ ਪੀੜ੍ਹੀ ਨੂੰ ਤਾਂ ਸੈਂਕੜੇ ਪੁਰਾਣੀਆਂ ਚੀਜਾਂ ਦੇ ਨਾਮ ਵੀ ਨਹੀਂ ਆਉਂਦੇ। ਸਾਡੇ ਵੇਲੇ ਬੰਟਿਆਂ (ਕੱਚ ਦੀਆਂ ਗੋਲੀਆਂ) ਦੇ ਝੋਲੇ ਭਰੀ ਫਿਰੀਦਾ ਸੀ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਗੁੱਲੀ ਡੰਡਾ, ਬੰਟੇ, ਲਿਖਣ ਵਾਲੀਆਂ ਫੱਟੀਆਂ, ਲਾਟੂ, ਲੁਕਣ ਮੀਟੀ, ਬਾਂਦਰ ਕਿੱਲਾ, ਸ਼ਟਾਪੂ, ਪਿੱਠੂ ਗਰਮ, ਛੂਹਣ ਛੁਪਾਈ, ਬੰਟੇ ਖੇਡਣ ਵਾਲੀ ਖੁੱਤੀ ਤੇ ਗੁੱਲੀ ਡੰਡਾ ਖੇਡਣ ਵਾਲੀ ਰਾਬ ਕੀ ਹੁੰਦੀ ਹੈ? ਸਾਉਣ ਮਹੀਨੇ ਲੱਗਦੀਆਂ ਤੀਆਂ ਹੁਣ ਸਿਰਫ ਗਾਣਿਆਂ ਜਾਂ ਫਿਲਮਾਂ ਵਿੱਚ ਰਹਿ ਗਈਆਂ ਹਨ। ਪਿੱਪਲ-ਬੋਹੜ ਥੱਲੇ ਸੱਥਾਂ ਵਿੱਚ ਕੋਈ ਨਹੀਂ ਬੈਠਦਾ। ਉਹਨਾਂ ਦੀ ਜਗ੍ਹਾ ਸੀਮਿੰਟ ਦੇ ਪੰਚਾਇਤ ਘਰਾਂ ਨੇ ਲੈ ਲਈ ਹੈ। ਤਾਂਗਾ ਕਿਤੇ ਵਿਰਲਾ ਟਾਵਾਂ ਹੀ ਦਿਸਦਾ ਹੈ। ਸ਼ਹਿਰਾਂ ਵਿੱਚ ਤਾਂਗੇ ਖੜ੍ਹੇ ਕਰਨ ਲਈ ਖਾਸ ਤੌਰ ਤੇ ਤਾਂਗਾ ਸਟੈਂਡ ਬਣੇ ਹੁੰਦੇ ਸਨ। ਪਿੰਡਾਂ ਵਿੱਚ ਵਿਕਣ ਆਉਣ ਵਾਲੀ ਮਲਾਈ ਬਰਫ ਦੀ ਜਗ੍ਹਾ ਕੁਲਫੀਆਂ ਅਤੇ ਆਈਸ ਕਰੀਮ ਨੇ ਲੈ ਲਈ ਹੈ। ਜਦੋਂ ਮਲਾਈ ਬਰਫ ਵਾਲਾ ਇੱਕ ਪਤਲੀ ਜਿਹੀ ਕਾਤਰ ਲਾਹ ਕੇ ਕਾਗਜ਼ ਉੱਤੇ ਪਾ ਕੇ ਦੇਂਦਾ ਸੀ ਤਾਂ ਅਮੁਲ ਦੀ ਪਿਸਤਾ ਕੁਲਫੀ ਨਾਲੋਂ ਜਿਆਦਾ ਮਜ਼ਾ ਦਿੰਦੀ ਸੀ।

ਹੁਣ ਕੋਈ ਕਿਸਾਨ ਖੇਤੀਬਾੜੀ ਲਈ ਬਲਦ ਜਾਂ ਊਠ ਨਹੀਂ ਪਾਲਦਾ। ਖੇਤੀ ਦੇ ਕਈ ਸੰਦ ਜਿਵੇਂ ਗੱਡੇ, ਹਲ, ਪੰਜਾਲੀਆਂ, ਅਰਲੀ, ਹੱਥ ਤੇ ਡੰਗਰਾਂ ਨਾਲ ਚੱਲਣ ਵਾਲੇ ਟੋਕੇ, ਵੇਲਣੇ, ਵੱਟਾਂ ਪਾਉਣ ਵਾਲੇ ਜਿੰਦਰੇ, ਤੂੜੀ ਦੇ ਮੂਸਲ, ਫਲ੍ਹੇ, ਤੱਕੜੀਆਂ, ਪੁਰਾਣੇ ਵੱਟੇ, ਆਦਿ ਅਜਾਇਬਘਰਾਂ ਦਾ ਸ਼ਿੰਗਾਰ ਬਣ ਚੁੱਕੇ ਹਨ। ਘਰਾਂ ਵਿੱਚ ਵਰਤਣ ਵਾਲਾ ਸਮਾਨ, ਹੱਥ ਵਾਲੀਆਂ ਚੱਕੀਆਂ, ਮਧਾਣੀਆਂ, ਸੇਵੀਆਂ ਵੱਟਣ ਵਾਲੀ ਬਿੱਲੀ, ਕਾੜ੍ਹਨੀ, ਚਾਟੀ, ਚੱਕਵੇਂ ਚੁੱਲ੍ਹੇ, ਨਾਲੇ ਅਤੇ ਖੇਸ ਬੁਣਨ ਵਾਲੀ ਖੱਡੀ, ਕਿੱਲੀਆਂ, ਚਰਖੇ, ਮਿੱਟੀ ਤੇ ਸਰ੍ਹੋਂ ਦੇ ਤੇਲ ਦੇ ਦੀਵੇ, ਗੁੜ ਦੀ ਚਾਹ, ਆਟੇ ਦੀਆਂ ਚਿੜੀਆਂ, ਘਰ ਦਾ ਗੁੜ-ਸ਼ੱਕਰ ਆਦਿ ਵੀ ਗਾਇਬ ਹੁੰਦੇ ਜਾ ਰਹੇ ਹਨ। ਹੁਣ ਕੁੜੀਆਂ ਪਹਿਲਾਂ ਵਾਂਗ ਤ੍ਰਿੰਝਣਾਂ ਵਿੱਚ ਬੈਠ ਕੇ ਸੂਤ ਨਹੀਂ ਕੱਤਦੀਆਂ। ਪਹਿਲਾਂ ਦੁੱਧ ਨੂੰ ਜਾਗ ਲਾ ਕੇ ਮੱਖਣ ਬਣਾਉਂਦੇ ਸਨ ਜਿਸ ਨਾਲ ਲੱਸੀ ਵੀ ਮਿਲ ਜਾਂਦੀ ਸੀ। ਪਰ ਹੁਣ ਮਲਾਈ ਲਾਹ ਕੇ ਬਿਜਲੀ ਦੀ ਮਧਾਣੀ ਨਾਲ ਰਿੜਕ ਲੈਣ ਕਾਰਨ ਸਿਰਫ ਮੱਖਣ ਮਿਲਦਾ ਹੈ, ਲੱਸੀ ਤਿਆਰ ਨਹੀਂ ਹੁੰਦੀ। ਪਿੱਤਲ-ਕਾਂਸੀ ਦੀ ਜਗ੍ਹਾ ਸਟੀਲ ਦੇ ਲੈ ਲੈਣ ਕਾਰਨ ਭਾਂਡੇ ਕਲੀ ਕਰਨ ਵਾਲਿਆਂ ਦੇ ਹੋਕੇ ਵੀ ਹੁਣ ਸੁਣਾਈ ਨਹੀਂ ਦੇਂਦੇ। ਮਾਡਰਨ ਫੈਸ਼ਨ ਕਾਰਨ ਜਨਾਨੀਆਂ ਹੁਣ ਘੁੰਡ ਨਹੀਂ ਕੱਢਦੀਆਂ ਤੇ ਨਾ ਹੀ ਕੋਈ ਲੜਕੀ ਵਿਦਾਈ ਵੇਲੇ ਰੋਂਦੀ ਹੈ। ਸਕੂਲ ਜਾਣ ਲਈ ਬੋਰੀ ਵਾਲੇ ਬਸਤੇ ਹੁੰਦੇ ਸਨ। ਜਮਾਤ ਵਿੱਚ ਬੈਠਣ ਲਈ ਬੋਰੀ ਜਾਂ ਇੱਟ ਨਾਲ ਸਾਰ ਲਿਆ ਜਾਂਦਾ ਸੀ। ਜਿਸ ਵਿਦਿਆਰਥੀ ਦਾ ਬਸਤਾ ਚਿੱਟੀ ਖਾਦ ਦੀ ਬੋਰੀ ਬਣਿਆ ਹੁੰਦਾ ਸੀ, ਉਸ ਦਾ ਸਾਰੀ ਕਾਲਸ ਵਿੱਚ ਟੌਹਰ ਹੁੰਦਾ ਸੀ। ਗੰਨੇ ਹੁਣ ਕੋਈ ਨਹੀਂ ਚੂਪਦਾ, ਕਮਾਦ ਹੀ ਹੈ ਨਹੀਂ। ਜੱਟ ਵੀ ਸ਼ਹਿਰ ਜਾ ਕੇ ਬੜੇ ਸ਼ੌਕ ਨਾਲ ਮੱਖੀਆਂ ਦੀ ਭਰੀ ਰੇਹੜੀ ਤੋਂ ਗੰਨੇ ਦਾ ”ਜੂਸਪੀਂਦੇ ਹਨ।

ਵਿਆਹਾਂ ਦੀ ਸ਼ਾਨ ਅਤੇ ਮੋਹ ਪਿਆਰ ਖਤਮ ਹੋ ਗਿਆ ਹੈ। ਵਿਆਹ ਵਿੱਚ ਪੈਸੇ ਫੂਕਣ ਦੀ ਦੌੜ ਲੱਗੀ ਹੋਈ ਹੈ। ਪਹਿਲਾਂ ਜੰਝ 2-2, 3-3 ਦਿਨ ਰਹਿੰਦੀ ਸੀ। ਜਿੰਨੇ ਦਿਨ ਕੋਈ ਜੰਝ ਰੱਖਦਾ, ਉਨਾਂ ਹੀ ਇਲਾਕੇ ਵਿੱਚ ਬੱਲੇ ਬੱਲੇ ਹੁੰਦੀ। ਸਾਰਾ ਪਿੰਡ ਰਲ ਮਿਲ ਕੇ ਬਰਾਤ ਦੀ ਸੇਵਾ ਕਰਦਾ ਸੀ। ਪਿੰਡ ਦੇ ਲਾਗੀ ਹੀ ਸਾਰਾ ਖਾਣਾ ਤਿਆਰ ਕਰਦੇ ਸਨ। ਨਾ ਮੈਰਿਜ ਪੈਲੇਸ ਦਾ ਖਰਚਾ ਤੇ ਨਾ ਕੇਟਰਿੰਗ ਦਾ। ਜਾਂਝੀਆਂ ਵਾਸਤੇ ਖੁੱਲ੍ਹੀਆਂ ਮਿਠਾਈਆਂ, ਮਿੱਠੇ-ਨਮਕੀਨ ਚਾਵਲ, ਮੁਰਗਾ-ਬੱਕਰਾ ਅਤੇ ਘੋੜੀਆਂ ਵਾਸਤੇ ਵਧੀਆ ਦਾਣਾ ਵਰਤਾਇਆ ਜਾਂਦਾ ਸੀ। ਸ਼ਰੀਕੇ ਬਰਾਦਰੀ ਵਾਲੇ ਇੱਕ ਇੱਕ ਘੋੜੀ ਸੰਭਾਲਣ ਲਈ ਆਪਣੇ ਘਰ ਬੰਨ੍ਹ ਲੈਂਦੇ ਸਨ ਕਿ ਕੁੜੀ ਵਾਲੇ ਤੇ ਬਹੁਤਾ ਬੋਝ ਨਾ ਪਵੇ। ਬਹੁਤ ਮਜ਼ਾ ਆਉਂਦਾ ਸੀ ਜਦੋਂ ਲਾਗੀ ਸਵੇਰੇ ਸਵੇਰ ਨਾਨਕਾ ਮੇਲ ਨੂੰ ਮੰਜੀਆਂ ਤੇ ਪਿੱਤਲ ਦਾ ਡੱਕਵਾਂ ਚਾਹ ਦਾ ਗਲਾਸ ਤੇ ਨਾਲ ਮਿੱਠੀ ਬੂੰਦੀ ਅਤੇ ਮੱਠੀਆਂ ਦੇ ਥਾਲ ਵਰਤਾਉਂਦਾ ਸੀ। ਕਈ ਵਾਰ ਤਾਂ ਬਰਾਤੀ ਤਰਲੇ ਕੱਢ ਕੇ ਵਾਪਸ ਜਾਂਦੇ ਸਨ ਕਿ ਹੁਣ ਸਾਨੂੰ ਘਰ ਦੇ ਕੰਮ ਵੀ ਕਰ ਲੈਣ ਦਿਉ। ਲੜਕੇ ਦਾ ਛੁਹਾਰਾ ਪਾਉਣ ਵੇਲੇ ਚਾਬੀ ਖੂਹ ਵਿੱਚ ਸੁੱਟਣ ਦੀ ਰਸਮ ਹੁੰਦੀ ਸੀ। ਸਾਰੇ ਪਿੰਡ ਨੂੰ 5-5 ਲੱਡੂ ਤੇ 5-5 ਰੁਪਏ ਦੇ ਕੇ ਕਹਿੰਦੇ ਸਨ ਕਿ ਚਾਬੀ ਖੂਹ ਵਿੱਚ ਸੁੱਟ ਦਿੱਤੀ ਹੈ। ਜੇ ਕੋਈ ਇਸ ਤੋਂ ਵੱਧ ਖਰਚਾ ਕਰਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਫਲਾਣੇ ਨੇ ਚਾਬੀ ਖੂਹ ਵਿੱਚੋਂ ਕੱਢੀ ਹੈ।

ਮਿੱਟੀ ਦੇ ਮਕਾਨ, ਸਿਰਕੀ ਅਤੇ ਕਾਨਿਆਂ ਦੀਆਂ ਛੱਤਾਂ ਹੁਣ ਕੋਈ ਨਹੀਂ ਪਾਉਂਦਾ। ਬਿਜਲੀ ਦੀਆਂ ਮੋਟਰਾਂ ਕਾਰਨ ਖੂਹਾਂ ਦਾ ਵਜੂਦ ਖਤਮ ਹੋ ਗਿਆ ਹੈ। ਜੇ ਕਿਸੇ ਪਿੰਡ ਵਿੱਚ ਖੂਹ ਹੈ ਵੀ ਤਾਂ ਕੂੜਾ ਸੁੱਟਣ ਦੇ ਕੰਮ ਆਉਂਦਾ ਹੈ। ਪਹਿਲਾਂ ਪਿੰਡਾਂ ਵਿੱਚ ਡੰਗਰ ਚਾਰਨ ਲਈ ਚਰਾਂਦਾ ਅਤੇ ਰੌੜਾਂ ਹੁੰਦੀਆਂ ਸਨ। ਹਰੀ ਕ੍ਰਾਂਤੀ ਕਾਰਨ ਉਹ ਵੀ ਖਤਮ ਹੋ ਗਏ। ਪਾਣੀ ਦੀ ਵਾਰੀ ਸਹੀ ਸਮੇਂ ਤੇ ਲਾਉਣ ਲਈ ਪਿੰਡ ਵਿੱਚ ਇੱਕ ਘੜੀ ਵਾਲਾ ਰਾਖਾ ਹੁੰਦਾ ਸੀ। ਉਸ ਨੂੰ ਹਾੜ੍ਹੀ-ਸਾਉਣੀ ਸਾਰੇ ਪਿੰਡ ਵਾਲੇ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰ ਕੇ ਦੇਂਦੇ ਸਨ। ਉਹ ਹੀ ਹਰੇਕ ਦੇ ਪਾਣੀ ਦੀ ਵਾਰੀ ਦਾ ਸਹੀ ਸਮਾਂ ਦੱਸਦਾ ਸੀ।

ਮੈਸੇਜ ਅਤੇ ਈਮੇਲਾਂ ਕਾਰਨ ਹੁਣ ਕੋਈ ਚਿੱਠੀਆਂ ਨਹੀਂ ਪਾਉਂਦਾ। ਬੱਚਿਆਂ ਦੇ ਬਸਤਿਆਂ ਵਿੱਚੋਂ ਕਲਮ-ਦਵਾਤ, ਫੱਟੀ, ਕੈਦਾ, ਪਹਾੜੇ ਅਤੇ ਸਲੇਟਾਂ ਖਤਮ ਹੋ ਗਏ ਸਨ। ਲੀਰਾਂ ਨਾਲ ਬਣਾਈਆਂ ਗੁੱਡੀਆਂ-ਪਟੋਲੇ ਤੇ ਖਿੱਦੋ-ਖੂੰਡੀ ਦੀ ਜਗ੍ਹਾ ਚੀਨੀ ਮਾਲ ਨੇ ਲੈ ਲਈ ਹੈ। ਬਿਜਲੀ ਦੀਆਂ ਚੱਕੀਆਂ ਨੇ ਖਰਾਸ ਅਤੇ ਘਰਾਟ ਖਾ ਲਏ। ਘਰਾਟਾਂ-ਖਰਾਸਾਂ ਦਾ ਆਟਾ ਹੌਲੀ ਹੌਲੀ ਪੀਸਿਆ ਹੋਣ ਕਾਰਨ ਬਹੁਤ ਗੁਣਕਾਰੀ ਅਤੇ ਮਿੱਠਾ ਹੁੰਦਾ ਸੀ। ਕਈ ਪੁਰਾਣੇ ਪੰਜਾਬੀ ਸ਼ਬਦ ਜਿਵੇਂ ਫੰਡੇ, ਝੰਡ ਕਰਨੀ, ਇਕੋਤਰ ਸੌ, ਬੂਥਾ, ਗੁੱਗੇ ਦੀ ਥੜ੍ਹੀ, ਧੌਲ, ਹੂਰਾ, ਦੇਗ ਦੇਣੀ, ਛਾਹ ਵੇਲਾ, ਲੌਢਾ ਵੇਲਾ, ਮੜ੍ਹਾਸਾ, ਮੜ੍ਹੰਗਾ, ਮਛੋਹਰ, ਲਾਪਰਨਾ, ਤੜਾਗੀ ਆਦਿ ਤਾਂ ਨਵੀਂ ਪੀੜ੍ਹੀ ਨੂੰ ਏਲੀਅਨ ਲੱਗਦੇ ਹਨ। ਪਾਣੀ ਗੰਦਾ ਹੋਣ ਕਾਰਨ ਅੱਜਕਲ੍ਹ ਕੋਈ ਟੋਬਿਆਂ ਵਿੱਚ ਨਹਾਉਣ ਨਹੀਂ ਜਾਂਦਾ। ਹੁਣ ਵਿਆਹਾਂ ਵੇਲੇ ਕੋਈ ਪਿੰਡਾਂ ਵਿੱਚ ਮੰਜੇ ਬਿਸਤਰੇ ਇਕੱਠੇ ਨਹੀਂ ਕਰਦਾ। ਪੱਗਾਂ ਰੰਗਣ ਵਾਲੇ ਲਲਾਰੀ ਤੇ ਪੰਜਾਬੀ ਗਾਣਿਆਂ ਦੇ ਮਸ਼ਹੂਰ ਕਰੈਕਟਰ ਛੜੇ ਵੀ ਖਤਮ ਹੋ ਗਏ ਹਨ। ਪੱਕੀਆਂ ਫਰਸ਼ਾਂ ਕਾਰਨ ਘਰਾਂ ਵਿੱਚ ਗੋਹੇ-ਮਿੱਟੀ ਦਾ ਪੋਚਾ ਫੇਰਨਾ ਬੰਦ ਹੋ ਗਿਆ ਹੈ ਤੇ ਨਾ ਹੀ ਕੋਈ ਸੁਆਣੀ ਕੰਧਾਂ ਤੇ ਕਾਂ ਚਿੜੀਆਂ ਬਣਾਉਂਦੀ ਹੈ।

ਪੰਜਾਬ ਵਿੱਚ ਪਰਿਵਾਰਕ ਕਦਰਾਂ ਕੀਮਤਾਂ ਅਤੇ ਸਾਂਝ ਖਤਮ ਹੋਣ ਦਾ ਮੁੱਢ 1970ਵਿਆਂ ਵਿੱਚ ਟੈਲੀਵਿਜ਼ਨ ਦੇ ਪ੍ਰਵੇਸ਼ ਨਾਲ ਬੱਝਣਾ ਸ਼ੁਰੂ ਹੋਇਆ ਸੀ। ਇਸ ਕਾਰਨ ਘਰਾਂ ਵਿੱਚ ਇਕੱਠੇ ਬੈਠ ਕੇ ਰਾਤ ਦੀ ਰੋਟੀ ਖਾਂਦਿਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਦਾ ਰਿਵਾਜ਼ ਖਤਮ ਹੋ ਗਿਆ। ਸਾਰਾ ਟੱਬਰ ਘੜੀ ਵੱਲ ਵੇਖਦਾ ਰਹਿੰਦਾ ਸੀ ਕਿ ਕਿਸ ਵੇਲੇ 6 ਵੱਜਣ ਤੇ ਜਲੰਧਰ ਸਟੇਸ਼ਨ ਸ਼ੁਰੂ ਹੋਵੇ। ਹੁਣ ਇਹ ਜ਼ਮਾਨਾ ਆ ਗਿਆ ਹੈ ਕਿ ਜਿੰਨੇ ਕਮਰੇ ਉੰਨੇ ਟੀਵੀ ਤੇ ਉਹ ਵੀ 24 ਘੰਟੇ ਚੱਲਦੇ ਹਨ। ਪਹਿਲਾਂ ਪਿੰਡਾਂ ਵਿੱਚ ਰੋਟੀ ਖਾ ਕੇ ਲੋਕ ਅੱਠ ਵਜੇ ਤੱਕ ਸੌਂ ਜਾਂਦੇ ਸਨ। ਪਰ ਹੁਣ ਅੱਧੀ ਰਾਤ ਤੱਕ ਟੀਵੀ ਨੂੰ ਚੰਬੜੇ ਰਹਿੰਦੇ ਹਨ। ਇੱਕ ਘਰ ਵਿੱਚ ਰਹਿਣ ਵਾਲੇ ਵੀ ਕਈ ਕਈ ਦਿਨ ਆਪਸ ਵਿੱਚ ਗੱਲ ਨਹੀਂ ਕਰਦੇ। ਫਿਰ ਰਹੀ ਸਹੀ ਕਸਰ ਹੁਣ ਇੰਟਰਨੈੱਟ ਅਤੇ ਮੋਬਾਈਲ ਨੇ ਪੂਰੀ ਕਰ ਦਿੱਤੀ ਹੈ। ਘਰ ਦੇ ਸਾਰੇ ਮੈਂਬਰ, ਕੀ ਬੁੱਢੇ ਕੀ ਬੱਚੇ ਤੇ ਕੀ ਜਵਾਨ, ਸਾਰਾ ਦਿਨ ਸਕਰੀਨ ਤੇ ਉਂਗਲਾਂ ਮਾਰਦੇ ਰਹਿੰਦੇ ਹਨ। ਕਿਸੇ ਕੋਲ ਆਪਸ ਵਿੱਚ ਗੱਲ ਕਰਨ ਦਾ ਵਕਤ ਨਹੀਂ ਹੈ। ਜੇ ਘਰ ਵਿੱਚ ਵੀ ਕਿਸੇ ਨਾਲ ਵੀ ਗੱਲ ਕਰਨੀ ਹੋਵੇ ਤਾਂ ਉਸ ਦੇ ਕਮਰੇ ਵੱਲ ਜਾਣ ਦੀ ਬਜਾਏ ਮੋਬਾਈਲ ਤੇ ਕਰ ਲਈ ਜਾਂਦੀ ਹੈ। ਮੋਬਾਈਲ ਆਉਣ ਤੋਂ ਪਹਿਲਾਂ ਸਾਰੇ ਪਰਿਵਾਰ ਕੋਲ ਇੱਕ ਹੀ ਟੈਲੀਫੋਨ ਹੁੰਦਾ ਸੀ। ਉਸ ਨੂੰ ਬਹੁਤ ਸ਼ਾਨ ਨਾਲ ਘਰ ਦੇ ਸਭ ਤੋਂ ਖਾਸ ਕੋਨੇ ਵਿੱਚ ਸਜਾ ਕੇ ਰੱਖਿਆ ਜਾਂਦਾ ਸੀ ਕਿ ਆਏ ਗਏ ਨੂੰ ਸਾੜਿਆ ਜਾ ਸਕੇ। ਗਲੀ ਮੁਹੱਲੇ ਵਾਲੇ ਵੀ ਟੈਲੀਫੋਨ ਵਾਲੇ ਗੁਆਂਢੀ ਦਾ ਨੰਬਰ ਆਪਣੇ ਰਿਸ਼ਤੇਦਾਰਾਂ ਨੂੰ ਦੇ ਛੱਡਦੇ ਸਨ। ਇਸ ਗੱਲ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਜਦੋਂ ਕਿਸੇ ਦੀ ਕਾਲ ਆਉਣੀ ਤਾਂ ਬਹੁਤ ਚਾਅ ਨਾਲ ਦੌੜ ਕੇ ਬੁਲਾ ਕੇ ਲਿਆਉਣਾ।

ਤਰੱਕੀ ਹਰ ਸਮਾਜ ਲਈ ਜਰੂਰੀ ਹੈ। ਸਾਨੂੰ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲਣਾ ਹੀ ਪਵੇਗਾ। ਪਰ ਨਾਲ ਦੀ ਨਾਲ ਸਾਨੂੰ ਆਪਣਾ ਸੱਭਿਆਚਾਰ ਵੀ ਸੰਭਾਲ ਕੇ ਰੱਖਣਾ ਜਰੂਰੀ ਹੈ। ਕੈਨੇਡਾ ਅਮਰੀਕਾ ਵਿੱਚ ਵੱਸ ਰਹੇ ਪ੍ਰਵਾਸੀਆਂ ਦੇ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਵੀ ਕੁੜੀ-ਮੁੰਡੇ ਵਾਲੇ ਪਿਛਲਾ ਪਿੰਡ ਜਰੂਰ ਪੁੱਛਦੇ ਹਨ। ਕੋਈ ਦਰਖਤ ਆਪਣੀ ਜੜ੍ਹ ਤੋਂ ਉੱਖੜ ਕੇ ਵਧ ਫੁੱਲ ਨਹੀਂ ਸਕਦਾ ਤੇ ਨਾ ਹੀ ਕੋਈ ਪੰਛੀ ਟੁੱਟੇ ਖੰਭਾਂ ਨਾਲ ਪਰਵਾਜ਼ ਭਰ ਸਕਦਾ ਹੈ।

*****

(197)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਡਾ. ਜਸਵਿੰਦਰ ਸੰਧੂ ਲਿਖਦੇ ਹਨ:

ਸਿੱਧੂ ਸਾਹਿਬ, ਪੰਜਾਬੀ ਸੱਭਿਆਚਾਰ ਬਾਰੇ ਲੇਖ ਕਈ ਤਰ੍ਹਾਂ ਨਾਲ਼ ਰੌਚਕ ਹੈ। ਸਭ ਤੋਂ ਵਧੀਆ ਗੱਲ ਤਾਂ ਇਹ ਲੱਗੀ ਹੈ ਕਿ ਐਨੇ ਪੰਜਾਬੀ ਕੰਮ ਅਤੇ ਸਬੰਧਤ ਸ਼ਬਦ ਇੱਕ ਆਰਟੀਕਲ ਵਿਚ ਹੋਰ ਕਿਤੇ ਨਹੀਂ ਦੇਖੇ। ਉਨ੍ਹਾਂ ਦਾ ਸੱਭਿਆਚਾਰ ਬਾਰੇ ਤੌਖਲ਼ਾ ਸ਼ਾਇਦ ਉਨ੍ਹਾਂ ਦੀ ਰੁਚੀ ਨੂੰ ਪੁਰਾਣੇ ਸਮਿਆਂ ਨਾਲ਼ ਬੰਨ੍ਹੀ ਹੋਈ ਦਰਸਾ ਰਿਹਾ ਹੈ। ਉਦਾਹਰਣ ਲਈ “ਖਰਾਸਾਂ ਦਾ ਖਤਮ ਹੋਣਾ” ਤੇ ਹੋਰ ਅਜਿਹੀਆਂ ਗੱਲਾਂ ਜਿਵੇਂ ਕਿ ਹੱਥ ਨਾਲ਼ ਚੱਲਣ ਵਾਲ਼ੀਆਂ ਮਧਾਣੀਆਂ, ਲੱਸੀ ਆਦਿ ਬਾਰੇ ਵੀ ਉਨ੍ਹਾਂ ਦੇ ਵਿਚਾਰ ਇਹੋ ਜਿਹਾ ਕੁੱਝ ਹੀ ਦਰਸਾ ਰਹੇ ਹਨ।

ਮੇਰੇ ਵੀਰ ਬਲਰਾਜ, ਜਿੱਥੇ ਪੰਜਾਬੀ ਸੱਭਿਆਚਾਰ ਦੇ ਕੁੱਝ ਪੱਖ/ਅੰਗ ਅਲੋਪ ਹੋ ਰਹੇ ਨੇ, ਉੱਥੇ ਅਨੇਕਾਂ ਨਵੇਂ ਨਾਲ਼ ਜੁੜ ਵੀ ਰਹੇ ਨੇ। ਸੈੱਲ-ਫੋਨ, ਟੀਵੀ ਅਤੇ ਇੰਟਰਨੈੱਟ ਅੱਜ ਦੇ ਪੰਜਾਬੀ ਸੱਭਿਅਚਾਰ ਦੇ ਅਭਿੰਨ ਅੰਗ ਬਣ ਚੁੱਕੇ ਹਨ। ਮੈਂ ਨਿੱਜੀ ਤੌਰ ’ਤੇ ਇਨ੍ਹਾਂ ਪੱਖਾਂ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਖਣ ਦਾ ਹਾਮੀ ਹਾਂ। ਇਹ ਵਿਕਾਸ ਹੈ ਸਾਡੇ ਸੱਭਿਆਚਾਰ ਦਾ ਜੋ ਹਰ ਸੱਭਿਆਚਾਰ ਦਾ ਹੋ ਰਿਹਾ ਹੈ। ਇਸ ਤੋਂ ਬਿਨਾਂ ਅਸੀਂ ਦੁਨੀਆ ਦੇ ਦਾਇਰੇ ਚ ਖਤਮ ਹੋ ਜਾਵਾਂਗੇ। ਹਾਂ, ਸਾਨੂੰ ਫਿਕਰ ਵੀ ਜ਼ਰੂਰ ਕਰਨਾ ਚਾਹੀਦਾ ਹੈ, ਉਹ ਹੈ ਕਿ ਸਾਡੇ ਪੰਜਾਬੀਆਂ ਦਾ ਭਵਿੱਖ ਲਈ ਕੀ ਨਜ਼ਰੀਆ ਹੈ? ਅਸੀਂ ਆਪਣੇ ਬੱਚਿਆਂ ਨੂੰ ਕੀ ਸੇਧ ਦੇ ਰਹੇ ਹਾਂ ਤੇ ਕੀ ਦੇ ਸਕਦੇ ਹਾਂ।

***

 

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author