JatinderPannu7ਜਾਪਾਨ ਤੇ ਦੱਖਣੀ ਕੋਰੀਆ ਜਾਂ ਸਿੰਗਾਪੁਰ ਨੇ ਵੀ ਲੋਕਾਂ ਦੇ ਇਸੇ ਸਹਿਯੋਗ ਨਾਲ ...
(7 ਅਪਰੈਲ 2020)

 

ਅਜੋਕਾ ਸਾਲ ਚੜ੍ਹਦੇ ਸਾਰ ਜਿਹੜੀ ਬਿਮਾਰੀ ਨੂੰ ਚੀਨ ਦੇ ਸਿਰ ਪਈ ਮੁਸੀਬਤ ਸਮਝ ਕੇ ਦੁਨੀਆ ਦੇ ਕਈ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਤੋਂ ਵਪਾਰਕ ਜਾਂ ਡਿਪਲੋਮੈਟਿਕ ਲਾਭ ਲੈਣ ਦਾ ਯਤਨ ਕੀਤਾ ਸੀ, ਆਖਰ ਨੂੰ ਇਹ ਔਕੜ ਉਨ੍ਹਾਂ ਦੇ ਆਪਣੇ ਘਰਾਂ ਤੱਕ ਜਾ ਪਹੁੰਚੀਦੁਨੀਆ ਦੇ ਗਿਣੇ-ਚੁਣੇ ਦੇਸ਼ ਇਸ ਮੁਸੀਬਤ ਤੋਂ ਅਜੇ ਤੱਕ ਬਚੇ ਹੋਏ ਮੰਨੇ ਜਾ ਸਕਦੇ ਹਨ, ਬਾਕੀ ਸਭ ਦੇਸ਼ਾਂ ਵਿੱਚ ਇਸਦੀ ਮਾਰ ਜਾਂ ਲਾਗ ਜਾ ਚੁੱਕੀ ਹੋਣ ਕਾਰਨ ਇਹ ਦੱਸ ਸਕਣਾ ਕਿਸੇ ਵੀ ਮਾਹਰ ਲਈ ਔਖਾ ਹੈ ਕਿ ਮੁਸੀਬਤ ਮੁੱਕਣ ਵਿੱਚ ਐਨਾ ਕੁ ਸਮਾਂ ਲਾਵੇਗੀਹਕੀਕਤ ਇਹ ਹੈ ਕਿ ਕੋਈ ਮਾਹਰ ਇਹ ਗੱਲ ਕਹਿਣ ਵਾਲਾ ਵੀ ਨਹੀਂ ਲੱਭਦਾ ਕਿ ਇਹ ਬਿਮਾਰੀ ਆਖਰ ਨੂੰ ਕਾਬੂ ਆ ਹੀ ਜਾਵੇਗੀ, ਇਸਦੀ ਇਸਦੇ ਮਾਰ ਵਧਣ ਜਾਂ ਸਮੱਸਿਆ ਦੇ ਲਟਕਦੇ ਜਾਣ ਦੇ ਕਿਆਫੇ ਹੀ ਸੁਣਨ ਨੰ ਮਿਲਦੇ ਹਨਹਾਹਾਕਾਰ ਮਚਾਉਣ ਵਾਲੀ ਇਸ ਬਿਮਾਰੀ ਨਾਲ ਮੌਤਾਂ ਦੀ ਸਿਰਫ ਦਿਨੋ-ਦਿਨ ਗਿਣਤੀ ਹੀ ਨਹੀਂ ਵਧਦੀ, ਹਰ ਨਵੇਂ ਦਿਨ ਇਸ ਨਾਲ ਮੌਤਾਂ ਤੇ ਕੇਸਾਂ ਦੇ ਵਧਣ ਦੀ ਰਫਤਾਰ ਵੀ ਵਧੀ ਜਾਂਦੀ ਹੈਸੰਸਾਰ ਦੀ ਮਹਾਂਸ਼ਕਤੀ ਕਿਹਾ ਜਾਂਦਾ ਅਮਰੀਕਾ ਇਸਦੀ ਮਾਰ ਹੇਠ ਬੇਸ਼ਕ ਹੋਰਨਾਂ ਤੋਂ ਪਿੱਛੋਂ ਆਇਆ, ਪਰ ਜਦੋਂ ਉੱਥੇ ਇਸਦੀ ਮਾਰ ਪਈ ਤਾਂ ਇੰਨੀ ਤੇਜ਼ੀ ਨਾਲ ਵਧੀ ਹੈ ਕਿ ਉਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ

ਅਸੀਂ ਸਿਹਤ ਦੇ ਮਾਮਲਿਆਂ ਦੇ ਜਾਣਕਾਰ ਨਹੀਂ ਅਤੇ ਇਸੇ ਲਈ ਇਸ ਬਿਮਾਰੀ ਦੇ ਕਾਰਨਾਂ ਅਤੇ ਇਲਾਜ ਵਰਗੇ ਵੱਡੇ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ, ਸਗੋਂ ਇਸਦੀ ਥਾਂ ਇਸ ਗੱਲ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਸਾਰ ਦੇ ਕਈ ਦੇਸ਼ ਅਜੇ ਤੱਕ ਵੀ ਇਸ ਤੋਂ ਅਵੇਸਲੇ ਜਾਪਦੇ ਹਨਪਿਛਲੇ ਸਾਰੇ ਸਮੇਂ ਦੌਰਾਨ ਇਹ ਵਾਪਰਦਾ ਰਿਹਾ ਹੈ ਕਿ ਜਦੋਂ ਵੀ ਕੋਈ ਮਹਾਮਾਰੀ ਚੱਲੀ, ਉਸ ਦੀ ਮਾਰ ਇੱਕ ਹੱਦ ਤੱਕ ਸੀਮਤ ਰਹਿੰਦੀ ਸੀ, ਅੱਜ ਤੱਕ ਕਿਸੇ ਇੱਕ ਵੀ ਰੋਗ ਦੀ ਮਾਰ ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਨਹੀਂ ਸੀ ਹੋਈਕਿਉਂਕਿ ਸੰਸਾਰ ਨੂੰ ਇੱਦਾਂ ਦੀ ਖਿਲਾਰੇ ਵਾਲੀ ਮੁਸ਼ਕਲ ਨਾਲ ਪਹਿਲੀ ਵਾਰ ਮੱਥਾ ਲਾਉਣਾ ਪਿਆ ਹੈ, ਇਸ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਵੀ ਚੱਲਣਾ ਪੈਣਾ ਹੈਮੁਸ਼ਕਲ ਦਾ ਮੁਕਾਬਲਾ ਕਰਨ ਦੇ ਰਾਹ ਦੀ ਵੱਡੀ ਮੁਸ਼ਕਲ ਇਹੀ ਹੈ ਕਿ ਇਸਦੇ ਟਾਕਰੇ ਲਈ ਅਜੇ ਵੀ ਸਮੁੱਚੇ ਸੰਸਾਰ ਦੇ ਦੇਸ਼ਾਂ ਦੀ ਇੱਕਸੁਰਤਾ ਨਹੀਂ ਦਿਖਾਈ ਦੇ ਰਹੀਲੋੜੀਂਦੀ ਇੱਕਸੁਰਤਾ ਵੇਲੇ ਸਿਰ ਬਣ ਜਾਂਦੀ ਤਾਂ ਬਿਮਾਰੀ ਮੁੱਢ ਵਿੱਚ ਹੀ ਨੱਪੀ ਜਾ ਸਕਦੀ ਸੀ

ਜਦੋਂ ਇਸਦੀ ਮਾਰ ਚੀਨ ਵਿੱਚ ਸ਼ੁਰੂ ਹੋਈ, ਓਦੋਂ ਅਮਰੀਕਾ ਅਤੇ ਚੀਨ ਦਾ ਵਪਾਰਕ ਆਢਾ ਲੱਗਾ ਹੋਇਆ ਸੀ ਤੇ ਦੋਵਾਂ ਦਾ ਤਾਲਮੇਲ ਹੋ ਨਹੀਂ ਸੀ ਸਕਦਾਫਿਰ ਵੀ ਇਹ ਆਸ ਰੱਖੀ ਜਾਂਦੀ ਸੀ ਕਿ ਕਿਉਂਕਿ ਸੰਕਟ ਵੱਡਾ ਹੈ, ਇਸ ਲਈ ਅਮਰੀਕਾ ਦੀ ਸਰਕਾਰ ਹੰਗਾਮੀ ਹਾਲਾਤ ਵਿੱਚ ਵਿਰੋਧ ਦੇ ਕੁਝ ਨੁਕਤੇ ਲਾਂਭੇ ਰੱਖ ਕੇ ਮਦਦ ਦੇ ਸਕਦੀ ਹੈ ਇੱਦਾਂ ਦੀ ਕੋਈ ਗੱਲ ਉਸ ਵੇਲੇ ਨਹੀਂ ਸੀ ਹੋਈ, ਉਲਟਾ ਚੀਨ ਦੇ ਖਿਲਾਫ ਭੰਡੀ-ਪ੍ਰਚਾਰ ਦਾ ਚੱਕਰ ਚੱਲਦਾ ਰਿਹਾਵਪਾਰ ਉੱਤੇ ਨਜ਼ਰ ਰੱਖਦੀਆਂ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਉਸ ਵਕਤ ਅਮਰੀਕਾ ਵਿੱਚੋਂ ਮੂੰਹ ਢੱਕਣ ਵਾਲੇ ਮਾਸਕ ਅਤੇ ਸਰਜੀਕਲ ਜੰਤਰ ਹੀ ਨਹੀਂ, ਵੈਂਟੀਲੇਟਰ ਵੀ ਚੀਨ ਨੂੰ ਵੇਚੇ ਜਾਂਦੇ ਰਹੇ ਸਨਬਾਅਦ ਵਿੱਚ ਜਦੋਂ ਆਪਣੇ ਘਰ ਵਿੱਚ ਇਹੋ ਜਿਹੇ ਰੋਗ ਦਾ ਸਾਹਮਣਾ ਕਰਨ ਦੀ ਨੌਬਤ ਆਈ ਤਾਂ ਉਨ੍ਹਾਂ ਕੋਲ ਲੋੜੀਂਦਾ ਸਾਮਾਨ ਨਹੀਂ ਸੀ ਬਚਿਆਖਬਰਾਂ ਦੱਸ ਰਹੀਆਂ ਹਨ ਕਿ ਉਸ ਵਕਤ ਵੀ ਮਾਹਰਾਂ ਨੇ ਕਿਹਾ ਸੀ ਕਿ ਇਸ ਵੇਲੇ ਇਹ ਕੰਮ ਨਾ ਕੀਤਾ ਜਾਵੇ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਸੀਰਾਸ਼ਟਰਪਤੀ ਡੋਨਾਲਡ ਟਰੰਪ ਦਾ ਹਾਲ ‘ਹੱਥ ਕਾਰ ਵੱਲ, ਦਿਲ ਯਾਰ ਵੱਲ’ ਵਾਂਗ ਬਣਿਆ ਸੀਉਸ ਦੀ ਅਹੁਦੇ ਦੀ ਮਿਆਦ ਪੁੱਗਣ ਵਾਲੀ ਹੈ ਤੇ ਇਹ ਸਾਲ ਮੁੱਕਣ ਤੱਕ ਆਮ ਹਾਲਾਤ ਮੁਤਾਬਕ ਇਸ ਅਹੁਦੇ ਦੀ ਅਗਲੀ ਚੋਣ ਹੋਣੀ ਜ਼ਰੂਰੀ ਹੈਉਹ ਆਪਣੇ ਘਰ ਵਿੱਚ ਮਹਾਮਾਰੀ ਦਾ ਮੁਕਾਬਲਾ ਕਰਨ ਵੱਲ ਧਿਆਨ ਦੇਣ ਦੀ ਥਾਂ ਆਪਣੀ ਚੋਣ ਦੇ ਲਈ ਪਾਰਟੀ ਮੀਟਿੰਗਾਂ ਵਿੱਚ ਹੀ ਰੁੱਝਾ ਰਿਹਾ ਸੀਉਸ ਦੀ ਹਾਲਤ ਇਹ ਹੈ ਕਿ ਜਦੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਤਿੰਨ ਲੱਖ ਨੇੜੇ ਚਲੀ ਗਈ ਤੇ ਮੌਤਾਂ ਦਾ ਅੰਕੜਾ ਸਾਢੇ ਸੱਤ ਹਜ਼ਾਰ ਨੂੰ ਛੂਹ ਗਿਆ ਸੀ, ਉਸ ਨੇ ਅੱਲੋਕਾਰ ਬਿਆਨ ਦਾਗ ਦਿੱਤਾ ਕਿ ਰਾਸ਼ਟਰਪਤੀ ਚੋਣ ਮਿਥੇ ਸਮੇਂ ਉੱਤੇ ਹੀ ਕੀਤੀ ਜਾਵੇਗੀਸੰਸਾਰ ਭਰ ਦੀਆਂ ਉਲੰਪਿਕ ਖੇਡਾਂ ਅਗਲੇ ਸਾਲ ਲਈ ਮੁਤਲਵੀ ਹੋ ਚੁੱਕੀਆਂ ਹਨ ਤੇ ਹਾਲਾਤ ਵਿਗੜ ਗਏ ਤਾਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਵੀ ਸ਼ਾਇਦ ਕਰਵਾਉਣੀ ਬਹੁਤ ਔਖੀ ਹੋ ਜਾਣੀ ਹੈ, ਪਰ ਡੋਨਾਲਡ ਟਰੰਪ ਆਪਣੇ ਚੋਣਾਂ ਦੇ ਮੁਕਾਬਲੇ ਲਈ ਸਰਪੱਟ ਦੌੜਿਆ ਜਾ ਰਿਹਾ ਹੈ

ਨਤੀਜਾ ਇਸਦਾ ਇਹ ਨਿਕਲਿਆ ਕਿ ਚੀਨ ਨੇ ਸੰਸਾਰ ਰਾਜਨੀਤੀ ਦੀ ਬਿਆਨਬਾਜ਼ੀ ਵਿੱਚ ਫਸਣ ਦੀ ਥਾਂ ਔਕੜ ਦੇ ਟਾਕਰੇ ਲਈ ਸਾਰਾ ਧਿਆਨ ਲਾਇਆ ਤੇ ਕਾਬੂ ਪਾ ਲਿਆ ਉੱਥੇ ਹੋਈਆਂ ਮੌਤਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੀਕਰ ਆ ਕੇ ਰੁਕ ਗਈ ਹੈ, ਪਰ ਪਿੱਛੋਂ ਇਸ ਰੋਗ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਇਟਲੀ ਵਿੱਚ ਉਸ ਤੋਂ ਚਾਰ ਗੁਣਾਂ ਤੇ ਨਾਲ ਲੱਗਦੇ ਸਪੇਨ ਵਿੱਚ ਵੀ ਲਗਭਗ ਇੰਨੀਆਂ ਹੋ ਚੁੱਕੀਆਂ ਹਨਮਰਜ਼ ਦੀ ਮਾਰ ਹੇਠ ਆਉਣ ਉੱਤੇ ਇਰਾਨ ਲਈ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਚੋਭ ਲਾਉਣ ਵਾਂਗ ਕੀਤੀ ਸੀ, ਉਸ ਦੇਸ਼ ਨੇ ਬਿਮਾਰੀ ਨੂੰ ਠੱਲ੍ਹ ਪਾ ਲਈ ਅਤੇ ਸਵਾ ਤਿੰਨ ਹਜ਼ਾਰ ਮੌਤਾਂ ਉੱਤੇ ਰੁਕ ਗਿਆ ਹੈ, ਪਰ ਉਸ ਤੋਂ ਪਿੱਛੋਂ ਇਸ ਰਾਹੇ ਪਿਆ ਅਮਰੀਕਾ ਉਸ ਤੋਂ ਢਾਈ ਗੁਣਾਂ ਆਪਣੇ ਲੋਕ ਬਿਮਾਰੀ ਦੇ ਕਾਰਨ ਗੁਆ ਚੁੱਕਾ ਹੈਬਿਮਾਰੀ ਦੀ ਸ਼ੁਰੂਆਤ ਦਾ ਫਰਕ ਵੀ ਨੋਟ ਕਰਨ ਵਾਲਾ ਹੈਅਮਰੀਕਾ ਵਿੱਚ ਮੌਤਾਂ ਹੋਣ ਵਾਲਾ ਸਿਲਸਿਲਾ 29 ਫਰਵਰੀ ਨੂੰ ਸ਼ੁਰੂ ਹੋਇਆ ਸੀ, ਇਰਾਨ ਵਿੱਚ ਪਹਿਲੀ ਮੌਤ 19 ਫਰਵਰੀ ਨੂੰ ਹੋਈ ਸੀ ਤੇ ਇਟਲੀ ਵਿੱਚੋਂ ਪਹਿਲੀ ਮਾੜੀ ਖਬਰ 21 ਫਰਵਰੀ ਨੂੰ ਆਈ ਸੀ, ਜਦ ਕਿ ਫਰਾਂਸ ਵਿੱਚ ਮੌਤਾਂ ਦਾ ਚੱਕਰ 15 ਫਰਵਰੀ ਨੂੰ ਸ਼ੁਰੂ ਹੋਇਆ ਸੀਚੀਨ ਵਿੱਚ ਇਹ ਮਾਰ ਬਹੁਤ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਅਤੇ ਬਾਈ ਜਨਵਰੀ ਤੋਂ ਪਹਿਲਾਂ ਸਤਾਰਾਂ ਮੌਤਾਂ ਹੋ ਚੁੱਕੀਆਂ ਸਨਉਸ ਦੇ ਬਾਅਦ ਕਈ ਦਿਨ ਗਰਾਫ ਚੜ੍ਹਦਾ ਗਿਆਉਸ ਨੇ ਰੋਕਣ ਵਿੱਚ ਸਫਲਤਾ ਇਸ ਕਰ ਕੇ ਹਾਸਲ ਕਰ ਲਈ ਕਿ ਉਸ ਦੇਸ਼ ਦੇ ਲੋਕ ਆਪਣੀ ਸਰਕਾਰ ਦੇ ਲਾਗੂ ਕੀਤੇ ਲਾਕਡਾਊਨ ਦੀ ਉਲੰਘਣਾ ਕਰਨ ਦੀ ਹਿੰਮਤ ਕਰਨ ਵਾਲੇ ਨਹੀਂ, ਦੂਸਰੇ ਪਾਸੇ ਅਮਰੀਕਾ ਦਾ ਰਾਸ਼ਟਰਪਤੀ ਖੁਦ ਹੀ ਕਿਸੇ ਲਾਕਡਾਊਨ ਦੀ ਜ਼ਰੂਰਤ ਨਹੀਂ ਸੀ ਸਮਝਦਾਜਾਪਾਨ ਤੇ ਦੱਖਣੀ ਕੋਰੀਆ ਜਾਂ ਸਿੰਗਾਪੁਰ ਨੇ ਵੀ ਲੋਕਾਂ ਦੇ ਇਸੇ ਸਹਿਯੋਗ ਨਾਲ ਬਿਮਾਰੀ ਕੰਟਰੋਲ ਕੀਤੀ ਸੀ, ਪਰ ਇਟਲੀ, ਫਰਾਂਸ ਤੇ ਹੋਰ ਦੇਸ਼ ਇਸ ਤਰ੍ਹਾਂ ਦਾ ਬੰਧੇਜ-ਬੱਧ ਲਾਕਡਾਊਨ ਕਰਨ ਵਿੱਚ ਸਫਲ ਨਹੀਂ ਸੀ ਹੋ ਸਕੇਪਹਿਲਾਂ ਇਹ ਕੰਮ ਬੇਦਿਲੀ ਨਾਲ ਤੇ ਬਹੁਤ ਨਰਮੀ ਨਾਲ ਕੀਤਾ ਜਾਂਦਾ ਰਿਹਾ ਸੀ, ਜਿਸ ਕਾਰਨ ਇਹ ਬਿਮਾਰੀ ਵਧ ਗਈ ਹੋ ਸਕਦੀ ਹੈ

ਅਕਲਮੰਦੀ ਇਸ ਗੱਲ ਵਿੱਚ ਹੁੰਦੀ ਹੈ ਕਿ ਕਿਸੇ ਦੂਸਰੇ ਦਾ ਹੱਥ ਸੜਿਆ ਵੇਖ ਕੇ ਸੜਨ ਤੋਂ ਬਚਣ ਦਾ ਕੁਝ ਢੰਗ ਸੋਚਿਆ ਜਾਵੇ, ਪਰ ਇੱਥੇ ਇਹੋ ਜਿਹੀ ਗੱਲ ਸਿੱਖਣ ਦੀ ਥਾਂ ਕੁਝ ਕਾਰੋਬਾਰ, ਕੁਝ ਰਾਜਨੀਤੀ ਅਤੇ ਦੋਵਾਂ ਨਾਲੋਂ ਵੱਧ ਸੰਸਾਰ ਕੂਟਨੀਤੀ ਵੱਲ ਧਿਆਨ ਦੇਣ ਕਰ ਕੇ ਨੁਕਸਾਨ ਹੋਇਆ ਹੈਨੁਕਸਾਨ ਸਿਰਫ ਇਟਲੀ, ਇਰਾਨ, ਫਰਾਂਸ ਜਾਂ ਅਮਰੀਕਾ ਦਾ ਨਹੀਂ ਸਮਝਣਾ ਚਾਹੀਦਾ, ਇਹ ਮਨੁੱਖਤਾ ਦਾ ਨੁਕਸਾਨ ਹੈ ਅਤੇ ਅਗਲੀ ਗੱਲ ਇਹ ਕਿ ਜੇ ਇਸ ਗਲਤੀ ਤੋਂ ਅਜੇ ਤੱਕ ਵੀ ਨਾ ਸਿੱਖਿਆ ਗਿਆ ਤਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਇਹ ਨੁਕਸਾਨ ਭੁਗਤਣਾ ਪੈ ਸਕਦਾ ਹੈਭਾਰਤ ਵਿੱਚ ਅਜੇ ਬਚਾਅ ਦੀ ਹਾਲਤ ਜਾਪਦੀ ਹੈਅਸੀਂ ਸੁੱਖ ਮੰਗਾਂਗੇ ਕਿ ਸਾਡਾ ਦੇਸ਼ ਇਸ ਮਾਰ ਤੋਂ ਬਚਿਆ ਰਹੇ, ਪਰ ਇਸ ਲਈ ਕਿਸੇ ਸਰਕਾਰ ਦੇ ਸਿਰ ਸਾਰੀ ਜ਼ਿੰਮੇਵਾਰੀ ਛੱਡ ਕੇ ਨਹੀਂ ਬਚਿਆ ਜਾ ਸਕਦਾਲੋਕਾਂ ਨੂੰ ਵੀ ਇਸਦਾ ਸਹਿਯੋਗ ਕਰਨਾ ਪਵੇਗਾ ਤੇ ਇਹ ਸੋਚ ਕੇ ਕਰਨਾ ਪਵੇਗਾ ਕਿ ਜੀਣ-ਮਰਨ ਇਸ ਵਕਤ ਸਭ ਦਾ ਦਾਅ ਉੱਤੇ ਲੱਗ ਚੁੱਕਾ ਹੈਵੇਲਾ ਕਾਫੀ ਨਾਜ਼ਕ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2043)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author