KamaljeetKDr7ਭਾਵੇਂ ਬਹੁਤ ਸਾਰੇ ਲੇਖਕ ਨਿਰੰਜਣ ਬੋਹਾ ਦੀ ਬੇਬਾਕੀ ਤੋਂ ਪ੍ਰੇਸ਼ਾਨ ਹੋਣਗੇ ਪਰ ...
(4 ਅਪਰੈਲ 2020)

 

NiranjanBohaBook2ਗੁੱਡਵਿਲ ਪ੍ਰਕਾਸ਼ਨ ਮਾਨਸਾ ਵੱਲੋਂ ਪ੍ਰਕਾਸ਼ਿਤ ਲੇਖਕ ਤੇ ਆਲੋਚਕ ਨਿਰੰਜਣ ਬੋਹਾ ਦੀ ਪੁਸਤਕ ‘ਅਦਬ ਦੀਆਂ ਪਰਤਾਂ’ ਸਾਹਿਤਕ ਵਰਤਾਰਿਆਂ ਦੀਆਂ ਵੱਖੋ ਵੱਖਰੀਆਂ ਪਰਤਾਂ ਨੂੰ ਫਰੋਲਣ ਵਾਲੀ ਅਜਿਹੀ ਪੁਸਤਕ ਹੈ, ਜਿਸ ਵਿੱਚ ਲੇਖਕ ਵੱਲੋਂ ਸਾਹਿਤਕ ਖੇਤਰ ਦੀਆਂ ਮਿਲਣੀਆਂ, ਵਿਚਾਰਾਂ ਤਕਰਾਰਾਂ, ਮੀਟਿੰਗਾਂ, ਤੇ ਸਮਾਗਮਾਂ ਆਦਿ ਨਾਲ ਸਬੰਧਤ ਨਿੱਜੀ ਤੌਰ ਉੱਤੇ ਮਹਿਸੂਸ ਕੀਤੇ ਗਏ ਕੌੜੇ ਮਿੱਠੇ ਤਜਰਬਿਆਂ ਨੂੰ ਸੰਕਲਿਤ ਕੀਤਾ ਗਿਆ ਹੈਇਸ ਤੋਂ ਪਹਿਲਾਂ ਵੀ ਇਸ ਲੇਖਕ ਦੀ ਅਜਿਹੇ ਹੀ ਲੇਖਾਂ ਦੀ ਇੱਕ ਪੁਸਤਕ ‘ਮੇਰੇ ਹਿੱਸੇ ਦਾ ਅਦਬੀ ਸੱਚ’ ਸੰਨ 2015 ਵਿੱਚ ਪ੍ਰਕਾਸ਼ਿਤ ਹੋਈ ਸੀਇਹਨਾਂ ਦੋਹਾਂ ਪੁਸਤਕਾਂ ਦੇ ਵੱਖ ਵੱਖ ਲੇਖਾਂ ਰਾਹੀਂ ਲੇਖਕ ਨੇ ਸਾਹਿਤਕ ਖੇਤਰ ਦੇ ਸਕਾਰਤਮਕ ਤੇ ਨਕਾਰਤਮਕ ਵਰਤਾਰਿਆਂ, ਘਟਨਾਵਾਂ ਅਤੇ ਚੁੰਝ ਚਰਚਾਵਾਂ ਉੱਤੇ ਤਿਰਛੀ ਨਜ਼ਰ ਮਾਰਨ ਦਾ ਯਤਨ ਹੀ ਨਹੀਂ ਕੀਤਾ ਸਗੋਂ ਕਿਸੇ ਹੱਦ ਤੱਕ ਉਹ ਸਾਹਿਤਕ ਖੇਤਰ ਦੀ ਅਸਲ ਤਸਵੀਰ ਨੂੰ ਜ਼ੂਮ (zoom) ਕਰਕੇ ਵੇਖਣ ਵਿੱਚ ਵੀ ਸਫਲ ਹੁੰਦਾ ਵਿਖਾਈ ਦਿੰਦਾ ਹੈ

ਇਸ ਪੁਸਤਕ ਦੇ ਸਿਰਲੇਖ ਨੂੰ ਵਾਚਦਿਆਂ ਪਹਿਲੀ ਜਗਿਆਸਾ ਇਹ ਪੈਦਾ ਹੁੰਦੀ ਹੈ ਕਿ ਇਸ ਵਿੱਚ ਕਿਹੜੀ ਸਾਹਿਤਕ ਵਿਧਾ ਦੀਆਂ ਪਰਤਾਂ ਫਰੋਲੀਆਂ ਗਈਆਂ ਹਨਇਹ ਇਸ ਪੁਸਤਕ ਨੂੰ ਪੜ੍ਹ ਕੇ ਹੀ ਪਤਾ ਲੱਗਦਾ ਹੈ ਕਿ ਇਹ ਸਾਹਿਤਕ ਵਰਤਾਰਿਆਂ ਦੇ ਕੱਚ-ਸੱਚ ਨੂੰ ਆਪਣੀ ਆਲੋਚਨਾ ਤੇ ਪ੍ਰਸ਼ੰਸਾ ਦਾ ਭਾਗੀਦਾਰ ਬਣਾਉਂਦੀ ਹੈਸਾਹਿਤਕ ਵਰਤਾਰਿਆਂ ਸਬੰਧੀ ਕੀਤੀ ਅਜਿਹੀ ਚਰਚਾ ਸ਼ਾਇਦ ਹੀ ਕਿਸੇ ਹੋਰ ਪੁਸਤਕ ਵਿੱਚ ਮਿਲ ਸਕੇਨਾਵਲ, ਕਹਾਣੀਆਂ, ਨਾਟਕ, ਕਵਿਤਾ, ਗਜ਼ਲ ਤੇ ਵਾਰਤਕ ਦੇ ਖੇਤਰ ਆਪਣੀ ਆਪਣੀ ਥਾਂ ਉੱਤੇ ਆਪਣੀ ਮਹੱਤਤਾ ਰੱਖਦੇ ਹਨ ਪਰ ਇਸ ਪੁਸਤਕ ਰਾਹੀਂ ਚਰਚਾ ਵਿੱਚ ਆਈ ਸਾਹਿਤਕ ਵਰਤਾਰਿਆਂ ਦੀ ਜੀਵੰਤ ਪੇਸ਼ਕਾਰੀ ਆਪਣੀ ਅਲੱਗ ਹੀ ਪਛਾਣ ਬਣਾਉਂਦੀ ਨਜ਼ਰ ਆਉਂਦੀ ਹੈਲੇਖਕ ਨੇ ਇਸ ਪੁਸਤਕ ਰਾਹੀਂ ਆਪਣੀ ਜ਼ਿੰਦਗੀ ਦੌਰਾਨ ਵੱਖ ਵੱਖ ਥਾਵਾਂ, ਲੇਖਕਾਂ, ਖੋਜਾਰਥੀਆਂ, ਵਿਦਿਆਰਥੀਆਂ ਤੇ ਪਾਠਕਾਂ ਨਾਲ ਪਏ ਆਪਣੇ ਵਾਹ ਵਾਸਤੇ ਨੂੰ ਬੇਬਾਕੀ ਨਾਲ ਬਿਆਨ ਕਰਨ ਦੀ ਜੁਰਅਤ ਕੀਤੀ ਹੈ

ਕੋਈ ਵਿਰਲਾ ਹੀ ਲੇਖਕ ਹੋਵੇਗਾ ਜੋ ਅੱਜ ਦੇ ਸਮੇਂ ਦੌਰਾਨ ਅਜਿਹੀ ਅਸਲੀਅਤ ਨੂੰ ਹੂ-ਬਹੂ ਬਿਆਨ ਕਰਨ ਦਾ ਤਹੱਈਆ ਕਰ ਸਕਦਾ ਹੋਵੇਅੱਜ ਕੱਲ੍ਹ ਜਦੋਂ ਹਰ ਮਨੁੱਖ (ਸਮੇਤ ਲੇਖਕ) ਨੂੰ ਆਪਣੀ ਆਪਣੀ ਭਾਜੜ ਪਈ ਹੋਈ ਹੈ, ਹਰ ਕੋਈ ਹਾਥੀ ਦੇ ਦੰਦ ਖਾਣ ਅਤੇ ਵਿਖਾਉਣ ਵਾਲੀ ਦੋਹਰੇ ਮਾਪਦੰਡਾਂ ਵਾਲੀ ਜ਼ਿੰਦਗੀ ਜਿਉਂ ਰਿਹਾ ਹੈ ਤਾਂ ਇਸ ਲੇਖਕ ਨੇ ਸਾਹਿਤਕ ਖੇਤਰ ਵਿੱਚ ਪਨਪ ਰਹੇ ਇਸੇ ਤਰ੍ਹਾਂ ਦੇ ਰੁਝਾਨ ਬਾਰੇ ਗੁੱਝੇ ਭੇਦ ਇਸ ਪੁਸਤਕ ਰਾਹੀਂ ਖੋਲ੍ਹੇ ਹਨਸਾਹਿਤਕ ਖੇਤਰ ਦਾ ਸੱਚ ਝੂਠ ਨਿਤਾਰਨ ਦੀ ਸੋਚ ਅਧੀਨ ਲਿਖੇ ਗਏ ਇਸ ਪੁਸਤਕ ਵਿਚਲੇ ਲੇਖ ਪਾਠਕਾਂ ਨੂੰ ਆਪਣੇ ਨਾਲ ਜੋੜਨ ਵਾਲੇ ਹਨਲੇਖਕ ਨੇ ਆਪਣੇ ਸਾਹਿਤਕ ਖੇਤਰ ਦੇ ਤਜਰਬਿਆਂ ਨੂੰ ਬਿਨਾਂ ਕਿਸੇ ਝਿਜਕ ਦੇ ਇਮਾਨਦਾਰੀ ਨਾਲ ਅਭਿਵਿਅਕਤ ਕੀਤਾ ਹੈ

ਇਸ ਪੁਸਤਕ ਦੇ ਕਈ ਲੇਖ ਦਲਿਤ ਅਤੇ ਹਾਸ਼ੀਆਂ ਕ੍ਰਿਤ ਵਰਗ ਦੇ ਲੋਕਾਂ ਦੀ ਗੱਲ ਕਰਦੇ ਹਨ ਤੇ ਉਨ੍ਹਾਂ ਬਾਰੇ ਲਿਖੇ ਸਾਹਿਤ ਦੀ ਅਸਲੀਅਤ ਨੂੰ ਵੀ ਬਿਆਨਦੇ ਹਨਪੁਸਤਕ ਵਿੱਚ ਸ਼ਾਮਲ ਕੀਤੇ ਲੇਖ ‘ਦਲਿਤ ਲੋਕਾਂ ਬਾਰੇ ਲਿਖੇ ਸਾਹਿਤ ਦੀਆਂ ਸਮਰੱਥਾਵਾਂ ਤੇ ਸੀਮਾਵਾਂ’, ‘ਸਮਾਜ ਤੇ ਸਾਹਿਤ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ ਇੱਕ ਸ਼ਿਖੰਡੀ’, ਕਿੰਨਰ ਵਰਗ ਦੀ ਵੇਦਨਾ ਨੂੰ ਕਿਉਂ ਨਹੀਂ ਸੁਣ ਰਿਹਾ ਲੇਖਕ ਵਰਗ’ ਆਦਿ ਰਾਹੀਂ ਲੇਖਕ ਨੇ ਹਾਸ਼ੀਆ ਕ੍ਰਿਤ ਲੋਕਾਂ ਖਾਸ ਤੌਰ ਉੱਤੇ ਕਿੰਨਰ ਵਰਗ ਦੇ ਦਰਦ ਨੂੰ ਬਿਆਨਦੀਆਂ ਲਿਖਤਾਂ ਬਾਰੇ ਚਰਚਾ ਕਰਨ ਦੇ ਨਾਲ ਨਾਲ ਇਹ ਵੀ ਦੱਸਿਆ ਹੈ ਕਿ ਅਸੀਂ ਉਨ੍ਹਾਂ ਦੇ ਉਥਾਨ ਸੰਬੰਧੀ ਕੀ ਕਰ ਰਹੇ ਹਾਂ ਤੇ ਕੀ ਕਰ ਸਕਦੇ ਹਾਂ‘ਪੰਜਾਬ ਦੇ ਕਿੱਸਾ ਕਾਵਿ ਵਿੱਚ ਜ਼ਿਲ੍ਹਾ ਮਾਨਸਾ ਦਾ ਯੋਗਦਾਨ’ ਲੇਖ ਰਾਹੀਂ ਉਸ ਪੰਜਾਬ ਦੇ ਕਿਸਾ ਕਾਵਿ ਬਾਰੇ ਚਰਚਾ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਕਵੀਸ਼ਰੀ ਪਰੰਪਰਾ ਦੀ ਉਚੇਚੇ ਤੌਰ ਉੱਤੇ ਗੱਲ ਕੀਤੀ ਹੈ‘ਲੇਖਕ ਦੇ ਬੋਲਣ ਤੇ ਲਿਖਣ ਦੀ ਅਜ਼ਾਦੀ ਤੇ ਇਸਦੀਆਂ ਸੀਮਾਵਾਂ’ ਲੇਖ ਰਾਹੀਂ ਉਸ ਲੇਖਕ ਵਰਗ ਨੂੰ ਆਪਣੀ ਗੱਲ ਬੇਬਾਕੀ ਨਾਲ ਕਹਿਣ ਦੀ ਸਲਾਹ ਦੇਂਦਿਆ ਵੀ ਨੈਤਿਕ ਤੇ ਸਦਾਚਾਰਕ ਸੀਮਾਵਾਂ ਵਿੱਚ ਰਹਿਣ ਦੀ ਹਾਮੀ ਭਰੀ ਹੈਲੇਖ ‘ਮਰਦ ਲੇਖਕ ਬਨਾਮ ਔਰਤ ਲੇਖਿਕਾਵਾਂ’ ਰਾਹੀਂ ਉਸ ਆਧੁਨਿਕ ਸਮੇਂ ਦੇ ਲੇਖਕਾਂ ਦੀ ਸਾਹਿਤਕ ਗੋਸ਼ਟੀਆਂ ਅਤੇ ਸਭਾਵਾਂ ਵਿੱਚ ਸ਼ਾਮਲ ਹੋਣ ਵਾਲੀਆਂ ਲੇਖਿਕਾਵਾਂ ਪ੍ਰਤੀ ਸੋਚ ਦਾ ਵਰਣਨ ਕੀਤਾ ਹੈਇਸ ਲੇਖ ਰਾਹੀਂ ਆਪਣੇ ਨਿੱਜੀ ਤਜਰਬਿਆਂ ਰਾਹੀਂ ਮਰਦ ਲੇਖਕਾਂ ਦੇ ਲੇਖਿਕਾਵਾਂ ਪ੍ਰਤੀ ਵਿਵਹਾਰ ਨੂੰ ਦ੍ਰਿਸ਼ਟੀਗੋਚਰ ਕਰਨ ਸਬੰਧੀ ਦਲੇਰਾਨਾ ਸੱਚ ਬੋਲਿਆ ਹੈ

ਨਵੀਂ ਪੰਜਾਬੀ ਕਹਾਣੀ ਦਾ ਨਵਾਂ ਬੌਧਿਕ ਵਿਵਹਾਰ ਲੇਖ ਰਾਹੀਂ ਲੇਖਕ ਨੇ ਚੌਥੀ ਕੂੰਟ ਦੇ ਆਧੁਨਿਕ ਕਹਾਣੀਕਾਰਾਂ ਤੇ ਦੂਜੀ ਤੇ ਤੀਜੀ ਪੀੜ੍ਹੀ ਦੇ ਕਹਾਣੀਕਾਰਾਂ ਦੀਆਂ ਲਿਖੀਆ ਕਹਾਣੀਆਂ ਦੇ ਵਿਸ਼ਿਆਂ ਨੂੰ ਛੋਹਣ ਦੀ ਕੋਸ਼ਿਸ਼ ਕਰਦੇ ਹੋਏ ਦੱਸਿਆ ਹੈ ਕਿ ਕਿਵੇਂ ਸਮੇਂ ਦੀ ਤਬਦੀਲੀ ਨਾਲ ਅੱਜ ਕੱਲ੍ਹ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਵਿਸ਼ਿਆਂ, ਇਹਨਾਂ ਦੇ ਨਿਭਾਅ ਦੀਆਂ ਕਲਾਤਮਕ ਜੁਗਤਾਂ ਅਤੇ ਪਾਤਰਾਂ ਵਿੱਚ ਵੀ ਤਬਦੀਲੀਆਂ ਆ ਰਹੀਆਂ ਹਨਇਸ ਲੇਖ ਵਿੱਚ ਉਸ ਨੇ ਆਧੁਨਿਕ ਕਹਾਣੀਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਮਾਜਿਕ ਜਾਬਤੇ ਵਿੱਚ ਰਹਿ ਕੇ ਹੀ ਆਪਣੀ ਗੱਲ ਕਰਨ, ਤਾਂ ਕਿ ਸਮਾਜਿਕ ਅੰਸਤੁਲਨ ਦੀ ਸਥਿਤੀ ਪੈਦਾ ਹੋਣ ਦੇ ਖਤਰੇ ਨੂੰ ਟਾਲਿਆ ਜਾ ਸਕੇ

‘ਸਾਹਿਤ ਦੀ ਆਲੋਚਨਾ ਬਨਾਮ ਸਾਹਿਤ ਦੇ ਡਾਕਟਰ’ ਲੇਖ ਰਾਹੀਂ ਉਸ ਨੇ ਮੌਲਿਕ ਅਤੇ ਮਿਹਨਤੀ ਖੋਜਾਰਥੀਆਂ ਦੇ ਬਰਾਬਰ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਅਖੌਤੀ ਖੋਜਾਰਥੀਆਂ ਨੂੰ ਭੰਡਿਆ ਹੈ ਤੇ ਖੋਜ ਕਾਰਜਾਂ ਦੀ ਘਟ ਰਹੀ ਗੁਣਵੱਤਾ ਅਤੇ ਇਹਨਾਂ ਦੀ ਖਰੀਦ ਵੇਚ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਇੱਕ ਹੋਰ ਲੇਖ ਵਿੱਚ ਉਸ ਨੇ ਸਾਹਿਤਕ ਪੁਸਤਕਾਂ ਨੂੰ ਸ਼ਗਨ ਪਾਉਣ ਲਈ ਇੱਕ ਚੰਗੀ ਸਾਹਿਤਕ ਪਰੰਪਰਾ ਪਾਉਣ ਦੀ ਗੱਲ ਕਰਕੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ

‘ਇੱਕ ਖ਼ਤ ਸੁਰਜੀਤ ਗੱਗ ਦੇ ਨਾਂ’ ਲੇਖ ਰਾਹੀਂ ਲੇਖਕ ਨੇ ਕਵੀ ਸੁਰਜੀਤ ਗੱਗ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖੀ ਕਵਿਤਾ ਤੋਂ ਪੈਦਾ ਹੋਏ ਵਿਵਾਦ ਦਾ ਵਿਸ਼ਾ ਛੂਹਿਆ ਹੈ ਤੇ ਉਸ ਨੂੰ ਸਮਕਾਲੀ ਰਾਜਨੀਤਕ ਤੇ ਆਰਥਿਕ ਵਿਵਸਥਾ ਉੱਤੇ ਲੁਹਾਰ ਦੀ ਜ਼ੋਰ ਤੇ ਜੋਸ਼ ਵਾਲੀ ਸੱਟ ਦੇ ਮੁਕਾਬਲੇ ਸੁਨਿਆਰ ਵਾਂਗ ਹੋਸ਼ ਨਾਲ ਕਲਾਮਈ ਤੇ ਅਸਰਦਾਰ ਸੱਟ ਮਾਰਨ ਦੀ ਨੇਕ ਸਲਾਹ ਦਿੱਤੀ ਹੈਆਪਣੇ ਉਮਰ ਭਰ ਦੇ ਤਜਰਬੇ ਤੋਂ ਵੀ ਉਸ ਨੇ ਗੱਗ ਨੂੰ ਸਹਿਜੇ ਸਹਿਜੇ ਸਾਹਿਤਕ ਰਚਨਾਵਾਂ ਲਿਖ ਕੇ ਇਸ ਖੇਤਰ ਵਿੱਚ ਬਣੇ ਰਹਿਣ ਦੀ ਅਪੀਲ ਕੀਤੀ ਹੈ

ਸਾਹਿਤਕ ਚਿੱਠੀਆਂ ਬਾਰੇ ਗੱਲ ਕਰਦਿਆਂ ਉਹ ਆਖਦਾ ਹੈ ਕਿ ਅੱਜ ਕੱਲ੍ਹ ਦੀ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਨੇ ਸਾਹਿਤਕ ਚਿੱਠੀਆਂ ਦੀ ਪਰੰਪਰਾ ਨੂੰ ਲਗਭਗ ਖਤਮ ਹੀ ਕਰ ਦਿੱਤਾ ਹੈ, ਜਦੋਂ ਕਿ ਇਹ ਚਿੱਠੀਆਂ ਸਾਹਿਤ ਦੇ ਪਸਾਰ ਲਈ ਇੱਕ ਅਮੀਰ ਖਜ਼ਾਨਾ ਤੇ ਦਸਤਾਵੇਜ਼ ਸਿੱਧ ਹੁੰਦੀਆਂ ਰਹੀਆਂ ਹਨਬਾਕੀ ਲੇਖਾਂ ਦੇ ਮੁਕਾਬਲੇ ਇਹ ਲੇਖ ਇਸ ਲਈ ਕੁਝ ਹਲਕਾ ਜਾਪਦਾ ਹੈ ਕਿ ਇਸ ਵਿੱਚ ਡਾਕਟਰ ਤੇਜਵੰਤ ਮਾਨ ਦੀਆਂ ਕੁਝ ਨਿੱਜੀ ਚਿੱਠੀਆਂ ਦੀ ਹੀ ਗੱਲ ਕੀਤੀ ਗਈ ਹੈ

ਕਹਾਣੀ ਗੋਸ਼ਟੀ ਬਨਾਮ ਕਹਾਣੀ ਵਰਕਸ਼ਾਪ ਲੇਖ ਵਿੱਚ ਬੋਹਾ ਨੇ ਕਹਾਣੀ ਵਰਕਸ਼ਾਪ ਬਾਰੇ ਚੰਗੀ ਤੇ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈਮੈਂ ਉਸਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਕਿਸੇ ਆਲੋਚਕ ਜਾਂ ਵਿਦਵਾਨ ਨੂੰ ਵਰਕਸ਼ਾਪ ਜਾਂ ਗੋਸ਼ਟੀ ਦੌਰਾਨ ਪੜ੍ਹੀਆਂ ਗਈਆਂ ਕਹਾਣੀਆਂ ਬਾਰੇ ਨੋਟਿੰਗ ਲੈਣ ਲਈ ਉਚਿਤ ਸਮਾਂ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਹੀ ਉਹ ਵਿਦਵਾਨ ਕਿਸੇ ਲਿਖਤ ਦੀ ਸਹੀ ਤੇ ਅਰਥ ਭਰਪੂਰ ਆਲੋਚਨਾ ਕਰ ਸਕੇਗਾਅੱਜ ਦੇ ਸਮੇਂ ਦੀਆਂ ਵਧੇਰੇ ਸਾਹਿਤਕ ਗੋਸ਼ਟੀਆਂ ਵਿੱਚ ਆਲੋਚਨਾ ਕਰਨ ਦੀ ਥਾਂ ਉੱਤੇ ਕੇਵਲ ਇਸਦੀ ਰਸਮ ਹੀ ਨਿਭਾਈ ਜਾ ਰਹੀ ਹੈ, ਜਿਸ ਕਾਰਨ ਸਾਹਿਤਕ ਰਚਨਾਵਾਂ ਦਾ ਮਿਆਰ ਸੁਧਰਨ ਦੀ ਬਜਾਇ ਗਿਰਾਵਟ ਵੱਲ ਜਾ ਰਿਹਾ ਹੈ

ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀਆਂ ਟਿੱਪਣੀਆਂ ਬਾਰੇ ਲਿਖੇ ਲੇਖ ਵਿੱਚ ਲੇਖਕ ਨੇ ਆਪਣੇ ਆਪ ਬਾਰੇ ਵੀ ਆਪਣੇ ਹਿੱਸੇ ਦਾ ਸੱਚ ਬੜੀ ਬੇਬਾਕੀ ਨਾਲ ਬੋਲਿਆ ਹੈਅਜਿਹਾ ਸਾਹਿਤਕ ਬਿਆਨ ਕਰਨ ਦੀ ਇਮਾਨਦਾਰੀ ਆਮ ਵੇਖਣ ਵਿੱਚ ਨਹੀਂ ਮਿਲਦੀਅਜਿਹਾ ਕਰਕੇ ਉਸ ਨਵੇਂ ਉੱਭਰ ਰਹੇ ਲੇਖਕਾਂ ਨੂੰ ਵੱਡੇ ਲੇਖਕਾਂ ਦੀਆਂ ਤਲਖ ਟਿੱਪਣੀਆਂ ਨੂੰ ਚਣੌਤੀ ਵਾਂਗ ਕਬੂਲਣ ਦਾ ਚੰਗਾ ਸੁਨੇਹਾ ਦਿੱਤਾ ਹੈਅੱਜ ਕੱਲ੍ਹ ਦੀ ਭੱਜ ਨੱਠ ਦੀ ਜ਼ਿੰਦਗੀ ਤੇ ਸੂਚਨਾ ਤਕਨਾਲੋਜੀ ਤੇ ਇੰਟਰਨੈੱਟ ਦੇ ਜੁਗ ਵਿੱਚ ਪਾਠਕਾਂ ਦੀ ਘਾਟ ਪੈਦਾ ਹੋਣਾ ਲੇਖਕਾਂ ਲਈ ਵੱਡਾ ਮਸਲਾ ਬਣਦਾ ਜਾ ਰਿਹਾ ਹੈ ਇੰਟਰਨੈੱਟ ਦੀ ਸਹੂਲਤ ਨੇ ਪਾਠਕ ਵਰਗ ਦਾ ਕਿਤਾਬਾਂ ਅਤੇ ਪ੍ਰਿੰਟ ਹੋਏ ਸਾਹਿਤ ਨਾਲੋਂ ਮੋਹ ਭੰਗ ਕਰ ਦਿੱਤਾ ਹੈ ਤਾਂ ਬੋਹਾ ਪੰਜਾਬੀ ਸਾਹਿਤਕ ਪਰਚਿਆਂ ਦੀ ਅੱਜ ਕੱਲ੍ਹ ਵਿੱਕਰੀ ਘੱਟ ਹੋਣ ਦੇ ਮਸਲੇ ਨੂੰ ਵੀ ਬਾ-ਖੂਬੀ ਉਭਾਰਦਾ ਹੈਪੁਰਾਣੇ ਤੇ ਸਥਾਪਿਤ ਲੇਖਕਾਂ ਵੱਲੋਂ ਸਾਹਿਤਕ ਪਰਚਿਆਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਬਾਰੇ ਵੀ ਲੇਖਕ ਨੇ ਆਪਣੀ ਗੱਲ ਬਹੁਤ ਖੁਲ੍ਹ ਕੇ ਕੀਤੀ ਹੈ

ਇੱਕ ਹੋਰ ਲੇਖ ‘ਢੁੱਕਵੀਂ ਸਟੇਜ ’ਤੇ ਬੋਲਿਆ ਆਪਣੇ ਹਿੱਸੇ ਦਾ ਅਦਬੀ ਸੱਚ’ ਵਿੱਚ ਲੇਖਕ ਨੇ ਯੂਨੀਵਰਸਿਟੀਆਂ ਵੱਲੋਂ ਪੀ. ਐੱਚ. ਡੀ. ਅਤੇ ਐੱਮ. ਫਿੱਲ ਪੱਧਰ ਦੇ ਖੋਜ ਕਾਰਜਾਂ ਸੰਬੰਧੀ ਬਣਾਈ ਨੀਤੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈਉਸ ਅਨੁਸਾਰ ਅੱਜ ਕੱਲ੍ਹ ਹੋ ਰਹੇ ਖੋਜ ਕਾਰਜਾਂ ਵਿੱਚ ਚੱਲ ਰਹੇ ਨਕਲ ਤੇ ਚੇਪੀ ਦੇ ਰੁਝਾਨ ਉੱਤੇ ਨੱਥ ਪਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈਲੇਖਕ ਦੀ ਚੰਗੀ ਸੋਚ ਤੇ ਸਮਝ ਪੇਸ਼ ਕਰਦਾ ਇਹ ਲੇਖ ਇਸ ਪੁਸਤਕ ਦਾ ਵਿਸ਼ੇਸ਼ ਹਾਸਿਲ ਹੈਆਪਣੇ ਲੇਖ ‘ਦਿਲ ਦੀ ਧੜਕਣ ਵਧਾਉਣ ਵਾਲਾ ਸਾਹਿਤਕ ਕਾਰਜ’ ਵਿੱਚ ਉਸ ਸਮਾਜਿਕ ਧਰਾਤਲ ਦੇ ਅਣਛੋਹੇ ਤੇ ਵਿਲੱਖਣ ਵਿਸ਼ਿਆਂ ਬਾਰੇ ਹੋਣ ਵਾਲੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ ਹਨਸੋਸ਼ਲ ਮੀਡੀਏ ਰਾਹੀਂ ਨਾਮਵਰ ਲੇਖਕਾਂ ਦੇ ਹੋਣ ਵਾਲੇ ਵਿਰੋਧ ਬਾਰੇ ਵੀ ਲੇਖਕ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਪਰ ਮੈਂਨੂੰ ਜਾਪਦਾ ਹੈ ਕਿ ਕਈ ਵਾਰ ਨਾਮਵਰ ਲੇਖਕ, ਕਲਾਕਾਰ ਆਦਿ ਸੋਸ਼ਲ ਮੀਡੀਆ ਰਾਹੀਂ ਅਜਿਹੇ ਵਿਸ਼ੇ ਬਾਰੇ ਚਰਚਾ ਛੇੜਦੇ ਹਨ ਤਾਂ ਕਿ ਉਨ੍ਹਾਂ ਬਾਰੇ ਚਰਚਾ ਹੋਣ ਤੋਂ ਬਾਅਦ ਪਾਠਕ ਉਹਨਾਂ ਨਾਲ ਪੱਕੇ ਤੌਰ ਉੱਤੇ ਜੁੜ ਜਾਵੇਕਈ ਵਾਰ ਅਣਜਾਣ ਅਤੇ ਸਾਹਿਤਕ ਪੱਖ ਤੋਂ ਕੋਰੇ ਲੋਕ ਵੀ ਅਣ-ਲੋੜੀਆਂ ਟਿੱਪਣੀਆਂ ਕਰਕੇ ਬਿਨਾਂ ਵਜਾਹ ਵਿਵਾਦ ਪੈਦਾ ਕਰਦੇ ਰਹਿੰਦੇ ਹਨ

ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੇ ਪ੍ਰਫੁੱਲਿਤ ਨਾ ਹੋਣ ਦੇ ਕਾਰਨਾਂ ਨੂੰ ਲੱਭਦਿਆਂ ਲੇਖਕ ਅਨੁਮਾਨ ਲਾਉਂਦਾ ਹੈ ਕਿ ਇੰਟਰਨੈੱਟ ਅਤੇ ਵਿਕਸਿਤ ਸੂਚਨਾ ਤਕਨੀਕ ਦੇ ਸਮੇਂ ਵਿੱਚ ਪਾਠਕ ਆਨ ਲਾਈਨ ਸਾਹਿਤ ਪੜ੍ਹਨ ਨੂੰ ਪਹਿਲ ਦੇਣ ਲੱਗ ਪਿਆ ਹੈ ਤੇ ਇਹ ਗੱਲ ਪ੍ਰਿੰਟ ਸਾਹਿਤ ਦੇ ਵਿਕਾਸ ਤੇ ਨਿਕਾਸ ਲਈ ਵੱਡੀ ਚਣੌਤੀ ਹੈਆਪਣੇ ਲਿਖੇ ਜਾ ਰਹੇ ਲੜੀਵਾਰ ਕਾਲਮਾਂ ਬਾਰੇ ਵੀ ਉਸ ਬਾਖੂਬੀ ਚਾਨਣਾ ਪਾਇਆ ਹੈਇਸ ਤੋਂ ਇਲਾਵਾ ਉਸ ਆਪਣੀ ਸਾਹਿਤਕ ਸਿਰਜਣਾ ਸੰਬੰਧੀ ਲਈ ਜਾਣ ਵਾਲੀ ਫੇਸਬੁੱਕ ਦੀ ਮਦਦ ਬਾਰੇ ਵੀ ਇੱਕ ਵੱਖਰਾ ਲੇਖ ਲਿਖਿਆ ਹੈਸੋਸ਼ਲ ਮੀਡੀਏ ਰਾਹੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਸੌਖਾ ਤੇ ਜਲਦੀ ਹੋ ਜਾਂਦਾ ਹੈ, ਇਸ ਲਈ ਉਸਦਾ ਵਿਚਾਰ ਹੈ ਕਿ ਸਾਰੇ ਲੇਖਕਾਂ ਨੂੰ ਇਸ ਨਾਲ ਜੁੜਨ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ ਤੇ ਇਸਦੀ ਵਰਤੋਂ ਦੇ ਸਕਾਰਤਮਕ ਢੰਗ ਤਰੀਕਿਆਂ ਨਾਲ ਵੀ ਜੁੜਨਾ ਚਾਹੀਦਾ ਹੈਇਸ ਲੇਖ ਰਾਹੀਂ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਸੋਸ਼ਲ ਮੀਡੀਆ, ਖਾਸ ਤੌਰ ਉੱਤੇ ਫੇਸਬੁੱਕ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਇੱਕ ਹੋਰ ਲੇਖ ਰਾਹੀਂ ਉਸਨੇ ਲੇਖਕਾਂ ਤੇ ਪਾਠਕਾਂ ਦੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਸੋਸ਼ਲ ਮੀਡੀਏ ਦੀ ਭੂਮਿਕਾ ਬਾਰੇ ਲਿਖਿਆ ਹੈਉਸ ਅਨੁਸਾਰ ਅੱਜ ਕੱਲ੍ਹ ਸਾਰੇ ਨਵੇਂ ਪੁਰਾਣੇ ਲੇਖਕਾਂ ਨੂੰ ਸਮੇਂ ਦੇ ਹਾਣੀ ਬਣਨ ਦੀ ਜ਼ਰੂਰਤ ਹੈਉਸ ਇਸ ਲੇਖ ਰਾਹੀਂ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਹੈ ਕਿ ਲੇਖਕ ਪਾਠਕ ਕਿਵੇਂ ਸੋਸ਼ਲ ਮੀਡੀਆ ਰਾਹੀਂ ਆਪਣੀ ਨੇੜਤਾ ਨੂੰ ਵਧਾ ਸਕਦੇ ਹਨ

ਕਿੰਨਰ ਵਰਗ ਜੋ ਕੇ ਸਮਾਜ ਵੱਲੋਂ ਅਣਗੋਲਿਆਂ ਕੀਤਾ ਹਾਸ਼ੀਆ ਕ੍ਰਿਤ ਵਰਗ ਹੈ ਬਾਰੇ ਸਾਡਾ ਸਮਾਜਿਕ ਨਜ਼ਰੀਆ ਬਦਲਣ ਲਈ ਉਸ ਖੂਬਸੂਰਤ ਲੇਖ ਲਿਖੇ ਹਨਆਪਣੇ ਅੰਤਲੇ ਦੋ ਲੇਖਾਂ ਰਾਹੀਂ ਉਸ ਕਿੰਨਰ ਵਰਗ ਦੇ ਹਿੱਤਾਂ ਤੇ ਹੱਕਾਂ ਲਈ ਲੜਨ ਵਾਲੇ ਧੰਨਜਯ ਚੌਹਾਨ ਦੇ ਹਵਾਲੇ ਨਾਲ ਪੰਜਾਬੀ ਲੇਖਕਾਂ ਨੂੰ ਵੀ ਇਸ ਲੜਾਈ ਵਿੱਚ ਉਸਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਤੇ ਹਾਸ਼ੀਆ ਕ੍ਰਿਤ ਵਰਗ ਦੇ ਸਮਾਜਿਕ ਸਨਮਾਨ ਦੀ ਬਹਾਲੀ ਲਈ ਯਥਰਾਥਕ ਧਰਾਤਲ ’ਤੇ ਲਿਖਤੀ ਤੇ ਪ੍ਰਯੋਗੀ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ

ਇਸ ਪੁਸਤਕ ਵਿੱਚ ਨਿੱਜੀ ਮੁਲਾਕਾਤਾਂ ਤੇ ਸਾਹਿਤ ਸਭਾਵਾਂ ਆਦਿ ਨੂੰ ਅਧਾਰ ਬਣਾ ਕੇ ਲਿਖੇ ਗਏ ਗਏ ਲੇਖ ਲੇਖਕ ਦੇ ਨਿੱਜੀ ਤੌਰ ਉੱਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋਣ ਦਾ ਸਬੂਤ ਦੇਂਦੇ ਹਨਹਰ ਲੇਖ ਤਿੰਨ ਜਾਂ ਚਾਰ ਪੰਨਿਆਂ ਵਿੱਚ ਸਮੇਟਿਆ ਹੋਇਆ ਹੋਣ ਕਾਰਨ ਪਾਠਕ ਦੀ ਪੁਸਤਕ ਪੜ੍ਹਨ ਦੀ ਲਗਾਤਾਰਤਾ ਤੇ ਦਿਲਚਸਪੀ ਬਣੀ ਰਹਿੰਦੀ ਹੈ, ਜੋ ਇਸ ਪੁਸਤਕ ਦਾ ਹਾਸਲ ਹੈਉਕਤ ਵੱਖ ਵੱਖ ਲੇਖਾਂ ਦੀ ਸੰਖੇਪ ਅਤੇ ਵਿਸ਼ਾਵਾਰ ਪੜਚੋਲ ਕਰਦਿਆਂ ਇਸ ਪੁਸਤਕ ਨਾਲ ਸੰਬੰਧਤ ਕਈ ਹੋਰ ਗੱਲਾਂ ਵੀ ਮੇਰੇ ਜ਼ਿਹਨ ਵਿੱਚ ਆਈਆਂ ਹਨ ਜੋ ਪੁਸਤਕ ਦੇ ਅਗਲੇ ਐਡੀਸ਼ਨ ਵਿੱਚ ਇਸਦੇ ਕਲਾਤਮਕ ਮੁੱਲ ਵਿੱਚ ਹੋਰ ਵਾਧਾ ਕਰ ਸਕਦੀਆਂ ਹਨ

ਕਈ ਲੇਖਾਂ ਵਿੱਚ ਲੇਖਕ ਵੱਲੋਂ ‘ਮੈਂ ਜਾਂ ‘ਮੇਰਾ’ ਸ਼ਬਦਾਂ ਨੂੰ ਵਾਰ ਵਾਰ ਦੁਹਰਾਏ ਜਾਣ ਕਾਰਨ ਲੇਖਕ ਵੱਲੋਂ ਆਪਣੀ ਸਵੈ ਪ੍ਰਸ਼ੰਸਾ ਕੀਤੇ ਜਾਣ ਦਾ ਭੁਲੇਖਾ ਪੈਂਦਾ ਹੈ ਭਾਵੇਂ ਕੁਝ ਲੇਖਾਂ ਦੇ ਅੰਤ ਵਿੱਚ ਉਸ ਸਪਸ਼ਟੀਕਰਨ ਦੇ ਰੂਪ ਵਿੱਚ ਪਾਠਕਾਂ ਦੇ ਇਸ ਭਰਮ ਨੂੰ ਦੂਰ ਵੀ ਕੀਤਾ ਹੈਪੁਸਤਕ ਦੇ ਸ਼ੁਰੂ ਵਿੱਚ ਦਿੱਤੀ ਕਵਿਤਾ ਲੋੜੋਂ ਵੱਧ ਪ੍ਰਸ਼ੰਸਾ ਮੂਲਕ ਹੈਲੇਖਕ ਆਪਣੀਆਂ ਇਸ ਪੁਸਤਕ ਵਿਚਲੀਆਂ ਰਚਨਾਵਾਂ ਦੇ ਭਾਵਬੋਧ ਜਾਂ ਤੱਤਸਾਰ ਨੂੰ ਰੁਟੀਨ ਵਿੱਚ ਫੇਸਬੁੱਕ ਉੱਤੇ ਪਾਉਂਦਾ ਰਹਿੰਦਾ ਹੈ, ਇਸ ਲਈ ਰਚਨਾ ਦੀ ਪੰਜਾਹ ਫੀਸਦੀ ਆਲੋਚਨਾ ਤਾਂ ਰਚਨਾ ਛਪਣ ਤੋਂ ਪਹਿਲਾਂ ਹੀ ਹੋ ਜਾਂਦੀ ਹੈਇਹ ਵੀ ਲੇਖਕ ਦੀ ਚੰਗੀ ਆਦਤ ਹੀ ਆਖੀ ਜਾ ਸਕਦੀ ਹੈਪੁਸਤਕ ਵਿੱਚ ਸ਼ਬਦ ਜੋੜਾਂ ਦੀਆਂ ਗਲਤੀਆਂ ਕਾਫੀ ਰੜਕਦੀਆਂ ਹਨਪਰ ਇੱਕ ਮਿਆਰੀ ਸਾਹਿਤਕ ਪੁਸਤਕ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਹ ਗੱਲ ਉਚਿਤ ਨਹੀਂ ਹੈ

ਭਾਵੇਂ ਬਹੁਤ ਸਾਰੇ ਲੇਖਕ ਨਿਰੰਜਣ ਬੋਹਾ ਦੀ ਬੇਬਾਕੀ ਤੋਂ ਪ੍ਰੇਸ਼ਾਨ ਹੋਣਗੇ ਪਰ ਕੁਝ ਵੀ ਕਹੀਏ, ਅਜਿਹਾ ਸੱਚ ਲਿਖਣਾ ਮੇਰੇ ਖਿਆਲ ਅਨੁਸਾਰ ਕਿਸੇ ਵਿਰਲੇ ਲੇਖਕ ਦੇ ਹਿੱਸੇ ਹੀ ਆਉਂਦਾ ਹੈਪੁਸਤਕ ਵਿੱਚ ਲੇਖਕ ਨੇ ਭਾਵੇਂ ਆਮ ਬੋਲ ਚਾਲ ਵਿੱਚ ਵਰਤੇ ਜਾਂਦੇ ਕੁਝ ਅੰਗਰੇਜ਼ੀ ਦੇ ਸ਼ਬਦ ਵੀ ਵਰਤੇ ਹਨ ਪਰ ਕੁਲ ਮਿਲਾ ਕੇ ਇਸ ਪੁਸਤਕ ਵਿਚਲੇ ਲੇਖਾਂ ਦੀ ਭਾਸ਼ਾ ਤੇ ਸ਼ੈਲੀ ਆਮ ਪਾਠਕਾਂ ਦੇ ਪੱਧਰ ਦੀ ਸਰਲ ਅਤੇ ਸੁਚੱਜੀ ਹੈਸਾਰੇ ਲੇਖਾਂ ਵਿੱਚ ਉਹ ਪੰਜਾਬੀ ਸਾਹਿਤਕ ਖੇਤਰ ਦੇ ਵਰਤਾਰਿਆਂ ਬਾਰੇ ਆਪਣੇ ਹੀ ਮੌਲਿਕ ਨਜ਼ਰੀਏ ਤੋਂ ਚਿੰਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈਮੇਰੀ ਆਪਣੀ ਇੱਛਾ ਹੈ ਕਿ ਪੰਜਾਬੀ ਸਾਹਿਤ ਨਾਲ ਜੁੜੇ ਸਮੂਹ ਲੇਖਕਾਂ ਤੇ ਪਾਠਕਾਂ ਨੂੰ ਇਹ ਪੁਸਤਕ ਘੱਟੋ ਘੱਟ ਇੱਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਪੰਜਾਬੀ ਸਾਹਿਤਕ ਖੇਤਰ ਵਿੱਚ ਵਿਚਰਦੇ ਹੋਏ ਵਾਪਰਦੇ ਚੰਗੇ ਵਰਤਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਮਾੜੇ ਵਰਤਾਰਿਆਂ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਸਕੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2038)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਕਮਲਜੀਤ ਕੌਰ

ਡਾ. ਕਮਲਜੀਤ ਕੌਰ

Assistant Professor (SD Kanya Mahavidyala, Mansa) Punjab, India.
Phone: (91 - 94177 - 97952)