JatinderPannu7ਸੰਕਟ ਦਾ ਸਮਾਂ ਹੈ। ਰਾਜ ਸਰਕਾਰ ਦਾ ਹੁਕਮ ਹੈ ਜਾਂ ਕੇਂਦਰ ਦਾ, ਇਸ ਵੇਲੇ ਜੇ ...
(31 ਮਾਰਚ 2020)

 

ਭਾਰਤ ਦੇ ਲੋਕਾਂ ਨੇ ਬੜੀ ਵਾਰੀ ਕਰਫਿਊ ਲੱਗੇ ਵੇਖੇ ਹੋਏ ਹਨਲਾਕ-ਡਾਊਨ ਸ਼ਬਦ ਨਵਾਂ ਸੀ, ਲਾਗੂ ਹੋਣ ਨਾਲ ਇਹ ਵੀ ਲੋਕਾਂ ਨੂੰ ਸਮਝ ਆ ਗਿਆਭਾਰਤ ਤੋਂ ਪਹਿਲਾਂ ਇਹ ਲਾਕ-ਡਾਊਨ ਚੀਨ ਵਿੱਚ ਹੋਇਆ ਸੀਵੂਹਾਨ ਸ਼ਹਿਰ ਦੇ ਲੋਕਾਂ ਨੂੰ ਜਦੋਂ ਕੋਰੋਨਾ ਵਾਇਰਸ ਨੇ ਹਾਲੇ ਘੇਰਨਾ ਸ਼ੁਰੂ ਕੀਤਾ ਸੀ, ਚੀਨ ਸਰਕਾਰ ਨੇ ਇਸ ਨੂੰ ਰੋਕਣ ਵਾਸਤੇ ਇਹ ਕਦਮ ਫੌਰੀ ਤੌਰ ਉੱਤੇ ਅਤੇ ਪੂਰੀ ਸਖਤੀ ਨਾਲ ਚੁੱਕਿਆ ਸੀ ਉੱਥੋਂ ਦੇ ਲੋਕਾਂ ਨੇ ਵਿਰੋਧ ਨਹੀਂ ਸੀ ਕੀਤਾਕੌਮਾਂ ਅੰਦਰ ਜ਼ਾਬਤੇ ਦਾ, ਡਿਸਿਪਲਿਨ ਦਾ, ਕੀ ਅਰਥ ਹੁੰਦਾ ਹੈ ਤੇ ਇਸਦੇ ਲਾਭ ਕੀ ਹੁੰਦੇ ਹਨ, ਇਹ ਗੱਲ ਜਾਪਾਨ ਅਤੇ ਚੀਨ ਦੇ ਆਮ ਲੋਕਾਂ ਨੇ ਬਾਕੀ ਦੁਨੀਆ ਨੂੰ ਸਮਝਾ ਦਿੱਤੀ ਹੈਉਨ੍ਹਾਂ ਦੋਵਾਂ ਦੇਸ਼ਾਂ ਵਿੱਚ ਜਦੋਂ ਬਿਮਾਰੀ ਦਾ ਮੁੱਢ ਬੱਝਾ ਤਾਂ ਦੋਵਾਂ ਦੇਸ਼ਾਂ ਵਿੱਚ ਸਾਡੇ ਦੇਸ਼ ਵਾਂਗ ਸਮੁੱਚਾ ਲਾਕ-ਡਾਊਨ ਕਰਨ ਦੀ ਥਾਂ ਸੰਬੰਧਤ ਇਲਾਕਿਆਂ ਵਿੱਚ ਆਵਾਜਾਈ ਰੋਕੀ ਗਈ ਸੀ ਅਤੇ ਇਸ ਨਾਲ ਇਹ ਰੋਗ ਹੋਰ ਥਾਂਈਂ ਫੈਲਣ ਤੋਂ ਰੁਕ ਗਿਆ ਸੀਇਰਾਨ ਤੇ ਇਟਲੀ ਵਿੱਚ ਇਸ ਮਾਮਲੇ ਵਿੱਚ ਅਵੇਸਲੇ ਹੋਣ ਦੇ ਕਾਰਨ ਜਦੋਂ ਨੁਕਸਾਨ ਹੋ ਚੁੱਕਾ ਸੀ, ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਸਮਝਣਾ ਚਾਹੀਦਾ ਸੀ, ਪਰ ਉਹ ਸੰਸਾਰ ਵਿੱਚ ਫੈਲ ਰਹੀ ਇਸ ਬਿਮਾਰੀ ਵੱਲ ਧਿਆਨ ਦੇਣ ਤੋਂ ਵੱਧ ਚੋਣਾਂ ਦੇ ਮੋਰਚੇ ਵੱਲ ਹੀ ਰੁੱਝਾ ਰਿਹਾ ਸੀਸਿੱਟਾ ਇਹ ਨਿਕਲਿਆ ਕਿ ਚੀਨ ਤੋਂ ਬਾਅਦ ਜਦੋਂ ਉਹੋ ਬਿਮਾਰੀ ਇਟਲੀ ਵਿੱਚ ਆਈ ਤਾਂ ਉਸ ਦਾ ਬੁਰਾ ਹਾਲ ਹੋ ਗਿਆ ਅਤੇ ਫਿਰ ਜਦੋਂ ਉਸ ਦੇ ਬਾਅਦ ਅਮਰੀਕਾ ਵਿੱਚ ਪਹੁੰਚੀ, ਉੱਥੇ ਵੀ ਕੇਸਾਂ ਅਤੇ ਮੌਤਾਂ ਦੀ ਗਿਣਤੀ ਧੜਾਧੜ ਵਧਣ ਲੱਗ ਪਈ

ਅਸੀਂ ਕਈ ਗੱਲਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਾਂ ਤੇ ਅਜਿਹਾ ਕਰਨ ਵਿੱਚ ਕੁਝ ਗਲਤ ਨਹੀਂ ਕਰਦੇ, ਪਰ ਉਸ ਨੇ ਜਦੋਂ ਦੇਸ਼ ਵਿੱਚ ਇੱਕ ਦਿਨ ਦਾ ਜਨਤਾ ਕਰਫਿਊ ਲਾਗੂ ਕਰਨ ਲਈ ਸੱਦਾ ਦੇਣ ਵਾਲਾ ਭਾਸ਼ਣ ਕੀਤਾ ਸੀ, ਅਸੀਂ ਸਭ ਤੋਂ ਪਹਿਲਾਂ ਇਸਦਾ ਸਵਾਗਤ ਕੀਤਾ ਸੀਕਾਰਨ ਸਿਰਫ ਇਹ ਸੀ ਕਿ ਅਸੀਂ ਚੀਨ ਤੇ ਜਾਪਾਨ ਵਿੱਚ ਲਾਕ-ਡਾਊਨ ਦੇ ਸਿੱਟੇ ਵੇਖਣ ਪਿੱਛੋਂ ਇਹ ਕਦਮ ਠੀਕ ਸਮਝਦੇ ਸਾਂਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਲਾਉਣ ਦਾ ਐਲਾਨ ਕੀਤਾ ਤਾਂ ਅਸੀਂ ਇਸ ਸਖਤ ਕਦਮ ਲਈ ਮਾਨਸਿਕ ਪੱਖ ਤੋਂ ਭਾਵੇਂ ਖੁਦ ਵੀ ਤਿਆਰ ਨਹੀਂ ਸਾਂ, ਫਿਰ ਵੀ ਇਸ ਨੂੰ ਬਚਾਅ ਦੇ ਕਦਮ ਵਜੋਂ ਜਾਇਜ਼ ਮੰਨਿਆ ਤੇ ਲੋਕਾਂ ਨੂੰ ਇਸ ਨੂੰ ਮੰਨ ਕੇ ਬਿਮਾਰੀ ਤੋਂ ਬਚਾਅ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ ਸੀਸਰਕਾਰਾਂ ਦੇ ਇਹ ਦੋਵੇਂ ਕਦਮ ਜਿਨ੍ਹਾਂ ਲੋਕਾਂ ਨੂੰ ਗਲਤ ਲੱਗੇ ਸੀ ਤੇ ਉਹ ਪੁੱਛਦੇ ਸਨ ਕਿ ਇਸ ਨਾਲ ਕੀ ਹੋਊਗਾ, ਉਨ੍ਹਾਂ ਨੂੰ ਅਸੀਂ ਦੱਸਿਆ ਸੀ ਕਿ ਜਿਹੜੇ ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਕੀਟਾਣੂ ਹੋਇਆ, ਉਹ ਇਸ ਕਰਫਿਊ ਦੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਤੇ ਇਲਾਜ ਕੀਤਾ ਜਾ ਸਕੇਗਾ ਤੇ ਬਾਕੀ ਲੋਕਾਂ ਨੂੰ ਬਿਮਾਰੀ ਤੋਂ ਬਚੇ ਹੋਏ ਕਰਾਰ ਦੇ ਕੇ ਕੰਮ ਕਰਨ ਦੀ ਖੁੱਲ੍ਹ ਮਿਲ ਜਾਵੇਗੀ

ਆਮ ਲੋਕਾਂ ਨੂੰ ਚਾਹੀਦਾ ਸੀ ਕਿ ਉਹ ਇਸ ਨੂੰ ਮੰਨਦੇ, ਪਰ ਜਿੱਥੇ ਕੁਝ ਲੋਕਾਂ ਦੀ ਬਾਹਰ ਆਉਣ ਦੀ ਮਜਬੂਰੀ ਸੀ, ਉੱਥੇ ਕੁਝ ਹੋਰ ਲੋਕਾਂ ਨੂੰ ਬਾਹਰ ਘੁੰਮ ਕੇ ਵੇਖਣ ਦਾ ਸ਼ੌਕ ਵੀ ਸੜਕਾਂ ਉੱਤੇ ਲੈ ਆਇਆਅੱਗੇ ਪੁਲਸ ਮੁਲਾਜ਼ਮ ਅਜੇ ਵੀ ਅੰਗਰੇਜ਼ੀ ਰਾਜ ਵੇਲੇ ਦਾ ਵਿਹਾਰ ਕਰਨਾ ਨਹੀਂ ਛੱਡਦੇਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਜਾਂ ਚਾਰ ਪਲ ਖੂੰਜੇ ਵਿੱਚ ਬਿਠਾ ਕੇ ਘਰੀਂ ਮੋੜਨ ਦੀ ਥਾਂ ਆਮ ਲੋਕਾਂ ਨੂੰ ਸੜਕਾਂ ਉੱਤੇ ਕੁੱਟਣ, ਮੁਰਗਾ ਬਣਾਉਣ, ਨੱਕ ਨਾਲ ਲਕੀਰਾਂ ਕੱਢਵਾਉਣ ਅਤੇ ਸੜਕਾਂ ਉੱਤੇ ਲੇਟਣੀਆਂ ਖਾਣ ਲਈ ਮਜਬੂਰ ਕਰਨ ਦਾ ਉਹ ਕੰਮ ਫੜ ਲਿਆ, ਜਿਹੜਾ ਕਦੇ ਨਹੀਂ ਹੋਣਾ ਚਾਹੀਦਾਪਤਾ ਲੱਗਾ ਕਿ ਮੁੱਖ ਮੰਤਰੀ ਅਤੇ ਪੰਜਾਬ ਪੁਲਸ ਦੇ ਮੁਖੀ ਨੇ ਪੁਲਸ ਵਾਲਿਆਂ ਨੂੰ ਅਕਲ ਨਾਲ ਵਿਹਾਰ ਕਰਨ ਲਈ ਕਿਹਾ ਸੀ, ਪਰ ਇੱਦਾਂ ਦੀ ਸਮਝਾਉਣੀ ਦਾ ਬਹੁਤਾ ਅਸਰ ਹੇਠਾਂ ਅਮਲ ਵਿੱਚ ਨਹੀਂ ਵੇਖਿਆ ਗਿਆਪੁਲਸ ਵਾਲੇ ਆਪਣੇ ਪੁੱਠ ਕੰਮ ਕਰਨ ਲੱਗੇ ਰਹੇਜਿਸ ਦੇਸ਼ ਵਿੱਚ ਇੱਦਾਂ ਦੀ ਅਮਨ-ਕਾਨੂੰਨ ਦੀ ਮਸ਼ੀਨਰੀ ਹੋਵੇ, ਉੱਥੇ ਕੀਤਾ ਗਿਆ ਚੰਗਾ ਕੰਮ ਵੀ ਸਹੀ ਸਿੱਟੇ ਕੱਢਣ ਦੀ ਥਾਂ ਖੇਹ ਉਡਾਉਣ ਦਾ ਕਾਰਨ ਬਣਦਾ ਹੈਸਰਕਾਰ ਇਸ ਨੂੰ ਰੋਕ ਨਹੀਂ ਸੀ ਸਕੀਇਸ ਕਾਰਨ ਬਦਨਾਮੀ ਹੋਈ ਤਾਂ ਇਹ ਪੁਲਸ ਵਾਲਿਆਂ ਦੀ ਨਹੀਂ ਹੋਈ, ਪੁਲਸ ਦੀ ਕਮਾਂਡ ਕਰਨ ਵਾਲੀ ਸਰਕਾਰ ਦੀ ਹੀ ਹੋਣੀ ਸੀ

ਦੂਸਰੀ ਗੱਲ ਇਹ ਕਿ ਇੱਕ ਗਿਆਨੀ ਬਲਦੇਵ ਸਿੰਘ ਦੀ ਮੂਰਖਤਾ ਕਾਰਨ ਪੰਜਾਬ ਵਿੱਚ ਕਈ ਥਾਂਈਂ ਇਸ ਰੋਗ ਦੀ ਲਾਗ ਪਹੁੰਚੀ ਹੋਣ ਕਰ ਕੇ ਉਸ ਨੂੰ ਲੋਕ ਗਾਲ੍ਹਾਂ ਕੱਢਦੇ ਹਨ, ਪਰ ਇਸ ਤਰ੍ਹਾਂ ਗਾਲ੍ਹਾਂ ਕੱਢਣ ਦਾ ਫਾਇਦਾ ਨਹੀਂ, ਉਹ ਆਦਮੀ ਮਰ ਚੁੱਕਾ ਹੈਕਰਨ ਵਾਲਾ ਕੰਮ ਤਾਂ ਇਹ ਹੈ ਕਿ ਜਲੰਧਰ ਦੇ ਜਿਸ ਹਸਪਤਾਲ ਦੇ ਡਾਕਟਰਾਂ ਨੂੰ ਉਸ ਆਦਮੀ ਨੂੰ ਲੱਗ ਚੁੱਕੀ ਬਿਮਾਰੀ ਦਾ ਪਤਾ ਸੀ, ਉਨ੍ਹਾਂ ਨੂੰ ਇਸਦੇ ਬਾਵਜੂਦ ਉਸ ਆਦਮੀ ਨੂੰ ਜਾਣ ਦੇਣ ਤੇ ਸਿਹਤ ਵਿਭਾਗ ਤੋਂ ਓਹਲਾ ਰੱਖਣ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਦੋ ਜ਼ਿਲ੍ਹਿਆਂ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਜਿਨ੍ਹਾਂ ਪਿੰਡ ਵਿੱਚ ਇਸ ਵੇਲੇ ਇਸ ਬਿਮਾਰੀ ਨੇ ਪਿੱਟਣੇ ਪਾ ਰੱਖੇ ਹਨ, ਉਨ੍ਹਾਂ ਲਈ ਜ਼ਿੰਮੇਵਾਰ ਮਰੀਜ਼ ਤਾਂ ਮਰ ਗਿਆ, ਡਾਕਟਰ ਕਿਤੇ ਨਹੀਂ ਚਲੇ ਗਏ, ਉਹ ਇਸ ਜ਼ਿੰਮੇਵਾਰੀ ਤੋਂ ਨਹੀਂ ਬਚਣੇ ਚਾਹੀਦੇਜ਼ਮੀਨੀ ਕਬਜ਼ਿਆਂ ਤੱਕ ਦੇ ਕਈ ਵਿਵਾਦਾਂ ਵਿੱਚ ਉਲਝੀ ਹੋਈ ਉਸ ਹਸਪਤਾਲ ਦੀ ਮੈਨੇਜਮੈਂਟ ਦੇ ਹੱਥ ਇੰਨੇ ਲੰਮੇ ਹਨ ਕਿ ਅਜੇ ਤੱਕ ਉਨ੍ਹਾਂ ਉੱਤੇ ਕੋਈ ਕਾਰਵਾਈਂ ਨਹੀਂ ਹੋਈ

ਤੀਸਰੀ ਗੱਲ ਇਹ ਹੈ ਕਿ ਅਣਕਿਆਸੀ ਬਿੱਜ ਪੈਣ ਵਰਗੀ ਇਸ ਬਿਮਾਰੀ ਦੇ ਖਿਲਾਫ ਲੜਨ ਲਈ ਸੰਸਾਰ ਵਿੱਚ ਇੱਕ ਉਚੇਚੀ ਕਤਾਰਬੰਦੀ ਚਾਹੀਦੀ ਹੈ, ਪਰ ਇੱਦਾਂ ਦੀ ਕਤਾਰਬੰਦੀ ਲਈ ਰਾਜਨੀਤਕ ਤੇ ਡਿਪਲੋਮੈਟਿਕ ਖਿੱਚੋਤਾਣ ਲਾਂਭੇ ਰੱਖਣੀ ਪੈਣੀ ਹੈਕੁਝ ਦੇਸ਼ਾਂ ਨੇ ਇਸ ਲੜਾਈ ਲਈ ਚੀਨੀ ਤਜਰਬੇ ਤੋਂ ਸਿੱਖਣ ਦੀ ਥਾਂ ਉਸ ਦੇ ਖਿਲਾਫ ਸੰਸਾਰ ਭਰ ਵਿੱਚ ਨਵੀਂ ਭੰਡੀ ਦੀ ਮੁਹਿੰਮ ਵਿੱਢ ਦਿੱਤੀ ਹੈਸਾਡੇ ਭਾਰਤ ਦੇ ਕੁਝ ਟੀ ਵੀ ਚੈਨਲ ਇਸ ਕੰਮ ਵਿੱਚ ਫਿਰ ਮੋਹਰੀ ਹੋ ਕੇ ਇੰਜ ਖੱਪ ਪਾਈ ਜਾਂਦੇ ਹਨ, ਜਿਵੇਂ ਗਵਾਂਢੀ ਦੇਸ਼ਾਂ ਦੇ ਖਿਲਾਫ ਭਾਰਤੀ ਲੋਕਾਂ ਨੂੰ ਭੜਕਾਉਣਾ ਉਨ੍ਹਾਂ ਦੀ ਆਦਤ ਹੈਬਾਰਡਰ ਦੀ ਖਿੱਚੋਤਾਣ ਉਨ੍ਹਾਂ ਲਈ ਧਰਮ ਦੀ ਜੰਗ ਦਾ ਮੁੱਦਾ ਹੁੰਦਾ ਹੈ ਤੇ ਬਿਮਾਰੀ ਦੇ ਖਿਲਾਫ ਮੁਹਿੰਮ ਲਈ ਚੀਨ ਖਿਲਾਫ ਜਦੋਂ ਉਹ ਕਮਰਕੱਸ ਕਰਨ ਲੱਗੇ ਤਾਂ ਪੁਰਾਣੇ ਕੂੜ ਕਿੱਸੇ ਵੇਚੀ ਜਾਂਦੇ ਹਨ ਕਿ ਫਲਾਣੇ ਵੇਲੇ ਰੂਸ ਦੀ ਕਮਿਊਨਿਸਟ ਸਰਕਾਰ ਨੇ ਐਨੇ ਲੋਕ ਮਾਰ ਦਿੱਤੇ ਸਨ ਅਤੇ ਇਸ ਵਾਰੀ ਚੀਨ ਵਿੱਚ ਸਰਕਾਰ ਨੇ ਐਨੇ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਹੈਬਕਵਾਸ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ ਜਾਂਦੀਇਟਲੀ ਵਿੱਚ ਬਿਮਾਰੀ ਦੇ ਵਧਣ ਉੱਤੇ ਸਭ ਤੋਂ ਅੱਗੇ ਹੋ ਕੇ ਜਿਸ ਕਿਊਬਾ ਨੇ ਇੱਕ ਮੈਡੀਕਲ ਬ੍ਰੀਗੇਡ ਉੱਥੋਂ ਦੇ ਲੋਕਾਂ ਦੀ ਮਦਦ ਲਈ ਭੇਜੀ, ਇਟਲੀ ਵਿੱਚ ਭਾਵੇਂ ਆਮ ਲੋਕਾਂ ਨੇ ਉਸ ਨਾਲ ਰਾਹਤ ਮਹਿਸੂਸ ਕੀਤੀ, ਪਰ ਅਮਰੀਕੀ ਰਾਸ਼ਟਰਪਤੀ ਅਤੇ ਉਸ ਦੀ ਚਾਟ ਉੱਤੇ ਲੱਗੇ ਹੋਏ ਮੀਡੀਆ ਦੇ ਢੰਡੋਰਚੀਆਂ ਨੇ ਉਸ ਦੇ ਖਿਲਾਫ ਵੀ ਭੰਡੀ-ਪ੍ਰਚਾਰ ਦੀ ਮੁਹਿੰਮ ਵਿੱਢ ਦਿੱਤੀ ਹੈਇਸ ਤਰ੍ਹਾਂ ਲੱਗਣ ਲੱਗ ਪਿਆ ਹੈ ਕਿ ਉਨ੍ਹਾਂ ਲਈ ਇਸ ਮੌਕੇ ਵੀ ਬਿਮਾਰੀ ਦੇ ਖਿਲਾਫ ਸਾਰੇ ਸੰਸਾਰ ਦੇ ਲੋਕਾਂ ਨੂੰ ਇਕਜੁੱਟ ਕਰਨ ਨਾਲੋਂ ਵਡੇਰਾ ਕੰਮ ਡਿਪਲੋਮੇਸੀ ਦੇ ਮੋਰਚੇ ਉੱਤੇ ਟਰੰਪ ਦੀ ਫਤਹਿ ਦਾ ਨਗਾਰਾ ਖੜਕਾਉਣਾ ਅਤੇ ਅਮਰੀਕਾ ਵਿੱਚ ਟਰੰਪ ਨੂੰ ਦੋਬਾਰਾ ਚੋਣ ਜਿੱਤਦਾ ਵੇਖਣਾ ਹੀ ਹੋ ਗਿਆ ਹੈਸਭ ਨੂੰ ਪਤਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਪਿਛਲੇ ਸਾਲ ਅਮਰੀਕਾ ਵਿੱਚ ਜਾ ਕੇ ਵੀ ਹਜ਼ਾਰਾਂ ਲੋਕਾਂ ਸਾਹਮਣੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਉਹ ਨਾਅਰਾ ਦੇ ਆਇਆ ਸੀ, ਜਿਹੜਾ ਡਿਪਲੋਮੈਟਿਕ ਚੱਜ-ਆਚਾਰ ਦੀਆਂ ਹੱਦਾਂ ਤੋਂ ਪਰੇ ਸੀ

ਚੌਥਾ ਕੰਮ ਇਹੋ ਜਿਹੇ ਵਕਤ ਆਪਣੇ ਲੋਕਾਂ ਨੂੰ ਤਿਆਰ ਕਰਨ ਦਾ ਹੁੰਦਾ ਹੈ ਕਿ ਮੁਸੀਬਤ ਸਿਰਫ ਕਰਫਿਊ ਵਾਲੇ ਪੰਦਰਾਂ-ਵੀਹ ਦਿਨਾਂ ਦੀ ਨਹੀਂ, ਅਗਲੇ ਦਿਨਾਂ ਵਿੱਚ ਸੰਸਾਰ ਪੱਧਰ ਦੀ ਮਹਾਮਾਰੀ ਦੇ ਟਾਕਰੇ ਲਈ ਹੋਰ ਸਖਤੀ ਵਾਲਾ ਦੌਰ ਝੱਲਣਾ ਪੈ ਸਕਦਾ ਹੈਕੇਂਦਰ ਦੀ ਸਰਕਾਰ ਤੇ ਰਾਜ ਦੀ ਵੀ ਇਸ ਬਾਰੇ ਬਹੁਤਾ ਕੁਝ ਨਹੀਂ ਕਰ ਸਕੀਭਾਰਤ ਦੇ ਲੋਕਾਂ ਦਾ ਸੁਭਾਅ ਵੀ ਇੱਦਾਂ ਦਾ ਹੈ ਕਿ ਉਹ ਅਜੇ ਤੱਕ ਮਨਾਂ ਵਿੱਚ ਡਿਸਿਪਲਿਨ ਦਾ ਕੋਈ ਕੋਨਾ ਨਹੀਂ ਬਣਾ ਸਕੇਬਹੁਤ ਵੱਡੇ-ਚੌੜੇ ਹਾਈਵੇ ਬਣਨ ਦੇ ਬਾਅਦ ਵੀ ਲੋਕਾਂ ਨੂੰ ਅਜੇ ਤੱਕ ਲਾਈਨਾਂ ਵਿੱਚ ਚੱਲਣ ਦੀ ਆਦਤ ਨਹੀਂ ਬੈਕਾਂ ਜਾਂ ਹਸਪਤਾਲਾਂ ਅਤੇ ਹੋਰਨਾਂ ਥਾਂਵਾਂ ਉੱਤੇ ਲਾਈਨਾਂ ਵਿੱਚ ਲੱਗ ਕੇ ਆਪੋ ਆਪਣਾ ਕੰਮ ਭੁਗਤਾਉਣ ਦੀ ਥਾਂ ਧੱਕੇ ਮਾਰੀ ਜਾਣ ਅਤੇ ਆਪ ਵੀ ਧੱਕੇ ਖਾਣ ਦਾ ਸਾਡਾ ਸੁਭਾਅ ਨਹੀਂ ਬਦਲ ਰਿਹਾਸੰਕਟ ਦਾ ਸਮਾਂ ਹੈਰਾਜ ਸਰਕਾਰ ਦਾ ਹੁਕਮ ਹੈ ਜਾਂ ਕੇਂਦਰ ਦਾ, ਇਸ ਵੇਲੇ ਜੇ ਅਸੀਂ ਸੋਚੀਏ ਕਿ ਹਰ ਗੱਲ ਸਾਡੀ ਇੱਛਾ ਮੁਤਾਬਕ ਹੋਵੇਗੀ ਅਤੇ ਹਰ ਚੀਜ਼ ਇੱਛਾ ਮੁਤਾਬਕ ਮਿਲਦੀ ਰਹੇਗੀ ਤਾਂ ਇਹ ਗਲਤ ਹੋਵੇਗਾਸੰਕਟ ਤਾਂ ਸੰਕਟ ਹੁੰਦਾ ਹੈਮੁਲਕਾਂ ਦੇ ਇਤਿਹਾਸ ਵਿੱਚ ਇੱਦਾਂ ਦੇ ਸਮੇਂ ਵੀ ਆਉਣ ਦੇ ਬਿਰਤਾਂਤ ਮਿਲਦੇ ਹਨ, ਜਦੋਂ ਮਸਾਂ ਅੱਧੀ ਰੋਟੀ ਖਾ ਕੇ ਵੀ ਆਮ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ ਵਕਤ ਉਨ੍ਹਾਂ ਸੰਕਟਾਂ ਵਿੱਚੋਂ ਸਿਰਫ ਸਿਦਕ ਵਾਲੇ ਪਾਰ ਹੁੰਦੇ ਰਹੇ ਹਨਅਜੋਕੇ ਸਮਾਂ ਵੀ ਚੀਨ ਤੋਂ ਅਮਰੀਕਾ ਤੱਕ ਤੇ ਸਾਡੇ ਭਾਰਤ ਤੋਂ ਦੁਨੀਆ ਦੀ ਹਰ ਨੁੱਕਰ ਤੱਕ ਉਸੇ ਕਿਸਮ ਦਾ ਸੰਕਟ ਦਾ ਸਮਾਂ ਹੈ, ਜਿਸ ਤੋਂ ਪਾਰ ਲੱਗਣ ਲਈ ਸਾਨੂੰ ਇੱਕ ਪਾਸੇ ਡਿਸਿਪਲਿਨ ਦੇ ਆਦੀ ਬਣਨਾ ਪਵੇਗਾ ਤੇ ‘ਮਰ ਗਏ - ਮਰ ਗਏ’ ਦੀਆਂ ਬਹੁੜੀਆਂ ਛੱਡ ਕੇ ਸਿਦਕ ਰੱਖ ਕੇ ਚੱਲਣਾ ਪਵੇਗਾਇਹ ਸੰਕਟ ਕੁਦਰਤ ਦਾ ਪਾਇਆ ਹੋਇਆ ਹੈ, ਕੁਦਰਤ ਦੇ ਅੱਗੇ ਜ਼ਿਦਾਂ ਵੀ ਨਹੀਂ ਪੁੱਗ ਸਕਦੀਆਂ ਅਤੇ ਹੋਛਾਪਣ ਵੀ ਬਿਲਕੁਲ ਨਹੀਂ ਚੱਲ ਸਕਦਾਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਸਮੁੱਚੇ ਸੰਸਾਰ-ਪਿੰਡ ਦੇ ਹਰ ਦੇਸ਼ ਦੇ ਵਾਸੀਆਂ ਨੂੰ ਆਪਸੀ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਨੀਆਂ ਅਤੇ ਹਰ ਗੱਲ ਲਈ ਇੱਕ ਦੂਸਰੇ ਦਾ ਸਹਿਯੋਗ ਕਰਨਾ ਪੈਣਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2029)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author