AmardeepSAmar7ਧਰਮ ਦੇ ਨਾਂ ਉੱਤੇ ਮਨੁੱਖਤਾ ਦਾ ਜਿੰਨਾ ਲਹੂ ਡੁੱਲ੍ਹਿਆ, ਉੰਨਾ ਕਿਸੇ ਹੋਰ ਕਾਰਨ ...
(17 ਮਾਰਚ 2020)

 

ਕਾਲਜ ਦੇ ਦਿਨਾਂ ਦੀ ਗੱਲ ਹੈਮੇਰੇ ਇੱਕ ਸਹਿਪਾਠੀ ਮਿੱਤਰ ਨੇ ਕਾਲਜ ਦੇ ਨੋਟਿਸ ਬੋਰਡ ਉੱਤੇ ਲਿਖ ਦਿੱਤਾ, “ਕਾਸ਼! ਦੁਨੀਆਂ ਵਿੱਚ ਕੋਈ ਧਰਮ ਨਾ ਹੁੰਦਾ!” ਉਸ ਤੋਂ ਅਗਲੇ ਦਿਨ ਉਸ ਦੀ ਲਿਖੀ ਇਸ ਇਬਾਰਤ ਦੇ ਜਵਾਬ ਵਿੱਚ ਉਸੇ ਨੋਟਿਸ ਬੋਰਡ ਉੱਤੇ ਮੈਂ ਆਪਣੇ ਵਿਚਾਰ ਇਬਾਰਤ ਦੇ ਰੂਪ ਵਿੱਚ ਲਿਖ ਦਿੱਤੇ, “ਕਾਸ਼! ਸਾਰੇ ਲੋਕ ਧਰਮ ਦੇ ਸਹੀ ਅਰਥ ਸਮਝ ਸਕਦੇ ਹੁੰਦੇ! ਉਸੇ ਦਿਨ ਵਿਹਲੇ ਪੀਰੀਅਡ ਸਮੇਂ ਉਹ ਸਹਿਪਾਠੀ ਮਿੱਤਰ ਮੈਨੂੰ ਮਿਲ ਪਿਆ, ਹੱਥ ਮਿਲਾਉਂਦਿਆਂ ਕਹਿਣ ਲੱਗਾ, “ਸਾਥੀ, ਤੇਰੀ ਗੱਲ ਵਜ਼ਨਦਾਰ ਹੈ।” ਮੈਂ ਮੁਸਕਰਾਉਂਦਿਆਂ ਹੋਇਆਂ ਉਸ ਦਾ ਧੰਨਵਾਦ ਕੀਤਾ

ਜਿਨ੍ਹਾਂ ਦਿਨਾਂ ਦੀ ਇਹ ਘਟਨਾ ਹੈ, ਉਨ੍ਹੀਂ ਦਿਨੀਂ ਮੇਰੀ ਉਮਰ 18-20 ਸਾਲ ਹੋਵੇਗੀਅੱਜ ਮੈਂ ਚਾਲੀ ਤੋਂ ਦੋ ਵਰ੍ਹੇ ਵੱਧ ਜੀਵਨ ਜੀਅ ਚੁੱਕਾ ਹਾਂਉਮਰ ਦੇ ਇਸ ਮੋੜ ਉੱਤੇ ਪਹੁੰਚ ਕੇ ਮੈਂਨੂੰ ਆਪਣੇ ਉਸ ਮਿੱਤਰ ਦੇ ਲਿਖੇ ਸ਼ਬਦ ਮੇਰੀ ਗੱਲ ਨਾਲੋਂ ਵੱਧ ਵਜ਼ਨਦਾਰ ਅਤੇ ਸਾਰਥਕ ਮਹਿਸੂਸ ਹੋ ਰਹੇ ਹਨਇਹ ਲਿਖਤ ਲਿਖਣ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚੋਂ ਮਨਹੂਸ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਹਨ ਕਿ ਇੱਕ ਬਹੁਗਿਣਤੀ ਧਰਮ ਨੂੰ ਮੰਨਣ ਵਾਲੇ ਲੋਕ ਦੂਸਰੇ ਘੱਟਗਿਣਤੀ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨਲੂਹੇ, ਮਾਰੇ, ਕੋਹੇ ਜਾਣ ਵਾਲੇ ਲੋਕਾਂ ਦਾ ਕਸੂਰ ਸਿਰਫ ਇਹੋ ਹੈ ਕਿ ਉਹ ਬਹੁਗਿਣਤੀ ਲੋਕਾਂ ਦੇ ਧਰਮ ਜਾਂ ਮਜ਼੍ਹਬ ਦੀ ਥਾਂਵੇਂ ਕਿਸੇ ਹੋਰ ਧਰਮ, ਮਜ਼੍ਹਬ ਜਾਂ ਰੀਤੀ ਰਿਵਾਜ਼ ਵਿੱਚ ਯਕੀਨ ਰੱਖਦੇ ਹਨ

ਜਿਸ ਵਕਤ ਤੁਸੀਂ ਜਵਾਨ ਹੁੰਦੇ ਹੋ, ਤੁਸੀਂ ਖੜਕੇ-ਦੜਕੇ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਪਰ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਉਮਰਾਂ ਬੀਤ ਜਾਣ ਉੱਤੇ ਵੀ ਯਾਦਾਂ ਬਣਕੇ ਸੁੱਤਿਆਂ ਜਾਗਦਿਆਂ ਤੁਹਾਡਾ ਖਹਿੜਾ ਨਹੀਂ ਛੱਡਦੀਆਂ

1990-91 ਦੇ ਦਿਨਾਂ ਵਿੱਚ ਮੇਰੇ ਪਿੰਡਾਂ ਦੇ ਨਜ਼ਦੀਕ ਇੱਕ ਵੱਡੀ ਦਰਦਨਾਕ ਘਟਨਾ ਵਾਪਰੀਜਗਰਾਉਂ ਨੇੜਲੇ ਪਿੰਡ ਸੋਹੀਆਂ ਦੇ ਰੇਲਵੇ ਫਾਟਕਾਂ ਕੋਲ ਲੁਧਿਆਣੇ ਤੋਂ ਮੋਗੇ ਜਾਣ ਵਾਲੀ ਲੋਕਲ ਟਰੇਨ ਨੂੰ ਚੇਨ ਖਿੱਚ ਕੇ ਰੋਕ ਲਿਆ ਗਿਆਸਿੱਖ ਅਤੇ ਹਿੰਦੂ ਯਾਤਰੀਆਂ ਨੂੰ ਵੱਖਰੇ ਵੱਖਰੇ ਕਰਕੇ ਅੰਨ੍ਹੇਵਾਹ ਗੋਲੀ ਚਲਾਈ ਗਈਸਿੱਟੇ ਵਜੋਂ ਸੱਤਰ ਦੇ ਕਰੀਬ ਇਨਸਾਨੀ ਜ਼ਿੰਦਗੀਆਂ ਕੁਝ ਪਲਾਂ ਵਿੱਚ ਹੀ ਲਾਸ਼ਾਂ ਵਿੱਚ ਬਦਲ ਕੇ ਧਰਤੀ ਉੱਤੇ ਡਿੱਗ ਪਈਆਂਮਾਰੇ ਗਏ ਲੋਕਾਂ ਵਿੱਚ ਬਹੁਤੀ ਗਿਣਤੀ ਗਰੀਬ ਮਜ਼ਦੂਰ ਵਰਗ ਦੇ ਉਨ੍ਹਾਂ ਲੋਕਾਂ ਦੀ ਸੀ, ਜੋ ਲੁਧਿਆਣੇ ਦੀ ਹੌਜ਼ਰੀ ਅਤੇ ਹੋਰ ਫੈਕਟਰੀਆਂ ਵਿੱਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਸਨਜਗਰਾਉਂ ਤੋਂ ਲੁਧਿਆਣੇ ਦਾ ਰੋਜ਼ਾਨਾ ਬੱਸ ਦਾ ਕਿਰਾਇਆ ਉਨ੍ਹਾਂ ਨੂੰ ਮਹਿੰਗਾ ਪੈਂਦਾ ਸੀ ਅਤੇ ਰੇਲਵੇ ਮਹਿਕਮਾ ਉਨ੍ਹਾਂ ਨੂੰ ਅੱਧੇ ਖਰਚੇ ਉੱਤੇ ਪਾਸ ਮੁਹੱਈਆ ਕਰ ਦਿੰਦਾ ਸੀਇਸੇ ਕਰਕੇ ਉਹ ਲੋਕ ਬੱਸਾਂ ਦੀ ਥਾਂ ਰੇਲ ਦੇ ਸਫਰ ਨੂੰ ਤਰਜੀਹ ਦਿੰਦੇ ਸਨਜਗਰਾਉਂ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿੱਚ ਮਾਤਮ ਦੀ ਸਫ ਵਿਛ ਗਈਸ਼ਹਿਰ ਦੇ ਨਾਲ ਲੱਗਦੇ ਪਿੰਡ ਵੀ ਆਪੋ-ਆਪਣੀ ਥਾਂ ਉਦਾਸ ਸਨ

ਕੁਝ ਕੁ ਦਿਨਾਂ ਬਾਅਦ ਸਕੂਟਰੀ ਉੱਤੇ ਸਾਡੇ ਪਿੰਡ ਕੱਪੜੇ ਦੀ ਫੇਰੀ ਲਾਉਣ ਆਉਂਦਾ ਬਜਾਜ ਸੋਹਣ ਲਾਲ ਡਰਦਾ-ਡਰਦਾ ਪਿੰਡ ਆਇਆ ਅਤੇ ਉਸ ਨੇ ਝਿਜਕਦਿਆਂ-ਝਿਜਕਦਿਆਂ ਮੈਨੂੰ ਪੁੱਛਿਆ, “ਖਾਲਸਾ ਜੀ, ਆਹ ਜਿਹੜਾ ਸੋਹੀਆਂ ਵਿੱਚ ਰੇਲ ਕਾਂਡ ਹੋਇਆ …?” ਉਹ ਆਪਣੇ ਕੰਬਦੇ ਹੱਥਾਂ ਵਿੱਚ ਫੜਿਆ ਚਾਹ ਦਾ ਗਿਲਾਸ ਮਸਾਂ-ਮਸਾਂ ਡੁੱਲ੍ਹਣੋਂ ਬਚਾ ਰਿਹਾ ਸੀ

“ਨਹੀਂ ਤਾਇਆ, ਆਪਣੇ ਸਿੰਘ ਇਹੋ ਜਿਹਾ ਕੰਮ ਨਹੀਂ ਕਰਦੇ।” ਮੈਂਨੂੰ ਯਕੀਨ ਸੀ ਕਿ ਸੋਹੀਆਂ ਵਾਲਾ ਕਾਂਡ ਸਿੱਖ ਖਾੜਕੂਆਂ ਦਾ ਨਹੀਂ ਹੋ ਸਕਦਾ, ਸਗੋਂ ਖਾੜਕੂਆਂ ਨੂੰ ਬਦਨਾਮ ਕਰਨ ਲਈ ਸਰਕਾਰੀ ਏਜੰਸੀਆਂ ਦੀ ਚਾਲ ਹੈ

ਸੋਹਣ ਲਾਲ ਨੇ ਮੇਰੀ ਗੱਲ ਉੱਤੇ ਯਕੀਨ ਕਰ ਲਿਆ ਪਰ ਕੁਝ ਸਾਲਾਂ ਬਾਅਦ ਮੇਰੇ ਲਾਗਲੇ ਪਿੰਡ ਦੇ ਇੱਕ ਮਿੱਤਰ ਨੇ ਮੈਂਨੂੰ ਜੋ ਦੱਸਿਆ, ਉਹ ਮੇਰੇ ਲਈ ਅੱਜ ਤੱਕ ਅਸਹਿ ਹੈਮੇਰਾ ਇਹ ਮਿੱਤਰ ਉਨ੍ਹੀਂ ਦਿਨੀਂ ਜਗਰਾਉਂ ਇਲਾਕੇ ਵਿੱਚ ਸਰਗਰਮ ਇੱਕ ਖਾੜਕੂ ਜਥੇਬੰਦੀ ਦਾ ਮੈਂਬਰ ਸੀ ਅਤੇ ਬਾਅਦ ਵਿੱਚ ਆਤਮ-ਸਮਰਪਣ ਕਰਕੇ ਘਰ ਬੈਠ ਗਿਆ ਸੀਉਸ ਨੇ ਦੱਸਿਆ ਕਿ ਸੋਹੀਆਂ ਵਾਲੀ ਕਾਰਵਾਈ ਉਨ੍ਹਾਂ ਦੀ ਜਥੇਬੰਦੀ ਨੇ ਹੀ ਕੀਤੀ ਸੀ ਅਤੇ ਉਹ ਵੀ ਉਸ ਗਰੁੱਪ ਵਿੱਚ ਸ਼ਾਮਲ ਸੀ, ਜਿਸ ਨੇ ਇਹ ਕਾਰਵਾਈ ਨੇਪਰੇ ਚਾੜ੍ਹੀ ਸੀਉਸ ਦੇ ਦੱਸਣ ਮੁਤਾਬਕ ਉਸ ਰਾਤ ਅੰਨ੍ਹੇਵਾਹ ਹੁੰਦੀ ਫਾਇਰਿੰਗ ਵਿੱਚ ਹਿੰਦੂ ਲਗਦੇ ਲੋਕ ਜਾਨ ਬਚਾਉਣ ਲਈ ਹਫੜਾ-ਦਫੜੀ ਵਿੱਚ ਭੱਜ ਰਹੇ ਸਨਸਾਡਾ ਟੋਲਾ ਇੱਕ ਡੱਬੇ ਤੋਂ ਦੂਜੇ ਡੱਬੇ ਵਿੱਚ ਜਾ ਕੇ ਗੋਲੀਆਂ ਦਾ ਮੀਂਹ ਵਰ੍ਹਾ ਰਿਹਾ ਸੀ ਪਰ ਮੈਂ ਆਪਣੀ ਗੰਨ ਵਿੱਚੋਂ ਕੋਈ ਫਾਇਰ ਨਹੀਂ ਕੀਤਾ, ਸਗੋਂ ਦੋ-ਚਾਰ ਲੋਕਾਂ ਨੂੰ ਹਨੇਰੇ ਵਿੱਚ ਭੱਜਣ ਦਿੱਤਾਮੇਰਾ ਕਮਾਂਡਰ ਇਹ ਸਭ ਦੇਖ ਕੇ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸਿੰਘਾ, ਤੇਰੀ ਗੰਨ ਵਿੱਚੋਂ ਕੋਈ ਫਾਇਰ ਨਹੀਂ ਨਿਕਲਿਆ ਲੱਗਦਾ?

ਮੈਂ ਕਿਹਾ, “ਭਾਅ ਜੀ, ਮੈਥੋਂ ਇਹ ਸਭ ਨਹੀਂ ਹੋਣਾ … ਤੁਸੀਂ ਜਥੇਬੰਦੀ ਦਾ ਹਥਿਆਰ ਵਾਪਸ ਲੈ ਲਵੋ।” ਇਹ ਕਹਿ ਕੇ ਮੈਂ ਆਪਣੀ ਅਸਾਲਟ ਕਮਾਂਡਰ ਨੂੰ ਫੜਾ ਦਿੱਤੀ ਅਤੇ ਉੱਥੋਂ ਹੀ ਹਨੇਰੇ ਵਿੱਚ ਖਿਸਕ ਕੇ ਹਜ਼ੂਰ ਸਾਹਿਬ ਪਹੁੰਚ ਗਿਆ ਤੇ ਬਾਅਦ ਵਿੱਚ ਪੇਸ਼ ਹੋ ਗਿਆ

ਇਸ ਕਾਂਡ ਦੀ ਅਸਲੀਅਤ ਪਤਾ ਲੱਗਣ ਤੋਂ ਅੱਜ ਤੱਕ ਮੇਰੇ ਜ਼ਿਹਨ ਵਿੱਚ ਇਹ ਸਵਾਲ ਘੁੰਮਣ-ਘੇਰੀਆਂ ਕੱਢਦਾ ਰਹਿੰਦਾ ਹੈ ਕਿ ਮਾਰੇ ਜਾਣ ਵਾਲੇ ਗਰੀਬਾਂ ਦਾ ਕੀ ਕਸੂਰ ਸੀ? ਕੀ ਵੱਖਰੇ ਧਰਮ, ਵੱਖਰੀ ਮਰਿਆਦਾ ਜਾਂ ਵੱਖਰੇ ਫਿਰਕੇ ਨਾਲ ਸਬੰਧਤ ਲੋਕਾਂ ਨੂੰ ਜੀਣ ਦਾ ਹੱਕ ਨਹੀਂ?

ਪਿਛਲੇ ਦਿਨੀਂ ਦਿੱਲੀ ਤੋਂ ਫੇਰ ਉਹੀ ਮਨਹੂਸ ਖਬਰਾਂ ਆਈਆਂ ਹਨ, ਤੇ ਕਈ ਮਿੱਤਰਾਂ ਦੇ ਸੁਨੇਹੇ ਮਿਲੇ ਹਨ ਕਿ ਉਨ੍ਹਾਂ ਨੂੰ ਨਵੰਬਰ 1984 ਦਾ ਸਿੱਖ ਕਤਲੇਆਮ ਯਾਦ ਆ ਰਿਹਾ ਹੈਸੱਚੀ ਗੱਲ ਤਾਂ ਇਹ ਹੈ ਕਿ ਮੈਂਨੂੰ ਵੀ ਨਵੰਬਰ 1984 ਦੀਆਂ ਘਟਨਾਵਾਂ ਫਿਰ ਤੰਗ ਕਰ ਰਹੀਆਂ ਹਨ ਪਰ ਨਾਲੋ-ਨਾਲ 1947 ਵੀ ਯਾਦ ਆ ਰਿਹਾ ਹੈ, ਜਿਸ ਵਿੱਚ ਸਿਰਫ ਧਾਰਮਿਕ ਜਨੂੰਨ ਕਰਕੇ ਪੰਜ ਲੱਖ ਤੋਂ ਵੱਧ ਇਨਸਾਨੀ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਪਈਆਂ ਸਨਲੱਖਾਂ ਲੋਕ ਘਰੋਂ ਬੇਘਰ ਹੋਏ ਸਨ, ਬਹੂ-ਬੇਟੀਆਂ ਬੇਪਤ ਕੀਤੀਆਂ ਗਈਆਂ ਸਨ

ਬਿਨਾ ਸ਼ੱਕ ‘ਧਰਮ’ ਦੀ ਸੰਸਥਾ ਦੀ ਮਨੁੱਖਤਾ ਨੂੰ ਮਾਨਵ ਵਿਕਾਸ ਦੇ ਮੁੱਢਲੇ ਦੌਰ ਵਿੱਚ ਬਹੁਤ ਵੱਡੀ ਦੇਣ ਹੈਧਰਮ ਮਨੁੱਖ ਨੂੰ ਹੌਸਲਾ, ਸਦਾਚਾਰ, ਸੰਜਮ ਆਦਿ ਗੁਣਾਂ ਦੇ ਧਾਰਨੀ ਹੋਣ ਦੀ ਪ੍ਰੇਰਨਾ ਵੀ ਦਿੰਦਾ ਹੈ, ਪਰ ਇਹ ਵੀ ਕੌੜੀ ਸੱਚਾਈ ਹੈ ਕਿ ਮਜ਼੍ਹਬ ਜਾਂ ਧਰਮ ਦੇ ਨਾਂ ਉੱਤੇ ਮਨੁੱਖਤਾ ਦਾ ਜਿੰਨਾ ਲਹੂ ਡੁੱਲ੍ਹਿਆ, ਉੰਨਾ ਕਿਸੇ ਹੋਰ ਕਾਰਨ ਕਰਕੇ ਕਦੇ ਵੀ ਨਹੀਂ ਡੁੱਲ੍ਹਿਆਪੁਰਾਣੇ ਧਰਮ ਗ੍ਰੰਥਾਂ/ਸ਼ਾਸਤਰਾਂ ਵਿੱਚ ਧਰਮ ਨੂੰ ਦਯਾ ਰੂਪੀ ਗਊ ਦੇ ਪੁੱਤਰ ਧਾਉਲ ਵਜੋਂ ਚਿਤਰਿਆ ਗਿਆ ਹੈ, ਪਰ ਮੈਂਨੂੰ ਲਗਦਾ ਹੈ ਕਿ ਜਦ ਕਦੇ ਇਸ ਧਾਉਲੇ ਬਲਦ ਦੀ ਪਿੱਠ ਉੱਤੇ ਸਿਆਸਤ ਬਘਿਆੜੀ ਆਪਣੀ ਕਾਠੀ ਪਾ ਲੈਂਦੀ ਹੈ ਤਾਂ ਇਹਦੇ ਸਿੰਗ ਉੱਗ ਆਉਂਦੇ ਹਨ ਅਤੇ ਇਹ ਮਾਰਨ-ਖੰਡੇ ਸਾਨ੍ਹ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸਦਾ ਖਮਿਆਜ਼ਾ ਬੇਕਸੂਰ ਮਨੁੱਖਤਾ ਨੂੰ ਭੁਗਤਣਾ ਪੈਂਦਾ ਹੈ

ਅੱਜ ਦਾ ਮਨੁੱਖ ਕਦੇ ਚੰਦਰਮਾ, ਕਦੇ ਮੰਗਲ ਗ੍ਰਹਿ ਉੱਤੇ ਆਪਣੇ ਕਦਮ ਰੱਖਣ ਦੀਆਂ ਫੜ੍ਹਾਂ ਮਾਰਦਾ ਥੱਕਦਾ ਨਹੀਂ, ਪਰ ਅਫਸੋਸ ਕਿ ਆਪਣੇ ਮਨ ਵਿੱਚੋਂ ਸੰਪਰਦਾਇਕਤਾ ਦੇ ਜਰਾਸੀਮ ਮਾਰਨ ਵਿੱਚ ਅਸਫਲ ਰਿਹਾ ਹੈ ਹਾਈਟੈੱਕ ਵਿਗਿਆਨ ਦੇ ਯੁੱਗ ਵਿੱਚ ਅੱਜ ਵੀ ਜਦ ਕਦੇ ਮੱਧਕਾਲੀ ਯੁੱਗ ਵਾਲੀਆਂ ਘਟਨਾਵਾਂ ਦੇਖਦਾ ਹਾਂ ਤਾਂ ਸੱਚਮੁੱਚ ਲਗਦਾ ਹੈ ਕਿ ਮੇਰੇ ਉਸ ਸਹਿਪਾਠੀ ਮਿੱਤਰ ਦੀ ਕਾਲਜ ਦੇ ਨੋਟਿਸ ਬੋਰਡ ਉੱਤੇ ਲਿਖੀ ਇਬਾਰਤ ਮੇਰੀ ਗੱਲ ਨਾਲੋਂ ਵੱਧ ਮਤਲਬ ਰੱਖਦੀ ਹੈ, “ਕਾਸ਼! ਦੁਨੀਆਂ ਵਿੱਚ ਕੋਈ ਧਰਮ ਨਾ ਹੁੰਦਾ!”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2001)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਅਮਰਦੀਪ ਸਿੰਘ ਅਮਰ

ਅਮਰਦੀਪ ਸਿੰਘ ਅਮਰ

Phone: (USA 317 - 518 - 8216)