JatinderPannu7ਦਿੱਲੀ ਵਿੱਚ ਜਿਹੜਾ ਹੁੜਦੰਗ ਹੋਇਆ ਤੇ ਜਿਸ ਨੂੰ ਸਰਕਾਰੀ ਧਿਰ ਦੀ ਪੂਰੀ ਸ਼ਹਿ ...
(3 ਮਾਰਚ 2020)

 

ਸਾਡੇ ਪੰਜਾਬ ਦੇ ਲੋਕਾਂ ਦਾ ਧਿਆਨ ਬਹੁਤਾ ਇਸ ਗੱਲ ਵੱਲ ਲੱਗਾ ਪਿਆ ਸੀ ਕਿ ਬਾਦਲ ਅਕਾਲੀ ਦਲ ਦੇ ਪਾਟਕ ਪਿੱਛੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਧੜਾ ਟਿਕਿਆ ਰਹੇਗਾ ਜਾਂ ਸੁਖਦੇਵ ਸਿੰਘ ਢੀਂਡਸੇ ਦਾ ਗਰੁੱਪ ਇਸ ਨੂੰ ਧੱਕ ਕੇ ਸਿੱਖ ਸਿਆਸਤ ਦੀ ਅਗਵਾਈ ਸਾਂਭ ਲਵੇਗਾ, ਪਰ ਦੇਸ਼ ਦੀ ਸਿਆਸਤ ਨੇ ਹੋਰ ਕਰਵਟ ਲੈ ਲਈ ਹੈਫਰਵਰੀ ਦੇ ਇੱਕੋ ਮਹੀਨੇ ਨੇ ਇੰਨਾ ਸਾਰਾ ਪਾਣੀ ਪੁਲਾਂ ਹੇਠਾਂ ਲੰਘਾ ਦਿੱਤਾ ਹੈ ਕਿ ਨਵੇਂ ਸਿਰਿਓਂ ਸੋਚਣ ਦੀ ਲੋੜ ਪਵੇਗੀਪਹਿਲਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਰਤ ਦੀ ਸਰਕਾਰ ਚਲਾ ਰਹੀ ਪਾਰਟੀ, ਜਿਸਦੇ ਲੀਡਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਦੁਨੀਆ ਦੀ ਮਹਾਨ ਹਸਤੀ ਤੱਕ ਆਖਿਆ ਸੀ, ਇਹ ਚੋਣਾਂ ਜਿੱਤਣ ਲਈ ਸਿਰ ਪਰਨੇ ਹੋਈ ਪਈ ਸੀਸਾਰੇ ਦੇਸ਼ ਵਿਚਲੀ ਹਿੰਦੂਤੱਵ ਦੀ ਰਿਜ਼ਰਵ ਫੋਰਸ, ਜਿਸ ਦੀ ਅਗਵਾਈ ਆਰ ਐੱਸ ਐੱਸ ਕੋਲ ਸਮਝੀ ਜਾਂਦੀ ਹੈ, ਦਿੱਲੀ ਵਿੱਚ ਗਲੀਓ-ਗਲੀ ਗੇੜੇ ਦਿੰਦੀ ਫਿਰਦੀ ਸੀਜਦੋਂ ਦਿੱਲੀ ਵਿੱਚ ਦਾਲ ਨਹੀਂ ਗਲ਼ੀ ਤਾਂ ਉਸੇ ਆਰ ਐੱਸ ਐੱਸ ਦੇ ਆਗੂ ਮੋਹਣ ਭਾਗਵਤ ਵੱਲੋਂ ਇਹ ਬਿਆਨ ਆਇਆ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹਰ ਚੋਣ ਨਹੀਂ ਜਿਤਾ ਸਕਦੇਦਿੱਲੀ ਦੇ ਵੋਟਰਾਂ ਦੇ ਇੱਕੋ ਹਲੂਣੇ ਨਾਲ ਜਿਹੜੀ ਸਮਝ ਭਾਗਵਤ ਨੂੰ ਪੈ ਗਈ, ਉਹ ਕਈ ਹੋਰ ਲੋਕਾਂ ਨੂੰ ਵੀ ਪੈਣ ਲੱਗੀ ਸੀ

ਇਸਦੇ ਬਾਅਦ ਅਚਾਨਕ ਦਿੱਲੀ ਵਿੱਚ ਦੰਗੇ ਹੋਣ ਲੱਗ ਪਏ ਜਾਂ ਕਿਹਾ ਜਾਵੇ ਕਿ ਕਰਵਾ ਦਿੱਤੇ ਗਏਇਸ ਕਾਰਨ ਦਿੱਲੀ ਤੋਂ ਅਮਰੀਕਾ ਤੱਕ ਭਾਰਤ ਦੀ ਬਦਨਾਮੀ ਹੋਈ ਤੇ ਕਈ ਰਾਜਸੀ ਲੀਡਰ ਨਵੇਂ ਸਿਰੇ ਤੋਂ ਸੋਚਣ ਲੱਗ ਪਏਜਿਹੜਾ ਵਹਿਸ਼ੀਪੁਣੇ ਦਾ ਨੰਗਾ ਨਾਚ ਹੋਇਆ, ਉਸ ਦੇ ਇੱਕ ਕੇਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਜੱਜ ਨੂੰ ਇਹ ਕਹਿਣਾ ਪੈ ਗਿਆ ਕਿ ਅਸੀਂ ਇਸ ਸ਼ਹਿਰ ਵਿੱਚ ਇੱਕ ਵਾਰ ਫਿਰ ਚੁਰਾਸੀ ਦਾ ਦੁਹਰਾਓ ਨਹੀਂ ਹੋਣ ਦਿਆਂਗੇਉਸ ਜੱਜ ਨੂੰ ਸੱਤਾ ਦੇ ਨਸ਼ੇ ਦਾ ਪਤਾ ਨਹੀਂ ਸੀ ਕਿ ਕਿਸ ਹੱਦ ਨੂੰ ਉਲੰਘ ਸਕਦਾ ਹੈ ਤੇ ਉਸ ਸ਼ਾਮ ਨੂੰ ਓਦੋਂ ਪਤਾ ਲੱਗ ਗਿਆ ਹੋਵੇਗਾ, ਜਦੋਂ ਜੱਜ ਸਾਹਿਬ ਦਾ ਤਬਾਦਲਾ ਅਚਾਨਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਰ ਕੇ ਚੰਡੀਗੜ੍ਹ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆਇਸ ਨਾਲ ਆਮ ਲੋਕਾਂ ਵਿੱਚ ਸਰਕਾਰ ਦੀ ਨੀਤ ਅਤੇ ਨੀਤੀ ਦੋਵਾਂ ਬਾਰੇ ਵਿਸਵਿਸੇ ਵਧ ਗਏ ਤੇ ਅਦਾਲਤਾਂ ਨਾਲ ਜੁੜੇ ਹੋਏ ਲੋਕਾਂ ਵਿੱਚ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਅਦਾਲਤੀ ਕਾਰਵਾਈ ਵੀ ਇਸ ਫਿਰਕੂ ਹੜ੍ਹ ਦੇ ਅੱਗੇ ਅੜਨ ਦਾ ਯਤਨ ਕਰੇ ਤਾਂ ਪਸੰਦ ਨਹੀਂ ਕੀਤੀ ਜਾਣ ਲੱਗੀਸਾਨੂੰ ਇਸ ਵਿਹਾਰ ਦੇ ਵਿਰੋਧ ਦਾ ਕੋਈ ਲੱਛਣ ਬਹੁਤਾ ਕਿਸੇ ਪਾਸੇ ਨਜ਼ਰ ਨਹੀਂ ਆਇਆ ਤੇ ਇੰਜ ਲੱਗਾ ਕਿ ਇਸ ਨੂੰ ਵੀ ਪ੍ਰਵਾਨ ਜਿਹਾ ਕਰ ਲਿਆ ਗਿਆ ਹੈ

ਦਿੱਲੀ ਦੀਆਂ ਚੋਣਾਂ ਵਿੱਚ ਕੇਂਦਰ ਦਾ ਰਾਜ ਸੰਭਾਲੀ ਬੈਠੀ ਧਿਰ ਦੀ ਹਾਰ ਤੇ ਇਸਦੇ ਫੌਰਨ ਬਾਅਦ ਹੋਏ ਦੰਗਿਆਂ ਦਾ ਦੂਸਰਾ ਅਸਰ ਦੇਸ਼ ਦੀ ਰਾਜਨੀਤੀ ਉੱਤੇ ਪਿਆ ਹੈ ਇਸਦੇ ਕਈ ਪੱਖਾਂ ਵਿੱਚੋਂ ਬੱਸ ਦੋ ਹੀ ਵੇਖ ਲਏ ਕਾਫੀ ਹਨ

ਇੱਕ ਅਸਰ ਬਿਹਾਰ ਵਿੱਚ ਪਿਆ ਹੈ ਉੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੌਸਮ ਦੇ ਮੁਤਾਬਕ ਚੱਲਣ ਲਈ ਪ੍ਰਸਿੱਧ ਹੈ ਤੇ ਕਿਸੇ ਵਕਤ ਕਿਸੇ ਵੀ ਧਿਰ ਨਾਲ ਜੁੜਨਾ ਜਾਂ ਉਸ ਨੂੰ ਛੱਡਣਾ ਉਸ ਲਈ ਚੁਟਕੀ ਦੀ ਗੱਲ ਹੈਬਿਹਾਰ ਦੀ ਵਿਧਾਨ ਸਭਾ ਲਈ ਪਿਛਲੀਆਂ ਚੋਣਾਂ ਵਿੱਚ ਉਹ ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਨਾਲ ਸੀ, ਪਰ ਬਾਅਦ ਵਿੱਚ ਨਰਿੰਦਰ ਮੋਦੀ ਦੇ ਦਬਦਬੇ ਨੂੰ ਵੇਖ ਕੇ ਭਾਜਪਾ ਨਾਲ ਜਾ ਜੁੜਿਆ ਸੀਦਿੱਲੀ ਦੀਆਂ ਚੋਣਾਂ ਵਿੱਚ ਸੱਤਰ ਵਿੱਚੋਂ ਮਸਾਂ ਦੋ ਸੀਟਾਂ ਲੈ ਕੇ ਉਸ ਨੇ ਭਾਜਪਾ ਨਾਲ ਸਮਝੌਤਾ ਕਾਇਮ ਰੱਖਿਆ ਤੇ ਨਤੀਜੇ ਵਿੱਚ ਆਪਣੀਆਂ ਦੋਵੇਂ ਸੀਟਾਂ ਹਾਰਨ ਮਗਰੋਂ ਵਾਪਸ ਬਿਹਾਰ ਜਾ ਕੇ ਅਜੇ ਭਵਿੱਖ ਬਾਰੇ ਦੋਚਿੱਤੀ ਵਿੱਚ ਸੀ ਕਿ ਦਿੱਲੀ ਵਿੱਚ ਦੰਗੇ ਛਿੜ ਪਏਨਰਿੰਦਰ ਮੋਦੀ ਸਰਕਾਰ ਨੇ ਪਾਰਲੀਮੈਂਟ ਤੋਂ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਇਆ ਸੀ, ਉਸ ਨੂੰ ਪਾਸ ਕਰਨ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਅਤੇ ਅਕਾਲੀ ਪਾਰਟੀ ਦੋਵੇਂ ਉਸ ਦੇ ਨਾਲ ਖੜ੍ਹੀਆਂ ਸਨ, ਪਰ ਦਿੱਲੀ ਚੋਣਾਂ ਅਤੇ ਦੰਗਿਆਂ ਦੇ ਬਾਅਦ ਨਿਤੀਸ਼ ਕੁਮਾਰ ਆਪਣੇ ਰਾਜ ਵਿੱਚ ਇਸ ਤਰ੍ਹਾਂ ਦੀ ਭਾਜਪਾਈ ਖੇਡ ਵਿੱਚ ਸ਼ਾਮਲ ਹੋਣ ਤੋਂ ਭੱਜ ਗਿਆਬਿਹਾਰ ਵਿਧਾਨ ਸਭਾ ਤੋਂ ਉਸ ਨੇ ਐੱਨ ਆਰ ਸੀ ਦੇ ਵਿਰੋਧ ਦਾ ਮਤਾ ਪਾਸ ਕਰਵਾ ਦਿੱਤਾ ਅਤੇ ਇਹ ਮਤਾ ਪਾਸ ਕਰਾਉਣ ਲਈ ਲਾਲੂ ਪ੍ਰਸਾਦ ਦਾ ਪੁੱਤਰ ਤੇਜੱਸਵੀ ਯਾਦਵ ਵੀ ਉਸ ਨੇ ਬੁੱਕਲ ਵਿੱਚ ਲੈ ਲਿਆਜਿਸ ਦਿਨ ਮਤਾ ਪੇਸ਼ ਹੋਣਾ ਸੀ, ਇੱਕ ਦਿਨ ਪਹਿਲਾਂ ਉਸ ਨੇ ਤੇਜੱਸਵੀ ਨੂੰ ਫੋਨ ਕੀਤਾ ਤੇ ਉਹ ਕੱਲ੍ਹ ਤੱਕ ਜਿਸ ‘ਚਾਚਾ ਨਿਤੀਸ਼’ ਦੇ ਖਿਲਾਫ ਬੋਲਦਾ ਸੀ, ਉਸ ਨੂੰ ਮਿਲਣ ਵੀ ਪਹੁੰਚ ਗਿਆਦੋਵਾਂ ਦੀ ਕੀ ਗੱਲ ਹੋਈ, ਪਤਾ ਨਹੀਂ, ਪਰ ਵਿਧਾਨ ਸਭਾ ਵਿੱਚ ਦੋਵੇਂ ਇਹ ਮਤਾ ਪਾਸ ਕਰਨ ਲਈ ਇਕੱਠੇ ਭੁਗਤ ਗਏ ਕਿ ਐੱਨ ਆਰ ਸੀ ਬਿਹਾਰ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ ਤੇ ਭਾਜਪਾ ਵਾਲੇ ਵੇਖਦੇ ਰਹਿ ਗਏਹੋਰ ਸਮਾਂ ਗੰਵਾਏ ਬਿਨਾਂ ਅਗਲੇ ਦਿਨ ਦੋਵੇਂ ਜਣੇ ਫਿਰ ਇਕੱਠੇ ਹੋ ਗਏਪਹਿਲਾਂ ਤੇਜੱਸਵੀ ਯਾਦਵ ਵਿਧਾਨ ਸਭਾ ਦੇ ਸਪੀਕਰ ਦੇ ਚੈਂਬਰ ਨੂੰ ਜਾਂਦਾ ਵੇਖਿਆ ਗਿਆ ਤੇ ਫਿਰ ਨਿਤੀਸ਼ ਕੁਮਾਰ ਉੱਥੇ ਪਹੁੰਚ ਗਿਆ ਅਤੇ ਸਪੀਕਰ ਨੂੰ ਬਾਹਰਲੇ ਕਮਰੇ ਵਿੱਚ ਛੱਡ ਕੇ ਦੋਵੇਂ ਜਣੇ ਅੰਦਰਲੇ ਰਿਟਾਇਰਿੰਗ ਰੂਮ ਵਿੱਚ ਬੈਠਕ ਕਰਨ ਲੱਗ ਪਏਬਾਹਰ ਆਏ ਤੇਜੱਸਵੀ ਯਾਦਵ ਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਿ ਸਰਕਾਰ ਦਾ ਕੀ ਬਣੇਗਾ ਤੇ ਉਸ ਨੇ ਬਿਨਾਂ ਝਿਜਕ ਕਹਿ ਦਿੱਤਾ ਕਿ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਅਸਥਿਰ ਨਹੀਂ ਹੋਣ ਦਿਆਂਗੇਕੱਲ੍ਹ ਤੱਕ ਨਿਤੀਸ਼ ਕੁਮਾਰ ਦੀ ਸਰਕਾਰ ਡੇਗਣ ਦੀਆਂ ਗੱਲਾਂ ਕਰਨ ਵਾਲਾ ਤੇਜੱਸਵੀ ਜਦੋਂ ਉਸੇ ਬੋਲੀ ਵਿੱਚ ਸਰਕਾਰ ਨੂੰ ਅਸਥਿਰ ਹੋਣ ਤੋਂ ਬਚਾਉਣ ਦੀਆਂ ਗੱਲਾਂ ਕਰਨ ਲੱਗਾ ਤਾਂ ਲੋਕਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਦਿੱਲੀ ਚੋਣਾਂ ਅਤੇ ਦਿੱਲੀ ਦੇ ਤਾਜ਼ਾ ਦੰਗਿਆਂ ਨੇ ਭੁਚਾਲੀ ਤਬਦੀਲੀਆਂ ਦੇ ਲਈ ਪੁਲ ਬੰਨ੍ਹ ਦਿੱਤਾ ਹੈ

ਇਸਦੇ ਬਾਅਦ ਦੂਸਰਾ ਪੱਖ ਸਾਡੇ ਪੰਜਾਬ ਦੀ ਰਾਜਨੀਤੀ ਨੇ ਵਿਖਾ ਦਿੱਤਾ ਹੈਦਿੱਲੀ ਦੀਆਂ ਚੋਣਾਂ ਤੱਕ ਅਕਾਲੀ ਦਲ ਦੇ ਆਗੂ ਦੱਬੀ ਜ਼ਬਾਨ ਵਿੱਚ ਭਾਜਪਾ ਦੇ ਖਿਲਾਫ ਬਥੇਰੇ ਸ਼ਿਕਵੇ ਕਰਦੇ ਸਨ, ਪਰ ਖੁੱਲ੍ਹ ਕੇ ਉਸ ਦੀ ਨੁਕਤਾਚੀਨੀ ਤੋਂ ਝਿਜਕਦੇ ਸਨਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਝਿਜਕ ਛੱਡਣ ਨੂੰ ਤਿਆਰ ਨਹੀਂ ਸਨ, ਪਰ ਜਦੋਂ ਦੰਗੇ ਹੋਣ ਦੀ ਨੌਬਤ ਆ ਗਈ ਤਾਂ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਮੌਕਾ ਢੁੱਕਵਾਂ ਜਾਪਣ ਲੱਗ ਪਿਆਪਹਿਲਾਂ ਦਿੱਲੀ ਵਿਚਲੇ ਅਕਾਲੀ ਆਗੂ ਪੀੜਤ ਪਰਿਵਾਰਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਖੋਲ੍ਹਣ ਲੱਗ ਪਏ ਅਤੇ ਫਿਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆ ਗਿਆ ਕਿ ਦਿੱਲੀ ਦੇ ਸਿੱਖ ਹਰ ਪੀੜਤ ਦੀ ਮਦਦ ਕਰਨਇਸ ਨੇਕ ਬਿਆਨ ਦਾ ਅਸਰ ਇਹ ਪਿਆ ਕਿ ਦਿੱਲੀ ਵਿੱਚ ਈਸਾਈ ਭਾਈਚਾਰਾ ਵੀ ਖੁੱਲ੍ਹ ਕੇ ਪੀੜਤਾਂ ਦੀ ਮਦਦ ਲਈ ਅੱਗੇ ਆ ਗਿਆ ਅਤੇ ਇੱਕ ਤਰ੍ਹਾਂ ਦਿੱਲੀ ਵਿੱਚ ਘੱਟ-ਗਿਣਤੀ ਭਾਈਚਾਰਿਆਂ: ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੀ ਇੱਕ ਸਾਂਝ ਵਾਲਾ ਪੁਲ ਬੱਝਣ ਲੱਗ ਪਿਆਦੂਸਰੀ ਗੱਲ ਇਹ ਕਿ ਦਿੱਲੀ ਵਿੱਚ ਜਿਹੜਾ ਹੁੜਦੰਗ ਹੋਇਆ ਤੇ ਜਿਸ ਨੂੰ ਸਰਕਾਰੀ ਧਿਰ ਦੀ ਪੂਰੀ ਸ਼ਹਿ ਸੀ, ਉਸ ਦੇ ਬਾਰੇ ਕੌੜ ਖਾ ਕੇ ਇੱਕ ਬਿਆਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਦੇ ਦਿੱਤਾ ਕਿ ਉਸ ਦੇ ਫੋਨ ਕਰਨ ਦੇ ਬਾਵਜੂਦ ਸਿਰਫ ਸ਼ਿਕਾਇਤ ਲਿਖੀ ਗਈ ਸੀ ਅਤੇ ਦੰਗਿਆਂ ਦੌਰਾਨ ਘਿਰੇ ਹੋਏ ਇੱਕ ਖਾਸ ਭਾਈਚਾਰੇ ਦੇ ਲੋਕਾਂ ਦੀ ਮਦਦ ਲਈ ਪੁਲਸ ਨਹੀਂ ਸੀ ਆਈਅਸੀਂ ਸਮਝਦੇ ਹਾਂ ਕਿ ਇੱਦਾਂ ਦਾ ਬਿਆਨ, ਭਾਵੇਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਵੇਖੇ ਅਤੇ ਹੰਢਾਏ ਹੋਣ, ਨਰੇਸ਼ ਗੁਜਰਾਲ ਨੇ ਆਪਣੀ ਪਾਰਟੀ ਦੀ ਲੀਡਰਸ਼ਿੱਪ ਦੀ ਸਲਾਹ ਤੋਂ ਬਗੈਰ ਨਹੀਂ ਦਿੱਤਾ ਹੋ ਸਕਦਾ ਤੇ ਇਸਦੀ ਝਲਕ ਅਗਲੇ ਦਿਨ ਹੋਰ ਵੀ ਮਿਲ ਗਈ

ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅੱਜਕੱਲ੍ਹ ਰਾਜਨੀਤੀ ਦੇ ਖੇਤਰ ਵੱਲੋਂ ਇੱਕ ਤਰ੍ਹਾਂ ਪਾਸੇ ਹਟੇ ਹੋਏ ਜਾਪਦੇ ਸਨ ਤੇ ਕੋਈ ਬਿਆਨ ਵਗੈਰਾ ਵੀ ਜਾਰੀ ਨਹੀਂ ਸੀ ਕਰਦੇਦਿੱਲੀ ਦੰਗਿਆਂ ਤੋਂ ਬਾਅਦ ਉਨ੍ਹਾਂ ਨੇ ਇੱਕੋ ਬਿਆਨ ਨਾਲ ਕਈ ਕੁਝ ਕਹਿ ਦਿੱਤਾ ਹੈਬਾਦਲ ਸਾਹਿਬ ਨੇ ਖਿਝ ਕੇ ਬੋਲਣ ਵਾਲੇ ਬੰਦੇ ਵਾਂਗ ਇਹ ਕਹਿ ਦਿੱਤਾ ਕਿ ਇਸ ਦੇਸ਼ ਦੇ ਸੰਵਿਧਾਨ ਵਿੱਚ ਤਿੰਨ ਖਾਸ ਗੱਲਾਂ ਸੈਕੂਲਰਿਜ਼ਮ, ਸੋਸ਼ਲਿਜ਼ਮ ਅਤੇ ਡੈਮੋਕਰੇਸੀ ਦਰਜ ਸਨ, ਪਰ ਅੱਜ ਇਸ ਦੇਸ਼ ਵਿੱਚ ਨਾ ਸੈਕੂਲਰਿਜ਼ਮ ਰਹਿ ਗਿਆ ਹੈ, ਨਾ ਸੋਸ਼ਲਿਜ਼ਮ, ਬੱਸ ਥੋੜ੍ਹੀ ਕੁ ਡੈਮੋਕਰੇਸੀ ਬਚੀ ਹੈ ਤੇ ਉਹ ਵੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਾਉਣ ਜੋਗੀ ਦਿਸਦੀ ਹੈਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਮਹੀਨਾ ਪਹਿਲਾਂ ਇਹੋ ਗੱਲ ਬਾਦਲ ਸਾਹਿਬ ਨੇ ਕਹੀ ਹੁੰਦੀ ਤਾਂ ਨਰਿੰਦਰ ਮੋਦੀ ਨੇ ਕਿਸੇ ਏਲਚੀ ਰਾਹੀਂ ਕੇਂਦਰ ਦੇ ਮੰਤਰੀ ਮੰਡਲ ਵਿੱਚ ਬੈਠੀ ਬਾਦਲ ਪਰਿਵਾਰ ਦੀ ਬੀਬੀ ਦਾ ਅਸਤੀਫਾ ਮੰਗ ਲੈਣਾ ਸੀ ਤੇ ਇਸ ਗੱਲ ਤੋਂ ਡਰਦੇ ਬਾਦਲਾਂ ਦੇ ਟੱਬਰ ਵਿੱਚੋਂ ਕਿਸੇ ਨੇ ਇਹ ਗੱਲ ਕਹਿਣੀ ਵੀ ਨਹੀਂ ਸੀਦਿੱਲੀ ਦੇ ਬਦਲੇ ਹੋਏ ਹਾਲਾਤ ਨੇ ਕਈ ਕੁਝ ਬਦਲ ਦਿੱਤਾ ਹੈ ਤੇ ਇਸ ਬਦਲਦੇ ਮੌਸਮ ਦਾ ਪ੍ਰਛਾਵਾਂ ਬਾਦਲਾਂ ਦੀ ਕੋਠੀ ਤੱਕ ਵੀ ਪਹੁੰਚਦਾ ਜਾਪਣ ਲੱਗ ਪਿਆ ਹੈ

ਅਜੇ ਇਹ ਬਦਲਦੇ ਮੌਸਮ ਦਾ ਆਗਾਜ਼ ਹੈ, ਨਰਿੰਦਰ ਮੋਦੀ ਦੇ ਅਜੇਤੂ ਹੋਣ ਦਾ ਭਰਮ ਟੁੱਟਣਾ ਸ਼ੁਰੂ ਹੋਇਆ ਅਤੇ ਗੱਠਜੋੜ ਦੇ ਅੰਦਰੋਂ ਵੀ ਵਿਰੋਧ ਦੀਆਂ ਉਹ ਸੁਰਾਂ ਸ਼ੁਰੂ ਹੋਈਆਂ ਹਨ, ਜਿਹੜੀਆਂ ਹਾਲੇ ਤੱਕ ਦੱਬੀਆਂ ਹੋਈਆਂ ਸਨਅਗਲੇ ਦਿਨਾਂ ਵਿੱਚ ਇਹ ਸੁਰਾਂ ਹੋਰ ਤਿੱਖੀਆਂ ਹੋ ਸਕਦੀਆਂ ਹਨ ਇੱਦਾਂ ਦੇ ਗੱਠਜੋੜ ਲੋਕਾਂ ਦੀ ਹਰਮਨ ਪਿਆਰਤਾ ਨਾਲ ਨਹੀਂ, ਦਬਦਬੇ ਦੇ ਨਾਲ ਟਿਕੇ ਹੁੰਦੇ ਹਨਜਦੋਂ ਦਬਦਬਾ ਟੁੱਟਣਾ ਸ਼ੁਰੂ ਹੋਵੇ ਤਾਂ ਰੇਤ ਦੀ ਬੋਰੀ ਵਾਂਗ ਕਿਰਨ ਲੱਗਦੇ ਹਨਅਜੇ ਉਹ ਘੜੀ ਨਹੀਂ ਆਈ ਕਿ ਇਸ ਗੱਠਜੋੜ ਨੂੰ ਕੇਰਾ ਲੱਗਾ ਮੰਨ ਲਿਆ ਜਾਵੇ, ਪਰ ਦਿੱਲੀ ਦੇ ਹਾਲਾਤ ਨੇ ਜਿਹੜਾ ਦ੍ਰਿਸ਼ ਲੋਕਾਂ ਦੀ ਅੱਖ ਅੱਗੇ ਪੇਸ਼ ਕਰ ਦਿੱਤਾ ਹੈ, ਇਹ ਬਹੁਤ ਕੁਝ ਕਹਿੰਦਾ ਪਿਆ ਹੈ, ਸੱਚਮੁੱਚ ਬਹੁਤ ਕੁਝ ਕਹੀ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1968)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author