ਸਮੂਹ ਪੰਜਾਬ ਹਿਤੈਸ਼ੀ ਆਪਣੀ ਬੋਲਬਾਣੀ ਏਕਾ ਉਸਾਰਨ ਅਤੇ ਜੋੜਨ ਵਾਲੀ ਰੱਖਣ ...
(28 ਫਰਵਰੀ 2020)

 

ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਫਤਹਿ ਪ੍ਰਾਪਤ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਦੇ ਲੋਕਾਂ ਦਾ ਧਰਮ ਨਾਲ ਕੋਈ ਲੋੜ ਤੋਂ ਵੱਧ ਵਾਹ ਵਾਸਤਾ ਨਹੀਂ, ਨਾ ਹੀ ਉਨ੍ਹਾਂ ਸਾਹਮਣੇ ‘ਮੰਦਰ, ਮਸਜਿਦ’ ਦਾ ਮਸਲਾ ਹੈ ਤੇ ਨਾ ਹੀ ਉਨ੍ਹਾਂ ਉੱਤੇ ‘ਹਿੰਦੂ ਮੁਸਲਿਮ’ ਦਾ ਕੋਈ ਅਸਰ ਹੈ। ਜਿਹੜਾ ਮੁੱਦਾ ਪਿਛਲੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਕੇ ਬਹੁ ਗਿਣਤੀ ਦੇ ਲੋਕਾਂ ਨੂੰ ਭਰਮਾ ਰਹੀ ਸੀ, ਇਨ੍ਹਾਂ ਚੋਣਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਹੜੀ ਵੀ ਸਰਕਾਰ ਦੇਸ਼ ਜਾਂ ਪਾਂਤ ਵਿੱਚ ਰਾਜ ਕਰ ਰਹੀ ਹੈ ਜੇ ਕਰ ਉਨ੍ਹਾਂ ਦੇ ਕੰਮ ਲੋਕ ਹਿਤ ਵਾਲੇ ਨਹੀਂ ਤਾਂ ਲੋਕ ਭਵਿੱਖ ਵਿੱਚ ਉਨ੍ਹਾਂ ਸਰਕਾਰਾਂ ਨੂੰ ਪਸੰਦ ਨਹੀਂ ਕਰਨਗੇ।

ਦਿੱਲੀ ਦੇ ਲੋਕਾਂ ਨੇ ਦੇਸ਼ ਭਰ ਦੇ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਇਸ ਸਮੇਂ ਜਿਹੜੀ ਫਿਰਕਾਪ੍ਰਸਤਾਂ ਦੀ ਸਰਕਾਰ ਦੇਸ਼ ਨੂੰ ਚਲਾ ਰਹੀ ਹੈ ਇਸ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਛਿੱਕੇ ਟੰਗ ਕੇ, ਹਿੰਦੂ ਧਰਮ ਦੀ ਫੋਕੀ ਦੁਹਾਈ ਦੇ ਕੇ ਅੰਬਾਨੀਆਂ, ਅੰਡਾਨੀਆਂ ਆਦਿ 20-25 ਉੱਚ ਘਰਾਣਿਆਂ ਦੇ ਪਰਿਵਾਰਾਂ ਨੂੰ ਅਮੀਰ ਤੇ ਹੋਰ ਅਮੀਰ ਕਰ ਰਹੀ ਹੈ। ਸ੍ਰੀ ਨਰਿੰਦਰ ਮੋਦੀ ਜਦੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਇਨ੍ਹਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਬਲਕਿ ਰੁਜ਼ਗਾਰ ਤੇ ਲੱਗੇ ਹੋਏ ਲੋਕ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੱਡੇ ਵੱਡੇ ਕਾਰਖਾਨੇ ਬੰਦ ਹੋ ਜਾਣ ਕਾਰਨ ਅਖਬਾਰੀ ਅੰਕੜਿਆਂ ਅਨੁਸਾਰ ਸਵਾ ਚਾਰ ਕਰੋੜ ਤੋਂ ਵਧੇਰੇ ਲੋਕਾਂ ਦਾ ਰੁਜ਼ਗਾਰ ਹੁਣ ਤਕ ਖੁੱਸ ਚੁੱਕਿਆ ਹੈ, ਅੱਗੋਂ ਖੁੱਸਣਾ ਵੀ ਜਾਰੀ ਹੈ।

ਦੇਸ਼ ਦੀ ਆਰਥਿਕ ਸਥਿਤੀ ਇੰਨੀ ਪਤਲੀ ਹੋ ਗਈ ਹੈ ਕਿ ਭਾਰਤ ਦੇਸ਼ ਹੁਣ ਕਈ ਪੱਖਾਂ ਤੋਂ ਪਾਕਿਸਤਾਨ, ਬੰਗਲਾ ਦੇਸ਼, ਨੇਪਾਲ, ਭੂਟਾਨ, ਲੰਕਾ ਆਦਿ ਦੇਸ਼ਾਂ ਤੋਂ ਵੀ ਪਛੜ ਗਿਆ ਹੈ। ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਕੋਲ ਸਿਵਾਏ ‘ਇੱਕ ਰਾਸ਼ਟਰ, ਇੱਕ ਵਿਧਾਨ, ਇੱਕ ਧਰਮ, ਇੱਕ ਬੋਲੀ’ ਦੇ ਏਜੰਡੇ ਦੇ ਹੋਰ ਕੋਈ ਏਜੰਡਾ ਨਹੀਂ ਹੈ। ਅੱਜ ਦੇਸ਼ ਦੇ ਸਾਹਮਣੇ ਰੁਜ਼ਗਾਰ, ਭ੍ਰਿਸ਼ਟਾਚਾਰ, ਮਹਿੰਗਾਈ, ਕਿਸਾਨਾਂ ਦੇ ਅਤਿ ਗੰਭੀਰ ਮਸਲੇ ਹਨ, ਜਿਨ੍ਹਾਂ ਦਾ ਹੱਲ ਉਚਿਤ ਤਰੀਕੇ ਨਾਲ ਕਰਨ ਦੀ ਜ਼ਰੂਰਤ ਹੈ।

ਦਿੱਲੀ ਦੇ ਲੋਕਾਂ ਵਲੋਂ ਵਰਤੀ ਸਿਆਣਪ ਕਾਰਨ ਕੇਂਦਰ ਦੀ ਸਰਕਾਰ ਨੇ ਵੇਖ ਲਿਆ ਕਿ ਸਾਰੇ ਸਾਧਨ ਝੋਕ ਕੇ ਸਭ ਨੇ ਸਾਰਾ ਜ਼ੋਰ ਲਗਾ ਕੇ ਦੇਖ ਲਿਆ ਹੈ ਪਰ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ! ਉੱਥੋਂ ਦੇ ਵਾਸੀਆਂ ਨੇ ਸੁਹਿਰਦ ਅਤੇ ਸੁਚੇਤ ਹੋ ਕੇ ਦੇਸ਼ ਦੇ ਲੋਕਾਂ ਨੂੰ ਇੱਕ ਵੱਡਾ ਸੰਦੇਸ਼ ਵੀ ਦਿੱਤਾ ਹੈ। ਜੇਕਰ ਅਸੀਂ ਆਪਣੇ ਦੇਸ਼ ਨੂੰ ਠੀਕ ਲੀਹਾਂ ਉੱਤੇ ਲਿਜਾਣਾ ਚਾਹੁੰਦੇ ਹਾਂ ਤਾਂ ਬੜੀ ਗੰਭੀਰਤਾ ਨਾਲ ਵਾਚਣ ਅਤੇ ਵਿਚਾਰਨ ਦੀ ਜ਼ਰੂਰਤ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਵਿਚਲੇ ਆਮ ਆਦਮੀ ਪਾਰਟੀ ਦਾ ਕੇਡਰ, ਜੋ 2017 ਦੀਆਂ ਚੋਣਾਂ ਵਿੱਚ ਨਿਕਲੇ ਨਤੀਜਿਆ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਘਰ ਬਹਿ ਗਿਆ ਸੀ, ਉਨ੍ਹਾਂ ਦੇ ਮਨਾਂ ਅੰਦਰ ਮੁੜ ਜਾਗ੍ਰਿਤੀ ਲਿਆਂਦੀ ਹੈ। ਪਰ ਉਹ ਹਾਲੇ ਵੀ ਸੋਚਾਂ ਵਿੱਚ ਹਨ ਕਿ ਆਮ ਆਦਮੀ ਪਰਟੀ ਦੀ ਕੇਂਦਰੀ ਤੇ ਪੰਜਾਬ ਦੀ ਲੀਡਰਸ਼ਿੱਪ ਖਿੰਡਰ ਚੁੱਕੇ ਕੇਡਰ ਨੂੰ ਮੁੜ ਜੋੜਨ ਵਿੱਚ ਕਾਮਯਾਬ ਹੋਵੇਗੀ ਕਿ ਨਹੀਂ? ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 400 ਤੋਂ ਵਧੇਰੇ ਉਮੀਦਵਾਰ ਖੜ੍ਹੇ ਕੀਤੇ ਸਨ ਤਾਂ ਸਾਰੇ ਭਾਰਤ ਵਿੱਚ ਉਸ ਦੀ ਕਾਰਜਗੁਜ਼ਾਰੀ ਪੰਜਾਬ ਤੋਂ ਬਿਨਾ ਬਾਕੀ ਸਿਫਰ ਹੀ ਸੀ। ਪੰਜਾਬ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਚਾਰ ਲੋਕ ਸਭਾ ਦੀਆਂ ਸੀਟਾਂ ਜਿਤਾ ਕੇ ਪਾਈਆਂ ਸਨ। ਇਹ ਸਾਬਤ ਕਰਦਾ ਹੈ ਕਿ ਇਸ ਪ੍ਰਾਂਤ ਦੇ ਲੋਕ ਇੰਨੇ ਸਿਆਣੇ ਹਨ ਕਿ ਉਹ ਆਪਣੇ ਤੌਰ ’ਤੇ ਵਧੀਆ ਚੋਣਾਂ ਲੜ ਕੇ ਚੰਗੇ ਨਤੀਜੇ ਦੇ ਸਕਦੇ ਸਨ।

ਪੰਜਾਬ ਵਾਸੀਆਂ ਅਤੇ ਵਿਸ਼ੇਸ਼ ਕਰਕੇ ਇਸ ਪਾਰਟੀ ਦੇ ਬਹੁਤੇ ਸਮਰਥਕਾਂ ਦਾ ਇਹ ਵੀ ਕਹਿਣਾ ਹੈ ਕਿ 2017 ਦੀਆਂ ਚੋਣਾਂ ਵਿੱਚ ਦਿੱਲੀ ਵਾਲਿਆਂ ਨੇ ਕੁਝ ਇਹੋ ਜਿਹੇ ਲੀਡਰ ਪੰਜਾਬ ਵਿੱਚ ਭੇਜੇ ਜਿਨ੍ਹਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੋਂ ਬਿਨਾਂ ਕਈ ਹੋਰ ਦੂਸ਼ਣ ਲੱਗੇ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਪਾਰਟੀ ਨੂੰ ਬੜੀ ਚੰਗੀ ਤਰ੍ਹਾਂ ਚਲਾਉਂਦੇ ਆ ਰਹੇ ਸਨ ਪਰ ਕੇਂਦਰ ਦੀ ਪਾਰਟੀ ਨੇ ਸ੍ਰ. ਸੁੱਚਾ ਸਿੰਘ ਛੋਟੇਪੁਰ ਵਰਗਿਆਂ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਪਾਰਟੀ ਲਈ ਕੰਮ ਕੀਤਾ ਉੱਤੇ ਨਿਰਮੂਲ ਦੋਸ਼ ਲੱਗਾ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ, ਉਨ੍ਹਾਂ ’ਤੇ ਲਗਾਏ ਗਏ ਦੋਸ਼ ਹੁਣ ਤਕ ਜਨਤਕ ਨਹੀਂ ਕੀਤੇ ਗਏ। ਇਸੇ ਤਰ੍ਹਾਂ ਪਾਰਟੀ ਨੂੰ ਸ਼ੁਰੂਆਤੀ ਦੌਰ ਵਿੱਚ ਖੜ੍ਹੇ ਕਰਨ ਵਾਲੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ, ਸ੍ਰੀ ਯੋਗਿੰਦਰ ਯਾਦਵ, ਡਾ ਧਰਮਵੀਰ ਗਾਂਧੀ, ਗੁਰਪ੍ਰੀਤ ਘੁੱਗੀ, ਸੁਖਪਾਲ ਖਹਿਰਾ ਆਦਿ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ, ਜਿਸ ਨਾਲ ਵਰਕਰਾਂ ਵਿੱਚ ਘੋਰ ਨਿਰਾਸ਼ਾ ਦਾ ਆਲਮ ਛਾ ਗਿਆ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਜੋ ਦਿੱਲੀ ਤੋਂ ਆਮ ਆਦਮੀ ਪਾਰਟੀ ਨੇ ਆਗੂ ਭੇਜੇ, ਉਨ੍ਹਾਂ ਬਾਰੇ ਬਹੁਤਾ ਕੁਝ ਦੱਸਣ ਦੀ ਜ਼ਰੂਰਤ ਨਹੀਂ, ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਪੰਜਾਬ ਦੇ ਆਗੂਆਂ ਨੇ ਆਪਣੀ ਬਾਖੂਬ ਤੇ ਸੁੱਚਜੀ ਸੂਝ ਅਤੇ ਯੋਜਨਾ ਤਹਿਤ ਲੜੀਆਂ ਤੇ ਭਾਰਤ ਨੂੰ ਇੱਕ ਅਨੋਖਾ ਚਮਤਕਾਰ ਕਰ ਵਿਖਾਇਆ। ਪਰ ਜਦੋਂ ਬਿਨਾਂ ਵਜਾਹ ਵਾਧੂ ਦੀ ਦਖਲ ਅੰਦਾਜ਼ੀ ਕੀਤੀ ਗਈ ਤਾਂ ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਕੇਂਦਰ ਦੀ ਆਮ ਆਦਮੀ ਪਾਰਟੀ ਵਲੋਂ ਕਈ ਗਲਤ ਬਿਆਨਬਾਜ਼ੀਆਂ ਕੀਤੀਆਂ ਗਈਆਂ ਜਿਵੇਂ ਕਦੇ ਇਹ ਕਿਹਾ ਜਾਂਦਾ ਰਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ, ਕਦੇ ਮਨੀਸ਼ ਸਿਸੋਦੀਆ ਦੇ ਨਾਂ ਦੀ ਅਖਬਾਰਾਂ ਵਿੱਚ ਚਰਚਾ ਹੁੰਦੀ ਰਹੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ, ਨਾ ਹੀ ਕਰਨਗੇ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬੋਂ ਬਾਹਰ ਦਾ ਕੋਈ ਬਣੇ। ਜਦੋਂ ਪੰਜਾਬ ਦੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਨੇ ਇਹ ਅਨੁਭਵ ਕਰ ਲਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ ਤਾਂ ਫਿਰ ਉਨ੍ਹਾਂ ਨੂੰ ਇੱਕੋ ਇੱਕ ਢੰਗ ਸੁੱਝਿਆ ਜਿਸ ਨਾਲ ਇਸ ਪਾਰਟੀ ਨੂੰ ਆਉਣ ਤੋਂ ਰੋਕਿਆ ਜਾ ਸਕਦਾ ਹੈ, ਉਹ ਇਹ ਸੀ ਕਿ ਜੇ ਕਰ ਦੋਵੇਂ ਮੁੱਖ ਪਾਰਟੀਆਂ (ਕਾਂਗਰਸੀ ਅਤੇ ਅਕਾਲੀ) ਆਪਸ ਵਿੱਚ ਸਾਂਝ ਪਾ ਲੈਣ ਤਾਂ ਦੋਹਾਂ ਦੀ ਸਾਂਝੀ ਦੁਸ਼ਮਣ ਸਮਝੀ ਜਾਂਦੀ ਆਮ ਆਦਮੀ ਪਾਰਟੀ ਨਾਲ ਟਾਕਰਾ ਕਰ ਸਕਦੇ ਹਨ। ਅਕਾਲੀਆਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਹਾਲਤ ਇੱਕ ਦਹਾਕੇ ਦੀ ਕਾਰਗੁਜਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਕਾਫੀ ਤਰਸਯੋਗ ਬਣ ਚੁੱਕੀ ਹੈ, ਉਨ੍ਹਾਂ ਨੇ ਆਪਣੀ ਜਿੱਤ ਨਾ ਹੁੰਦੀ ਵੇਖ ਕੇ ਆਪਣੀ ਅਕਾਲੀ ਪਾਰਟੀ ਦੀਆਂ ਵੋਟਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਪੁਆ ਕੇ ਉਨ੍ਹਾਂ ਨੂੰ ਭਾਰੀ ਜਿੱਤ ਹਾਸਲ ਕਰਾ ਦਿੱਤੀ। ਅਕਾਲੀ ਦਲ ਬਾਦਲ, ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲਾਂ ਹੀ ਘਿਉ ਖਿਚੜੀ ਹੋਇਆ ਹੋਣ ਦਾ ਸਭ ਨੂੰ ਪਤਾ ਹੈ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੇ ਪੰਜਾਬ ਵਾਸੀਆਂ ਨੂੰ ਹੋਰ ਕਈ ਸਬਜ਼ਬਾਗ ਵਿਖਾ ਕੇ ਵੋਟਾਂ ਬਟੋਰ ਲਈਆਂ, ਜਿਸਦਾ ਪੰਜਾਬ ਦੇ ਲੋਕ ਹੁਣ ਪਿਛਲੇ ਤਿੰਨ ਸਾਲਾਂ ਤੋਂ ਖਮਿਆਜਾ ਭੁਗਤਦੇ ਆ ਰਹੇ ਹਨ।

ਭਾਵੇਂ ਦਿੱਲੀ ਦੀਆਂ ਚੋਣਾਂ ਨੇ ਇੱਕ ਆਸ ਦੀ ਕਿਰਨ ਜਗਾਈ ਹੈ ਪਰ ਜੇਕਰ ਇਸ ਪਾਰਟੀ ਨੇ ਆਪਣੇ ਅਤੀਤ ਤੋਂ ਕੋਈ ਸਬਕ ਨਾ ਸਿੱਖਿਆ ਤੇ ਪਿੱਛੇ ਵਾਲੀਆਂ ਕੀਤੀਆਂ ਗਲਤੀਆਂ ਨੂੰ ਦੁਹਰਾਉਣ ਤੋਂ ਗੁਰੇਜ਼ ਨਾ ਕੀਤਾ ਤਾਂ ਇੱਕ ਵਾਰ ਫਿਰ ਉਹ ਸੁਨਹਿਰੀ ਮੌਕੇ ਨੂੰ ਹੱਥੋਂ ਗਵਾ ਲੈਣਗੇ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ, ਜਿਹੜੀਆਂ 2022 ਵਿੱਚ ਹੋਣੀਆਂ ਹਨ, ਨੂੰ ਦੋ ਸਾਲ ਦਾ ਸਮਾਂ ਰਹਿ ਗਿਆ ਹੈ। ਇਹ ਤਾਂ ਹੀ ਜਿੱਤੀਆਂ ਜਾ ਸਕਣਗੀਆਂ ਜੇ ਕਰ ਸਾਡੇ ਆਗੂ ਮੁੱਖ ਵਿਰੋਧੀ ਪਾਰਟੀਆਂ ਅਕਾਲੀ (ਬਾਦਲ ਗਰੁਪ), ਭਾਜਪਾ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਆਪਸ ਵਿੱਚ ਰਲ ਮਿਲ ਕੇ ਚਲਣ ਦੇ ਨਾਲ, ਰੁੱਸੇ ਹੋਏ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲਣਗੇ। ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਜਪਾ ਨੂੰ ਚਲਾਉਣ ਪਿੱਛੇ ਰ ਸ ਸ ਦਾ ਵਿੰਗ ਕੰਮ ਕਰ ਰਿਹਾ ਹੈ ਜੋ ਨਿੱਤ ਦਿਨ ਨਵੀਆਂ ਯੋਜਨਾਵਾਂ ਘੜ ਰਿਹਾ ਹੈ ਕਿ ਕਿਸ ਤਰੀਕੇ ਨਾਲ ਉਨ੍ਹਾਂ ਦੀ ਕੇਂਦਰ ਅਤੇ ਪ੍ਰਾਂਤਾਂ ਵਿੱਚ ਚੜ੍ਹਤ ਰਹਿ ਸਕਦੀ ਹੈ। ਭਾਵੇਂ ਪਿਛਲੇ ਸਮੇਂ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਨੂੰ ਲਗਾਤਾਰ ਮਾਰ ਪੈ ਰਹੀ ਹੈ। ਇਹ ਆਪਣੀਆਂ ਸੌੜੀਆਂ ਅਤੇ ਫਿਰਕਾਪ੍ਰਸਤੀ ਵਾਲੀਆਂ ਨੀਤੀਆਂ ਕਾਰਨ ਥੋੜ੍ਹੇ ਜਿਹੇ ਸਮੇਂ ਵਿੱਚ 23 ਵਿਧਾਨ ਸਭਾਵਾਂ ਤੋਂ ਸੁੰਘੜ ਕੇ 17 ’ਤੇ ਪੁੱਜ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਪੱਛਮੀ ਬੰਗਾਲ, ਬਿਹਾਰ ਅਤੇ ਪੰਜਾਬ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਨੂੰ ਕਰਾਰੀ ਹਾਰ ਦੇਣੀ ਤਾਂ ਹੀ ਸੰਭਵ ਹੋ ਸਕੇਗੀ ਜ ਕਰ ਅਸੀਂ ਜਿਵੇਂ ਦਿਲੀ ਦੀ ਸਰਕਾਰ ਨੇ ਲੋਕ ਹਿਤ ਵਾਲੇ ਕੰਮ ਕੀਤੇ ਹਨ ਇਸੇ ਤਰ੍ਹਾਂ ਦਾ ਕੰਮ ਕਰਨ ਦਾ ਵਿਸ਼ਵਾਸ ਲੋਕਾਂ ਨੂੰ ਦੁਆਈਏ। ਜੇਕਰ ਅਸੀਂ ਪ੍ਰਾਂਤ ਜਿੱਤਣੇ ਹਨ ਤਾਂ ਫਿਰ ਉਨ੍ਹਾਂ ਪ੍ਰਾਂਤਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਈਏ ਕਿ ਜਿੱਤਣ ਉੋਪਰੰਤ ਉਹ ਦਿੱਲੀ ਨਾਲੋਂ ਹੋਰ ਵੀ ਚੰਗੇ ਢੰਗ ਨਾਲ ਲੋਕ ਹਿਤੈਸ਼ੀ ਕੰਮ ਕਰਨਗੇ। ਵਿਰੋਧੀ ਪਾਰਟੀਆਂ ਨੇ ਅਤੇ ‘ਮੋਦੀ ‘ਸਰਕਾਰ ਅੱਗੇ ਵਿਕ ਚੁੱਕੇ ‘ਮੀਡੀਏ’ ਨੇ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਕਰਨੇ ਹਨ। ਅੱਜ ਲੋੜ ਹੈ ਕਿ ਸਾਫ ਸੁਥਰੀ ਦਿੱਖ ਵਾਲੇ ਲੀਡਰ, ਚਾਹੇ ਉਹ ਕਿਸੇ ਹੋਰ ਪਾਰਟੀ ਦੇ ਹੀ ਕਿਉਂ ਨਾ ਹੋਣ. ਸ੍ਰ. ਨਵਜੋਤ ਸਿੰਘ ਸਿੱਧੂ, ਸ੍ਰ. ਪਰਗਟ ਸਿੰਘ, ਬੈਂਸ ਭਰਾਵਾਂ, ਡਾ. ਧਰਮਵੀਰ ਗਾਂਧੀ, ਸ੍ਰ. ਸੁਖਪਾਲ ਸਿੰਘ ਖਹਿਰਾ ਆਦਿ ਸਭ ਨੂੰ ਨਾਲ ਲੈ ਕੇ ਇੱਕ ਲਹਿਰ ਉਸਾਰਨ ਦੀ ਵੱਡੀ ਜ਼ਰੂਰਤ ਹੈ।

ਮੁੱਕਦੀ ਗੱਲ ਹੈ ਕਿ ਜੇਕਰ ਅਸੀਂ ਆਮ ਆਦਮੀ ਪਾਰਟੀ ਸਮੇਤ ਸਾਰਿਆਂ ਨੇ ਪੰਜਾਬ ਵਿੱਚ ਰਲ ਮਿਲ ਕੇ ਸਾਂਝੀ ਨੀਤੀ ਤਹਿਤ ਤੀਜਾ ਫਰੰਟ ਬਣਾ ਕੇ ਪੰਜਾਬ ਵਿੱਚ ਚੱਲੇ ਤਾਂ ਫਿਰ ਦਿੱਲੀ ਵਾਲਾ ਮੁਕਾਮ ਹਾਸਲ ਕਰਨ ਦੇ ਸਮਰੱਥ ਹੋ ਸਕਾਂਗੇ। ਪਰ ਜੋ ਕੁਝ ਚੋਣਾਂ ਜਿੱਤਣ ਤੋਂ ਬਾਦ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵਲੋਂ ਏਕਾ ਉਸਾਰਨ, ਰੁੱਸਿਆਂ ਨੂੰ ਮਨਾਉਣ ਦੀ ਥਾਂ ਇੱਕ ਦੂਜੇ ਦੀ ਨੁਕਤਾਚੀਨੀ ਕਰਕੇ ਮੀਡੀਏ ਅੱਗੇ ਪੇਸ਼ ਕੀਤਾ ਜਾ ਰਿਹਾ ਹੈ, ਉਹ ਬੇਹੱਦ ਨਿੰਦਣ ਤੇ ਨਿਰਾਸ਼ਾ ਕਰਨ ਵਾਲਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਦਿੱਲੀ, ਦਿੱਲੀ ਹੈ’ ਤੇ ‘ਪੰਜਾਬ ,ਪੰਜਾਬ’ ਹੈ, ਜਿਸ ਵਿੱਚ ਬੜਾ ਫਰਕ ਹੈ। ਦਿੱਲੀ ਵਾਲਿਆਂ ਨੇ ਕੁਝ ਕਰ ਵਿਖਾਇਆ ਹੈ ਤੇ ਅਸੀਂ ਹਾਲੇ ਕਰ ਕੇ ਵਿਖਾਉਣਾ ਹੈ। ਇਸ ਲਈ ਸਮੂਹ ਪੰਜਾਬ ਹਿਤੈਸ਼ੀ ਆਪਣੀ ਬੋਲਬਾਣੀ ਏਕਾ ਉਸਾਰਨ ਅਤੇ ਜੋੜਨ ਵਾਲੀ ਰੱਖਣ, ਨਾ ਕਿ ਤੋੜਨ ਵਾਲੀ, ਤਾਂ ਹੀ ਅਸੀਂ ਆਪਣੇ ਅਸਲ ਮੁਕਾਮ ’ਤੇ ਪੁੱਜਣ ਦੇ ਸਮਰੱਥ ਹੋ ਸਕਾਂਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1960)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜੰਗ ਸਿੰਘ

ਜੰਗ ਸਿੰਘ

Anandpur Sahib, Rupnagar, Punjab, India.
Phone: (91 - 94170 - 95965)
Email: (jangsinghaps@gmail.com)

More articles from this author