GurmitShugli7ਜਿੱਤ ਦੇ ਅੰਦਾਜ਼ੇ ਲਾਏ ਜਾ ਰਹੇ ਹਨ, ਪਰ ਹਾਲੇ ਵੀ ਭੁੱਲਿਆ ਜਾ ਰਿਹਾ ਹੈ ਕਿ ...
(25 ਫਰਵਰੀ 2020)

 

ਦਿੱਲੀ ਫਤਿਹ ਕਰਨ ਮਗਰੋਂ ‘ਆਪ’ ਬਾਰੇ ਨਿੱਤ ਨਵੀਂਆਂ ਖ਼ਬਰਾਂ ਨਿਕਲ ਰਹੀਆਂ ਹਨ। ਕੋਈ ਆਖਦਾ ਹੈ, ‘ਪੂਰੇ ਭਾਰਤ ਵਿੱਚ ਝਾੜੂ ਮਜ਼ਬੂਤ ਹੋਇਆ ਹੈ।’ ਕਿਸੇ ਦਾ ਤਰਕ ਹੈ, ‘70 ਸੀਟਾਂ ਵਾਲੀ ਵਿਧਾਨ ਸਭਾ ਦੇ ਭੂਗੋਲਿਕ ਹਾਲਾਤ ਤੇ ਬਾਕੀ ਸੂਬਿਆਂ ਦੇ ਹਾਲਾਤ ਵਿੱਚ ਵੱਡਾ ਅੰਤਰ ਹੈ।’ ਕਿਸੇ ਦਾ ਇਹ ਮੰਨਣਾ ਕਿ ਵੋਟਰ ਉਹੀ ਹੁੰਦਾ, ਪਰ ਲੋਕ ਸਭਾ ਵੇਲੇ ਉਸ ਦਾ ਨਜ਼ਰੀਆ ਵੱਖਰਾ ਤੇ ਵਿਧਾਨ ਸਭਾ ਵੇਲੇ ਵੱਖਰਾ ਅਤੇ ਡੀ ਐੱਮ ਸੀ ਵੋਟਾਂ ਵੇਲੇ ਵੱਖਰਾ ਹੁੰਦਾ ਹੈ।

ਖ਼ੈਰ, ਦਿੱਲੀ ਫ਼ਤਿਹ ਨੇ ‘ਆਪ’ ਦਾ ਹੌਸਲਾ ਤਾਂ ਵਧਾਇਆ ਹੀ ਹੈ। ਇਹ ਵਧਣਾ ਵੀ ਚਾਹੀਦਾ ਸੀ, ਜਦੋਂ ਭਾਜਪਾ ਨੇ ਹਰ ਹੱਥਕੰਡਾ ਵਰਤਿਆ ਹੋਵੇ। ਪਾਣੀ-ਪੀ ਪੀ ਕੇਜਰੀਵਾਲ ਨੂੰ ਅੱਤਵਾਦੀ ਗਰਦਾਨਿਆ ਹੋਵੇ। ਸਿਆਸੀ ਗਾਲੀ-ਗਲੋਚ ਕੀਤੀ ਹੋਵੇ ਤੇ ਉਹ ਫੇਰ ਵੀ 62 ਸੀਟਾਂ ਜਿੱਤ ਜਾਵੇ ਤਾਂ ਹੌਸਲਾ ਬੁਲੰਦ ਕਿਉਂ ਨਾ ਹੋਵੇ। ਦਿੱਲੀ ਦਾ ਅਸਰ ਪੰਜਾਬ ਉੱਤੇ ਦਿਸਣ ਲੱਗਾ ਹੈ ਜੋ ਕੁਦਰਤੀ ਵੀ ਹੈ ਤੇ ਇੱਥੇ ਵੀ ਝਾੜੂ ਦੀ ਕਾਹਲ ਪੈਣ ਲੱਗੀ ਹੈ। ਕਈ ਆਗੂ ਤੇ ਟੱਬਰਾਂ ਦੇ ਟੱਬਰ ‘ਆਪ’ ਨਾਲ ਜੁੜਨ ਲੱਗੇ ਹਨ ਤੇ ਵਿਰੋਧੀ ਕਈ ਵੱਡੇ ਨੇਤਾ ਉਲਟ ਆਖਣ ਲੱਗੇ ਹਨ ਕਿ ਕੋਈ ਫ਼ਰਕ ਨਹੀਂ ਪੈਂਦਾ, ‘ਆਪ’ ਦਾ ਕੋਈ ਵਜੂਦ ਨਹੀਂ। 2017 ਵਿੱਚ ਗੱਲ ਨਹੀਂ ਬਣੀ ਤਾਂ ਹੁਣ ਕਾਹਦੀ ਬਣਨੀ। ਅਜਿਹਾ ਆਖ ਕੇ ਜਿੱਥੇ ਉਹ ਟਿੱਪਣੀ ਕਰਦੇ ਹਨ, ਉੱਥੇ ਹੀ ਆਪਣੇ ਮਨ ਨੂੰ ਤਸਲੀ ਦਿੰਦੇ ਹਨ।

‘ਕੋਈ ਪ੍ਰਵਾਹ ਨਹੀਂ’ ਆਖਣ ਵਾਲੇ ਇਹ ਨਹੀਂ ਜਾਣਦੇ ਕਿ ਜੇ ਫ਼ਰਕ ਨਾ ਪੈਂਦਾ ਤਾਂ ਦੋ ਸਾਲ ਪਹਿਲਾਂ ਉਨ੍ਹਾਂ ਮੂੰਹੋਂ ਇਹ ਗੱਲਾਂ ਨਹੀਂ ਸੀ ਨਿਕਲਣੀਆਂ। ਹੁਣ ਪੰਜਾਬ ਵਿੱਚ ਨਵਾਂ ਸਵਾਲ ਉੱਠਣ ਲੱਗਾ ਕਿ ‘ਆਪ’ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਨਿੱਤ ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਆਉਣ ਦੀ ਚਰਚਾ ਛਿੜਨ ਲੱਗੀ ਹੈ। ਕੋਈ ਉਸ ਨੂੰ ਆਪਣੇ ਵੱਲੋਂ ‘ਆਪ’ ਦਾ ਮੁੱਖ ਮੰਤਰੀ ਚਿਹਰਾ ਐਲਾਨ ਰਿਹਾ ਤੇ ਕੋਈ ਭਗਵੰਤ ਮਾਨ ਨੂੰ ਮੂਹਰੇ ਕਰ ਰਿਹਾ। ਸਿੱਧੂ ਦੀ ਚੁੱਪ ਬੁਝਾਰਤ ਬਣੀ ਹੋਈ ਹੈ ਤੇ ਭਗਵੰਤ ਮਾਨ ਦਾ ਖਹਿਰੇ ਸਮੇਤ ਕਈ ਹੋਰ ਸ਼ਰੀਕਾਂ ਉੱਤੇ ਤਾਬੜਤੋੜ ਹਮਲੇ ਕਰਨਾ ਹੈਰਾਨ ਕਰ ਰਿਹਾ ਹੈ। ਇਸ ਸਭ ਕਾਸੇ ਤੋਂ ਕੀ ਬੁੱਝਿਆ ਜਾਵੇ?

ਸਵਾਲਾਂ ਦਾ ਸਵਾਲ ਇਹ ਹੈ ਕਿ ‘ਆਪ’ 2022 ਵਿੱਚ ਟੱਕਰ ਦੇਵੇਗੀ ਜਾਂ ਜਿੱਤ ਸਕੇਗੀ? ਹਾਲਾਂਕਿ ਇਸ ਬਾਬਤ ਚਰਚਾ ਵੇਲੇ ਤੋਂ ਪਹਿਲਾਂ ਦੀ ਗੱਲ ਹੈ, ਪਰ ਉਤਸੁਕਤਾ ਤਾਂ ਉਤਸੁਕਤਾ ਹੀ ਹੈ। ਇਹ ਸੱਚ ਹੈ ਕਿ ਇਸ ਵੇਲੇ ਪੰਜਾਬ ਵਿੱਚ ਰਾਜਨੀਤਕ ਖਲਾਅ ਪੈਦਾ ਹੋ ਚੁੱਕਾ। ਕਾਂਗਰਸ ਨੂੰ ਸੱਤਾ ਸੰਭਾਲਿਆਂ ਤਿੰਨ ਸਾਲ ਤੋਂ ਵੱਧ ਦਾ ਵੇਲਾ ਹੋ ਚੁੱਕਾ ਹੈ ਪਰ ਕੁਝ ਵੀ ਕੀਤਾ ਨਿਗ੍ਹਾ ਨਹੀਂ ਪੈ ਰਿਹਾ। ਮੁੱਖ ਮੰਤਰੀ ਭਾਵੇਂ ਵਾਰ-ਵਾਰ ਆਖ ਰਹੇ ਕਿ ਸਾਡੇ ਜਿੰਨਾ ਵਿਕਾਸ ਕੋਈ ਨਹੀਂ ਕਰ ਸਕਿਆ, ਪਰ ਉਹ ਵਿਕਾਸ ਕਾਹਦਾ, ਜੋ ਦਿਸੇ ਹੀ ਨਾ। ਅਕਾਲੀ-ਭਾਜਪਾ ਤੇ ‘ਆਪ’ ਆਗੂ ਕਾਂਗਰਸ ਸਰਕਾਰ ਨੂੰ ਨਿਕੰਮਾ ਆਖਣ ਤਾਂ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ ਕਿ ਉਹ ਸ਼ਰੀਕ ਨੇ, ਸ਼ਰੀਕਾਂ ਵਾਲੀ ਗੱਲ ਹੀ ਕਰਨਗੇ, ਪਰ ਜਦੋਂ ਖੁਦ ਕਾਂਗਰਸੀ ਵਿਧਾਇਕਾਂ, ਮੰਤਰੀ ਤੇ ਰਾਜ ਸਭਾ ਮੈਂਬਰ ਆਖਣ ਲੱਗ ਪੈਣ ਕਿ ਸਾਡੀ ਕਾਰਗੁਜ਼ਾਰੀ ਸਿਫ਼ਰ ਹੈ ਤਾਂ ਉਲਾਂਭਾ ਕਿਸ ਨੂੰ ਦਿੱਤਾ ਜਾਵੇ। ਕੈਪਟਨ ਸਾਹਿਬ ਸਰਗਰਮ ਨਹੀਂ ਹੁੰਦੇ ਤੇ ਪੰਜਾਬੀ ਜਿਨ੍ਹਾਂ ਹੁੱਬ-ਹੁੱਬ ਵੋਟਾਂ ਕੇ ਪਾਈਆਂ ਸਨ, ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ, ਸੱਚਾਈ ਤਾਂ ਇਹੀ ਹੈ।

ਅਕਾਲੀ ਦਲ ਦੇ ਹਾਲ ਦੀ ਘੜੀ ਪੈਰ ਨਹੀਂ ਲੱਗ ਰਹੇ। ਉਹ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਦੇ ਝੰਡੇ ਪਏ ਹਨ। ਉਨ੍ਹਾਂ ਦਾ ਇੱਕ ਧੜਾ ਟਕਸਾਲੀ ਬਣ ਚੁੱਕਾ ਹੈ ਤੇ ਨਿੱਤ ਨਵੀਂ ਚੁਣੌਤੀ ਦੇਣ ਦੀ ਗੱਲ ਕਰ ਰਿਹਾ ਹੈ। ਰਹਿੰਦੀ ਕਸਰ ਭਾਜਪਾ ਤੇ ਅਕਾਲੀ ਦਲ ਦੇ ਵਿਗੜਦੇ ਰਿਸ਼ਤੇ ਪੂਰੀ ਕਰ ਰਹੇ ਹਨ। ਨਿੱਤ ਭਾਜਪਾਈ ਨੇਤਾ ਆਖ ਛੱਡਦੇ ਨੇ, ‘ਹੁਣ ਅੱਧੋ-ਅੱਧ ਸੀਟਾਂ ਉੱਤੇ ਲੜਾਂਗੇ’ ਜਾਂ ‘ਇਕੱਲਿਆਂ ਚੋਣ ਲੜਨ ਦਾ ਵੇਲਾ ਆ ਚੁੱਕਾ ਹੈ।’

ਤੀਜਾ ਮੋਰਚਾ ਖਿੰਡਿਆ ਪਿਆ। ਲੋਕ ਸਭਾ ਚੋਣਾਂ ਮਗਰੋਂ ਸੁਖਪਾਲ ਖਹਿਰਾ, ਬਸਪਾ, ਡਾ. ਗਾਂਧੀ, ਖੱਬੇ ਪੱਖੀਆਂ ਦੀ ਸਰਗਰਮੀ ਕਿਤੇ ਨਹੀਂ ਲੱਭਦੀ। ਸਭ ਦੀ ਵਿਚਾਰਧਾਰਾ ਤੇ ਹਿਤ ਅੱਡ-ਅੱਡ ਹਨ, ਸੋ ਸਫ਼ਲਤਾ ਨਹੀਂ ਮਿਲੀ ਤੇ ਭਵਿੱਖ ਬਾਰੇ ਕੁਝ ਕਹਿ ਨਹੀਂ ਸਕਦੇ।

ਇਸ ਸਭ ਹਾਲਾਤ ਨੂੰ ਦੇਖਦਿਆਂ ‘ਆਪ’ ਵੱਧ ਆਸਵੰਦ ਹੈ। ਉਸ ਨੂੰ ਜਾਪ ਰਿਹਾ ਕਿ ਮਾਹੌਲ ਸਾਡੇ ਅਨੁਕੂਲ ਹੈ। ਗਰਮ ਲੋਹੇ ਉੱਤੇ ਸੱਟ ਮਾਰਨ ਦਾ ਵੇਲਾ ਹੈ। 2017 ਵਿੱਚ ਇਹ ਸੱਟ ਟਿਕਾਣੇ ਉੱਤੇ ਨਹੀਂ ਸੀ ਵੱਜੀ। ਉਦੋਂ ‘ਮੁੱਖ ਮੰਤਰੀ’ ਬਣਨ ਦੇ ਲਾਲਚ ਵਿੱਚ ਕਈ ਕੁਝ ਆਪੇ ਉਲਟ-ਪੁਲਟ ਕਰ ਲਿਆ ਗਿਆ। ਮਗਰੋਂ ‘ਆਪ’ ਨਾ ਹੋਈ ਬਣ ਕੇ ਰਹਿ ਗਈ, ਪਰ ਹੁਣ ਦਿੱਲੀ ਦੀ ਜਿੱਤ ਨੇ ਪਾਰਟੀ ਨੂੰ ਨਵੀਂ ਊਰਜਾ ਦਿੱਤੀ ਹੈ। ਜਿੱਤ ਦੇ ਅੰਦਾਜ਼ੇ ਲਾਏ ਜਾ ਰਹੇ ਹਨ, ਪਰ ਹਾਲੇ ਵੀ ਭੁੱਲਿਆ ਜਾ ਰਿਹਾ ਹੈ ਕਿ ਚੰਗੇ ਤੇ ਵੱਡੇ ਕੱਦ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਜ਼ਰੂਰੀ ਹੋਵੇਗਾ। ਜੇ ਸਿੱਧੂ ਪਾਰਟੀ ਨਾਲ ਜੁੜ ਜਾਂਦਾ ਹੈ ਤਾਂ ਬਿਨਾਂ ਸ਼ੱਕ ‘ਝਾੜੂ’ ਮਜ਼ਬੂਤ ਹੋਵੇਗਾ, ਪਰ ਜੇ ਪਿਛਲੀ ਵਾਰ ਵਾਂਗ ਮੁੱਖ ਮੰਤਰੀ ਦੇ ਦਾਅਵੇਦਾਰ ਦਰਜਨ ਭਰ ਹੋਣਗੇ ਤਾਂ ਗੱਲ ਨਹੀਂ ਬਣ ਸਕੇਗੀ।

ਦਿੱਲੀ ਜਿੱਤਣ ਨਾਲ ‘ਆਪ’ ਦੀ ਪ੍ਰੀਖਿਆ ਵਧੀ ਹੈ, ਘਟੀ ਨਹੀਂ। ਇਹ ਉਹ ਵੇਲਾ ਹੈ, ਜਦੋਂ ਟੁੱਟਿਆ ਭਰੋਸਾ ਜੋੜਨ ਲਈ ਦਿਨ-ਰਾਤ ਇੱਕ ਕਰਨਾ ਜ਼ਰੂਰੀ ਹੈ। ਜਦੋਂ ਰੁੱਸੇ ਲੀਡਰ ਮਨਾਉਣ ਦੀ ਜ਼ਰੂਰਤ ਹੈ, ਜਦੋਂ ਪੁਰਾਣੇ ਗਿਲੇ-ਸ਼ਿਕਵੇ ਮਿਟਾਉਣ ਦੀ ਲੋੜ ਹੈ। ਹਿਤ ਸਭ ਦੇ ਹੁੰਦੇ ਹਨ, ਪਰ ਉਹ ਹਿਤ ਪੰਜਾਬ ਦੇ ਹਿਤ ਤੋਂ ਵੱਡੇ ਨਹੀਂ ਹੋ ਸਕਦੇ। ਪੰਜਾਬ ਦੇ ਅਸਲ ਮੁੱਦੇ ਦੋ ਸਾਲ ਨਿੱਠ ਕੇ ਚੁੱਕੇ ਜਾਣਗੇ ਤਾਂ ਪੰਜਾਬੀ ਮੁੱਲ ਜ਼ਰੂਰ ਪਾਉਣਗੇ, ਪਰ ਜੇ ਘਰੋਂ ਨਿਕਲਣ ਵੇਲੇ ਵਿਧਾਇਕ ਜਾਂ ਮੰਤਰੀ ਹੋਣ ਦਾ ਅਹਿਸਾਸ ਪਾਲੋਗੇ ਤਾਂ ਚਾਅ ਹਵਾ ਵਿੱਚ ਹੀ ਰਹਿ ਜਾਣਗੇ। ਧਰਤੀ ਨਾਲ ਜੁੜਨ ਲਈ ਲੋਕਾਂ ਨਾਲ ਜੁੜਨਾ ਜ਼ਰੂਰੀ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਲੋਕਾਂ ਲਈ ਲੜਦੇ ਕਰਦੇ ਹਨ ਲੋਕ ਵੀ ਅਵੇਰ ਸਵੇਰ ਉਹਨਾਂ ਦਾ ਬਣਦਾ ਹੱਕ ਮੋੜਦੇ ਹਨ। ਭਵਿੱਖ ਦੀ ਕੁੱਖ ਵਿੱਚ ਕੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1955)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author