GurmitPalahi7ਮਨੁੱਖ ਇਹ ਗੱਲ ਭੁੱਲ ਚੁੱਕਾ ਹੈ ਕਿ ਬੀਮਾਰੀ ਹੋਣ ਤੋਂ ਪਹਿਲਾ ਹੀ ਇਸਦਾ ਬਚਾਅ ...
(12 ਫਰਵਰੀ 2020)

 

ਚੀਨ ਦਾ ਇੱਕ ਸੂਬਾ ਹੈ ਹੂਵੇਈ। ਇਸ ਸੂਬੇ ਵਿੱਚ ਕਰੋਨਾ ਵਾਇਰਸ ਨੇ ਲੋਕਾਂ ਨੂੰ ਲਿਤਾੜ ਸੁਟਿਆ। 910 ਵਿਅਕਤੀ ਮੌਤ ਦੇ ਮੂੰਹ ਚਲੇ ਗਏ ਹਨ। 40651 ਦੀ ਗਿਣਤੀ ਵਿੱਚ ਲੋਕ ਇਸ ਭਿਅੰਕਰ ਵਾਇਰਸ ਨੇ ਆਪਣੇ ਲਪੇਟੇ ਵਿੱਚ ਲੈ ਲਏ ਹਨ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕਰੋਨਾ ਦੁਨੀਆਂ ਦੇ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਹ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਇਸ ਪੈਦਾ ਹੋਈ ਭਿਅੰਕਰ ਸਥਿਤੀ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਗਰਦਾਨਿਆ ਹੈ। ਅਸਲ ਵਿੱਚ ਕਰੋਨਾ ਵਾਇਰਸ ਬਾਰੇ ਚੀਨ ਦੇ ਹੂਵੇਈ ਸੂਬੇ ਦੇ ਹੁਵੈਨ ਸ਼ਹਿਰ ਵਿੱਚ ਪਤਾ ਲੱਗਾ ਸੀ। ਪਰ ਇਵੇਂ ਜਾਪਦਾ ਹੈ ਕਿ ਚੀਨੀ ਪ੍ਰਸ਼ਾਸਨ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸਮਝਿਆ। ਸਿੱਟਾ ਇਹ ਨਿਕਲਿਆ ਕਿ ਹਜ਼ਾਰਾਂ ਲੋਕ ਬਿਨਾਂ ਡਾਕਟਰੀ ਸਹਾਇਤਾ ਲਏ, ਆਵਾਜਾਈ ਕਰਦੇ ਰਹੇ, ਇੱਕ-ਦੂਜੇ ਦੇ ਸੰਪਰਕ ਵਿੱਚ ਆਉਂਦੇ ਰਹੇ ਅਤੇ ਕਰੋਨਾ ਵਾਇਰਸ ਚੀਨ ਤੋਂ ਬਾਹਰ ਵੀ ਫੈਲ ਗਿਆ। ਭਾਰਤ ਵਿੱਚ ਵੀ ਇਸ ਵੇਲੇ ਤਿੰਨ ਮਰੀਜ਼ ਕਰੋਨਾ ਵਾਇਰਸ ਤੋਂ ਪੀੜਤ ਹਨ, ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਇਹ ਮਰੀਜ਼ ਕੇਰਲਾ ਪ੍ਰਾਂਤ ਦੇ ਹਨ। ਭਾਰਤ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ 600 ਤੋਂ ਵੱਧ ਭਾਰਤੀਆਂ ਨੂੰ, ਜੋ ਚੀਨ ਵਿੱਚ ਰਹਿੰਦੇ ਹਨ ਜਾਂ ਵਪਾਰ ਕਰਦੇ ਹਨ, ਨੂੰ ਭਾਰਤ ਲਿਆਂਦਾ ਹੈ ਅਤੇ ਉਹਨਾਂ ਦੀ ਸਿਹਤ ਦੀ ਜਾਂਚ ਪੜਤਾਲ ਹੋ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਚਮਗਿੱਦੜ ਤੋਂ ਫੈਲਦਾ ਹੈ, ਇਸ ਵਾਇਰਸ ਕਾਰਨ ਫਲੂ ਅਤੇ ਨਮੋਨੀਆ ਦੇ ਲੱਛਣ ਮਨੁੱਖੀ ਸਰੀਰ ਵਿੱਚ ਵੇਖੇ ਜਾ ਸਕਦੇ ਹਨ। ਸਾਲ 2002 ਵਿੱਚ ਚੀਨ ਵਿੱਚ ਸਾਰਸ ਫੈਲਿਆ ਸੀ, ਪਰ ਕਰੋਨਾ ਵਾਇਰਸ ਉਸ ਨਾਲੋਂ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਛੂਤ ਦੀ ਬਿਮਾਰੀ ਵਾਂਗ ਬਹੁਤ ਹੀ ਤੇਜ਼ੀ ਨਾਲ ਫੈਲਦਾ ਹੈ ਅਤੇ ਪੀੜਤ ਤੋਂ ਅੱਗੋਂ ਹੋਰ ਸਿਹਤਮੰਦ ਲੋਕਾਂ ਨੂੰ ਆਪਣੀ ਪਕੜ ਵਿੱਚ ਲਿਆਉਣ ਲਈ ਦੇਰੀ ਨਹੀਂ ਲਾਉਂਦਾ।

ਇਹ ਵਾਇਰਸ ਵਿਸ਼ਵ ਅਰਥ ਵਿਵਸਥਾ ਲਈ ਵੱਡੀ ਚਣੌਤੀ ਬਣਕੇ ਖੜ੍ਹ ਗਿਆ ਹੈ। ਇਸਦਾ ਅਸਰ ਚੀਨ ਦੀ ਅਰਥ ਵਿਵਸਥਾ ਉੱਤੇ ਪੈ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਚੀਨ ਮੈਨੂਫੈਕਚਰਿੰਗ ਦਾ ਕੇਂਦਰ ਬਣ ਕੇ ਉੱਭਰਿਆ ਹੈ। ਕਰੋਨਾ ਵਾਇਰਸ ਕਾਰਨ ਵੱਡੀਆਂ ਕੰਪਨੀਆਂ ਨੇ ਆਪਣੇ ਮੈਨੂਫੈਕਚਰਿੰਗ ਯੂਨਿਟ ਬੰਦ ਕਰ ਦਿੱਤੇ ਹਨ। ਇਸਦਾ ਅਸਰ ਚੀਨ ਦੀ ਵਿਕਾਸ ਦਰ ਉੱਤੇ ਵੀ ਪਿਆ ਹੈ, ਜੋ ਪਿਛਲੇ ਦਿਨਾਂ ਵਿੱਚ 6.1 ਫ਼ੀਸਦੀ ਤੋਂ ਘਟਕੇ 5.6 ਫ਼ੀਸਦੀ ਹੋ ਸਕਦੀ ਹੈ। ਭਾਵੇਂ ਕਿ ਚੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ ਹੈ, ਸਿਹਤ ਸੁਵਿਧਾਵਾਂ ਮੁਹੱਈਆ ਕੀਤੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੀ ਗਵਾਂਢੀ ਨੂੰ ਸਿਹਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਇਸ ਕਰੋਨਾ ਵਾਇਰਸ ਦੀ ਚਣੌਤੀ ਨੂੰ ਸਿਰਫ਼ ਭਰਪੂਰ ਸਰਕਾਰੀ ਇੱਛਾ ਸ਼ਕਤੀ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ।

ਮਨੁੱਖ ਨੇ ਸਮੇਂ ਸਮੇਂ ’ਤੇ ਵਿਸ਼ਵ ਪੱਧਰ ਉੱਤੇ ਭਿਅੰਕਰ ਬੀਮਾਰੀਆਂ, ਜੋ ਵਾਇਰਸਾਂ ਦੀ ਉਪਜ ਹਨ, ਦਾ ਸਾਹਮਣਾ ਕੀਤਾ ਹੈ। ਪਲੇਗ, ਮਲੇਰੀਆ, ਸਾਰਸ, ਬਰਡ ਫਲੂ, ਸਵਾਈਨ ਫਲੂ, ਨਿਪਾਹ, ਡੇਂਗੂ, ਜੀਕਾ ਵਾਇਰਸ ਜਿਸ ਢੰਗ ਨਾਲ ਫੈਲੇ ਸਨ, ਉਸ ਨਾਲ ਆਮ ਲੋਕਾਂ ਵਿੱਚ ਵੱਡੀ ਦਹਿਸ਼ਤ ਫੈਲੀ ਸੀ। ਇਹਨਾਂ ਵਾਇਰਸਾਂ ਕਾਰਨ ਫੈਲੀਆਂ ਬੀਮਾਰੀਆਂ ਦਾ ਅਸਰ ਵਿਸ਼ਵ ਦੀ ਵਿਕਾਸ ਦਰ ਉੱਤੇ ਵੀ ਸਮੇਂ-ਸਮੇਂ ਪੈਂਦਾ ਰਿਹਾ ਹੈ ਅਤੇ ਇਹ ਬੀਮਾਰੀਆਂ ਵਿਸ਼ਵ ਅਰਥ ਵਿਵਸਥਾ ਲਈ ਵੀ ਵੱਡੀ ਚਣੌਤੀ ਬਣਦੀਆਂ ਰਹੀਆਂ ਹਨ।

ਚੀਨ ਦੇ ਬਾਅਦ ਦੁਨੀਆਂ ਭਰ ਵਿੱਚ ਫੈਲ ਰਹੇ ਕਰੋਨਾ ਵਾਇਰਸ ਉੱਤੇ ਜੇਕਰ ਜਲਦੀ ਕਾਬੂ ਨਹੀਂ ਪਾਇਆ ਜਾਂਦਾ ਤਾਂ ਭਾਰਤੀ ਦਵਾ ਉਦਯੋਗ ਵੀ ਇਸਦੀ ਲਪੇਟ ਵਿੱਚ ਆ ਸਕਦਾ ਹੈ। ਕਿਉਂਕਿ ਭਾਰਤ ਦੀਆਂ ਦਵਾਈਆਂ ਬਣਾਉਣ ਵਾਲੀਆਂ ਬਹੁਤੀਆਂ ਕੰਪਨੀਆਂ ਚੀਨ ਉੱਤੇ ਨਿਰਭਰ ਕਰਦੀਆਂ ਹਨ। ਮੌਜੂਦਾ ਹਾਲਾਤ ਵਿੱਚ ਚੀਨ ਤੋਂ ਆਯਾਤ ਪ੍ਰਭਾਵਤ ਹੋਣ ’ਤੇ ਦਵਾਈਆਂ ਦੇ ਉਦਯੋਗ ਉੱਤੇ ਅਸਰ ਪੈਣਾ ਤੈਅ ਹੈ। ਸਾਡੀਆਂ ਦਵਾ ਕੰਪਨੀਆਂ ਦੀ ਕੁਲ ਆਯਾਤ ਦਾ 67.56 ਫ਼ੀਸਦੀ ਚੀਨ ਦੀ ਹਿੱਸੇਦਾਰੀ ਹੈ। 2018-19 ਵਿੱਚ ਚੀਨ ਤੋਂ ਫਾਰਮਾਂ ਉਤਪਾਦਾਂ ਦਾ ਕੁਲ ਆਯਾਤ 2.40 ਅਰਬ ਡਾਲਰ ਸੀ। ਚੀਨ ਤੋਂ ਆਯਾਤ ਹੋਣ ਵਾਲਾ ਜ਼ਿਆਦਾ ਕੱਚਾ ਮਾਲ ਐਂਟੀ ਬਾਇਟਿਕਸ ਅਤੇ ਵਿਟਾਮਿਨਾਂ ਦੇ ਨਿਰਮਾਣ ਵਿੱਚ ਹੁੰਦਾ ਹੈ। ਜੇਕਰ ਚੀਨ ਤੋਂ ਇਹਨਾਂ ਦਵਾਈਆਂ ਦਾ ਕੱਚਾ ਮਾਲ ਪ੍ਰਾਪਤ ਨਹੀਂ ਹੁੰਦਾ ਤਾਂ ਉਸਦਾ ਅਸਰ ਸਾਧਾਰਨ ਵਿਅਕਤੀਆਂ ਵਲੋਂ ਵਰਤੀਆਂ ਜਾਂਦੀਆਂ ਦਵਾਈਆਂ ’ਤੇ ਹੋਵੇਗਾ ਜੋ ਮਹਿੰਗੀਆਂ ਹੋ ਜਾਣਗੀਆਂ ਅਤੇ ਸਧਾਰਨ ਮਰੀਜ਼ਾਂ ਨੂੰ ਵੀ ਮਹਿੰਗਾ ਇਲਾਜ ਕਰਾਉਣ ਪਵੇਗਾ।

ਅਸਲ ਵਿੱਚ ਮਨੁੱਖ ਨੇ ਜਦੋਂ ਤੋਂ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ, ਜੰਗਲਾਂ ਦੀ ਕਟਾਈ ਦਾ ਰਸਤਾ ਫੜਕੇ ਅੰਨ੍ਹੇਵਾਹ ਵਿਕਾਸ ਦੇ ਨਾਮ ਉੱਤੇ ਕੁਰਦਤੀ ਸਰੋਤਾਂ ਅਤੇ ਸੋਮਿਆਂ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੈ; ਖਾਦਾਂ, ਕੀਟਨਾਸ਼ਕਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ; ਆਪਣੇ ਸਾਥੀ ਪਸ਼ੂਆਂ, ਜੀਵਾਂ ਜੰਤੂਆਂ ਨੂੰ ਮਾਰ ਵੱਢ ਕਰਕੇ ਆਪਣੀ ਖਾਣ ਸਮੱਗਰੀ ਵਿੱਚ ਸ਼ਾਮਲ ਕਰ ਲਿਆ ਹੈ, ਉਦੋਂ ਤੋਂ ਮਨੁੱਖ ਅਤੇ ਕੁਦਰਤ ਵਿੱਚ ਆਪਸੀ ਵਿਗਾੜ ਪੈਦਾ ਹੋਣਾ ਸ਼ੁਰੂ ਹੋਇਆ ਹੈ। ਇਸ ਵਿਗਾੜ ਕਾਰਨ ਹੀ ਸਮੇਂ ਸਮੇਂ ਮਨੁੱਖ ਕੁਦਰਤ ਦੀ ਮਾਰ ਸਹਿੰਦਾ ਹੈ। ਸਮੁੰਦਰ ਵਿੱਚੋਂ ਉੱਠਦੇ ਤੂਫ਼ਾਨ, ਹੜ੍ਹ, ਮਾਰੂ ਬਰਸਾਤਾਂ, ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਮਨੁੱਖ ਦੇ ਵਿਹੜੇ ਦਸਤਕ ਤਾਂ ਦਿੰਦੀਆਂ ਹੀ ਹਨ, ਇਸਦੇ ਨਾਲ-ਨਾਲ ਮਨੁੱਖ ਵਲੋਂ ਕੀਤੀ ਕੁਦਰਤ ਨਾਲ ਛੇੜਛਾੜ ਕਾਰਨ ਉਸ ਨੂੰ ਬੀਮਾਰੀਆਂ ਦੇ ਰੂਪ ਵਿੱਚ ਸਬਕ ਵੀ ਸਿਖਾਉਂਦੀਆਂ ਹਨ। ਹਵਾ ਦਾ ਪ੍ਰਦੂਸ਼ਨ, ਸਾਹ ਦੀਆਂ ਅਨੇਕਾਂ ਮਾਰੂ ਬੀਮਾਰੀਆਂ ਦਾ ਕਾਰਨ ਹੈ। ਪਾਣੀ ਦਾ ਪ੍ਰਦੂਸ਼ਨ ਕੈਂਸਰ ਦਾ ਕਾਰਨ ਬਣਿਆ ਹੋਇਆ ਹੈ। ਮਨੁੱਖ ਵਲੋਂ ਆਪੇ ਬੀਜੀਆਂ ਜ਼ਹਿਰਾਂ, ਉਹਦੇ ਸਰੀਰ ਨੂੰ ਘੁਣ ਵਾਂਗ ਖਾ ਰਹੀਆਂ ਹਨ। ਬਿਨਾਂ ਸ਼ੱਕ ਮਨੁੱਖ ਇਹ ਦਾਅਵਾ ਕਰਦਾ ਹੈ ਕਿ ਉਸ ਦੀ ਜੀਵਨ ਯਾਤਰਾ, ਇਸ ਸ੍ਰਿਸ਼ਟੀ ਉੱਤੇ ਵਧੀ ਹੈ, ਪਰ ਇਹ ਵਾਧਾ ਵੱਧ ਦਵਾਈਆਂ ਦੀ ਵਰਤੋਂ ਅਤੇ ਚੰਗੇਰੇ ਇਲਾਜ ਕਾਰਨ ਸੰਭਵ ਹੈ। ਮਨੁੱਖ ਇਹ ਗੱਲ ਭੁੱਲ ਚੁੱਕਾ ਹੈ ਕਿ ਬੀਮਾਰੀ ਹੋਣ ਤੋਂ ਪਹਿਲਾ ਹੀ ਇਸਦਾ ਬਚਾਅ ਕਰਨਾ ਚੰਗਾ ਇਲਾਜ ਹੈ। ਪਰ ਸੁਖ-ਸੁਵਿਧਾਵਾਂ ਦੀ ਹੋੜ ਵਿੱਚ, ਦਿਖਾਵੇ ਦੀ ਜ਼ਿੰਦਗੀ ਉਹ ਆਪਣੇ ਗੱਲ ਲਾਕੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਰਾਹ ਤੁਰਿਆ ਜਾ ਰਿਹਾ ਹੈ ਅਤੇ ਸਰਕਾਰਾਂ ਸਮਾਜਕ ਖੇਤਰ, ਖਾਸ ਕਰਕੇ ਸਿਹਤ, ਸਿੱਖਿਆ, ਸਾਫ-ਸੁਥਰੇ ਵਾਤਾਵਰਨ ਨੂੰ ਪਹਿਲ ਨਾ ਦੇ ਕੇ ਵੋਟ-ਬੈਂਕ ਦੀ ਸਿਆਸਤ ਕਰਦੀਆਂ ਨਜ਼ਰ ਆਉਂਦੀਆਂ ਹਨ। ਤਦੇ ਸੰਸਾਰ ਭਰ ਵਿੱਚ ਗਰੀਬੀ ਹੈ। ਭੁੱਖਮਰੀ ਹੈ। ਜ਼ਹਾਲਤ ਹੈ। ਮਨੁੱਖ ਦੀਆਂ ਜੀਵਨ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ, ਉਸਦਾ ਜੀਵਨ ਪੱਧਰ ਉੱਚਾ ਨਹੀਂ ਹੋ ਰਿਹਾ, ਇਸਦਾ ਵੱਡਾ ਕਾਰਨ ਸਮਾਜ ਵਿਚਲੀ ਅਸਮਾਨਤਾ ਹੈ। ਗਰੀਬੀ-ਅਮੀਰੀ ਦਾ ਪਾੜਾ ਹੈ। ਜਿਸ ਨਾਲ ਸਮਾਜਕ ਅਸ਼ਾਂਤੀ ਅਤੇ ਪ੍ਰੇਸ਼ਾਨੀ ਵਧ ਰਹੀ ਹੈ। ਗੰਧਲੇ ਵਾਤਾਵਰਨ ਵਿੱਚ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਅਣਿਆਈਆਂ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ। ਕਰੋਨਾ ਵਾਇਰਸ ਵੀ ਤਾਂ ਇਸੇ ਕਰਕੇ ਆਪਣਾ ਰੰਗ ਵਿਖਾ ਰਿਹਾ ਹੈ। ਚੰਗੇਰੇ ਸਮਾਜ ਦੀ ਸਿਰਜਣਾ ਅਤੇ ਤੰਦਰੁਸਤ ਸਿਹਤਮੰਦ ਮਨੁੱਖੀ ਜ਼ਿੰਦਗੀ ਲਈ ਜਿੱਥੇ ਕੁਦਰਤ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਉੱਥੇ ਸਮਾਜਿਕ ਅਸਮਾਨਤਾ ਖ਼ਤਮ ਕਰਕੇ ਸਭਨਾਂ ਲਈ ਸਾਰੇ ਬਰਾਬਰ ਸਾਧਨ ਹੋਣੇ ਵੀ ਤਾਂ ਜ਼ਰੂਰੀ ਹਨ।

ਵਿਸ਼ਵ ਸਿਹਤ ਸੰਸਥਾ ਵਲੋਂ ਐਡਵਾਈਜ਼ਰੀ

ਵਿਸ਼ਵ ਸਿਹਤ ਸੰਸਥਾ ਡਵਲਯੂ.ਐੱਚ.ਓ. ਨੇ ਕਰੋਨਾ ਵਾਇਰਸ ਨੂੰ ਇੱਕ ਮਹਾਂਮਾਰੀ ਵਜੋਂ ਲੈਂਦਿਆਂ, ਵਿਸ਼ਵ ਪੱਧਰ ਉੱਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਕਰੋਨਾ ਵਾਇਰਸ ਤੋਂ ਸਧਾਰਨ ਜ਼ੁਕਾਮ ਅਤੇ ਫਿਰ ਸਾਹ ਦੀਆਂ ਤਕਲੀਫਾਂ, ਸਮੇਤ ਨਮੂਨੀਆ ਆਦਿ ਦਾ ਹੋਣਾ ਦੱਸਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਵਾਇਰਸ ਮਨੁੱਖ ਵਿੱਚ ਪਹਿਲਾਂ ਕਦੇ ਵੀ ਨਹੀਂ ਪਾਇਆ ਗਿਆ। ਬੀਮਾਰੀ ਦੇ ਲੱਛਣ ਦਾ ਜ਼ਿਕਰ ਕਰਦਿਆਂ ਡਵਲਯੂ.ਐੱਚ.ਓ. ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਨਾਲ ਫਲੂ, ਬੁਖ਼ਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼, ਗਲੇ ਵਿੱਚ ਦਰਦ ਆਦਿ ਮੁੱਖ ਲੱਛਣ ਹਨ ਪਰ ਇਸ ਨਾਲ ਨਮੂਨੀਆ ਫੈਲਦਾ ਹੈ ਅਤੇ ਸਾਡੇ ਗੁਰਦੇ ਕੰਮ ਕਰਨੋ ਹਟ ਜਾਂਦੇ ਹਨ। ਕਰੋਨਾ ਤੋਂ ਬਚਾ ਲਈ ਇਹ ਜ਼ਰੂਰੀ ਹੈ ਕਿ ਲਗਾਤਾਰ ਹੱਥ ਸਾਫ਼ ਰੱਖੇ ਜਾਣ, ਮੂੰਹ ਢਕ ਕੇ ਰੱਖਿਆ ਜਾਏ। ਖੰਘ ਅਤੇ ਛਿੱਕਣ ਵੇਲੇ ਬਹੁਤਾ ਬਚਾ ਕੀਤਾ ਜਾਏ ਅਤੇ ਪੀੜਤ ਵਿਅਕਤੀ ਤੋਂ ਦੂਰੀ ਬਣਾਕੇ ਰੱਖੀ ਜਾਏ। ਇਹ ਜ਼ਰੂਰੀ ਨਹੀਂ ਹੈ ਕਿ ਚੀਨ ਤੋਂ ਆਏ ਕਿਸੇ ਪੀੜਤ ਤੋਂ ਹੀ ਇਹ ਬੀਮਾਰੀ ਲੱਗ ਸਕਦੀ ਹੈ, ਇਹ ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਕਿਸੇ ਵੀ ਹੋਰ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1935)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author