GurmitShugli7ਕੇਜਰੀਵਾਲ ਨੂੰ ਵਾਰ-ਵਾਰ ‘ਅੱਤਵਾਦੀ’ ਆਖਣ ਵਾਲਿਆਂ ਨੂੰ ...
(9 ਫਰਵਰੀ 2020)


ਦਿੱਲੀ ਵਿੱਚ ਵੋਟਾਂ ਪੈ ਗਈਆਂ ਹਨ। ਚੰਗੇ-ਮੰਦੇ ਤਜਰਬਿਆਂ ਕਾਰਨ ਇਹ ਵੋਟਾਂ ਲੰਮਾ ਸਮਾਂ ਚੇਤੇ ਰਹਿਣਗੀਆਂ। ਮੁੱਦੇ ਤੋਂ ਭਟਕੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਹੁਣੇ ਕੁਝ ਕਹਿਣਾ ਕਾਹਲੀ ਹੋਵੇਗੀ, ਪਰ ਸਰਵੇਖਣ ਅਤੇ ਬਹੁਗਿਣਤੀ ਰਾਇ ‘ਆਪ’ ਦੇ ਹੱਕ ਵਿੱਚ ਭੁਗਤਦੀ ਹੈ। ‘ਆਪ’ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਭਾਜਪਾ ਦੀ ਨਫ਼ਰਤ ਹਾਰ ਰਹੀ ਹੈ। ਸਰਵੇ ਮੁਤਾਬਕ ਭਾਜਪਾ ਨੂੰ ਪੰਜ ਸਾਲ ਪਹਿਲਾਂ ਨਾਲੋਂ ਫ਼ਾਇਦਾ ਹੋਵੇਗਾ, ਪਰ ਇੰਨਾ ਫ਼ਾਇਦਾ ਨਹੀਂ ਕਿ ਸਰਕਾਰ ਬਣ ਸਕੇ। ਇਨਾਂ ਚੋਣਾਂ ਮੌਕੇ ਹੋਏ ਪ੍ਰਚਾਰ ਨੇ ਇਹ ਵੀ ਦੱਸਿਆ ਕਿ ਜੇ ‘ਪਾਕਿਸਤਾਨ’ ਨਾ ਹੁੰਦਾ ਤਾਂ ਭਾਰਤ ਵਿੱਚ ਵੋਟਾਂ ਕਿਵੇਂ ਪੈਂਦੀਆਂ, ਕਿਸ ਨਾਂ ਉੱਤੇ ਚੋਣਾਂ ਲੜੀਆਂ ਜਾਂਦੀਆਂ? ਭਾਜਪਾ ਨੇ ਨਫ਼ਰਤ ਫੈਲਾਉਣ ਲਈ, ਮੁਸਲਮਾਨ, ਅੱਤਵਾਦ, ਅੱਤਵਾਦੀ, ਗੋਲੀ ਮਾਰੋ, ਸ਼ਹੀਨ ਬਾਗ ਵਿੱਚ ਰੇਪ ਕਰਨ ਵਾਲੇ ਤੇ ਮਨੁੱਖੀ ਬੰਬ ਤੱਕ ਪ੍ਰਚਾਰ ਕਰਕੇ ਇੱਕ ਪ੍ਰਯੋਗ ਕੀਤਾ ਹੈ।

ਕੇਜਰੀਵਾਲ ਨੂੰ ਵਾਰ-ਵਾਰ ‘ਅੱਤਵਾਦੀ’ ਆਖਣ ਵਾਲਿਆਂ ਨੂੰ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਚੰਗਾ ਸਬਕ ਸਿਖਾਇਆ। ਉਸ ਮੁਤਾਬਕ, “ਸਾਡੇ ਪਿਤਾ ਨੇ ਸਾਨੂੰ ਸਵੇਰੇ 6 ਵਜੇ ਉਠਾ ਕੇ ਭਾਗਵਤ ਗੀਤਾ ਦਾ ਪਾਠ ਕਰਨ ਵਾਸਤੇ ਕਿਹਾ, ਕੀ ਇਹ ਅੱਤਵਾਦ ਹੈ? ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਦੇਣਾ ਅੱਤਵਾਦ ਕਿਵੇਂ ਹੋ ਸਕਦਾ? ਸੀ ਸੀ ਟੀ ਵੀ ਕੈਮਰੇ ਅੱਤਵਾਦੀ ਨਹੀਂ ਲਾਉਂਦੇ। ਨਾ ਹੀ ਅੱਤਵਾਦੀ ਵਧੀਆ ਸਕੂਲ ਬਣਾਉਂਦੇ ਹਨ, ਨਾ ਹੀ ਅੱਤਵਾਦੀ ਔਰਤਾਂ ਲਈ ਬੱਸਾਂ ਵਿੱਚ ਮਾਰਸ਼ਲ ਲਾਉਂਦੇ ਹਨ। ਗੱਲਾਂ ਉਸ ਦੀਆਂ ਸਹੀ ਹਨ, ਪਰ ਇਹ ਭਾਰਤ ਦਾ ਚੋਣ ਢਾਂਚਾ ਹੈ, ਜਿੱਥੇ ਮਰਿਆਦਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਿਸਦੇ ਜੋ ਮਨ ਆਉਂਦਾ ਹੈ, ਕਹਿ ਰਿਹਾ ਹੈ, ਕਰ ਰਿਹਾ ਅਤੇ ਹੋ ਵੀ ਰਿਹਾ ਹੈ।

ਜ਼ਿਆਦਾ ਚੰਗਾ ਇਹ ਹੁੰਦਾ ਜੇ ਭਾਜਪਾ ਪ੍ਰਚਾਰ ਮੌਕੇ ਉਨ੍ਹਾਂ ਸੂਬਿਆਂ ਦੀ ਉਦਾਹਰਣ ਪੇਸ਼ ਕਰਦੀ, ਜਿੱਥੇ ਜਿੱਥੇ ਉਸ ਦੀ ਸਰਕਾਰ ਹੈ। ਭਾਜਪਾ ਆਗੂ ਕਹਿੰਦੇ, “ਜਿਵੇਂ ਸਾਡੀ ਪਹਿਲੇ ਸੂਬਿਆਂ ਦੀ ਸਰਕਾਰ ਨੇ ਵਿਕਾਸ ਦੀ ਹਨੇਰੀ ਲਿਆਂਦੀ, ਉਵੇਂ ਦਿੱਲੀ ਵਿੱਚ ਵੀ ਲਿਆਂਵਾਂਗੇ। ਪਰ ਇੰਜ ਨਹੀਂ ਹੋਇਆ। ਦਿੱਲੀ ਦੀ ਚੋਣ, ਧਾਰਾ 370, ਤਿੰਨ ਤਲਾਕ, ਸ਼ਾਹੀਨ ਬਾਗ, ਗੋਲੀ ਮਾਰੋ, ਧਰਮ, ਪਾਕਿਸਤਾਨ ਤੇ ਅੱਤਵਾਦ ਤੋਂ ਅੱਗੇ ਨਹੀਂ ਵਧ ਸਕੀ। ਇਨ੍ਹਾਂ ਗੱਲਾਂ ਦਾ ਲੋਕਾਂ ਨੇ ਕਿੰਨਾ ਕੁ ਪ੍ਰਭਾਵ ਕਬੂਲਿਆ, ਦੋ ਦਿਨਾਂ ਬਾਅਦ, ਭਾਵ 11 ਅਕਤੂਬਰ ਨੂੰ ਪਤਾ ਲੱਗ ਜਾਣਾ ਹੈ।

ਦਿੱਲੀ ਵਿੱਚ ਮੁੱਖ ਮੁਕਾਬਲਾ ਦੋ ਧਿਰਾਂ ਦਾ ਹੀ ਸੀ - ‘ਆਪ’ ਤੇ ਭਾਜਪਾ ਦਾ, ਕਾਂਗਰਸ ਮੁਕਾਬਲੇ ਵਿੱਚ ਕਿਤੇ ਨਹੀਂ ਦਿਸੀ। ਕਾਂਗਰਸ ਰੀਂਗਦੀ ਹੋਈ ਦਿਖਾਈ ਦਿੱਤੀ। ਇੰਜ ਲੱਗਾ ਜਿਵੇਂ ਕਾਂਗਰਸ ਦੀ ਚੋਣ ਲੜਨ ਵਿੱਚ ਕੋਈ ਦਿਲਚਸਪ ਨਾ ਹੋਵੇ। ਉਹ ਸਿਰਫ਼ ਬੁੱਤਾ ਸਾਰ ਰਹੀ ਹੋਵੇ। ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਵਿੱਚੋਂ ਕਈ ਦਿੱਲੀ ਨਹੀਂ ਪਹੁੰਚਿਆ। ਸ਼ਾਇਦ ਉਹ ਜਾਣਦੇ ਹੋਣਗੇ ਕਿ ਮੇਲਾ ਲੁੱਟਿਆ ਜਾ ਚੁੱਕਾ ਹੈ। ਜਿੰਨਾ ਕੁ ਪ੍ਰਚਾਰ ਹੋਇਆ, ਉਹ ਪ੍ਰਭਾਵਸ਼ਾਲੀ ਨਹੀਂ ਸੀ। ਅਣਮੰਨੇ ਮਨ ਨਾਲ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਕ ਸੀਨੀਅਰ ਕਾਂਗਰਸੀ ਨੇਤਾ ਨੇ ਸਾਨੂੰ ਦੱਸਿਆ ਕਿ ਦਿੱਲੀ ਦੇ ਨਤੀਜੇ ਬਾਰੇ ਤਾਂ ਪਤਾ ਹੀ ਹੈ, ਐਵੇਂ ਸਿਰ ਫਸਾਉਣ ਦਾ ਕੀ ਫ਼ਾਇਦਾ? ਸਾਡੀ ਲੀਡਰਸ਼ਿੱਪ ਵਿੱਚ ਜਾਨ ਨਹੀਂ ਤੇ ਜਾਨ ਪਾਉਣ ਲਈ ਕੰਮ ਕਰਨਾ ਪੈਣਾ ਹੈ। ਕੰਮ ਕਰਕੇ ਕੋਈ ਵੀ ਰਾਜ਼ੀ ਨਹੀਂ। ਪਾਰਟੀ ਧੜਿਆਂ ਅਤੇ ਗਰੁੱਪਾਂ ਵਿੱਚ ਵੰਡੀ ਹੋਈ ਹੈ।

ਨਵਜੋਤ ਸਿੰਘ ਸਿੱਧੂ ਪ੍ਰਚਾਰ ਲਈ ਦਿੱਲੀ ਨਹੀਂ ਪਹੁੰਚੇ। ਸ਼ਾਇਦ ਉਹ ਵੀ ਜਾਣਦੇ ਹੋਣ ਕਿ ਲੋਕਾਂ ਦੇ ਵਿਚਾਰ ਬਦਲਣੇ ਕੋਈ ਸੌਖਾ ਕੰਮ ਨਹੀਂ। ਸਿੱਧੂ ਗਾਂਧੀ ਪਰਵਾਰ ਦੇ ਨੇੜਲਿਆਂ ਵਿੱਚੋਂ ਮੰਨਿਆ ਜਾਂਦਾ, ਪਰ ਉਸ ਨੂੰ ਸ਼ਿਕਵਾ ਰਿਹਾ ਕਿ ਔਖੇ ਵੇਲੇ ਕੰਮ ਕੋਈ ਨਹੀਂ ਆਉਂਦਾ ਤੇ ਹਾਈ ਕਮਾਨ ਨੇ ਉਸ ਨਾਲ ਵਧੀਕੀ ਕਰਨ ਵਾਲਿਆਂ ਨੂੰ ਕਦੇ ਨਹੀਂ ਝਿੜਕਿਆ। ਕੈਪਟਨ ਅਮਰਿੰਦਰ ਸਿੰਘ ਦੋ ਰੈਲੀਆਂ ਕਰਕੇ ਵਾਪਸ ਪੰਜਾਬ ਮੁੜ ਆਏ। ਉਨ੍ਹਾਂ ਰੈਲੀਆਂ ਵਿੱਚ ਉਨ੍ਹਾਂ ਜਿਵੇਂ ਗੱਪਾਂ ਮਾਰੀਆਂ, ਲੋਕਾਂ ਨੂੰ ਹਸਾਉਣ ਲਈ ਕਾਫ਼ੀ ਸਨ। ਉਹ ਕਹਿੰਦੇ ਪੰਜਾਬ ਵਿੱਚ 11 ਲੱਖ ਨੌਕਰੀ ਸਾਡੀ ਸਰਕਾਰ ਦੇ ਚੁੱਕੀ ਹੈ। ਸਾਢੇ ਪੰਜ ਹਜ਼ਾਰ ਸਮਾਰਟ ਸਕੂਲ ਬਣਾ ਦਿੱਤੇ ਹਨ। ਬਾਕੀ ਕੰਮ ਰਹਿੰਦੇ ਦੋਂਹ ਸਾਲਾਂ ਵਿੱਚ ਕਰਕੇ ਪੰਜਾਬ ਲਿਸ਼ਕਾ ਦੇਵਾਂਗੇ। ਵੀਡੀਓ ਜਿਵੇਂ ਜਿਵੇਂ ਵਾਇਰਲ ਹੁੰਦੀ ਗਈ, ਪੰਜਾਬੀ ਰੋਂਦੇ ਤੇ ਹੱਸਦੇ ਗਏ। 11 ਲੱਖ ਨੌਕਰੀਆਂ ਦੇ ਹਿਸਾਬ ਨਾਲ ਤਾਂ ਹਰ ਪਿੰਡ ਵਿੱਚ ਸੈਂਕੜੇ ਨੌਕਰੀਆਂ ਬਣਦੀਆਂ, ਜੋ ਦਿਸਦੀਆਂ ਨਹੀਂ। ਜੇ ਸਾਢੇ ਪੰਜ ਹਜ਼ਾਰ ਸਮਾਰਟ ਸਕੂਲ ਹਨ ਤਾਂ ਨਜ਼ਰ ਕਿਉਂ ਨਹੀਂ ਆਉਂਦੇ? ਚਾਹੀਦਾ ਸੀ ਕਿ ਕਾਂਗਰਸ ਪੰਜ ਸਾਲ ਪਹਿਲਾਂ ਤੋਂ ਤਿਆਰੀ ਸ਼ੁਰੂ ਕਰਦੀ, ਪਰ ਉਸ ਨੇ ਵੋਟਾਂ ਤੋਂ ਪੰਜ ਹਫ਼ਤੇ ਪਹਿਲਾਂ ਵੀ ਤਿਆਰੀ ਨਹੀਂ ਕੀਤੀ। ਸਿਰਫ ਪੰਜ-ਛੇ ਦਿਨ ਪਹਿਲਾਂ ਹੀ ਸਰਗਰਮ ਹੋਈ, ਉਸ ਵਿੱਚ ਵੀ ਗਾਂਧੀ ਪਰਵਾਰ ਹੀ।

ਦਿੱਲੀ ਦਾ ਨਤੀਜਾ ਜੋ ਵੀ ਹੋਵੇ, ਉਸ ਦਾ ਪੰਜਾਬ ਉੱਤੇ ਬਹੁਤ ਵੱਡਾ ਅਸਰ ਪਵੇਗਾ। ਜੇ ‘ਆਪ’ ਜਿੱਤ ਗਈ ਤਾਂ ਪੰਜਾਬ ਵਿੱਚ ਠੰਢੀ ਪਈ ‘ਆਪ’ ਵਿੱਚ ਜੋਸ਼ ਮੁੜੇਗਾ। ਜੇ ਭਾਜਪਾ ਜਿੱਤੀ ਤਾਂ ਪੰਜਾਬ ਤੱਕ ਸੁਨੇਹਾ ਪੁੱਜੇਗਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ। ਸਾਡਾ ਜਨ ਅਧਾਰ ਬਹੁਤ ਹੈ। ਜੇ ਕਾਂਗਰਸ ਨੂੰ ਸਨਮਾਨਯੋਗ ਵੋਟਾਂ ਪਈਆਂ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਵੀ ਕਹਿਣ ਦਾ ਮੌਕਾ ਮਿਲੇਗਾ ਕਿ ਅਸੀਂ ਹਾਲੇ ਡਿੱਗੇ ਨਹੀਂ।

ਵਕਤ ਦੱਸੇਗਾ, ਕਿਸ ਦਾ ਕੀ ਬਣਦਾ ਹੈ, ਪਰ ਇਹ ਗੱਲ ਜ਼ਰੂਰ ਦੇਖਣੀ ਹੋਵੇਗੀ ਕਿ ਪੰਜਾਬ ਦੇ ਜਿਹੜੇ ਕਾਂਗਰਸੀ ਲੋਕ ਸਭਾ ਚੋਣਾਂ ਮੌਕੇ ਆਖਦੇ ਸੀ ਕਿ ਸਿੱਧੂ ਜਿੱਥੇ ਜਿੱਥੇ ਪ੍ਰਚਾਰ ਲਈ ਗਿਆ, ਉੱਥੇ ਉੱਥੇ ਕਾਂਗਰਸ ਹਾਰ ਗਈ, ਜਿੱਥੇ ਹੁਣ ਕੈਪਟਨ ਨੇ ਪ੍ਰਚਾਰ ਕੀਤਾ ਹੈ, ਉਹ ਸੀਟਾਂ ਨਾ ਨਿਕਲੀਆਂ ਤਾਂ ਦੋਸ਼ ਕਿਸ ਦੇ ਸਿਰ ਮੜਿਆ ਜਾਵੇਗਾ - ਇਹ ਤਾਂ ਆਉਣ ਵਾਲਾ ਸਮਾਂ ਦਸੇਗਾ ਕਿਉਂ ਇਹ ਸਭ ਭਵਿੱਖ ਦੀ ਕੁੱਖ ਵਿੱਚ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1928)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author