“14 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ...”
(29 ਦਸੰਬਰ 2019)
ਅਗਸਤ ਮਹੀਨੇ ਦੇ ਆਖਰੀ ਹਫਤੇ ਪੰਜਾਬ ਤੋਂ ਕੈਨੇਡਾ ਲਈ ਉਡਾਣ ਭਰਨੀ ਸੀ। ਜਿਵੇਂ-ਜਿਵੇਂ ਸਾਡੇ ਚੱਲਣ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਤਿਵੇਂ-ਤਿਵੇਂ ਮਾਂ ਦੇ ਦਿਲ ਅੰਦਰ ਬੇਚੈਨੀ ਵਧਦੀ ਜਾ ਰਹੀ ਸੀ। ਉਸ ਦੇ ਅੰਦਰ ਦੀ ਇਹ ਬੇਚੈਨੀ ਉਸ ਦੇ ਚਿਹਰੇ ਉੱਤੇ ਸਾਫ ਝਲਕ ਰਹੀ ਸੀ। ਘਰੋਂ ਤੁਰਨ ਦਾ ਸਮਾਂ ਆ ਪਹੁੰਚਿਆ, ਕਾਰ ਦਾ ਡਰਾਈਵਰ ਜਲਦੀ ਤੁਰਨ ਦੇ ਇਸ਼ਾਰੇ ਕਰ ਰਿਹਾ ਸੀ। ਮਾਂ ਨੇ ਦਿਲ ਤਗੜਾ ਜਿਹਾ ਕਰਕੇ ਸਭ ਨੂੰ ਵਾਰੀ-ਵਾਰੀ ਗੱਲ ਨਾਲ ਲਗਾਇਆ। ਉਹ ਆਪਣਾ ਦਰਦ ਲੁਕਾਉਣਾ ਚਾਹੁੰਦੀ ਸੀ, ਪਰ ਉਸ ਦੀਆਂ ਅੱਖਾਂ ਉਸ ਦੇ ਕਹਿਣੇ ਵਿੱਚ ਨਾ ਰਹੀਆਂ। ਪਿਛਲੇ 30 ਸਾਲ ਤੋਂ ਗੰਠੀਏ ਦੀ ਬਿਮਾਰੀ ਨਾਲ ਲੜਦਿਆਂ-ਲੜਦਿਆਂ ਉਸ ਦਾ ਸਰੀਰ ਕਾਫੀ ਕਮਜ਼ੋਰ ਹੋ ਚੁੱਕਾ ਸੀ। ਪਰ ਅਜੇ ਵੀ ਉਸ ਨੇ ਬਿਮਾਰੀ ਨਾਲ ਜੂਝਣ ਦੀ ਹਿੰਮਤ ਨਹੀਂ ਸੀ ਛੱਡੀ। ਘਰ ਦੇ ਮੁੱਖ ਦਰਵਾਜ਼ੇ ਉੱਤੇ ਪਹੁੰਚ ਕੇ ਉਸ ਨੇ ਤੇਲ ਚੋਇਆ ਅਤੇ ਸਾਡਾ ਸਭ ਦਾ ਮੂੰਹ ਮਿੱਠਾ ਕਰਵਾ ਕੇ ਸ਼ਗਨ ਕੀਤਾ। ਜਦ ਅਸੀਂ ਸਭ ਕਾਰ ਵਿੱਚ ਬੈਠ ਗਏ ਤਾਂ ਉਹ ਜਲਦੀ ਨਾਲ ਕਾਰ ਵੱਲ ਵਧੀ। ਉਹ ਸਾਨੂੰ ਫਿਰ ਤੋਂ ਆਪਣੀਆਂ ਬਾਹਾਂ ਵਿੱਚ ਲੈਣਾ ਚਾਹੁੰਦੀ ਸੀ। ਇੰਝ ਲੱਗਦਾ ਸੀ ਕਿ ਉਹ ਸਾਨੂੰ ਆਪਣੇ ਅੰਦਰ ਸਮਾਂ ਲੈਣਾ ਚਾਹੁੰਦੀ ਸੀ ਤਾਂ ਕਿ ਕੋਈ ਵੀ ਸਾਨੂੰ ਉਸ ਤੋਂ ਦੂਰ ਨਾ ਕਰ ਸਕੇ। ਪਾਣੀ ਚਾਹੇ ਉਸਦੀਆਂ ਅੱਖਾਂ ਵਿੱਚੋਂ ਹੀ ਡਿੱਗ ਰਿਹਾ ਸੀ, ਪਰ ਸਾਨੂੰ ਨਜ਼ਰ ਆ ਰਿਹਾ ਸੀ ਕਿ ਉਸ ਦਾ ਰੋਮ-ਰੋਮ ਰੋ ਰਿਹਾ ਸੀ। ਪਤਾ ਨਹੀਂ ਉਸ ਨੂੰ ਕਿਸ ਅਣਜਾਣ ਹੋਣੀ ਦਾ ਭੈਅ ਸੀ। ਮੇਰਾ ਬਾਪ ਬੜੇ ਮਜ਼ਬੂਤ ਦਿਲ ਦਾ ਮਾਲਕ ਹੈ, ਪਰ ਉਸ ਦਿਨ ਉਹ ਵੀ ਆਪਣੇ ਆਪ ਨੂੰ ਕਮਜ਼ੋਰ ਪੈਣ ਤੋਂ ਰੋਕ ਨਾ ਸਕਿਆ।
ਘਰ ਤੋਂ ਦਿੱਲੀ ਅਤੇ ਫਿਰ ਕੈਨੇਡਾ ਤੀਕਰ ਸਿੱਧੀ ਉਡਾਣ ਦਾ ਸਫ਼ਰ ਬਹੁਤ ਥਕਾਊ ਸੀ ਪਰ ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਇਸ ਮੁਲਕ ਦੀ ਖੂਬਸੂਰਤੀ ਅਤੇ ਸਾਫ਼ ਸਫਾਈ ਨੇ ਥਕਾਵਟ ਭੁਲਾ ਦਿੱਤੀ।
ਘਰ ਦੀ ਖਿੜਕੀ ਤੋਂ ਸਾਹਮਣੇ ਦਿਸਦੀਆਂ ਪਹਾੜੀਆਂ ਅਤੇ ਉਹਨਾਂ ਉੱਤੇ ਪਈ ਬਰਫ਼ ਬਹੁਤ ਹੀ ਦਿਲਕਸ਼ ਜਾਪਦੀ। ਹਰੇ ਭਰੇ ਰੁੱਖ ਅਤੇ ਪਤਝੜ ਕਾਰਨ ਉਹਨਾਂ ਤੋਂ ਇੱਕ-ਇੱਕ ਕਰ ਕੇ ਡਿੱਗਦੇ ਪੱਤੇ ਕਿਸੇ ਫਿਲਮ ਦੇ ਦ੍ਰਿਸ਼ ਦੀ ਤਰ੍ਹਾਂ ਜਾਪਦੇ। ਸਾਫ਼ ਸੁਥਰਾ ਧੂੜ ਰਹਿਤ ਵਾਤਾਵਰਨ ਸੜਕਾਂ ਤੇ ਨਿਯਮਬੱਧ ਚੱਲਦੇ ਲੋਕ, ਸਿਹਤਮੰਦ ਖਾਧ-ਪਦਾਰਥ, ਟੂਟੀ ਵਿੱਚੋਂ ਸਿੱਧਾ ਪੀਣ ਯੋਗ ਸ਼ੁੱਧ ਅਤੇ ਕੁਦਰਤੀ ਤੱਤਾਂ ਭਰਪੂਰ ਪਾਣੀ, ਮਨ ਹੀ ਮਨ ਅੰਦਰ ਇਸ ਮੁਲਕ ਦੇ ਬਾਸ਼ਿੰਦਿਆਂ ਦੀ ਉਸਾਰੂ ਸੋਚ ਪ੍ਰਤੀ ਸਤਿਕਾਰ ਪੈਦਾ ਹੋਇਆ ਅਤੇ ਆਪਣੀ ਜਨਮ ਭੂਮੀ ਪ੍ਰਤੀ ਫਿਕਰ। ਸਵੇਰੇ-ਸਵੇਰੇ ਖਿੜਕੀ ਤੋਂ ਪਰਦਾ ਹਟਾਉਂਦੇ ਤਾਂ ਸਾਹਮਣੇ ਅਮਰੀਕਾ ਦੀਆਂ ਬਰਫ ਲੱਦੀਆਂ ਪਹਾੜੀਆਂ ਨਜ਼ਰ ਆਉਂਦੀਆਂ। ਤਨ-ਮਨ ਊਰਜਾ ਨਾਲ ਭਰ ਜਾਂਦਾ। ਮਨ ਹੀ ਮਨ ਮੈਂ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਮੇਰੀ ਮਾਂ ਦਾ ਅੱਧਾ ਦੁੱਖ ਤਾਂ ਇਹਨਾਂ ਸੁਥਰੇ ਨਜ਼ਾਰਿਆਂ ਨੇ ਹਰ ਲੈਣਾ ਹੈ ਅਤੇ ਬਾਕੀ ਦਾ ਅੱਧਾ ਇਸ ਮੁਲਕ ਦੇ ਵਾਤਾਵਰਨ ਨੇ।
ਭਾਰਤ ਰਹਿੰਦਿਆਂ ਮੈਂ ਅਕਸਰ ਖੇਤ ਦੇ ਸੰਬੰਧ ਵਿੱਚ ਪੰਜਾਬ ਤੋਂ ਯੂਪੀ ਜਾਇਆ ਕਰਦਾ ਸੀ। ਕਈ ਵਾਰ ਮੈਂ ਮਹੀਨਿਆਂ ਬੱਧੀ ਉੱਥੇ ਰਿਹਾ। ਉਹ ਹਮੇਸ਼ਾ ਮੈਂਨੂੰ ਹੱਸ ਕੇ ਘਰੋਂ ਤੋਰਦੀ। ਪਰ ਹੁਣ ਜਦ ਮੈਂ ਕੈਨੇਡਾ ਤੋਂ ਉਸਨੂੰ ਫੋਨ ਕਰਦਾ ਤਾਂ ਉਹ ਹਰ ਵਾਰ ਦਿਲ ਭਰ ਲੈਂਦੀ। ਮੈਂ ਹੌਸਲਾ ਦਿੰਦਾ ਕਿ ਮੰਮਾ, ਦਿਲ ਕਿਉਂ ਹੌਲਾ ਕਰਦੇ ਹੋ, ਆਪਾਂ ਸਾਰੇ ਇਕੱਠੇ ਹੀ ਰਹਾਂਗੇ। ਚਾਹੇ ਇੰਡੀਆ ਰਹੀਏ, ਚਾਹੇ ਦੁਨੀਆਂ ਦੇ ਕਿਸੇ ਹੋਰ ਕੋਨੇ ਵਿੱਚ। ਪਰ ਉਹ ਦਿਲ ਹੌਲਾ ਕਰਨੋ ਨਾ ਹਟਦੀ। ਇਹ ਕੁਦਰਤ ਦਾ ਕੈਸਾ ਸੰਦੇਸ਼ ਸੀ, ਮੈਂਨੂੰ ਸਮਝ ਨਹੀਂ ਸੀ ਪੈ ਰਿਹਾ।
ਇੱਥੇ ਪਹੁੰਚੇ ਹਰ ਪ੍ਰਵਾਸੀ ਦੀ ਪਹਿਲੀ ਦੌੜ ਹੁੰਦੀ ਹੈ ਕੰਮ ਕਾਰ ਦੀ ਤਲਾਸ਼ ਕਰਨਾ ਜੋ ਕਿ ਅਸੀਂ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਇੱਕ ਅਮਰੀਕਨ ਕੰਪਨੀ ਵਿੱਚ ਕੰਮ ਮਿਲ ਗਿਆ। ਇਹ ਕੰਮ ਰਾਤ ਦਾ ਸੀ। ਸ਼ਾਮ ਪਈ ਘਰੋਂ ਜਾਣਾ ਰਾਤ ਭਰ ਕੰਮ ਕਰਨਾ ਅਤੇ ਦਿਨ ਚੜ੍ਹੇ ਘਰ ਆ ਕੇ ਮੈਂ ਸੌਂ ਜਾਣਾ। ਰਾਤ ਨੂੰ ਕੰਮ ਉੱਤੇ ਹੋਣ ਕਾਰਨ ਹੁਣ ਇੰਡੀਆ ਫੋਨ ਵੀ ਘੱਟ ਕਰ ਹੁੰਦਾ। ਮਾਂ ਗਿਲਾ ਕਰਦੀ ਕਿ ਕਿੰਨੇ ਦਿਨ ਹੋ ਗਏ ਆ, ਬੱਚਿਆਂ ਨਾਲ ਗੱਲ ਨਹੀਂ ਕਰਵਾਈ? ਮੈਂ ਕਹਿੰਦਾ ਕਿ ਘਰ ਪਹੁੰਚ ਕੇ ਕਰਵਾਉਂਦਾ ਹਾਂ। ਘਰ ਪਹੁੰਚਦਾ ਤਾਂ ਬੱਚੇ ਸਕੂਲ ਜਾਣ ਲਈ ਤਿਆਰ ਬੈਠੇ ਹੁੰਦੇ। ਉਹ ਦਾਦਾ ਦਾਦੀ ਨੂੰ ਆਪਣੇ ਨਵੇਂ ਸਕੂਲ ਦੀਆਂ ਬਾਤਾਂ ਸੁਣਾਉਂਦੇ। ਕਦੇ ਆਪਣਾ ਬੈੱਡਰੂਮ ਦਿਖਾਉਣ ਦੀ ਫਰਮਾਇਸ਼ ਕਰਦੇ ਅਤੇ ਕਦੇ ਕੁਝ ਹੋਰ। ਮੈਂ ਅਕਸਰ ਮਹਿਸੂਸ ਕਰਦਾ ਕਿ ਮੇਰੇ ਮਾਪੇ ਮੇਰੇ ਤੋਂ ਵਧ ਪਿਆਰ ਮੇਰੇ ਬੱਚਿਆਂ ਨੂੰ ਦਿੰਦੇ ਨੇ। ਸ਼ਾਇਦ ਸਾਰੇ ਦਾਦੇ-ਦਾਦੀਆਂ ਹੀ ਇੰਝ ਕਰਦੇ ਹੋਣ। ਆਖਰ ਮੂਲ ਨਾਲੋਂ ਬਿਆਜ ਪਿਆਰਾ ਜੋ ਹੋਇਆ।
12 ਨਵੰਬਰ ਨੂੰ ਸਾਰਾ ਸਿੱਖ ਜਗਤ ਗੁਰੂ ਨਾਨਕ ਪਤਿਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਸੀ। ਮੁੱਖ ਸਮਾਗਮ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰੀ ਅਤੇ ਮੂਲ ਮੰਤਰ ਉਚਾਰਨ ਸਥਲ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਨ। ਮੇਰਾ ਘਰ, ਮੇਰਾ ਪਿੰਡ ਇਸ ਧਾਰਮਿਕ ਅਤੇ ਇਤਿਹਾਸਿਕ ਨਗਰੀ ਦੀ ਬੁੱਕਲ ਵਿੱਚ ਪੈਂਦਾ ਹੈ। ਮੈਂ 10 ਨਵੰਬਰ ਨੂੰ ਆਪਣੇ ਪਿਤਾ ਜੀ ਨੂੰ ਇਹ ਪੁੱਛਣ ਲਈ ਫੋਨ ਕਰਿਆ ਕਿ ਹੁਣ ਇਸ ਵਕਤ ਤਾਂ ਉੱਥੇ ਖੂਬ ਰੌਣਕਾਂ ਹੋਣਗੀਆਂ। ਉਹਨਾਂ ਦੱਸਿਆ ਕਿ ਤੇਰੀ ਮੰਮਾ ਠੀਕ ਨਹੀਂ ਹੈ, ਉਹਨੂੰ ਲੈ ਕੇ ਜਲੰਧਰ ਹਸਪਤਾਲ ਆਏ ਹੋਏ ਹਾਂ। ਰਾਤ ਦੀ ਨੌਕਰੀ ਦੌਰਾਨ ਸਾਨੂੰ 12 ਵਜੇ ਅਤੇ ਫਿਰ ਤੜਕੇ ਸਾਡੇ ਤਿੰਨ ਵਜੇ ਦੋ ਵਾਰ ਅੱਧੇ-ਅੱਧੇ ਘੰਟੇ ਦੀ ਛੁੱਟੀ ਰੋਟੀ ਚਾਹ-ਪਾਣੀ ਆਦਿ ਵਾਸਤੇ ਹੁੰਦੀ ਹੈ। ਜਦ ਦਾ ਮੈਂਨੂੰ ਮਾਂ ਦੀ ਤਬੀਅਤ ਦਾ ਪਤਾ ਚੱਲਿਆ ਤਾਂ ਮੈਂ ਛੁੱਟੀ ਵਕਤ ਸਾਥੀਆਂ ਨਾਲ ਬੈਠਣਾ ਛੱਡ ਦਿੱਤਾ। ਮੈਂ ਹਰ ਬਰੇਕ ਉੱਤੇ ਕਿਸੇ ਕੋਨੇ ਵਿੱਚ ਕੋਈ ਕੁਰਸੀ ਮੱਲ ਕੇ ਇਕੱਲਾ ਬੈਠ ਜਾਂਦਾ ਅਤੇ ਮਾਂ ਦੀ ਸਿਹਤ ਬਾਰੇ ਪੁੱਛਣ ਲੱਗਦਾ। ਦੋ ਦਿਨ ਤੱਕ ਇਹੀ ਜਵਾਬ ਮਿਲਦਾ ਰਿਹਾ ਕਿ ਟੈਸਟ ਹੋ ਰਹੇ ਹਨ। ਰਿਪੋਰਟ ਆਉਣ ਉੱਤੇ ਪਤਾ ਚੱਲੇਗਾ। ਪਹਿਲੇ ਦਿਨ ਉਹ ਦਰਦ ਨਾਲ ਕਰਾਹ ਰਹੀ ਸੀ। ਦੂਸਰੇ ਦਿਨ ਉਹ ਆਰਾਮ ਦੀ ਨੀਂਦ ਨਹੀਂ ਸੀ ਸੁੱਤੀ। ਉਸ ਦਾ ਦਿਮਾਗੀ ਤੰਤਰ ਦਰਦ ਨੂੰ ਮਹਿਸੂਸ ਕਰਨਾ ਹੀ ਬੰਦ ਕਰ ਰਿਹਾ ਸੀ। ਤੀਸਰੇ ਦਿਨ ਡਾਕਟਰ ਨੇ ਕਿਹਾ ਕਿ ਹਾਲਤ ਕਰਿਟੀਕਲ ਹੈ। ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕੀ। ਇਹ ਡਾਕਟਰ ਪਿਛਲੇ 15 ਸਾਲ ਤੋਂ ਉਹਨਾਂ ਦਾ ਇਲਾਜ ਕਰ ਰਿਹਾ ਸੀ। ਮੈਂ ਫੋਨ ਕਰਿਆ ਤਾਂ ਡਾਕਟਰ ਨੇ ਕਿਹਾ ਕਿ ਮੈਂ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਤਨ-ਮਨ ਤੋਂ ਕੋਸ਼ਿਸ਼ ਕਰ ਰਿਹਾ ਹਾਂ। ਮਨ ਨੂੰ ਹੌਸਲਾ ਹੋਇਆ। ਪਰ ਬੇਚੈਨੀ ਨਾ ਹਟੀ।
ਅਗਲੇ ਦਿਨ ਫੋਨ ਕਰਿਆ ਤਾਂ ਪਿਤਾ ਜੀ ਰੋਣ ਲੱਗੇ ਅਤੇ ਕਿਹਾ ਕਿ ਪੁੱਤਰਾ ਦਿਲ ਕਰੜਾ ਕਰਨਾ ਪੈਣਾ। ਮੈਂ ਕਿਹਾ ਕਿ ਇੰਝ ਨਾ ਬੋਲੋ। ਕਹਿੰਦੇ ਮੇਰਾ ਕਿਹੜਾ ਦਿਲ ਕਰਦਾ ਕਹਿਣ ਨੂੰ ਪਰ ਮੈਂਨੂੰ ਦਿਸਣ ਲੱਗ ਪਿਆ। ਮੈਂ ਘਬਰਾਏ ਹੋਏ ਨੇ ਫਟਾਫਟ ਡਾਕਟਰ ਨੂੰ ਫੋਨ ਮਿਲਾਇਆ ਤਾਂ ਉਹਨਾਂ ਦੱਸਿਆ ਕਿ ਅੰਦਰੂਨੀ ਅੰਗਾਂ ਉੱਤੇ ਕਾਫੀ ਅਸਰ ਹੋਇਆ ਹੈ, ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਆਪਾਂ ਦੁਆ ਕਰੀਏ। ਮੈਂ ਪੁੱਛਿਆ, ਉਮੀਦ ਹੈ ...? ਉਹਨਾਂ ਹਾਂ ਵਿੱਚ ਜਵਾਬ ਦਿੱਤਾ। ਮੈਂ ਪਿਤਾ ਜੀ ਨੂੰ ਫੋਨ ਕਰਿਆ ਕਿ ਮੈਂ ਆ ਜਾਂਦਾ ਹਾਂ। ਉਹ ਕਹਿਣ ਲੱਗੇ, ਤੂੰ ਕੀ ਕਰੇਗਾ ਆ ਕੇ, ਪੈਸੇ ਹੀ ਦੇਣੇ ਨੇ। ਜੋ ਡਾਕਟਰ ਕਹਿੰਦੇ ਨੇ ਜਮ੍ਹਾਂ ਕਰਵਾ ਦਿੰਦੇ ਹਾਂ। ਤੂੰ ਵੀ ਤਾਂ ਇਸ ਤੋਂ ਵਧ ਕੁਝ ਨਹੀਂ ਕਰ ਸਕਦਾ। ਫਿਰ ਵੀ ਮੈਂਨੂੰ ਆਪਣੇ ਡਾਕਟਰ ਉੱਤੇ ਪੂਰਾ ਭਰੋਸਾ ਸੀ।
14 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ਪਲ-ਪਲ ਦੀ ਖਬਰ ਲੈ ਰਿਹਾ ਸੀ। ਪਿਤਾ ਜੀ ਨੇ ਦੱਸਿਆ ਕਿ ਸਾਹ ਰੁਕਣ ਲੱਗ ਪਿਆ ਸੀ। ਹੁਣ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਹੈ। ਡਾਕਟਰ ਦੀ ਉਡੀਕ ਕਰ ਰਹੇ ਹਾਂ। ਪਤਾ ਨਹੀਂ ਕਿਵੇਂ ਮੈਂ ਆਪਣੀ ਡਿਊਟੀ ਦੇ ਚਾਰ ਘੰਟੇ ਪੂਰੇ ਕੀਤੇ ਅਤੇ 12 ਵੱਜਦੇ ਹੀ ਫਟਾਫਟ ਬਰੇਕ ਰੂਮ ਵਿੱਚ ਪਹੁੰਚ ਕੇ ਫੋਨ ਕੀਤਾ ਤਾਂ ਅੱਗੋਂ ਜਵਾਬ ਸੀ, “ਮ੍ਰਿਤਕ ਦੇਹ ਲੈ ਕੇ ਜਾ ਰਹੇ ਹਾਂ, ਥੋੜ੍ਹੀ ਦੇਰ ਤੱਕ ਘਰ ਪਹੁੰਚਣ ਵਾਲੇ ਹਾਂ।”
ਮੇਰਾ ਦਿਮਾਗ ਸੁੰਨ ਹੋ ਗਿਆ। ਕਾਲਜਾ ਫਟਣੇ ਉੱਤੇ ਆ ਗਿਆ। ਦਿਲ ਕੀਤਾ ਧਾਹਾਂ ਮਾਰ-ਮਾਰ ਕੇ ਰੋਵਾਂ। ਆਪਣੀ ਪੀੜਾ ਨਾਲ ਆਸਮਾਨ ਵਿੱਚ ਛੇਕ ਕਰ ਦੇਵਾਂ ਪਰ ਨਹੀਂ, ਦਿਮਾਗ ਇੱਕ ਦਮ ਹਰਕਤ ਵਿੱਚ ਆਇਆ। ਇੱਥੇ ਰੋਵੇਂਗਾ ਤਾਂ ਤੈਨੂੰ ਚੁੱਪ ਕੌਣ ਕਰਵਾਏਗਾ? ਕੌਣ ਸਿਰ ਪਲੋਸੇਗਾ, ਕੌਣ ਸੀਨੇ ਲਾਵੇਗਾ। ਇੱਥੇ ਤਾਂ ਸਭ ਨਵੇਂ ਨੇ। ਕੋਈ ਹਫ਼ਤਾ ਪਹਿਲਾ ਮਿਲਿਆ ਅਤੇ ਕੋਈ 15 ਦਿਨ ਪਹਿਲਾਂ। ਫਟਾਫਟ ਉੱਠ ਕੇ ਵਾਸ਼ਰੂਮ ਵਿੱਚ ਗਿਆ ਅਤੇ ਖੁਦ ਹੀ ਰੋ ਕੇ, ਖੁਦ ਨੂੰ ਹੀ ਚੁੱਪ ਕਰਾਉਣ ਲੱਗਾ।
ਬਰੇਕ ਤੋਂ ਬਾਅਦ ਵਾਪਸ ਕੰਮ ਉੱਤੇ ਪਹੁੰਚੇ। ਮੇਰੇ ਵੇਅਰ ਹਾਊਸ ਦੇ ਮੈਨੇਜਰ ਨੇ ਮੇਰੀਆਂ ਅੱਖਾਂ ਦਾ ਦਰਦ ਸਮਝ ਲਿਆ। ਉਸ ਨੇ ਮੇਰੇ ਕੋਲ ਆ ਕੇ ਬੜੀ ਹਲੀਮੀ ਨਾਲ ਪੁੱਛਿਆ। ਮੈਂ ਝੂਠ ਨਾ ਬੋਲ ਸਕਿਆ। ਉਸ ਨੇ ਅਫਸੋਸ ਪ੍ਰਗਟ ਕਰਦਿਆਂ ਕੰਪਨੀ ਵਲੋਂ ਇਮਦਾਦ ਬਾਰੇ ਪੇਸ਼ਕਸ਼ ਕੀਤੀ।
ਦੋ ਦਿਨ ਤੋਂ ਇਕੱਲਾ ਹੀ ਰੋ ਲੈਂਦਾ ਹਾਂ ਅਤੇ ਖੁਦ ਹੀ ਆਪਣੇ ਆਪ ਨੂੰ ਚੁੱਪ ਕਰਾ ਲੈਂਦਾ ਹਾਂ। ਕਦੇ ਸੋਚਦਾ ਹਾਂ ਕਿ ਮੈਂ ਚਾਰ ਭੂਆ ਦਾ ਭਤੀਜਾ, ਚਾਰ ਮਾਮਿਆਂ ਦਾ ਭਾਣਜਾ, ਚਾਚੇ-ਤਾਏ, ਸ਼ਰੀਕਾ-ਭਾਈਚਾਰਾ, ਦੋਸਤ, ਇਹਨਾਂ ਸਾਰਿਆਂ ਨੇ ਮੈਂਨੂੰ ਅਨੇਕਾਂ ਵਾਰ ਸੀਨੇ ਲਗਾਉਣਾ ਸੀ, ਸਿਰ ਪਲੋਸਣਾ ਸੀ। ਕਈ-ਕਈ ਦਿਨ ਮੇਰੇ ਅੰਗ ਸੰਗ ਰਹਿਣਾ ਸੀ, ਜਦ ਤੱਕ ਕਿ ਪਰਿਵਾਰ ਸਥਿਰ ਨਾ ਹੋ ਜਾਂਦਾ। ਪਰ ਅਫਸੋਸ ਕਿ ਮੈਂ ਇਸ ਸਭ ਕੁਝ ਤੋਂ ਮਹਿਰੂਮ ਹਾਂ। ਲਗਾਤਾਰ ਰੋ-ਰੋ ਕੇ ਬੁਖਾਰ ਹੋ ਗਿਆ ਹੈ, ਗਲਾ ਬੈਠ ਗਿਆ ਹੈ, ਬੋਲਣਾ ਮੁਸ਼ਕਿਲ ਹੋ ਗਿਆ ਹੈ।
ਹੁਣ ਮੈਂਨੂੰ ਘਰੋਂ ਤੁਰਨ ਲੱਗਿਆਂ ਮੇਰੀ ਮਾਂ ਦਾ ਬਾਰ-ਬਾਰ ਰੋਣਾ ਸਮਝ ਆਉਣ ਲੱਗਾ ਹੈ। ਹਰ ਫੋਨ ਕਾਲ ਉੱਤੇ ਉਸ ਦਾ ਦਿਲ ਭਰਨਾ ਸਮਝ ਆਉਣ ਲੱਗਾ ਹੈ। ਸ਼ਾਇਦ ਕੁਦਰਤ ਨੇ ਉਸ ਨੂੰ ਸੰਕੇਤ ਦੇ ਦਿੱਤਾ ਸੀ ਕਿ ਹੁਣ ਦੁਬਾਰਾ ਮੇਲੇ ਨਹੀਂ ਹੋਣੇ। ਮੇਰਾ ਅੰਦਰ ਦਰਦ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ...
ਇਸ ਸਭ ਦੇ ਬਾਵਜੂਦ ਮੈਂ ਇੱਕ ਹੌਸਲਾ ਕੀਤਾ ਹੈ, ਹੁਣ ਮੈਂ ਆਪਣੇ ਕੰਮ ਉੱਤੇ ਆਪਣੇ ਸਾਥੀਆਂ ਸਾਹਮਣੇ ਨਹੀਂ ਰੋਂਦਾ। ਉਹਨਾਂ ਦੇ ਹਾਸੇ ਵਿੱਚ ਹੱਸਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਚਿਹਰੇ ਉੱਤੇ ਉਦਾਸੀ ਨਜ਼ਰ ਆ ਹੀ ਜਾਂਦੀ ਹੈ ਭਾਵੇਂ ਮੈਂ ਲੁਕਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ। ਜੇਕਰ ਕੋਈ ਪੁੱਛਦਾ ਹੈ ਤਾਂ ਮੈਂ ਕਹਿ ਦਿੰਦਾ ਹਾਂ ਕਿ ਬੁਖਾਰ ਹੈ। ...
ਮੇਰੇ ਨਾਲ ਕੰਮ ਕਰਦੀ ਇੱਕ ਭੋਲੀ ਜਿਹੀ ਕੁੜੀ ਮੈਂਨੂੰ ਦੋ ਦਿਨ ਤੋਂ ਕਹਿ ਰਹੀ ਹੈ ਕਿ ਭਾਜੀ ਉਦਾਸ ਹਨ। ਅੱਜ ਫਿਰ ਪੁੱਛਣ ਲੱਗੀ ਤਾਂ ਮੇਰੇ ਮੂੰਹੋਂ ਸੱਚ ਰੋਕਿਆ ਨਾ ਗਿਆ। ਕਹਿਣ ਲੱਗੀ ਕਿ ਮੈਂਨੂੰ ਅਫਸੋਸ ਹੈ। ਦੋ ਕੁ ਮਿੰਟ ਬਾਅਦ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ। ਭੱਜੀ-ਭੱਜੀ ਆਈ ਅਤੇ ਮੈਂਨੂੰ ਜੱਫ਼ੀ ਵਿੱਚ ਲੈ ਕਿ ਕਹਿਣ ਲੱਗੀ ਕਿ ਭਾਜੀ ਬਹੁਤ ਬੁਰਾ ਹੋਇਆ। ਪਤਾ ਨਹੀਂ ਕਮਲੀ ਨਾਲ ਕਿਹੜੀ ਸਾਂਝ ਹੋਵੇਗੀ। ਇੱਕ ਪਰਿਵਾਰਕ ਮੈਂਬਰ ਹਨ ਮਨਧੀਰ ਸਿੰਘ ਉੱਪਲ। ਮਿਹਨਤੀ ਅਤੇ ਜ਼ਮੀਨ ਨਾਲ ਜੁੜਿਆ ਇਨਸਾਨ। ਬੇਗਾਨੇ ਮੁਲਕ ਵਿੱਚ ਪਰਿਵਾਰ ਜਿਹੀ ਅਪਣੱਤ ਦਾ ਅਹਿਸਾਸ ਕਰਵਾਉਂਦੇ ਹਨ। ਮਾਮੇ-ਮਾਮੀਆਂ, ਚਾਚੇ-ਤਾਏ, ਦੋਸਤ-ਮਿੱਤਰ ਬਾਕੀ ਰਿਸ਼ਤੇਦਾਰ ਫੋਨ ਕਰ ਰਹੇ ਹਨ। ਅਫ਼ਸੋਸ ਕਰ ਰਿਹੇ ਹਨ। ਭਾਣਾ ਮੰਨਣ ਲਈ ਕਹਿ ਰਹੇ ਹਨ। ਪਰ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਹੋਇਆ ਕਿ ਦਰਦ ਲਈ ਸਿਰਫ ਅੱਥਰੂ ਹੀ ਕਾਫ਼ੀ ਨਹੀਂ ਹੁੰਦੇ। ਰੋਣ ਲਈ ਕਈ ਵਾਰ ਜ਼ਿੰਦਗੀ ਵਿੱਚ ਕਿਸੇ ਸੀਨੇ ਦੀ, ਕਿਸੇ ਗੋਂਦ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਦਰਦ ਮੇਰਾ ਇਕੱਲੇ ਦਾ ਨਹੀਂ ਹੈ। ਸ਼ਾਇਦ ਮੇਰੇ ਜਿਹੇ ਸੈਕੜੇ, ਹਜ਼ਾਰਾਂ ਜਾਂ ਲੱਖਾਂ ਲੋਕਾਂ ਦਾ ਇਹੀ ਦਰਦ ਹੋਵੇਗਾ। ਉਹਨਾਂ ਦੀ ਸੰਵੇਦਨਾ ਸਮਝਣ ਦੀ ਲੋੜ ਹੈ। ਇਸ ਨੂੰ ਪੜ੍ਹਨ ਉਪਰੰਤ ਸ਼ਾਇਦ ਕਈ ਲੋਕਾਂ ਨੂੰ ਅਜਿਹਾ ਲੱਗੇਗਾ ਕਿ ਇਹ ਉਹਨਾਂ ਦੀ ਖੁਦ ਦੀ ਹੀ ਕਹਾਣੀ ਹੈ। ਪਾਤਰ ਅਤੇ ਸਥਾਨ ਵੱਖਰੇ ਹੋ ਸਕਦੇ ਹਨ।
ਭਾਰਤ ਵਿੱਚ ਮੈਂ ਮੀਡੀਆ ਹਾਊਸ ਨਾਲ ਜੁੜਿਆ ਰਿਹਾ ਹਾਂ। ਕੈਨੇਡਾ ਆਉਣ ਤੋਂ ਬਾਅਦ ਕਈ ਵਾਰ ਲਿਖਣ ਨੂੰ ਮਨ ਕੀਤਾ। ਬਹੁਤ ਕੁਝ ਲਿਖਣਾ ਚਾਹੁੰਦਾ ਸੀ। ਪਰ ਸਦ ਅਫਸੋਸ, ਮੈਂ ਕਦੇ ਵੀ ਇਹ ਕਲਪਨਾ ਨਹੀਂ ਸੀ ਕਰੀ ਕਿ ਇਸਦੀ ਸ਼ੁਰੂਆਤ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੀਕ ਤੋਂ ਹੋਵੇਗੀ।
ਕਦੇ ਮਨ ਕਰਦਾ ਹੈ ਕਿ ਮੈਂ ਆਪਣੇ ਜਨਮ ਭੂਮੀ ਮੁਲਕ ਦੇ ਹਾਕਮਾਂ ਦਾ ਗਲਮਾ ਫੜ ਕੇ ਪੁੱਛਾਂ ਕਿ ਤੁਸੀਂ ਸਾਨੂੰ ਚੰਗੀ ਵਿਵਸਥਾ ਕਿਉਂ ਨਹੀਂ ਦਿੱਤੀ? ਕਿਉਂ ਮੇਰੇ ਮੁਲਕ ਦਾ ਡਾਕਟਰ ਇੱਥੇ ਆ ਕੇ ਟਰੱਕ ਚਲਾਉਣ ਨੂੰ ਬਿਹਤਰ ਸਮਝਦਾ ਹੈ? ਕੀ ਤੁਸੀਂ ਕਦੇ ਸੁਧਰੋਗੇ? ਸਾਡੇ ਨਾਲ ਤਾਂ ਜੋ ਬੀਤੀ ਸੋ ਬੀਤੀ, ਕੀ ਤੁਸੀਂ ਆਉਣ ਵਾਲੀਆਂ ਨਸਲਾਂ ਨਾਲ ਵੀ ਇਹੀ ਵਤੀਰਾ ਕਰੋਗੇ?
ਕਦੇ-ਕਦੇ ਪੰਜਾਬ ਭਾਰਤ ਵਸਦੇ ਉਹਨਾਂ ਗ੍ਰੰਥੀ ਸਿੰਘਾਂ ਦਾ ਗਲਮਾ ਫੜਨ ਨੂੰ ਮਨ ਕਰਦਾ ਹੈ ਜੋ ਦਿਨ ਰਾਤ ਲੋਕਾਂ ਲਈ ਇਹ ਅਰਦਾਸਾਂ ਕਰਦੇ ਹਨ ਕਿ ਫਲਾਣੇ ਦੇ ਧੀ, ਪੁੱਤ ਨੂੰ ਫਲਾਣੇ ਮੁਲਕ ਦੀ ਪੀ.ਆਰ. ਜਾਂ ਨਾਗਰਿਕਤਾ ਮਿਲ ਜਾਏ। ਤੁਸੀਂ ਇਹ ਅਰਦਾਸ ਕਿਉਂ ਨਹੀਂ ਕਰਦੇ ਕਿ ਸਾਡੇ ਆਪਣੇ ਮੁਲਕ ਵਿੱਚ ਵੀ ਉੱਨੀ ਹੀ ਖੁਸ਼ਹਾਲੀ ਅਤੇ ਬਿਹਤਰ ਵਿਵਸਥਾ ਹੋਏ। ਕਿਸੇ ਬੇਗਾਨੇ ਮੁਲਕਾਂ ਦੀ ਪੀ.ਆਰ. ਝਾਕਣੀ ਹੀ ਨਾ ਪਏ। ਕਿਸ ਦਾ ਦਿਲ ਕਰਦਾ ਹੈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਨੂੰ?
ਕਦੇ ਦਿਲ ਕਰਦਾ ਹੈ ਕਿ ਰੱਬ ਨੂੰ ਹੀ ਗਲਮੇ ਤੋਂ ਫੜਿਆ ਜਾਵੇ, ਜਾਂ ਤਾਂ ਉਹ ਸਰਵ ਸ਼ਕਤੀਮਾਨ ਨਹੀਂ ਹੈ, ਜੇਕਰ ਹੈ ਤਾਂ ਸਾਰੀ ਪ੍ਰਿਥਵੀ ਉੱਤੇ ਇੱਕੋ ਜਿਹੀ ਵਿਵਸਥਾ ਕਿਉਂ ਨਹੀਂ ਬਣਾਈ? ਕਿਧਰੇ ਇੰਨਾ ਜ਼ਿਆਦਾ ਅੰਨ ਕਿ ਲੋਕ ਠੁੱਡੇ ਮਾਰਨ ਤੇ ਕਿੱਧਰੇ ਇੰਨੀ ਬਦਹਾਲੀ ਕਿ ਨਿੱਕੇ-ਨਿੱਕੇ ਜਵਾਕ ਭੁੱਖ ਪਿਆਸ ਨਾਲ ਮਰਦੇ ਪਏ ਨੇ। ਇਸ ਰੱਬ ਨੇ ਕਿਉਂ ਨਹੀਂ ਸਾਰੀ ਧਰਤੀ ਅਤੇ ਮਾਨਵਤਾ ਨੂੰ ਇੱਕ ਬਰਾਬਰ ਖੁਸ਼ਹਾਲੀ ਦਿੱਤੀ? ਜੇਕਰ ਰੱਬ ਨੂੰ ਇਨਸਾਫ਼ ਕਰਨਾ ਆਉਂਦਾ ਹੁੰਦਾ, ਜੇ ਉਸ ਨੇ ਹਰ ਜਗ੍ਹਾ ਬਰਾਬਰ ਖੁਸ਼ਹਾਲੀ ਵਰਤਾਈ ਹੁੰਦੀ ਤਾਂ ਖੁਸ਼ਹਾਲੀ ਦੀ ਚਾਹਤ ਵਿੱਚ ਬੇਗਾਨੇ ਮੁਲਕਾਂ ਨੂੰ ਨਿਕਲੇ ਮਾਵਾਂ ਦੇ ਪੁੱਤਰਾਂ ਨੂੰ ਸਮੁੰਦਰਾਂ ਵਿੱਚ ਗਰਕ ਨਾ ਹੋਣਾ ਪੈਂਦਾ।
ਅੰਤਲੇ ਸਮੇਂ ਵਿੱਚ ਮਾਂ ਦੇ ਕੋਲ ਨਾ ਹੋਣ ਦੀ ਚੀਸ ਰੂਹ ਨੂੰ ਅੰਦਰੇ ਅੰਦਰ ਖਾਈ ਜਾ ਰਹੀ ਹੈ। ਸ਼ਾਇਦ ਹਰ ਪ੍ਰਵਾਸੀ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਰਹਲੇ ਉੱਤੇ ਇਸ ਪੀੜ ਨੂੰ ਹੰਢਾਇਆ ਹੋਵੇਗਾ। ਜਿੱਥੇ ਪ੍ਰਵਾਸ ਨੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਦਿੱਤੀ ਹੈ, ਉੱਥੇ ਹੀ ਦਰਦ ਵੀ ਦਿੱਤੇ ਨੇ। ਸ਼ਾਇਦ ਇਸੇ ਨੂੰ ਹੀ ਪ੍ਰਵਾਸ ਦਾ ਦਰਦ ਕਹਿੰਦੇ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1866)
(ਸਰੋਕਾਰ ਨਾਲ ਸੰਪਰਕ ਲਈ: