BalrajSidhu7ਵੋਟ ਪਾਉਣ ਵੇਲੇ ਉਮੀਦਵਾਰ ਦੀ ਯੋਗਤਾ ਦੀ ਬਜਾਏ ਜਾਤਧਰਮਪੇਸ਼ਾ ਅਤੇ ਇਲਾਕਾ ...
(ਜਨਵਰੀ 30,2016)

 

ਜਦੋਂ ਅਸੀਂ ਆਪਣੇ ਆਸ ਪਾਸ ਦੇਖਦੇ ਹਾਂ ਤਾਂ ਕਈ ਅਜੀਬੋ ਗਰੀਬ ਗੱਲਾਂ ਵੇਖਣ ਨੂੰ ਮਿਲਦੀਆਂ ਹਨ। ਹਰ ਬੰਦਾ ਆਪੋ ਆਪਣੀ ਗੇਮ ਵਿੱਚ ਮਗਨ ਹੈ। ਲੋਕ ਆਪਣੀ ਖੁਸ਼ੀ ਵਿੱਚ ਘੱਟ ਖੁਸ਼ ਹੁੰਦੇ ਹਨ, ਪਰ ਦੂਸਰੇ ਨੂੰ ਦੁਖੀ ਵੇਖ ਕੇ ਜਿਆਦਾ ਖੁਸ਼ ਹੁੰਦੇ ਹਨ।

ਟਰੈਫਿਕ ਦੀ ਰੈੱਡ ਲਾਈਟ ਤੋੜਨੀ ਹਰ ਬੰਦਾ ਬਹਾਦਰੀ ਸਮਝਦਾ ਹੈ। ਲਾਲ ਬੱਤੀ ਵੇਖ ਕੇ ਇੰਨੇ ਲੋਕ ਨਹੀਂ ਰੁਕਦੇ, ਜਿੰਨੇ ਕਾਲੀ ਬਿੱਲੀ ਦੇ ਰਸਤਾ ਕੱਟਣ ਤੇ ਰੁਕ ਜਾਂਦੇ ਹਨ। ਚਾਹੀਦਾ ਹੈ ਕਿ ਟਰੈਫਿਕ ਪੁਲਿਸ ਵਿੱਚ ਸਿਪਾਹੀਆਂ ਦੀ ਬਜਾਏ ਕਾਲੀਆਂ ਬਿੱਲੀਆਂ ਹੀ ਭਰਤੀ ਕਰ ਲਈਆਂ ਜਾਣ। ਜਿਸ ਪਾਸੇ ਦੀ ਟਰੈਫਿਕ ਰੋਕਣੀ ਹੋਵੇ, ਉਸ ਪਾਸੇ ਕਾਲੀ ਬਿੱਲੀ ਛੱਡ ਦਿੱਤੀ ਜਾਵੇ।

ਸਪੀਡ ਬਰੇਕਰ ਉੱਤੋਂ ਦੀ ਗੱਡੀ ਫੁੱਲ ਸਪੀਡ ਨਾਲ ਕੱਢਣ ਦੀ ਕਲਾ ਹਰ ਭਾਰਤੀ ਵਿੱਚ ਹੈ ਪਰ ਸੜਕ ਕਿਨਾਰੇ ਬਣੇ ਧਾਰਮਿਕ ਸਥਾਨ ਅੱਗੇ ਗੱਡੀ ਜਰੂਰ ਹੌਲੀ ਕਰਕੇ ਲੰਘਣਗੇ ਤੇ ਬੜੇ ਸਟਾਈਲ ਨਾਲ ਸੀਨੇ ਤੇ ਹੱਥ ਧਰ ਕੇ ਸੀਸ ਝੁਕਾਉਣਗੇ। ਜਿਵੇਂ ਰੱਬ ਹਾਜ਼ਰੀ ਰਜਿਸਟਰ ਲੈ ਕੇ ਇਥੇ ਈ ਬੈਠਾ ਹੋਵੇ।

ਰੇਲਵੇ ਫਾਟਕ ਬੰਦ ਹੋ ਰਿਹਾ ਹੋਵੇ ਤਾਂ ਇਸ ਤਰ੍ਹਾਂ ਫਿਕਰ ਪੈ ਜਾਂਦਾ ਹੈ ਜਿਵੇਂ ਪਾਕਿਸਤਾਨ ਨੇ ਅੱਤਵਾਦੀ ਭੇਜ ਦਿੱਤੇ ਹੋਣ। ਫਾਟਕ ਬੰਦ ਹੁੰਦੇ ਹੁੰਦੇ ਜੇ ਨੀਚੇ ਤੋਂ ਗੱਡੀ ਕੱਢ ਕੇ ਲੈ ਜਾਣ ਤਾਂ ਐਨੀ ਖੁਸ਼ੀ ਮਿਲਦੀ ਹੈ ਜਿਵੇਂ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੋਵੇ।

ਮਲਾਈ ਵਰਗੀ ਸਿਕਸ ਲੇਨ ਸੜਕ ਤੇ ਹਵਾ ਵਾਂਗ ਗੱਡੀ ਭਜਾਉਂਦੇ ਸਮੇਂ ਸਰਕਾਰ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੀ ਜਾਣਗੇ, ਪਰ ਟੋਲ ਟੈਕਸ ਨਾਕਾ ਆਉਂਦੇ ਹੀ ਉਸੇ ਸਰਕਾਰ ਨੂੰ ਮਣ ਮਣ ਦੀਆਂ ਗਾਲ੍ਹਾਂ ਦੇਣ ਲੱਗ ਜਾਣਗੇ।

ਦਸ ਹਜ਼ਾਰ ਰੁਪਏ ਦੇ ਮੋਬਾਈਲ ਨੂੰ ਬਚਾਉਣ ਲਈ 1000 ਰੁਪਏ ਦਾ ਕਵਰ ਜਰੂਰ ਚੜ੍ਹਾਉਂਦੇ ਹਨ, ਪਰ ਅਨਮੋਲ ਜ਼ਿੰਦਗੀ ਬਚਾਉਣ ਲਈ ਹੈਲਮਟ ਸਿਰਫ ਪੁਲਿਸ ਨਾਕਾ ਵੇਖ ਕੇ ਹੀ ਪਹਿਨਦੇ ਹਨ। ਅਸਲ ਵਿੱਚ ਜ਼ਿੰਦਗੀ ਰੱਬ ਵੱਲੋਂ ਫਰੀ ਮਿਲਦੀ ਹੈ ਤੇ ਮੋਬਾਇਲ ਦੇ ਦੁਕਾਨਦਾਰ ਠੋਕ ਕੇ ਪੈਸੇ ਲਾਉਂਦਾ ਹੈ। ਮੁਫਤ ਵਿੱਚ ਮਿਲੀ ਚੀਜ ਦੀ ਵੈਸੇ ਈ ਕੋਈ ਕਦਰ ਨਹੀਂ ਹੁੰਦੀ।

ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਬੋਲੀ ਕਾਰਨ ਕਈ ਨਵੇਂ ਸੂਬੇ ਹੋਂਦ ਵਿੱਚ ਆਏ ਹਨ। ਇੱਕ ਦੂਸਰੇ ਨੂੰ ਭਾਸ਼ਾ ਕਾਰਨ ਨਫਰਤ ਕਰਨ ਵਾਲੇ ਭਾਰਤੀਆਂ ਨੂੰ ਇੱਕ ਵਿਦੇਸ਼ੀ ਭਾਸ਼ਾ (ਅੰਗਰੇਜ਼ੀ) ਨੇ ਇੱਕਮੁੱਠ ਕੀਤਾ ਹੋਇਆ ਹੈ। ਅੰਗਰੇਜੀ ਬੋਲਣ ਵਾਲੇ ਨੂੰ ਸਭ ਤੋਂ ਵੱਧ ਇੱਜ਼ਤ ਮਿਲਦੀ ਹੈ।

ਵੋਟ ਪਾਉਣ ਵੇਲੇ ਉਮੀਦਵਾਰ ਦੀ ਯੋਗਤਾ ਦੀ ਬਜਾਏ ਜਾਤ, ਧਰਮ, ਪੇਸ਼ਾ ਅਤੇ ਇਲਾਕਾ ਵੇਖ ਕੇ ਵੋਟ ਪਾਈ ਜਾਂਦੀ ਹੈ। ਕੋਈ ਪੁੱਛੇ ਕਿ ਭਲੇਮਾਣਸੋ ਤੁਸੀਂ ਆਪਣੇ ਦੇਸ਼-ਪ੍ਰਾਂਤ ਲਈ ਯੋਗ ਐੱਮ.ਐੱਲ.ਏ., ਐੱਮ.ਪੀ. ਚੁਣ ਰਹੇ ਹੋ ਜਾਂ ਜੀਜਾ ਲੱਭ ਰਹੇ ਹੋ?

ਸਵੀਡਨ ਵਿੱਚ ਬੈਠੀ ਨੋਬਲ ਇਨਾਮ ਕਮੇਟੀ ਨੂੰ ਪਤਾ ਸੀ ਕਿ ਕੈਲਾਸ਼ ਸਤਿਆਰਥੀ ਕੌਣ ਹੈ, ਪਰ ਨੋਬਲ ਇਨਾਮ ਮਿਲਣ ਤੋਂ ਪਹਿਲਾਂ ਭਾਰਤ ਵਿੱਚ ਉਸ ਨੂੰ ਕੋਈ ਨਹੀਂ ਸੀ ਜਾਣਦਾ।

ਭਾਰਤ ਗਰੀਬ ਲੋਕਾਂ ਦਾ ਅਮੀਰ ਦੇਸ਼ ਹੈ। ਭਾਰਤੀਆਂ ਕੋਲ ਐਨਾ ਫਜ਼ੂਲ ਪੈਸਾ ਹੈ ਕਿ ਬਾਹੂਬਲੀ ਅਤੇ ਬਜਰੰਗੀ ਭਾਈਜਾਨ ਵਰਗੀਆਂ ਫਿਲਮਾਂ ਵੇਖਣ ਤੇ ਹੀ 700 ਕਰੋੜ ਖਰਚ ਦਿੱਤਾ।

ਭਾਰਤ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਨਾਲ ਗੱਲ ਨਹੀਂ ਕਰਨੀ, ਪਰ ਜਵਾਨ ਹੋਣ ਤੇ ਉਸੇ ਨੂੰ ਕਿਸੇ ਅਣਜਾਣ ਨਾਲ ਵਿਆਹ ਦਿੱਤਾ ਜਾਂਦਾ ਹੈ।

ਬੇਟੀ ਦੀ ਪੜ੍ਹਾਈ ਨਾਲੋਂ ਜਿਆਦਾ ਖਰਚ ਉਸ ਦੀ ਸ਼ਾਦੀ ’ਤੇ ਕੀਤਾ ਜਾਂਦਾ ਹੈ। ਵਿਆਹ ਵੇਲੇ ਲਾੜਾ-ਲਾੜੀ ਇੱਕ ਦਿਨ ਦੇ ਬਾਦਸ਼ਾਹ ਹੁੰਦੇ ਹਨ ਪਰ ਮਾਪੇ ਉਸ ਦਿਨ ਵੀ ਕਿਸੇ ਨੇਤਾ ਨੂੰ ਬੁਲਾ ਕੇ ਬਾਦਸ਼ਾਹੀ ਤਬਾਹ ਕਰ ਦੇਂਦੇ ਹਨ। ਸਾਰੇ ਮਹਿਮਾਨ ਲਾੜਾ ਲਾੜੀ ਨੂੰ ਭੁੱਲ ਕੇ ਨੇਤਾ ਜੀ ਦੀ ਚਮਚਾਗਿਰੀ ਕਰਨ ਵਿੱਚ ਰੁੱਝ ਜਾਂਦੇ ਹਨ।

ਬੇਟੀ ਦੀ ਸ਼ਾਦੀ ਲਈ ਸੁਯੋਗ ਵਰ ਲੱਭਦੇ ਸਮੇਂ ਮਾਪੇ ਦੋਂਹ ਗੱਲਾਂ ਦਾ ਖਿਆਲ ਜ਼ਰੂਰ ਰੱਖਦੇ ਹਨ। ਪਹਿਲੀ, ਲੜਕਾ ਖਾਂਦੇ ਪੀਂਦੇ ਘਰ ਦਾ ਹੋਵੇ। ਦੂਸਰੀ, ਲੜਕਾ ਕੁਝ ਖਾਂਦਾ ਪੀਂਦਾ ਨਾ ਹੋਵੇ!

ਭਾਰਤੀ ਸਮਾਜ ਬੇਟੇ ਨੂੰ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਦੀ ਬਜਾਏ ਬੇਟੀ ਨੂੰ ਗੁੰਡਿਆਂ ਤੋਂ ਬਚਣ ਦੀ ਸਿੱਖਿਆ ਦੇਂਦਾ ਹੈ।

ਸਭ ਤੋਂ ਬੇਕਾਰ ਫਿਲਮਾਂ ਸਭ ਤੋਂ ਜਿਆਦਾ ਕਮਾਈ ਕਰਦੀਆਂ ਹਨ। ਇੱਕ ਅਮਰੀਕਨ ਪੋਰਨ ਸਟਾਰ ਨੂੰ ਤਾਂ ਬਾਲੀਵੁੱਡ ਆ ਕੇ ਸਲੈਬ੍ਰਟੀ ਦਰਜਾ ਮਿਲ ਜਾਂਦਾ ਹੈਪਰ ਇੱਕ ਰੇਪ ਪੀੜਤ ਨੂੰ ਇਨਸਾਨ ਦਾ ਦਰਜਾ ਵੀ ਨਹੀਂ ਮਿਲਦਾ। ਉਸ ਵਿਚਾਰੀ ਨੂੰ ਸਾਰੀ ਉਮਰ ਮਜ਼ਾਕ ਸਹਿਣੇ ਪੈਂਦੇ ਹਨ, ਜਿਵੇਂ ਉਸ ਨੇ ਆਪ ਬਲਾਤਕਾਰੀ ਨੂੰ ਅਵਾਜ ਮਾਰੀ ਹੁੰਦੀ ਆ।

ਘਰ ਦੇ ਆਸ ਪਾਸ ਸਰਕਾਰੀ ਥਾਂ ਤੇ ਕਬਜ਼ਾ ਕਰਨਾ, ਗੱਡੀ ਜਾਣ ਕੇ ਲੋਕਾਂ ਨੂੰ ਤੰਗ ਕਰਨ ਲਈ ਸੜਕ ਦੇ ਵਿਚਕਾਰ ਰੋਕਣੀ, ਸੜਕ ਤੇ ਗੱਡੀ ਚਲਾਉਂਦੇ ਸਮੇਂ ਲੋਕਾਂ ਨੂੰ ਡੇਲੇ ਕੱਢਣੇ, ਖਾਣਾ ਖਾ ਕੇ ਉੱਚੀ ਡਕਾਰ ਮਾਰਨਾ, ਸਵੇਰੇ ਬਰੱਸ਼-ਦਾਤਣ ਕਰਨ ਵੇਲੇ ਸੰਘ ਵਿੱਚੋਂ ਗੰਦੀਆਂ ਅਵਾਜ਼ਾਂ ਕੱਢ ਕੇ ਲੋਕਾਂ ਦਾ ਦਿਲ ਖਰਾਬ ਕਰਨਾ ਆਦਿ, ਸਾਡੇ ਭਾਰਤੀਆਂ ਦੇ ਖਾਸ ਸ਼ੌਂਕ ਹਨ।

ਅਸੀਂ ਧਾਰਮਿਕ ਕੱਟੜਵਾਦੀਆਂ ਅਤੇ ਨੇਤਾਵਾਂ ਮਗਰ ਲੱਗ ਕੇ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਂਦੇ ਹਾਂ, ਪਰ ਅੱਤਵਾਦੀਆਂ ਦੇ ਡਰ ਕਾਰਨ ਇੱਕ ਹੋ ਜਾਂਦੇ ਹਾਂ।

ਹਰ ਕਿਸੇ ਨੂੰ ਕਾਹਲ਼ੀ ਹੈ, ਪਰ ਸਮੇਂ ਤੇ ਕੋਈ ਨਹੀਂ ਪਹੁੰਚਦਾ।

ਮੈਰੀ ਕਾਮ ਨੇ ਇੰਨੀ ਕਮਾਈ ਸਾਰੀ ਉਮਰ ਮੁੱਕੇ ਖਾ ਕੇ ਨਹੀਂ ਕੀਤੀ, ਜਿੰਨੀ ਪ੍ਰਿਅੰਕਾ ਚੋਪੜਾ ਨੇ ਮੁੱਕੇ ਖਾਣ ਦੀ ਐਕਟਿੰਗ ਕਰ ਕੇ ਕਰ ਲਈ।

ਉਹ ਲੋਕ ਧਰਮ ਤੋਂ ਲੜਦੇ ਹਨ, ਜਿਨ੍ਹਾਂ ਨੇ ਧਾਰਮਿਕ ਗ੍ਰੰਥਾਂ ਨੂੰ ਕਦੇ ਵੀ ਨਹੀਂ ਪੜ੍ਹਿਆ ਹੁੰਦਾ।

ਆਪਣੇ ਮਾਪਿਆਂ ਦੀ ਰੋਜ ਬੇਇੱਜ਼ਤੀ ਕਰਨ ਵਾਲੇ ਸਾਧਾਂ ਦੀਆਂ ਲੱਤਾਂ ਘੁੱਟਦੇ ਹਨ। ਬਾਬਿਆਂ ਪ੍ਰਤੀ ਐਨੀ ਸ਼ਰਧਾ ਹੈ ਕਿ 10-10 ਰੁ ਦਾ ਚੜ੍ਹਾਵਾ ਚੜ੍ਹਾ ਕੇ ਵੀ ਉਹਨਾਂ ਨੂੰ ਕਰੋੜਪਤੀ ਕਰ ਦੇਂਦੇ ਹਨ। ਮਰਸਡੀਜ਼-ਆਡੀ ਵਿੱਚ ਬਾਬਾ ਘੁੰਮਦਾ ਹੈ ਤੇ ਖੁਸ਼ ਗਰੀਬੜੇ ਭਗਤ ਹੁੰਦੇ ਹਨ, ਜਿਹੜੇ ਸੌ-ਸੌ ਰਪਏ ਪਾ ਕੇ ਘੜੁੱਕੇ ਤੇ ਡੇਰੇ ਪਹੁੰਚਦੇ ਹਨ।

ਜਿਹੜੀਆਂ ਜੁੱਤੀਆਂ ਅਸੀਂ ਪਹਿਨਦੇ ਹਾਂ, ਉਹ ਸ਼ਾਨਦਾਰ ਏਅਰਕੰਡੀਸ਼ੰਡ ਸ਼ੋਅਰੂਮ ਵਿੱਚ ਵਿਕਦੀਆਂ ਹਨ ਪਰ ਜੋ ਸਬਜ਼ੀਆਂ ਅਸੀਂ ਖਾਂਦੇ ਹਾਂ, ਉਹ ਗੰਦੇ ਨਾਲੇ ਦੇ ਪਾਣੀ ਨਾਲ ਧੋਤੀਆਂ ਹੁੰਦੀਆਂ ਹਨ ਤੇ ਸ਼ਹਿਰ ਦੇ ਸਭ ਤੋਂ ਗੰਦੇ ਇਲਾਕੇ ਜਾਂ ਫੁੱਟਪਾਥ ਤੇ ਵਿਕਦੀਆਂ ਹਨ।

ਮੁਕਾਬਲੇ ਦੇ ਇਮਤਿਹਾਨ ਵਿੱਚ ਦਹੇਜ ਇੱਕ ਸਮਾਜਕ ਬੁਰਾਈ” ’ਤੇ ਲੇਖ ਲਿਖ ਕੇ ਅਫਸਰ ਬਣਨ ਵਾਲਾ ਆਪਣੇ ਵਿਆਹ ਵੇਲੇ ਕਰੋੜਾਂ ਰੁਪਏ ਦਾ ਦਹੇਜ ਮੰਗਦਾ ਹੈ।

ਹਥਿਆਰ ਦਾ ਲਾਈਸੰਸ ਬਣਾਉਣ ਤੇ ਸੈਂਕੜੇ ਇੰਨਕੁਆਰੀਆਂ ਹੁੰਦੀਆਂ ਹਨ ਪਰ ਡਰਾਈਵਿੰਗ ਲਾਇਸੰਸ ਜਿੱਥੋਂ ਮਰਜ਼ੀ ਬਣਵਾ ਲਉ। ਬੰਦੂਕ ਨਾਲ ਬੰਦੇ ਮਾਰਨੇ ਮਨ੍ਹਾ ਹੈ, ਪਰ ਗੱਡੀ ਥੱਲੇ ਦੇ ਦੇ ਜਿੰਨੇ ਮਰਜ਼ੀ ਮਾਰ ਦਿਉ। ਨਾਲੇ ਜ਼ਮਾਨਤ ਥਾਣੇ ਤੋਂ ਹੀ ਹੋ ਜਾਂਦੀ ਹੈ।

ਇੰਨੀਆਂ ਮੌਜਾਂ ਸੰਸਾਰ ਦੇ ਹੋਰ ਕਿਸੇ ਦੇਸ਼ ਵਿੱਚ ਲੱਭ ਸਕਦੀਆਂ ਹਨ?

*****

(171)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author