KuldeepDhanaula7ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਜਿਵੇਂ ਕਿਸੇ ਸਮੇਂ ਲੁਧਿਆਣੇ ਦੇ ਬੱਸ ਅੱਡੇ ਕੋਲ ...
(12 ਸਤੰਬਰ 2019)

 

ਕੋਈ ਸਮਾਂ ਸੀ ਜਦੋਂ ਪੰਜਾਬ ਦੀ ਨੌਜਵਾਨੀ ਉੱਤੇ ਗਾਇਕੀ ਦਾ ਭੂਤ ਸਵਾਰ ਸੀ ਉਦੋਂ ਹਰ ਗੱਭਰੂ, ਹਰ ਮੁਟਿਆਰ ਗਾਇਕੀ ਦੇ ਰਾਹ ਪੈ ਗਿਆ ਸੀ। ਪਰ ਕੈਸੇਟ ਯੁੱਗ ਖਤਮ ਹੋਣ ਨਾਲ ਗਾਇਕੀ ਵਾਲਾ ਭੂਤ ਕਾਫ਼ੂਰ ਹੋ ਗਿਆ ਤੇ ਬੇਰੁਜ਼ਗਾਰੀ ਵਿੱਚ ਹੋ ਰਹੇ ਵਾਧੇ ਕਾਰਨ ਅਤੇ ਨਸ਼ਿਆਂ ਤੋਂ ਬਚਣ ਲਈ ਹੁਣ ਨੌਜਵਾਨੀ ਵਿੱਚ ਵਿਦੇਸ਼ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈਇਸ ਵੇਲੇ ਪੰਜਾਬ ਦੀ ਜਵਾਨੀ ਕਿਹੜੇ ਹਾਲਾਤ ਵਿੱਚੋਂ ਦੀ ਲੰਘ ਰਹੀ ਹੈ, ਇਸ ਪਾਸਿਓਂ ਰਾਜ ਕਰਨ ਵਾਲੇ ਅੱਖਾਂ ਅਤੇ ਕੰਨ ਬੰਦ ਕਰਕੇ ਐਸ਼ ਨਾਲ ਰਾਜ ਕਰ ਰਹੇ ਹਨ ਤੇ ਕੁਰਸੀ ਖੁੱਸਣ ਵਾਲੇ ਆਉਣ ਵਾਲੀਆਂ ਚੋਣਾਂ ਨੂੰ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਹਨ

‘ਕੋਈ ਮਰੇ, ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਹਾਲਤ ਬਣੀ ਹੋਈ ਹੈਇਸੇ ਕਾਰਨ ਰੁਜ਼ਗਾਰਹੀਣ ਹੋਈ ਜਵਾਨੀ ਨੇ ਵਿਦੇਸ਼ਾਂ ਵਲ ਰੁਖ ਕਰ ਲਿਆ ਹੈਕਿਸੇ ਦੇ ਘਰ ਜਾਓ, ਹੋਰ ਗੱਲਾਂ-ਬਾਤਾਂ ਕਰਨ ਤੋਂ ਬਾਅਦ ਇਹੋ ਗੱਲ ਤੁਰਦੀ ਹੈ ਕਿ ਬੇਟਾ-ਬੇਟੀ ਕਿਹੜੇ ਦੇਸ਼ ਜਾ ਰਿਹਾ ਹੈ, ਜਾਂ ਗਿਆ ਹੈਪਹਿਲਾਂ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਦਾਜ ਮੰਗਦੇ ਸਨ ਪਰ ਹੁਣ ਤਾਂ ਬਾਕਾਇਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਛਪਦੇ ਹਨ ਕਿ ਬਾਹਰ ਜਾਣ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਵੱਲੋਂ ਓਟਿਆ ਜਾਵੇਗਾਇਸਦਾ ਕਾਰਨ ਇਹ ਹੈ ਕਿ ਕੁੜੀਆਂ ਦੇ ਮੁਕਾਬਲੇ ਮੁੰਡੇ ਪੜ੍ਹਾਈ ਵਿੱਚ ਪਛੜਨ ਲੱਗ ਪਏ ਹਨਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਜਿਵੇਂ ਕਿਸੇ ਸਮੇਂ ਲੁਧਿਆਣੇ ਦੇ ਬੱਸ ਅੱਡੇ ਕੋਲ ਗਾਇਕਾਂ-ਗਾਇਕਾਵਾਂ ਦੇ ਬੋਰਡ ਲੱਗੇ ਹੁੰਦੇ ਸਨ, ਉਸੇ ਤਰ੍ਹਾਂ ਹੁਣ ਆਈਲੈਟਸ ਕਰਵਾਉਣ ਵਾਲਿਆਂ ਦੇ ਬੋਰਡ ਨਜ਼ਰ ਆਉਂਦੇ ਹਨਨੌਜਵਾਨ ਮੁੰਡੇ-ਕੁੜੀਆਂ ਪੜ੍ਹਾਈ ਉੱਤੇ ਆਸ ਰੱਖਣ ਦੇ ਨਾਲ-ਨਾਲ ਜਾਦੂ-ਟੂਣਿਆਂ ਵਾਲਿਆਂ ਦਾ ਵੀ ਸਹਾਰਾ ਲੈਣ ਲੱਗ ਪਏ ਹਨਆਈਲੈਟਸ ਕਰਾਉਣ ਵਾਲਿਆਂ ਦੇ ਮੁਕਾਬਲੇ ਹੀ ਤਾਂਤਰਿਕਾਂ ਦੇ ਡੇਰਿਆਂ ਉੱਤੇ ਮੁੰਡੇ-ਕੁੜੀਆਂ ਦੇ ਝੁੰਡ ਵੀ ਦੇਖੇ ਜਾਂਦੇ ਹਨ

ਇਕ ਦਿਨ ਸਵੇਰੇ-ਸਵੇਰੇ ਜਦੋਂ ਮੋਬਾਇਲ ਦੇਖਿਆ ਤਾਂ ਵਸਟਐਪ ਉੱਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗੇ ਕੋਲ ਜਾਂਦੇ ਇੱਕ ਸੂਏ ਦੀ ਕਹਾਣੀ ਫਿਲਮਾਈ ਹੋਈ ਸੀ, ਜਿਸ ਵਿੱਚੋਂ ਕੁਝ ਮੁੰਡਿਆਂ ਨੇ ਤਰਦੇ ਚਾਰ ਖੋਪੇ ਦੇ ਗੁਟ ਕੱਢੇ ਇਨ੍ਹਾਂ ਚੌਹਾਂ ਉੱਤੇ ਅਲੱਗ-ਅਲੱਗ ਲਾਲ ਖੰਮਨੀਆਂ ਨਾਲ ਕਾਗਜ਼ ਦੀਆਂ ਪਰਚੀਆਂ ਬੰਨ੍ਹੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਕੁੜੀ ਦੇ ਨਾਂ ਦੀ ਪਰਚੀ ਲਿਖੀ ਹੋਈ ਸੀ ਕਿ ਛੇਤੀ ਤੋਂ ਛੇਤੀ ਆਸਟਰੇਲੀਆ ਵਗ ਜਾਵੇ ਤੇ ਗੋਲਡੀ ਬੁਲਾ ਲਵੇ ਫੋਨ ਕਰਕੇਖਵਾਜ਼ਾ ਬਲੀ - ਕਰਦੇ ਭਲੀਖੋਪੇ ਦੇ ਗੁੱਟ ਕੱਢਣ ਵਾਲੇ ਮੁੰਡੇ ਸ਼ਾਇਦ ਅਜਿਹੇ ਪਾਖੰਡਾਂ ਤੋਂ ਸੁਚੇਤ ਸਨ, ਇਸੇ ਕਾਰਨ ਹੀ ਉਹ ਸੰਦੇਸ਼ ਵੀ ਦਿੰਦੇ ਹਨ ਕਿ ਜੇ ਇਸ ਤਰ੍ਹਾਂ ਖੋਪੇ ਦੇ ਗੁੱਟ ਤਾਰਨ ਨਾਲ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲੱਗ ਜਾਣ, ਫਿਰ ਆਈਲੈਟਸ ਅਤੇ ਪੜ੍ਹਾਈਆਂ ਕਰਨ ਦਾ ਕੀ ਫਾਇਦਾ? ਵਿਦੇਸ਼ ਜਾਣ ਲਈ ਪੜ੍ਹਾਈ ਕਰਨ ਤੋਂ ਬਾਅਦ ਸੱਤ ਬੈਂਡ ਅਤੇ ਬਾਪੂ ਦੀ ਜੇਬ ਵਿੱਚ ਲਗਭਗ 20 ਲੱਖ ਰੁਪਏ ਚਾਹੀਦੇ ਹਨ ਭਾਵੇਂ ਉਹ ਕਿੱਲੇ ਵੇਚੇ, ਜਾਹੇ ਘਰ

ਇਸੇ ਵਿਸ਼ੇ ਨਾਲ ਸਬੰਧਤ ਅਖ਼ਬਾਰ ਵਿੱਚ ਛਪੀ ਖ਼ਬਰ ਉੱਤੇ ਨਜ਼ਰ ਪਈ ਕਿ ਦਿੜ੍ਹਬੇ ਨੇੜਲੇ ਪਿੰਡ ਖਾਨਪੁਰ ਫਕੀਰਾਂ ਵਿੱਚੋਂ ਦੀ ਲੰਘਦੀ ਨਹਿਰ ਕਿਨਾਰੇ ਖੇਡ ਰਹੇ ਤਿੰਨ ਬੱਚਿਆਂ ਹਰਪ੍ਰੀਤ ਸਿੰਘ, ਉਹਦਾ ਭਰਾ ਜਰਕਰਨ ਸਿੰਘ ਅਤੇ ਕਰਨਬੀਰ ਸਿੰਘ ਦੀ ਨਜ਼ਰ ਜਦੋਂ ਨਹਿਰ ਵਿੱਚ ਤਰਦੇ ਜਾਂਦੇ ਨਾਰੀਅਲ ਉੱਤੇ ਪਈ ਤਾਂ ਤਿੰਨੇ ਇੱਕ-ਦੂਜੇ ਦਾ ਹੱਥ ਫੜ ਕੇ ਚੇਨ ਜਿਹੀ ਬਣਾ ਕੇ ਖੋਪੇ ਦਾ ਗੁੱਟ ਕੱਢਣ ਲੱਗ ਪਏ। ਹਰਪ੍ਰੀਤ ਸਿੰਘ ਦਾ ਪੈਰ ਤਿਲਕਣ ਕਾਰਨ ਤਿੰਨੇ ਹੀ ਨਹਿਰ ਵਿੱਚ ਜਾ ਡਿੱਗੇਕੋਲੋਂ ਦੀ ਲੰਘ ਰਹੇ ਅਮਰੀਕ ਸਿੰਘ ਨੇ ਜਦੋਂ ਬੱਚਿਆਂ ਨੂੰ ਡੁੱਬਦੇ ਦੇਖਿਆ, ਉਹਨੇ ਨਹਿਰ ਵਿੱਚ ਛਾਲ ਮਾਰ ਕੇ ਕਰਨਬੀਰ ਸਿੰਘ ਅਤੇ ਜਰਕਰਨ ਸਿੰਘ ਨੂੰ ਤਾਂ ਜਿਉਂਦਾ ਕੱਢ ਲਿਆ ਪ੍ਰੰਤੂ ਹਰਪ੍ਰੀਤ ਸਿੰਘ (ਉਮਰ 12 ਸਾਲ) ਪਾਣੀ ਦੇ ਤੇਜ਼ ਵਹਾਅ ਕਾਰਨ ਉਹਦੇ ਹੱਥੋਂ ਨਿਕਲ ਗਿਆਜਿਸ ਕਿਸੇ ਨੇ ਇਹ ਗੁੱਟ ਨਹਿਰ ਵਿੱਚ ਛੁੱਟਿਆ ਹੋਵੇਗਾ, ਉਹਨੂੰ ਕਿਸੇ ਜਾਦੂ ਟੂਣੇ ਵਾਲੇ ਨੇ ਹੀ ਕਿਹਾ ਹੋਵੇਗਾਨਾਰੀਅਲ ਸੁੱਟਣ ਵਾਲੇ ਦਾ ਭਲਾ ਹੋਇਆ ਹੋਵੇਗਾ ਜਾਂ ਨਹੀਂ, ਪ੍ਰੰਤੂ ਇਹ ਨਾਰੀਅਲ ਇੱਕ 12 ਸਾਲ ਦੇ ਬਾਲ ਦੀ ਜਾਨ ਜ਼ਰੂਰ ਲੈ ਗਿਆਇਹ ਤਾਂ ਕੁਦਰਤੀ ਐਨ ਉਸੇ ਸਮੇਂ ਅਮਰੀਕ ਸਿੰਘ ਦੇ ਉੱਥੋਂ ਲੰਘਦੇ ਹੋਣ ਕਰਕੇ ਇਹ ਬੱਚੇ ਨਜ਼ਰ ਪੈ ਗਏ, ਜੇ ਕਿਤੇ ਉਹ ਦੋ-ਤਿੰਨ ਮਿੰਟ ਅੱਗੜ-ਪਿੱਛੜ ਹੁੰਦਾ ਤਾਂ ਇਨ੍ਹਾਂ ਤਿੰਨਾਂ ਬੱਚਿਆਂ ਨੇ ਹੀ ਡੁੱਬ ਜਾਣਾ ਸੀ।

ਇਸੇ ਤਰ੍ਹਾਂ ਪਿਛਲੇ ਸਾਲ ਭਵਾਨੀਗੜ੍ਹ ਨੇੜਲੀ ਨਹਿਰ ਕਿਨਾਰੇ ਹੋਇਆ ਸੀਉਦੋਂ ਇੱਕ ਵਿਅਕਤੀ ਨਹਿਰ ਵਿੱਚ ਪੂਜਾ ਸਮੱਗਰੀ ਜਲ-ਪਰਵਾਹ ਕਰਨ ਆਇਆ ਸੀਉਹਨੇ ਇੱਕ ਹੱਥ ਵਿੱਚ ਪਾਠ-ਪੂਜਾ ਵਾਲੀ ਸਮੱਗਰੀ ਵਾਲਾ ਲਿਫ਼ਾਫ਼ਾ ਫੜਿਆ ਹੋਇਆ ਸੀ ਤੇ ਦੂਜੇ ਹੱਥ ਵਿੱਚ ਬੈਂਕ ਦੇ ਲਾਕਰ ਵਿੱਚ ਰੱਖਣ ਲਈ ਗਹਿਣਿਆਂ ਵਾਲਾ ਲਿਫ਼ਾਫ਼ਾ ਫੜਿਆ ਹੋਇਆ ਸੀਕਾਹਲੀ ਵਿੱਚ ਜਾਂ ਭੁਲੇਖੇ ਵਿੱਚ ਕਹਿ ਲਓ ਉਹਨੇ ਸਮੱਗਰੀ ਵਾਲੇ ਲਿਫ਼ਾਫ਼ੇ ਦੀ ਥਾਂ ਗਹਿਣਿਆਂ ਵਾਲਾ ਲਿਫ਼ਾਫ਼ਾ ਹੀ ਨਹਿਰ ਵਿੱਚ ਵਗਾਹ ਮਾਰਿਆਇਸ ਤੋਂ ਬਾਅਦ ਪਿੱਟ-ਸਿਆਪਾ ਪੈ ਗਿਆ ਪਰ ਨਹਿਰ ਵਿੱਚੋਂ ਮਿਲਿਆ ਕੁਝ ਨਹੀਂ

ਵੈਸੇ ਵੀ ਨਹਿਰਾਂ ਵਿੱਚ ਇਸ ਤਰ੍ਹਾਂ ਦੀ ਸਮੱਗਰੀ ਜਿੱਥੇ ਪਾਣੀ ਗੰਧਲਾ ਕਰਦੀ ਹੈ ਉੱਥੇ ਅਜਿਹੀਆਂ ਵਸਤੂਆਂ ਵਾਤਾਵਰਣ ਲਈ ਵੀ ਹਾਨੀਕਾਰਕ ਹਨਇਸਦੇ ਨਾਲ ਹੀ ਇਹ ਬੱਚਿਆਂ ਦੀਆਂ ਜਾਨਾਂ ਤਕ ਵੀ ਲੈਂਦੀਆਂ ਹਨ ਕਿਉਂਕਿ ਬਹੁਤੀ ਵਾਰ ਨਹਿਰਾਂ ਕਿਨਾਰੇ ਕਸਬਿਆਂ ਅਤੇ ਪਿੰਡਾਂ ਦੇ ਬੱਚੇ ਕੁਝ ਖਾਣ ਦੇ ਲਾਲਚਵੱਸ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨਦੁੱਖ ਦੀ ਗੱਲ ਤਾਂ ਇਹ ਹੈ ਕਿ ਅਨਪੜ੍ਹ ਲੋਕਾਂ ਦੀ ਗੱਲ ਤਾਂ ਰਹੀ ਇੱਕ ਪਾਸੇ, ਪੜ੍ਹੇ-ਲਿਖੇ ਬੱਚੇ ਵੀ ਅਜਿਹੇ ਕੁਰਾਹੇ ਰਾਹੀਂ ਪੈ ਜਾਂਦੇ ਹਨ। ਇਸ ਤਰ੍ਹਾਂ ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1733)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਕੁਲਦੀਪ ਸਿੰਘ ਧਨੌਲਾ

ਕੁਲਦੀਪ ਸਿੰਘ ਧਨੌਲਾ

Phone: (91 - 94642 - 91023)
Email: (dhanaulakuldeep@gmail.com)